Source :- BBC PUNJABI
ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ‘ਚ ਪ੍ਰਸ਼ਾਸਨ ਨੇ 1 ਜਨਵਰੀ 2025 ਤੋਂ ਭੀਖ ਮੰਗਣ ਦੇ ਨਾਲ-ਨਾਲ ਦੇਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਸ਼ਹਿਰ ਵਿੱਚ ‘ਭਿਖਾਰੀ ਮੁਕਤ ਮੁਹਿੰਮ’ ਚਲਾਈ ਜਾ ਰਹੀ ਹੈ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਕਾਫੀ ਸਮਾਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਭਿਖਾਰੀਆਂ ਦੇ ਮੁੜ ਵਸੇਬੇ ਲਈ ਖ਼ਾਸ ਯੋਜਨਾ ਵੀ ਚਲਾਈ ਜਾ ਰਹੀ ਹੈ।
ਇੰਨਾ ਹੀ ਨਹੀਂ ਭੀਖ ਮੰਗਣ ਵਾਲੇ ਕਿਸੇ ਵੀ ਵਿਅਕਤੀ ਬਾਰੇ ਸੂਚਨਾ ਦੇਣ ‘ਤੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਹੈ।
ਇਹ ਪਹਿਲਕਦਮੀ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਪ੍ਰਸ਼ਾਸਨ ਨੇ ਸ਼ਹਿਰ ਦੇ ਲਵ ਕੁਸ਼ ਚੌਰਾਹੇ ਨੇੜੇ ਇੰਦਰਾ ਬਾਈ ਨਾਮ ਦੀ ਇੱਕ ਔਰਤ ਨੂੰ ਭੀਖ ਮੰਗਣ ਕਾਰਨ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਇੰਦਰਾ ਕੋਈ ਆਮ ਭਿਖਾਰੀ ਨਹੀਂ ਸੀ। ਉਸ ਕੋਲ ਇੱਕ ਏਕੜ ਜ਼ਮੀਨ, ਇੱਕ ਦੋ ਮੰਜ਼ਿਲਾ ਮਕਾਨ, ਇੱਕ ਸਾਈਕਲ ਅਤੇ ਇੱਕ ਸਮਾਰਟਫ਼ੋਨ ਵੀ ਸੀ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇੰਦਰਾ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਸਿਰਫ 45 ਦਿਨਾਂ ‘ਚ ਭੀਖ ਮੰਗ ਕੇ ਤਕਰੀਬਨ 2.5 ਲੱਖ ਰੁਪਏ ਇਕੱਠੇ ਕੀਤੇ ਸਨ।
ਇੰਦੌਰ ‘ਚ ਕਈ ਭਿਖਾਰੀ ਹਨ ‘ਹਾਈ ਪ੍ਰੋਫਾਈਲ’
ਇੰਦਰਾ ਨੇ ਮੰਨਿਆ ਕਿ ਉਹ ਇਕੱਲੀ ਨਹੀਂ ਸੀ, ਸਗੋਂ ਆਪਣੇ ਤਿੰਨ ਨਾਬਾਲਗ ਬੱਚਿਆਂ ਤੋਂ ਵੀ ਭੀਖ ਮੰਗਣ ਦਾ ਕੰਮ ਕਰਵਾਉਂਦੀ ਸੀ।
ਇਨ੍ਹਾਂ ਵਿੱਚੋਂ ਇੱਕ ਬੱਚੇ ਨੇ ਬਾਲ ਸੁਧਾਰ ਘਰ ਵਿੱਚ ਬਿਆਨ ਦਿੱਤਾ ਕਿ ਉਨ੍ਹਾਂ ਦੀ ਮਾਂ ਹੀ ਉਨ੍ਹਾਂ ਨੂੰ ਭੀਖ ਮੰਗਣ ਲਈ ਮਜਬੂਰ ਕਰਦੀ ਸੀ।
ਇਹ ਵੀ ਪਤਾ ਲੱਗਾ ਹੈ ਕਿ ਇੰਦਰਾ ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਆਪਣੀ ਕਮਾਈ ਆਪਣੇ ਕੋਲ ਹੀ ਰੱਖਦੀ ਹੈ।
ਪੁਲਿਸ ਨੇ ਸੀਆਰਪੀਸੀ ਦੀ ਧਾਰਾ 151 ਦੇ ਤਹਿਤ ਇੰਦਰਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਬਾਅਦ ਵਿੱਚ ਨਿਆਂਇਕ ਹਿਰਾਸਤ ਤੋਂ ਬਾਅਦ, ਕਾਉਂਸਲਿੰਗ ਕਰਵਾਕੇ ਵਾਪਸ ਰਾਜਸਥਾਨ ਭੇਜ ਦਿੱਤਾ ਗਿਆ।
ਇਹ ਸਿਰਫ਼ ਇੰਦਰਾ ਦਾ ਮਾਮਲਾ ਨਹੀਂ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਪ੍ਰਸ਼ਾਸਨ ਨੇ ਕਈ ਭਿਖਾਰੀਆਂ ਨੂੰ ਫੜਿਆ ਹੈ ਜੋ ਰੋਜ਼ਾਨਾ ਹਜ਼ਾਰਾਂ ਰੁਪਏ ਕਮਾ ਰਹੇ ਸਨ।
ਪ੍ਰਸ਼ਾਸਨ ਨੇ ਸ਼ਕੁੰਤਲਾ ਬਾਈ ਨਾਂ ਦੀ ਇੱਕ ਔਰਤ ਕੋਲੋਂ 75 ਹਜ਼ਾਰ ਰੁਪਏ ਬਰਾਮਦ ਕੀਤੇ।
ਪਹਿਲਾਂ ਸ਼ਕੁੰਤਲਾ ਨੂੰ ਉਜੈਨ ਸਥਿਤ ਸੇਵਾਧਾਮ ਆਸ਼ਰਮ ਵਿੱਚ ਰੱਖਿਆ ਗਿਆ ਸੀ ਪਰ ਹੁਣ ਉਸ ਨੇ ਸਹੁੰ ਚੁੱਕੀ ਹੈ ਕਿ ਉਹ ਦੁਬਾਰਾ ਭੀਖ ਨਹੀਂ ਮੰਗੇਗੀ।
ਸ਼ਕੁੰਤਲਾ ਨੇ ਕਿਹਾ, ”ਹੁਣ ਮੈਂ ਕੰਮ ਕਰਕੇ ਹੀ ਪੈਸੇ ਕਮਾਵਾਂਗੀ। ਮੈਨੂੰ ਕੋਲੋ ਜਿਹੜੇ ਪੈਸੇ ਮਿਲੇ ਉਹ ਸਾਰੇ ਭੀਖ ਦੇ ਨਹੀਂ ਸਨ, ਬਲਕਿ ਕਾਫ਼ੀ ਪੈਸਾ ਮੈਂ ਸਿਲਾਈ ਤੋਂ ਵੀ ਕਮਾਇਆ ਸੀ।”
ਉਨ੍ਹਾਂ ਨੇ ਅੱਗੇ ਕਿਹਾ, “ਮੈਂ ਸਮਝ ਗਈ ਹਾਂ ਕਿ ਮਿਹਨਤ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਹੁਣ ਮੈਂ ਭੀਖ ਮੰਗੇ ਬਿਨਾਂ ਆਪਣੀ ਜ਼ਿੰਦਗੀ ਬਤੀਤ ਕਰਾਂਗੀ।”
ਇੰਦੌਰ ਦੀ ‘ਭਿਖਾਰੀ ਮੁਕਤ’ ਸ਼ਹਿਰ ਬਣਨ ਦੀ ਪਹਿਲਕਦਮੀ
ਇੰਦੌਰ ਨੂੰ ਸੱਤ ਵਾਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਆ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਉਹ ਹੁਣ ‘ਭਿਖਾਰੀ ਮੁਕਤ’ ਬਣਨ ਵੱਲ ਕਦਮ ਵਧਾ ਰਿਹਾ ਹੈ।
ਕਿਉਂਕਿ ਮੁੱਖ ਚੌਰਾਹਿਆਂ ਅਤੇ ਮੰਦਰਾਂ ਨੇੜੇ ਭਿਖਾਰੀਆਂ ਦੀ ਭੀੜ ਸੈਲਾਨੀਆਂ ਦੇ ਸਾਹਮਣੇ ਸ਼ਹਿਰ ਦਾ ਅਕਸ ਵਿਗਾੜਦੀ ਹੈ।
ਪ੍ਰਸ਼ਾਸਨ ਨੇ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਭਿਖਾਰੀਆਂ ਦਾ ਪੁਨਰਵਾਸ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੁਨਾਸਿਬ ਮੌਕੇ ਮੁਹੱਈਆ ਕੀਤੇ ਜਾਣਗੇ।
ਜ਼ਿਲ੍ਹਾ ਕੁਲੈਕਟਰ ਅਸ਼ੀਸ਼ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਭੀਖ ਮੰਗਣਾ ਅਤੇ ਦੇਣਾ ਦੋਵੇਂ ਅਪਰਾਧ ਹਨ।
ਉਨ੍ਹਾਂ ਕਿਹਾ, “ਜਨਤਕ ਥਾਵਾਂ ਉੱਤੇ ਭੀਖ ਮੰਗਣ ਵਾਲਿਆਂ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 1000 ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ।”
“ਇਹ ਹੁਕਮ ਸਿਵਲ ਕੋਡ 2023 ਦੀ ਧਾਰਾ 163 (1-2) ਦੇ ਤਹਿਤ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਧਾਰਾ 144 ਤਹਿਤ ਕਾਰਵਾਈ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਭਿਖਾਰੀਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਇਨਾਮ
ਇਹ ਹੁਕਮ ਜਾਰੀ ਹੋਣ ਦੇ ਦਸ ਦਿਨਾਂ ਦੇ ਅੰਦਰ-ਅੰਦਰ ਹੁਣ ਤੱਕ 15 ਲੋਕਾਂ ਨੂੰ ਇਨਾਮ ਦਿੱਤਾ ਜਾ ਚੁੱਕਾ ਹੈ।
ਇਸ ਦੇ ਨਾਲ ਹੀ ਪ੍ਰਸ਼ਾਸਨ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਿਹਾ ਹੈ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਪ੍ਰੋਜੈਕਟ ਅਫ਼ਸਰ ਦਿਨੇਸ਼ ਮਿਸ਼ਰਾ ਨੇ ਦੱਸਿਆ, “ਜਿਨ੍ਹਾਂ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ, ਉਹ ਭਿਖਾਰੀਆਂ ਨੂੰ ਭੀਖ ਦੇ ਰਹੇ ਸਨ।”
ਉਨ੍ਹਾਂ ਕਿਹਾ, ”ਜਿਨ੍ਹਾਂ ਨੂੰ ਭੀਖ ਦਿੱਤੀ ਜਾ ਰਹੀ ਸੀ, ਉਹ ਇੰਨੇ ਗਰੀਬ ਅਤੇ ਬੁੱਢੇ ਹਨ ਕਿ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।”
“ਇਸ ਲਈ, ਜਿਹੜੇ ਲੋਕ ਪੜ੍ਹੇ ਲਿਖੇ ਹਨ ਅਤੇ ਪਰ ਸਮੱਸਿਆ ਨੂੰ ਸਮਝ ਨਹੀਂ ਰਹੇ, ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਹੈ।”
“ਇਸ ਸਾਰੇ ਵਰਤਾਰੇ ਲਈ ਜਿੰਨਾ ਭੀਖ ਲੈਣ ਵਾਲੇ ਜ਼ਿੰਮੇਵਾਰ ਹਨ ਉਸ ਨਾਲੋਂ ਭੀਖ ਦੇਣ ਵਾਲੇ ਜ਼ਿਆਦਾ ਜ਼ਿੰਮੇਵਾਰ ਹਨ।”
ਦਿਨੇਸ਼ ਮਿਸ਼ਰਾ ਦਾ ਕਹਿਣਾ ਹੈ ਕਿ ਇਹ ਇਨਾਮ ਜਾਗਰੂਕਤਾ ਪੈਦਾ ਕਰਨ ਲਈ ਦਿੱਤਾ ਜਾ ਰਿਹਾ ਹੈ।
ਹਾਲਾਂਕਿ ਇਸ ਮਾਮਲੇ ‘ਚ ਪ੍ਰਸ਼ਾਸਨ ਉਨ੍ਹਾਂ ਲੋਕਾਂ ਦੇ ਨਾਂ ਨਹੀਂ ਦੱਸਣਾ ਚਾਹੁੰਦਾ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਹੈ।
ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਸ਼ਹਿਰ ਵਿੱਚ ਹੁਣ ਭਿਖਾਰੀ ਘੱਟ ਹੀ ਨਜ਼ਰ ਆਉਂਦੇ ਹਨ।
ਇੰਦੌਰ ਦੇ ਭਿਖਾਰੀ ਗਏ ਕਿੱਥੇ?
ਇਸ ਸਵਾਲ ਦੇ ਜਵਾਬ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੂੰ ਉਜੈਨ ਦੇ ਸੇਵਾਧਾਮ ਵਿੱਚ ਭੇਜਿਆ ਗਿਆ ਹੈ ਅਤੇ ਉਨ੍ਹਾਂ ਨੂੰ ਰੁਜ਼ਗਾਰ ਨਾਲ ਵੀ ਜੋੜਿਆ ਜਾ ਰਿਹਾ ਹੈ। ਕਈ ਲੋਕ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤੇ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਬਜ਼ੁਰਗ ਲੋਕਾਂ ਦੇ ਬੱਚਿਆਂ ਤੋਂ ਲਿਖਤੀ ਵਾਅਦਾ ਲਿਆ ਗਿਆ ਹੈ ਕਿ ਉਹ ਬਜ਼ੁਰਗਾਂ ਦੀ ਦੇਖਭਾਲ ਕਰਨਗੇ ਅਤੇ ਜੇਕਰ ਫਿਰ ਵੀ ਸਬੰਧਤ ਵਿਅਕਤੀ ਭੀਖ ਮੰਗਦਾ ਪਾਇਆ ਗਿਆ ਤਾਂ ਵਾਅਦਾ ਕਰਨ ਵਾਲੇ ਵਿਅਕਤੀ ਵਿਰੁੱਧ ਹੀ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਦਿਨੇਸ਼ ਮਿਸ਼ਰਾ ਨੇ ਕੇਸ ਦਰਜ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਬਾਰੇ ਵੀ ਦੱਸਿਆ ਕਿ ਇਸ ਤਹਿਤ ਕਲੈਕਟਰ ਧਾਰਾ 163 ਤਹਿਤ ਹੁਕਮ ਜਾਰੀ ਕਰਨਗੇ ਅਤੇ ਐੱਫ਼ਆਈਆਰ ਦਰਜ ਕੀਤੀ ਜਾਵੇਗੀ।
ਇਸ ਤੋਂ ਬਾਅਦ ਪੂਰੀ ਜਾਂਚ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਐੱਨਜੀਓ ‘ਪਰਮਪੂਜਯ ਰਕਸ਼ਕ ਆਦਿਨਾਥ ਵੈਲਫੇਅਰ ਐਂਡ ਐਜੂਕੇਸ਼ਨ ਸੋਸਾਇਟੀ’ ਵੀ ਇਸ ਮੁਹਿੰਮ ਵਿੱਚ ਪ੍ਰਸ਼ਾਸਨ ਦੇ ਨਾਲ ਕੰਮ ਕਰ ਰਹੀ ਹੈ।
ਸੰਸਥਾ ਦੀ ਪ੍ਰਧਾਨ ਰੂਪਾਲੀ ਜੈਨ ਨੇ ਦੱਸਿਆ ਕਿ 2022 ਤੋਂ ਉਨ੍ਹਾਂ ਦੀ ਟੀਮ ਸਰਵੇਖਣ ਕਰਕੇ ਭਿਖਾਰੀਆਂ ਦੀ ਪਛਾਣ ਕਰ ਰਹੀ ਹੈ ਅਤੇ ਫਿਰ ਉਨ੍ਹਾਂ ਦੀ ਕਾਊਂਸਲਿੰਗ ਅਤੇ ਮੁੜ ਵਸੇਬੇ ਦਾ ਕੰਮ ਕੀਤਾ ਜਾਂਦਾ ਹੈ।
ਸੰਸਥਾ ਨੇ ਹੁਣ ਤੱਕ 650 ਬੱਚਿਆਂ ਅਤੇ 2,500 ਬਾਲਗਾਂ ਦਾ ਪੁਨਰਵਾਸ ਕੀਤਾ ਹੈ। ਪੁਨਰਵਾਸ ਪ੍ਰਕਿਰਿਆ ਦੇ ਤਹਿਤ ਭਿਖਾਰੀਆਂ ਨੂੰ ‘ਸਕਿਲ ਡਿਵੈਲੇਪਮੈਂਟ’ ਯਾਨੀ ਹੁਨਰ ਦੇ ਵਿਕਾਸ ਦਾ ਮੌਕਾ ਦਿੱਤਾ ਜਾਂਦਾ ਹੈ।
ਭਿਖਾਰੀਆਂ ਨੂੰ ਉਨ੍ਹਾਂ ਦੀ ਰੁਚੀ ਅਤੇ ਯੋਗਤਾ ਦੇ ਆਧਾਰ ‘ਤੇ ਰੁਜ਼ਗਾਰ ਦੇ ਵਿਕਲਪ ਦਿੱਤੇ ਜਾਂਦੇ ਹਨ।
ਸਿਖਲਾਈ ਤੋਂ ਬਾਅਦ ਕੁਝ ਲੋਕ ਫਲਾਂ ਅਤੇ ਸਬਜ਼ੀਆਂ ਦੇ ਸਟਾਲ ਲਗਾ ਰਹੇ ਹਨ।
ਇਸੇ ਤਰ੍ਹਾਂ ਕੁਝ ਲੋਕਾਂ ਨੂੰ ਨਿਰਮਾਣ ਯੂਨਿਟਾਂ, ਅਗਰਬਤੀ ਬਣਾਉਣ ਵਾਲੇ ਕਾਰਖਾਨਿਆਂ ਅਤੇ ਦਸਤਕਾਰੀ ਵਰਗੇ ਕੰਮਾਂ ਵਿੱਚ ਲਾਇਆ ਗਿਆ ਹੈ।
‘ਬੇਹੱਦ ਚੁਣੌਤੀਪੂਰਨ ਕੰਮ’
ਐੱਨਜੀਓ ਮੁਤਾਬਕ ਇੰਦੌਰ ਵਿੱਚ ਕਰੀਬ 8,000 ਭਿਖਾਰੀ ਹਨ ਇਸ ਦੇ ਨਾਲ ਹੀ, ਐੱਨਜੀਓ ਦਾ ਦਾਅਵਾ ਹੈ ਕਿ ਹਰ ਮਹੀਨੇ ਤਕਰੀਬਨ 20 ਕਰੋੜ ਰੁਪਏ ਭੀਖ ਵਜੋਂ ਦਿੱਤੇ ਜਾਂਦੇ ਹਨ।
ਇਨ੍ਹਾਂ ਵਿੱਚ ਮਾਨਸਿਕ ਤੌਰ ‘ਤੇ ਬਿਮਾਰ, ਬੇਸਹਾਰਾ ਅਤੇ ਆਦਤਨ ਭਿਖਾਰੀ ਸ਼ਾਮਲ ਹਨ।
ਕੁਝ ਗਿਰੋਹ ਵੀ ਸਰਗਰਮ ਹਨ, ਜੋ ਬੱਚਿਆਂ ਅਤੇ ਔਰਤਾਂ ਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਹਨ।
ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਭਿਖਾਰੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਬਹੁਤ ਚੁਣੌਤੀਪੂਰਨ ਕੰਮ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਕਈ ਵਾਰ ਟੀਬੀ ਅਤੇ ਐੱਚਆਈਵੀ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਭਿਖਾਰੀ ਉਨ੍ਹਾਂ ਉੱਤੇ ਹਮਲਾ ਕਰ ਦਿੰਦੇ ਹਨ। ਹੁਣ ਤੱਕ ਸੰਗਠਨ ਦੇ ਮੈਂਬਰਾਂ ‘ਤੇ 72 ਵਾਰ ਹਮਲੇ ਹੋ ਚੁੱਕੇ ਹਨ।
ਰੁਪਾਲੀ ਜੈਨ ਨੇ ਕਿਹਾ ਕਿ ਇੰਦੌਰ ਦੀ ਵਪਾਰਕ ਪ੍ਰਕਿਰਤੀ ਅਤੇ ਧਾਰਮਿਕ ਮਹੱਤਤਾ ਇਸ ਨੂੰ ਭਿਖਾਰੀਆਂ ਲਈ ਖਿੱਚ ਦਾ ਕੇਂਦਰ ਬਣਾਉਂਦੀ ਹੈ।
ਇੱਥੇ ਖਜਰਾਨਾ ਮੰਦਰ, ਰਣਜੀਤ ਹਨੂੰਮਾਨ ਮੰਦਰ ਅਤੇ ਇੰਦਰੇਸ਼ਵਰ ਮਹਾਦੇਵ ਮੰਦਰ ਵਰਗੇ ਵੱਡੇ ਧਾਰਮਿਕ ਸਥਾਨ ਹਨ। ਨਾਲ ਹੀ, ਭਿਖਾਰੀ ਵਪਾਰਕ ਸਥਾਨਾਂ ਜਿਵੇਂ ਕਿ ਮਾਲ ਅਤੇ ਚਾਟ ਚੌਪਾਟੀ ‘ਤੇ ਆਸਾਨੀ ਨਾਲ ਭੀਖ ਮੰਗ ਸਕਦੇ ਹਨ।
ਪ੍ਰਸ਼ਾਸਨ ਅਤੇ ਐੱਨਜੀਓ ਦਾ ਉਦੇਸ਼ ਇੰਦੌਰ ਨੂੰ ਪੂਰੀ ਤਰ੍ਹਾਂ ਭਿਖਾਰੀ ਮੁਕਤ ਬਣਾਉਣਾ ਹੈ। ਇਹ ਕੋਸ਼ਿਸ਼ ਜਲਦੀ ਹੀ ਮੱਧ ਪ੍ਰਦੇਸ਼ ਦੇ ਹੋਰ ਸ਼ਹਿਰਾਂ ਵਿੱਚ ਵੀ ਲਾਗੂ ਕੀਤੀ ਜਾਵੇਗੀ।
ਜ਼ਿਲ੍ਹਾ ਕੁਲੈਕਟਰ ਅਸ਼ੀਸ਼ ਸਿੰਘ ਨੇ ਕਿਹਾ, “ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਵਿਅਕਤੀ ਭੀਖ ਨਾ ਮੰਗੇ ਅਤੇ ਹੋਰ ਤਰੀਕਿਆਂ ਜ਼ਰੀਏ ਰੋਜ਼ੀ-ਰੋਟੀ ਕਮਾਵੇ।”
ਪ੍ਰਸ਼ਾਸਨ ਦੀ ਪਹਿਲ ਦਾ ਸੁਆਗਤ
ਭੋਪਾਲ ਦੇ ਸਮਾਜ ਸ਼ਾਸਤਰੀ ਪ੍ਰਮੋਦ ਸੋਨੀ ਇੰਦੌਰ ਪ੍ਰਸ਼ਾਸਨ ਦੀ ਪਹਿਲ ਨੂੰ ਚੰਗਾ ਮੰਨਦੇ ਹਨ।
ਉਨ੍ਹਾਂ ਕਿਹਾ, ”ਪਹਿਲਾਂ ਤਾਂ ਭੀਖ ਮੰਗਣਾ ਉਨ੍ਹਾਂ ਦੀ ਮਜਬੂਰੀ ਸੀ, ਪਰ ਹੁਣ ਕਈ ਮਾਮਲਿਆਂ ‘ਚ ਇਹ ਆਦਤ ਹੀ ਬਣ ਗਈ ਹੈ।
ਸੋਨੀ ਕਹਿੰਦੇ ਹਨ, “ਜਿਨ੍ਹਾਂ ਦੀ ਆਰਥਿਕ ਹਾਲਤ ਭੀਖ ਮੰਗਣ ਨਾਲ ਬਹੁਤ ਸੁਧਰ ਗਈ ਹੈ, ਉਨ੍ਹਾਂ ਨੇ ਭੀਖ ਮੰਗਣ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਸਮਝਣਾ ਸ਼ੁਰੂ ਕਰ ਦਿੱਤਾ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਵਿੱਚ ਲੱਗੇ ਹੋਏ ਹਨ।”
“ਇਥੋਂ ਤੱਕ ਕਿ ਬੱਚੇ ਵੀ ਇਸ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਸਮਝ ਰਹੇ ਹਨ। ਇਨ੍ਹਾਂ ਬੱਚਿਆਂ ਨੂੰ ਭੀਖ ਮੰਗਣ ਤੋਂ ਦੂਰ ਕਰਨਾ ਬਹੁਤ ਜ਼ਰੂਰੀ ਹੈ।”
ਇਸ ਦੇ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਕਈ ਅਜਿਹੇ ਲੋਕ ਹਨ ਜਿਨ੍ਹਾਂ ਲਈ ਭੀਖ ਮੰਗਣਾ ਮਜਬੂਰੀ ਹੈ। ਅਜਿਹੇ ਵਿੱਚ ਪ੍ਰਸ਼ਾਸਨ ਨੂੰ ਅੱਗੇ ਆ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਸੋਨੀ ਨੇ ਕਿਹਾ, “ਪਰ, ਆਦਤ ਤੋਂ ਲਾਚਾਰ ਹੋਣ ਵਾਲਿਆਂ ਵਿਰੁੱਧ ਕਾਰਵਾਈ ਜ਼ਰੂਰ ਕੀਤੀ ਜਾ ਸਕਦੀ ਹੈ।”
“ਇੰਦੌਰ ਸ਼ਹਿਰ ਨੇ ਸਫ਼ਾਈ ਵਿੱਚ ਸਫ਼ਲਤਾ ਦਿਖਾਈ ਹੈ ਕਿ ਇਥੋਂ ਦੇ ਲੋਕ ਬਹੁਤ ਕੁਝ ਕਰ ਸਕਦੇ ਹਨ।”
“ਆਓ ਉਮੀਦ ਕਰੀਏ ਕਿ ਜੇਕਰ ਲੋਕ ਦੇਣਾ ਬੰਦ ਕਰ ਦਿੰਦੇ ਹਨ ਤਾਂ ਮੰਗਣ ਵਾਲੇ ਵੀ ਆਪਣੇ ਲਈ ਹੋਰ ਕੰਮ ਲੱਭ ਲੈਣਗੇ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI