Source :- BBC PUNJABI

ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ

ਤਸਵੀਰ ਸਰੋਤ, X/Neeraj_chopra1

ਇੱਕ ਘੰਟਾ ਪਹਿਲਾਂ

ਭਾਰਤ ਦੇ ਜੈਵਲਿਨ ਸੁਪਰਸਟਾਰ ਨੀਰਜ ਚੋਪੜਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

ਉਨ੍ਹਾਂ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਟੈਨਿਸ ਖਿਡਾਰੀ ਹਿਮਾਨੀ ਮੋਰ ਨਾਲ ਇੱਕ ਨਿੱਜੀ ਸਮਾਰੋਹ ਵਿੱਚ ਹੋਇਆ।

ਨੀਰਜ ਨੇ ਸੋਸ਼ਲ ਮੀਡੀਆ ਦੇ ਵਿਆਹ ਦੀਆਂ ਫੋਟੋਆਂ ਸਾਂਝੀਆਂ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ।

27 ਸਾਲਾ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ‘ਤੇ 25 ਸਾਲਾ ਹਿਮਾਨੀ ਨਾਲ ਵਿਆਹ ਦਾ ਐਲਾਨ ਕਰਦਿਆਂ ਲਿਖਿਆ, “ਮੈਂ ਆਪਣੇ ਪਰਿਵਾਰ ਨਾਲ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ ਹੈ। ਹਰ ਉਸ ਆਸ਼ੀਰਵਾਦ ਲਈ ਧੰਨਵਾਦੀ ਹਾਂ ਜਿਸ ਨੇ ਸਾਨੂੰ ਇਸ ਪਲ ਤੱਕ ਪਹੁੰਚਾਇਆ।”

ਚੋਪੜਾ ਦੇ ਅੰਕਲ ਭੀਮ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਵਿਆਹ ਭਾਰਤ ਵਿੱਚ ਹੋਇਆ ਸੀ ਅਤੇ ਹੁਣ ਇਹ ਜੋੜਾ ਆਪਣੇ ਹਨੀਮੂਨ ਲਈ ਰਵਾਨਾ ਹੋ ਗਿਆ ਹੈ।

ਹਿਮਾਨੀ ਇਸ ਸਮੇਂ ਅਮਰੀਕਾ ਵਿੱਚ ਆਪਣੀ ਪੜ੍ਹਾਈ ਕਰ ਰਹੇ ਹਨ।

ਭੀਮ ਨੇ ਦੱਸਿਆ, “ਵਿਆਹ ਦੋ ਦਿਨ ਪਹਿਲਾਂ ਭਾਰਤ ਵਿੱਚ ਹੋਇਆ ਸੀ। ਮੈਂ ਇਹ ਨਹੀਂ ਦੱਸ ਸਕਦਾ ਕਿ ਇਹ ਕਿੱਥੇ ਹੋਇਆ ਸੀ।”

ਉਨ੍ਹਾਂ ਕਿਹਾ “ਲੜਕੀ (ਹਿਮਾਨੀ) ਸੋਨੀਪਤ ਦੀ ਰਹਿਣ ਵਾਲੀ ਹੈ ਅਤੇ ਉਹ ਅਮਰੀਕਾ ਵਿੱਚ ਪੜ੍ਹ ਰਹੀ ਹੈ। ਉਹ ਦੋਵੇਂ ਹਨੀਮੂਨ ਲਈ ਦੇਸ਼ ਤੋਂ ਬਾਹਰ ਗਏ ਹਨ ਅਤੇ ਮੈਨੂੰ ਨਹੀਂ ਪਤਾ ਉਹ ਕਿੱਥੇ ਜਾ ਰਹੇ ਹਨ। ਅਸੀਂ ਇਨ੍ਹਾਂ ਰਸਮਾਂ ਨੂੰ ਇਸ ਤਰ੍ਹਾਂ ਹੀ ਰੱਖਣਾ ਚਾਹੁੰਦੇ ਸੀ।”

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਕੌਣ ਹਨ ਹਿਮਾਨੀ ਮੋਰ ?

ਸੋਨੀਪਤ ਦੇ ਰਹਿਣ ਵਾਲੀ ਹਿਮਾਨੀ ਮੋਰ ਫ਼ਿਲਹਾਲ ਅਮਰੀਕਾ 'ਚ ਆਪਣੀ ਪੜ੍ਹਾਈ ਪੂਰੀ ਕਰ ਰਹੇ ਹਨ

ਤਸਵੀਰ ਸਰੋਤ, X/Neeraj_chopra1

ਟੋਕੀਓ ਓਲੰਪਿਕ ਦੇ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਦੀ ਪਤਨੀ ਹਿਮਾਨੀ ਮੋਰ ਵੀ ਖੇਡ ਜਗਤ ਨਾਲ ਹੀ ਨਾਤਾ ਰੱਖਦੇ ਹਨ। ਉਹ ਟੈਨਿਸ ਖੇਡਦੇ ਹਨ।

ਸੋਨੀਪਤ ਦੇ ਰਹਿਣ ਵਾਲੀ ਹਿਮਾਨੀ ਮੋਰ ਫ਼ਿਲਹਾਲ ਅਮਰੀਕਾ ‘ਚ ਆਪਣੀ ਪੜ੍ਹਾਈ ਪੂਰੀ ਕਰ ਰਹੇ ਹਨ।

ਸਿੱਖਿਆ ਲਈ ਵਿਦੇਸ਼ ਜਾਣ ਤੋਂ ਪਹਿਲਾਂ, ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਰਾਜਨੀਤੀ ਸ਼ਾਸਤਰ ਅਤੇ ਸਰੀਰਕ ਸਿੱਖਿਆ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਸੀ।

ਉਨ੍ਹਾਂ ਨੇ 2018 ਵਿੱਚ ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਏਆਈਟੀਏ) ਈਵੈਂਟਸ ਵਿੱਚ ਖੇਡਣਾ ਸ਼ੁਰੂ ਕੀਤਾ ਸੀ।

ਏਆਈਟੀਏ ਦੀ ਵੈੱਬਸਾਈਟ ਦੇ ਅਨੁਸਾਰ, 2018 ਵਿੱਚ ਹਿਮਾਨੀ ਦੇ ਕਰੀਅਰ ਦੀ ਸਰਵੋਤਮ ਰਾਸ਼ਟਰੀ ਰੈਂਕਿੰਗ ਸਿੰਗਲਜ਼ ਵਿੱਚ 42 ਅਤੇ ਡਬਲਜ਼ ਵਿੱਚ 27 ਸੀ।

ਨੀਰਜ ਨੇ ਸੋਸ਼ਲ ਮੀਡੀਆ ਦੇ ਵਿਆਹ ਦੀਆਂ ਫੋਟੋਆਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ

ਤਸਵੀਰ ਸਰੋਤ, X/Neeraj_chopra1

ਹਿਮਾਨੀ ਦੇ ਲਿੰਕਡ ਅਕਾਊਂਟ ਮੁਤਾਬਕ ਉਨ੍ਹਾਂ ਨੂੰ ਖੇਡਾਂ ਵਿੱਚ ਚੌਦਾਂ ਸਾਲਾਂ ਤੋਂ ਵੱਧ ਅਤੇ ਖੇਡ ਪ੍ਰਬੰਧਨ ਅਤੇ ਪ੍ਰਸ਼ਾਸਨ ਵਿੱਚ ਦੋ ਸਾਲਾਂ ਦਾ ਤਜ਼ਰਬਾ ਹੈ।

ਉਹਨਾਂ ਲਿਖਿਆ ਹੋਇਆ ਹੈ ਕਿ, “ਮੈਂ ਇੱਕ ਲੀਡਰ ਹਾਂ ਜੋ ਖੇਡਾਂ ਨੂੰ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਕੰਮ ਕਰ ਹੀ ਹਾਂ। ਮੇਰਾ ਮੰਨਣਾ ਹੈ ਕਿ ਖੇਡਾਂ ਸਰਹੱਦਾਂ, ਰੰਗਾਂ ਜਾਂ ਸਰੀਰਕ ਪਛਾਣਾਂ ਦੀਆਂ ਸੀਮਾਵਾਂ ਨੂੰ ਪਾਰ ਕਰ ਸਕਦੀਆਂ ਹਨ, ਅਤੇ ਵਿਭਿੰਨਤਾ, ਸਮਾਵੇਸ਼ ਅਤੇ ਸਸ਼ਕਤੀਕਰਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ।”

ਹਿਮਾਨੀ ਨੇ ਅੱਗੇ ਲਿਖਿਆ ਹੈ ਕਿ ਉਹ ਐਮਹਰਸਟ ਕਾਲਜ ਵਿੱਚ ਇੱਕ ਗ੍ਰੈਜੂਏਟ ਸਹਾਇਕ ਦੇ ਤੌਰ ‘ਤੇ ਕਾਲਜ ਦੀ ਮਹਿਲਾ ਟੈਨਿਸ ਟੀਮ ਦਾ ਪ੍ਰਬੰਧਨ ਕਰਦੇ ਹਨ।

ਇਸ ਰੋਲ ਦੇ ਤਹਿਤ ਉਹ ਮਹਿਲਾ ਟੀਮ ਦੀ ਸਿਖਲਾਈ, ਸਮਾਂ-ਸਾਰਣੀ, ਭਰਤੀ ਅਤੇ ਬਜਟ ਦੀ ਨਿਗਰਾਨੀ ਕਰਦੇ ਹਨ।

ਹਿਮਾਨੀ ਅੱਗੇ ਲਿੱਖਦੇ ਹਨ, “ਇਸ ਦੇ ਨਾਲ ਹੀ ਮੈਂ ਮੈਕਕਾਰਮੈਕ ਇਸਨਬਰਗ ਸਕੂਲ ਆਫ਼ ਮੈਨੇਜਮੈਂਟ ਤੋਂ ਇਸ ਖੇਤਰ ਵਿੱਚ ਆਪਣੀ ਐਮ ਐਸ ਵੀ ਕਰ ਰਹੀ ਹਾਂ। ਮੈਂ ਸੰਚਾਰ ਅਤੇ ਟੀਮ ਪ੍ਰੇਰਣਾ ਵਿੱਚ ਉੱਤਮ ਹਾਂ, ਅਤੇ ਮੈਨੂੰ ਇੱਕ ਸਕਾਰਾਤਮਕ ਅਤੇ ਦਿਲਚਸਪ ਸਿੱਖਲਾਈ ਵਾਤਾਵਰਣ ਬਣਾਉਣ ਲਈ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਨਾਲ ਸਹਿਯੋਗ ਕਰਨ ‘ਚ ਅਨੰਦ ਆਉਂਦਾ ਹੈ।”

ਉਹ ਕਹਿੰਦੇ ਹਨ, “ਮੇਰਾ ਟੀਚਾ ਹੈ ਕਿ ਮੈਂ ਆਪਣੇ ਹੁਨਰ ਅਤੇ ਗਿਆਨ ਦੇ ਨਾਲ ਖੇਡ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਨੂੰ ਅੱਗੇ ਵਧਾਵਾ ਅਤੇ ਇਸ ਦੇ ਰਾਹੀਂ ਖੇਡ ਉਦਯੋਗ ਦੇ ਵਿਕਾਸ ਅਤੇ ਸਫਲਤਾ ਵਿੱਚ ਯੋਗਦਾਨ ਪਾਉਣਾ ਹੈ।”

ਹਰਿਆਣਾ ਦੇ ਪਾਣੀਪਤ ਦੇ ਹਨ ਨੀਰਜ ਚੌਪੜਾ

ਨੀਰਜ ਪਾਣੀਪਤ ਦੇ ਪਿੰਡ ਖੰਡਰਾ ਦੇ ਜੰਮਪਲ ਹਨ। ਬਚਪਨ ‘ਚ ਨੀਰਜ ਦਾ ਭਾਰ 80 ਕਿਲੋ ਦੇ ਕਰੀਬ ਸੀ।

ਜਦੋਂ ਨੀਰਜ ਕੁੜਤਾ ਪਜ਼ਾਮਾ ਪਾ ਕੇ ਬਾਹਰ ਨਿਕਲਦੇ ਸਨ ਤਾਂ ਹਰ ਕੋਈ ਉਨ੍ਹਾਂ ਨੂੰ ਸਰਪੰਚ ਕਹਿ ਕੇ ਬੁਲਾਉਂਦਾ ਸੀ।

ਆਪਣੇ ਆਪ ਨੂੰ ਸਿਹਤਮੰਦ ਰੱਖਣ ਦੀ ਚਾਹ ‘ਚ ਨੀਰਜ ਨੇ ਪਾਣੀਪਤ ‘ਚ ਸਟੇਡੀਅਮ ਜਾਣਾ ਸ਼ੁਰੂ ਕੀਤਾ ਅਤੇ ਦੂਜਿਆਂ ਦੇ ਕਹਿਣ ‘ਤੇ ਨੇਜ਼ਾ ਸੁੱਟਣ ‘ਚ ਆਪਣੀ ਕਿਸਮਤ ਅਜ਼ਮਾਈ।

ਫਿਰ ਕੀ ਸੀ, ਨੀਰਜ ਨੇ ਕਦੇ ਪਿੱਛੇ ਮੁੜ ਕੇ ਨਾ ਵੇਖਿਆ ਅਤੇ ਆਪਣੇ ਇਸ ਸਫ਼ਰ ‘ਤੇ ਅੱਗੇ ਹੀ ਵਧਦੇ ਗਏ।

ਬਿਹਤਰ ਸਹੂਲਤਾਂ ਦੀ ਭਾਲ ‘ਚ ਨੀਰਜ ਪੰਚਕੁਲਾ ਚਲੇ ਗਏ ਅਤੇ ਪਹਿਲੀ ਵਾਰ ਉਨ੍ਹਾਂ ਦਾ ਸਾਹਮਣਾ ਕੌਮੀ ਪੱਧਰ ਦੇ ਖਿਡਾਰੀਆਂ ਨਾਲ ਹੋਇਆ।

ਇੱਥੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ।

ਜਦੋਂ ਨੀਰਜ ਨੇ ਕੌਮੀ ਪੱਧਰ ‘ਤੇ ਖੇਡਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਹੱਥ ਘਟੀਆ ਗੁਣਵੱਤਾ ਵਾਲੇ ਨੇਜ਼ੇ ਦੀ ਥਾਂ ‘ਤੇ ਵਧੀਆ ਕਿਸਮ ਦਾ ਨੇਜ਼ਾ ਆ ਗਿਆ। ਹੁਣ ਹੌਲੀ-ਹੌਲੀ ਨੀਰਜ ਦੀ ਖੇਡ ‘ਚ ਵੀ ਬਦਲਾਅ ਅਤੇ ਸੁਧਾਰ ਹੋ ਰਿਹਾ ਸੀ।

ਨੀਰਜ ਨੇ 2016 ਵਿੱਚ ਪੋਲੈਂਡ 'ਚ ਅੰਡਰ 20 ਵਿਸ਼ਵ ਚੈਂਪੀਅਨਸ਼ਿਪ 'ਚ ਸੋਨੇ ਦਾ ਤਮਗਾ ਜਿੱਤਿਆ ਸੀ

ਤਸਵੀਰ ਸਰੋਤ, REUTERS/ALEKSANDRA SZMIGIEL

ਸਾਲ 2016 ‘ਚ ਜਦੋਂ ਭਾਰਤ ਪੀਵੀ ਸਿੰਧੂ ਅਤੇ ਸਾਕਸ਼ੀ ਮਲਿਕ ਦੇ ਤਮਗਿਆਂ ਦਾ ਜਸ਼ਨ ਮਨਾ ਰਿਹਾ ਸੀ, ਉਸ ਸਮੇਂ ਐਥਲੇਟਿਕਸ ਦੀ ਦੁਨੀਆਂ ‘ਚ ਕਿਤੇ ਹੋਰ ਇੱਕ ਨਵਾਂ ਸਿਤਾਰਾ ਉੱਭਰ ਰਿਹਾ ਸੀ।

ਇਸੇ ਸਾਲ ਹੀ ਨੀਰਜ ਨੇ ਪੋਲੈਂਡ ‘ਚ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ‘ਚ ਸੋਨੇ ਦਾ ਤਮਗਾ ਜਿੱਤਿਆ ਸੀ। ਜਲਦ ਹੀ ਇਹ ਨੌਜਵਾਨ ਖਿਡਾਰੀ ਕੌਮਾਂਤਰੀ ਪੱਧਰ ‘ਤੇ ਆਪਣੀ ਪਛਾਣ ਕਾਇਮ ਕਰਨ ਲੱਗਿਆ।

ਨੀਰਜ ਨੇ ਗੋਲਡ ਕੋਸਟ ‘ਚ ਆਯੋਜਿਤ ਹੋਈਆਂ ਰਾਸ਼ਟਰਮੰਡਲ ਖੇਡਾਂ ‘ਚ 86.47 ਮੀਟਰ ਭਾਲਾ ਸੁੱਟ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗਾ ਦੇਸ਼ ਦੇ ਨਾਂਅ ਕੀਤਾ ਸੀ।

ਬਾਅਦ ‘ਚ ਸਾਲ 2018 ‘ਚ ਏਸ਼ੀਆਈ ਖੇਡਾਂ ‘ਚ 88.07 ਮੀਟਰ ਭਾਲਾ ਸੁੱਟ ਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਅਤੇ ਨਾਲ ਹੀ ਸੋਨ ਤਮਗਾ ਵੀ ਜਿੱਤਿਆ ਸੀ।

ਪਰ 2019 ਦਾ ਸਾਲ ਨੀਰਜ ਲਈ ਕਈ ਔਕੜਾਂ ਭਰਿਆ ਰਿਹਾ। ਮੋਢੇ ਦੀ ਸੱਟ ਦੇ ਕਾਰਨ ਉਹ ਖੇਡਣ ‘ਚ ਅਸਮਰੱਥ ਰਹੇ ਅਤੇ ਸਰਜਰੀ ਤੋਂ ਬਾਅਦ ਕਈ ਮਹੀਨਿਆਂ ਤੱਕ ਮੈਦਾਨ ‘ਚ ਨਾ ਉਤਰ ਸਕੇ।

ਫਿਰ 2020 ‘ਚ ਕੋਵਿਡ-19 ਦੇ ਕਾਰਨ ਅੰਤਰਰਾਸ਼ਟਰੀ ਮੁਕਾਬਲੇ ਨਹੀਂ ਹੋ ਸਕੇ।

ਬੱਬੂ ਮਾਨ ਦੇ ਗਾਣਿਆਂ ਦੇ ਸ਼ੌਕੀਨ

ਪੰਜਾਬੀ ਗਾਣੇ ਅਤੇ ਬੱਬੂ ਮਾਨ ਹਮੇਸ਼ਾ ਹੀ ਉਨ੍ਹਾਂ ਦੀ ਪਲੇਅ ਲਿਸਟ 'ਚ ਰਹਿੰਦੇ ਹਨ

ਤਸਵੀਰ ਸਰੋਤ, Getty Images

ਜੈਵਲਿਨ ਤਾਂ ਨੀਰਜ ਦਾ ਜਾਨੂੰਨ ਹੈ, ਪਰ ਬਾਈਕ ਚਲਾਉਣਾ ਉਨ੍ਹਾਂ ਨੂੰ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਰਿਆਣਵੀ ਰਾਗਨੀਆਂ ਦਾ ਵੀ ਬਹੁਤ ਸ਼ੌਕ ਹੈ।

ਪੰਜਾਬੀ ਗਾਣੇ ਅਤੇ ਬੱਬੂ ਮਾਨ ਹਮੇਸ਼ਾ ਹੀ ਉਨ੍ਹਾਂ ਦੀ ਪਲੇਅ ਲਿਸਟ ‘ਚ ਰਹਿੰਦੇ ਹਨ।

ਆਮ ਤੌਰ ‘ਤੇ ਖਿਡਾਰੀ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਦੇ ਹਨ, ਪਰ ਨੀਰਜ ਗੋਲ ਗੱਪਿਆਂ ਦੇ ਬਹੁਤ ਸ਼ੌਕੀਨ ਹਨ।

ਉਨ੍ਹਾਂ ਦੇ ਲੰਮੇ ਵਾਲਾਂ ਦੇ ਕਾਰਨ, ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਨੂੰ ਮੋਗਲੀ ਦੇ ਨਾਂਅ ਨਾਲ ਵੀ ਜਾਣਦੇ ਹਨ… ਸ਼ਾਇਦ ਲੰਮੇ ਵਾਲਾਂ ਦੇ ਨਾਲ-ਨਾਲ ਫੁਰਤੀਲੇ ਅਤੇ ਚੁਸਤ ਹੋਣ ਦੇ ਕਾਰਨ ਵੀ।

ਇਸੇ ਚੁਸਤੀ ਨੇ ਨੀਰਜ ਨੂੰ ਹੁਣ ਵਿਸ਼ਵ ਜੇਤੂ ਬਣਾ ਦਿੱਤਾ ਹੈ।

ਨੀਰਜ ਨੇ ਐਥਲੇਟਿਕਸ ਵਿੱਚ ਜੋ ਕਾਰਨਾਮੇ ਕੀਤੇ ਹਨ, ਉਨ੍ਹਾਂ ਕਰਕੇ ਹੀ ਭਾਰਤ ‘ਚ 7 ਅਗਸਤ ਨੂੰ ਨੈਸ਼ਨਲ ਜੈਵਲਿਨ ਦਿਵਸ ਮਨਾਇਆ ਜਾਂਦਾ ਹੈ। ਇਸੇ ਦਿਨ ਨੀਰਜ ਨੇ ਟੋਕਿਓ ਓਲੰਪਿਕ ਵਿੱਚ ਸੋਨ ਤਮਗਾ ਜਿੱਤਿਆ ਸੀ।

ਨੀਰਜ ਨਾ ਕੇਵਲ ਭਾਰਤ ਦੇ ਐਥਲੇਟਿਕਸ ਦੇ ਬਾਦਸ਼ਾਹ ਹਨ ਬਲਕਿ ਉਨ੍ਹਾਂ ਨੇ ਵਿਸ਼ਵ ਪੱਧਰ ‘ਤੇ ਵੀ ਭਾਰਤੀ ਐਥਲੇਟਿਕਸ ਨੂੰ ਪਛਾਣ ਦਿਵਾਈ ਹੈ।

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI