Source :- BBC PUNJABI

ਨਕਦੂ ਉਰਫ਼ ਨੰਦਲਾਲ 34 ਸਾਲਾਂ ਤੋਂ ਯੂਪੀ ਪੁਲਿਸ ਵਿੱਚ ਹੋਮਗਾਰਡ ਵਜੋਂ ਨੋਕਰੀ ਕਰ ਰਹੇ ਸਨ

ਤਸਵੀਰ ਸਰੋਤ, Manav Shrivastava

ਫਰਜ਼ ਕਰੋ ਕਿ ਇੱਕ ਸ਼ਖ਼ਸ ਕਤਲ ਅਤੇ ਡਕੈਤੀ ਦੇ ਕਈ ਮਾਮਲਿਆਂ ਵਿੱਚ ਨਾਮਜ਼ਦ ਹੋਵੇ ਅਤੇ ਫਿਰ ਪੱਛਾਣ ਲੁਕੋ ਕੇ ਉਹ 34 ਸਾਲ ਪੁਲਿਸ ਵਿੱਚ ਹੀ ਨੌਕਰੀ ਕਰਦਾ ਹੋਵੇ।

ਪੜ੍ਹਣ ਵਿੱਚ ਇਹ ਕੋਈ ਫਿਲਮੀ ਕਹਾਣੀ ਲੱਗ ਰਹੀ ਹੋਵੇਗੀ ਪਰ ਇਹ ਇੱਕ ਸੱਚੀ ਘਟਨਾ ਹੈ।

ਦਰਅਸਲ ਉੱਤਰ ਪ੍ਰਦੇਸ਼ ਵਿੱਚ 34 ਸਾਲਾਂ ਤੋਂ ਹੋਮਗਾਰਡ ਵਜੋਂ ਕੰਮ ਕਰ ਰਹੇ ਨੰਦਲਾਲ ਨੂੰ ਪੁਲਿਸ ਨੇ ਇੱਕ ਸ਼ਿਕਾਇਤ ਦੇ ਆਧਾਰ ‘ਤੇ ਆਜ਼ਮਗੜ੍ਹ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਨਾਮ 1988 ਤੋਂ ਜ਼ਿਲ੍ਹੇ ਦੇ ਰਾਣੀ ਕੀ ਸਰਾਏ ਪੁਲਿਸ ਸਟੇਸ਼ਨ ਦੇ ਰਿਕਾਰਡ ਵਿੱਚ ਇੱਕ ਹਿਸਟਰੀਸ਼ੀਟਰ ਵਜੋਂ ਦਰਜ ਸੀ।

ਮੁਲਜ਼ਮ ‘ਤੇ ਆਪਣੀ ਪਛਾਣ ਬਦਲ ਕੇ ਹੋਮ ਗਾਰਡ ਦੀ ਨੌਕਰੀ ਹਾਸਲ ਕਰਨ ਦਾ ਇਲਜ਼ਾਮ ਹੈ।

ਦਰਅਸਲ ਨੰਦਲਾਲ ਦਾ ਆਪਣੇ ਰਿਸ਼ਤੇਦਾਰਾਂ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ।

ਬੀਬੀਸੀ ਪੰਜਾਬੀ

ਪੁਲਿਸ ਨੇ ਕੀ ਦੱਸਿਆ?

ਨੰਦਲਾਲ ਨਾ ਸਿਰਫ਼ ਜੇਲ੍ਹ ਤੋਂ ਬਾਹਰ ਇੱਕ ਨਵੇਂ ਨਾਮ ਨਾਲ ਜਿੰਦਗੀ ਜੀਅ ਰਹੇ ਸਨ, ਸਗੋਂ ਹੋਮਗਾਰਡ ਦੀ ਨੌਕਰੀ ਹਾਸਲ ਕਰਨ ਵਿੱਚ ਵੀ ਸਫਲ ਰਹੇ ਸੀ

ਤਸਵੀਰ ਸਰੋਤ, Getty Images

ਨੰਦਲਾਲ ਦਾ ਪਹਿਲਾ ਨਾਮ ਨਕਦੂ ਸੀ। ਉਨ੍ਹਾਂ ਦਾ ਨਾਮ 1988 ਤੋਂ ਜ਼ਿਲ੍ਹੇ ਦੇ ਰਾਣੀ ਕੀ ਸਰਾਏ ਪੁਲਿਸ ਸਟੇਸ਼ਨ ਦੇ ਰਿਕਾਰਡ ਵਿੱਚ ਇੱਕ ਹਿਸਟਰੀਸ਼ੀਟਰ ਵਜੋਂ ਦਰਜ ਸੀ।

ਉਹ ਨਾ ਸਿਰਫ਼ ਜੇਲ੍ਹ ਤੋਂ ਬਾਹਰ ਇੱਕ ਨਵੇਂ ਨਾਮ ਨਾਲ ਜ਼ਿੰਦਗੀ ਜੀਅ ਰਹੇ ਸਨ, ਸਗੋਂ ਹੋਮਗਾਰਡ ਦੀ ਨੌਕਰੀ ਹਾਸਲ ਕਰਨ ਵਿੱਚ ਵੀ ਸਫਲ ਰਹੇ ਸੀ।

ਆਜ਼ਮਗੜ੍ਹ ਦੇ ਪੁਲਿਸ ਸੁਪਰਡੈਂਟ ਹੇਮਰਾਜ ਮੀਣਾ ਨੇ ਦੱਸਿਆ ਕਿ ਨੰਦਲਾਲ ਉਰਫ਼ ਨਕਦੂ ਮੂਲ ਰੂਪ ਵਿੱਚ ਰਾਣੀ ਕੀ ਸਰਾਏ ਥਾਣੇ ਦੇ ਰਹਿਣ ਵਾਲੇ ਹਨ। ਉਹ 1990 ਤੋਂ ਮੇਹਾਨਗਰ ਪੁਲਿਸ ਸਟੇਸ਼ਨ ਵਿੱਚ ਹੋਮਗਾਰਡ ਵਜੋਂ ਨੌਕਰੀ ਕਰ ਰਹੇ ਸਨ।

ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ 1984 ਤੋਂ 1989 ਦਰਮਿਆਨ ਉਨ੍ਹਾਂ ਵਿਰੁੱਧ ਕਈ ਮਾਮਲੇ ਦਰਜ ਕੀਤੇ ਗਏ ਸਨ।

ਹਾਲਾਂਕਿ, ਇਸ ਮਾਮਲੇ ਵਿੱਚ ਪੁਲਿਸ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ ਕਿਉਂਕਿ ਮੇਹਨਗਰ ਪੁਲਿਸ ਸਟੇਸ਼ਨ ਅਤੇ ਰਾਣੀ ਕੇ ਸਰਾਏ ਪੁਲਿਸ ਸਟੇਸ਼ਨ ਵਿਚਕਾਰ ਸਿਰਫ 15 ਕਿਲੋਮੀਟਰ ਦੀ ਦੂਰੀ ਹੈ।

ਪੁਲਿਸ ਮੁਤਾਬਕ ਨੰਦਲਾਲ ਉਰਫ਼ ਨਕਦੂ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਵੀ ਕਾਰਵਾਈ ਕੀਤੀ ਗਈ ਸੀ।

ਇਹ ਵੀ ਪੜ੍ਹੋ-

‘ਨੰਦਲਾਲ ਹੀ ਹਿਸਟ੍ਰੀਸ਼ੀਟਰ ਨਕਦੂ ਹੈ’

ਨੰਦਲਾਲ ਦੀ ਪਛਾਣ ਦਾ ਖੁਲਾਸਾ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਕਹਾਣੀ ਓਨੀ ਹੀ ਦਿਲਚਸਪ ਹੈ ਜਿੰਨੀ ਕਿ ਇੰਨੇ ਸਾਲਾਂ ਤੱਕ ਆਪਣੀ ਪਛਾਣ ਲੁਕਾ ਕੇ ਜ਼ਿੰਦਗੀ ਜਿਉਣ ਦੀ।

34 ਸਾਲਾਂ ਤੱਕ ਇਹ ਖੁਲਾਸਾ ਨਹੀਂ ਹੋ ਸਕਿਆ ਕਿ ਨੰਦਲਾਲ ਹੀ ਹਿਸਟ੍ਰੀਸ਼ੀਟਰ ਨਕਦੂ ਸੀ। ਪਰ ਕੁਝ ਸਮਾਂ ਪਹਿਲਾ ਇੱਕ ਕੁੱਟ-ਮਾਰ ਦੀ ਘਟਨਾ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਸੀ।

ਦਰਅਸਲ, ਮੁਲਜ਼ਮ ਦੇ ਭਤੀਜੇ ਨੇ ਤਤਕਾਲੀ ਡੀਆਈਜੀ ਵੈਭਵ ਕ੍ਰਿਸ਼ਨਾ ਨੂੰ ਇੱਕ ਅਰਜ਼ੀ ਦਿੱਤੀ ਅਤੇ ਇਲਜ਼ਾਮ ਲਗਾਇਆ ਸੀ ਕਿ ‘ਨੰਦਲਾਲ ਹੀ ਹਿਸਟ੍ਰੀਸ਼ੀਟਰ ਨਕਦੂ ਹੈ।’

ਡੀਆਈਜੀ ਦੇ ਹੁਕਮਾਂ ‘ਤੇ ਕੀਤੀ ਗਈ ਜਾਂਚ ਵਿੱਚ ਪੁਲਿਸ ਨੇ ਇਲਜ਼ਾਮਾਂ ਨੂੰ ਸਹੀਂ ਪਾਇਆ, ਜਿਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਨੇ ਆਪਣਾ ਨਾਮ ਬਦਲ ਲਿਆ ਸੀ ਅਤੇ ਬਾਅਦ ਵਿੱਚ ਉਹ ਦਸਤਾਵੇਜ਼ਾਂ ਵਿੱਚ ਵੀ ਆਪਣਾ ਨਾਮ ਬਦਲਣ ਵਿੱਚ ਸਫਲ ਰਹੇ। ਸਾਲ 1990 ਵਿੱਚ, ਉਹ ਹੋਮ ਗਾਰਡ ਵਜੋਂ ਭਰਤੀ ਹੋ ਗਏ ਅਤੇ ਉਦੋਂ ਤੋਂ, ਉਹ ਲਗਾਤਾਰ ਹੋਮ ਗਾਰਡ ਵਜੋਂ ਡਿਊਟੀ ਕਰ ਰਹੇ ਸਨ।

ਮੁਲਜ਼ਮ ਨੰਦਲਾਲ ਉਰਫ਼ ਨਕਦੂ ਨੇ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ ਸੀ। ਪੁਲਿਸ ਸੁਪਰਡੈਂਟ ਹੇਮਰਾਜ ਮੀਣਾ ਦੇ ਅਨੁਸਾਰ ਮੁਲਜ਼ਮ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਨੌਕਰੀ ਪ੍ਰਾਪਤ ਕੀਤੀ ਸੀ।

ਪੁਲਿਸ ਨੇ ਕਿਹਾ ਹੈ ਕਿ ਮੁਲਜ਼ਮ ਜੇਲ੍ਹ ਵਿੱਚ ਹੈ ਅਤੇ ਬਾਕੀ ਜਾਂਚ ਜਾਰੀ ਹੈ।

ਪੁਲਿਸ ਇਸ ਪਹਿਲੂ ‘ਤੇ ਵੀ ਜਾਂਚ ਕਰ ਰਹੀ ਹੈ ਕਿ ਇੰਨੇ ਲੰਬੇ ਸਮੇਂ ਡਿਉਟੀ ਕਰਨ ਦੇ ਦੌਰਾਨ ਉਹ ਕਿੱਥੇ-ਕਿੱਥੇ ਤਾਇਨਾਤ ਰਹੇ ਸਨ ਅਤੇ ਕਿਵੇਂ ਆਪਣੀ ਪਛਾਣ ਲੁਕਾਉਣ ਵਿੱਚ ਕਾਮਯਾਬ ਰਹੇ।

ਪੁਲਿਸ ਸੁਪਰਡੈਂਟ ਮੁਤਾਬਕ ਇਨ੍ਹਾਂ ਸਾਰੀਆਂ ਗੱਲਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜੇਕਰ ਇਸ ਮਾਮਲੇ ਵਿੱਚ ਪੁਲਿਸ ਵਿਭਾਗ ਜਾਂ ਹੋਮ ਗਾਰਡ ਵਿਭਾਗ ਵੱਲੋਂ ਕੋਈ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਇਸ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਵੀ ਜਾਂਚ ਕੀਤੀ ਜਾਵੇਗੀ।

ਹੇਮਰਾਜ ਮੀਣਾ ਨੇ ਕਿਹਾ ਕਿ ਜਾਂਚ ਦੌਰਾਨ ਤੱਥ ਸਾਹਮਣੇ ਆਉਣ ਦੇ ਆਧਾਰ ਉੱਤੇ ਹੀ ਅਗੇਲਰੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮੁਲਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਹੋਮ ਗਾਰਡ ਵਿਭਾਗ ਨੂੰ ਬਰਖ਼ਾਸਤਗੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

ਰਿਸ਼ਤੇਦਾਰਾਂ ਦੇ ਝਗੜੇ ਕਾਰਨ ਭੇਤ ਖੁੱਲ੍ਹਿਆ

ਪੁਲਿਸ ਅਨੁਸਾਰ ਨਕਦੂ  ਨੇ ਆਪਣੇ ਦਸਤਾਵੇਜ਼ਾਂ ਵਿੱਚ ਆਪਣਾ ਨਾਮ ਬਦਲ ਲਿਆ ਸੀ

ਤਸਵੀਰ ਸਰੋਤ, Manav Shrivastava

ਦਰਅਸਲ ਅਕਤੂਬਰ ਵਿੱਚ ਪਿੰਡ ਵਿੱਚ ਹੀ ਨੰਦਲਾਲ ਉਰਫ਼ ਨਕਦੂ ਦੇ ਰਿਸ਼ਤੇਦਾਰਾਂ ਵਿਚਕਾਰ ਲੜਾਈ ਹੋਈ ਸੀ।

ਉਨ੍ਹਾਂ ਦੇ ਭਤੀਜੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਹੋਰ ਰਿਸ਼ਤੇਦਾਰਾਂ ਨੇ ਵੀ ਸ਼ਿਕਾਇਤ ਕੀਤੀ।

ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਸੀ ਕਿ ਨਕਦੂ ਨਾਮ ਦਾ ਵਿਅਕਤੀ ਪਿਛਲੇ 34 ਸਾਲਾਂ ਤੋਂ ਆਪਣਾ ਨਾਮ ਬਦਲ ਕੇ ਹੋਮਗਾਰਡ ਵਜੋਂ ਨੌਕਰੀ ਕਰ ਰਿਹਾ ਸੀ।

ਮੁਲਜ਼ਮ ਖ਼ਿਲਾਫ਼ 1984 ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਕਈ ਹੋਰ ਅਪਰਾਧਾਂ ਵਿੱਚ ਉਨ੍ਹਾਂ ਦਾ ਨਾਮ ਆਉਣ ਤੋਂ ਬਾਅਦ 1988 ਵਿੱਚ ਉਨ੍ਹਾਂ ਦੇ ਖਿਲਾਫ ਗੈਂਗਸਟਰ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਆਜ਼ਮਗੜ੍ਹ ਦੇ ਰਾਣੀ ਕੀ ਸਰਾਏ ਪੁਲਿਸ ਸਟੇਸ਼ਨ ਵਿੱਚ ਮੁਲਜ਼ਮ ਦਾ ਹਿਸਟ੍ਰੀਸ਼ੀਟ ਵੀ 1988 ਵਿੱਚ ਖੁਲ੍ਹਿਆ ਸੀ। ਇਸ ਦਾ ਨੰਬਰ 52A ਹੈ, ਜਿਸ ਦੀ 1988 ਤੋਂ ਵੈਰੀਫੀਕੇਸ਼ਨ ਵੀ ਹੁੰਦੀ ਰਹੀ ਹੈ।

ਮੁਲਜ਼ਮ ਵਿਰੁੱਧ ਪਛਾਣ ਲੁਕਾਉਣ ਅਤੇ ਧੋਖਾਧੜੀ ਦੇ ਇਲਜ਼ਾਮਾਂ ਤਹਿਤ 2024 ਵਿੱਚ ਭਾਰਤੀ ਨਿਆਂ ਸਹਿਤਾ ਦੀ ਧਾਰਾ 319 (2) ਅਤੇ 318 (4) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

1990 ਤੋਂ ਹੋਮ ਗਾਰਡ ਦੀ ਨੌਕਰੀ

ਪੁਲਿਸ ਸੁਪਰਡੈਂਟ ਹੇਮਰਾਜ ਮੀਣਾ ਦੇ ਮੁਤਾਬਕ ਮੁਲਜ਼ਮ ਨੇ 1984 ਵਿੱਚ ਨਿੱਜੀ ਦੁਸ਼ਮਣੀ ਕਾਰਨ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਇਸ ਤੋਂ ਬਾਅਦ ਮੁਲਜ਼ਮ ਦਾ ਨਾਮ ਡਕੈਤੀ ਸਮੇਤ ਕਈ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸਾਹਮਣੇ ਆਇਆ ਸੀ।

ਮੁਲਜ਼ਮ 1988-89 ਵਿੱਚ ਪੁਲਿਸ ਦੇ ਰਾਡਾਰ ਤੋਂ ਗਾਇਬ ਹੋ ਗਿਆ ਅਤੇ ਬਾਅਦ ਵਿੱਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਹੋਮ ਗਾਰਡ ਦੀ ਨੌਕਰੀ ਪ੍ਰਾਪਤ ਕਰ ਲਈ।

ਰਿਕਾਰਡ ਅਨੁਸਾਰ ਚੌਥੀ ਜਮਾਤ ਤੱਕ ਪੜ੍ਹਾਈ ਕਰਨ ਵਾਲੇ ਮੁਲਜ਼ਮ ਨੇ ਨੌਕਰੀ ਲਈ 8ਵੀਂ ਜਮਾਤ ਦੀ ਮਾਰਕਸ਼ੀਟ ਜਮ੍ਹਾਂ ਕਰਵਾਈ, ਜਿਸ ਵਿੱਚ ਉਨ੍ਹਾਂ ਦਾ ਨਾਮ ਨੰਦਲਾਲ ਪੁੱਤਰ ਲੋਕਾਈ ਯਾਦਵ ਵਜੋਂ ਦਰਜ ਹੈ।

ਪੁਲਿਸ ਹੁਣ ਉਨ੍ਹਾਂ ਅਧਿਕਾਰੀਆਂ ਦੀ ਵੀ ਜਾਂਚ ਕਰ ਰਹੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਚਰਿੱਤਰ ਸਰਟੀਫਿਕੇਟ ਜਾਰੀ ਕਰਨ ਵਿੱਚ ਮਦਦ ਕੀਤੀ ਜਾਂ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ।

ਮਾਮਲਾ ਸਾਹਮਣੇ ਆਉਣ ਸਮੇਂ ਮੁਲਜ਼ਮ ਦੀ ਉਮਰ 57 ਸਾਲ ਹੈ ਅਤੇ ਉਹ ਜਲਦੀ ਹੀ ਸੇਵਾਮੁਕਤ ਹੋਣ ਵਾਲੇ ਸਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI