Source :- BBC PUNJABI
ਯੂਕੇ ਵਿੱਚ ਨਸ਼ੇ ਦਾ ਸੇਵਨ ਕਰਨ ਲਈ ਬਣੇ ਪਹਿਲੇ ਅਤੇ ਇਕਲੌਤੇ ਕਮਰੇ ਵਿੱਚ ਤੁਹਾਡਾ ਸਵਾਗਤ ਹੈ, ਜਿਸ ਦਾ ਨਾਮ ਥਿਸਟਲ ਹੈ।
ਡਰੱਗ ਕਾਨੂੰਨਾਂ ‘ਤੇ ਲਗਭਗ ਇੱਕ ਦਹਾਕੇ ਦੇ ਗਤੀਰੋਧ ਅਤੇ ਖਿਚੋਤਾਣ ਤੋਂ ਬਾਅਦ ਆਖਿਰਕਾਰ ਇਹ ਕੇਂਦਰ ਖੁੱਲ੍ਹਣ ਲਈ ਤਿਆਰ ਹੈ।
ਸੋਮਵਾਰ ਨੂੰ ਇਥੇ ਆਉਣ ਵਾਲੇ ਪਹਿਲੇ ਗਾਹਕਾਂ ਦਾ ਸਵਾਗਤ ਕੀਤਾ ਜਾਵੇਗਾ, ਜੋ ਡਾਕਟਰੀ ਨਿਗਰਾਨੀ ਹੇਠ ਗੈਰ-ਕਾਨੂੰਨੀ ਤੌਰ ‘ਤੇ ਖਰੀਦੀ ਗਈ ਹੈਰੋਇਨ ਜਾਂ ਕੋਕੀਨ ਦਾ ਟੀਕਾ ਲਗਾਉਣ ਲਈ ਆਉਣਗੇ।
ਥਿਸਟਲ ਗਲਾਸਗੋ ਦੇ ਪੂਰਬੀ ਵਾਲੇ ਪਾਸੇ ਸਥਿਤ ਹੈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਜਨਤਕ ਤੌਰ ‘ਤੇ ਨਸ਼ੇ ਦਾ ਸੇਵਨ ਕਰਦੇ ਹਨ।
ਇਸ ਦੇ ਲਈ ਸਕਾਟਿਸ਼ ਸਰਕਾਰ ਦੁਆਰਾ ਫੰਡਿੰਗ ਕੀਤੀ ਗਈ ਹੈ, ਜਿਸਦਾ ਉਦੇਸ਼ ਨਸ਼ੇ ਦੀ ਓਵਰਡੋਜ਼ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਨੁਕਸਾਨ ਨੂੰ ਘਟਾਉਣ ਦੇ ਨਾਲ-ਨਾਲ ਭਾਈਚਾਰੇ ਸਾਹਮਣੇ ਹੁੰਦੀ ਨਸ਼ੇ ਦੀ ਵਰਤੋਂ ਨੂੰ ਘਟਾਉਣਾ ਹੈ।
ਉਪਭੋਗਤਾਵਾਂ ਉਪਰ ਮੁਕੱਦਮਾ ਨਹੀਂ ਚਲਾਇਆ ਜਾਵੇਗਾ
ਵੈਸਟਮਿੰਸਟਰ ਵਿੱਚ ਡਰੱਗ ਕਾਨੂੰਨ ਬਣਾਏ ਗਏ ਹਨ ਪਰ ਸਕਾਟਿਸ਼ ਅਦਾਲਤਾਂ ਦੁਆਰਾ ਲਾਗੂ ਕੀਤੇ ਜਾਂਦੇ ਹਨ।
ਇਹ ਯੋਜਨਾ ਕੇਵਲ ਇਸ ਲਈ ਅੱਗੇ ਵੱਧ ਰਹੀ ਹੈ ਕਿਉਂਕਿ ਸਕਾਟਲੈਂਡ ਦੇ ਸੀਨੀਅਰ ਵਕੀਲ ਲਾਰਡ ਐਡਵੋਕੇਟ ਨੇ ਨੀਤੀ ਵਿੱਚ ਤਬਦੀਲੀ ਕਰਨ ਦਾ ਐਲਾਨ ਕੀਤਾ ਹੈ, ਜਿਸ ਦਾ ਮਤਲਬ ਹੈ ਕਿ ਉਪਭੋਗਤਾਵਾਂ ਉਪਰ ਗੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਰੱਖਣ ਲਈ ਮੁਕੱਦਮਾ ਨਹੀਂ ਚਲਾਇਆ ਜਾਵੇਗਾ।
ਯੂਕੇ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੀ ਨਸ਼ਾ ਸੇਵਨ ਕਰਨ ਵਾਲੇ ਹੋਰ ਕਮਰੇ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ ਪਰ ਉਹ ਗਲਾਸਗੋ ਪ੍ਰਾਜੈਕਟ ਵਿੱਚ ਦਖਲ ਨਹੀਂ ਦੇਵੇਗੀ।
ਕੁਝ ਸਥਾਨਕ ਵਾਸੀ ਇਸ ਪ੍ਰਾਜੈਕਟ ਦੇ ਖ਼ਿਲਾਫ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਇਲਾਕੇ ਵਿੱਚ ਹੋਰ ਵਧੇਰੇ ਨਸ਼ਾ ਆਵੇਗਾ ਅਤੇ ਇੱਕ ਨਸ਼ਾ ਛੁਡਵਾਉਣ ਵਾਲੀ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਇਹ “ਲੋਕਾਂ ਨੂੰ ਖੁਦ ਨੂੰ ਨੁਕਸਾਨ ਪਹੁੰਚਾਉਣ ਲਈ ਉਤਸ਼ਾਹਿਤ ਕਰੇਗਾ।”
ਬੀਬੀਸੀ ਸਕਾਟਲੈਂਡ ਨਿਊਜ਼ ਨੇ ਇਸ ਕਮਰੇ ਦਾ ਦੌਰਾ ਕੀਤਾ ਸੀ।
ਥਿਸਟਲ ਦੁਨੀਆ ਭਰ ਵਿੱਚ 100 ਤੋਂ ਵੱਧ ਸਮਾਨ ਸਹੂਲਤਾਂ ‘ਤੇ ਆਧਾਰਿਤ ਹੈ।
ਇਸ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਰਾਤ ਦੇ 9 ਵਜੇ ਤੱਕ ਦਾ ਹੋਵੇਗਾ ਅਤੇ ਸਾਲ ਵਿੱਚ 365 ਦਿਨ ਕੰਮ ਕਰੇਗਾ।
ਜਿਹੜੇ ਲੋਕ ਨਸ਼ਾ ਲੈ ਕੇ ਕੇਂਦਰ ਵਿੱਚ ਆਉਣਗੇ ਉਨ੍ਹਾਂ ਨੂੰ ਦਾਖਲੇ ਦੀ ਇਜਾਜ਼ਤ ਲੈਣ ਤੋਂ ਪਹਿਲਾਂ ਰਜਿਸਟਰ ਹੋਣਾ ਪਵੇਗਾ।
ਕੇਂਦਰ ਅੰਦਰ ਅੱਠ ਬੂਥ ਹਨ, ਜਿੱਥੇ ਨਰਸਿੰਗ ਸਟਾਫ ਟੀਕਿਆਂ ਦੀ ਨਿਗਰਾਨੀ ਕਰੇਗਾ ਅਤੇ ਓਵਰਡੋਜ਼ ਹੋਣ ‘ਤੇ ਧਿਆਨ ਰੱਖੇਗਾ।
ਨਸ਼ੇ ਦਾ ਸੇਵਨ ਕਰਨ ਵਾਲੇ ਕਮਰੇ ਵਿੱਚ ਲਏ ਜਾ ਰਹੇ ਨਸ਼ੀਲੇ ਪਦਾਰਥਾਂ ਦੀ ਜਾਂਚ ਕਰਨ ਦੀ ਸਮਰੱਥਾ ਨਹੀਂ ਹੋਵੇਗੀ ਪਰ ਉਨ੍ਹਾਂ ਦਾ ਉਪਯੋਗ ਕਰਨ ਵਾਲਿਆਂ ਲਈ ਸੁਰੱਖਿਅਤ ਮਾਹੌਲ ਪ੍ਰਦਾਨ ਕਰੇਗਾ।
ਕੇਂਦਰ ਦੇ ਮੈਨੇਜਰ ਲਿਨ ਮੈਕਡੌਨਲਡ ਨੇ ਕਿਹਾ ਕਿ ਸਟਾਫ ਅਜੇ ਵੀ ਅਨਿਸ਼ਚਿਤ ਹੈ ਕਿ ਹਰ ਰੋਜ਼ ਕਿੰਨੇ ਟੀਕੇ ਲੱਗਣਗੇ।
ਉਹ ਕਹਿੰਦੇ ਹਨ, “ਦੂਜੇ ਦੇਸ਼ਾਂ ਵਿੱਚ ਇਸ ਦੇ ਸਮਾਨ ਆਕਾਰ ਦੀਆਂ ਕੁਝ ਸੇਵਾਵਾਂ ਵਿੱਚ ਇੱਕ ਦਿਨ ‘ਚ ਕਰੀਬ 200 ਲੋਕ ਆਉਂਦੇ ਹਨ ਪਰ ਇਸ ਦਾ ਅੰਦਾਜ਼ਾ ਲਗਾਉਣਾ ਅਸਲ ਵਿੱਚ ਮੁਸ਼ਕਲ ਹੈ। ਤੁਹਾਡੇ ਕੋਲ ਅਜਿਹੇ ਲੋਕ ਵੀ ਹੋਣਗੇ ਜੋ ਦਿਨ ਵਿੱਚ ਇੱਕ ਵਾਰ ਆਉਣਗੇ ਅਤੇ ਕੁਝ ਅਜਿਹੇ ਵੀ ਹੋਣਗੇ ਜੋ ਦਿਨ ਵਿੱਚ ਦੋ ਵਾਰ ਆਉਣਗੇ।”
“ਤੁਹਾਡੇ ਕੋਲ ਅਜਿਹੇ ਲੋਕ ਵੀ ਹੋਣਗੇ, ਜੋ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਦੇ ਹਿਸਾਬ ਨਾਲ ਦਿਨ ਵਿੱਚ 10 ਵਾਰ ਆਉਣਗੇ।”
ਇਹ ਕੇਂਦਰ ਡਾਕਟਰੀ ਸਲਾਹ-ਮਸ਼ਵਰਾ ਕਮਰਾ, ਇੱਕ ਰਿਕਵਰੀ, ਨਿਰੀਖਣ ਕਮਰਾ, ਇੱਕ ਰਸੋਈ ਅਤੇ ਲੌਂਜ ਖੇਤਰ ਵੀ ਪ੍ਰਦਾਨ ਕਰਦਾ ਹੈ।
ਉਪਭੋਗਤਾਵਾਂ ਨੂੰ ਕੱਪੜੇ ਅਤੇ ਨਹਾਉਣ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਥਿਸਟਲ ਦੀ ਚੱਲ ਰਹੀ ਲਾਗਤ ਅਗਲੇ ਤਿੰਨ ਸਾਲਾਂ ਵਿੱਚ ਲਗਭਗ 73.66 ਕਰੋੜ ਤੱਕ ਪਹੁੰਚ ਜਾਵੇਗੀ।
ਇਹ ਸ਼ਹਿਰ ਦੀ ਹੰਟਰ ਸਟਰੀਟ ਵਿੱਚ ਇੱਕ ਕਲੀਨਿਕ ਦੇ ਕੋਲ ਸਥਿਤ ਹੈ, ਜਿੱਥੇ ਲੰਬੇ ਸਮੇਂ ਤੋਂ 23 ਨਸ਼ੇ ਕਰਨ ਵਾਲਿਆਂ ਨੂੰ ਵਰਤਮਾਨ ਵਿੱਚ ਫਾਰਮਾਸਿਊਟੀਕਲ ਹੈਰੋਇਨ ਦੀ ਤਜਵੀਜ਼ ਦਿੱਤੀ ਜਾਂਦੀ ਹੈ।
ਇਹ ਨਵੀਂ ਸਹੂਲਤ ਨਸ਼ੇ ਪ੍ਰਦਾਨ ਨਹੀਂ ਕਰੇਗੀ, ਬਲਕਿ ਇਥੇ ਉਪਭੋਗਤਾ ਖੁਦ ਆਪਣਾ ਨਸ਼ਾ ਲੈ ਕੇ ਆਉਣਗੇ।
ਐੱਨਐੱਚਐੱਸ ਵੱਲੋਂ ਇੱਕ ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ “ਗਲਾਸਗੋ ਸਿਟੀ ਸੈਂਟਰ ਵਿੱਚ ਜਨਤਕ ਥਾਵਾਂ ‘ਤੇ ਨਿਯਮਤ ਆਧਾਰ ‘ਤੇ ਲਗਭਗ 400 ਤੋਂ 500 ਲੋਕ ਨਸ਼ੇ ਦੇ ਟੀਕੇ ਲਗਾਉਂਦੇ ਹਨ।”
ਡਾ. ਸਾਕੇਤ ਪ੍ਰਿਯਾਦਰਸ਼ੀ ਐੱਨਐੱਚਐੱਚ ਗਰੇਟਰ ਗਲਾਸਗੋ ਵਿੱਚ ਅਲਕੋਹਲ ਅਤੇ ਡਰੱਗ ਰਿਕਵਰੀ ਸੇਵਾਵਾਂ ਦੇ ਮੁਖੀ ਹਨ, ਜੋ ਇਸ ਕੇਂਦਰ ਦੀ ਅਗਵਾਈ ਕਰਨਗੇ।
ਉਹ ਕਹਿੰਦੇ ਹਨ, “ਸਾਡੇ ਕੋਲ ਅਜਿਹੀਆਂ ਸਾਈਟਾਂ ਦੀ ਇਕਾਗਰਤਾ ਹੈ ਜੋ ਲੰਬੇ ਸਮੇਂ ਤੋਂ ਜਨਤਕ ਇੰਜੈਕਸ਼ਨ ਸਾਈਟਾਂ ਹਨ।”
“ਅਸੀਂ ਇਹ ਵੀ ਜਾਣਦੇ ਹਾਂ ਕਿ ਆਲੇ-ਦੁਆਲੇ ਦੇ ਖੇਤਰਾਂ ਵਿੱਚ ਘਰ ਤੋਂ ਦੂਰ ਟੀਕੇ ਲਗਾਉਣ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਵੱਧ ਹੈ। ਸਕਾਟਲੈਂਡ ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮੌਤ ਦੀਆਂ ਉੱਚੀਆਂ ਦਰਾਂ ਹਨ। ਇਥੇ ਸਮੱਸਿਆ ਹੈ, ਇਸ ਇਲਾਕੇ ‘ਚ ਸੇਵਾਵਾਂ ਦੇਣਾ ਹੀ ਸਮਝਦਾਰੀ ਹੈ।”
ਡਾ. ਪ੍ਰਿਯਾਦਰਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸੇਵਾ ਨਾਲ ਸਥਾਨਕ ਖੇਤਰ ਵਿੱਚ ਨਸ਼ੀਲੀਆਂ ਦਵਾਈਆਂ ਅਤੇ ਜਨਤਕ ਰੂਪ ਵਿੱਚ ਲਗਾਏ ਜਾ ਰਹੇ ਇੰਜੈਕਸ਼ਨਾਂ ਦੇ ਮਾਮਲੇ ਵਿੱਚ ਸੁਧਾਰ ਆਵੇਗਾ।
ਉਨ੍ਹਾਂ ਕਿਹਾ, “ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਕਿਸੇ ਵੀ ਤਰ੍ਹਾਂ ਨਾਲ ਕੌਮੀ ਪੱਧਰ ‘ਤੇ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਜਾਂ ਵਿਸ਼ਾਲ ਸ਼ਹਿਰ ਨੂੰ ਪ੍ਰਭਾਵਿਤ ਕਰੇਗਾ।”
“ਅਸੀਂ ਇੱਕ ਹੀ ਬਹੁਤ ਹੀ ਛੋਟੀ ਆਬਾਦੀ ਉਪਰ ਧਿਆਨ ਕੇਂਦਰਿਤ ਕਰ ਰਹੇ ਹਾਂ।”
“ਇਹ ਕਹਿਣ ਤੋਂ ਬਾਅਦ ਮਿਸਾਲ ਕਾਇਮ ਕਰ ਕੇ ਮੈਂ ਉਮੀਦ ਕਰਦਾ ਹਾਂ ਕਿ ਸਕਾਟਲੈਂਡ ਦੇ ਹੋਰ ਹਿੱਸੇ ਇਸ ਉਪਰ ਵਿਚਾਰ ਕਰਨਗੇ ਕਿ ਇਹ ਉਨ੍ਹਾਂ ਲਈ ਢੁੱਕਵਾਂ ਹੱਲ ਹੈ।”
ਕਾਨੂੰਨੀ ਰੁਕਾਵਟਾਂ
ਸੇਵਨ ਕਰਨ ਵਾਲਾ ਕਮਰਾ ਕੋਈ ਨਵੀਂ ਧਾਰਨਾ ਨਹੀਂ ਹੈ।
ਇਸ ਦੀ ਅਜ਼ਮਾਇਸ਼ ਪਹਿਲੀ ਵਾਰ 1986 ਵਿੱਚ ਸਵਿਟਜ਼ਰਲੈਂਡ ਵਿੱਚ ਕੀਤੀ ਗਈ। ਇਸ ਤੋਂ ਬਾਅਦ ਅਜਿਹੀਆਂ ਸਹੂਲਤਾਂ ਡੈਨਮਾਰਕ, ਪੁਰਤਗਾਲ, ਨੀਦਰਲੈਂਡ, ਜਰਮਨੀ ਅਤੇ ਸਪੇਨ ਸਮੇਤ ਹੋਰ ਯੂਰਪੀਅਨ ਦੇਸ਼ਾਂ ਦੇ ਨਾਲ-ਨਾਲ ਕੈਨੇਡਾ ਅਤੇ ਨਿਊਯਾਰਕ ਸਿਟੀ ਵਿੱਚ ਵੀ ਫੈਲ ਗਈਆਂ।
ਡਾ. ਪ੍ਰਿਆਦਰਸ਼ੀ ਇੱਕ ਥਿੰਕ ਟੈਂਕ ਦਾ ਹਿੱਸਾ ਸਨ, ਜਿਸਨੇ ਸਭ ਤੋਂ ਪਹਿਲਾਂ 2008 ਵਿੱਚ ਸਕਾਟਲੈਂਡ ਵਿੱਚ ਇੱਕ ਖਪਤ ਰੂਮ ਸਥਾਪਤ ਕਰਨ ਦਾ ਪ੍ਰਸਤਾਵ ਦਿੱਤਾ ਸੀ।
ਗਲਾਸਗੋ ਦਾ ਸੰਯੁਕਤ ਏਕੀਕਰਨ ਬੋਰਡ, ਜਿਸ ਵਿੱਚ ਸਥਾਨਕ ਐੱਨਐੱਚਐੱਸ ਅਤੇ ਗਲਾਸਗੋ ਸਿਟੀ ਕੌਂਸਲ ਸ਼ਾਮਲ ਹੈ, ਜੋ ਸਿਹਤ ਅਤੇ ਸਮਾਜਿਕ ਦੇਖਭਾਲ ਸੇਵਾਵਾਂ ਦਾ ਪ੍ਰਬੰਧਨ ਕਰਦੀ ਹੈ, ਨੇ 2016 ਵਿੱਚ ਪਹਿਲੀ ਵਾਰ ਯੋਜਨਾ ਨੂੰ ਮਨਜ਼ੂਰੀ ਦਿੱਤੀ।
ਇਹ ਇੱਕ ਸਾਲ ਪਹਿਲਾਂ ਸ਼ਹਿਰ ਦੇ ਇੰਜੈਕਸ਼ਨ ਨਾਲ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਨ ਵਾਲਿਆਂ ਵਿੱਚ ਐੱਚਆਈਵੀ ਫੈਲਣ ਤੋਂ ਬਾਅਦ ਆਇਆ ਸੀ ਜੋ ਕਿ ਯੂਕੇ ਵਿੱਚ ਤਿੰਨ ਦਹਾਕਿਆਂ ਵਿੱਚ ਸਭ ਤੋਂ ਖਰਾਬ ਸਥਿਤੀ ਸੀ।
2016 ਦੀ ਯੋਜਨਾ ਨੂੰ ਲਾਗੂ ਕਰਨ ਲਈ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਮੁਕੱਦਮਾ ਚਲਾਉਣ ਦੇ ਐੱਨਐੱਚਐੱਸ ਸਾਈਟ ‘ਤੇ ਡੀਲਰਾਂ ਤੋਂ ਖਰੀਦੀਆਂ ਗਈਆਂ ਕਲਾਸ-ਏ ਦੀਆਂ ਦਵਾਈਆਂ ਲਿਆਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਸਕਾਟਿਸ਼ ਸਰਕਾਰ ਦੁਆਰਾ ਸਮਰਥਨ ਪ੍ਰਾਪਤ ਪ੍ਰਸਤਾਵਾਂ ਦੇ ਬਾਵਜੂਦ ਇਹ ਡਰੱਗ ਕਾਨੂੰਨ ਵੈਸਟਮਿੰਸਟਰ ਲਈ ਰਾਖਵੇਂ ਹਨ।
ਗ੍ਰਹਿ ਮੰਤਰਾਲਾ ਨੇ ਇਸ ਯੋਜਨਾ ਦਾ ਸਮਰਥਨ ਨਹੀਂ ਕੀਤਾ ਅਤੇ ਇਸ ਨੂੰ 2018 ਵਿੱਚ ਰੱਦ ਕਰ ਦਿੱਤਾ ਗਿਆ।
ਹਾਲਾਂਕਿ ਇਸ ਨੂੰ ਮੁੜ ਸੁਰਜੀਤ ਕੀਤਾ ਗਿਆ, ਜਦੋਂ ਸਕਾਟਲੈਂਡ ਦੇ ਲਾਰਡ ਐਡਵੋਕੇਟ ਡੋਰਥੀ ਬੈਨ ਕੈਸੀ ਨੇ ਕਿਹਾ ਕਿ 2023 ਵਿੱਚ ਅਜਿਹੇ ਮਾਮਲਿਆਂ ਵਿੱਚ ਕਾਰਵਾਈ ਲਿਆਉਣਾ “ਜਨਹਿੱਤ ਵਿੱਚ ਨਹੀਂ” ਹੋਵੇਗਾ।
ਭਾਈਚਾਰੇ ਦੀਆਂ ਚਿੰਤਾਵਾਂ
ਬੀਤੇ ਇੱਕ ਸਾਲ ਤੋਂ ਬੀਬੀਸੀ ਸਕਾਟਲੈਂਡ ਨਿਊਜ਼ ਨੇ ਸੈਂਟਰ ਦੇ ਸਟਾਫ ਤੇ ਸਥਾਨਕ ਵਾਸੀਆਂ ਵਿਚਾਲੇ ਹੋਈਆਂ ਕਈ ਮੀਟਿੰਗਾਂ ਵਿੱਚ ਹਿੱਸਾ ਲਿਆ ਹੈ। ਇਨ੍ਹਾਂ ਮੀਟਿੰਗਾਂ ਵਿੱਚ ਸਥਾਨਕ ਵਾਸੀ ਇਸ ਸਕੀਮ ਬਾਰੇ ਜਾਣਕਾਰੀ ਲੈਣ ਦੀਆਂ ਕੋਸ਼ਿਸ਼ਾਂ ਕਰਦੇ ਹਨ।
ਕਈ ਲੋਕ ਇਸ ਸਕੀਮ ਨਾਲ ਸਹਿਮਤ ਨਜ਼ਰ ਨਹੀਂ ਆਏ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਨਾਲ ਇਲਾਕੇ ਵਿੱਚ ਨਸ਼ੇ ਦੀ ਤਸਕਰੀ ਵਧੇਗੀ ਤੇ ਇਲਾਕੇ ਵਿੱਚ ਮਾਹੌਲ ਖ਼ਰਾਬ ਹੋਵੇਗਾ।
ਬਾਕੀ ਹੋਰ ਲੋਕਾਂ ਨੇ ਸ਼ਹਿਰ ਦੇ ਸਭ ਤੋਂ ਗਰੀਬ ਇਲਾਕੇ ਵਿੱਚ ਘੱਟ ਨਿਵੇਸ਼ ਦੀ ਵੀ ਸ਼ਿਕਾਇਤ ਕੀਤੀ ਸੀ। ਚੈਰਿਟੀ ਫੇਸਿਸ ਤੇ ਵਾਇਸ ਆਫ ਰਿਕਵਰੀ ਦੀ ਚੀਫ ਐਗਜ਼ਿਕਟਿਵ ਐਨਮੈਰੀ ਵਾਰਡ ਇਸ ਸਕੀਮ ਉੱਤੇ ਸਵਾਲ ਚੁੱਕਦੇ ਹਨ।
ਉਹ ਕਹਿੰਦੇ ਹਨ, “ਇਹ ਤਰੀਕਾ ਨੁਕਸਾਨ ਨੂੰ ਘੱਟ ਕਰਨ ਦਾ ਹੈ, ਇਹ ਇਲਾਜ ਨਹੀਂ ਹੈ। ਕਿਸੇ ਵੀ ਰੂਪ ਵਿੱਚ ਕਿਸੇ ਨੂੰ ਵਿਨਾਸ਼ਕਾਰੀ ਤਰੀਕੇ ਨਾਲ ਖੁਦ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਵੇਖਣਾ ਸਹੀ ਨਹੀਂ ਹੈ।”
“ਇਹ ਬੇਹੱਦ ਹਾਸੋਹੀਣਾ ਹੈ। ਇਹ ਮੰਦਭਾਗਾ ਹੈ ਕਿ ਨਸ਼ੇ ਦੇ ਆਦਿ ਲੋਕਾਂ ਨੂੰ ਰਿਕਵਰ ਹੋਣ ਦੀਆਂ ਸਹੂਲਤਾਂ ਨਹੀਂ ਮਿਲਦੀਆਂ ਹਨ। ਕੀ ਇਸ ਨਾਲ ਲੋਕ ਨਹੀਂ ਮਰਨਗੇ? ਮੈਨੂੰ ਨਹੀਂ ਲਗਦਾ। ਮੈਨੂੰ ਲਗਦਾ ਹੈ ਕਿ ਇਸ ਨਾਲ ਲੋਕ ਖੁਦ ਨੂੰ ਨੁਕਸਾਨ ਪਹੁੰਚਾਉਣ ਲਈ ਹੋਰ ਉਤਸ਼ਾਹਤ ਹੋਣਗੇ। ਇਹ ਬਿਹਤਰ ਹੋਵੇਗਾ ਕਿ ਪੈਸਾ ਲਗਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਪਣੀ ਜ਼ਿੰਦਗੀ ਵਾਪਸ ਮਿਲ ਸਕੇ।”
ਵਕੀਲ ਡੌਰਥੀ ਬੈਨ ਕੇਸੀ ਕਹਿੰਦੇ ਹਨ, “ਇਹ ਨੀਤੀ ਮੁਕੱਦਮੇਬਾਜ਼ੀ ਤੋਂ ਪਰੇ ਹੋਣ ਦੇ ਸਿਧਾਂਤਾਂ ਤੋਂ ਅੱਗੇ ਦੀ ਗੱਲ ਹੈ।”
“ਇਹ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਸਰਕਾਰੀ ਵਕੀਲ ਕੇਸ ਨੂੰ ਸਥਾਨਕ ਪ੍ਰਸ਼ਾਸਨ ਨੂੰ ਰੈਫਰ ਕਰ ਸਕਦਾ ਹੈ ਜਿਸ ਵਿੱਚ ਅਪਰਾਧ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਦੇ ਸਾਧਨ ਵਜੋਂ ਦੇਖਿਆ ਜਾਂਦਾ ਹੈ।”
“ਅਜਿਹੇ ਕੇਸਾਂ ਵਿੱਚ ਅਸੀਂ ਨੁਕਸਾਨ ਦੇ ਚੱਕਰ ਨੂੰ ਤੋੜਨ ਤੇ ਸਮਾਜ ਉੱਤੇ ਅਪਰਾਧ ਦੇ ਅਸਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਾਂ।”
ਉਨ੍ਹਾਂ ਕਿਹਾ ਕਿ ਉਹ ਗਲਾਸਗੋ ਦੀ ਇਸ ਸਰਵਿਸ ਤੋਂ ਕਾਫੀ ਸੰਤੁਸ਼ਟ ਹਨ ਕਿਉਂਕਿ ਇਸ ਨਾਲ ਸਮਾਜ ਦੇ ਸਭ ਤੋਂ ਕਮਜ਼ੋਰ ਤਬਕੇ ਨਾਲ ਰਾਬਤਾ ਕਾਇਮ ਹੁੰਦਾ ਹੈ।
ਉਹ ਕਹਿੰਦੇ ਹਨ, “ਮੈਂ ਸਮਝ ਸਕਦੀ ਹਾਂ ਕਿ ਇਸ ਨੀਤੀ ਨਾਲ ਇਸ ਸੈਂਟਰ ਦੇ ਨੇੜੇ ਰਹਿਣ ਤੇ ਕੰਮ ਕਰਨ ਵਾਲਿਆਂ ਦੀ ਫ਼ਿਕਰ ਵਧੇਗੀ। ਇਨ੍ਹਾਂ ਵਿੱਚ ਨਸ਼ੇ ਦੀ ਸਪਲਾਈ ਨਾਲ ਜੁੜੇ ਅਪਰਾਧ ਨਹੀਂ ਸ਼ਾਮਿਲ ਹੋਣਗੇ। ਉਨ੍ਹਾਂ ਬਾਰੇ ਤੇ ਹੋਰ ਅਪਰਾਧਾਂ ਬਾਰੇ ਕਾਨੂੰਨ ਉਸੇ ਤਰੀਕੇ ਨਾਲ ਲਾਗੂ ਹੋਵੇਗਾ।”
“ਹਰ ਕੋਈ ਨਸ਼ੇ ਦੀ ਵਰਤੋਂ ਕਰ ਰਿਹਾ ਹੈ”
ਜੂਲੀ (ਕਾਲਪਨਿਕ ਨਾਮ) ਛੇ ਸਾਲਾਂ ਤੋਂ ਨਸ਼ਿਆਂ ਦਾ ਸੇਵਨ ਕਰ ਰਹੀ ਹੈ ਅਤੇ ਉਸ ਨੇ ਜਦੋਂ ਦਸੰਬਰ ਵਿੱਚ ਬੀਬੀਸੀ ਸਕਾਟਲੈਂਡ ਨਾਲ ਗੱਲ ਕੀਤੀ ਸੀ ਤਾਂ ਉਸ ਸਮੇਂ ਉਹ ਸ਼ਹਿਰ ਦੇ ਕੇਂਦਰ ਵਿੱਚ ਸੌ ਰਹੀ ਸੀ।
ਉਸ ਨੇ ਕਿਹਾ, “ਗਲਾਸਗੋ ਵਿੱਚ ਹੁਣ ਨਸ਼ਿਆਂ ਦੀ ਸਥਿਤੀ ਬਹੁਤ ਮੁਸ਼ਕਲ ਦੌਰ ਵਿੱਚ ਅਤੇ ਗੰਭੀਰ ਹੋ ਗਈ ਹੈ।”
“ਹਰ ਕੋਈ ਨਸ਼ੇ ਦੀ ਵਰਤੋਂ ਕਰ ਰਿਹਾ ਹੈ। ਤੁਸੀਂ ਕਿਸੇ ਗਲੀ ਵਿੱਚ ਜਾਓਗੇ ਤਾਂ ਤੁਹਾਨੂੰ ਨਸ਼ੇ ਵਾਲੀਆਂ ਵਸਤੂਆਂ ਦਿਖਣੀਆਂ। ਤੁਸੀਂ ਇੱਕ ਕੋਨੇ ਵਿੱਚ ਜਾਓਗੇ ਤਾਂ ਤੁਹਾਨੂੰ ਕੋਈ ਨਾ ਕੋਈ ਨਸ਼ਾ ਕਰਦਾ ਹੋਇਆ ਦਿਖ ਜਾਵੇਗਾ, ਜੋ ਕਿਸੇ ਦੀ ਪਰਵਾਹ ਨਹੀਂ ਕਰਦੇ।”
“ਮੈਨੂੰ ਲੱਗਦਾ ਹੈ ਕਿ ਇਸ ਨਸ਼ੇ ਦਾ ਸੇਵਨ ਕਰਨ ਵਾਲੇ ਕਮਰੇ ਦਾ ਹਰ ਕੋਈ ਇਸਤੇਮਾਲ ਕਰੇਗਾ ਪਰ ਸਾਰੀ ਗੱਲ ਭਰੋਸੇ ਦੀ ਹੈ।”
ਡੈਵਿਡ ਕਲਾਰਕ ਵੀ ਗਲੀਆਂ ਵਿੱਚ ਫਿਰ ਰਹੇ ਹਨ ਅਤੇ ਨਸ਼ੇ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਸ਼ਹਿਰ ਦੇ ਖਰੀਦਦਾਰੀ ਵਾਲੇ ਮੁੱਖ ਬਾਜ਼ਾਰ ਜਿਥੇ ਉਪਭੋਗਤਾ ਇਕੱਤਰ ਹੁੰਦੇ ਹਨ ਵੱਲ ਇਸ਼ਾਰਾ ਕੀਤਾ, ਜੋ ਨਸ਼ੇ ਦੇ ਸੇਵਨ ਕਰਨ ਵਾਲੇ ਕਮਰੇ ਤੋਂ ਇੱਕ ਮੀਲ ਦੀ ਦੂਰੀ ਉਪਰ ਹੈ।
ਉਸ ਨੇ ਕਿਹਾ, “ਜੇ ਇਹ ਸਹੀ ਚੱਲਦਾ ਹੈ ਤਾਂ ਇਹ ਚੰਗੀ ਗੱਲ ਹੋਵੇਗੀ।”
“ਪਰ ਜਦੋਂ ਲੋਕ ਇਥੇ (ਸ਼ਹਿਰ ਦੇ ਕੇਂਦਰ ਵਿੱਚ) ਦਵਾਈਆਂ ਖਰੀਦਦੇ ਹਾਂ ਤਾਂ ਉਹ ਉਥੇ ਤੱਕ (ਹੰਟਰ ਸਟਰੀਟ ਤੱਕ) ਨਹੀਂ ਜਾਣਾ ਚਾਹੁਣਗੇ, ਹੈ ਨਾ?”
ਉਨ੍ਹਾਂ ਨੇ ਅੱਗੇ ਕਿਹਾ, “ਪਰ ਜੇ ਇਸ ਨਾਲ ਜ਼ਿੰਦਗੀਆਂ ਬਚ ਜਾਣਗੀਆਂ ਤਾਂ ਮੈਂ ਇਸ ਤਰ੍ਹਾਂ ਦੀਆਂ ਚੀਜ਼ਾਂ ਲਈ ਤਿਆਰ ਹਾਂ।”
ਨਸ਼ੇ ਕਾਰਨ ਹੋਈਆਂ ਮੌਤਾਂ
ਸਕਾਟਲੈਂਡ ਵਿੱਚ ਡਰੱਗਜ਼ ਨਾਲ ਹੋ ਰਹੀਆਂ ਮੌਤਾਂ ਦਾ ਸੰਕਟ ਅਜੇ ਵੀ ਬਰਕਰਾਰ ਹੈ। ਓਵਰਡੋਜ਼ ਕਰਕੇ ਹੋ ਰਹੀਆਂ ਮੌਤਾਂ ਦੀ ਗਿਣਤੀ 2010ਵਿਆਂ ਵਿੱਚ ਲਗਾਤਾਰ ਵਧ ਰਹੀ ਹੈ। 2020 ਵਿੱਚ ਇਹ ਅੰਕੜਾ 1,339 ਤੱਕ ਪਹੁੰਚ ਗਿਆ ਸੀ।
ਇਸ ਤੋਂ ਬਾਅਦ ਮੌਤਾਂ ਦੀ ਗਿਣਤੀ ਭਾਵੇਂ ਸਥਿਰ ਰਹੀ ਪਰ ਫਿਰ ਵੀ ਕਾਫੀ ਜ਼ਿਆਦਾ ਸੀ।
ਸਕਾਟਲੈਂਡ ਦੇ ਸਿਹਤ ਮੰਤਰੀ ਨੀਲ ਗ੍ਰੇਅ ਨੇ ਸੈਂਟਰ ਖੁੱਲ੍ਹਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ, “ਇਹ ਯਕੀਨੀ ਬਣਾਉਣ ਲਈ ਹੈ ਕਿ ਲੋਕ ਬਿਨਾਂ ਕਿਸੇ ਸ਼ਰਮ ਦੇ ਸੇਵਾਵਾਂ ਤੇ ਮਦਦ ਨੂੰ ਹਾਸਲ ਕਰ ਸਕਣ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI