Source :- BBC PUNJABI
ਅਮਰੀਕਾ ਅਤੇ ਕਤਰ ਨੇ ਐਲਾਨ ਕੀਤਾ ਹੈ ਕਿ ਇਜ਼ਰਾਈਲ ਅਤੇ ਹਮਾਸ ਗਾਜ਼ਾ ਵਿੱਚ ਜੰਗ ਰੋਕਣ ਲਈ ਸਹਿਮਤ ਹੋ ਗਏ ਹਨ।
ਹੁਣ ਨਾ ਸਿਰਫ਼ ਲੜਾਈ ਰੁਕੇਗੀ ਸਗੋਂ ਇਜ਼ਰਾਈਲੀ ਬੰਧਕਾਂ ਅਤੇ ਫਲਸਤੀਨੀ ਕੈਦੀਆਂ ਨੂੰ ਵੀ ਰਿਹਾਅ ਕੀਤਾ ਜਾਵੇਗਾ।
15 ਮਹੀਨਿਆਂ ਦੀ ਜੰਗ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਹੋਏ ਇਸ ਸਮਝੌਤੇ ਨੂੰ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
ਇਹ ਜੰਗ ਉਦੋਂ ਸ਼ੁਰੂ ਹੋਈ ਸੀ ਜਦੋਂ ਹਥਿਆਰਬੰਦ ਫਲਸਤੀਨੀ ਸਮੂਹ ਹਮਾਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ‘ਤੇ ਹਮਲਾ ਕਰ ਦਿੱਤਾ ਸੀ।
ਇਸ ਸਮਝੌਤੇ ਦੇ ਦੋਵਾਂ ਧਿਰਾਂ ਲਈ ਕੀ ਮਾਅਨੇ ਹਨ?
ਦੋਵਾਂ ਧਿਰਾਂ ਵਿਚਕਾਰ ਹੋਏ ਇਸ ਸਮਝੌਤੇ ਦੇ ਸਹਿਮਤੀ ਵਾਲੇ ਵੇਰਵੇ ਅਜੇ ਸਾਂਝੇ ਨਹੀਂ ਕੀਤੇ ਗਏ ਹਨ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਅਜੇ ਵੀ ਬਹੁਤ ਸਾਰੇ ਅਣਸੁਲਝੇ ਪਹਿਲੂ ਹਨ, ਜਿਨ੍ਹਾਂ ਦੀ ਉਹ ਜਾਂਚ ਕਰ ਰਹੇ ਹਨ।
ਇਸ ਸਮਝੌਤੇ ਤਹਿਤ ਗਾਜ਼ਾ ਵਿੱਚ ਜੰਗ ਰੁਕ ਜਾਵੇਗੀ। ਇਸ ਤੋਂ ਬਾਅਦ ਬੰਧਕਾਂ ਅਤੇ ਕੈਦੀਆਂ ਨੂੰ ਇੱਕ-ਦੂਜੇ ਦੇ ਹਵਾਲੇ ਕੀਤਾ ਜਾਵੇਗਾ।
ਜਦੋਂ ਹਮਾਸ ਨੇ ਅਕਤੂਬਰ 2023 ਵਿੱਚ ਇਜ਼ਰਾਈਲ ‘ਤੇ ਹਮਲਾ ਕੀਤਾ ਸੀ, ਤਾਂ 251 ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਹਮਾਸ ਕੋਲ ਅਜੇ ਵੀ 94 ਲੋਕ ਬੰਦੀ ਹਨ। ਹਾਲਾਂਕਿ, ਇਜ਼ਰਾਈਲ ਦਾ ਮੰਨਣਾ ਹੈ ਕਿ ਉਨ੍ਹਾਂ ਵਿੱਚੋਂ ਸਿਰਫ਼ 60 ਹੀ ਜਿਉਂਦੇ ਹਨ।
ਸਮਝੌਤੇ ਦੇ ਤਹਿਤ, ਇਜ਼ਰਾਈਲ ਵੱਲੋਂ ਬੰਧਕਾਂ ਦੇ ਬਦਲੇ ਲਗਭਗ 1,000 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਵਿੱਚੋਂ ਕੁਝ ਕਈ ਸਾਲਾਂ ਤੋਂ ਇਜ਼ਰਾਈਲੀ ਜੇਲ੍ਹਾਂ ਵਿੱਚ ਬੰਦ ਹਨ।
ਜੰਗਬੰਦੀ ਕਿਵੇਂ ਕੰਮ ਕਰ ਸਕਦੀ ਹੈ?
ਸਮਝੌਤੇ ਦੇ ਐਲਾਨ ਤੋਂ ਬਾਅਦ, ਇਹ ਜੰਗਬੰਦੀ ਤਿੰਨ ਪੜਾਵਾਂ ਵਿੱਚ ਅੱਗੇ ਵਧੇਗੀ। ਭਾਵੇਂ ਦੋਵੇਂ ਧਿਰਾਂ ਇਸ ‘ਤੇ ਸਹਿਮਤ ਹੋ ਗਈਆਂ ਹਨ, ਪਰ ਇਜ਼ਰਾਈਲ ਦੇ ਸੁਰੱਖਿਆ ਮੰਤਰੀ ਮੰਡਲ ਨੇ ਅਜੇ ਇਸ ਨੂੰ ਮਨਜ਼ੂਰੀ ਦੇਣੀ ਹੈ।
ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ ਥਾਨੀ ਨੇ ਕਿਹਾ ਕਿ ਜੇਕਰ ਇਸ ਸਮਝੌਤੇ ਨੂੰ ਕੈਬਨਿਟ ਵਿੱਚ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਨੂੰ ਐਤਵਾਰ ਤੋਂ ਲਾਗੂ ਕਰ ਦਿੱਤਾ ਜਾਵੇਗਾ।
ਆਓ ਹੁਣ ਜਾਣਦੇ ਹਾਂ ਕਿ ਇਹ ਸਮਝੌਤਾ ਹੁਣ ਕਿਵੇਂ ਅੱਗੇ ਵਧੇਗਾ-
ਪਹਿਲਾ ਪੜਾਅ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੁੱਧਵਾਰ ਨੂੰ ਸਮਝੌਤੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਪਹਿਲਾ ਪੜਾਅ ਛੇ ਹਫ਼ਤਿਆਂ ਤੱਕ ਚੱਲੇਗਾ ਅਤੇ ਇਸ ਵਿੱਚ “ਪੂਰੀ ਤਰ੍ਹਾਂ ਜੰਗਬੰਦੀ” ਹੋਵੇਗੀ।
ਬਾਇਡਨ ਨੇ ਕਿਹਾ ਕਿ ਸਮਝੌਤੇ ਦੇ ਤਹਿਤ, ਹਮਾਸ ਬੰਧਕਾਂ ਨੂੰ ਰਿਹਾਅ ਕਰੇਗਾ ਅਤੇ ਇਜ਼ਰਾਈਲ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ।
ਪਰ ਬਾਇਡਨ ਨੇ ਇਹ ਨਹੀਂ ਦੱਸਿਆ ਕਿ ਹਮਾਸ ਕੁੱਲ ਕਿੰਨੇ ਬੰਧਕਾਂ ਨੂੰ ਰਿਹਾਅ ਕਰਨ ਜਾ ਰਿਹਾ ਹੈ। ਹਾਲਾਂਕਿ ਕਤਰ ਦੇ ਪ੍ਰਧਾਨ ਮੰਤਰੀ ਅਲ ਥਾਨੀ ਨੇ ਬੁੱਧਵਾਰ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਹ ਗਿਣਤੀ 33 ਹੋਵੇਗੀ।
ਇਜ਼ਰਾਈਲੀ ਸਰਕਾਰ ਦੇ ਬੁਲਾਰੇ ਡੇਵਿਡ ਮੈਂਸਰ ਨੇ ਪਹਿਲਾਂ ਕਿਹਾ ਸੀ ਕਿ ਜਿਨ੍ਹਾਂ 33 ਬੰਧਕਾਂ ਨੂੰ ਰਿਹਾਅ ਕੀਤੇ ਜਾਣ ਦੀ ਸੰਭਾਵਨਾ ਹੈ, ਉਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ।
ਇੱਕ ਫਲਸਤੀਨੀ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਤਿੰਨ ਬੰਧਕਾਂ ਨੂੰ ਤੁਰੰਤ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਬਾਕੀ ਰਹਿੰਦੇ ਫਲਸਤੀਨੀ ਕੈਦੀਆਂ ਨਾਲ ਅਦਲਾ-ਬਦਲੀ ਆਉਂਦੇ ਛੇ ਹਫ਼ਤਿਆਂ ਦੌਰਾਨ ਹੋਵੇਗੀ।
ਬਾਇਡਨ ਨੇ ਕਿਹਾ ਕਿ ਇਸ ਪੜਾਅ ਦੌਰਾਨ, ਇਜ਼ਰਾਈਲੀ ਫੌਜਾਂ ਗਾਜ਼ਾ ਦੇ ਸਾਰੇ ਆਬਾਦੀ ਵਾਲੇ ਖੇਤਰਾਂ ਤੋਂ ਪਿੱਛੇ ਹੱਟ ਜਾਣਗੀਆਂ। ਇਸ ਦੇ ਨਾਲ ਹੀ ਫਲਸਤੀਨੀ ਵੀ ਗਾਜ਼ਾ ਦੇ ਸਾਰੇ ਖੇਤਰਾਂ ਵਿੱਚ ਆਪਣੇ ਘਰਾਂ ਨੂੰ ਵਾਪਸ ਜਾ ਸਕਣਗੇ।
ਇਜ਼ਰਾਈਲੀ ਹਮਲਿਆਂ ਕਾਰਨ ਗਾਜ਼ਾ ਵਿੱਚ ਲਗਭਗ 23 ਲੱਖ ਲੋਕ ਬੇਘਰ ਹੋ ਚੁੱਕੇ ਹਨ। ਜੰਗਬੰਦੀ ਤੋਂ ਬਾਅਦ, ਇਹ ਲੋਕ ਆਪਣੇ ਘਰਾਂ ਨੂੰ ਵਾਪਸ ਮੁੜ ਸਕਣਗੇ।
ਇਸ ਤੋਂ ਇਲਾਵਾ, ਗਾਜ਼ਾ ਵਿੱਚ ਮਨੁੱਖੀ ਸਹਾਇਤਾ ਦਾ ਕੰਮ ਵੀ ਅੱਗੇ ਵਧੇਗਾ ਅਤੇ ਹਰ ਰੋਜ਼ ਸੈਂਕੜੇ ਟਰੱਕਾਂ ਨੂੰ ਉੱਥੇ ਪਹੁੰਚਣ ਦੀ ਆਗਿਆ ਦਿੱਤੀ ਜਾਵੇਗੀ।
ਇੱਕ ਫਲਸਤੀਨੀ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਦੂਜੇ ਅਤੇ ਤੀਜੇ ਪੜਾਅ ਲਈ ਗੱਲਬਾਤ ਜੰਗਬੰਦੀ ਦੇ 16ਵੇਂ ਦਿਨ ਸ਼ੁਰੂ ਹੋਵੇਗੀ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਤੱਕ ਦੂਜੇ ਅਤੇ ਤੀਜੇ ਪੜਾਅ ਦੀ ਗੱਲਬਾਤ ਜਾਰੀ ਰਹੇਗੀ, ਉਦੋਂ ਤੱਕ ਜੰਗਬੰਦੀ ਜਾਰੀ ਰਹੇਗੀ।
ਦੂਜਾ ਪੜਾਅ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਮੁਤਾਬਕ, ਦੂਜੇ ਪੜਾਅ ਦਾ ਉਦੇਸ਼ ‘ਜੰਗ ਦਾ ਸਥਾਈ ਅੰਤ’ ਹੋਵੇਗਾ।
ਇਸ ਪੜਾਅ ਵਿੱਚ, ਬਾਕੀ ਬਚੇ ਬੰਧਕਾਂ ਅਤੇ ਉਨ੍ਹਾਂ ਦੇ ਬਦਲੇ ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।
ਇਹ ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ ਕੁੱਲ 1,000 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਿਆ ਹੈ। ਇਨ੍ਹਾਂ ਵਿੱਚੋਂ ਲਗਭਗ 190 ਕੈਦੀ ਅਜਿਹੇ ਹਨ ਜੋ 15 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਕੱਟ ਰਹੇ ਹਨ।
ਇੱਕ ਇਜ਼ਰਾਈਲੀ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਕਤਲ ਦੇ ਦੋਸ਼ੀ ਲੋਕਾਂ ਨੂੰ ਨਹੀਂ ਛੱਡਿਆ ਜਾਵੇਗਾ।
ਇਸ ਤੋਂ ਇਲਾਵਾ, ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਹੋ ਜਾਵੇਗੀ।
ਤੀਜਾ ਪੜਾਅ
ਤੀਜੇ ਅਤੇ ਆਖਰੀ ਪੜਾਅ ਵਿੱਚ ਗਾਜ਼ਾ ਦਾ ਪੁਨਰ ਨਿਰਮਾਣ ਸ਼ਾਮਲ ਹੋਵੇਗਾ। ਇਸ ਵਿੱਚ ਕਈ ਸਾਲ ਲੱਗ ਸਕਦੇ ਹਨ। ਇਸ ਪੜਾਅ ਵਿੱਚ, ਹਮਾਸ ਦੇ ਕਬਜ਼ੇ ਵਿੱਚ ਮਾਰੇ ਗਏ ਬੰਧਕਾਂ ਦੀਆਂ ਲਾਸ਼ਾਂ ਵੀ ਇਜ਼ਰਾਈਲ ਨੂੰ ਸੌਂਪੀਆਂ ਜਾਣਗੀਆਂ।
ਸਮਝੌਤੇ ਵਿੱਚ ਇਨ੍ਹਾਂ ਸਵਾਲਾਂ ਦੇ ਕੋਈ ਜਵਾਬ ਨਹੀਂ ਹਨ
ਜੋ ਕੁਝ ਹੁਣ ਹਾਸਲ ਹੋਈ ਹੈ, ਉਸ ਨੂੰ ਪ੍ਰਾਪਤ ਕਰਨ ਵਿੱਚ ਮਹੀਨਿਆਂ ਤੱਕ ਚੱਲੀਆਂ ਮੁਸ਼ਕਿਲ ਚਰਚਾਵਾਂ ਹਨ। ਇਸਦਾ ਮੁੱਖ ਕਾਰਨ ਇਹ ਸੀ ਕਿ ਇਜ਼ਰਾਈਲ ਅਤੇ ਹਮਾਸ ਇੱਕ ਦੂਜੇ ‘ਤੇ ਥੋੜ੍ਹਾ ਜਿਹਾ ਵੀ ਭਰੋਸਾ ਨਹੀਂ ਕਰਦੇ ਹਨ।
ਹਮਾਸ ਬੰਧਕਾਂ ਨੂੰ ਰਿਹਾਅ ਕਰਨ ਤੋਂ ਪਹਿਲਾਂ ਜੰਗ ਦਾ ਪੂਰੀ ਤਰ੍ਹਾਂ ਅੰਤ ਚਾਹੁੰਦਾ ਸੀ। ਪਰ ਇਜ਼ਰਾਈਲ ਨੂੰ ਇਹ ਸਵੀਕਾਰ ਨਹੀਂ ਸੀ।
ਜਦੋਂ ਤੱਕ ਦੋਵੇਂ ਧਿਰਾਂ ਜੰਗਬੰਦੀ ਦੀਆਂ ਸ਼ਰਤਾਂ ‘ਤੇ ਗੱਲਬਾਤ ਕਰ ਰਹੀਆਂ ਹੋਣਗੀਆਂ, ਜੰਗ ਪੂਰੀ ਤਰ੍ਹਾਂ ਬੰਦ ਰਹੇਗੀ।
ਇਹ ਅਜੇ ਬਿਲਕੁਲ ਵੀ ਸਪਸ਼ਟ ਨਹੀਂ ਹੈ।
ਇਜ਼ਰਾਈਲ ਦੇ ਮੁੱਖ ਯੁੱਧ ਉਦੇਸ਼ਾਂ ਵਿੱਚੋਂ ਇੱਕ ਹੈ ਹਮਾਸ ਦੀਆਂ ਫੌਜੀ ਅਤੇ ਸ਼ਾਸਨ ਕਰਨ ਦੀਆਂ ਸਮਰੱਥਾਵਾਂ ਨੂੰ ਤਬਾਹ ਕਰਨਾ ਰਿਹਾ ਹੈ।
ਇਜ਼ਰਾਈਲ ਨੇ ਹਮਾਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ, ਫਿਰ ਵੀ ਹਮਾਸ ਕੋਲ ਦੁਬਾਰਾ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦੀ ਸਮਰੱਥਾ ਹੈ।
ਇਹ ਵੀ ਸਪਸ਼ਟ ਨਹੀਂ ਹੈ ਕਿ ਕਿਹੜੇ ਬੰਧਕ ਜਿਉਂਦੇ ਹਨ ਅਤੇ ਕਿਹੜੇ ਮਰ ਚੁੱਕੇ ਹਨ। ਇਹ ਵੀ ਪਤਾ ਨਹੀਂ ਹੈ ਕਿ ਕੀ ਹਮਾਸ ਨੂੰ ਉਨ੍ਹਾਂ ਸਾਰੇ ਬੰਧਕਾਂ ਦਾ ਪਤਾ ਹੈ ਜੋ ਲਾਪਤਾ ਹਨ ਜਾਂ ਜਿਨ੍ਹਾਂ ਦੀ ਇਜ਼ਰਾਈਲ ਭਾਲ ਕਰ ਰਿਹਾ ਹੈ।
ਹਮਾਸ ਨੇ ਆਪਣੇ ਵੱਲੋਂ ਕੁਝ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ, ਪਰ ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਰਿਹਾਅ ਨਹੀਂ ਕਰੇਗਾ।
ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਉਹ ਕੱਟੜਪੰਥੀ ਵੀ ਸ਼ਾਮਲ ਹਨ ਜੋ 7 ਅਕਤੂਬਰ ਦੇ ਹਮਲਿਆਂ ਵਿੱਚ ਸ਼ਾਮਲ ਸਨ।
ਬਫਰ ਜ਼ੋਨ ਦਾ ਕੀ ਹੋਵੇਗਾ?
ਇਹ ਵੀ ਸਪਸ਼ਟ ਨਹੀਂ ਹੈ ਕਿ ਕੀ ਇਜ਼ਰਾਈਲ ਇੱਕ ਨਿਸ਼ਚਿਤ ਮਿਤੀ ਤੱਕ ਬਫਰ ਜ਼ੋਨ ਤੋਂ ਪਿੱਛੇ ਹਟਣ ਲਈ ਸਹਿਮਤ ਹੋਵੇਗਾ, ਜਾਂ ਫਿਰ ਬਫਰ ਜ਼ੋਨ ਵਿੱਚ ਉਸ ਦੀ ਮੌਜੂਦਗੀ ਅਣਮਿੱਥੇ ਸਮੇਂ ਤੱਕ ਜਾਰੀ ਰਹੇਗੀ।
ਅਤੀਤ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਕਈ ਨਿੱਕੀਆਂ-ਮੋਟੀਆਂ ਝੜਪਾਂ ਤੋਂ ਬਾਅਦ ਜੰਗਬੰਦੀ ਟੁੱਟਦੀ ਰਹੀ ਹੈ।
ਇਸ ਜੰਗਬੰਦੀ ਦੀ ਸਮਾਂ-ਸਾਰਣੀ ਅਤੇ ਇਸ ਦੀ ਗੁੰਝਲਤਾ ਦਾ ਮਤਲਬ ਹੈ ਕਿ ਇੱਕ ਛੋਟੀ ਜਿਹੀ ਘਟਨਾ ਵੀ ਦੁਬਾਰਾ ਜੰਗ ਸ਼ੁਰੂ ਕਰ ਸਕਦੀ ਹੈ।
ਇਹ ਸਮਝੌਤਾ ਕਿਵੇਂ ਲਾਗੂ ਹੋਵੇਗਾ?
ਅਮਰੀਕਾ ਅਤੇ ਕਤਰ ਨੇ ਇਸ ਸਮਝੌਤੇ ਦਾ ਐਲਾਨ ਕਰ ਦਿੱਤਾ ਹੈ ਪਰ ਇਸ ਨੂੰ ਇਜ਼ਰਾਈਲ ਦੇ ਕੈਬਨਿਟ ਦੀ ਪ੍ਰਵਾਨਗੀ ਮਿਲਣਾ ਅਜੇ ਬਾਕੀ ਹੈ। ਹਾਲਾਂਕਿ, ਇਜ਼ਰਾਈਲ ਵਿੱਚ ਦੱਖਣਪੱਖੀ ਸੱਤਾ ਦੇ ਬਾਵਜੂਦ ਇਹ ਮੰਨਿਆ ਜਾਂਦਾ ਹੈ ਕਿ ਇਸ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ।
ਕੈਬਨਿਟ ਦੀ ਮਹੱਤਵਪੂਰਨ ਬੈਠਕ ਵੀਰਵਾਰ ਹੋਣ ਦੀ ਸੰਭਾਵਨਾ ਹੈ।
ਸਮਝੌਤੇ ਦੇ ਦੂਜੇ ਪੜਾਅ ਵੱਲ ਵਧਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕਤਰ ਦੇ ਪ੍ਰਧਾਨ ਮੰਤਰੀ ਅਲ-ਥਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ‘ਤੇ ਪੂਰਾ ਭਰੋਸਾ ਹੈ ਪਰ ਸਭ ਕੁਝ ਦੋਵਾਂ ਧਿਰਾਂ ‘ਤੇ ਹੀ ਨਿਰਭਰ ਕਰੇਗਾ।
ਇਹ ਪੁੱਛੇ ਜਾਣ ‘ਤੇ ਕਿ ਇਸ ਸਮਝੌਤੇ ਨੂੰ ਸਫਲ ਬਣਾਉਣ ਲਈ ਕੀ ਕੀਤਾ ਜਾਵੇਗਾ, ਉਨ੍ਹਾਂ ਕਿਹਾ, “ਅਮਰੀਕਾ, ਮਿਸਰ ਅਤੇ ਕਤਰ ਸਮਝੌਤੇ ਦੇ ਲਾਗੂ ਹੋਣ ਦੀ ਨਿਗਰਾਨੀ ਕਰਨਗੇ।”
ਗਾਜ਼ਾ ‘ਤੇ ਕੌਣ ਰਾਜ ਕਰੇਗਾ?
ਸਭ ਤੋਂ ਵੱਡਾ ਅਣਸੁਲਝਿਆ ਸਵਾਲ ਤਾਂ ਇਹੀ ਹੈ ਕਿ ਜੰਗਬੰਦੀ ਤੋਂ ਬਾਅਦ ਗਾਜ਼ਾ ‘ਤੇ ਕੌਣ ਰਾਜ ਕਰੇਗਾ।
ਬੁੱਧਵਾਰ ਨੂੰ ਸਮਝੌਤੇ ਦੇ ਐਲਾਨ ਤੋਂ ਪਹਿਲਾਂ, ਫਲਸਤੀਨ ਦੇ ਪ੍ਰਧਾਨ ਮੰਤਰੀ ਮੁਹੰਮਦ ਮੁਸਤਫਾ ਨੇ ਕਿਹਾ ਸੀ ਕਿ ਕਾਇਦੇ ਨਾਲ ਗਾਜ਼ਾ ‘ਤੇ ਰਾਜ ਕਰਨ ਦਾ ਅਧਿਕਾਰ ਫਲਸਤੀਨੀ ਅਥਾਰਟੀ ਦਾ ਹੈ।
ਇਜ਼ਰਾਈਲ ਨਹੀਂ ਚਾਹੁੰਦਾ ਕਿ ਹਮਾਸ ਗਾਜ਼ਾ ‘ਤੇ ਰਾਜ ਕਰੇ।
ਪਰ ਇਜ਼ਰਾਈਲ ਇਹ ਵੀ ਨਹੀਂ ਚਾਹੁੰਦਾ ਕਿ ਫਲਸਤੀਨੀ ਅਥਾਰਟੀ ਗਾਜ਼ਾ ‘ਤੇ ਰਾਜ ਕਰੇ। ਇਹ ਅਥਾਰਟੀ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ (ਵੈਸਟ ਬੈਂਕ) ਦੇ ਕੁਝ ਹਿੱਸਿਆਂ ‘ਤੇ ਸ਼ਾਸਨ ਕਰਦੀ ਹੈ।
ਅਤੇ ਇਜ਼ਰਾਈਲ ਇਹ ਵੀ ਚਾਹੁੰਦਾ ਹੈ ਕਿ ਜੰਗ ਖ਼ਤਮ ਹੋਣ ਤੋਂ ਬਾਅਦ ਵੀ ਗਾਜ਼ਾ ਉੱਤੇ ਫੌਜੀ ਕੰਟਰੋਲ ਰਹੇ।
ਇਜ਼ਰਾਈਲ ਅਮਰੀਕਾ ਅਤੇ ਕਤਰ ਨਾਲ ਮਿਲ ਕੇ ਗਾਜ਼ਾ ਨੂੰ ਚਲਾਉਣ ਲਈ ਇੱਕ ਅਸਥਾਈ ਪ੍ਰਸ਼ਾਸਨ ਬਣਾਉਣ ਲਈ ਯੋਜਨਾਵਾਂ ‘ਤੇ ਚਰਚਾ ਕਰ ਰਿਹਾ ਹੈ। ਇਹ ਨਵਾਂ ਢਾਂਚਾ ਗਾਜ਼ਾ ਵਿੱਚ ਇੱਕ ਸਥਾਈ ਸਰਕਾਰ ਦਾ ਰੂਪ ਲੈ ਸਕਦਾ ਹੈ।
7 ਅਕਤੂਬਰ, 2023 ਨੂੰ ਕੀ ਹੋਇਆ ਅਤੇ ਗਾਜ਼ਾ ਵਿੱਚ ਕੀ ਹੋਇਆ ਸੀ?
ਹਮਾਸ ਦੇ ਸੈਂਕੜੇ ਬੰਦੂਕਧਾਰੀਆਂ ਨੇ ਦੱਖਣੀ ਇਜ਼ਰਾਈਲ ‘ਤੇ ਇੱਕ ਭਿਆਨਕ ਹਮਲਾ ਕੀਤਾ। ਕੱਟੜਪੰਥੀ ਵਾੜ ਤੋੜ ਕੇ ਇਜ਼ਰਾਈਲੀ ਸਰਹੱਦ ਵਿੱਚ ਦਾਖਲ ਹੋ ਗਏ। ਉਨ੍ਹਾਂ ਨੇ ਪੁਲਿਸ ਥਾਣਿਆਂ, ਫੌਜੀ ਟਿਕਾਣਿਆਂ ਅਤੇ ਕਈ ਸਰਹੱਦੀ ਬਸਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ।
ਇਨ੍ਹਾਂ ਹਮਲਿਆਂ ਵਿੱਚ ਲਗਭਗ 1,200 ਲੋਕ ਮਾਰੇ ਗਏ ਸਨ ਅਤੇ 250 ਤੋਂ ਵੱਧ ਬੰਧਕਾਂ ਨੂੰ ਹਮਾਸ ਦੇ ਲੜਾਕੇ ਆਪਣੇ ਨਾਲ ਗਾਜ਼ਾ ਵਾਪਸ ਲੈ ਗਏ। ਹਮਾਸ ਨੇ ਇਜ਼ਰਾਈਲ ‘ਤੇ ਹਜ਼ਾਰਾਂ ਰਾਕੇਟ ਵੀ ਦਾਗੇ ਸਨ।
ਇਸ ਦੇ ਜਵਾਬ ਵਿੱਚ, ਇਜ਼ਰਾਈਲ ਨੇ ਵੱਡੇ ਪੱਧਰ ‘ਤੇ ਫੌਜੀ ਕਾਰਵਾਈ ਸ਼ੁਰੂ ਕੀਤੀ, ਜਿਸ ਵਿੱਚ ਪਹਿਲਾਂ ਹਵਾਈ ਹਮਲੇ ਕੀਤੇ ਗਏ ਅਤੇ ਫਿਰ ਜ਼ਮੀਨੀ ਹਮਲੇ ਕੀਤੇ ਗਏ।
ਉਦੋਂ ਤੋਂ ਹੀ ਇਜ਼ਰਾਈਲ ਜ਼ਮੀਨ, ਸਮੁੰਦਰ ਅਤੇ ਹਵਾ ਦੇ ਰਸਤੇ ਗਾਜ਼ਾ ‘ਤੇ ਹਮਲੇ ਕਰ ਰਿਹਾ ਹੈ। ਇਸ ਦੌਰਾਨ ਹਮਾਸ ਨੇ ਵੀ ਇਜ਼ਰਾਈਲ ‘ਤੇ ਰਾਕੇਟ ਹਮਲੇ ਕੀਤੇ ਹਨ।
ਇਜ਼ਰਾਈਲ ਦੇ ਹਮਲਿਆਂ ਨੇ ਗਾਜ਼ਾ ਦਾ ਕਾਫੀ ਨੁਕਸਾਨ ਕੀਤਾ ਹੈ। ਉੱਥੇ ਖਾਣ-ਪੀਣ ਦੀਆਂ ਵਸਤਾਂ ਦੀ ਬਹੁਤ ਕਮੀ ਹੋ ਗਈ ਹੈ।
ਅੰਤਰਰਾਸ਼ਟਰੀ ਭਾਈਚਾਰਾ ਵੀ ਲੋੜਵੰਦਾਂ ਨੂੰ ਸਹੀ ਢੰਗ ਨਾਲ ਸਹਾਇਤਾ ਨਹੀਂ ਪਹੁੰਚਾ ਪਾ ਰਿਹਾ ਹੈ।
ਗਾਜ਼ਾ ਵਿੱਚ ਹਮਾਸ ਦੇ ਸਿਹਤ ਮੰਤਰਾਲੇ ਅਨੁਸਾਰ, ਇਜ਼ਰਾਈਲੀ ਹਮਲਿਆਂ ਵਿੱਚ ਹੁਣ ਤੱਕ 46,700 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਮੰਤਰਾਲੇ ਦਾ ਦਾਅਵਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਆਮ ਨਾਗਰਿਕ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI