Source :- BBC PUNJABI
ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੌਨਲਡ ਟਰੰਪ ਦੀ ਜਿੱਤ ਤੋਂ ਬਾਅਦ ਦੱਖਣੀ ਕੋਰੀਆ ਵਿੱਚ ਸ਼ੁਰੂ ਹੋਏ 4ਬੀ ਅੰਦੋਲਨ ਵਿੱਚ ਦੁਨੀਆ ਭਰ ਦੀ ਦਿਲਚਸਪੀ ਵਧ ਗਈ ਹੈ ਪਰ ਕੁਝ ਔਰਤਾਂ ਇਸ ਦੇ ਚਾਰ ਸਿਧਾਂਤਾਂ – ਸੈਕਸ ਨਾ ਕਰਨਾ, ਡੇਟਿੰਗ ਨਾ ਕਰਨਾ, ਵਿਆਹ ਨਾ ਕਰਨਾ ਅਤੇ ਬੱਚੇ ਪੈਦਾ ਨਾ ਕਰਨਾ ਅਨੁਸਾਰ ਕਿਉਂ ਜਿਉਣਾ ਚਾਹੁੰਦੀਆਂ ਹਨ?
ਮਿਨ-ਜੂ ਨੂੰ ਉਹ ਪੋਸਟ ਯਾਦ ਹੈ ਜਿਸ ਨੇ ਦੁਨੀਆਂ ਭਰ ਦੀਆਂ ਔਰਤਾਂ ਦਾ ਧਿਆਨ ਖਿੱਚਿਆ ਸੀ: ”ਟਰੰਪ ਦੀ ਚੋਣ ਤੋਂ ਬਾਅਦ, ਪੁਰਸ਼ਾਂ ਦਾ ਕਹਿਣਾ ਹੈ ਕਿ ਗਰਭਪਾਤ ਇੱਕ ਪਾਪ ਹੈ, ਫਿਰ ਵੀ ਉਹ ਅਜੇ ਵੀ ਔਰਤਾਂ ਤੋਂ ਉਨ੍ਹਾਂ ਨਾਲ ਜਿਨਸੀ ਸਬੰਧ ਬਣਾਉਣ ਦੀ ਉਮੀਦ ਕਰਦੇ ਹਨ। ਇਹ ਦੋਵੇਂ ਗੱਲਾਂ ਇਕੱਠੀਆਂ ਨਹੀਂ ਰਹਿ ਸਕਦੀਆਂ।”
27 ਸਾਲਾ ਇਹ ਮੁਟਿਆਰ, ਜਿਸ ਨੇ ਇਸ ਸਬੰਧੀ ਸਾਡੇ ਨਾਲ ਗੱਲ ਕਰਨ ਵਾਲੀਆਂ ਕਈ ਔਰਤਾਂ ਦੀ ਤਰ੍ਹਾਂ ਪਰੇਸ਼ਾਨੀ ਪੈਦਾ ਹੋਣ ਦੇ ਡਰੋਂ ਆਪਣਾ ਨਾਮ ਬਦਲਣ ਲਈ ਕਿਹਾ ਸੀ, ਉਹ 4ਬੀ ਸਿਧਾਂਤਾਂ ਯਾਨੀ ਨਾ ਡੇਟਿੰਗ, ਨਾ ਸੈਕਸ, ਨਾ ਵਿਆਹ ਅਤੇ ਨਾ ਹੀ ਬੱਚਾ ਪੈਦਾ ਕਰਨ ਦੀਆਂ ਸ਼ਰਤਾਂ ‘ਤੇ ਆਪਣਾ ਜੀਵਨ ਜਿਉਂਦੀ ਹੈ।
ਇਹ ਦੱਖਣੀ ਕੋਰੀਆਈ ਨਾਰੀਵਾਦੀਆਂ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਅੰਦੋਲਨ ਹੈ ਜੋ ਸਮਾਜ ਵਿੱਚ ਮੌਜੂਦ ਔਰਤਾਂ ਪ੍ਰਤੀ ਨਫ਼ਰਤ ਦੇ ਵਿਰੋਧ ਵਿੱਚ ਮਰਦਾਂ ਤੋਂ ਬਿਨਾਂ ਰਹਿਣ ਦਾ ਫੈਸਲਾ ਕਰਦੀਆਂ ਹਨ।
ਮਿਨ-ਜੂ ਕਹਿੰਦੇ ਹਨ, ”ਅਸੀਂ ਲਗਾਤਾਰ ਅਜਿਹੀਆਂ ਖ਼ਬਰਾਂ ਸੁਣਦੇ ਹਾਂ ਕਿ ਔਰਤਾਂ ਡੇਟਿੰਗ ਦੌਰਾਨ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ ਜਾਂ ਰਿਸ਼ਤਾ ਖਤਮ ਕਰਨ ਦੀ ਕੋਸ਼ਿਸ਼ ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਜਾ ਰਿਹਾ ਹੈ।”
ਰਵਾਇਤੀ ਲਿੰਗ ਭੂਮਿਕਾਵਾਂ ਅਤੇ ਉਮੀਦਾਂ ਨੂੰ ਚੁਣੌਤੀ ਦਿੰਦੇ ਹੋਏ, ਹੁਣ ਇਹ ਅੰਦੋਲਨ ਸੰਯੁਕਤ ਰਾਜ ਅਮਰੀਕਾ ਵਿੱਚ ਫੈਲਣ ਲੱਗਿਆ ਹੈ।
ਹਾਲ ਹੀ ਦੇ ਹਫ਼ਤਿਆਂ ਵਿੱਚ, ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ 4ਬੀ ਅੰਦੋਲਨ ਬਾਰੇ ਚਰਚਾਵਾਂ ਨੇ ਪੱਛਮੀ ਜਗਤ ਵਿੱਚ ਦਿਲਚਸਪੀ ਪੈਦਾ ਕਰ ਦਿੱਤੀ ਹੈ।
ਦੱਖਣੀ ਕੋਰੀਆਈ ਨਾਰੀਵਾਦੀ ਜੋ ਇਸ ਅੰਦੋਲਨ ਦੇ ਸਿਧਾਂਤਾਂ ਅਨੁਸਾਰ ਵਿਕਸਿਤ ਹੋਏ ਹਨ ਅਤੇ ਜਿਉਂਦੇ ਹਨ, ਉਹ ਹਾਲ ਹੀ ਵਿੱਚ ਇਸ ਪ੍ਰਤੀ ਆਲਮੀ ਧਿਆਨ ਆਕਰਸ਼ਿਤ ਹੋਣ ਤੋਂ ਉਤਸ਼ਾਹਿਤ ਅਤੇ ਨਿਰਾਸ਼ ਦੋਵੇਂ ਤਰ੍ਹਾਂ ਮਹਿਸੂਸ ਕਰ ਰਹੇ ਹਨ।
4ਬੀ ਕੀ ਹੈ?
ਇੱਕ ਔਰਤ ਨੇ ਸਿਰਫ਼ ਪ੍ਰਜਨਨ ਲਈ ਇੱਕ ਸਾਧਨ ਮੰਨਣ ਦੀ ਧਾਰਨਾ ਦੇ ਖਿਲਾਫ਼ ਆਪਣਾ ਵਿਰੋਧ ਪ੍ਰਗਟਾਉਣ ਲਈ ‘ਬੇਬੀ ਵੈਂਡਿੰਗ ਮਸ਼ੀਨ’ ਨਾਮਕ ਇੱਕ ਪੁਸ਼ਾਕ ਪਹਿਨੀ ਸੀ।
ਟਰਮ ‘4ਬੀ’ ਦੀ ਉਤਪਤੀ ਚਾਰ ਕੋਰੀਆਈ ਵਾਕਾਂਸ਼ਾਂ ਤੋਂ ਹੋਈ ਹੈ: ਬੀ ਯੇਓਨ-ਏ (Bi Yeon-ae) (ਡੇਟਿੰਗ ਨਹੀਂ), ਬੀ ਸੈਕਸ (Bi Sex) (ਸੈਕਸ ਨਹੀਂ), ਬੀ ਹੋਨ (Bi Hon) (ਵਿਆਹ ਨਹੀਂ) ਅਤੇ ਬੀ ਚੁਲ-ਸਾਨ (Bi Chul-san) (ਬੱਚੇ ਨੂੰ ਜਨਮ ਨਹੀਂ ਦੇਣਾ)।
ਕੋਰੀਆਈ ਭਾਸ਼ਾ ਵਿੱਚ ਅਗੇਤਰ ‘ਬੀ’ (Bi) ਦਾ ਅਰਥ ‘ਨਹੀਂ’ ਹੁੰਦਾ ਹੈ।
ਜੀ-ਸਨ, (ਬਦਲਿਆ ਹੋਇਆ ਨਾਮ) ਕਹਿੰਦੀ ਹੈ: ”ਇਹ ਇੱਕ ਸੰਕਲਪ ਹੈ, ਇੱਕ ਅੰਦੋਲਨ ਹੈ ਅਤੇ ਔਰਤਾਂ ਲਈ ਇੱਕ ਰੋਜ਼ਾਨਾ ਅਭਿਆਸ ਹੈ।”
ਗਰਭਪਾਤ ਅਧਿਕਾਰ ਸਮੂਹ ਬੀ-ਵੇਵ (ਜਿਸ ਦਾ ਨਾਂ ਇਸ ਅੰਦੋਲਨ ਨਾਲ ਸਬੰਧਿਤ ਨਹੀਂ ਹੈ) ਦੀ ਇੱਕ ਸਾਬਕਾ ਨੇਤਾ, ਕਹਿੰਦੀ ਹੈ ਕਿ 4ਬੀ ਦੀ ਕਲਪਨਾ 2016 ਦੇ ਆਸਪਾਸ ਕਈ ਕੱਟੜਪੰਥੀ ਨਾਰੀਵਾਦੀ ਸਮੂਹਾਂ ਦੁਆਰਾ ਕੀਤੀ ਗਈ ਸੀ।
ਜੀ-ਸਨ ਦਾ ਕਹਿਣਾ ਹੈ ਕਿ ਬੀ ਹੋਨ (ਵਿਆਹ ਨਹੀਂ ਕਰਾਉਣਾ) ਦੀ ਰਚਨਾ ਉਸ ਮਰਦ-ਪ੍ਰਧਾਨ ਵਿਚਾਰ ਨੂੰ ਰੱਦ ਕਰਨ ਲਈ ਕੀਤੀ ਗਈ ਸੀ ਕਿ ਵਿਆਹ ਔਰਤਾਂ ਲਈ ਇੱਕ ‘ਸੰਪੂਰਨ’ ਸਥਿਤੀ ਹੈ।
ਔਰਤਾਂ ਦੀ ਖੁਦਮੁਖਤਿਆਰੀ ‘ਤੇ ਜ਼ੋਰ ਦੇਣ ਲਈ ਸੈਕਸ, ਡੇਟਿੰਗ ਅਤੇ ਬੱਚਾ ਪੈਦਾ ਕਰਨ ਨੂੰ ਅਸਵੀਕਾਰ ਕਰਨਾ ਵਰਗੇ ਹੋਰ ਸਿਧਾਂਤਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ।
”ਇਹ ਕਿਸੇ ਤਰ੍ਹਾਂ ਮੁਨਕਰ ਹੋਣਾ ਨਹੀਂ ਹੈ-ਜਿਸ ਦਾ ਮਤਲਬ ਕਿਸੇ ਜ਼ਿੰਮੇਵਾਰੀ ਤੋਂ ਭੱਜਣਾ ਹੋਵੇ, ਬਲਕਿ ਇਹ ਆਪਣੇ ਆਪ ਦਾ ਸਤਿਕਾਰ ਕਰਨ ਦਾ ਇੱਕ ਵਿਕਲਪ ਹੈ।
ਉਨ੍ਹਾਂ ਲਈ 4ਬੀ ਦਾ ਮਤਲਬ ਪਿੱਤਰਸੱਤਾ ਨੂੰ ਖਤਮ ਕਰਨਾ ਹੈ, ਮਰਦਾਂ ਨੂੰ ਅਸਵੀਕਾਰ ਕਰਨਾ ਨਹੀਂ।
ਉਹ ਕਹਿੰਦੇ ਹਨ, ”ਇਹ ਔਰਤਾਂ ਲਈ ਮਨੁੱਖ ਵਾਂਗ ਜਿਉਣ ਦਾ ਅੰਦੋਲਨ ਹੈ।”
”ਡੇਟਿੰਗ, ਸੈਕਸ, ਵਿਆਹ ਅਤੇ ਬੱਚੇ ਪੈਦਾ ਕਰਨਾ ਅਸਲ ਵਿੱਚ ਔਰਤਾਂ ਨੂੰ ਕਮਜ਼ੋਰ ਬਣਾਉਂਦਾ ਹੈ।”
ਜੀ-ਸਨ ਨੇ ‘6ਬੀ’ ਦੇ ਨਵੇਂ ਸੰਕਲਪ ਬਾਰੇ ਵੀ ਗੱਲ ਕੀਤੀ ਜੋ ਉਸ ਅੰਦੋਲਨ ਦਾ ਵਿਸਥਾਰ ਹੈ ਜਿਸ ਵਿੱਚ ‘ਬੀ ਸੋ-ਬੀ’ (ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਉਤਪਾਦਾਂ ਤੋਂ ਪਰਹੇਜ਼ ਕਰਨਾ) ਅਤੇ ‘ਬੀ ਡੋਬ-ਬੀ’ (ਅਣਵਿਆਹੀਆਂ ਔਰਤਾਂ ਵੱਲੋਂ ਇੱਕ ਦੂਜੇ ਦਾ ਸਮਰਥਨ ਕਰਨਾ) ਸ਼ਾਮਲ ਹਨ।
ਗੋਂਗ ਯੇਓਨ-ਹਵਾ, ਜਿਨ੍ਹਾਂ ਨੇ ਇਸ ਅੰਦੋਲਨ ਬਾਰੇ ਅਕਾਦਮਿਕ ਪੇਪਰ ਲਿਖੇ ਹਨ, ਯਾਦ ਕਰਦੇ ਹਨ ਕਿ ਉਨ੍ਹਾਂ ਨੇ ਕਦੋਂ 4ਬੀ ਸਿਧਾਂਤਾਂ ਨੂੰ ਅਪਣਾਉਣ ਦਾ ਫੈਸਲਾ ਕੀਤਾ ਸੀ।
ਉਨ੍ਹਾਂ ਨੇ ਕਿਹਾ, ”ਇਹ ਇੱਕ ਅਜਿਹਾ ਸਮਾਂ ਸੀ ਜਿਸ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਵਾਪਰੀਆਂ।”
ਉਨ੍ਹਾਂ ਨੇ ਗੰਗਨਮ ਸਟੇਸ਼ਨ ‘ਤੇ 23 ਸਾਲਾ ਲੜਕੀ ਦੀ ਮੌਤ ਦਾ ਜ਼ਿਕਰ ਕੀਤਾ, ਜਿਸ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਔਰਤ ਸੀ; ਗੁਪਤ ਕੈਮਰਿਆਂ ਦੀ ਵਰਤੋਂ ਕਰਕੇ ਔਰਤ ਦਾ ਫਿਲਮਾਂਕਣ ਕਰਨਾ ਅਤੇ ਵੈੱਬਹਾਰਡ ਕਾਰਟੇਲ ਜੋ ਅਜਿਹੇ ਵੀਡੀਓ ਔਨਲਾਈਨ ਵੰਡਦਾ ਸੀ, ਇੱਕ ਮਹਾਂਮਾਰੀ ਹੀ ਸੀ।
ਉਹ ਅੱਗੇ ਕਹਿੰਦੇ ਹਨ, ”ਕਈ ਔਰਤਾਂ ਨੂੰ ਇਹ ਅਹਿਸਾਸ ਹੋਣ ਲੱਗਾ ਕਿ ਨਾ ਸਿਰਫ਼ ਵਿਆਹ, ਸਗੋਂ ਡੇਟਿੰਗ ਅਤੇ ਇੱਥੋਂ ਤੱਕ ਕਿ ਜਿਨਸੀ ਸਬੰਧ ਬਣਾਉਣਾ ਵੀ ਉਨ੍ਹਾਂ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।”
ਗੰਗਨਾਮ ਕਤਲ, ਜਿਸ ਵਿੱਚ 2016 ਵਿੱਚ ਇੱਕ 34 ਸਾਲਾ ਵਿਅਕਤੀ ਨੇ ਜਨਤਕ ਟਾਇਲਟ ਵਿੱਚ ਇੱਕ ਔਰਤ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਸੀ, ਸਿਓਲ ਵਿੱਚ ਨਾਰੀਵਾਦੀਆਂ ਲਈ ਲਾਮਬੰਦੀ ਦਾ ਇੱਕ ਮੁੱਦਾ ਬਣ ਗਿਆ ਸੀ।
ਔਰਤਾਂ ਸੜਕਾਂ ‘ਤੇ ਉਤਰ ਆਈਆਂ ਅਤੇ ਨਾਅਰੇ ਲਗਾਉਣ ਲੱਗੀਆਂ: ”ਉਹ ਸਿਰਫ਼ ਇਸ ਲਈ ਪੀੜਤ ਬਣੀ ਕਿਉਂਕਿ ਉਹ ਇੱਕ ਔਰਤ ਸੀ।”
ਯੇਓਨ-ਹਵਾ ਲਿੰਗ ਸਮਾਨਤਾ ਅਤੇ ਪਰਿਵਾਰ ਮੰਤਰਾਲੇ ਦੀ 2020 ਦੀ ਇੱਕ ਰਿਪੋਰਟ ਨੂੰ ਯਾਦ ਕਰਦੀ ਹੈ, ਜਿਸ ਵਿੱਚ ਪਾਇਆ ਗਿਆ ਸੀ ਕਿ 42% ਪੁਰਸ਼ ਉੱਤਰਦਾਤਾਵਾਂ ਨੇ ਘੱਟੋ-ਘੱਟ ਇੱਕ ਵਾਰ ਵੇਸਵਾਗਮਨੀ ਵਿੱਚ ਸ਼ਾਮਲ ਹੋਣ ਦੀ ਗੱਲ ਸਵੀਕਾਰ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਖੁਲਾਸੇ ਦੇ ਬਾਅਦ ਉਨ੍ਹਾਂ ਦੀਆਂ ਸਹੇਲੀਆਂ ਵਿੱਚ ਆਪਣੇ ਮਰਦ ਸਾਥੀਆਂ ਪ੍ਰਤੀ ਸ਼ੱਕ ਵਧ ਗਿਆ ਹੈ।
”ਮੈਂ ਵੀ ਕਈ ਵਾਰ ਇਕੱਲਾਪਣ ਮਹਿਸੂਸ ਕਰਦੀ ਹਾਂ ਅਤੇ ਸਬੰਧ ਬਣਾਉਣ ਲਈ ਤਰਸਦੀ ਹਾਂ। ਪਰ ਮੈਨੂੰ ਅਹਿਸਾਸ ਹੋਇਆ ਹੈ ਕਿ ਸ਼ੱਕ ਅਤੇ ਡਰ ਨਾਲ ਭਰਿਆ ਰਿਸ਼ਤਾ ਓਨਾ ਮੁੱਲਵਾਨ ਨਹੀਂ ਹੁੰਦਾ ਜਿੰਨਾ ਕਿ ਦੂਜੀਆਂ ਔਰਤਾਂ ਦੀ ਸਹਾਇਤਾ ਕਰਨ ਵਿੱਚ ਆਪਣਾ ਸਮਾਂ ਅਤੇ ਊਰਜਾ ਲਗਾਉਣਾ ਹੈ।”
4ਬੀ ਵਿੱਚ ਦੱਖਣੀ ਕੋਰੀਆਈ ਔਰਤਾਂ
4ਬੀ ਦਾ ਸਮਰਥਨ ਕਰਨ ਵਾਲੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੱਖਣੀ ਕੋਰੀਆ ਵਿੱਚ 4ਬੀ ਨਾਰੀਵਾਦੀ ਵਜੋਂ ਰਹਿਣ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਨੂੰ ਅਕਸਰ ਅਸੁਰੱਖਿਅਤ ਮਹਿਸੂਸ ਹੁੰਦਾ ਹੈ।
ਮਿਨ-ਜੂ ਲਈ 4ਬੀ ਆਪਣੇ ਆਪ ਨੂੰ ਸਰੀਰਕ ਅਤੇ ਮਾਨਸਿਕ ਦੋਵਾਂ ਰੂਪਾਂ ਨਾਲ ਉਸ ਹਿੰਸਾ ਤੋਂ ਬਚਾਉਣ ਦਾ ਇੱਕ ਤਰੀਕਾ ਹੈ ਜਿਸ ਦਾ ਸਾਹਮਣਾ ਔਰਤਾਂ ਰਿਸ਼ਤਿਆਂ ਵਿੱਚ ਕਰਦੀਆਂ ਹਨ।
ਉਹ ਕਹਿੰਦੇ ਹਨ, ”ਦੋਸ਼ੀਆਂ ਨੂੰ ਅਕਸਰ ਬਹੁਤ ਘੱਟ ਸਜ਼ਾ ਮਿਲਦੀ ਹੈ।”
”ਕੋਰੀਆ ਵਿੱਚ ਡੇਟਿੰਗ ਕਰਨਾ ਅਜਿਹਾ ਲੱਗਦਾ ਹੈ ਜਿਵੇਂ ਕਿਸੇ ਮਰਦ ਨੂੰ ਮੈਨੂੰ ਨੁਕਸਾਨ ਪਹੁੰਚਾਉਣ ਜਾਂ ਇੱਥੋਂ ਤੱਕ ਕੇ ਬਿਨਾਂ ਕਿਸੇ ਕਾਰਨ ਦੇ ਮੇਰੀ ਜਾਨ ਵੀ ਲੈਣ ਦਾ ਅਧਿਕਾਰ ਦੇ ਦਿੱਤਾ ਗਿਆ ਹੋਵੇ।”
30 ਸਾਲਾਂ ਇੱਕ ਔਰਤ ਗੋਮਸੇ, ਜੋ ਸਿਰਫ਼ ਆਪਣੇ ਉਪਨਾਮ ਨਾਲ ਜਾਣਿਆ ਜਾਣਾ ਚਾਹੁੰਦੀ ਹੈ, ਕਹਿੰਦੀ ਹੈ ਕਿ ਆਪਣੇ ਅੰਡਕੋਸ਼ ਨੂੰ ਹਟਾਉਣ ਲਈ ਡਾਕਟਰੀ ਪ੍ਰਕਿਰਿਆ ਤੋਂ ਬਾਅਦ ਉਹ 4ਬੀ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਹੋਈ।
ਉਹ ਯਾਦ ਕਰਦੀ ਹੋਈ ਦੱਸਦੀ ਹੈ,”ਡਾਕਟਰਾਂ ਨੇ ਮੇਰੇ ਅੰਡਕੋਸ਼ ਦੀ ਕਾਰਜ ਸਮਰੱਥਾ ਨੂੰ ਬਹਾਲ ਕਰਨ ‘ਤੇ ਧਿਆਨ ਕੇਂਦਰਿਤ ਕੀਤਾ, ਪਰ ਉਨ੍ਹਾਂ ਦੀ ਮੁੱਖ ਚਿੰਤਾ ਪ੍ਰਜਨਨ ਸੀ।”
”ਉਨ੍ਹਾਂ ਨੇ ਕਿਸੇ ਵੀ ਸਥਿਤੀ ਲਈ ਮੇਰੇ ਆਂਡੇ ਫ੍ਰੀਜ਼ ਕਰਨ ਦੀ ਪੇਸ਼ਕਸ਼ ਕੀਤੀ, ਜਿਸ ਵਿੱਚ ਮੇਰੀ ਬਿਮਾਰੀ ਦੇ ਬਾਵਜੂਦ ਆਂਡਿਆਂ ਨੂੰ ਕੱਢਣਾ ਅਤੇ ਹਾਰਮੋਨ ਦੇ ਟੀਕੇ ਲਗਾਉਣੇ ਸ਼ਾਮਲ ਸਨ।”
”ਇਸ ਨਾਲ ਮੈਨੂੰ ਇਹ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਇੱਕ ਔਰਤ ਦੇ ਸਰੀਰ ਨੂੰ ਪ੍ਰਜਨਨ ਲਈ ਇੱਕ ਸਾਧਨ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।”
ਗੋਮਸੇ ਦਾ ਕਹਿਣਾ ਹੈ ਕਿ 4ਬੀ ਵਿਰੋਧ ਦਾ ਇੱਕ ਅਸਰਗਰਮ ਰੂਪ ਹੈ, ਜਿਸ ਦਾ ਔਰਤਾਂ ਖੁੱਲ੍ਹੇ ਤੌਰ ‘ਤੇ ਐਲਾਨ ਨਹੀਂ ਕਰਦੀਆਂ, ਪਰ ਪ੍ਰਜਨਨ ਨੂੰ ਕੰਟਰੋਲ ਕਰਨ ਲਈ ਚੁੱਪਚਾਪ ਅਜਿਹਾ ਕਰਨ ਦਾ ਫੈਸਲਾ ਲੈਂਦੀਆਂ ਹਨ।
ਉਹ ਕਹਿੰਦੇ ਹਨ, ”ਇਹ ਇੱਕ ਅਜਿਹੇ ਸਮਾਜ ਵਿੱਚ ਜਿਉਂਦੇ ਰਹਿਣ ਦਾ ਇੱਕ ਤਰੀਕਾ ਬਣ ਗਿਆ ਹੈ ਜੋ ਔਰਤਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਦਾ ਹੈ।”
”ਇਹ ਔਰਤ-ਵਿਰੋਧੀ ਅਤੇ ਨਾਰੀਵਾਦ ਵਿਰੁੱਧ ਇੱਕ ਰਾਸ਼ਟਰੀ ਬਾਈਕਾਟ ਹੈ।”
ਔਰਤਾਂ ਮੰਨਦੀਆਂ ਹਨ ਕਿ ਦੱਖਣੀ ਕੋਰੀਆ ਵਿੱਚ 4ਬੀ ਸਿਧਾਂਤਾਂ ਅਨੁਸਾਰ ਜਿਉਣਾ ਚੁਣੌਤੀਪੂਰਨ ਹੈ।
ਮਿਨ-ਜੂ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਮਰਦ ਦੋਸਤਾਂ ਜਾਂ ਸਹਿਕਰਮੀਆਂ ਨੂੰ ਆਪਣੇ ਫੈਸਲੇ ਬਾਰੇ ਨਹੀਂ ਦੱਸਿਆ।
ਉਹ ਕਹਿੰਦੇ ਹਨ, ”ਮੈਨੂੰ ਲੱਗਦਾ ਹੈ ਕਿ ਖੁੱਲ੍ਹੇ ਤੌਰ ‘ਤੇ 4ਬੀ ਦੇ ਰੂਪ ਵਿੱਚ ਪਛਾਣਨਾ ਜੋਖਮ ਭਰਿਆ ਹੈ।”
”ਮੈਂ ਕਈ ਨਾਰੀਵਾਦੀਆਂ ਅਤੇ ਬੀ ਹੋਨ (ਵਿਆਹ ਤੋਂ ਬਾਹਰ ਰਹਿਣ ਦਾ ਵਿਕਲਪ ਚੁਣਨਾ) ਦੀ ਵਕਾਲਤ ਕਰਨ ਵਾਲਿਆਂ ਨੂੰ ਔਨਲਾਈਨ ਆਪਣਾ ਪੱਖ ਜਨਤਕ ਤੌਰ ‘ਤੇ ਸਾਂਝਾ ਕਰਨ ਤੋਂ ਬਾਅਦ ਸਾਈਬਰ ਬੁਲਿੰਗ ਦਾ ਸਾਹਮਣਾ ਕਰਦੇ ਹੋਏ ਦੇਖਿਆ ਹੈ।”
ਯੇਓਨ-ਹਵਾ ਹੁਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ ਅਤੇ ਕਹਿੰਦੀ ਹੈ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਜੱਦੀ ਦੇਸ਼ ਉਨ੍ਹਾਂ ਲਈ ‘ਅਸੁਰੱਖਿਅਤ’ ਹੈ।
ਉਹ ਕਹਿੰਦੇ ਹਨ, ”ਲਿੰਗ ਭੇਦਭਾਵ ਦਾ ਸਾਹਮਣਾ ਕਰਨ ਤੋਂ ਇਲਾਵਾ, ਔਰਤਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਅਤੇ ਨਾਰੀਵਾਦ ਦੀ ਪੈਰਵੀ ਕਰਨ ‘ਤੇ ਵੀ ਮੈਨੂੰ ਧਮਕੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਮੈਂ ਬਹੁਤ ਪਰੇਸ਼ਾਨ ਹੋ ਗਈ।”
”ਜਦੋਂ ਵੀ ਮੈਂ ਖੁੱਲ੍ਹ ਕੇ 4ਬੀ ਅੰਦੋਲਨ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਦੀ ਹਾਂ, ਤਾਂ ਮੈਨੂੰ ਤੁਰੰਤ ‘ਨਾਰੀਵਾਦੀ’ ਕਰਾਰ ਦੇ ਦਿੱਤਾ ਜਾਂਦਾ ਹੈ, ਇਹ ਇੱਕ ਅਜਿਹਾ ਸ਼ਬਦ ਹੈ ਜੋ ਕੋਰੀਆਈ ਸਮਾਜ ਵਿੱਚ ਦੁਸ਼ਮਣੀ ਭੜਕਾ ਸਕਦਾ ਹੈ।”
”ਦੱਖਣੀ ਕੋਰੀਆ ਇਨ੍ਹਾਂ ਅੰਦੋਲਨਾਂ ਦਾ ਜਨਮ ਸਥਾਨ ਇਸ ਲਈ ਬਣਿਆ ਕਿਉਂਕਿ ਸਮਾਜ ਵਿੱਚ ਔਰਤਾਂ ਪ੍ਰਤੀ ਨਫ਼ਰਤ ਦੀ ਭਾਵਨਾ ਗਹਿਰਾਈ ਨਾਲ ਮੌਜੂਦ ਹੈ।”
4ਬੀ ਦਾ ਦੂਜੇ ਦੇਸ਼ਾਂ ਵਿੱਚ ਵਿਸਤਾਰ
ਗਰਭਪਾਤ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ‘ਤੇ ਟਰੰਪ ਦੇ ਰੁਖ਼ ਨੇ ਅਮਰੀਕਾ ਵਿੱਚ ਕੁਝ ਔਰਤਾਂ ਨੂੰ ਉਨ੍ਹਾਂ ਦੀ ਚੋਣ ਜਿੱਤ ਤੋਂ ਬਾਅਦ 4ਬੀ ਅੰਦੋਲਨ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ।
ਗਰਭਪਾਤ ‘ਤੇ ਆਉਣ ਵਾਲੇ ਅਮਰੀਕੀ ਰਾਸ਼ਟਰਪਤੀ ਦੇ ਰੁਖ਼, ਜੋ ਇਹ ਤੈਅ ਕਰਨ ਲਈ ਰਾਜਾਂ ‘ਤੇ ਨਿੱਜੀ ਫੈਸਲਾ ਲੈਣਾ ਛੱਡ ਦਿੰਦਾ ਹੈ ਕਿ ਕਿਹੜੇ ਨਿਯਮ ਲਾਗੂ ਕੀਤੇ ਜਾਣ, ਨੇ ਸੰਭਾਵੀ ਸੰਘੀ ਗਰਭਪਾਤ ਪਾਬੰਦੀ ਬਾਰੇ ਔਰਤਾਂ ਦੇ ਅਧਿਕਾਰ ਸਮੂਹਾਂ ਵਿਚਕਾਰ ਡਰ ਪੈਦਾ ਕਰ ਦਿੱਤਾ ਹੈ।
ਰਿਪਬਲਿਕਨ ਰਾਸ਼ਟਰਪਤੀ, ਸੈਨੇਟ ਅਤੇ ਪ੍ਰਤੀਨਿਧੀ ਸਭਾ ਨੂੰ ਕੰਟਰੋਲ ਕਰਨ ਲਈ ਤਿਆਰ ਹੈ ਅਤੇ ਸੁਪਰੀਮ ਕੋਰਟ ਵਿੱਚ ਰੂੜੀਵਾਦੀ ਬਹੁਮਤ ਦੇ ਨਾਲ, ਉਹ ਪ੍ਰਤੀਬੰਧਿਤ ਕਾਨੂੰਨ ਪਾਸ ਕਰਨ ਲਈ ਮਜ਼ਬੂਤ ਸਥਿਤੀ ਵਿੱਚ ਹਨ।
ਇਸ ਤੋਂ ਇਲਾਵਾ, ਔਰਤਾਂ ਬਾਰੇ ਟਰੰਪ ਦੀਆਂ ਪਿਛਲੀਆਂ ਟਿੱਪਣੀਆਂ, ਜਿਨ੍ਹਾਂ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ ਅਤੇ ਉਨ੍ਹਾਂ ਨੂੰ ਚੁਣੌਤੀ ਦੇਣ ਵਾਲੀ ਕਮਲਾ ਹੈਰਿਸ ਬਾਰੇ ਵਿਵਾਦਪੂਰਨ ਟਿੱਪਣੀਆਂ ਵੀ ਸ਼ਾਮਲ ਹਨ, ਇਨ੍ਹਾਂ ‘ਤੇ ਮੁੜ ਗੌਰ ਕੀਤਾ ਜਾ ਰਿਹਾ ਹੈ।
ਇਸ ਦੇ ਜਵਾਬ ਵਿੱਚ ਅਮਰੀਕੀ ਔਰਤਾਂ ਵਿਚਕਾਰ ਮਰਦਾਂ ਦਾ ‘ਬਾਈਕਾਟ’ ਕਰਨ ਅਤੇ 4ਬੀ ਅਪਣਾਉਣ ਲਈ ਅੰਦੋਲਨ ਵਧ ਰਿਹਾ ਹੈ।
ਅੰਦੋਲਨ ਬਾਰੇ ਸੋਸ਼ਲ ਮੀਡੀਆ ਪੋਸਟਾਂ ਮਹੱਤਵਪੂਰਨ ਧਿਆਨ ਆਕਰਸ਼ਿਤ ਕਰ ਰਹੀਆਂ ਹਨ, ਜਦੋਂ ਕਿ ਸਰਚ ਇੰਜਨ ਡੇਟਾ ਪਿਛਲੇ ਕੁਝ ਮਹੀਨਿਆਂ ਵਿੱਚ ਦਿਲਚਸਪੀ ਵਿੱਚ ਨਾਟਕੀ ਵਾਧਾ ਦਰਸਾਉਂਦਾ ਹੈ।
ਯੇਓਨ-ਹਵਾ 4ਬੀ ਦੇ ਵਿਸ਼ਵਵਿਆਪੀ ਪ੍ਰਸਾਰ ਨੂੰ ਸਕਾਰਾਤਮਕ ਅਤੇ ਖੱਟੇ-ਮਿੱਠੇ ਦੋਵੇਂ ਰੂਪਾਂ ਵਿੱਚ ਦੇਖਦੇ ਹਨ।
ਉਹ ਕਹਿੰਦੇ ਹਨ, ”ਇੱਕ ਪਾਸੇ, ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ 4ਬੀ, ਕੋਰੀਆਈ ਔਰਤਾਂ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਅੰਦੋਲਨ, ਹੁਣ ਵਿਸ਼ਵ ਪੱਧਰ ‘ਤੇ ਨਾਰੀਵਾਦੀ ਗੱਲਬਾਤ ਦਾ ਹਿੱਸਾ ਬਣ ਗਿਆ ਹੈ।”
ਉਹ ਅੱਗੇ ਕਹਿੰਦੇ ਹਨ, ”ਪਰ ਇਹ ਅਪਮਾਨਜਨਕ ਵੀ ਹੈ। ਨਾਰੀਵਾਦੀ ਵਿਚਾਰ ਵਿੱਚ ਅਮਰੀਕਾ, ਕੋਰੀਆ ਤੋਂ 100 ਸਾਲ ਅੱਗੇ ਹੈ, ਫਿਰ ਵੀ ਉੱਥੇ 4ਬੀ ਨੂੰ ਅਪਣਾਉਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਔਰਤਾਂ ਲਈ ਸੁਰੱਖਿਅਤ ਅਤੇ ਬਰਾਬਰੀ ਨਾਲ ਰਹਿਣਾ ਅਮਰੀਕਾ ਵਿੱਚ ਵੀ ਅਜੇ ਕਿੰਨਾ ਚੁਣੌਤੀਪੂਰਨ ਹੈ।”
”ਇਹ ਔਰਤਾਂ ਨੂੰ ਦਰਪੇਸ਼ ਵਿਸ਼ਵਵਿਆਪੀ ਸੰਘਰਸ਼ਾਂ ਨੂੰ ਉਜਾਗਰ ਕਰਦਾ ਹੈ।”
ਹਾਲਾਂਕਿ, ਦੱਖਣੀ ਕੋਰੀਆ ਵਿੱਚ 4ਬੀ ਬਾਰੇ ਜਨਤਕ ਜਾਗਰੂਕਤਾ ਅਤੇ ਭਾਵਨਾ ਸੀਮਤ ਜਾਂ ਨਕਾਰਾਤਮਕ ਬਣੀ ਹੋਈ ਹੈ।
ਕਿਮ ਹਯੂਨ-ਜੰਗ ਨੂੰ ਇਸ ਅੰਦੋਲਨ ਬਾਰੇ ਪਹਿਲੀ ਵਾਰ ਤਿੰਨ ਸਾਲ ਪਹਿਲਾਂ ਔਨਲਾਈਨ ਪਤਾ ਲੱਗਿਆ ਸੀ।
30 ਸਾਲਾ ਇਹ ਔਰਤ ਕਹਿੰਦੀ ਹੈ, ”ਮੈਂ 4ਬੀ ਦੀ ਪਾਲਣਾ ਕਰਨ ਵਾਲੇ ਲੋਕਾਂ ਦਾ ਮੁਲਾਂਕਣ ਨਹੀਂ ਕਰਦੀ, ਪਰ ਮੈਂ ਦੇਖਿਆ ਹੈ ਕਿ ਕੁਝ ਲੋਕ ਦੂਜੀਆਂ ਔਰਤਾਂ ਨੂੰ ਉਹੀ ਕਦਰਾਂ-ਕੀਮਤਾਂ ਨੂੰ ਨਾ ਅਪਣਾਉਣ ਲਈ ਦੋਸ਼ੀ ਠਹਿਰਾਉਂਦੇ ਹਨ, ਜੋ ਬਿਲਕੁਲ ਗਲਤ ਗੱਲ ਹੈ।”
ਦੂਸਰੇ ਲੋਕ ਮੰਨਦੇ ਹਨ ਕਿ ਉਨ੍ਹਾਂ ਨੇ ਇਸ ਅੰਦੋਲਨ ਬਾਰੇ ਕਦੇ ਸੁਣਿਆ ਵੀ ਨਹੀਂ।
ਕਿਮ ਮੀ-ਰਿਮ ਕਹਿੰਦੇ ਹਨ, ”ਮੈਂ ਹੁਣੇ ਹੀ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਮੈਂ ਅੰਸ਼ਕ ਤੌਰ ‘ਤੇ ਸਮਝ ਸਕਦੀ ਹਾਂ ਕਿ ਕੁਝ ਔਰਤਾਂ ਇਸ ਜੀਵਨਸ਼ੈਲੀ ਨੂੰ ਕਿਉਂ ਚੁਣਦੀਆਂ ਹਨ, ਪਰ ਮੇਰੇ ਲਈ ਇਹ ਆਰਥਿਕ ਚੁਣੌਤੀਆਂ ਨਾਲ ਜ਼ਿਆਦਾ ਜੁੜਿਆ ਹੋਇਆ ਹੈ।”
”ਜੀਵਨ ਬਸਰ ਕਰਨ ਦੀ ਵਧਦੀ ਲਾਗਤ ਕਾਰਨ, ਨਜ਼ਦੀਕੀ ਸਬੰਧਾਂ ਵਿੱਚ ਸ਼ਾਮਲ ਹੋਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।”
ਫਿਰ ਵੀ, ਕੁਝ ਕੋਰੀਆਈ ਔਰਤਾਂ ਲਈ 4ਬੀ ਨੇ ਉਨ੍ਹਾਂ ਦੀਆਂ ਜੀਵਨ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਪਰਿਵਾਰ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ।
ਗੋਮਸੇ, ਜੋ ਲਗਭਗ ਅੱਠ ਸਾਲਾਂ ਤੋਂ 4ਬੀ ਜੀਵਨਸ਼ੈਲੀ ਦਾ ਪਾਲਣਾ ਕਰ ਰਹੀ ਹੈ, ਇਸ ਅੰਦੋਲਨ ਦੇ ਅਮਰੀਕਾ ਵਿੱਚ ਫੈਲਣ ਨੂੰ ਉਤਸ਼ਾਹਜਨਕ ਅਤੇ ਦਿਲ ਦਹਿਲਾ ਦੇਣ ਵਾਲਾ ਦੋਵੇਂ ਮੰਨਦੀ ਹੈ।
ਉਨ੍ਹਾਂ ਨੇ ਕਿਹਾ, ”4ਬੀ ਦਾ ਮਤਲਬ ਬਰਾਬਰ ਕੰਮ ਲਈ ਬਰਾਬਰ ਤਨਖਾਹ ਵਰਗੇ ਲਾਭ ਮੰਗਣਾ ਨਹੀਂ ਹੈ। ਇਸ ਦਾ ਮਤਲਬ ਆਪਣੇ ਸਰੀਰ ਉੱਤੇ ਮੌਲਿਕ ਅਧਿਕਾਰਾਂ ਨੂੰ ਮੁੜ ਪ੍ਰਾਪਤ ਕਰਨਾ ਹੈ।”
”ਅਜਿਹੇ ਅਧਿਕਾਰ ਜਿਨ੍ਹਾਂ ਲਈ ਮਰਦਾਂ ਨੂੰ ਕਦੇ ਲੜਨਾ ਨਹੀਂ ਪਿਆ ਜਾਂ ਜਿਨ੍ਹਾਂ ‘ਤੇ ਕਦੇ ਵਿਚਾਰ ਵੀ ਨਹੀਂ ਕਰਨਾ ਪਿਆ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI