Source :- BBC PUNJABI
ਕੇਂਦਰ ਦੇ ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ) ਨੇ ‘ਕਿਸਾਨ ਕਵਚ’ ਨਾਮ ਦਾ ਇੱਕ ‘ਕੀਟਨਾਸ਼ਕ ਵਿਰੋਧੀ’ ਸੂਟ ਤਿਆਰ ਕੀਤਾ ਹੈ। ਇਸ ਸੂਟ ਦਾ ਮੁੱਖ ਉਦੇਸ਼ ਕਿਸਾਨ ਅਤੇ ਖੇਤ ਮਜ਼ਦੂਰਾਂ ਵੱਲੋਂ ਕੀਟਨਾਸ਼ਕਾਂ ਦੇ ਛਿੜਕਾਅ ਦੌਰਾਨ ਹੋਣ ਵਾਲੇ ਪ੍ਰਭਾਵਾਂ ਤੋਂ ਬਚਾਉਣਾ ਹੈ।
ਇਹ ਸੂਟ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੇ ਸਰੀਰ ਨੂੰ ਢੱਕ ਦਿੰਦਾ ਹੈ। ਇਸ ਕਰ ਕੇ ਇੱਕ ਤਾਂ ਸਰੀਰ ਸਿੱਧਾ ਕੀਟਨਾਸ਼ਕਾਂ ਦੇ ਪ੍ਰਭਾਵ ਹੇਠ ਨਹੀਂ ਆਉਂਦਾ ਅਤੇ ਦੂਜਾ ਇਹ ਸੂਟ ਕੀਟਨਾਸ਼ਕਾਂ ਦੇ ਪ੍ਰਭਾਵ ਨੂੰ ਖ਼ਤਮ ਕਰ ਦਿੰਦਾ ਹੈ।
ਇਹ ਸੂਟ ਬਾਇਓਟੈਕਨਾਲੋਜੀ ਵਿਭਾਗ ਦੀ ਅਗਵਾਈ ਹੇਠ ਇੰਸਟੀਚਿਊਟ ਆਫ ਬਾਇਓਟੈਕਨਾਲੋਜੀ ਰਿਸਰਚ ਐਂਡ ਇਨੋਵੇਸ਼ਨ ਕੌਂਸਲ (iBRIC) ਵੱਲੋਂ ਇੱਕ ਨਿੱਜੀ ਕੰਪਨੀ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।
ਕਵਚ ਨੂੰ ਕਿਸ ਨੇ ਜਾਰੀ ਕੀਤਾ
ਵਿਗਿਆਨ ਅਤੇ ਤਕਨਾਲੋਜੀ ਅਤੇ ਧਰਤੀ ਵਿਗਿਆਨ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਤਿੰਦਰ ਸਿੰਘ ਨੇ 17 ਦਸੰਬਰ ਨੂੰ ਦੇਸ਼ ਦੇ ਆਪਣੇ ਕਿਸਮ ਦੇ ਪਹਿਲੇ ਕੀਟਨਾਸ਼ਕ ਵਿਰੋਧੀ ਬਾਡੀਸੂਟ, ਕਿਸਾਨ ਕਵਚ ਨੂੰ ਜਾਰੀ ਕੀਤਾ ਹੈ।
ਕਿਸਾਨਾਂ ਨੂੰ ਕੀਟਨਾਸ਼ਕਾਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਣ ਲਈ ਤਿਆਰ ਕੀਤਾ ਗਿਆ, ਇਹ ਸੂਟ ਕਿਸਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ।
ਪੀਆਈਬੀ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਮੁਤਾਬਕ ਇਸ ਪਹਿਲਕਦਮੀ ਦੀ ਮਹੱਤਤਾ ਬਾਰੇ ਦੱਸਦੇ ਹੋਏ, ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਕਵਚ, ਕਿਸਾਨਾਂ ਦੀ ਸੁਰੱਖਿਆ ਵਾਸਤੇ ਇੱਕ ਬੁਨਿਆਦੀ ਹੱਲ ਹੈ।
ਕੀਟਨਾਸ਼ਕਾਂ ਦੀ ਸਿਹਤ ਉੱਤੇ ਕੀ ਅਸਰ ਪੈਂਦਾ ਹੈ
ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਕੀਟਨਾਸ਼ਕਾਂ ਦਾ ਜ਼ਹਿਰੀਲਾਪਨ ਜੋ ਅਕਸਰ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਇਸ ਨਾਲ ਸਾਹ ਲੈਣ ਵਿੱਚ ਵਿਕਾਰ, ਨਜ਼ਰ ਦਾ ਨੁਕਸਾਨ, ਅਤੇ ਕਈ ਮਾਮਲਿਆਂ ਵਿੱਚ ਮੌਤ ਵੀ ਹੋ ਜਾਂਦੀ ਹੈ।
ਡਾ. ਜਤਿੰਦਰ ਸਿੰਘ ਨੇ ਕਿਹਾ, “ਕਿਸਾਨ ਕਵਚ ਸਿਰਫ਼ ਇੱਕ ਉਤਪਾਦ ਨਹੀਂ ਹੈ ਸਗੋਂ ਸਾਡੇ ਕਿਸਾਨਾਂ ਲਈ ਆਪਣੀ ਸਿਹਤ ਦੀ ਰਾਖੀ ਕਰਨ ਦਾ ਵਾਅਦਾ ਹੈ ਕਿਉਂਕਿ ਉਹ ਦੇਸ਼ ਨੂੰ ਭੋਜਨ ਦਿੰਦੇ ਹਨ।”
ਧੋਣਯੋਗ ਅਤੇ ਮੁੜ ਵਰਤੋਂ ਯੋਗ ਇਸ ਸੂਟ ਦੀ ਕੀਮਤ ਰੁਪਏ 4,000 ਹੈ। ਇਸ ਸੂਟ ਦੀ ਵਰਤੋਂ ਦੋ ਸਾਲ ਤੱਕ ਕੀਤੀ ਜਾ ਸਕਦੀ ਹੈ। ਇਹ ਦੋ ਸਾਲ ਤੱਕ ਚੱਲ ਸਕਦਾ ਹੈ।
ਇਹ ਕਵਚ ਕਿਸਾਨਾਂ ਦੀ ਸੁਰੱਖਿਆ ਕਿਵੇਂ ਕਰਦਾ ਹੈ
ਪ੍ਰੈੱਸ ਨੋਟ ਮੁਤਾਬਕ ਇਸ ਸੂਟ ਨੂੰ ਐਡਵਾਂਸ ਫ਼ੈਬਰਿਕ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ ਜਿਹੜੀ ਕੀਟਨਾਸ਼ਕਾਂ ਨੂੰ ਸੂਟ ਦੇ ਸੰਪਰਕ ਵਿੱਚ ਆਉਣ ਮਗਰੋਂ ਅਕਿਰਿਆਸ਼ੀਲ ਕਰ ਦਿੰਦੀ ਹੈ। ਇਸ ਕਾਰਨ ਸਿਹਤ ਉੱਤੇ ਕੋਈ ਅਸਰ ਨਹੀਂ ਹੁੰਦਾ।
ਇਸ ਕਿਸਾਨ ਕਵਚ ਦਾ ਫੈਬਰਿਕ ਨਿਊਕਲੀਓਫਿਲਿਕ ਮੀਡੀਏਟਿਡ ਹਾਈਡੋਲਿਸਿਸ ਦੁਆਰਾ ਸੰਪਰਕ ਵਿੱਚ ਆਉਣ ‘ਤੇ ਕੀਟਨਾਸ਼ਕਾਂ ਨੂੰ ਅਯੋਗ ਕਰ ਦਿੰਦਾ ਹੈ। ਇਸ ਤਰ੍ਹਾਂ ਇਹ ਕੀਟਨਾਸ਼ਕ-ਪ੍ਰੇਰਿਤ ਜ਼ਹਿਰੀਲੇਪਣ ਅਤੇ ਘਾਤਕਤਾ ਨੂੰ ਰੋਕਦਾ ਹੈ।
ਡਾ. ਜਤਿੰਦਰ ਸਿੰਘ ਨੇ ਪ੍ਰੋਜੈਕਟ ਦੀ ਅਗਵਾਈ ਕਰਨ ਵਾਸਤੇ ਬਾਇਓਟੈਕਨਾਲੋਜੀ ਵਿਭਾਗ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ, “ਕਿਸਾਨ ਕਵਚ ਵਰਗੀਆਂ ਪਹਿਲਕਦਮੀਆਂ ਨਾਲ, ਅਸੀਂ ਨਾ ਸਿਰਫ਼ ਆਪਣੇ ਕਿਸਾਨਾਂ ਦੀ ਸੁਰੱਖਿਆ ਕਰ ਰਹੇ ਹਾਂ, ਸਗੋਂ ਜਲਵਾਯੂ ਅਨੁਕੂਲ ਖੇਤੀ ਅਤੇ ਟਿਕਾਊ ਵਿਕਾਸ ਵੱਲ ਵੀ ਅੱਗੇ ਵਧ ਰਹੇ ਹਾਂ।”
ਕਿਸਾਨਾਂ ਦੀ ਕੀ ਰਾਏ ਹੈ?
ਸੰਗਰੂਰ ਦੇ ਰਹਿਣ ਵਾਲੇ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਨੇ ਇਸ ਬਾਡੀ ਕਵਚ ਨੂੰ ਮਹਿੰਗਾ ਦੱਸਿਆ ਹੈ। ਉਸਨੇ ਇਹ ਵੀ ਕਿਹਾ ਕਿ ਅਜਿਹੇ ਸੂਟ ਨੂੰ ਪਹਿਣ ਕੇ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ।
“ਇਹ ਸੂਟ ਬਹੁਤ ਮਹਿੰਗਾ ਹੈ। ਇਸ ਤੋਂ ਇਲਾਵਾ ਕਈ ਵਾਰੀ ਇੱਕ ਤੋਂ ਵੱਧ ਮਜ਼ਦੂਰ ਜਾਂ ਕਿਸਾਨ ਇਕੱਠੇ ਫਸਲਾਂ ਉੱਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਹਨ। ਅਜਿਹੇ ਵਿੱਚ ਇੱਕ ਤੋਂ ਵੱਧ ਸੂਟ ਖ਼ਰੀਦਣੇ ਪੈਣਗੇ। ਇਹ ਸੂਟ ਦਾ ਮੁੱਲ ਪਹਿਲਾਂ ਹੀ ਵੱਧ ਹੈ। ਖੇਤੀ ਦੀਆਂ ਲਾਗਤਾਂ ਤਾਂ ਪਹਿਲਾਂ ਹੀ ਵੱਧ ਰਹੀਆਂ ਹਨ ਅਤੇ ਇਹ ਸੂਟ ਇਹਨਾਂ ਲਾਗਤਾਂ ਵਿੱਚ ਹੋਰ ਵਾਧਾ ਕਰ ਦੇਣਗੇ।”
ਹਰਵਿੰਦਰ ਨੇ ਇਹ ਵੀ ਕਿਹਾ ਕਿ ਅਜਿਹੇ ਸੂਟਾਂ ਦੇ ਨਿਰਮਾਣ ਉੱਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਅਜਿਹੀਆਂ ਕੀਟਨਾਸ਼ਕ ਦਵਾਈਆਂ ਦੇ ਨਿਰਮਾਣ ਉੱਤੇ ਧਿਆਨ ਦੇਣ ਦੀ ਲੋੜ ਹੈ ਜੋ ਨਾ ਸਿਹਤ ਦਾ ਨੁਕਸਾਨ ਕਰਨ ਅਤੇ ਨਾ ਹੀ ਵਾਤਾਵਰਣ ਦਾ।
ਲੁਧਿਆਣਾ ਜ਼ਿਲ੍ਹੇ ਦੇ ਦੀਵਾਲਾ ਪਿੰਡ ਦੇ ਇੱਕ ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਇਹ ਸੂਟ ਬਹੁਤਾ ਕਾਮਯਾਬ ਨਹੀਂ ਹੋਵੇਗਾ।
ਸੁਖਜੀਤ ਨੇ ਕਿਹਾ, “ਇਸਦੇ ਕਾਮਯਾਬ ਨਾ ਹੋਣ ਪਿੱਛੇ ਇੱਕ ਮੁੱਖ ਕਾਰਨ ਇਹ ਹੋਵੇਗਾ ਕਿ ਬਹੁਤੇ ਕਿਸਾਨ ਆਪ ਫਸਲਾਂ ਉੱਤੇ ਕੀਟਨਾਸ਼ਕਾਂ ਦਾ ਛਿੜਕਾਅ ਨਹੀਂ ਕਰਦੇ ਸਗੋਂ ਉਹ ਮਜ਼ਦੂਰਾਂ ਤੋਂ ਕਰਵਾਉਂਦੇ ਹਨ।”
“ਮਜ਼ਦੂਰਾਂ ਦਾ ਉਦੇਸ਼ ਹੁੰਦਾ ਹੈ ਕਿ ਉਹ ਇੱਕ ਦਿਨ ਵਿੱਚ ਵੱਧ ਤੋਂ ਵੱਧ ਪੰਪ ਛਿੜਕਾਅ ਕਰ ਸਕਣ। ਉਨ੍ਹਾਂ ਨੂੰ ਇੱਕ ਪੰਪ ਦੇ ਹਿਸਾਬ ਨਾਲ ਪੈਸੇ ਮਿਲਦੇ ਹਨ। ਇਹ ਸੂਟ ਪਹਿਨਣ ਨਾਲ ਮਜ਼ਦੂਰਾਂ ਦੀ ਕੁਸ਼ਲਤਾ ਘੱਟ ਜਾਵੇਗੀ। ਸੂਟ ਉਹਨਾਂ ਦੇ ਕੰਮ ਕਰਨ ਦੀ ਗਤੀ ਹੋਲੀ ਕਰ ਦੇਵੇਗੀ। ਇਸ ਤੋਂ ਇਲਾਵਾ ਇਹ ਸੂਟ ਆਰਾਮ ਦਾਇਕ ਵੀ ਨਹੀਂ ਹੋਣਗੇ।”
“ਦੂਜਾ ਕਾਰਨ ਇਹ ਹੈ ਕਿ ਕਿਸਾਨ ਅੱਜ ਕੱਲ ਟਰੈਕਟਰ ਨਾਲ ਚੱਲਣ ਵਾਲੇ ਪੰਪਾਂ ਦੁਆਰਾ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਹਨ। ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਸ਼ੂਟ ਜਾਂ ਕਵਚ ਪਹਿਨਣ ਦੀ ਲੋੜ ਨਹੀਂ ਹੁੰਦੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI