Source :- BBC PUNJABI

ਖਾਲਿਦ ਸ਼ੇਖ ਮੁਹੰਮਦ

ਤਸਵੀਰ ਸਰੋਤ, Photo courtesy of Khalid Sheikh Mohammed’s legal team

ਅਮਰੀਕਾ ‘ਤੇ 9/11 ਦੇ ਅੱਤਵਾਦੀ ਹਮਲਿਆਂ ਦਾ ਮੁਲਜ਼ਮ ‘ਮਾਸਟਰਮਾਈਂਡ’ ਆਉਂਦੇ ਸ਼ੁੱਕਰਵਾਰ ਨੂੰ ਆਪਣਾ ਜੁਰਮ ਕਬੂਲ ਨਹੀਂ ਕਰ ਸਕੇਗਾ ਕਿਉਂਕਿ ਅਮਰੀਕੀ ਸਰਕਾਰ ਨੇ ਪਿਛਲੇ ਸਾਲ ਹੋਈਆਂ ਪਟੀਸ਼ਨਾਂ ਸਬੰਧੀ ਅਗਲੇਰੀ ਕਾਰਵਾਈ ਨੂੰ ਰੋਕਣ ਦਾ ਫੈਸਲਾ ਕੀਤਾ ਹੈ।

ਖਾਲਿਦ ਸ਼ੇਖ ਮੁਹੰਮਦ, ਜਿਸਨੂੰ ਅਕਸਰ ਕੇਐੱਸਐੱਮ ਕਿਹਾ ਜਾਂਦਾ ਹੈ, ਦੱਖਣ-ਪੂਰਬੀ ਕਿਊਬਾ ਵਿੱਚ ਗੁਆਂਟਾਨਾਮੋ ਬੇਅ ਜਲ ਸੈਨਾ ਬੇਸ ‘ਤੇ ਇੱਕ ਜੰਗੀ ਅਦਾਲਤ ਵਿੱਚ ਆਪਣੀਆਂ ਦਲੀਲਾਂ ਪੇਸ਼ ਕਰਨ ਵਾਲਾ ਸੀ। ਖਾਲਿਦ ਨੂੰ ਲਗਭਗ ਦੋ ਦਹਾਕਿਆਂ ਤੋਂ ਇਸ ਫੌਜੀ ਜੇਲ੍ਹ ਵਿੱਚ ਕੈਦ ਰੱਖਿਆ ਹੋਇਆ ਹੈ।

ਖਾਲਿਦ ਗੁਆਂਟਾਨਾਮੋ ਦਾ ਸਭ ਤੋਂ ਬਦਨਾਮ (ਚਰਚਿਤ) ਕੈਦੀ ਹੈ ਅਤੇ ਇਸ ਬੇਸ ‘ਤੇ ਆਖਰੀ ਵਾਰ ਕੈਦ ਰੱਖੇ ਗਏ ਕੈਦੀਆਂ ਵਿੱਚੋਂ ਇੱਕ ਹੈ।

ਬੀਬੀਸੀ ਪੰਜਾਬੀ

ਫੈਡਰਲ ਕੋਰਟ ਨੇ ਵੀਰਵਾਰ ਨੂੰ ਸਰਕਾਰ ਦੀ ਅਰਜ਼ੀ ਉੱਤੇ ਮੁਹੰਮਦ ਅਤੇ ਦੋ ਹੋਰ ਲੋਕਾਂ ਦੀ ਅਪੀਲ ਲਈ ਸੁਣਵਾਈ ਦੀ ਹੋਣ ਵਾਲੀ ਕਾਰਵਾਈ ਨੂੰ ਰੋਕ ਦਿੱਤਾ। ਸਰਕਾਰ ਦਾ ਕਹਿਣਾ ਸੀ ਕਿ ਇਸ ਨਾਲ ਉਨ੍ਹਾਂ ਨੂੰ ਅਤੇ ਜਨਤਾ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਵੇਗਾ।

ਤਿੰਨ ਜੱਜਾਂ ਦੇ ਪੈਨਲ ਨੇ ਕਿਹਾ ਕਿ ਇਸ ਦੇਰੀ ਨੂੰ “ਕਿਸੇ ਵੀ ਤਰੀਕੇ ਨਾਲ ਗੁਣਾਂ ਦੇ ਫੈਸਲੇ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ”, ਸਗੋਂ ਇਸਦਾ ਉਦੇਸ਼ ਅਦਾਲਤ ਨੂੰ ਜ਼ਰੂਰੀ ਸਮਾਂ ਦੇਣਾ ਸੀ ਤਾਂ ਜੋ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਅਤੇ “ਤੇਜ਼ੀ ਨਾਲ” ਦਲੀਲਾਂ ਸੁਣੀਆਂ ਜਾ ਸਕਣ।

ਇਸ ਦੇਰੀ ਦਾ ਮਤਲਬ ਹੈ ਕਿ ਇਹ ਮਾਮਲਾ ਹੁਣ ਆਉਣ ਵਾਲੇ ਟਰੰਪ ਪ੍ਰਸ਼ਾਸਨ ਦੇ ਅਧੀਨ ਚਲਾ ਜਾਵੇਗਾ।

ਇਸ ਹਫ਼ਤੇ ਕੀ ਹੋਣਾ ਸੀ?

ਸ਼ੁੱਕਰਵਾਰ ਸਵੇਰੇ ਹੋਣ ਵਾਲੀ ਸੁਣਵਾਈ ਵਿੱਚ, ਖਾਲਿਦ ਨੇ 11 ਸਤੰਬਰ 2001 ਦੇ ਹਮਲਿਆਂ ਵਿੱਚ ਆਪਣੀ ਭੂਮਿਕਾ ਲਈ ਜੁਰਮ ਕਬੂਲ ਕਰਨੇ ਸਨ।

ਇਹ ਉਹ ਹਮਲਾ ਸੀ ਜਦੋਂ ਹਾਈਜੈਕਰਾਂ ਨੇ ਯਾਤਰੀ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਨਿਊਯਾਰਕ ਵਿੱਚ ਵਰਲਡ ਟ੍ਰੇਡ ਸੈਂਟਰ ਅਤੇ ਵਾਸ਼ਿੰਗਟਨ ਦੇ ਬਾਹਰ ਪੈਂਟਾਗਨ ਨਾਲ ਟਕਰਾ ਦਿੱਤਾ ਸੀ। ਇਸੇ ਹਮਲੇ ਦੇ ਸਿਲਸਿਲੇ ਵਿਚ, ਇੱਕ ਹੋਰ ਯਾਤਰੀ ਜਹਾਜ਼ ਦੇ ਯਾਤਰੀਆਂ ਨੇ ਹਾਈਜੈਕਰਾਂ ਨਾਲ ਟੱਕਰ ਲੈ ਲਈ ਸੀ ਅਤੇ ਉਹ ਜਹਾਜ਼ ਪੈਨਸਿਲਵੇਨੀਆ ਦੇ ਇੱਕ ਖੇਤ ਵਿੱਚ ਜਾ ਡਿੱਗਿਆ ਸੀ।

ਅਮਰੀਕਾ

ਖਾਲਿਦ ‘ਤੇ ਇਸ ਹਮਲੇ ਦੀ ਸਾਜ਼ਿਸ਼ ਅਤੇ ਕਤਲ ਸਮੇਤ ਅਪਰਾਧਾਂ ਦਾ ਇਲਜ਼ਾਮ ਲਗਾਇਆ ਗਿਆ ਹੈ ਅਤੇ ਜਿਸ ਦੀ ਚਾਰਜਸ਼ੀਟ ਵਿੱਚ 2,976 ਪੀੜਤ ਸੂਚੀਬੱਧ ਹਨ।

ਖਾਲਿਦ ਨੇ ਪਹਿਲਾਂ ਕਿਹਾ ਸੀ ਕਿ ਉਸਨੇ ਹੀ “9/11 ਆਪ੍ਰੇਸ਼ਨ ਦੀ ਏ-ਟੂ-ਜ਼ੈੱਡ” ਯੋਜਨਾ ਬਣਾਈ ਸੀ। ਪਾਇਲਟਾਂ ਦੁਆਰਾ ਜਹਾਜ਼ਾਂ ਨੂੰ ਉਡਾ ਕੇ ਇਮਾਰਤਾਂ ਵਿੱਚ ਟਕਰਾਉਣ ਦਾ ਵਿਚਾਰ ਉਸ ਦਾ ਹੀ ਸੀ ਅਤੇ ਉਨ੍ਹਾਂ ਯੋਜਨਾਵਾਂ ਨੂੰ 1990 ਦੇ ਦਹਾਕੇ ਦੇ ਮੱਧ ਵਿੱਚ ਅੱਤਵਾਦੀ ਇਸਲਾਮੀ ਸਮੂਹ ਅਲ-ਕਾਇਦਾ ਦੇ ਨੇਤਾ ਓਸਾਮਾ ਬਿਨ ਲਾਦੇਨ ਤੱਕ ਲੈ ਜਾਣ ਦਾ ਵਿਚਾਰ ਵੀ ਉਸਦਾ ਹੀ ਸੀ।

ਸ਼ੁੱਕਰਵਾਰ ਦੀ ਸੁਣਵਾਈ ਬੇਸ ‘ਤੇ ਸਥਿਤ ਇੱਕ ਅਦਾਲਤੀ ਕਮਰੇ ਵਿੱਚ ਹੋਣੀ ਸੀ, ਜਿੱਥੇ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਅਤੇ ਮੀਡੀਆ ਨਾਲ ਸਬੰਧਿਤ ਵਿਅਕਤੀ ਇੱਕ ਮੋਟੇ ਸ਼ੀਸ਼ੇ ਦੇ ਪਿੱਛੇ ਵਿਊਇੰਗ ਗੈਲਰੀ ਵਿੱਚ ਬੈਠਣ ਵਾਲੇ ਸਨ।

ਇਹ ਸਭ 9/11 ਦੇ 23 ਸਾਲਾਂ ਬਾਅਦ ਕਿਉਂ ਹੋ ਰਿਹਾ ਹੈ?

ਜਲ ਸੈਨਾ ਦੇ ਬੇਸ ‘ਤੇ ਇੱਕ ਫੌਜੀ ਅਦਾਲਤ ਵਿੱਚ ਹੋਣ ਵਾਲੀਆਂ ਪ੍ਰੀ-ਟਰਾਇਲ ਸੁਣਵਾਈਆਂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਚੱਲ ਰਹੀਆਂ ਹਨ। ਹੁਣ ਇਸ ‘ਤੇ ਇੱਕ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਖਾਲਿਦ ਅਤੇ ਹੋਰ ਮੁਲਜ਼ਮਾਂ ਨੂੰ ਅਮਰੀਕੀ ਹਿਰਾਸਤ ਵਿੱਚ ਮਿਲੇ ਤਸ਼ੱਦਦ ਸਬੂਤਾਂ ‘ਤੇ ਮਾੜਾ ਪ੍ਰਭਾਵ ਪਾ ਰਹੇ ਹਨ।

2003 ਵਿੱਚ ਪਾਕਿਸਤਾਨ ਵਿੱਚ ਗ੍ਰਿਫਤਾਰੀ ਤੋਂ ਬਾਅਦ, ਖਾਲਿਦ ਨੇ “ਬਲੈਕ ਸਾਈਟਾਂ” ਵਜੋਂ ਜਾਣੀਆਂ ਜਾਂਦੀਆਂ ਗੁਪਤ ਸੀਆਈਏ ਜੇਲ੍ਹਾਂ ਵਿੱਚ ਤਿੰਨ ਸਾਲ ਬਿਤਾਏ, ਜਿੱਥੇ ਉਸਨੂੰ 183 ਵਾਰ “ਵਾਟਰਬੋਰਡਿੰਗ” ਜਾਂ ਨਕਲੀ ਡੁਬੋਇਆ ਗਿਆ। ਇਸ ਤੋਂ ਇਲਾਵਾ ਉਸ ‘ਤੇ ਕਈ ਹੋਰ ਤਰੀਕੇ ਵੀ ਅਜ਼ਮਾਏ ਗਏ ਜਿਵੇਂ ਸੌਂਣ ਨਾ ਦੇਣਾ ਜਾਂ ਫਿਰ ਨੰਗਾ ਰੱਖਣਾ।

ਖਾਲਿਦ ਸ਼ੇਖ ਮੁਹੰਮਦ

ਤਸਵੀਰ ਸਰੋਤ, Reuters

ਕੈਰਨ ਗ੍ਰੀਨਬਰਗ, “ਦਿ ਲੀਸਟ ਵਰਸਟ ਪਲੇਸ: ਹੋਉ ਗੁਆਂਟਾਨਾਮੋ ਬਿਕੇਮ ਦ ਵਰਲਡਜ਼ ਮੋਸਟ ਨੋਟੋਰੀਅਸ ਜੇਲ੍ਹ” ਦੀ ਲੇਖਕਾ ਕਹਿੰਦੇ ਹਨ ਕਿ ਤਸ਼ੱਦਦ ਦੀ ਵਰਤੋਂ ਨੇ “ਇਨ੍ਹਾਂ ਮਾਮਲਿਆਂ ਨੂੰ ਇਸ ਤਰੀਕੇ ਨਾਲ ਮੁਕੱਦਮੇ ਵਿੱਚ ਲਿਆਉਣਾ ਲਗਭਗ ਅਸੰਭਵ ਬਣਾ ਦਿੱਤਾ ਹੈ ਜੋ ਕਾਨੂੰਨ ਦੇ ਸ਼ਾਸਨ ਅਤੇ ਅਮਰੀਕੀ ਨਿਆਂ-ਸ਼ਾਸਤਰ ਦਾ ਸਨਮਾਨ ਕਰਦਾ ਹੈ।”

ਉਹ ਕਹਿੰਦੇ ਹਨ ਕਿ “ਇਨ੍ਹਾਂ ਮਾਮਲਿਆਂ ਵਿੱਚ ਤਸ਼ੱਦਦ ਤੋਂ ਪ੍ਰਾਪਤ ਸਬੂਤਾਂ ਦੀ ਵਰਤੋਂ ਕੀਤੇ ਬਿਨਾਂ ਸਬੂਤ ਪੇਸ਼ ਕਰਨਾ ਅਸੰਭਵ ਹੈ। ਇਸ ਤੋਂ ਇਲਾਵਾ, ਇਹ ਗੱਲ ਕਿ ਇਨ੍ਹਾਂ ਵਿਅਕਤੀਆਂ ਨੂੰ ਤਸੀਹੇ ਦਿੱਤੇ ਗਏ ਸਨ, ਮੁਕੱਦਮਿਆਂ ਨੂੰ ਹੋਰ ਗੁੰਝਲਦਾਰ ਬਣਾ ਦਿੰਦਾ ਹੈ।”

ਨਾਲ ਹੀ ਇਹ ਮਾਮਲਾ ਫੌਜੀ ਕਮਿਸ਼ਨਾਂ ਦੇ ਅਧੀਨ ਵੀ ਆਉਂਦਾ ਹੈ, ਜੋ ਰਵਾਇਤੀ ਅਮਰੀਕੀ ਅਪਰਾਧਿਕ ਨਿਆਂ ਪ੍ਰਣਾਲੀ ਨਾਲੋਂ ਵੱਖਰੇ ਨਿਯਮਾਂ ਅਧੀਨ ਕੰਮ ਕਰਦੇ ਹਨ ਅਤੇ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੇ ਹਨ।

ਇਸ ਮਾਮਲੇ ਵਿਚ, ਦੋ ਸਾਲਾਂ ਦੀ ਲੰਮੀ ਗੱਲਬਾਤ ਤੋਂ ਬਾਅਦ, ਪਟੀਸ਼ਨ ਡੀਲ ਪਿਛਲੀਆਂ ਗਰਮੀਆਂ ਵਿੱਚ ਹੋਈ ਸੀ।

ਇਹ ਵੀ ਪੜ੍ਹੋ-

ਪਟੀਸ਼ਨ ਡੀਲ ਵਿੱਚ ਕੀ-ਕੀ ਸ਼ਾਮਲ ਹੈ?

ਮੁਹੰਮਦ ਅਤੇ ਉਸ ਦੇ ਦੋ ਸਹਿ-ਮੁਲਜ਼ਮਾਂ ਨਾਲ ਹੋਈਆਂ ਡੀਲਾਂ ਦੇ ਪੂਰੇ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।

ਪਰ ਅਸੀਂ ਇਹ ਜਾਣਦੇ ਹਾਂ ਕਿ ਇੱਕ ਡੀਲ ਦਾ ਮਤਲਬ ਹੈ ਕਿ ਉਸਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ।

ਬੁੱਧਵਾਰ ਨੂੰ ਅਦਾਲਤ ਦੀ ਸੁਣਵਾਈ ਵਿੱਚ, ਉਸਦੀ ਕਾਨੂੰਨੀ ਟੀਮ ਨੇ ਪੁਸ਼ਟੀ ਕੀਤੀ ਕਿ ਉਹ ਸਾਰੇ ਜੁਰਮ ਕਬੂਲਣ ਲਈ ਸਹਿਮਤ ਹੋ ਗਿਆ ਹੈ। ਖਾਲਿਦ ਨੇ ਅਦਾਲਤ ਨੂੰ ਨਿੱਜੀ ਤੌਰ ‘ਤੇ ਸੰਬੋਧਿਤ ਨਹੀਂ ਕੀਤਾ, ਪਰ ਆਪਣੀ ਟੀਮ ਰਾਹੀਂ ਉਸਨੇ ਇਹ ਸਮਝੌਤਾ ਕੀਤਾ ਸੀ, ਜਿਸ ਦੌਰਾਨ ਮਾਮਲੇ ਸਬੰਧੀ ਨਿੱਕੇ ਮੋਟੇ ਸੁਧਾਰ ਕੀਤੇ ਗਏ ਅਤੇ ਕੁਝ ਸ਼ਬਦਾਂ ਵਿੱਚ ਵੀ ਬਦਲਾਅ ਕੀਤਾ ਗਿਆ।

ਜੇਕਰ ਡੀਲ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਅਤੇ ਅਦਾਲਤ ਵੱਲੋਂ ਦਲੀਲਾਂ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਅਗਲਾ ਕਦਮ ਸਜ਼ਾ ਦੀ ਸੁਣਵਾਈ ਲਈ ਚੁੱਕਿਆ ਜਾਵੇਗਾ ਅਤੇ ਇਸਦੇ ਲਈ ਇੱਕ ਫੌਜੀ ਜਿਊਰੀ, ਜਿਸਨੂੰ ਪੈਨਲ ਵਜੋਂ ਜਾਣਿਆ ਜਾਂਦਾ ਹੈ, ਉਸ ਦੀ ਨਿਯੁਕਤੀ ਕਰਨੀ ਹੋਵੇਗੀ।

ਬੁੱਧਵਾਰ ਨੂੰ ਅਦਾਲਤ ਵਿੱਚ, ਵਕੀਲਾਂ ਨੇ ਇਸ ਨੂੰ ਇੱਕ ਜਨਤਕ ਮੁਕੱਦਮਾ ਦੱਸਿਆ, ਜਿੱਥੇ ਬਚੇ ਹੋਏ ਲੋਕਾਂ ਅਤੇ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਆਨ ਦੇਣ ਦਾ ਮੌਕਾ ਦਿੱਤਾ ਜਾਵੇਗਾ।

ਸਮਝੌਤੇ ਜਾਂ ਡੀਲ ਦੇ ਤਹਿਤ, ਪੀੜਤ ਪਰਿਵਾਰ ਵੀ ਮੁਹੰਮਦ ਖਾਲਿਦ ਨੂੰ ਸਵਾਲ ਪੁੱਛ ਸਕਣਗੇ। ਵਕੀਲਾਂ ਦਾ ਕਹਿਣਾ ਹੈ ਕਿ ਖਾਲਿਦ ਨੂੰ ”ਸਵਾਲਾਂ ਦੇ ਪੂਰੀ ਤਰ੍ਹਾਂ ਅਤੇ ਸੱਚਾਈ ਨਾਲ ਜਵਾਬ ਦੇਣੇ ਪੈਣਗੇ।”

ਸਰਕਾਰੀ ਵਕੀਲ ਕਲੇਟਨ ਜੀ ਟ੍ਰਾਈਵੇਟ ਜੂਨੀਅਰ ਨੇ ਬੁੱਧਵਾਰ ਨੂੰ ਅਦਾਲਤ ਵਿੱਚ ਕਿਹਾ ਕਿ ਸਰਕਾਰੀ ਵਕੀਲਾਂ ਵੱਲੋਂ ਕੀਤੇ ਗਏ ਇਹ ਸੌਦੇ ਇੱਕ ਗਾਰੰਟੀ ਸਨ ਕਿ “ਅਸੀਂ 11 ਸਤੰਬਰ ਨੂੰ ਵਾਪਰੀ ਘਟਨਾ ਵਿੱਚ ਮੁਲਜ਼ਮ ਦੀ ਸ਼ਮੂਲੀਅਤ ਦੇ ਇਤਿਹਾਸਕ ਰਿਕਾਰਡ ਨੂੰ ਸਥਾਪਿਤ ਕਰਨ ਲਈ ਲੋੜੀਂਦੇ ਸਾਰੇ ਸਬੂਤ ਪੇਸ਼ ਕਰ ਸਕਦੇ ਹਾਂ।”

ਭਾਵੇਂ ਦਲੀਲਾਂ ਜਾਰੀ ਰਹਿੰਦੀਆਂ ਹਨ, ਫਿਰ ਵੀ ਇਹਨਾਂ ਕਾਰਵਾਈਆਂ ਨੂੰ ਸ਼ੁਰੂ ਹੋਣ ਅਤੇ ਅੰਤ ਵਿੱਚ ਸਜ਼ਾ ਦਾ ਐਲਾਨ ਹੋਣ ਵਿੱਚ ਕਈ ਮਹੀਨੇ ਲੱਗਣਗੇ।

ਅਮਰੀਕਾ

ਤਸਵੀਰ ਸਰੋਤ, Getty Images

ਸਰਕਾਰ ਦਲੀਲਾਂ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ?

ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਸੌਦੇ ‘ਤੇ ਦਸਤਖਤ ਕਰਨ ਵਾਲੇ ਸੀਨੀਅਰ ਅਧਿਕਾਰੀ ਨੂੰ ਨਿਯੁਕਤ ਕੀਤਾ ਹੈ ਪਰ ਨਿਊਯਾਰਕ ਟਾਈਮਜ਼ ਦੇ ਅਨੁਸਾਰ, ਜਿਸ ਸਮੇਂ ਇਸ ‘ਤੇ ਦਸਤਖਤ ਕੀਤੇ ਗਏ ਸਨ, ਉਸ ਸਮੇਂ ਉਹ ਇੱਕ ਯਾਤਰਾ ‘ਤੇ ਸਨ ਅਤੇ ਕਥਿਤ ਤੌਰ ‘ਤੇ ਇਸ ਸਬੰਧੀ ਹੈਰਾਨ ਰਹਿ ਗਏ ਸਨ।

ਕੁਝ ਦਿਨਾਂ ਬਾਅਦ, ਉਨ੍ਹਾਂ ਨੇ ਇਸਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੱਕ ਮੈਮੋ ਵਿੱਚ ਕਿਹਾ, “ਅਜਿਹੇ ਫੈਸਲੇ ਦੀ ਜ਼ਿੰਮੇਵਾਰੀ ਉੱਚ ਅਧਿਕਾਰੀ ਹੋਣ ਦੇ ਨਾਤੇ ਮੇਰੀ ਹੋਣੀ ਚਾਹੀਦੀ ਹੈ।”

ਹਾਲਾਂਕਿ, ਇੱਕ ਫੌਜੀ ਜੱਜ ਅਤੇ ਇੱਕ ਫੌਜੀ ਅਪੀਲ ਪੈਨਲ ਦੋਵਾਂ ਨੇ ਫੈਸਲਾ ਸੁਣਾਇਆ ਕਿ ਡੀਲ ਜਾਇਜ਼ ਸੀ ਅਤੇ ਆਸਟਿਨ ਨੇ ਬਹੁਤ ਦੇਰੀ ਨਾਲ ਇਸ ‘ਤੇ ਪ੍ਰਤੀਕਿਰਿਆ ਦਿੱਤੀ ਸੀ।

ਇਸ ਡੀਲ ਨੂੰ ਰੋਕਣ ਦੀ ਇੱਕ ਹੋਰ ਕੋਸ਼ਿਸ਼ ਵਿੱਚ, ਸਰਕਾਰ ਨੇ ਇਸ ਹਫ਼ਤੇ ਇੱਕ ਸੰਘੀ ਅਪੀਲ ਅਦਾਲਤ ਨੂੰ ਵੀ ਦਖਲ ਦੇਣ ਲਈ ਕਿਹਾ।

ਇੱਕ ਕਾਨੂੰਨੀ ਫਾਈਲਿੰਗ ਵਿੱਚ ਇਹ ਕਿਹਾ ਗਿਆ ਹੈ ਕਿ ਮੁਹੰਮਦ ਅਤੇ ਦੋ ਹੋਰਾਂ ‘ਤੇ “ਆਧੁਨਿਕ ਇਤਿਹਾਸ ਵਿੱਚ ਅਮਰੀਕੀ ਧਰਤੀ ‘ਤੇ ਸਭ ਤੋਂ ਘਿਨਾਉਣੇ ਅਪਰਾਧਿਕ ਕੰਮਾਂ ਵਿੱਚੋਂ ਇੱਕ” ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ।”

”ਅਤੇ ਇਸ ਤੱਥ ਦੇ ਬਾਵਜੂਦ ਕਿ ਰੱਖਿਆ ਸਕੱਤਰ ਨੇ ਕਾਨੂੰਨੀ ਤੌਰ ‘ਤੇ ਉਨ੍ਹਾਂ ਸਮਝੌਤਿਆਂ ਨੂੰ ਵਾਪਸ ਲੈ ਲਿਆ ਹੈ ਡੀਲਾਂ ਨੂੰ ਲਾਗੂ ਕਰਨ ਨਾਲ ਸਰਕਾਰ ਅਤੇ ਅਮਰੀਕੀ ਲੋਕਾਂ ਨੂੰ ਮੁਲਜ਼ਮਾਂ ਦੇ ਅਪਰਾਧਾਂ ਅਤੇ ਮੌਤ ਦੀ ਸਜ਼ਾ ਦੀ ਸੰਭਾਵਨਾ ਦੇ ਸਬੰਧ ‘ਚ ਜਨਤਕ ਸੁਣਵਾਈ ਤੋਂ ਵਾਂਝੇ ਰਹਿਣਾ ਪਵੇਗਾ।”

ਪਿਛਲੀ ਗਰਮੀਆਂ ਵਿੱਚ ਇਸ ਡੀਲ ਦਾ ਐਲਾਨ ਹੋਣ ਤੋਂ ਬਾਅਦ, ਰਿਪਬਲਿਕਨ ਸੀਨੇਟਰ ਮਿਚ ਮੈਕਕੋਨੇਲ, ਜੋ ਉਸ ਸਮੇਂ ਚੈਂਬਰ ਵਿੱਚ ਪਾਰਟੀ ਦੇ ਨੇਤਾ ਸਨ, ਨੇ ਇੱਕ ਬਿਆਨ ਜਾਰੀ ਕਰਕੇ ਇਸਨੂੰ “ਅਮਰੀਕਾ ਦੀ ਰੱਖਿਆ ਕਰਨ ਅਤੇ ਨਿਆਂ ਪ੍ਰਦਾਨ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਤੋਂ ਵਿਦਰੋਹੀ ਤਿਆਗ” ਕਿਹਾ ਸੀ।

ਪੀੜਤਾਂ ਦੇ ਪਰਿਵਾਰਾਂ ਨੇ ਕੀ ਕਿਹਾ?

ਪੀੜਤ ਪਰਿਵਾਰ ਕਹਿੰਦੇ ਹਨ ਕਿ ਦੋਸ਼ੀਆਂ ਨਾਲ ਨਰਮੀ ਵਰਤੀ ਜਾ ਰਹੀ ਹੈ

ਤਸਵੀਰ ਸਰੋਤ, Getty Images

ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਕੁਝ ਪਰਿਵਾਰਾਂ ਨੇ ਵੀ ਇਹ ਕਹਿੰਦੇ ਹੋਏ ਇਸ ਸੌਦੇ ਦੀ ਆਲੋਚਨਾ ਕੀਤੀ ਹੈ ਕਿ ਬਹੁਤ ਜ਼ਿਆਦਾ ਨਰਮੀ ਵਰਤੀ ਜਾ ਰਹੀ ਹੈ ਅਤੇ ਇਸ ਵਿੱਚ ਪਾਰਦਰਸ਼ਤਾ ਦੀ ਘਾਟ ਹੈ।

ਪਿਛਲੀ ਗਰਮੀਆਂ ਵਿੱਚ ਬੀਬੀਸੀ ਦੇ ਟੂਡੇ ਪ੍ਰੋਗਰਾਮ ਵਿੱਚ ਗੱਲ ਕਰਦੇ ਹੋਏ, ਟੈਰੀ ਸਟ੍ਰਾਡਾ, ਜਿਨ੍ਹਾਂ ਦੇ ਪਤੀ ਟੌਮ ਹਮਲਿਆਂ ਵਿੱਚ ਮਾਰੇ ਗਏ ਸਨ, ਨੇ ਇਸ ਸੌਦੇ ਨੂੰ “ਗੁਆਂਟਾਨਾਮੋ ਬੇਅ ਦੇ ਕੈਦੀਆਂ ਨੂੰ ਉਹ ਦੇਣ ਵਾਲਾ ਦੱਸਿਆ ਜੋ ਉਹ ਚਾਹੁੰਦੇ ਹਨ।”

ਮੁਹਿੰਮ ਸਮੂਹ 9/11 ਫੈਮਿਲੀਜ਼ ਯੂਨਾਈਟਿਡ ਦੀ ਕੌਮੀ ਚੇਅਰਵੁਮੈਨ, ਸਟ੍ਰਾਡਾ ਨੇ ਕਿਹਾ ਕਿ “ਇਹ ਖਾਲਿਦ ਸ਼ੇਖ ਮੁਹੰਮਦ ਅਤੇ ਬਾਕੀ ਦੋਵਾਂ ਲਈ ਇੱਕ ਜਿੱਤ ਹੈ।”

ਹੋਰ ਪਰਿਵਾਰ ਇਸ ਸਮਝੌਤੇ ਨੂੰ ਗੁੰਝਲਦਾਰ ਅਤੇ ਲੰਬੇ ਸਮੇਂ ਤੋਂ ਚੱਲ ਰਹੀਆਂ ਕਾਰਵਾਈਆਂ ਵਜੋਂ ਦੇਖਦੇ ਹਨ ਅਤੇ ਸਰਕਾਰ ਦੇ ਤਾਜ਼ਾ ਦਖਲ ਤੋਂ ਨਿਰਾਸ਼ ਹਨ।

ਸਟੀਫਨ ਗੇਰਹਾਰਟ, ਜਿਨ੍ਹਾਂ ਦਾ ਛੋਟਾ ਭਰਾ ਰਾਲਫ਼ ਹਮਲਿਆਂ ਵਿੱਚ ਮਾਰਿਆ ਗਿਆ ਸੀ, ਮੁਹੰਮਦ ਨੂੰ ਦੋਸ਼ੀ ਠਹਿਰਾਏ ਜਾਣ ਦੀ ਸੁਣਵਾਈ ਲਈ ਗਵਾਂਟਾਨਾਮੋ ਬੇਅ ਗਏ ਸਨ।

ਉਨ੍ਹਾਂ ਕਿਹਾ, “ਬਾਈਡਨ ਪ੍ਰਸ਼ਾਸਨ ਦਾ ਅੰਤਿਮ ਟੀਚਾ ਕੀ ਹੈ? ਇਹ ਰੋਕ ਕਿਉਂ ਲੱਗੀ ਹੈ ਅਤੇ ਹੁਣ ਇਹ ਅਗਲੇ ਪ੍ਰਸ਼ਾਸਨ ਤੱਕ ਲਟਕ ਜਾਵੇਗਾ। ਇਸ ਦਾ ਉਦੇਸ਼ ਕੀ ਹੈ? ਪਰਿਵਾਰਾਂ ਬਾਰੇ ਸੋਚੋ। ਤੁਸੀਂ ਇਸ ਸਭ ਨੂੰ ਕਿਉਂ ਲੰਮਾ ਖਿੱਚ ਰਹੇ ਹੋ?”

ਗੇਰਹਾਰਟ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਡੀਲਾਂ ਪਰਿਵਾਰਾਂ ਲਈ “ਜਿੱਤ ਨਹੀਂ” ਸੀ।

ਜਦੋਂ ਤੋਂ ਇਹ ਦੇਰੀ ਦੀ ਖ਼ਬਰ ਜਨਤਕ ਹੋਈ, ਬੇਸ ‘ਤੇ ਮੌਜੂਦ ਪਰਿਵਾਰ ਪ੍ਰੈਸ ਨਾਲ ਮਿਲ ਰਹੇ ਸਨ।

ਇੱਕ ਹੋਰ ਨੇ ਕਿਹਾ, “ਇਹ ਸਮਾਂ ਸਾਡਾ ਦਰਦ ਘੱਟ ਕਰਨ ਵਾਲਾ ਹੋਣਾ ਚਾਹੀਦਾ ਸੀ। ਪਰ ਜਦੋਂ ਅਸੀਂ ਜਹਾਜ਼ ‘ਤੇ ਚੜ੍ਹਾਂਗੇ ਉਦੋਂ ਵੀ ਸਾਡੇ ਦਿਲਾਂ ਵਿੱਚ ਡੂੰਘਾ ਦਰਦ ਹੋਵੇਗਾ – ਇਸਦਾ ਕੋਈ ਅੰਤ ਨਹੀਂ ਹੈ।”

ਇਹ ਕਾਰਵਾਈ ਗਵਾਂਟਾਨਾਮੋ ਵਿੱਚ ਕਿਉਂ ਹੋ ਰਹੀ ਹੈ?

ਮੁਹੰਮਦ ਖਾਲਿਦ 2006 ਤੋਂ ਗੁਆਂਟਾਨਾਮੋ ਬੇਅ ਦੀ ਇੱਕ ਫੌਜੀ ਜੇਲ੍ਹ ਵਿੱਚ ਬੰਦ ਹੈ।

ਇਹ ਜੇਲ੍ਹ 23 ਸਾਲ ਪਹਿਲਾਂ 11 ਜਨਵਰੀ, 2002 ਨੂੰ – 9/11 ਦੇ ਹਮਲਿਆਂ ਤੋਂ ਬਾਅਦ “ਅੱਤਵਾਦ ਵਿਰੁੱਧ ਜੰਗ” ਦੌਰਾਨ ਖੋਲ੍ਹੀ ਗਈ ਸੀ, ਜਿੱਥੇ ਅੱਤਵਾਦੀ ਸ਼ੱਕੀਆਂ ਅਤੇ “ਗੈਰ-ਕਾਨੂੰਨੀ ਦੁਸ਼ਮਣ ਲੜਾਕਿਆਂ” ਨੂੰ ਰੱਖਿਆ ਗਿਆ ਸੀ।

ਇੱਥੇ ਰੱਖੇ ਗਏ ਜ਼ਿਆਦਾਤਰ ਕੈਦੀਆਂ ‘ਤੇ ਕਦੇ ਵੀ ਇਲਜ਼ਾਮ ਨਹੀਂ ਲਗਾਏ ਗਏ। ਇਸ ਫੌਜੀ ਜੇਲ੍ਹ ਨੂੰ ਨਜ਼ਰਬੰਦਾਂ ਨਾਲ ਕੀਤੇ ਗਏ ਵਿਵਹਾਰ ਨੂੰ ਲੈ ਕੇ ਅਧਿਕਾਰ ਸਮੂਹਾਂ ਅਤੇ ਸੰਯੁਕਤ ਰਾਸ਼ਟਰ ਵੱਲੋਂ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇੱਥੇ ਨਜ਼ਰਬੰਦ ਜ਼ਿਆਦਾਤਰ ਲੋਕਾਂ ਨੂੰ ਹੁਣ ਵਾਪਸ ਭੇਜ ਦਿੱਤਾ ਗਿਆ ਹੈ ਜਾਂ ਦੂਜੇ ਦੇਸ਼ਾਂ ਵਿੱਚ ਮੁੜ ਵਸਾਇਆ ਗਿਆ ਹੈ।

ਇਸ ਜੇਲ੍ਹ ਵਿੱਚ ਇਸ ਵੇਲੇ 15 ਲੋਕ ਹਨ – ਜੋ ਕਿ ਇਸਦੇ ਇਤਿਹਾਸ ਵਿੱਚ ਸਭ ਤੋਂ ਘੱਟ ਗਿਣਤੀ ਹੈ। ਉਨ੍ਹਾਂ ਵਿੱਚੋਂ ਛੇ ਨੂੰ ਛੱਡ ਕੇ ਬਾਕੀ ਸਾਰਿਆਂ ‘ਤੇ ਯੁੱਧ ਅਪਰਾਧਾਂ ਦਾ ਇਲਜ਼ਾਮ ਲਗਾਇਆ ਗਿਆ ਹੈ ਜਾਂ ਦੋਸ਼ੀ ਠਹਿਰਾਇਆ ਗਿਆ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI