Home rss national punjabi2ਰਾਸ਼ਟਰੀ ਖ਼ਬਰਾਂ 51 ਸਾਲ ਪਹਿਲਾਂ ਦੀਆਂ ਯਾਦਾਂ, ਜਦੋਂ ਭਾਰਤ ਨੇ ਆਖ਼ਰੀ ਵਾਰ ਜਿੱਤਿਆ ਸੀ...

51 ਸਾਲ ਪਹਿਲਾਂ ਦੀਆਂ ਯਾਦਾਂ, ਜਦੋਂ ਭਾਰਤ ਨੇ ਆਖ਼ਰੀ ਵਾਰ ਜਿੱਤਿਆ ਸੀ ਹਾਕੀ ਵਿਸ਼ਵ ਕੱਪ

4
0

Source :- BBC PUNJABI

ਵਿਸ਼ਵ ਕੱਪ ਦੇ ਨਾਲ ਖੱਬੇ ਤੋਂ ਚਿਮਨੀ, ਅਸਲਮ ਸ਼ੇਰ ਖ਼ਾਨ, ਕੋਚ ਗੁਰਚਰਨ ਸਿੰਘ ਬੋਧੀ ਅਤੇ ਰਾਈਟ ਆਊਟ ਫ਼ਿਲਿਪਸ

ਤਸਵੀਰ ਸਰੋਤ, ASHOK KUMAR

ਕੀ ਭਾਰਤੀ ਹਾਕੀ ਦੀ 51 ਸਾਲ ਪੁਰਾਣੀ ਉਡੀਕ ਖ਼ਤਮ ਹੋਵੇਗੀ? ਭਾਰਤ ਨੇ 1975 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਉਸ ਤੋਂ ਬਾਅਦ ਟੀਮ ਨੇ ਕਦੇ ਵੀ ਵਿਸ਼ਵ ਕੱਪ ਵਿੱਚ ਕੋਈ ਤਮਗਾ ਨਹੀਂ ਜਿੱਤਿਆ ਹੈ।

ਭਾਰਤ ਨੇ 15 ਅਗਸਤ ਤੋਂ ਨੀਦਰਲੈਂਡਜ਼ ਅਤੇ ਬੈਲਜੀਅਮ ਵਿੱਚ ਆਪਣੀ ਨਵੀਂ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਅਜਿਹੇ ਵਿੱਚ 1975 ਦੀ ਇਤਿਹਾਸਕ ਜਿੱਤ ਦੇ ਦੋ ਵੱਡੇ ਨਾਇਕ, ਅਸ਼ੋਕ ਕੁਮਾਰ ਅਤੇ ਅਸਲਮ ਸ਼ੇਰ ਖ਼ਾਨ, ਉਸ ਟੂਰਨਾਮੈਂਟ ਨੂੰ ਯਾਦ ਕਰ ਰਹੇ ਹਨ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।

ਇੱਕ ਨੇ ਫਾਈਨਲ ਵਿੱਚ ਜਿੱਤ ਦਿਵਾਉਣ ਵਾਲਾ ਗੋਲ ਕੀਤਾ ਸੀ। ਦੂਜੇ ਨੇ ਸੈਮੀਫਾਈਨਲ ਵਿੱਚ ਭਾਰਤ ਨੂੰ ਹਾਰ ਤੋਂ ਬਚਾਇਆ ਸੀ।

ਭਾਰਤ ਨੇ ਪਾਕਿਸਤਾਨ ਨੂੰ ਹਰਾਇਆ

ਇੰਗਲੈਂਡ ਦੇ ਡੇਵਿਡ ਗੁੱਡਫੀਲਡ (ਖੱਬੇ) ਅਤੇ ਭਾਰਤ ਦੇ ਨੀਲਕਾਂਤ ਸ਼ਰਮਾ

ਤਸਵੀਰ ਸਰੋਤ, Koen van Weel / ANP / AFP via Getty Images

ਉਸ ਇਤਿਹਾਸਕ ਜਿੱਤ ਦੀ ਗੱਲ ਥੋੜ੍ਹੀ ਦੇਰ ਵਿੱਚ, ਪਰ ਪਹਿਲਾਂ ਗੱਲ ਇਸ ਵਿਸ਼ਵ ਕੱਪ ਦੀ।

ਭਾਰਤ-ਪਾਕਿਸਤਾਨ ਦੀ ਵਿਰੋਧੀ ਟੱਕਰ ਬੁੱਧਵਾਰ ਨੂੰ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਮੰਚ ‘ਤੇ ਵਾਪਸ ਆਈ। ਹਾਕੀ ਵਿਸ਼ਵ ਕੱਪ ਦੌਰਾਨ 19 ਅਗਸਤ ਨੂੰ ਖੇਡੇ ਗਏ ਮੁਕਾਬਲੇ ‘ਚ ਭਾਰਤ ਨੇ ਪਾਕਿਸਤਾਨ ਨੂੰ 5-3 ਗੋਲਾਂ ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤੀ ਟੀਮ ਟੂਰਨਾਮੈਂਟ ਦੇ ਟੌਪ-8 ਵਿੱਚ ਪਹੁੰਚ ਗਈ ਹੈ ਤੇ ਪਾਕਿਸਤਾਨ ਬਾਹਰ ਹੋ ਗਿਆ ਹੈ।

ਹਾਲਾਂਕਿ ਇਸ ਤੋਂ ਪਹਿਲੇ ਮੈਚ ਵਿੱਚ ਭਾਰਤ ਨੂੰ ਇੰਗਲੈਂਡ ਦੇ ਹੱਥੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪਾਕਿਸਤਾਨ ਨੂੰ ਵੀ ਪਹਿਲਾਂ ਇੰਗਲੈਂਡ ਖ਼ਿਲਾਫ਼ 1-4 ਨਾਲ ਹਾਰ ਮਿਲੀ ਸੀ, ਜਦਕਿ ਵੇਲਜ਼ ਖ਼ਿਲਾਫ਼ ਮੁਕਾਬਲਾ 3-3 ਨਾਲ ਡਰਾਅ ਰਿਹਾ ਸੀ। ਇੰਗਲੈਂਡ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਾ ਹੈ।

51 ਸਾਲ ਪਹਿਲਾਂ ਜਿੱਤੇ ਖ਼ਿਤਾਬ ਦੀਆਂ ਯਾਦਾਂ

2025 ਵਿੱਚ ਭਾਰਤੀ ਹਾਕੀ ਦੇ 100 ਸਾਲ ਪੂਰੇ ਹੋਣ ਮੌਕੇ ਕਰਵਾਏ ਗਏ ਸਮਾਗਮ ਵਿੱਚ ਸਾਬਕਾ ਹਾਕੀ ਖਿਡਾਰੀ ਅਸਲਮ ਸ਼ੇਰ ਖ਼ਾਨ ਦਾ ਸਨਮਾਨ ਕਰਦੇ ਹੋਏ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਅਤੇ ਕਿਰਣ ਰਿਜਿਜੂ

ਤਸਵੀਰ ਸਰੋਤ, Raj K Raj/Hindustan Times via Getty Images

ਅਸ਼ੋਕ ਕੁਮਾਰ ਕਹਿੰਦੇ ਹਨ, “1975 ਵਿਸ਼ਵ ਕੱਪ ਦੀ ਜਿੱਤ ਦੀਆਂ ਯਾਦਾਂ ਅੱਜ ਵੀ ਮੇਰੇ ਜ਼ਹਿਨ ਵਿੱਚ ਤਾਜ਼ਾ ਹਨ। ਇਓਂ ਲੱਗਦਾ ਹੈ ਜਿਵੇਂ ਇਹ ਸਭ ਕੱਲ੍ਹ ਹੀ ਹੋਇਆ ਹੋਵੇ।”

15 ਮਾਰਚ 1975 ਨੂੰ ਖੇਡੇ ਗਏ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ। ਮੈਚ ਵਿੱਚ ਭਾਰਤ ਇੱਕ ਸਮੇਂ 0-1 ਨਾਲ ਪਿੱਛੇ ਸੀ, ਪਰ ਸ਼ਾਨਦਾਰ ਵਾਪਸੀ ਕਰਦਿਆਂ ਭਾਰਤੀ ਟੀਮ ਨੇ ਖ਼ਿਤਾਬ ਜਿੱਤ ਲਿਆ। ਅੱਜ ਵੀ ਇਹ ਭਾਰਤ ਦਾ ਇਕਲੌਤਾ ਪੁਰਸ਼ ਹਾਕੀ ਵਿਸ਼ਵ ਕੱਪ ਖ਼ਿਤਾਬ ਹੈ।

ਇਹ ਪੂਰੀ ਟੀਮ ਦੀ ਜਿੱਤ ਸੀ। ਪਰ ਦੋ ਪਲ ਸਭ ਤੋਂ ਵੱਧ ਯਾਦ ਕੀਤੇ ਜਾਂਦੇ ਹਨ। ਪਹਿਲਾ, ਮਲੇਸ਼ੀਆ ਖ਼ਿਲਾਫ਼ ਸੈਮੀਫਾਈਨਲ ਵਿੱਚ ਅਸਲਮ ਸ਼ੇਰ ਖ਼ਾਨ ਦਾ ਗੋਲ।

ਦੂਜਾ, ਫਾਈਨਲ ਵਿੱਚ ਅਸ਼ੋਕ ਕੁਮਾਰ ਦਾ ਵਿਵਾਦਿਤ ਪਰ ਫ਼ੈਸਲਾਕੁਨ ਗੋਲ।

ਫਾਈਨਲ ਨੂੰ ਯਾਦ ਕਰਦਿਆਂ ਅਸ਼ੋਕ ਕੁਮਾਰ ਕਹਿੰਦੇ ਹਨ, “ਮੈਚ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਸੀ। ਸਕੋਰ 1-1 ਸੀ ਅਤੇ ਮੈਚ ਖ਼ਤਮ ਹੋਣ ਵਿੱਚ ਸਿਰਫ਼ 12 ਮਿੰਟ ਬਚੇ ਸਨ। ਉਦੋਂ ਸਾਨੂੰ ਪੈਨਲਟੀ ਕਾਰਨਰ ਮਿਲਿਆ। ਮੈਂ ਸਿੱਧਾ ਸ਼ਾਟ ਲਗਾਉਣ ਦਾ ਬਦਲ ਨਹੀਂ ਚੁਣਿਆ।”

“ਮੈਂ ਸੱਜੇ ਪਾਸੇ ਤੋਂ ਸਰਕਲ ਦੇ ਉੱਪਰ ਪਹੁੰਚਿਆ। ਦੋ ਡਿਫੈਂਡਰਾਂ ਨੂੰ ਪਛਾੜਿਆ ਅਤੇ ਗੇਂਦ ਵੀਜੇ ਫ਼ਿਲਿਪਸ ਨੂੰ ਦੇ ਦਿੱਤੀ।”

“ਫ਼ਿਲਿਪਸ ਕਈ ਖਿਡਾਰੀਆਂ ਨੂੰ ਪਾਰ ਕਰਦਿਆਂ ਅੱਗੇ ਵਧੇ ਅਤੇ ਫਿਰ ਗੇਂਦ ਮੈਨੂੰ ਵਾਪਸ ਦੇ ਦਿੱਤੀ। ਉਸ ਸਮੇਂ ਮੈਂ ਗੋਲਪੋਸਟ ਦੇ ਬਿਲਕੁਲ ਸਾਹਮਣੇ ਸੀ। ਮੈਂ ਤੁਰੰਤ ਸ਼ਾਟ ਮਾਰਿਆ। ਗੇਂਦ ਪੋਸਟ ਦੇ ਕੋਨੇ ਨਾਲ ਟਕਰਾ ਕੇ ਬਾਹਰ ਆ ਗਈ।”

“ਮਲੇਸ਼ੀਆਈ ਰੈਫਰੀ ਗਲਾਸਿੰਘਮ ਵਿਜਯਨਾਥਨ ਕੁਝ ਪਲਾਂ ਲਈ ਉਲਝਣ ਵਿੱਚ ਸਨ। ਉਨ੍ਹਾਂ ਨੇ ਥੋੜ੍ਹੀ ਦੇਰ ਇੰਤਜ਼ਾਰ ਕੀਤਾ ਅਤੇ ਫਿਰ ਗੋਲ ਦੇ ਦਿੱਤਾ।”

“ਇਸ ਤੋਂ ਬਾਅਦ ਕੀ ਹੋਇਆ, ਮੈਨੂੰ ਯਾਦ ਨਹੀਂ। ਉਹ ਇੱਕ ਜਨੂੰਨ ਸੀ। ਸਾਨੂੰ ਯਕੀਨ ਹੋ ਗਿਆ ਸੀ ਕਿ ਅਸੀਂ ਜਿੱਤ ਸਕਦੇ ਹਾਂ। ਗੋਲ ਨੂੰ ਲੈ ਕੇ ਵਿਵਾਦ ਹੋਇਆ, ਪਰ ਸਾਡੇ ਲਈ ਉਸ ਦੀ ਅਹਿਮੀਅਤ ਬਹੁਤ ਵੱਡੀ ਸੀ।”

2016 ਵਿੱਚ ਸਾਬਕਾ ਹਾਕੀ ਖਿਡਾਰੀ ਅਸ਼ੋਕ ਕੁਮਾਰ ਨੇ ਨਵੀਂ ਦਿੱਲੀ ਦੇ ਜੰਤਰ-ਮੰਤਰ ’ਤੇ ਹਾਕੀ ਦੇ ਜਾਦੂਗਰ ਅਤੇ ਆਪਣੇ ਪਿਤਾ ਧਿਆਨ ਚੰਦ ਨੂੰ ਮਰਨੋਂਪਰੰਤ ਭਾਰਤ ਰਤਨ ਦੇਣ ਦੀ ਮੰਗ ਨੂੰ ਲੈ ਕੇ ਕੱਢੇ ਗਏ ਮਾਰਚ ਵਿੱਚ ਹਿੱਸਾ ਲਿਆ

ਤਸਵੀਰ ਸਰੋਤ, Vipin Kumar/Hindustan Times via Getty Images

ਇਸ ਤੋਂ ਬਾਅਦ ਭਾਰਤ ਨੂੰ ਕਾਫ਼ੀ ਦਬਾਅ ਝੱਲਣਾ ਪਿਆ। ਪਾਕਿਸਤਾਨ ਲਗਾਤਾਰ ਹਮਲੇ ਕਰ ਰਿਹਾ ਸੀ।

ਅਸ਼ੋਕ ਕਹਿੰਦੇ ਹਨ, “ਆਖ਼ਰੀ 10 ਮਿੰਟ ਸਭ ਤੋਂ ਮੁਸ਼ਕਲ ਸਨ। ਪਾਕਿਸਤਾਨ ਦੇ ਖਿਡਾਰੀ ਸਾਡੇ ‘ਤੇ ਟੁੱਟ ਪਏ ਸਨ। ਪਰ ਅਸੀਂ ਉਨ੍ਹਾਂ ਨੂੰ ਗੋਲ ਨਹੀਂ ਕਰਨ ਦੇਣਾ ਚਾਹੁੰਦੇ ਸੀ। ਫਿਰ ਆਖ਼ਰੀ ਸੀਟੀ ਵੱਜੀ ਅਤੇ ਅਸੀਂ ਵਿਸ਼ਵ ਚੈਂਪੀਅਨ ਬਣ ਗਏ। ਪੂਰੀ ਦੁਨੀਆ ਸਾਡੇ ਕਦਮਾਂ ਵਿੱਚ ਸੀ।”

ਪਰ ਅਸ਼ੋਕ ਮੰਨਦੇ ਹਨ ਕਿ ਇਹ ਜਿੱਤ ਇੱਕ ਖਿਡਾਰੀ ਤੋਂ ਬਿਨਾਂ ਸੰਭਵ ਨਹੀਂ ਸੀ।

ਉਹ ਕਹਿੰਦੇ ਹਨ, “ਜੇਕਰ ਅਸਲਮ ਸ਼ੇਰ ਖ਼ਾਨ ਨੇ ਸੈਮੀਫਾਈਨਲ ਵਿੱਚ ਗੋਲ ਨਾ ਕੀਤਾ ਹੁੰਦਾ, ਤਾਂ ਅਸੀਂ ਫਾਈਨਲ ਤੱਕ ਪਹੁੰਚ ਹੀ ਨਹੀਂ ਸਕਦੇ ਸੀ। ਉਨ੍ਹਾਂ ਦਾ ਗੋਲ ਪੂਰੇ ਟੂਰਨਾਮੈਂਟ ਦਾ ਟਰਨਿੰਗ ਪੁਆਇੰਟ ਸੀ।”

ਬਿਹਤਰੀਨ ਡਿਫੈਂਡਰ ਅਤੇ ਪੈਨਲਟੀ ਕਾਰਨਰ ਮਾਹਿਰ ਅਸਲਮ ਸ਼ੇਰ ਖ਼ਾਨ ਪੂਰੇ ਟੂਰਨਾਮੈਂਟ ਵਿੱਚ ਆਪਣੇ ਮੌਕੇ ਦੀ ਉਡੀਕ ਕਰਦੇ ਰਹੇ। ਹੈਰਾਨੀ ਦੀ ਗੱਲ ਇਹ ਸੀ ਕਿ ਲੀਗ ਪੜਾਅ ਵਿੱਚ ਉਨ੍ਹਾਂ ਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।

ਅਸਲਮ ਕਹਿੰਦੇ ਹਨ, “ਉਸ ਸਮੇਂ ਹਾਲਾਤ ਬਹੁਤ ਵੱਖਰੇ ਸਨ। ਕੋਈ ਖੁੱਲ੍ਹ ਕੇ ਨਹੀਂ ਕਹਿੰਦਾ ਸੀ, ਪਰ ਸਾਫ਼ ਲੱਗਦਾ ਸੀ ਕਿ ਮੈਨੂੰ ਟੀਮ ਵਿੱਚ ਰੱਖਣਾ ਵੀ ਚਾਹ ਰਹੇ ਹਨ ਜਾਂ ਨਹੀਂ।”

“ਕੁਆਲਾਲੰਪੁਰ ਆਏ ਨੂੰ 13 ਦਿਨ ਹੋ ਚੁੱਕੇ ਸਨ ਅਤੇ ਮੈਂ ਅਜੇ ਵੀ ਆਪਣੇ ਪਹਿਲੇ ਮੈਚ ਦਾ ਇੰਤਜ਼ਾਰ ਕਰ ਰਿਹਾ ਸੀ। ਰਾਤ ਨੂੰ ਰੋਂਦਾ ਸੀ ਅਤੇ ਟੀਮ ਵਿੱਚ ਖੇਡਣ ਦਾ ਸੁਪਨਾ ਦੇਖਦਾ ਸੀ।”

ਉਨ੍ਹਾਂ ਦੀ ਦੁਆ ਸੈਮੀਫਾਈਨਲ ਵਿੱਚ ਕਬੂਲ ਹੋਈ।

ਅਸ਼ੋਕ ਕੁਮਾਰ ਨੂੰ 1974 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ

ਤਸਵੀਰ ਸਰੋਤ, Dhyan Chand Foundation

ਮਲੇਸ਼ੀਆ ਖ਼ਿਲਾਫ਼ ਭਾਰਤ ਕਈ ਪੈਨਲਟੀ ਕਾਰਨਰ ਗੁਆ ਚੁੱਕਾ ਸੀ। ਟੀਮ ‘ਤੇ ਲਗਾਤਾਰ ਦਬਾਅ ਵੱਧ ਰਿਹਾ ਸੀ। ਮੈਚ ਵਿੱਚ ਲਗਭਗ ਅੱਠ ਮਿੰਟ ਬਚੇ ਸਨ ਅਤੇ ਭਾਰਤ 1-2 ਨਾਲ ਪਿੱਛੇ ਸੀ।

ਸਟੇਡੀਅਮ ਵਿੱਚ ਕਰੀਬ 50 ਹਜ਼ਾਰ ਦਰਸ਼ਕ ਮੌਜੂਦ ਸਨ। ਭਾਰਤ ਦੀ ਹਰ ਗ਼ਲਤੀ ‘ਤੇ ਉਹ ਜ਼ੋਰਦਾਰ ਰੌਲਾ ਪਾਉਂਦੇ ਸਨ।

ਅਸਲਮ ਯਾਦ ਕਰਦੇ ਹਨ, “ਕੋਚ ਅਜੇ ਵੀ ਮੈਨੂੰ ਖਿਡਾਉਣ ਦੇ ਹੱਕ ਵਿੱਚ ਨਹੀਂ ਸਨ। ਪਰ ਮੈਨੇਜਰ ਬਲਬੀਰ ਸਿੰਘ ਸੀਨੀਅਰ ਨੇ ਆਖ਼ਿਰਕਾਰ ਸਾਫ਼ ਕਹਿ ਦਿੱਤਾ ਕਿ ਹੁਣ ਅਸਲਮ ਨੂੰ ਹੀ ਖਿਡਾਇਆ ਜਾਵੇਗਾ।”

ਫਿਰ ਮਾਈਕਲ ਕਿੰਡੋ ਨੂੰ ਬਾਹਰ ਬੁਲਾਇਆ ਗਿਆ ਅਤੇ ਅਸਲਮ ਮੈਦਾਨ ਵਿੱਚ ਉਤਰੇ।

ਇਹ ਫ਼ੈਸਲਾ ਤੁਰੰਤ ਸਹੀ ਸਾਬਤ ਹੋਇਆ। ਦੋ ਮਿੰਟ ਬਾਅਦ ਭਾਰਤ ਨੂੰ ਪੈਨਲਟੀ ਕਾਰਨਰ ਮਿਲ ਗਿਆ।

ਅਸਲਮ ਕਹਿੰਦੇ ਹਨ, “ਮੈਨੂੰ ਲੱਗਾ ਇਹੀ ਮੇਰਾ ਪਲ ਹੈ। ਮੈਂ ਆਪਣਾ ਤਾਵੀਜ਼ ਚੁੰਮਿਆ ਅਤੇ ਸ਼ਾਟ ਲਾਇਆ। ਗੇਂਦ ਗੋਲਕੀਪਰ ਨੂੰ ਪਾਰ ਕਰਦੀ ਹੋਈ ਜਾਲ ਵਿੱਚ ਜਾ ਪਹੁੰਚੀ। ਸਕੋਰ 2-2 ਹੋ ਗਿਆ।”

“ਪੂਰੀ ਟੀਮ ਨੇ ਰਾਹਤ ਦਾ ਸਾਹ ਲਿਆ। ਮੈਚ ਵਾਧੂ ਸਮੇਂ ਵਿੱਚ ਚਲਾ ਗਿਆ। ਉੱਥੇ ਹਰਚਰਨ ਸਿੰਘ ਨੇ ਜੇਤੂ ਗੋਲ ਕਰਕੇ ਸਾਨੂੰ ਫਾਈਨਲ ਵਿੱਚ ਪਹੁੰਚਾ ਦਿੱਤਾ।”

“ਮੇਰੀ ਜ਼ਿੰਦਗੀ ਦਾ ਉਹ ਸਭ ਤੋਂ ਸ਼ਾਨਦਾਰ ਪਲ ਸੀ।”

ਹਾਕੀ ਭਾਰਤ ਵਿੱਚ ਬਹੁਤ ਮਸ਼ਹੂਰ ਹੁੰਦੀ ਸੀ (ਫਾਈਲ ਫੋਟੋ)

ਤਸਵੀਰ ਸਰੋਤ, Dhyan Chand Foundation

ਫਾਈਨਲ ਤੋਂ ਇੱਕ ਦਿਨ ਪਹਿਲਾਂ ਇੱਕ ਹੋਰ ਘਟਨਾ ਵਾਪਰੀ, ਜਿਸ ਨੂੰ ਅਸਲਮ ਅੱਜ ਵੀ ਨਹੀਂ ਭੁੱਲ ਸਕੇ ਹਨ।

ਅਸਲਮ ਦੱਸਦੇ ਹਨ, “ਬਲਬੀਰ ਸਿੰਘ ਸੀਨੀਅਰ ਮੈਨੂੰ ਆਪਣੇ ਨਾਲ ਮਸਜਿਦ ਲੈ ਗਏ। ਉਹ ਭਾਰਤ ਦੀ ਜਿੱਤ ਲਈ ਦੁਆ ਕਰਨਾ ਚਾਹੁੰਦੇ ਸਨ।”

“ਭਾਰਤੀ ਅਤੇ ਪਾਕਿਸਤਾਨੀ ਖਿਡਾਰੀਆਂ ਲਈ ਇੱਕੋ ਬੱਸ ਹੁੰਦੀ ਸੀ। ਜਦੋਂ ਬਲਬੀਰ ਮਸਜਿਦ ਗਏ ਤਾਂ ਪਾਕਿਸਤਾਨੀ ਖਿਡਾਰੀ ਹੈਰਾਨ ਰਹਿ ਗਏ। ਕੁਝ ਨੇ ਮੈਨੂੰ ਪੁੱਛਿਆ, ਇੱਕ ਸਿੱਖ ਮਸਜਿਦ ਵਿੱਚ ਦੁਆ ਕਿਵੇਂ ਕਰ ਸਕਦਾ ਹੈ?”

ਅਸਲਮ ਕਹਿੰਦੇ ਹਨ, “ਉਹ ਬਹੁਤ ਭਾਵੁਕ ਪਲ ਸੀ।”

“ਵਾਪਸੀ ਵਿੱਚ ਮੇਰੇ ਨਾਲ ਬੈਠੇ ਇੱਕ ਪਾਕਿਸਤਾਨੀ ਖਿਡਾਰੀ ਨੇ ਕਿਹਾ, ਅੱਜ ਕੁਝ ਖ਼ਾਸ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਅੱਲ੍ਹਾ ਪਹਿਲੀ ਵਾਰ ਉਸ ਦੇ ਦਰ ‘ਤੇ ਆਉਣ ਵਾਲੇ ਇਨਸਾਨ ਨੂੰ ਖ਼ਾਲ੍ਹੀ ਹੱਥ ਨਹੀਂ ਮੋੜਦਾ। ਹੁਣ ਉਹ ਤੈਨੂੰ ਜਿੱਤ ਤੋਂ ਵੀ ਮਹਿਰੂਮ ਨਹੀਂ ਕਰੇਗਾ।”

ਅਸਲਮ ਮੁਸਕਰਾਉਂਦੇ ਹੋਏ ਕਹਿੰਦੇ ਹਨ, “ਇਸ ਤੋਂ ਬਾਅਦ ਫਾਈਨਲ ਵਿੱਚ ਕੀ ਹੋਇਆ, ਇਹ ਪੂਰੀ ਦੁਨੀਆ ਜਾਣਦੀ ਹੈ।”

2026 ਵਿਸ਼ਵ ਕੱਪ 15 ਅਗਸਤ ਨੂੰ ਸ਼ੁਰੂ ਹੋਇਆ ਸੀ

ਤਸਵੀਰ ਸਰੋਤ, Dhyan Chand Foundation

ਉਸ ਦੌਰ ਵਿੱਚ ਭਾਰਤ ਦੀਆਂ ਹਾਕੀ ਦੀਆਂ ਜਿੱਤਾਂ ਲੋਕਪ੍ਰਿਯ ਸੱਭਿਆਚਾਰ ਦਾ ਹਿੱਸਾ ਹੋਇਆ ਕਰਦੀਆਂ ਸਨ। 1979 ਦੀ ਫ਼ਿਲਮ ‘ਗੋਲ ਮਾਲ’ ਵਿੱਚ ਵੀ ਇਸ ਦਾ ਜ਼ਿਕਰ ਮਿਲਦਾ ਹੈ।

ਫ਼ਿਲਮ ਵਿੱਚ ਅਮੋਲ ਪਾਲੇਕਰ ਦਾ ਕਿਰਦਾਰ ਹਾਕੀ ਮੈਚ ਦੇਖਣ ਲਈ ਬਿਮਾਰ ਹੋਣ ਦਾ ਬਹਾਨਾ ਬਣਾਉਂਦਾ ਹੈ ਅਤੇ ਕਹਿੰਦਾ ਹੈ, “ਯਾਰ, ਅੱਜ ਗੋਵਿੰਦਾ ਅਤੇ ਅਸ਼ੋਕ ਕੁਮਾਰ ਵੀ ਹੁੰਦੇ ਤਾਂ ਮਜ਼ਾ ਆ ਜਾਂਦਾ।”

ਉਹ ਵੱਖਰਾ ਸਮਾਂ ਸੀ। ਉਦੋਂ ਹਾਕੀ ਖਿਡਾਰੀ ਘਰ-ਘਰ ਵਿੱਚ ਪਛਾਣੇ ਜਾਂਦੇ ਸਨ। ਵਿਸ਼ਵ ਕੱਪ ਫਾਈਨਲ ਸੁਣਨ ਲਈ ਲੱਖਾਂ ਲੋਕ ਰੇਡੀਓ ਨਾਲ ਚਿਪਕ ਜਾਂਦੇ ਸਨ।

ਹੁਣ 51 ਸਾਲ ਬਾਅਦ ਭਾਰਤ ਫਿਰ ਵਿਸ਼ਵ ਕੱਪ ਦੇ ਮੈਦਾਨ ਵਿੱਚ ਹੈ। ਇੱਕ ਨਵੀਂ ਪੀੜ੍ਹੀ ਆਪਣੇ ਲਈ ਵੀ ਅਜਿਹੀਆਂ ਹੀ ਯਾਦਾਂ ਬਣਾਉਣਾ ਚਾਹੁੰਦੀ ਹੈ।

ਇਸ ਵਾਰ ਭਾਰਤ ਗਰੁੱਪ ਡੀ ਵਿੱਚ ਇੰਗਲੈਂਡ, ਪਾਕਿਸਤਾਨ ਅਤੇ ਵੇਲਜ਼ ਦੇ ਨਾਲ ਹੈ।

ਪਰ ਅਸ਼ੋਕ ਕੁਮਾਰ ਅਤੇ ਅਸਲਮ ਸ਼ੇਰ ਖ਼ਾਨ ਲਈ 1975 ਦੀਆਂ ਯਾਦਾਂ ਅੱਜ ਵੀ ਓਨੀਆਂ ਹੀ ਤਾਜ਼ਾ ਹਨ।

ਉਹ ਜਾਣਦੇ ਹਨ ਕਿ ਵਿਸ਼ਵ ਕੱਪ ਜਿੱਤਣ ਦਾ ਅਹਿਸਾਸ ਕਿਹੋ ਜਿਹਾ ਹੁੰਦਾ ਹੈ।

ਹੁਣ ਭਾਰਤ ਨੂੰ ਉਮੀਦ ਹੈ ਕਿ ਨਵੀਂ ਪੀੜ੍ਹੀ ਵੀ ਉਸ ਅਹਿਸਾਸ ਨੂੰ ਮੁੜ ਜੀ ਸਕੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI