Source :- BBC PUNJABI
ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਦੇ ਛੇ ਪਿੰਡਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਪਿੰਡ ਵਿੱਚ ਕੁਝ ਮਰੀਜ਼ਾਂ ਦਾ ਅਚਾਨਕ ਗੰਜਾਪਣ ਸ਼ੁਰੂ ਹੋ ਗਿਆ ਹੈ।
ਬੁਲਢਾਣਾ ਜ਼ਿਲ੍ਹੇ ਦੇ ਸ਼ੇਗਾਂਵ ਤਹਿਸੀਲ ਦੇ ਬੋਂਡਗਾਵ, ਕਾਲਵਡ ਅਤੇ ਕਠੋਰਾ ਪਿੰਡਾਂ ਵਿੱਚ ਵਾਲ ਝੜਨ ਦੀ ਬਿਮਾਰੀ ਦਾ ਡਰ ਫੈਲ ਗਿਆ ਹੈ।
ਇਸ ਮਾਮਲੇ ਵਿੱਚ ਸਥਾਨਕ ਸਿਹਤ ਵਿਭਾਗ ਨੇ ਇੱਕ ਸਰਵੇਖਣ ਕੀਤਾ ਹੈ ਅਤੇ ਵਾਲਾਂ ਦੇ ਅਚਾਨਕ ਝੜਨ ਦੀ ਇਸ ਸਮੱਸਿਆ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।
ਇਥੋਂ ਦੇ ਵਾਸੀਆਂ ਦੀ ਸ਼ਿਕਾਇਤ ਹੈ ਕਿ ਇੱਕ ਵਾਰ ਜਦੋਂ ਮਰੀਜ਼ਾਂ ਦੇ ਵਾਲ ਝੜਨ ਲੱਗਦੇ ਹਨ ਤਾਂ ਕੁਝ ਹੀ ਦਿਨਾਂ ਵਿੱਚ ਉਹ ਪੂਰੀ ਤਰ੍ਹਾਂ ਗੰਜੇ ਹੋ ਜਾਂਦੇ ਹਨ।
ਸਿਹਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਰਹਿਣ ਵਾਲੇ ਕਰੀਬ 50-55 ਨਾਗਰਿਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ।
ਇਸ ਰੋਗ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਸਿਰ ਵਿੱਚ ਖੁਰਕ ਹੋਣ ਲੱਗਦੀ ਹੈ ਅਤੇ ਫਿਰ ਵਾਲ ਸਿੱਧੇ ਹੱਥਾਂ ‘ਤੇ ਡਿੱਗਣ ਲੱਗਦੇ ਹਨ ਅਤੇ ਤੀਜੇ ਤੋਂ ਚੌਥੇ ਦਿਨ ਮਰੀਜ਼ ਨੂੰ ਗੰਜੇਪਣ ਦੀ ਸ਼ਿਕਾਇਤ ਹੋ ਜਾਂਦੀ ਹੈ।
ਹਾਲਾਂਕਿ ਅਜਿਹਾ ਕਿਉਂ ਹੋ ਰਿਹਾ ਹੈ, ਇਸ ਸਵਾਲ ਦਾ ਜਵਾਬ ਹਾਲੇ ਤੱਕ ਨਹੀਂ ਮਿਲ ਸਕਿਆ ਹੈ, ਪਰ ਸਥਾਨਕ ਡਾਕਟਰਾਂ ਨੇ ਇਨ੍ਹਾਂ ਮਰੀਜ਼ਾਂ ਦਾ ਮੁੱਢਲਾ ਇਲਾਜ ਸ਼ੁਰੂ ਕਰ ਦਿੱਤਾ ਹੈ।
ਵਾਲ ਝੜਨ ਤੋਂ ਪੀੜਤ ਮਰੀਜ਼ਾਂ ਦਾ ਕੀ ਕਹਿਣਾ ਹੈ?
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਮੱਸਿਆ ਮੁੱਖ ਰੂਪ ਵਿੱਚ ਸ਼ੇਗਾਂਵ ਤਹਿਸੀਲ ਦੇ ਛੇ ਪਿੰਡਾਂ ਵਿੱਚ ਪਾਈ ਗਈ ਹੈ।
ਕਈ ਲੋਕਾਂ ਵੱਲੋਂ ਵਾਲ ਝੜਨ ਦੀ ਸ਼ਿਕਾਇਤ ਦੇ ਬਾਅਦ ਇੱਕ ਚਮੜੀ ਮਾਹਿਰ ਅਤੇ ਹੋਰ ਡਾਕਟਰਾਂ ਨੇ ਭੋਂਗਾਵ ਦੇ ਪ੍ਰਾਇਮਰੀ ਸਿਹਤ ਕੇਂਦਰ ਦੀ ਜਾਂਚ ਕੀਤੀ।
ਇਸ ਹਸਪਤਾਲ ਵਿੱਚ ਸਕੈਲਪ ਸੈਂਪਲ ਦੇਣ ਆਏ ਮਰੀਜ਼ਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ।
ਕੁਝ ਲੋਕਾਂ ਨੇ ਦੱਸਿਆ ਹੈ ਕਿ ਇਹ ਸਮੱਸਿਆ ਕੁਝ ਕੰਪਨੀਆਂ ਦੇ ਸ਼ੈਂਪੂ ਦੀ ਵਰਤੋਂ ਕਰਨ ਤੋਂ ਬਾਅਦ ਸ਼ੁਰੂ ਹੋਈ।
ਹਾਲਾਂਕਿ ਡਾਕਟਰ ਨੇ ਸਪੱਸ਼ਟ ਕੀਤਾ ਕਿ ਜਾਂਚ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
ਵਾਨਖੜੇ ਪੇਂਡੂ ਸਿਹਤ ਕੇਂਦਰ ਦੇ ਸਿਹਤ ਅਧਿਕਾਰੀ ਡਾ. ਬਾਲਾਜੀ ਆਦਰਟ ਨੇ ਬੀਬੀਸੀ ਨੂੰ ਦੱਸਿਆ, “ਮੈਂ ਇਨ੍ਹਾਂ ਪਿੰਡਾਂ ਦੇ ਸੱਤ ਤੋਂ ਅੱਠ ਲੋਕਾਂ ਦੀ ਜਾਂਚ ਕੀਤੀ ਹੈ। ਬਾਕੀ ਮਰੀਜ਼ ਖੁਦ ਜਾਂਚ ਦੇ ਲਈ ਨਹੀਂ ਆਏ। ਜਿਹੜੇ ਮਰੀਜ਼ਾਂ ਦੀ ਮੈਂ ਜਾਂਚ ਕੀਤੀ, ਉਨ੍ਹਾਂ ਦੇ ਸਿਰ ‘ਤੇ ਕੁਝ ਧੱਬੇ ਸਨ ਅਤੇ ਉਨ੍ਹਾਂ ਸਿਰ ਵਿੱਚ ਖੁਰਕ ਸੀ।”
“90 ਫ਼ੀਸਦ ਮਰੀਜ਼ਾਂ ਨੇ ਸਿਰ ਵਿੱਚ ਖੁਰਕ ਦੀ ਸ਼ਿਕਾਇਤ ਕੀਤੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਰੀਜ਼ ਸਰਦੀਆਂ ਵਿੱਚ ਹੋਣ ਵਾਲੀਆਂ ਟੀਨਿਆ ਕਾਰਪੋਰਿਸ, ਟੀਨਿਆ ਕੈਪਿਟਿਸ, ਪਿਟਿਰਿਆਸੀ ਕੈਪਿਟਿਸ ਵਰਗੀਆਂ ਬਿਮਾਰੀਆਂ ਤੋਂ ਪੀੜਤ ਪਾਏ ਗਏ। ਇਸ ਤੋਂ ਇਲਾਵਾ ਅਸੀਂ ਜਾਂਚ ਲਈ ਇਨ੍ਹਾਂ ਪਿੰਡਾਂ ‘ਚੋਂ ਪਾਣੀ ਦੇ ਨਮੂਨੇ ਰਸਾਇਣਕ ਪ੍ਰਯੋਗਸ਼ਾਲਾਵਾਂ ਵਿੱਚ ਵੀ ਭੇਜੇ ਹਨ।”
ਡਾ. ਬਾਲਾਜੀ ਆਦਰਟ ਨੇ ਕਿਹਾ, “ਅਸੀਂ ਮਰੀਜ਼ਾਂ ਦੀ ਚਮੜੀ ਦੀ ਜਾਂਚ ਕਰਨ ਜਾ ਰਹੇ ਹਾਂ। ਇਸ ਵਿੱਚ ਖੋਪੜੀ ਦਾ 3 ਮਿਲੀਮੀਟਰ ਦਾ ਟੁੱਕੜਾ ਕੱਢਿਆ ਜਾਂਦਾ ਹੈ ਅਤੇ ਜਾਂਚ ਲਈ ਭੇਜਿਆ ਜਾਂਦਾ ਹੈ। ਜਾਂਚ ਦੇ ਨਤੀਜੇ ਆਉਣ ਤੋਂ ਬਾਅਦ ਅਸੀਂ ਇਸ ਦਾ ਇਲਾਜ ਕਰਾਂਗੇ।”
“ਇਹ ਮੇਰੇ ਕਰੀਅਰ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ, ਇਸ ਲਈ ਰਿਪੋਰਟ ਆਉਣ ਤੱਕ ਅਸਲ ਕਾਰਨ ਨਹੀਂ ਦੱਸ ਸਕਦਾ। ਅਕਸਰ ਇਹ ਬਿਮਾਰੀ ਪਰਿਵਾਰ ਵਿੱਚ ਇੱਕ ਹੀ ਤੋਲੀਏ, ਕੰਘੀ ਆਦਿ ਦੇ ਇਸਤੇਮਾਲ ਕਰਨ ਨਾਲ ਫੈਲਦੀ ਹੈ।”
ਜਿਹੜੇ ਮਰੀਜ਼ਾਂ ਨੂੰ ਇਹ ਸਮੱਸਿਆ ਹੋਈ ਹੈ, ਉਨ੍ਹਾਂ ਵਿਚੋਂ ਕੁਝ ਨੇ ਆਪਣੀ ਚਮੜੀ ਦੇ ਨਮੂਨੇ ਦਿੱਤੇ ਹਨ।
ਵਾਲਾਂ ਦੇ ਝੜਨ ਤੋਂ ਪੀੜਤ ਭੋਂਗਾਵ ਦੇ ਵਾਸੀ ਦਗੰਬਰ ਏਲਾਮੇ ਨੇ ਕਿਹਾ, “ਮੈਂ ਆਪਣੇ ਵਾਲਾਂ ਨੂੰ ਦਿਖਾਉਣ ਲਈ ਹਸਪਤਾਲ ਆਇਆ ਸੀ ਕਿਉਂਕਿ ਮੇਰੇ ਵਾਲ ਝੜ ਰਹੇ ਸਨ। ਇੱਕ ਦਿਨ ਮੈਂ ਸਫੈਦ ਪੈਕੇਟ ਵਾਲਾ ਸ਼ੈਪੂ ਲਗਾਇਆ ਅਤੇ ਮੇਰੇ ਵਾਲ ਝੜਨ ਲੱਗੇ। ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਹੋਰ ਕਾਰਨ ਕਰ ਕੇ ਝੜ ਰਹੇ ਹਨ। ਸਾਡੇ ਪਿੰਡ ਵਿੱਚ ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ।”
“ਸਾਡੇ ਪਿੰਡ ਵਿੱਚ ਕਰੀਬ 25 ਲੋਕ ਇਸ ਸਮੱਸਿਆ ਤੋਂ ਪੀੜਤ ਹਨ। ਪਹਿਲਾਂ ਸਾਰਾ ਦਿਨ ਸਿਰ ਵਿੱਚ ਖੁਰਕ ਹੁੰਦੀ ਹੈ ਅਤੇ ਫਿਰ ਵਾਲ ਝੜਨ ਲੱਗਦੇ ਹਨ। ਮੇਰੇ ਸਿਰ ‘ਤੇ ਕਾਫੀ ਵਾਲ ਝੜਨ ਕਾਰਨ ਗੰਜ ਪੈ ਗਈ ਸੀ ਪਰ ਹੁਣ ਵਾਲ ਵਾਪਸ ਆ ਰਹੇ ਹਨ।”
“ਸਾਡੇ ਪਿੰਡ ਦਾ ਪਾਣੀ ਖਾਰਾ ਹੈ, ਇਸ ਲਈ ਇਹ ਵੀ ਕਾਰਨ ਹੋ ਸਕਦਾ ਹੈ। ਡਾਕਟਰਾਂ ਨੂੰ ਹਾਲੇ ਤੱਕ ਇਸ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਪਾਣੀ ਦੇ ਨਮੂਨੇ ਲਏ ਨੂੰ ਦਸ ਦਿਨ ਹੋ ਗਏ ਹਨ ਪਰ ਹਾਲੇ ਤੱਕ ਰਿਪੋਰਟ ਨਹੀਂ ਆਈ ਹੈ।”
ਵਾਲ ਝੜਨ ਦੇ ਡਰ ਤੋਂ ਕੁਝ ਲੋਕ ਤੁਰੰਤ ਗੰਜਾ ਹੋਣ ਦਾ ਫ਼ੈਸਲਾ ਕਰ ਲੈਂਦੇ ਹਨ। ਇੱਕ ਮਰੀਜ਼ ਨੇ ਇਹ ਵੀ ਕਿਹਾ ਕਿ ਗੰਜਾ ਹੋਣ ਤੋਂ ਬਾਅਦ ਸਿਰ ਦੀ ਖੁਜਲੀ ਘੱਟ ਹੋ ਗਈ ਅਤੇ ਵਾਲ ਫਿਰ ਤੋਂ ਆਉਣ ਲੱਗੇ ਹਨ।
ਵਾਲ ਝੜਨ ਤੋਂ ਬਾਅਦ ਗੰਜੇ ਹੋ ਚੁੱਕੇ ਮਾਰੂਤੀ ਏਲਾਮੇ ਨੇ ਕਿਹਾ, “ਅੱਠ ਤੋਂ 10 ਦਿਨ ਪਹਿਲਾਂ ਮੇਰੇ ਵਾਲ ਝੜਨ ਲੱਗੇ। ਮੇਰੇ ਸਿਰ ‘ਚ ਖੁਰਕ ਹੋਣ ਲੱਗੀ ਅਤੇ ਫਿਰ ਮੈਂ ਗੰਜਾ ਹੋ ਗਿਆ। ਮੇਰੇ ਵਾਲ ਇੰਨੇ ਝੜ ਰਹੇ ਸਨ ਕਿ ਮੇਰੇ ਹੱਥਾਂ ਵਿੱਚ ਆ ਰਹੇ ਸਨ।”
“ਹੁਣ ਸਿਰ ਵਿੱਚ ਖੁਰਕ ਹੋਣੀ ਬੰਦ ਹੋ ਗਈ ਹੈ ਅਤੇ ਵਾਲ ਫਿਰ ਤੋਂ ਉਗਣ ਲੱਗੇ ਹਨ। ਗੰਜਾ ਹੋਣ ਤੋਂ ਬਾਅਦ ਸਿਰ ਵਿੱਚ ਕੋਈ ਸਮੱਸਿਆ ਨਹੀਂ ਹੈ। ਮੈਂ ਕੋਈ ਵੀ ਸ਼ੈਂਪੂ ਨਹੀਂ ਵਰਤਦਾ। ਪਿੰਡ ਵਿੱਚ ਵੀਹ ਲੋਕ ਇਸ ਸਮੱਸਿਆ ਤੋਂ ਪੀੜਤ ਹਨ।”
ਪਾਣੀ ਵਿੱਚ ਨਾਈਟਰੇਟ ਦੀ ਮਾਤਰਾ ਜ਼ਿਆਦਾ ਹੈ
ਬੁਲਢਾਣਾ ਜ਼ਿਲ੍ਹਾ ਸਿਹਤ ਅਧਿਕਾਰੀ ਡਾ, ਅਮੋਲ ਗੀਤੇ ਨੇ ਕਿਹਾ, “ਮੁੱਢਲੀ ਜਾਂਚ ਤੋਂ ਬਾਅਦ ਅਸੀਂ ਇਨ੍ਹਾਂ ਪਿੰਡਾਂ ਵਿਚੋਂ ਪਾਣੀ ਦੇ ਨਮੂਨੇ ਜਾਂਚ ਲਈ ਭੇਜੇ। ਆਮ ਤੌਰ ‘ਤੇ ਪਾਣੀ ਵਿੱਚ ਨਾਈਟਰੇਟ ਦਾ ਪੱਧਰ 10 ਦੇ ਨੇੜੇ ਹੋਣਾ ਚਾਹੀਦਾ ਹੈ। ਪਰ ਅਸੀਂ ਜੋ ਪਾਣੀ ਭੇਜਿਆ ਉਸ ਵਿੱਚ 54 ਮਿਲੀਗ੍ਰਾਮ ਪ੍ਰਤੀ ਲੀਟਰ ਤੱਕ ਪਾਇਆ ਗਿਆ।”
“ਅਸੀਂ ਪਾਣੀ ਵਿੱਚ ਆਰਸੈਨਿਕ ਦੀ ਜਾਂਚ ਦੇ ਲਈ ਨਮੂਨੇ ਪੁਣੇ ਭੇਜੇ ਹਨ। ਰਿਪੋਰਟ ਅੱਠ ਤੋਂ 10 ਦਿਨਾਂ ਵਿੱਚ ਆਵੇਗੀ। ਪਾਣੀ ਵਿੱਚ ਰਸਾਇਣਾਂ ਦੀ ਇਸ ਮਾਤਰਾ ਦੇ ਕਾਰਨ ਨਾਗਰਿਕਾਂ ਵਿੱਚ ਬਿਮਾਰੀਆਂ ਦੇਖੀਆਂ ਜਾ ਰਹੀਆਂ ਹਨ।”
ਵਾਲਾਂ ਦੇ ਝੜਨ ਬਾਰੇ ਵਿੱਚ ਗੱਲ ਕਰਦੇ ਹੋਏ ਗੀਤੇ ਨੇ ਕਿਹਾ, “ਹਾਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਵਾਲ ਝੜਨ ਦਾ ਕਾਰਨ ਕੀ ਹੈ। ਮੈਡੀਕਲ ਜਾਂਚ ਵਿੱਚ ਅਸੀਂ ਇਸ ਨੂੰ ਫੰਗਲ ਇਨਫੈਕਸ਼ਨ ਦੇ ਕਾਰਨ ਦੇਖ ਰਹੇ ਹਾਂ। ਅਸੀਂ ਇਹ ਵੀ ਜਾਂਚ ਕਰਾਂਗੇ ਕਿ ਇਹ ਕਿਵੇਂ ਫੈਲਿਆ ਹੈ।”
ਗੀਤੇ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਇਨ੍ਹਾਂ ਪਿੰਡਾਂ ਵਿੱਚ ਰਹਿਮ ਵਾਲੀਆਂ ਮਹਿਲਾਵਾਂ ਜ਼ਿਆਦਾ ਡਰੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਸਮਝਾਇਆ ਗਿਆ ਹੈ ਕਿ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਪਾਣੀ ਸਾਫ਼ ਕਰ ਕੇ ਪੀਣਾ ਚਾਹੀਦਾ ਹੈ।
ਪਿੰਡ ਵਿੱਚ ਸਾਫ਼ ਪਾਣੀ ਨਹੀਂ ਹੈ
ਭੋਂਗਾਂਵ ਪਿੰਡ ਖਰਪਨਪੱਟਾ ਵਿੱਚ ਪੈਂਦਾ ਹੈ। ਇਸ ਲਈ ਇਸ ਪਿੰਡ ਵਿੱਚ ਤਾਜ਼ੇ ਪਾਣੀ ਦਾ ਭੰਡਾਰ ਘੱਟ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਰਾਮਾ ਪਾਟਿਲ ਥਰਕਰ ਨੇ ਕਿਹਾ, “ਮੇਰੇ ਪਿੰਡ ਵਿੱਚ ਪਿਛਲੇ 10 ਦਿਨਾਂ ਤੋਂ ਇੱਕ ਅਜੀਬ ਬਿਮਾਰੀ ਫ਼ੈਲੀ ਹੋਈ ਹੈ।”
“ਪਹਿਲਾਂ ਇੱਕ ਪਰਿਵਾਰ ਦਾ ਇੱਕ ਮੈਂਬਰ ਇਸ ਬਿਮਾਰੀ ਦੀ ਲਪੇਟ ਵਿੱਚ ਆਇਆ, ਫਿਰ ਉਨ੍ਹਾਂ ਦਾ ਸਾਰਾ ਪਰਿਵਾਰ ਅਤੇ ਹੁਣ ਇਹ ਬਿਮਾਰੀ ਪੂਰੇ ਪਿੰਡ ਵਿੱਚ ਫ਼ੈਲ ਗਈ ਹੈ।”
“ਇਸ ਬਿਮਾਰੀ ਕਾਰਨ ਪਿੰਡ ਵਿੱਚ ਡਰ ਦਾ ਮਾਹੌਲ ਹੈ। ਪਿੰਡ ਦੇ ਵੀਹ ਦੇ ਕਰੀਬ ਮਰੀਜ਼ ਗੰਜੇ ਹੋ ਗਏ ਹਨ। ਇੱਕ ਵਾਰ ਵਾਲਾਂ ਦਾ ਝੜਨਾ ਸ਼ੁਰੂ ਹੋ ਜਾਣ ਤੋਂ ਬਾਅਦ ਪੰਜ ਤੋਂ ਛੇ ਦਿਨਾਂ ਵਿੱਚ ਪੂਰੀ ਤਰ੍ਹਾਂ ਗੰਜਾਪਨ ਆ ਜਾਂਦਾ ਹੈ। ਅਸੀਂ ਇਸ ਬਾਰੇ ਸਿਹਤ ਵਿਭਾਗ ਨੂੰ ਲਿਖਿਆ ਹੈ।”
ਥਰਕਰ ਨੇ ਕਿਹਾ, “ਇਸ ਪਿੰਡ ਵਿੱਚ ਪਾਣੀ ਖਾਰਾ ਹੈ ਅਤੇ ਤਾਜ਼ਾ ਪਾਣੀ ਸਾਫ਼ ਨਹੀਂ ਹੈ। ਅਸੀਂ ਰੋਜ਼ਾਨਾ ਵਰਤੋਂ ਲਈ ਪਾਣੀ ਲੈਣ ਲਈ ਟਿਊਬਵੈੱਲ ਲਾਏ ਹਨ ਅਤੇ ਪੀਣ ਵਾਲੇ ਪਾਣੀ ਦੇ ਟੈਂਕਰ ਮੰਗਵਾਉਣੇ ਪੈਂਦੇ ਹਨ।”
“ਕਈ ਲੋਕ ਨਮਕੀਨ ਪਾਣੀ ਕਾਰਨ ਕਿਡਨੀ ਦੀ ਬਿਮਾਰੀ ਤੋਂ ਪੀੜਤ ਹਨ।”
ਉਨ੍ਹਾਂ ਕਿਹਾ,”ਫ਼ੌਰਨ ਇਲਾਜ ਸ਼ੁਰੂ ਕਰ ਦਿੱਤਾ ਹੈ, ਅਸਲ ਵਿੱਚ ਕੀ ਹੋਇਆ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।ਇਸ ਤੋਂ ਬਾਅਦ ਸ਼ੇਗਾਓਂ ਤਾਲੁਕਾ ਦੇ ਛੇ ਪਿੰਡਾਂ ਵਿੱਚ ਇਹ ਬਿਮਾਰੀ ਫ਼ੈਲਣ ਦੀ ਸੂਚਨਾ ਮਿਲੀ।”
ਬੁਲਢਾਣਾ ਦੇ ਜ਼ਿਲ੍ਹਾ ਮੈਡੀਕਲ ਅਫ਼ਸਰ ਅਮੋਲ ਗੀਤੇ ਨੇ ਇਨ੍ਹਾਂ ਵਿੱਚੋਂ ਕੁਝ ਪਿੰਡਾਂ ਦਾ ਦੌਰਾ ਕੀਤਾ।
ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ‘ਤੇ ਇਹ ਸਮੱਸਿਆ ਫੰਗਲ ਇਨਫੈਕਸ਼ਨ ਕਾਰਨ ਹੋ ਸਕਦੀ ਹੈ।
ਇਨ੍ਹਾਂ ਸਾਰੇ ਪਿੰਡਾਂ ਵਿੱਚ ਡਰ ਦਾ ਮਾਹੌਲ ਹੈ। ਪਰ ਕੁਝ ਮਰੀਜ਼ਾਂ ਨੇ ਇਹ ਸਮੱਸਿਆ ਘਟਣ ਦੀ ਗੱਲ ਵੀ ਕਹੀ ਹੈ।
ਪਿੰਡ ਦੇ ਲੋਕ ਇਸ ਗੱਲ ‘ਤੇ ਚਰਚਾ ਕਰ ਰਹੇ ਹਨ ਕਿ ਕੀ ਇਹ ਬਿਮਾਰੀ ਕੋਰੋਨਾ ਵਰਗੇ ਵਾਇਰਸ ਕਾਰਨ ਫ਼ੈਲ ਰਹੀ ਹੈ ਜਾਂ ਕਿਸੇ ਵਿਸ਼ੇਸ਼ ਕੰਪਨੀ ਦੇ ਸ਼ੈਂਪੂ ਦੀ ਵਰਤੋਂ ਗੰਜੇਪਨ ਦਾ ਕਾਰਨ ਬਣ ਰਹੀ ਹੈ।
ਹਾਲਾਂਕਿ ਮੈਡੀਕਲ ਅਧਿਕਾਰੀਆਂ ਨੇ ਨਾ ਘਬਰਾਉਣ ਦੀ ਅਪੀਲ ਕੀਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI