Source :- BBC PUNJABI

ਪਿੰਡ ਵਿੱਚ ਇਸ ਘਟਨਾ ਤੋਂ ਬਾਅਦ ਕਾਫੀ ਸਹਿਮ ਦਾ ਮਾਹੌਲ ਹੈ

ਤਸਵੀਰ ਸਰੋਤ, Rajesh Kumar/BBC

ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿੱਚ ਦੋ ਧਿਰਾਂ ਦੀ ਆਪਸੀ ਲੜਾਈ ਵਿੱਚ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਮੈਂਬਰਾਂ ਨਾਲ ਸਬੰਧਿਤ ਕਰੀਬ 7 ਘਰਾਂ ਨੂੰ ਕਥਿਤ ਤੌਰ ਉੱਤੇ ਸਾੜ ਕੇ ਸੁਆਹ ਕਰ ਦਿੱਤਾ ਗਿਆ ਅਤੇ ਇੱਕ ਘਰ ਦੀ ਭੰਨ-ਤੋੜ ਕੀਤੀ ਗਈ ਹੈ।

ਇਹ ਵਾਰਦਾਤ 9 ਜਨਵਰੀ ਦੀ ਰਾਤ ਨੂੰ ਵਾਪਰੀ ਹੈ। ਜਿਨ੍ਹਾਂ ਦੇ ਘਰ ਸੜੇ ਉਨ੍ਹਾਂ ਦਾ ਦਾਅਵਾ ਹੈ ਕਿ ਮਾਮਲਾ ਨਸ਼ਾ ਤਸਕਰਾਂ ਨੂੰ ਰੋਕਣ ਦਾ ਹੈ। ਹਾਲਾਂਕਿ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਆਪਸੀ ਰੰਜ਼ਿਸ਼ ਦਾ ਦੱਸਿਆ ਹੈ।

ਪੁਲਿਸ ਮੁਤਾਬਕ ਜਿਸ ਧਿਰ ਦੇ ਘਰ ਸਾੜੇ ਗਏ ਹਨ ਉਨ੍ਹਾਂ ਨੇ ਹੀ ਮੁਲਜ਼ਮ ਧਿਰ ਉੱਤੇ ਦਿਨ ਵਿੱਚ ਹਮਲਾ ਕੀਤਾ ਸੀ ਜਿਸ ਦਾ ਜਵਾਬ ਦੂਜੀ ਧਿਰ ਵੱਲੋਂ ਰਾਤ ਨੂੰ ਦਿੱਤਾ ਗਿਆ। ਦੋਵਾਂ ਧਿਰਾਂ ਆਪਸ ਵਿੱਚ ਰਿਸ਼ਤੇਦਾਰ ਦੱਸੀਆਂ ਜਾ ਰਹੀਆਂ ਹਨ।

ਲੜਾਈ ਵਿੱਚ 5 ਲੋਕ ਗੰਭੀਰ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਗੋਨੇਆਣਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਬੀਬੀਸੀ ਪੰਜਾਬੀ

ਜਿਨ੍ਹਾਂ ਦੇ ਘਰ ਸੜ ਗਏ

ਪੀੜਤ ਧਿਰ ਮੁਤਾਬਕ ਹਮਲੇ ਤੋਂ ਬਾਅਦ ਉਨ੍ਹਾਂ ਦੇ ਘਰ ਵਿੱਚ ਕੋਈ ਸਾਮਾਨ ਨਹੀਂ ਬਚਿਆ

ਤਸਵੀਰ ਸਰੋਤ, Rajesh Kumar/BBC

ਇਸ ਘਟਨਾ ਵਿੱਚ ਜਿਨ੍ਹਾਂ ਦਾ ਘਰ ਸੜਿਆ ਉਨ੍ਹਾਂ ਦੇ ਘਰ ਅੰਦਰ ਰੱਖਿਆ ਕੋਈ ਵੀ ਸਮਾਨ ਨਹੀਂ ਬਚਿਆ।

ਪੀੜਤ ਧਿਰ ਆਪਣੇ ਸੜੇ ਹੋਏ ਘਰ ਦੇ ਵਿਹੜੇ ਵਿੱਚ ਖੜ੍ਹੇ ਰੋ ਰਹੇ ਸਨ। ਉਨ੍ਹਾਂ ਇਲਜ਼ਾਮ ਲਾਇਆ ਕਿ ਪੈਟਰੋਲ ਵਾਲੇ ਬੰਬਾਂ ਨਾਲ ਉਨ੍ਹਾਂ ਦੇ ਘਰ ਸਾੜੇ ਗਏ ਹਨ।

ਪੀੜਤ ਪਰਿਵਾਰ ਦੀ ਇੱਕ ਮਹਿਲਾ ਨੇ ਦੱਸਿਆ, “ਭਾਵੇਂ ਹਾਲੇ ਧੀ ਛੋਟੀ ਹੈ ਪਰ ਮੈਂ ਉਸ ਦੇ ਦਾਜ ਲਈ ਸਮਾਨ ਤਿਆਰ ਕੀਤਾ ਸੀ, ਦਰੀਆਂ-ਖੇਸ ਸਭ ਕੁਝ ਸੜ ਗਿਆ।”

ਇੱਕ ਹੋਰ ਪਿੰਡ ਵਾਸੀ ਮੇਜਰ ਸਿੰਘ ਨੇ ਦੱਸਿਆ ਕਿ ਘਰਾਂ ਨੂੰ ਸਾੜਨ ਵਾਲਿਆਂ ਵਿੱਚ ਪਿੰਡ ਵਾਸੀਆਂ ਦੇ ਨਾਲ-ਨਾਲ ਬਾਹਰੋਂ ਆਏ ਹੋਏ ਲੋਕ ਵੀ ਸ਼ਾਮਲ ਸਨ।

ਪੁਲਿਸ ਨੇ ਕੀ ਦੱਸਿਆ

ਬਠਿੰਡਾ ਸਿਟੀ ਦੇ ਐੱਸਪੀ ਨਰਿੰਦਰ ਸਿੰਘ ਮੁਤਾਬਕ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਬਠਿੰਡਾ ਦੇ ਐੱਸਪੀ ਨਰਿੰਦਰ ਸਿੰਘ ਨੇ ਦੱਸਿਆ, “ਇਹ ਮਸਲਾ ਪਿੰਡ ਦਾਨ ਸਿੰਘ ਵਾਲੇ ਦਾ ਹੈ ਜਿੱਥੇ 9 ਜਨਵਰੀ ਦੀ ਰਾਤ ਨੂੰ ਰਮਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਜਸਪ੍ਰੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਘਰ ਵਿੱਚ ਜਾ ਕੇ ਭੰਨ-ਤੋੜ ਕੀਤੀ, ਉਨ੍ਹਾਂ ਦੇ ਸੱਟਾਂ ਵੀ ਮਾਰੀਆਂ ਤੇ ਘਰਾਂ ਨੂੰ ਅੱਗ ਵੀ ਲਾਈ ਗਈ।”

“ਜਸਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ ਉੱਤੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਥਾਣਾ ਨਈਆਂਵਾਲਾ ਵਿੱਚ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ 7 ਮੁਲਜ਼ਮ ਬਣਾਏ ਗਏ ਹਨ ਜਦਕਿ 25 ਅਣਪਛਾਤੇ ਲੋਕਾਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।”

ਐੱਸਪੀ ਨਰਿੰਦਰ ਸਿੰਘ ਮੁਤਾਬਕ ਸਾਲ 2024 ਵਿੱਚ ਇਸ ਮਾਮਲੇ ਦੇ ਮੁੱਖ ਦੋਸ਼ੀ ਰਮਿੰਦਰ ਸਿੰਘ ਦੀਆਂ ਲੱਤਾਂ ਦੂਜੀ ਪਾਰਟੀ ਨੇ ਤੋੜ ਦਿੱਤੀਆਂ ਸਨ ਜਿਸ ਦਾ ਕੇਸ ਦਰਜ ਕੀਤਾ ਗਿਆ ਸੀ।

“ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਲੜਾਈ ਡਰੱਗਜ਼ ਦੇ ਕਿਸੇ ਮੁੱਦੇ ਨੂੰ ਲੈ ਕੇ ਨਹੀਂ ਹੋਈ ਹੈ। ਇਨ੍ਹਾਂ ਵਿਚਾਲੇ ਪਹਿਲਾਂ ਹੀ ਰੰਜ਼ਿਸ਼ ਸੀ। ਪਹਿਲਾਂ ਲੜਾਈ ਦਿਨ ਵੇਲੇ ਹੋਈ ਸੀ ਜਦੋਂ ਜਸਪ੍ਰੀਤ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਰਮਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਉੱਤੇ ਹਮਲਾ ਕੀਤਾ ਗਿਆ ਸੀ ਤੇ ਰਾਤ ਨੂੰ ਰਮਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਹਮਲਾ ਕੀਤਾ। ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਛੇਤੀ ਤੋਂ ਛੇਤੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾ ਸਕੇ।”

ਇਹ ਵੀ ਪੜ੍ਹੋ-

ਲੋਕ ਘਰ ਛੱਡ ਕੇ ਰਿਸ਼ਤੇਦਾਰਾਂ ਕੋਲ ਜਾਣ ਲੱਗੇ

ਸਰਬਜੀਤ ਕੌਰ ਦਾ ਪਰਿਵਾਰ

ਤਸਵੀਰ ਸਰੋਤ, Rajesh Kumar/BBC

ਪਿੰਡ ਦੇ ਕਈ ਪਰਿਵਾਰਾਂ ਨੇ ਫ਼ਿਕਰਮੰਦੀ ਵਿੱਚ ਘਰ ਛੱਡ ਕਿਤੇ ਹੋਰ ਜਾ ਕੇ ਰਹਿਣ ਦਾ ਫ਼ੈਸਲਾ ਲਿਆ ਹੈ।

ਆਪਣੀ ਸੱਸ ਅਤੇ ਪਤੀ ਸਣੇ ਰਿਸ਼ਤੇਦਾਰਾਂ ਕੋਲ ਜਾਣ ਲਈ ਤਿਆਰ ਇੱਕ ਮਹਿਲਾ ਨੇ ਦੱਸਿਆ, “ਸਾਡੇ ਘਰ ਦੀ ਕੰਧ ਢਾਹ ਦਿੱਤੀ ਅਤੇ ਇੱਟਾਂ-ਰੋੜੇ ਮਾਰੇ। ਅਸੀਂ ਮਿੰਨਤਾਂ ਕੀਤੀਆਂ ਕਿ ਸਾਡਾ ਲੜਾਈ ਨਾਲ ਕੋਈ ਲੈਣ-ਦੇਣ ਨਹੀਂ ਹੈ। ਫ਼ਿਰ ਉਹ ਹਟ ਗਏ।”

“ਅਸੀਂ ਘਰ ਛੱਡ ਕੇ ਜਾ ਰਹੇ ਹਾਂ ਤਾਂ ਜੋ ਫ਼ਿਰ ਅਜਿਹਾ ਕੁਝ ਨਾ ਹੋ ਜਾਵੇ। ਕਈ ਘਰ ਸਾੜ ਦਿੱਤੇ ਹਨ ਅਤੇ ਸਾਨੂੰ ਡਰ ਹੈ ਸਾਡਾ ਵੀ ਘਰ ਨਾ ਸਾੜ ਦੇਣ।”

ਉਨ੍ਹਾਂ ਦੱਸਿਆ ਕਿ ਜਦੋਂ ਤੱਕ ਮਾਮਲਾ ਹੱਲ ਨਹੀਂ ਹੋ ਜਾਂਦਾ ਉਹ ਆਪਣੇ ਰਿਸ਼ਤੇਦਾਰਾਂ ਕੋਲ ਰਹਿਣਗੇ।

ਪੰਚਾਇਤ ਨੇ ਕੀਤੀ ਸੀ ਸੁਲਾਹ ਕਰਵਾਉਣ ਦੀ ਕੋਸ਼ਿਸ਼ – ਸਰਪੰਚ

ਸਰਪੰਚ ਬੰਤਾ ਸਿੰਘ

ਤਸਵੀਰ ਸਰੋਤ, Rajesh Kumar/BBC

ਪਿੰਡ ਦਾਨ ਸਿੰਘ ਵਾਲਾ ਦੇ ਸਰਪੰਚ ਬੰਤਾ ਸਿੰਘ ਨੇ ਘਟਨਾ ਉੱਤੇ ਅਫ਼ਸੋਸ ਪ੍ਰਗਟ ਕੀਤਾ।

ਉਨ੍ਹਾਂ ਦੱਸਿਆ, “ਦੋਵੇਂ ਘਰ ਆਪਸ ਵਿੱਚ ਨੇੜੇ-ਨੇੜੇ ਹਨ। ਇੱਕ ਘਰ ਦੇ ਮੈਂਬਰ ਵੱਲੋਂ ਦੂਜੇ ਪਰਿਵਾਰ ਦੇ ਇੱਕ ਲੜਕੇ ਉੱਤੇ ਨਸ਼ਿਆਂ ਦਾ ਇਲਜ਼ਾਮ ਲਾਏ ਜਾਣ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਲੜਾਈ ਵੱਧ ਗਈ।”

“ਪੰਚਾਇਤ ਨੇ ਤਿੰਨ ਵਾਰ ਦੋਵਾਂ ਧਿਰਾਂ ਦਰਮਿਆਨ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ ਦੋਵੇਂ ਧਿਰਾਂ ਆਪੋ-ਆਪਣੀ ਥਾਂ ਬਜ਼ਿੱਦ ਸਨ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI