Source :- BBC PUNJABI
“ਉਸ ਦਿਨ ਸਵੇਰੇ ਸਾਢੇ 4 ਵਜੇ ਕੰਮ ‘ਤੇ ਗਿਆ ਸੀ। ਅਸੀਂ ਚਾਰ ਮਜ਼ਦੂਰ ਸੀ। ਅਸੀਂ ਸਾਰੇ ਕੋਲਾ ਕੱਢਦੇ ਹੋਏ ਇੱਕ ਸੁਰੰਗ (ਖਾਨ) ਦੇ ਕਾਫੀ ਅੰਦਰ ਤੱਕ ਚਲੇ ਗਏ ਸਨ।”
“ਕੰਮ ਦਾ ਪਹਿਲਾ ਦਿਨ ਸੀ, ਥੋੜੀ ਥਕਾਵਟ ਹੋ ਰਹੀ ਸੀ। ਸੋਚਿਆ ਵਾਪਸ ਪਰਤਦੇ ਹਾਂ। ਉਨੇ ਵਿੱਚ ਤੇਜ਼ ਰਫ਼ਤਾਰ ਨਾਲ ਪਾਣੀ ਦੇ ਆਉਣ ਦੀ ਇੱਕ ਡਰਾਉਣੀ ਆਵਾਜ਼ ਸੁਣੀ ਤਾਂ ਲੱਗਿਆ ਮੌਤ ਮੇਰੇ ਵੱਲ ਆ ਰਹੀ ਹੈ।”
ਇੰਨਾ ਕਹਿੰਦੇ ਹੀ 39 ਸਾਲ ਦੇ ਰਾਜੀਵ ਬਰਮਨ ਦੇ ਚਿਹਰੇ ‘ਤੇ ਘਬਰਾਹਟ ਦਿਖਣ ਲੱਗਦੀ ਹੈ। ਰਾਜੀਵ ਮੌਤ ਦੇ ਉਸ ਮੰਜ਼ਰ ਨੂੰ ਹੁਣ ਤੱਕ ਭੁੱਲ ਨਹੀਂ ਸਕੇ ਹਨ।
ਦਰਅਸਲ ਰਾਜੀਵ ਅਸਾਮ ਦੀ ਇੱਕ ਕੋਲਾ ਖਾਨ ਦੁਰਘਟਨਾ ਵਿੱਚ ਬਾਹਰ ਬਚ ਨਿਕਲ ਕੇ ਆਏ ਮਜ਼ਦੂਰ ਹਨ, ਜੋ ਘਟਨਾ ਵਾਲੇ ਦਿਨ ਚੂਹੇ ਦੇ ਬਿਲ ਵਰਗੀ ਤੰਗ ਸੁਰੰਗ ਦੇ ਨੇੜੇ ਬੈਠ ਕੇ ਕੋਲਾ ਕੱਢ ਰਹੇ ਸਨ।
ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੀ ਇਸ ਕੋਲਾ ਖਾਨ ਵਿੱਚ ਹਾਲੇ ਵੀ 7 ਮਜ਼ਦੂਰ ਫਸੇ ਹੋਏ ਹਨ।
ਇਨ੍ਹਾਂ ਮਜ਼ਦੂਰਾਂ ਨੂੰ ਲੱਭਣ ਲਈ ਸੇਨਾ, ਐੱਨਡੀਆਰਐੱਫ ਅਤੇ ਜਲ ਸੈਨਾ ਦੇ ਗੋਤਾਖੋਰਾਂ ਦੀ ਇੱਕ ਟੀਮ ਲਗਾਤਾਰ ਖਾਨ ਦੇ ਅੰਦਰ ਮੁਹਿੰਮ ਚਲਾ ਰਹੀ ਹੈ। ਜਦਕਿ ਇਹ ਹਾਦਸਾ ਛੇ ਦਿਨ ਪਹਿਲਾਂ ਸੋਮਵਾਰ ਸਵੇਰੇ ਕਰੀਬ 8 ਵਜੇ ਵਾਪਰਿਆ ਸੀ।
ਸੋਮਵਾਰ ਦੀ ਸਵੇਰ ਕੀ ਹੋਇਆ ਸੀ
ਸੋਮਵਾਰ ਦੀ ਸਵੇਰ ਜਦੋਂ ਰਾਜੀਵ ਖਾਨ ਦੇ ਅੰਦਰ ਕੋਲਾ ਕੱਢ ਰਹੇ ਸੀ, ਉਸੇ ਵੇਲੇ ਖਾਨ ਵਿੱਚ ਪਾਣੀ ਆ ਵੜਿਆ।
ਉਸ ਭਿਆਨਕ ਮੰਜ਼ਰ ਨੂੰ ਯਾਦ ਕਰਦੇ ਹੋਏ ਰਾਜੀਵ ਕਹਿੰਦੇ ਹਨ, “ਮੈਂ ਖਾਨ ਦੇ ਅੰਦਰ ਸੀ ਅਤੇ ਮੇਰੇ ਤਿੰਨ ਸਾਥੀ ਥੋੜੀ ਦੂਰੀ ‘ਤੇ ਕੰਮ ਕਰ ਰਹੇ ਸਨ। ਜਿਵੇਂ ਹੀ ਅਸੀਂ ਕੰਮ ਖਤਮ ਕਰਨ ਦੀ ਗੱਲ ਕੀਤੀ, ਅਚਾਨਕ ਪਾਣੀ ਭਰਨ ਦੀ ਇੱਕ ਭਿਆਨਕ ਆਵਾਜ਼ ਸੁਣੀ।”
ਰਾਜੀਵ ਨੇ ਦੱਸਿਆ, “ਅਸੀਂ ਸਾਰੇ ਬਾਹਰ ਨਿਕਲਣ ਲਈ ਤੁਰਨ ਲੱਗੇ। ਅਸੀਂ ਕਰੀਬ 80 ਤੋਂ 90 ਮੀਟਰ ਅੰਦਰ ਸੀ। ਸੁਰੰਗ ਬੇਹੱਦ ਤੰਗ ਅਤੇ ਮਹਿਜ਼ 3 ਤੋਂ ਸਾਢੇ ਤਿੰਨ ਫੁੱਟ ਚੌੜੀ ਹੁੰਦੀ ਹੈ। ਇਸ ਲਈ ਉਥੇ ਬੈਠ ਕੇ ਹੀ ਚੱਲਣਾ ਪੈਂਦਾ ਹੈ। ਲੰਬੀ ਸੁਰੰਗ ਵਿੱਚ ਬਾਹਰ ਤੋਂ ਨਾ ਕੋਈ ਆਵਾਜ਼ ਆਉਂਦੀ ਹੈ ਅਤੇ ਨਾ ਹੀ ਰੋਸ਼ਨੀ ਦਿਖਾਈ ਦਿੰਦੀ ਹੈ।”
ਇਕ ਲੰਬਾ ਸਾਹ ਲੈਣ ਤੋਂ ਬਾਅਦ ਰਾਜੀਵ ਬਹੁਤ ਹੌਲੀ ਆਵਾਜ਼ ਵਿੱਚ ਕਹਿੰਦੇ ਹਨ, “ਮੈਨੂੰ ਅਜਿਹਾ ਲੱਗਿਆ ਕਿ ਜੇ ਮੈਂ ਸੁਰੰਗ ਦੇ ਅੰਦਰ ਸਿੱਧਾ ਲੇਟ ਜਾਵਾਂ ਤਾਂ ਪਾਣੀ ਦੇ ਤੇਜ਼ ਵਹਾਅ ਦੇ ਨਾਲ ਸ਼ਾਇਦ ਬਾਹਰ ਨਿਕਲ ਜਾਵਾਂਗਾ। ਕਿਉਂਕਿ ਮੈਂ ਸੁਰੰਗ ਵਿੱਚ ਦਾਖਲ ਹੋਣ ਵਾਲੇ ਰਾਸਤੇ ਤੋਂ ਹੁਣ ਮਹਿਜ਼ 10-15 ਮੀਟਰ ਹੀ ਦੂਰ ਸੀ।”
ਰਾਜੀਵ ਦੱਸਦੇ ਹਨ, “ਮੈਂ ਪਰਮਾਤਮਾ ਦਾ ਨਾਮ ਲਿਆ ਅਤੇ ਸੁਰੰਗ ਵਿੱਚ ਲੇਟ ਗਿਆ। ਥੋੜ੍ਹੀ ਹੀ ਦੇਰ ਵਿੱਚ ਪਾਣੀ ਦੇ ਵਹਾਅ ਦੇ ਨਾਲ ਮੈਂ ਬਾਹਰ ਖੂਹ ਵਿੱਚ ਜਾ ਡਿੱਗਿਆ। ਉਥੇ ਕਈ ਮਜ਼ਦੂਰਾਂ ਨੇ ਰੱਸੀ ਅਤੇ ਮੋਟਰ ਦਾ ਪਾਈਪ ਫੜਿਆ ਹੋਇਆ ਸੀ। ਕੁਝ ਲੋਕ ਲੋਹੇ ਦੀ ਚੇਨ ਨਾਲ ਲਟਕੇ ਕੋਲਾ ਖਿੱਚਣ ਵਾਲੀ ਲੱਕੜ ਦੇ ਬਕਸੇ ਨੂੰ ਫੜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲੇ ਖੂਹ ਵਿੱਚ 15-20 ਫੁੱਟ ਹੀ ਪਾਣੀ ਭਰਿਆ ਸੀ।”
ਰਾਜੀਵ ਨੇ ਕਿਹਾ, “ਮੈਂ ਵੀ ਇੱਕ ਲੋਹੇ ਦੀ ਚੇਨ ਨੂੰ ਫੜ ਲਿਆ। ਮੇਰੇ ਸਰੀਰ ਦਾ ਜ਼ਿਆਦਾਤਰ ਹਿੱਸਾ ਜ਼ਖ਼ਮੀ ਹੋ ਗਿਆ ਸੀ। ਇਸ ਵਿਚਾਲੇ ਉਪਰ ਕਰੇਨ ਚਲਾਉਣ ਵਾਲੇ ਵਿਅਕਤੀ ਨੂੰ ਅਹਿਸਾਸ ਹੋਇਆ ਕਿ ਅੰਦਰ ਕੁਝ ਹੋਇਆ ਹੈ। ਜਿਵੇਂ ਹੀ ਉਨ੍ਹਾਂ ਨੇ ਕਰੇਨ ਨੂੰ ਉਪਰ ਖਿੱਚਿਆ ਤਾਂ ਦੋ ਮਜ਼ਦੂਰ ਵੀ ਲੋਹੇ ਦੀ ਚੇਨ ਫੜ ਕੇ ਉਪਰ ਚਲੇ ਗਏ।”
“ਫਿਰ ਉਨ੍ਹਾਂ ਲੋਕਾਂ ਨੇ ਕਰੇਨ ਦੀ ਮਦਦ ਨਾਲ ਕੋਲਾ ਕੱਢਣ ਵਾਲੇ ਲੱਕੜ ਦੇ ਬਾਕਸ ਹੇਠਾਂ ਭੇਜੇ ਅਤੇ ਉਸ ‘ਤੇ ਚੜ੍ਹ ਕੇ ਅਸੀਂ ਬਾਹਰ ਨਿਕਲੇ। ਕਰੀਬ 25 ਲੋਕ ਇਸ ਤਰ੍ਹਾਂ ਜਾਨ ਬਚਾ ਕੇ ਖਾਨ ਤੋਂ ਬਾਹਰ ਆਏ ਸਨ।”
ਲਗਭਗ ਇੱਕ ਘੰਟੇ ਤੱਕ ਇਹ ਮਜ਼ਦੂਰ ਇੱਕ ਕਰੇਨ ਨਾਲ ਬੰਨ੍ਹੀ ਰੱਸੀ ਅਤੇ ਲੋਹੇ ਦੀ ਚੇਨ ਨਾਲ ਲਟਕੇ ਰਹੇ। ਇਸ ਦੌਰਾਨ ਤਿੰਨ ਸੌ ਫੁੱਟ ਤੋਂ ਜ਼ਿਆਦਾ ਡੂੰਘੇ ਖੂਹ ਵਿੱਚ ਪਾਣੀ ਭਰਦਾ ਗਿਆ।
ਰਾਜੀਵ ਨੂੰ ਬੇਹੱਦ ਅਫਸੋਸ ਹੈ ਕਿ ਉਸ ਦਿਨ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਤਿੰਨ ਦੋਸਤ ਹਾਲੇ ਤੱਕ ਖਾਨ ਵਿੱਚ ਲਾਪਤਾ ਹਨ।
ਅਸਾਮ ਦੇ ਕੋਕਰਾਝਾਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਚਿਤਿਲਾ ਬਾਜ਼ਾਰ ਦੇ ਰਹਿਣ ਵਾਲੇ ਰਾਜੀਵ ਕਹਿੰਦੇ ਹਨ, “ਮੇਰੇ ਨਾਲ ਸੁਰੰਗ ਵਿੱਚ ਦੋ ਸਾਥੀ ਮੇਰੇ ਹੀ ਜ਼ਿਲ੍ਹੇ ਦੇ ਸਨ ਅਤੇ ਸੰਜੀਵ ਸਰਕਾਰ ਬੰਗਾਲ ਦੇ ਰਹਿਣ ਵਾਲੇ ਸਨ। ਪਤ ਨਹੀਂ ਉਹ ਜ਼ਿੰਦਾ ਵੀ ਹੋਣਗੇ ਜਾਂ ਨਹੀਂ।”
ਜਲ ਸੈਨਾ ਦੇ ਗੋਤਾਖੋਰ ਮਜ਼ਦੂਰਾਂ ਨੂੰ ਨਹੀਂ ਲੱਭ ਸਕੇ
ਆਸਾਮ ਦੇ ਦੂਰ-ਦੁਰਾਡੇ ਪਹਾੜੀ ਖੇਤਰ ‘ਚ ਹੜ੍ਹ ਤੋਂ ਪ੍ਰਭਾਵਿਤ ਖਾਨ ‘ਚ ਫਸੇ 7 ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਪਰ ਕਰੀਬ 320 ਫੁੱਟ ਡੂੰਘੀ ਇਸ ਖਾਨ ਵਿੱਚ ਪਾਣੀ ਅਤੇ ਮਲਬਾ ਭਰ ਜਾਣ ਨਾਲ ਜਲ ਸੈਨਾ ਦੇ ਗੋਤਾਖੋਰਾਂ ਨੂੰ ਹਾਲੇ ਤੱਕ ਸਫ਼ਲਤਾ ਨਹੀਂ ਮਿਲ ਸਕੀ ਹੈ।
ਹੁਣ ਤੱਕ ਦੋ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਐੱਨਡੀਆਰਐੱਫ ਦਾ ਕਹਿਣਾ ਹੈ ਕਿ ਖਾਨ ਵਿੱਚ ਫਸੇ ਬਾਕੀ ਲੋਕਾਂ ਨੂੰ ਤਲਾਸ਼ਣ ਦੇ ਲਈ ਹਰ ਦਿਨ ਗੋਤਾਖੋਰ ਕੈਮਰੇ ਵਾਲੇ ਰਿਮੋਟ ਆਪਰੇਟੇਡ ਵਾਹਨ ਨੂੰ ਲੈ ਕੇ ਅੰਦਰ ਜਾ ਰਹੇ ਹਨ।
ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਬਚਾਅ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਐੱਨਡੀਆਰਐੱਫ ਦੇ ਡਿਪਟੀ ਕਮਾਂਡਰ ਐੱਨਕੇ ਤਿਵਾਰੀ ਨੇ ਬੀਬੀਸੀ ਨੂੰ ਦੱਸਿਆ, “ਅਸਲ ਵਿੱਚ ਖਾਨ ਦੇ ਅੰਦਰ ਜਮ੍ਹਾ ਹੋਏ ਪਾਣੀ ਦੇ ਕਾਰਨ ਗੋਤਾਖੋਰਾਂ ਨੂੰ ਅੰਦਰ ਤੱਕ ਜਾਣ ਵਿੱਚ ਪ੍ਰੇਸ਼ਾਨੀ ਹੋ ਰਹੀ ਹੈ।”
ਉਨ੍ਹਾਂ ਨੇ ਕਿਹਾ, “ਐੱਨਡੀਆਰਐੱਫ ਦੇ ਗੋਤਾਖੋਰ ਜਿਥੇ 40 ਫੁੱਟ ਤੱਕ ਪਾਣੀ ਦੇ ਹੇਠਾਂ ਜਾ ਸਕਦੇ ਹਨ, ਉਥੇ ਹੀ ਜਲ ਸੈਨਾ ਦੇ ਗੋਤਾਖੋਰ ਹੋਰ ਹੇਠਾਂ ਗੋਤਾ ਲਗਾ ਸਕਦੇ ਹਨ।”
“ਪਰ 300 ਫੁੱਟ ਤੱਕ ਮਲਬੇ ਵਾਲੇ ਪਾਣੀ ਦੇ ਅੰਦਰ ਜਾਣਾ ਬਹੁਤ ਜ਼ੋਖਮ ਦਾ ਕੰਮ ਹੈ। ਉਥੇ ਤੱਕ ਜਾਣਾ ਸੰਭਵ ਨਹੀਂ ਹੈ। ਅੰਦਰ ਵਿਜ਼ੀਬਿਲਟੀ ਨਾ ਹੋਣ ਦੇ ਕਾਰਨ ਕੋਈ ਚੀਜ਼ ਡਿਟੇਕਟ ਨਹੀਂ ਹੋ ਰਹੀ ਹੈ।”
ਐੱਨਡੀਆਰਐੱਫ ਦੇ ਅਨੁਸਾਰ ਫਿਲਹਾਲ ਹਾਦਸੇ ਵਾਲੀ ਖਾਨ ਅਤੇ ਉਸ ਦੇ ਆਸਪਾਸ ਦੀਆਂ 5 ਖਾਨਾਂ ਤੋਂ ਪਾਣੀ ਬਾਹਰ ਕੱਢਣ ਲਈ ਉੱਚ ਸਮਰੱਥਾ ਵਾਲੇ 10 ਪੰਪ ਲਗਾਏ ਗਏ ਹਨ। ਤਾਂਕਿ ਗੋਤਾਖੋਰ ਅੰਦਰ ਤੱਕ ਜਾ ਕੇ ਖਾਣ ਵਿੱਚ ਲਾਪਤਾ ਮਜ਼ਦੂਰਾਂ ਦੀ ਭਾਲ ਕਰ ਸਕਣ।
ਐੱਨਡੀਆਰਐੱਫ ਅਧਿਕਾਰੀ ਐੱਨਤੇ ਤਿਵਾਰੀ ਕਹਿੰਦੇ ਹਨ, “ਖਾਨ ਵਿੱਚੋਂ ਪਾਣੀ ਬਾਹਰ ਕੱਢਣ ਦੇ ਨਾਲ-ਨਾਲ ਜਲ ਸੈਨਾ ਦੇ ਗੋਤਾਖੋਰ ਵਿੱਚ-ਵਿੱਚ ਖਾਣ ਦੇ ਅੰਦਰ ਵੀ ਜਾ ਰਹੇ ਹਨ। ਪਰ ਹੁਣ ਤੱਕ ਸਫ਼ਲਤਾ ਨਹੀਂ ਮਿਲੀ ਹੈ।”
ਉਹ ਦੱਸਦੇ ਹਨ, “ਪਾਣੀ ਘੱਟ ਨਾ ਹੋਣ ਤੱਕ ਗੋਤਾਖੋਰ ਸੁਰੰਗ ਦੇ ਜ਼ਿਆਦਾ ਅੰਦਰ ਤੱਕ ਨਹੀਂ ਜਾ ਸਕਦੇ। ਇਹ ਸੁਰੰਗਾਂ ਦੋ ਸੌ-ਢਾਈ ਸੌ ਮੀਟਰ ਲੰਬੀਆਂ ਹਨ ਅਤੇ ਉਚਾਈ ਮਹਿਜ਼ 3 ਫੁੱਟ ਹੈ। ਇਹ ਸਾਰੀਆਂ ਸੁਰੰਗ ਵਰਗੀਆਂ ਖਾਨਾਂ ਆਸਪਾਸ ਦੀਆਂ ਦੂਜੀਆਂ ਖਾਣਾਂ ਦੇ ਨਾਲ ਜੁੜੀਆਂ ਹਨ। ਅੰਦਰ ਜਾਣ ਦਾ ਖਤਰਾ ਹੁੰਦਾ ਹੈ।”
ਰਾਜੀਵ ਤਾਂ ਆਪਣੀ ਜਾਨ ਬਚਾ ਕੇ ਇਸ ਖਾਨ ਤੋਂ ਬਾਹਰ ਆ ਗਏ ਪਰ ਉਨ੍ਹਾਂ ਦੇ ਤਿੰਨ ਸਾਥੀ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਦਾ ਰੋਜ਼ ਫੋਨ ਆਉਂਦਾ ਹੈ।
ਰਾਜੀਵ ਬਹੁਤ ਅਫਸੋਸ ਨਾਲ ਕਹਿੰਦੇ ਹਨ, “ਪੰਜ ਦਿਨ ਬੀਤ ਚੁੱਕੇ ਹਨ। ਸ਼ਾਇਦ ਹੀ ਹੁਣ ਕੋਈ ਜ਼ਿੰਦਾ ਬਚਿਆ ਹੋਵੇਗਾ। ਮੇਰੇ ਕੋਲ ਜੋ ਫੋਨ ਉਹ ਮੇਰੇ ਸਾਥੀ ਖੁਸ਼ੀ ਮੋਹਨ ਰਾਇ ਦਾ ਹੈ। ਉਨ੍ਹਾਂ ਦੇ ਘਰ ਵਾਲੇ ਕਾਫੀ ਪ੍ਰੇਸ਼ਾਨ ਹਨ। ਮੈਨੂੰ ਰੋਜ਼ਾਨਾ ਇਸ ਉਮੀਦ ਨਾਲ ਫੋਨ ਕਰਦੇ ਹਨ ਕਿ ਸ਼ਾਇਦ ਉਹ ਜ਼ਿੰਦਾ ਮਿਲ ਜਾਵੇ। ਕਾਂਸ਼! ਪਰਮਾਤਮਾ ਅਜਿਹਾ ਚਮਤਕਾਰ ਕਰ ਦੇਵੇ।”
ਜਾਨੀ ਖ਼ਤਰੇ ਤੋਂ ਬਾਅਦ ਵੀ ਕੰਮ ਕਿਉਂ ਕਰ ਰਹੇ ਨੇ ਮਜ਼ਦੂਰ
ਜਦੋਂ ਇਸ ਕੰਮ ਵਿੱਚ ਜਾਨ ਦਾ ਖ਼ਤਰਾ ਹੈ ਤਾਂ ਮਜ਼ਦੂਰ ਇਨ੍ਹਾਂ ਕੋਲਾ ਖਾਨਾਂ ਵਿੱਚ ਕੰਮ ਕਿਉਂ ਕਰਦੇ ਹਨ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਰਾਜੀਵ ਕਹਿੰਦੇ ਹਨ, “ਅਸੀਂ ਗਰੀਬ ਮਜ਼ਦੂਰ ਹਾਂ। ਇਸ ਲਈ ਇਹ ਜ਼ੋਖ਼ਮ ਭਰਿਆ ਕੰਮ ਕਰਦੇ ਹਾਂ। ਕਿਉਂਕਿ ਇਥੇ ਮਜ਼ਦੂਰੀ ਕਾਫੀ ਚੰਗੀ ਮਿਲ ਜਾਂਦੀ ਹੈ।”
ਉਨ੍ਹਾਂ ਨੇ ਕਿਹਾ, “ਹਰ ਮਜ਼ਦੂਰ ਰੋਜ਼ਾਨਾ ਦੋ ਹਜ਼ਾਰ ਰੁਪਏ ਕਮਾ ਲੈਂਦਾ ਹੈ। ਕੁਝ ਮਜ਼ਦੂਰ ਮਹੀਨੇ ਵਿੱਚ 80-90 ਹਜ਼ਾਰ ਵੀ ਕਮਾ ਲੈਂਦੇ ਹਨ। ਇਥੇ ਮਜ਼ਦੂਰ ਨੇਪਾਲ ਤੋਂ ਕੰਮ ਕਰਨ ਆਉਂਦੇ ਹਨ। ਦੂਜਿਆਂ ਕੰਮਾਂ ਵਿੱਚ ਮਜ਼ਦੂਰ ਕੇਵਲ 400 ਰੁਪਏ ਹੀ ਮਿਲਦੀ ਹੈ। ਮੇਰਾ ਇੱਕ ਨੌ ਸਾਲ ਦਾ ਬੇਟਾ ਹੈ, ਜੋ ਪੜ੍ਹਾਈ ਕਰਦਾ ਹੈ। ਪਰਿਵਾਰ ਦਾ ਢਿੱਡ ਭਰਨ ਲਈ ਜ਼ੋਖ਼ਮ ਚੁੱਕਣਾ ਪੈਂਦਾ ਹੈ।”
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਖਾਨ ਵਿੱਚ ਲਾਪਤਾ ਹੋਏ 9 ਮਜ਼ਦੂਰਾਂ ਦੀ ਇੱਕ ਸੂਚੀ ਜਾਰੀ ਕਰ ਕੇ ਕਿਹਾ ਸੀ ਕਿ ਹੜ੍ਹ ਵਾਲੀ ਖਾਨ ਗੈਰ-ਕਾਨੂੰਨੀ ਲੱਗਦੀ ਹੈ।
ਉਨ੍ਹਾਂ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਵਿਚਾਲੇ ਪੁਲੀਸ ਨੇ ਸ਼ੁੱਕਰਵਾਰ ਨੂੰ ਹੋਰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਖਾਨ ਹਾਦਸੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਭਾਰਤ ਨੇ 2014 ਵਿੱਚ ਅਖੌਤੀ ਰੈਟ-ਹੋਲ ਮਾਈਨਿੰਗ ‘ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਇਸ ਦੇ ਬਾਵਜੂਦ ਅਸਾਮ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਛੋਟੀਆਂ ਗੈਰ-ਕਾਨੂੰਨੀ ਖਾਨਾਂ ਵਿੱਚੋਂ ਕੋਲਾ ਕੱਢਣ ਦਾ ਕੰਮ ਚੱਲ ਰਿਹਾ ਹੈ।
ਇੱਥੇ ਹਾਦਸੇ ਵਾਪਰਨ ‘ਤੇ ਕਾਫੀ ਹੰਗਾਮਾ ਹੋ ਜਾਂਦਾ ਹੈ ਪਰ ਅਜੇ ਤੱਕ ਇਸ ਇਲਾਕੇ ‘ਚ ਨਾਜਾਇਜ਼ ਮਾਈਨਿੰਗ ਵਿਰੁੱਧ ਵੱਡੀ ਕਾਰਵਾਈ ਦੇ ਤੌਰ ‘ਤੇ ਕੁਝ ਵੀ ਸਾਹਮਣੇ ਨਹੀਂ ਆਇਆ।
ਅਸਾਮ ਦੀਆਂ ਵਿਰੋਧੀ ਪਾਰਟੀਆਂ ਵੀ ਦੀਮਾ ਹਸਾਓ ਜ਼ਿਲ੍ਹੇ ‘ਚ ਵਾਪਰੀ ਇਸ ਕੋਲਾ ਖਾਨ ਘਟਨਾ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦਿਆਂ ਸਰਕਾਰ ਤੋਂ ਸੀਬੀਆਈ ਜਾਂਚ ਦੀ ਮੰਗ ਕਰ ਰਹੀਆਂ ਹਨ।
ਇਸ ਤੋਂ ਪਹਿਲਾਂ ਜਨਵਰੀ 2024 ਵਿੱਚ ਨਾਗਾਲੈਂਡ ਸੂਬੇ ਵਿੱਚ ਰੇਟ-ਹੋਲ ਖਾਨ ਵਿੱਚ ਅੱਗ ਲੱਗਣ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਸੀ।
2018 ਵਿੱਚ ਮੇਘਾਲਿਆ ਵਿੱਚ ਇੱਕ ਗੈਰ-ਕਾਨੂੰਨੀ ਖਾਨ ਵਿੱਚ ਘੱਟੋ-ਘੱਟ 15 ਲੋਕ ਫਸ ਗਏ ਸਨ। ਜਦੋਂ ਨੇੜਲੀ ਇੱਕ ਨਦੀ ਦਾ ਪਾਣੀ ਖਾਨ ਵਿੱਚ ਭਰ ਗਿਆ ਸੀ। ਵੱਡੇ ਪੱਧਰ ‘ਤੇ ਲੰਬੇ ਸਮੇਂ ਲਈ ਚੱਲੇ ਬਚਾਅ ਕਾਰਜਾਂ ਵਿੱਚ ਕੇਵਲ 2 ਮਜ਼ਦੂਰਾਂ ਦੀਆਂ ਲਾਸ਼ਾਂ ਹੀ ਬਰਾਮਦ ਹੋਈਆਂ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI