Source :- BBC PUNJABI
4 ਬਕਸਿਆਂ ਤੋਂ ਸ਼ੁਰੂ ਕੀਤੇ ਮਧੂ-ਮੱਖੀ ਪਾਲਣ ਦੇ ਧੰਦੇ ਨੂੰ ਅੱਜ ਅੰਗਰੇਜ ਸਿੰਘ ਇੱਕ ਹਜ਼ਾਰ ਬਕਸੇ ਤੱਕ ਲੈ ਆਇਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸ਼ਹਿਦ ਨੂੰ ਪ੍ਰੋਸੈਸ ਕਰ ਕੇ ਆਪਣਾ ਬ੍ਰਾਂਡ ਵੀ ਕਾਇਮ ਕੀਤਾ ਹੈ।
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਧਰਮੂ ਚੱਕ ਦੇ ਰਹਿਣ ਵਾਲੇ ਅੰਗਰੇਜ ਸਿੰਘ ਨੂੰ ਮਧੂ-ਮੱਖੀ ਪਾਲਣ ਦਾ ਸਹਾਇਕ ਧੰਦਾ ਆਪਣੇ ਪਿਤਾ ਦੀ ਵਿਰਾਸਤ ਵਜੋਂ ਮਿਲਿਆ ਸੀ ਪਰ ਉਨ੍ਹਾਂ ਨੇ ਇਸ ʼਤੇ ਮਿਹਨਤ ਕੀਤੀ।
ਦਰਅਸਲ, 1992 ਵਿੱਚ ਅੰਗਰੇਜ ਸਿੰਘ ਦੇ ਪਿਤਾ ਕਰਮ ਸਿੰਘ ਨੇ 4 ਮਧੂ ਮੱਖੀਆਂ ਦੇ ਬਕਸਿਆਂ ਨਾਲ ਮਧੂ-ਮੱਖੀ ਦੇ ਪਾਲਣ ਦਾ ਧੰਦਾ ਸ਼ੁਰੂ ਕੀਤਾ ਸੀ।
ਅੰਗਰੇਜ ਸਿੰਘ ਆਖਦੇ ਹਨ, “ਮੇਰੇ ਪਿਤਾ ਨੂੰ 4 ਬਕਸੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣੇ ਵੱਲੋਂ ਮੁਫ਼ਤ ਮਿਲੇ ਸਨ। ਉਨ੍ਹਾਂ ਨੇ ਪਿੰਡ ਧਰਮੂ ਚੱਕ ਵਿੱਚ ਹੀ ਇਹ ਕੰਮ ਸ਼ੁਰੂ ਕੀਤਾ ਸੀ।”
ਪਰ ਉਹ ਸਾਲ 2013 ਵਿੱਚ ਇਸ ਕਿੱਤੇ ਵਿੱਚ ਆਏ ਸਨ ਅਤੇ ਉਨ੍ਹਾਂ ਨੇ ਆਪਣਾ ਬ੍ਰਾਂਡ ਸਥਾਪਿਤ ਕੀਤਾ।
ਉਨ੍ਹਾਂ ਦਾ ਕਹਿਣਾ ਹੈ, “ਮੈਂ ਦੇਖਿਆ ਕਿ ਸ਼ਹਿਦ ਅਤੇ ਖੰਡ ਵਿਚਾਲੇ ਕੋਈ ਫਰਕ ਨਹੀਂ ਸੀ। ਲੋਕ ਇਸ ਦੀ ਗੁਣਵੱਤਾ ਬਾਰੇ ਜ਼ਿਆਦਾ ਜਾਣਦੇ ਨਹੀਂ ਸੀ। ਇਸ ਲਈ ਮੁੱਲ ਵਿੱਚ ਵੀ ਕੋਈ ਖ਼ਾਸਾ ਫਰਕ ਨਹੀਂ ਸੀ।”
“ਇਸੇ ਕਾਰਨ ਮੈਂ 2013 ਵਿੱਚ ਆਪਣਾ ਇੱਕ ਵੱਖਰਾ ਬ੍ਰਾਂਡ ਬਣਾਇਆ ਨਿਊ ਗੋਲਡਨ ਅਤੇ ਇਸੇ ਬ੍ਰਾਂਡ ਰਾਹੀਂ ਹੀ ਅਸੀਂ ਅੱਗੇ ਹੌਲੀ-ਹੌਲੀ ਕੰਮ ਕਰਨਾ ਸ਼ੁਰੂ ਕੀਤਾ।”
ਅੰਰਗੇਜ ਸਿੰਘ ਦਾ ਕਹਿਣਾ ਹੈ, “ਮੇਰੇ ਪਿਤਾ ਜੀ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ, ਇਸ ਲਈ ਉਨ੍ਹਾਂ ਨੇ ਬ੍ਰਾਂਡਿੰਗ ਬਾਰੇ ਜ਼ਿਆਦਾ ਨਹੀਂ ਸੋਚਿਆ ਸੀ ਅਤੇ ਆਪਣਾ ਮਧੂ-ਮੱਖੀ ਪਾਲਣ ਦਾ ਧੰਦਾ ਕਰਦੇ ਰਹੇ।”
ਸਤਵੀਂ ਤੱਕ ਪੜ੍ਹੇ ਹਨ ਅੰਗਰੇਜ ਸਿੰਘ
ਅੰਗਰੇਜ ਸਿੰਘ ਦਾ ਕਹਿਣਾ ਹੈ ਕਿ ਉਹ ਸਤਵੀਂ ਤੱਕ ਹੀ ਪੜ੍ਹੇ ਹਨ ਕਿਉਂਕਿ ਉਨ੍ਹਾਂ ਦੇ ਘਰ ਦੇ ਹਾਲਾਤ ਜ਼ਿਆਦਾ ਚੰਗੇ ਨਹੀਂ ਸਨ।
ਪਰ ਉਨ੍ਹਾਂ ਇਸ ਸਹਾਇਕ ਧੰਦੇ ਨੂੰ ਅੱਗੇ ਵਧਾਉਣ ਲਈ ਪੂਰੀ ਮਿਹਨਤ ਕੀਤੀ।
ਉਨ੍ਹਾਂ ਦਾ ਕਹਿਣਾ ਹੈ, “ਮੈਂ ਸੋਚਿਆ ਕਿ ਜੇਕਰ ਇਸ ਧੰਦੇ ਨੂੰ ਪ੍ਰਫੁਲਿਤ ਕਰਨਾ ਹੈ ਅਤੇ ਇਸ ਤੋਂ ਵਧੀਆ ਤਰੀਕੇ ਨਾਲ ਰੋਜ਼ੀ-ਰੋਟੀ ਕਮਾਉਣੀ ਹੈ ਤਾਂ ਇਸ ਨੂੰ ਡਿੱਬਾ ਬੰਦ ਕਰ ਕੇ ਮਾਰਕਿਟ ਵਿੱਚ ਲਿਆਉਣਾ ਪੈਣਾ ਹੈ।”
“2014 ਵਿੱਚ ਅਸੀਂ ਆਪਣੇ ਬ੍ਰਾਂਡ ਨੂੰ ਐਗਮਾਰਕ ਕਰਵਾਇਆ ਅਤੇ ਕਿਸਾਨ ਮੇਲਿਆਂ ʼਤੇ ਜਾਣਾ ਸ਼ੁਰੂ ਕੀਤਾ, ਫਿਰ ਭਾਵੇਂ ਉਹ ਲੁਧਿਆਣਾ ਦੇ ਪੀਏਯੂ ਵਿੱਚ ਹੋਵੇ ਜਾਂ ਅੰਮ੍ਰਿਤਸਰ ਵਿੱਚ ਸਥਾਨਕ ਕਿਸਾਨ ਮੇਲੇ ਹੋਣ।”
ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਇਨ੍ਹਾਂ ਮੇਲਿਆਂ ਤੋਂ ਹੀ ਚੰਗਾ ਹੁੰਗਾਰਾ ਮਿਲਿਆ ਅਤੇ ਲੋਕਾਂ ਨੇ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ। ਉਹ ਆਖਦੇ ਹਨ ਕਿ ਲੋਕਾਂ ਨੇ ਉਨ੍ਹਾਂ ਨੂੰ ਇਸ ਨੂੰ ਵੱਡੇ ਪੱਧਰ ʼਤੇ ਕਰਨ ਲਈ ਪ੍ਰੇਰਿਆ।
ਉਹ ਅੱਗੇ ਦੱਸਦੇ ਹਨ, “ਉਸ ਤੋਂ ਬਾਅਦ ਅਸੀਂ 2018 ਵਿੱਚ ਸ਼ਹਿਦ ਦਾ ਵੱਡਾ ਪ੍ਰੋਸੈਸਿੰਗ ਪਲਾਂਟ ਵੀ ਲਗਾਇਆ ਅਤੇ ਹੌਲੀ-ਹੌਲੀ ਇਸ ਧੰਦੇ ਨੂੰ ਅੱਗੇ ਵਧਾਉਂਦੇ ਰਹੇ। ਜਿੱਥੇ 2013 ਵਿੱਚ ਮੇਰੇ ਕੋਲ 200 ਬਕਸਾ ਸੀ, ਉੱਥੇ ਹੀ ਹੁਣ ਮੇਰੇ ਕੋਲ ਇੱਕ ਹਜ਼ਾਰ ਬਕਸੇ ਹਨ।”
ਕਿੱਥੇ-ਕਿੱਥੇ ਕਰਦੇ ਹਨ ਕੰਮ
ਅੰਗਰੇਜ ਸਿੰਘ ਦਾ ਕਹਿਣਾ ਹੈ ਕਿ ਉਹ 6 ਕੁ ਥਾਵਾਂ ʼਤੇ ਆਪਣੇ ਬਕਸੇ ਲਗਾਉਂਦੇ ਹਨ। ਜਿਵੇਂ ਸਰੋਂ ਦੇ ਵੇਲੇ ਰਾਜਸਥਾਨ, ਮਲਟੀ ਫਲੋਰਾ (ਵੱਖ-ਵੱਖ ਫੁੱਲਾਂ) ਵੇਲੇ ਪਠਾਨਕੋਟ, ਹਿਮਾਚਲ, ਫਿਰ ਇੱਕ ਕਿੱਕਰ ਦੇ ਫੁੱਲ (ਜਿਸ ਨੂੰ ਆਕਾਸ਼ੀਆ ਕਹਿੰਦੇ ਹਨ) ਉਸ ਵੇਲੇ ਸ਼੍ਰੀਨਗਰ ਲੈ ਕੇ ਜਾਂਦੇ ਹਾਂ।
ਉਹ ਦੱਸਦੇ ਹਨ ਕਿ ਕਿੱਕਰ ਦੇ ਫੁੱਲ ਦਾ ਸ਼ਹਿਦ ਬਹੁਤ ਵਧੀਆ ਨਿਕਲਦਾ ਹੈ।
ਉਸ ਤੋਂ ਬਾਅਦ ਬਕਸੇ ਹੁਸ਼ਿਆਰਪੁਰ ਲੈ ਕੇ ਜਾਂਦੇ ਹਨ, ਉੱਥੇ ਖ਼ੈਰ ਫੁੱਲ ਦਾ ਸ਼ਹਿਦ ਨਿਕਲਦਾ ਹੈ, ਉਹ ਵੀ ਜੰਗਲੀ ਜੜੀ-ਬੂਟੀਆਂ ਦਾ ਹੁੰਦਾ ਹੈ। ਫਿਰ ਬੇਰ ਦੇ ਫੁੱਲ ਦਾ ਸ਼ਹਿਦ ਨਿਕਲਦਾ ਹੈ ਅਤੇ ਉਹ ਹਰਿਆਣੇ ਵਿੱਚ ਨਿਕਲਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਭਾਰਤ ਵਿੱਚ ਸ਼ਹਿਦ ਦੀਆਂ ਕਰੀਬ 30 ਤਰ੍ਹਾਂ ਦੀਆਂ ਵੈਰਾਇਟੀਆਂ ਹੁੰਦੀਆਂ ਹਨ ਪਰ ਭਾਰਤ ਦੀਆਂ ਛੇ ਕਿਸਮਾਂ ਜ਼ਿਆਦਾ ਪ੍ਰਸਿੱਧ ਹਨ।
ਅੰਗਰੇਜ ਸਿੰਘ ਮੁਤਾਬਕ, “ਸਰੋਂ ਦਾ ਸ਼ਹਿਦ ਸਾਡੇ ਮਧੂ-ਪੱਖੀ ਪਾਲਕਾਂ ਮੁਤਾਬਕ ਵਧੀਆਂ ਮੰਨਿਆ ਜਾਂਦਾ ਹੈ। ਨਿਕਲਦਾ ਵੀ ਸਭ ਤੋਂ ਵੱਧ ਹੈ। ਇਸ ਵਿੱਚ ਕਰੀਬ 40 ਫੀਸਦ ਗਲੂਕੋਜ਼ ਹੁੰਦਾ ਹੈ, ਜੋ ਮਨੁੱਖੀ ਸਰੀਰ ਲਈ ਵਧੀਆ ਮੰਨਿਆ ਜਾਂਦਾ ਹੈ।”
ਮੁੱਖ ਕਿਸਮਾਂ ਵਿੱਚ ਸਰੋਂ ਦੇ ਫੁੱਲ, ਬੇਰੀ ਦੇ ਫੁੱਲ, ਮਲਟੀ ਫਲੋਰਾ, ਸਫ਼ੇਦੇ ਤੇ ਫੁੱਲ, ਅਜਵੈਨ ਦੇ ਅਤੇ ਤੁਲਸੀ ਦੇ ਫੁੱਲ ਸ਼ਹਿਦ ਸ਼ਾਮਲ ਹੈ।
ਮਧੂ-ਮੱਖੀ ਪਾਲਣ ਦੇ ਕਿੱਤੇ ਵਿੱਚ ਆਉਣ ਬਾਰੇ ਕਿਵੇਂ ਸੋਚਿਆ
ਉਨ੍ਹਾਂ ਦਾ ਕਹਿਣਾ ਹੈ, “ਮੈਂ ਤੇ ਮੇਰੇ ਪਿਤਾ ਜੀ ਗੰਗਾ ਨਗਰ ਮੱਖੀਆਂ ਲੈ ਕੇ ਜਾਂਦੇ ਹੁੰਦੇ ਸੀ। ਮੈਂ ਉਸ ਵੇਲੇ ਸਤਵੀਂ ਵਿੱਚ ਪੜ੍ਹਦਾ ਸੀ। ਮੈਨੂੰ ਲੱਗਾ ਪਿਤਾ ਜੀ ਦਾ ਹੱਥ ਵਟਾਉਣਾ ਚਾਹੀਦਾ ਹੈ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਤਾਂ ਮੈਨੂੰ ਬੜਾ ਚੰਗਾ ਲੱਗਾ।”
“ਮੈਨੂੰ ਇਹ ਖੇਤੀਬਾੜੀ ਨਾਲ ਜੁੜਿਆ ਲੱਗਾ ਤੇ ਦੂਜਾ ਲੱਗਾ ਮੇਰੇ ਪਿਤਾ ਜੀ ਦਾ ਇਹ ਜੱਦੀ-ਪੁਰਖੀ ਕੰਮ ਹੈ, ਇਸੇ ਨੂੰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਮੈਂ ਇਸੇ ਕਿੱਤੇ ਨੂੰ ਅੱਗੇ ਵਧਾਉਣ ਬਾਰੇ ਸੋਚਿਆ ਤੇ ਇਸੇ ʼਤੇ ਹੀ ਧਿਆਨ ਦਿੱਤਾ।”
ਉਹ ਦੱਸਦੇ ਹਨ ਕਿ ਮਧੂ-ਮੱਖੀਆਂ ਦੇ ਬਕਸੇ ਲੈ ਕੇ ਜਾਣ ਲੱਗਿਆ ਕਿਸੇ ਕਿਸਮ ਦੀ ਕੋਈ ਮਨਜ਼ੂਰੀ ਨਹੀਂ ਲੈਣੀ ਪੈਂਦੀ ਕਿਉਂਕਿ ਮਧੂ-ਮੱਖੀ ਇੱਕ ਪੋਲੀਨੇਟਰ ਹੁੰਦੀ ਹੈ ਅਤੇ ਇਹ ਝਾੜ ਵਿੱਚ ਮਦਦ ਕਰਦੀ ਹੈ।
ਬਕਸੇ ਲਗਾਉਣ ਤੋਂ ਪਹਿਲਾਂ ਅਸੀਂ ਜਗ੍ਹਾ ਦੇਖਦੇ ਹਾਂ, ਮੌਸਮ ਦੇਖਿਆ ਜਾਂਦਾ ਹੈ, ਫਲੋਰਾ ਕਿੰਨਾ ਕੁ ਹੈ, ਇਹ ਸਭ ਦੇਖਣ ਤੋਂ ਬਾਅਦ ਉੱਥੇ ਬਕਸੇ ਲੈ ਕੇ ਜਾਂਦੇ ਹਾਂ।
ਉਨ੍ਹਾਂ ਮੁਤਾਬਕ, “ਜਦੋਂ ਸ਼ਹਿਦ ਪੂਰਾ ਬਣ ਜਾਂਦਾ ਹੈ ਤਾਂ ਮੱਖੀ ਇਸ ਨੂੰ ਉੱਤੋਂ ਮੋਮ ਲਗਾ ਕੇ ਪੈਕ ਕਰ ਦਿੰਦੀ ਹੈ। ਇਸ ਮਗਰੋਂ ਅਸੀਂ ਆਪਣੇ ਵਰਕਰ ਅਤੇ ਮਸ਼ੀਨ ਉੱਥੇ ਲੈ ਕੇ ਜਾਂਦੇ ਹਾਂ ਅਤੇ ਸਾਫ-ਸਫਾਈ ਨਾਲ ਸ਼ਹਿਦ ਨੂੰ ਕੱਢਦੇ ਹਾਂ।”
“ਫਿਰ ਅਸੀਂ ਆਪਣੇ ਪਲਾਂਟ ਵਿੱਚ ਸ਼ਹਿਦ ਲੈ ਕੇ ਆਉਂਦੇ ਹਾਂ, ਜਿੱਥੇ ਉਸ ਦੀ ਨਮੀ ਚੈੱਕ ਕਰ ਕੇ ਉਸ ਨੂੰ ਡੱਬਿਆ ਵਿੱਚ ਪੈਕ ਕਰ ਦਿੰਦੇ ਹਾਂ। ਇਸ ਤਰ੍ਹਾਂ ਪ੍ਰੋਸੈਸ ਰਾਹੀਂ ਪੈਕਿੰਗ ਤੋਂ ਬਾਅਦ ਵੱਖ-ਵੱਖ ਥਾਵਾਂ ʼਤੇ ਭੇਜਿਆ ਜਾਂਦਾ ਹੈ।”
ਵਿਦੇਸ਼ ਜਾਂਦੇ ਨੌਜਵਾਨਾਂ ਨੂੰ ਰਾਏ
ਅੰਗਰੇਜ ਸਿੰਘ ਵਿਦੇਸ਼ ਦਾ ਰਾਹ ਅਪਨਾਉਣ ਵਾਲੇ ਨੌਜਵਾਨਾਂ ਬਾਰੇ ਗੱਲ ਕਰਦੇ ਹੋਏ ਆਖਦੇ ਹਨ ਕਿ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਕੰਮ ਉੱਥੇ ਵੀ ਇਸ ਤਰ੍ਹਾਂ ਦਾ ਹੀ ਕਰਨਾ ਪੈਂਦਾ ਹੈ।
ਉਹ ਅੱਗੇ ਆਖਦੇ ਹਨ ਕਿ ਉਨ੍ਹਾਂ ਨੂੰ ਵੀ ਇੱਥੇ 7-8 ਸਾਲ ਸੈੱਟਅੱਪ ਲਈ ਲੱਗ ਗਏ ਹਨ ਪਰ ਹੁਣ ਵਧੀਆ ਕਮਾਈ ਹੈ ਅਤੇ ਵਿਦੇਸ਼ ਜਾ ਕੇ ਵੀ ਇੰਨੇ ਸਾਲ ਸੈੱਟ ਲਈ ਲੱਗ ਜਾਂਦੇ ਹਨ।
ਉਹ ਕਹਿੰਦੇ ਹਨ ਇੱਥੋਂ ਬਾਰੇ ਕਿਹਾ ਜਾਂਦਾ ਹੈ ਕਿ ਜੋ ਵੀ ਕਰੇ ਸਰਕਾਰ ਕਰੇ ਪਰ “ਮੇਰੇ ਨਾਲ ਕਈ ਅਜਿਹੇ ਜ਼ਮੀਂਦਾਰ ਜੁੜੇ ਹਨ ਜੋ ਸਹਾਇਕ ਧੰਦਿਆਂ ਤੋਂ ਵਧੀਆ ਕਮਾਈ ਕਰ ਰਹੇ ਹਨ। ਗੱਲ ਸਾਰੀ ਮਿਹਨਤ ਦੀ ਹੈ।”
ਇਸ ਤੋਂ ਇਲਾਵਾ ਉਹ ਆਖਦੇ ਹਨ ਕਿ ਬ੍ਰਾਂਡ ਦਾ ਬਹੁਤ ਰੌਲ਼ਾ ਹੈ।
ਅੰਗਰੇਜ ਸਿੰਘ ਕਹਿੰਦੇ ਹਨ, “ਅਸੀਂ ਦੇਖ ਲੈਂਦੇ ਹਾਂ ਇਹ ਬ੍ਰਾਂਡ ਵਧੀਆ ਹੈ ਪਰ ਅਸੀਂ ਇਹ ਨਹੀਂ ਦੇਖਦੇ ਕਿ ਇਸ ਵਿੱਚ ਪੈਕ ਕੀ ਹੈ। ਅਸੀਂ ਸਥਾਨਕ ਮਾਰਕਿਟ ਵਿੱਚ ਆਪਣਾ ਸ਼ਹਿਦ ਨਹੀਂ ਵੇਚਦੇ ਕਿਉਂਕਿ ਉੱਥੇ ਕੁਆਲਿਟੀ ਤੋਂ ਪਹਿਲਾਂ ਮਾਰਜਿਨ ਪੁੱਛਿਆ ਜਾਂਦਾ।”
“ਪਰ ਉੱਥੇ ਸਾਡੇ ਹੱਥ ਖੜ੍ਹੇ ਹੋ ਜਾਂਦੇ ਹਨ ਕਿ ਅਸੀਂ ਇੰਨਾਂ ਹੀ ਮਾਰਜਿਨ ਦੇ ਸਕਦੇ ਹਾਂ। ਇਸੇ ਕਰ ਕੇ ਸਾਡੇ ਨਾਲ ਸਾਡੇ ਪੱਕੇ ਗਾਹਕ ਤੇ ਜ਼ਿਮੀਂਦਾਰ ਜੁੜੇ ਹੋਏ ਹਨ। ਉਹ ਸਾਡੇ ਕੋਲੋਂ 2-4 ਸਾਲ ਦਾ ਇਕੱਠਾ ਸ਼ਹਿਦ ਲੈ ਜਾਂਦੇ ਹਨ।”
ਸਰਕਾਰ ਨੂੰ ਅਪੀਲ ਕਰਦੇ ਹੋਏ ਅੰਗਰੇਜ ਸਿੰਘ ਕਹਿੰਦੇ ਹਨ ਕਿ ਸਰਕਾਰ ਐਲਾਨ ਤਾਂ ਕਰਦੀ ਹੈ ਪਰ ਕਿਸਾਨ ਤੱਕ ਇਸ ਦੀ ਪਹੁੰਚ ਬਣਾਈ ਜਾਵੇ।
ਕਾਗ਼ਜ਼ੀ ਕਾਰਵਾਈ ਘਟਾਈ ਜਾਵੇ, ਸਬਸਿਡੀ ਟਾਈਮ ਨਾਲ ਦਿੱਤੀ ਜਾਵੇ ਆਦਿ।
ਮਾਹਰਾਂ ਦਾ ਕੀ ਕਹਿਣਾ
ਖੇਤੀਬਾੜੀ ਵਿਕਾਸ ਅਫ਼ਸਰ (ਮਾਰਕਿਟਿੰਗ) ਸ਼ਿਵਾਨੀ ਪਲਿਆਲ ਦਾ ਕਹਿਣਾ ਹੈ ਕਿ ਖੇਤੀਬਾੜੀ ਭਲਾਈ ਅਤੇ ਕਿਸਾਨ ਵਿਭਾਗ ਅੰਦਰ ਇੱਕ ਸਕੀਮ ਚਲਾਈ ਜਾਂਦੀ ਹੈ, ਜਿਸ ਨੂੰ ਐਗਮਾਰਕ ਸਕੀਮ ਕਹਿੰਦੇ ਹਨ।
ਉਸ ਦੇ ਸਾਡੇ ਕੋਲ 26 ਐਗਮਾਰਕ ਪੈਕਰ ਹਨ, ਜਿਨ੍ਹਾਂ ਵਿੱਚੋਂ 18 ਐਗਮਾਰਕ ਮਧੂ-ਮੱਖੀ ਪਾਲਣ ਦਾ ਕੰਮ ਕਰਦੇ ਹਨ। ਉਸ ਦੇ ਅਧੀਨ ਉਨ੍ਹਾਂ ਸਰਟੀਫਿਕੇਟ ਲਿਆ ਹੋਇਆ ਹੈ ਅਤੇ ਉਨ੍ਹਾਂ ਦੀ ਸਿਖਲਾਈ ਵੀ ਖਾਲਸਾ ਕਾਲਜ ਵਿੱਚ ਕਿਸਾਨ ਸਿਖਲਾਈ ਕੇਂਦਰ ਵੱਲੋਂ ਦਿੱਤੀ ਜਾਂਦੀ ਹੈ।”
“ਉਨ੍ਹਾਂ ਵੱਖ-ਵੱਖ ਸਮੇਂ ਤੱਕ ਅਧਿਕਾਰੀਆਂ ਵੱਲੋਂ ਦਿੱਤੀ ਜਾਂਦੀ ਹੈ। ਸਿਖਲਾਈ ਲਈ ਸਾਲ ਵਿੱਚ ਇੱਕ-ਦੋ ਕੋਰਸ ਕਰਵਾਏ ਜਾਂਦੇ ਹਨ। ਇਸ ਲਈ ਵੱਖ-ਵੱਖ ਥਾਵਾਂ ਪ੍ਰਬੰਧ ਕੀਤਾ ਜਾਂਦਾ ਹੈ। ਬ੍ਰਾਂਡਿੰਗ ਲਈ ਮੁਕੰਮਲ ਸਿਖਲਾਈ, ਟੈਸਟ ਅਤੇ ਗੁਣਵੱਤਾ ਦੀ ਜਾਂਚ ਕਰ ਕੇ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ।”
ਉਨ੍ਹਾਂ ਦਾ ਕਹਿਣਾ ਹੈ, “ਮਧੂ-ਮੱਖੀ ਨੂੰ ਇੱਕ ਵਧੀਆ ਸਹਾਇਕ ਧੰਦੇ ਵਜੋਂ ਨੌਜਵਾਨ ਸ਼ੁਰੂ ਕਰ ਸਕਦੇ ਹਨ। ਨੌਜਵਾਨ ਹੋਰਨਾਂ ਪਾਸੇ ਰੁਝਿਆ ਰਹਿੰਦਾ ਹੈ ਪਰ ਖੇਤੀਬਾੜੀ ਵੱਲ ਘੱਟ ਧਿਆਨ ਦਿੰਦਾ ਪਰ ਮੈਨੂੰ ਲੱਗਦਾ ਹੈ ਕਿ ਮਧੂ-ਮੱਖੀ ਪਾਲਣ ਬਹੁਤ ਵਧੀਆਂ ਹੈ ਅਤੇ ਇਸ ਦੀ ਲਾਗਤ ਵੀ ਜ਼ਿਆਦਾ ਨਹੀਂ ਹੈ।”
ਉਹ ਦੱਸਦੇ ਹਨ ਕਿ ਇਸ ਲਈ ਜ਼ਿਆਦਾ ਵਿਦਿਅਕ ਯੋਗਤਾ ਦੀ ਲੋੜ ਨਹੀਂ ਹੁੰਦੀ ਹੈ ਬੱਸ ਸਿਖਲਾਈ ਲੈ ਕੇ ਸ਼ੁਰੂ ਕੀਤਾ ਜਾ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI