Source :- BBC PUNJABI
ਏਆਈ ਦੀ ਮਦਦ ਨਾਲ, ਅਦਾਕਾਰ ਬ੍ਰੈਡ ਪਿਟ ਦੇ ਰੂਪ ਵਿੱਚ ਇੱਕ ਫਰਾਂਸੀਸੀ ਔਰਤ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਠੱਗਾਂ ਨੇ ਨਕਲੀ ਬ੍ਰੈਡ ਪਿਟ ਬਣ ਕੇ ਪੀੜਤ ਮਹਿਲਾ ਤੋਂ 830,000 ਯੂਰੋ (ਲਗਭਗ 7 ਕਰੋੜ 39 ਲੱਖ ਭਾਰਤੀ ਰੁਪਏ) ਠੱਗ ਲਏ।
ਸਿਰਫ਼ ਇੰਨਾਂ ਹੀ ਨਹੀਂ, ਇਸ ਘਟਨਾ ਤੋਂ ਬਾਅਦ ਉਸ ਮਹਿਲਾ ਦਾ ਵੱਡੇ ਪੱਧਰ ‘ਤੇ ਮਜ਼ਾਕ ਵੀ ਬਣਾਇਆ ਗਿਆ। ਇਸੇ ਸਿਲਸਿਲੇ ਵਿਚ ਫਰਾਂਸੀਸੀ ਪ੍ਰਸਾਰਕ ਟੀਐਫ਼1 ਨੂੰ ਉਸ ਮਹਿਲਾ ਬਾਰੇ ਇੱਕ ਪ੍ਰੋਗਰਾਮ ਹਟਾਉਣ ਲਈ ਮਜਬੂਰ ਹੋਣਾ ਪਿਆ, ਜਿਸ ਵਿੱਚ ਉਕਤ ਮਹਿਲਾ ਬਾਰੇ ਟਿੱਪਣੀਆਂ ਸਨ।
ਐਤਵਾਰ ਨੂੰ ਪ੍ਰਸਾਰਿਤ ਹੋਏ ਇਸ ਪ੍ਰਾਈਮਟਾਈਮ ਪ੍ਰੋਗਰਾਮ ਨੇ 53 ਸਾਲਾ ਇੰਟੀਰੀਅਰ ਡਿਜ਼ਾਈਨਰ ਐਨ ਵੱਲ ਕੌਮੀ ਧਿਆਨ ਖਿੱਚਿਆ। ਦਰਅਸਲ ਐਨ ਲਗਭਗ ਡੇਢ ਸਾਲ ਤੋਂ ਇਹ ਸਮਝ ਰਹੇ ਸਨ ਕਿ ਉਹ ਜਾਣੇ-ਪਛਾਣੇ ਅਦਾਕਾਰ ਬ੍ਰੈਡ ਪਿਟ ਨਾਲ ਰਿਸ਼ਤੇ ਵਿੱਚ ਸਨ। ਇਹ ਪ੍ਰੋਗਰਾਮ ਵੀ ਇਸੇ ਵਿਸ਼ੇ ਨਾਲ ਸਬੰਧਿਤ ਸੀ।
ਉਸ ਤੋਂ ਬਾਅਦ ਉਨ੍ਹਾਂ ਨੇ ਇੱਕ ਮਸ਼ਹੂਰ ਫ੍ਰੈਂਚ ਯੂਟਿਊਬ ਸ਼ੋਅ ਨੂੰ ਦੱਸਿਆ ਕਿ ਉਹ ਕੋਈ “ਪਾਗਲ ਜਾਂ ਮੂਰਖ” ਨਹੀਂ ਸਨ, ਸਗੋਂ “ਮੈਨੂੰ ਧੋਖਾ ਦਿੱਤਾ ਗਿਆ ਸੀ, ਮੈਂ ਇਸ ਨੂੰ ਸਵੀਕਾਰ ਕਰਦੀ ਹਾਂ, ਅਤੇ ਇਸੇ ਲਈ ਮੈਂ ਖੁੱਲ੍ਹ ਕੇ ਸਾਹਮਣੇ ਆਈ ਹਾਂ, ਕਿਉਂਕਿ ਅਜਿਹਾ ਕੁਝ ਝੱਲਣ ਵਾਲੀ ਮੈਂ ਇਕੱਲੀ ਨਹੀਂ ਹਾਂ।”
ਪਿਟ ਦੇ ਇੱਕ ਪ੍ਰਤੀਨਿਧੀ ਨੇ ਯੂਐੱਸ ਆਉਟਲੈਟ ਐਂਟਰਟੇਨਮੈਂਟ ਵੀਕਲੀ ਨੂੰ ਦੱਸਿਆ ਕਿ ਇਹ “ਭਿਆਨਕ ਹੈ ਕਿ ਠੱਗ ਮਸ਼ਹੂਰ ਹਸਤੀਆਂ ਨਾਲ ਪ੍ਰਸ਼ੰਸਕਾਂ ਦੇ ਮਜ਼ਬੂਤ ਸਬੰਧਾਂ ਦਾ ਫਾਇਦਾ ਉਠਾਉਂਦੇ ਹਨ।”
ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ “ਸੋਸ਼ਲ ਮੀਡੀਆ ‘ਤੇ ਵੱਡੀ ਮੌਜੂਦਗੀ ਵਾਲੇ ਅਦਾਕਾਰਾਂ” ਦੇ ਨਾਮ ‘ਤੇ ਜੁੜਨ ਵਾਲੇ ਲੋਕਾਂ ਦਾ ਆਮ ਲੋਕਾਂ ਨੂੰ ਕੋਈ ਜਵਾਬ ਨਹੀਂ ਦੇਣਾ ਚਾਹੀਦਾ।
ਸੈਂਕੜੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਐਨ ਦਾ ਖੂਬ ਮਜ਼ਾਕ ਬਣਾਇਆ।
ਇਸ ਸਬੰਧੀ ਪ੍ਰੋਗਰਾਮ ਵਿੱਚ ਦੱਸਿਆ ਗਿਆ ਸੀ ਕਿ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਐਨ ਨੇ ਆਪਣੀ ਜ਼ਿੰਦਗੀ ਦੀ ਸਾਰੀ ਜਮਾਂ ਪੂੰਜੀ ਗੁਆ ਦਿੱਤੀ ਸੀ ਅਤੇ ਤਿੰਨ ਵਾਰ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।
ਨੈੱਟਫਲਿਕਸ ਫਰਾਂਸ ਨੇ ਐਕਸ ‘ਤੇ, “ਬ੍ਰੈਡ ਪਿਟ ਨਾਲ ਚਾਰ ਫਿਲਮਾਂ (ਅਸਲ ਵਿੱਚ)” ਦਾ ਇਸ਼ਤਿਹਾਰ ਦੇਣ ਵਾਲੀ ਇੱਕ ਪੋਸਟ ਪਾਈ। ਜਦਕਿ, (ਹੁਣ ਮਿਟਾਏ ਗਏ) ਇੱਕ ਪੋਸਟ ਵਿੱਚ, ਟੂਲੂਸ ਐਫਸੀ (ਇੱਕ ਫੁੱਟਬਾਲ ਕਲੱਬ) ਨੇ ਕਿਹਾ: “ਹਾਏ ਐਨ, ਬ੍ਰੈਡ ਨੇ ਸਾਨੂੰ ਦੱਸਿਆ ਕਿ ਉਹ ਬੁੱਧਵਾਰ ਨੂੰ ਸਟੇਡੀਅਮ ਆ ਰਿਹਾ ਹੈ… ਅਤੇ ਤੁਸੀਂ?”। ਦੱਸ ਦੇਈਏ ਕਿ ਕਲੱਬ ਨੇ ਇਸ ਪੋਸਟ ਲਈ ਮੁਆਫੀ ਮੰਗ ਲਈ ਹੈ।
ਮੰਗਲਵਾਰ ਨੂੰ, ਟੀਐਫ਼1 (ਪ੍ਰੋਗਰਾਮ) ਨੇ ਕਿਹਾ ਕਿ ਉਸ ਨੇ ਐਨ ਬਾਰੇ ਪ੍ਰੋਗਰਾਮ ਦੇ ਹਿੱਸੇ ਨੂੰ ਹਟਾ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਗਵਾਹੀ ਨੇ “ਸ਼ੋਸ਼ਣ ਸਬੰਧੀ ਇੱਕ ਲਹਿਰ” ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਇਹ ਪ੍ਰੋਗਰਾਮ ਅਜੇ ਵੀ ਔਨਲਾਈਨ ਲੱਭਿਆ ਜਾ ਸਕਦਾ ਹੈ।
ਕਿਵੇਂ ਸ਼ੁਰੂ ਹੋਇਆ ਇਹ ਸਿਲਸਿਲਾ
ਰਿਪੋਰਟ ਵਿੱਚ, ਐਨ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਉਨ੍ਹਾਂ ਨੇ ਫਰਵਰੀ 2023 ਵਿੱਚ ਇੰਸਟਾਗ੍ਰਾਮ ਐਪ ਡਾਊਨਲੋਡ ਕੀਤਾ। ਐਨ ਮੁਤਾਬਕ, ਉਸ ਵੇਲੇ ਉਹ ਇੱਕ ਅਮੀਰ ਉਦਯੋਗਪਤੀ ਨਾਲ ਵਿਆਹੇ ਹੋਏ ਸਨ।
ਉਨ੍ਹਾਂ ਮੁਤਾਬਕ, ਐਪ ਡਾਊਨਲੋਡ ਕਰਨ ਤੋਂ ਬਾਅਦ ਤੁਰੰਤ ਕਿਸੇ ਨੇ ਉਨ੍ਹਾਂ ਨਾਲ ਸੰਪਰਕ ਕੀਤਾ, ਜਿਸਨੇ ਕਿਹਾ ਕਿ ਉਹ ਪਿਟ ਦੀ ਮਾਂ, ਜੇਨ ਏਟਾ ਹੈ, ਜਿਸਨੇ ਐਨ ਨੂੰ ਦੱਸਿਆ ਕਿ ਉਸਦੇ ਪੁੱਤਰ ਨੂੰ “ਉਸ ਵਰਗੀ ਔਰਤ ਦੀ ਲੋੜ ਹੈ”।
ਅਗਲੇ ਦਿਨ ਪਿੱਟ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਵਿਅਕਤੀ ਨੇ ਐਨ ਨਾਲ ਸੰਪਰਕ ਕੀਤਾ, ਇਸ ਦੇ ਨਾਲ ਹੀ ਐਨ ਲਈ ਖਤਰੇ ਦੀ ਘੰਟੀ ਵੱਜ ਗਈ। ਉਨ੍ਹਾਂ ਕਿਹਾ, “ਪਰ ਇੱਕ ਅਜਿਹੀ ਔਰਤ ਹੋਣ ਦੇ ਨਾਤੇ ਜਿਸ ਨੂੰ ਸੋਸ਼ਲ ਮੀਡੀਆ ਦੀ ਬਹੁਤੀ ਆਦਤ ਨਹੀਂ ਹੈ, ਮੈਨੂੰ ਅਸਲ ਵਿੱਚ ਪਤਾ ਹੀ ਨਹੀਂ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ।”
ਇੱਕ ਵਾਰ, “ਬ੍ਰੈਡ ਪਿਟ” ਨੇ ਕਿਹਾ ਕਿ ਉਸ ਨੇ ਐਨ ਨੂੰ ਮਹਿੰਗੇ ਤੋਹਫ਼ੇ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਨ੍ਹਾਂ ‘ਤੇ ਕਸਟਮ ਡਿਊਟੀ ਦਾ ਭੁਗਤਾਨ ਨਹੀਂ ਕਰ ਸਕਿਆ ਕਿਉਂਕਿ ਅਦਾਕਾਰਾ ਐਂਜਲੀਨਾ ਜੋਲੀ ਨਾਲ ਤਲਾਕ ਦੀ ਕਾਰਵਾਈ ਕਾਰਨ ਉਸਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਸਨ। ਇਸ ਕਾਰਨ ਐਨ ਨੂੰ 9000 ਯੂਰੋ ਟ੍ਰਾਂਸਫਰ ਕਰਨੇ ਪਏ, ਜੋ ਕਿ ਅਸਲ ਵਿੱਚ ਠੱਗਾਂ ਕੋਲ ਜਾ ਰਹੇ ਸਨ।
ਐਨ ਨੇ ਕਿਹਾ, “ਇੱਕ ਮੂਰਖ ਵਾਂਗ, ਮੈਂ ਪੈਸੇ ਭੇਜ ਦਿੱਤੇ ਹਰ ਵਾਰ ਜਦੋਂ ਵੀ ਮੈਂ ਉਸ ‘ਤੇ ਸ਼ੱਕ ਕਰਦੀ ਸੀ, ਉਹ ਮੇਰੇ ਸ਼ੱਕ ਦੂਰ ਕਰਨ ਵਿੱਚ ਕਾਮਯਾਬ ਹੋ ਜਾਂਦਾ ਸੀ।”
ਪੈਸਿਆਂ ਦੀ ਅਜਿਹੀ ਮੰਗ ਹੋਰ ਵੀ ਵਧ ਗਈ ਜਦੋਂ ਨਕਲੀ ਬ੍ਰੈਡ ਪਿਟ ਨੇ ਐਨ ਨੂੰ ਕਿਹਾ ਕਿ ਉਸ ਨੂੰ ਗੁਰਦੇ ਦੇ ਕੈਂਸਰ ਦੇ ਇਲਾਜ ਲਈ ਪੈਸਿਆਂ ਦੀ ਲੋੜ ਹੈ। ਆਪਣੀ ਗੱਲ ਦਾ ਭਰੋਸਾ ਕਰਵਾਉਣ ਲਈ ਉਸ ਨੇ ਐਨ ਨੂੰ ਹਸਪਤਾਲ ਦੇ ਬਿਸਤਰ ‘ਤੇ ਪਏ ਬ੍ਰੈਡ ਪਿਟ ਦੀਆਂ ਕਈ ਫੋਟੋਆਂ ਭੇਜੀਆਂ, ਜੋ ਕਿ ਏਆਈ ਨਾਲ ਬਣਾਈਆਂ ਗਈਆਂ ਸਨ।
ਐਨ ਨੇ ਦੱਸਿਆ, “ਮੈਂ ਇੰਟਰਨੈੱਟ ‘ਤੇ ਤਸਵੀਰਾਂ ਭਾਲਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਉਹ ਨਹੀਂ ਮਿਲੀਆਂ, ਇਸ ਲਈ ਮੈਂ ਸੋਚਿਆ ਕਿ ਇਸ ਦਾ ਮਤਲਬ ਹੈ ਕਿ ਉਸ ਨੇ ਉਹ ਸੈਲਫ਼ੀਆਂ ਸਿਰਫ਼ ਮੇਰੇ ਲਈ ਲਈਆਂ ਹਨ।”
ਇਸ ਦੌਰਾਨ, ਐਨ ਅਤੇ ਉਨ੍ਹਾਂ ਦੇ ਪਤੀ ਦਾ ਤਲਾਕ ਹੋ ਗਿਆ ਅਤੇ ਇਸ ਤਲਾਕ ਤੋਂ ਐਨ ਨੂੰ 775,000 ਯੂਰੋ ਵੀ ਮਿਲੇ, ਜੋ ਕਿ ਸਾਰੇ ਹੀ ਠੱਗਾਂ ਦੇ ਖਾਤੇ ਚਲੇ ਗਏ।
ਐਨ, ਜੋ ਕਿ ਆਪ ਇੱਕ ਕੈਂਸਰ ਸਰਵਾਈਵਰ ਹਨ, ਨੇ ਕਿਹਾ ਕਿ “ਮੈਂ ਆਪਣੇ ਆਪ ਨੂੰ ਕਿਹਾ ਕਿ ਮੈਂ ਸ਼ਾਇਦ ਕਿਸੇ ਦੀ ਜਾਨ ਬਚਾ ਰਹੀ ਹਾਂ।”
ਐਨ ਦੀ ਧੀ, ਜੋ ਹੁਣ 22 ਸਾਲਾਂ ਦੀ ਹੈ, ਨੇ ਟੀਐਫ਼1 ਨੂੰ ਦੱਸਿਆ ਕਿ ਉਨ੍ਹਾਂ ਨੇ “ਆਪਣੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ”, ਪਰ ਉਨ੍ਹਾਂ ਦੀ ਮਾਂ ਬਹੁਤ ਉਤਸ਼ਾਹਿਤ ਸੀ। ਉਹ ਅੱਗੇ ਕਹਿੰਦੇ ਹਨ ਕਿ “ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਉਹ (ਮਾਂ) ਕਿੰਨੀ ਭੋਲੀ ਸੀ।”
ਜਦੋਂ ਗਾਸਿਪ ਮੈਗਜ਼ੀਨਾਂ ਨੇ ਅਸਲੀ ਬ੍ਰੈਡ ਪਿਟ ਅਤੇ ਉਨ੍ਹਾਂ ਦੀ ਨਵੀਂ ਪ੍ਰੇਮਿਕਾ ਇਨੇਸ ਡੀ ਰੈਮਨ ਸਬੰਧੀ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਤਾਂ ਐਨ ਦਾ ਸ਼ੱਕ ਵਧ ਗਿਆ।
ਪਰ ਉਸੇ ਵੇਲੇ ਠੱਗਾਂ ਨੇ ਐਨ ਨੂੰ ਇੱਕ ਜਾਅਲੀ ਖ਼ਬਰ ਭੇਜੀ, ਜਿਸ ਵਿੱਚ ਇੱਕ ਏਆਈ ਨਾਲ ਤਿਆਰ ਕੀਤਾ ਵੀਡੀਓ ਸੀ। ਵੀਡੀਓ ਵਿੱਚ ਇੱਕ ਐਂਕਰ ਦੱਸ ਰਿਹਾ ਸੀ ਕਿ ਬ੍ਰੈਡ ਪਿਟ ”ਇੱਕ ਖ਼ਾਸ ਮਹਿਲਾ ਨਾਲ ਰਿਸ਼ਤੇ ਵਿੱਚ ਹਨ.. ਜਿਸਦਾ ਨਾਮ ਐਨ ਹੈ।”
ਇਸ ਵੀਡੀਓ ਨੇ ਐਨ ਨੂੰ ਕੁਝ ਸਮੇਂ ਲਈ ਰਾਹਤ ਦਿੱਤੀ, ਪਰ ਜਦੋਂ ਅਸਲੀ ਬ੍ਰੈਡ ਪਿਟ ਅਤੇ ਇਨੇਸ ਡੀ ਰੈਮਨ ਨੇ ਜੂਨ 2024 ਵਿੱਚ ਆਪਣੇ ਰਿਸ਼ਤੇ ਨੂੰ ਜਗ ਜਾਹਿਰ ਕਰ ਦਿੱਤਾ, ਤਾਂ ਐਨ ਨੇ ਸਭ ਕੁਝ ਖਤਮ ਕਰਨ ਦਾ ਫੈਸਲਾ ਕਰ ਲਿਆ।
ਜਦੋਂ ਠੱਗਾਂ ਨੇ “ਸਪੈਸ਼ਲ ਐਫਬੀਆਈ ਏਜੰਟ ਜੌਨ ਸਮਿਥ” ਦੀ ਆੜ ਵਿੱਚ ਐਨ ਤੋਂ ਹੋਰ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ, ਤਾਂ ਐਨ ਨੇ ਪੁਲਿਸ ਨਾਲ ਸੰਪਰਕ ਕੀਤਾ। ਹੁਣ ਇਸ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਟੀਐਫ਼1 ਪ੍ਰੋਗਰਾਮ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਐਨ ਨੂੰ ਦੀਵਾਲੀਆ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਤਿੰਨ ਵਾਰ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ।
ਐਨ ਨੇ ਰੋਂਦੇ ਹੋਏ ਕਿਹਾ, “ਇਹ ਸਭ ਦਰਦਨਾਕ ਚੀਜ਼ ਮੇਰੇ ਨਾਲ ਹੀ ਕਿਉਂ ਹੋਈ? ਇਹ ਲੋਕ ਨਰਕ ਦੇ ਹੱਕਦਾਰ ਹਨ। ਸਾਨੂੰ ਉਨ੍ਹਾਂ ਠੱਗਾਂ ਨੂੰ ਲੱਭਣਾ ਪਵੇਗਾ, ਮੈਂ ਤੁਹਾਨੂੰ ਬੇਨਤੀ ਕਰਦੀ ਹਾਂ – ਕਿਰਪਾ ਕਰਕੇ ਉਨ੍ਹਾਂ ਨੂੰ ਲੱਭਣ ਵਿੱਚ ਮੇਰੀ ਮਦਦ ਕਰੋ।”
ਪਰ ਮੰਗਲਵਾਰ ਨੂੰ ਇੱਕ ਯੂਟਿਊਬ ਇੰਟਰਵਿਊ ਵਿੱਚ ਐਨ ਨੇ ਟੀਐਫ਼1 ‘ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਾਰ-ਵਾਰ ਮੇਰੇ ਮਨ ‘ਚ ਉੱਠ ਰਹੇ ਸ਼ੱਕਾਂ ਦੀ ਗੱਲ ਕੀਤੀ ਕਿ ਕੀ ਉਹ (ਮੈਂ) ਅਸਲ ਬ੍ਰੈਡ ਪਿਟ ਨਾਲ ਗੱਲ ਕਰ ਰਹੀ ਸੀ ਜਾਂ ਨਹੀਂ।
ਐਨ ਦਾ ਮੰਨਣਾ ਹੈ ਕਿ ਪ੍ਰੋਗਰਾਮ ਮੁਤਾਬਕ ਕੋਈ ਵੀ ਅਜਿਹੇ ਜਾਲ ਵਿੱਚ ਫਸ ਸਕਦਾ ਹੈ, ਜੇਕਰ ਉਸ ਨੂੰ ਅਜਿਹੇ ਸ਼ਬਦ ਕਹੇ ਜਾਣ ”ਜੋ ਸ਼ਬਦ ਤੁਸੀਂ ਆਪਣੇ ਪਤੀ ਤੋਂ ਕਦੇ ਨਾ ਸੁਣੇ ਹੋਣ।”
ਐਨ ਨੇ ਕਿਹਾ ਕਿ ਉਹ ਹੁਣ ਇੱਕ ਦੋਸਤ ਨਾਲ ਰਹਿ ਰਹੇ ਹਨ, “ਮੇਰੀ ਪੂਰੀ ਜ਼ਿੰਦਗੀ ਕੁਝ ਡੱਬਿਆਂ ਵਾਲਾ ਇੱਕ ਛੋਟਾ ਜਿਹਾ ਕਮਰਾ ਹੈ। ਮੇਰੇ ਕੋਲ ਬੱਸ ਇਹੀ ਬਚਿਆ ਹੈ।”
ਜਿੱਥੇ ਬਹੁਤ ਸਾਰੇ ਔਨਲਾਈਨ ਉਪਭੋਗਤਾਵਾਂ ਨੇ ਐਨ ਦਾ ਮਜ਼ਾਕ ਉਡਾਇਆ, ਉੱਥੇ ਹੀ ਕਈਆਂ ਨੇ ਉਨ੍ਹਾਂ ਦਾ ਪੱਖ ਵੀ ਲਿਆ।
ਐਕਸ ‘ਤੇ ਇੱਕ ਪੋਸਟ ‘ਚ ਲਿਖਿਆ ਗਿਆ, “ਮੈਂ ਇਸ ਦੇ ਹਾਸੋਹੀਣੇ ਪੱਖ ਨੂੰ ਸਮਝਦਾ ਹਾਂ, ਪਰ ਅਸੀਂ ਆਪਣੇ 50ਵਿਆਂ ‘ਚ ਚੱਲ ਰਹੀ ਇੱਕ ਮਹਿਲਾ ਬਾਰੇ ਗੱਲ ਕਰ ਰਹੇ ਹਾਂ, ਜਿਸ ਨੂੰ ਡੀਪਫੇਕਸ ਅਤੇ ਏਆਈ ਨਾਲ ਧੋਖਾ ਦਿੱਤਾ ਗਿਆ ਹੈ। ਜਿਸ ਨੂੰ ਕਿ ਤੁਹਾਡੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਵੀ ਨਹੀਂ ਪਛਾਣ ਸਕਣਗੇ।”
ਅਖਬਾਰ ਲਿਬਰੇਸ਼ਨ ਵਿੱਚ ਇੱਕ ਓਪ-ਐਡ ਵਿੱਚ ਕਿਹਾ ਗਿਆ ਹੈ ਕਿ ਐਨ ਇੱਕ “ਵਿਸਲਬਲੋਅਰ” ਸਨ: “ਅੱਜ ਦੀ ਜ਼ਿੰਦਗੀ ਸਾਈਬਰਟ੍ਰੈਪਸ ਨਾਲ ਭਰੀ ਹੋਈ ਹੈ… ਅਤੇ ਏਆਈ ਦੀ ਤਰੱਕੀ ਇਸ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦੇਵੇਗੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI