Source :- BBC PUNJABI
ਅਦਾਕਾਰ ਕਰਨਵੀਰ ਮਹਿਰਾ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 18 ਦੇ ਜੇਤੂ ਬਣ ਗਏ ਹਨ।
ਟੈਲੀਵਿਜ਼ਨ ਸ਼ੋਅ ”ਬਿੱਗ ਬੌਸ” ਪਿਛਲੇ 105 ਦਿਨਾਂ ਤੋਂ ਕਲਰਸ ਟੀਵੀ ‘ਤੇ ਚੱਲ ਰਿਹਾ ਸੀ।
ਦਰਸ਼ਕਾਂ ਦੀਆਂ ਵੋਟਾਂ ਦੇ ਆਧਾਰ ‘ਤੇ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਵੱਲੋਂ ਕਰਨਵੀਰ ਮਹਿਰਾ ਨੂੰ ਜੇਤੂ ਐਲਾਨਿਆ ਗਿਆ।
ਕਰਨਵੀਰ ਮਹਿਰਾ ਨੇ ਵਿਵਿਅਨ ਦੇਸੇਨਾ ਅਤੇ ਰਜਤ ਦਲਾਲ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ।
ਇਸ ਸ਼ੋਅ ਦਾ ਪਹਿਲਾ ਰਨਰ ਅੱਪ ਵਿਵੀਅਨ ਡੇਸੇਨਾ ਬਣੇ। ਰਜਤ ਦਲਾਲ ਦੂਜੇ ਰਨਰ ਅੱਪ ਰਹੇ।
ਸ਼ੋਅ ਦੀ ਟਰਾਫੀ ਦੇ ਨਾਲ ਹੀ ਕਰਨਵੀਰ ਨੇ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ।
ਇਸ ਜਿੱਤ ਤੋਂ ਬਾਅਦ ਕਰਨਵੀਰ ਮਹਿਰਾ ਨੇ ਕਿਹਾ, “ਜਿਸ ਪਲ ਦਾ ਅਸੀਂ ਇੰਤਜ਼ਾਰ ਕਰ ਰਹੇ ਸੀ, ਉਹ ਆਖ਼ਰਕਾਰ ਆ ਹੀ ਗਿਆ। ‘ਜਨਤਾ ਕਾ ਲਾਡਲਾ’ ਜਿੱਤ ਗਿਆ ਹੈ।”
ਜਿੱਥੇ ਕਰਣਵੀਰ ਮਹਿਰਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਬਿੱਗ ਬੌਸ ‘ਚ ਜਿੱਤ ਲਈ ਵਧਾਈ ਦੇ ਰਹੇ ਹਨ, ਉੱਥੇ ਹੀ ਸੋਸ਼ਲ ਮੀਡੀਆ ‘ਤੇ ਕੁਝ ਲੋਕ ਉਨ੍ਹਾਂ ਦੀ ਜਿੱਤ ਦਾ ਵਿਰੋਧ ਵੀ ਕਰ ਰਹੇ ਹਨ।
ਬਿੱਗ ਬੌਸ ਦੇ ਘਰ ਵਿੱਚ ਕਰਨਵੀਰ ਦਾ ਅਨੁਭਵ ਮਿਲਿਆ-ਜੁਲਿਆ ਰਿਹਾ ਹੈ।
ਬਿੱਗ ਬੌਸ ਦੇ ਘਰ ਵਿੱਚ ਜਿੱਥੇ ਉਨ੍ਹਾਂ ਨੇ ਕੁਝ ਚੰਗੇ ਦੋਸਤ ਬਣਾਏ, ਉੱਥੇ ਉਨ੍ਹਾਂ ਨੂੰ ਕੁਝ ਮਾੜੇ ਅਨੁਭਵ ਵੀ ਹੋਏ।
ਉਨ੍ਹਾਂ ਦੀ ਵਿਵਿਅਨ ਡੀਸੇਨਾ ਵਰਗੇ ਸਾਥੀ ਪ੍ਰਤੀਯੋਗੀਆਂ ਨਾਲ ਵੀ ਜ਼ਬਰਦਸਤ ਲੜਾਈ ਹੋਈ ਸੀ।
ਇਸ ਤੋਂ ਪਹਿਲਾਂ ਕਰਨਵੀਰ ਮਹਿਰਾ, ਰੋਹਿਤ ਸ਼ੈੱਟੀ ਦੇ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ ਸੀਜ਼ਨ 14’ ਦਾ ਖਿਤਾਬ ਵੀ ਜਿੱਤ ਚੁੱਕੇ ਹਨ।
ਉਨ੍ਹਾਂ ਨੇ ‘ਖਤਰੋਂ ਕੇ ਖਿਲਾੜੀ’ ‘ਚ ਸਾਰੇ ਪ੍ਰਤੀਯੋਗੀਆਂ ਨੂੰ ਹਰਾ ਕੇ 30 ਲੱਖ ਰੁਪਏ ਅਤੇ ਇੱਕ ਕਾਰ ਜਿੱਤੀ ਸੀ। ਹੁਣ ਉਨ੍ਹਾਂ ਨੇ ਬਿੱਗ ਬੌਸ ਦੀ ਟਰਾਫੀ ਵੀ ਜਿੱਤ ਲਈ ਹੈ।
ਐਕਟਿੰਗ ਇੰਡਸਟਰੀ ‘ਚ ਪੂਰੇ ਹੋਏ 20 ਸਾਲ
ਅਦਾਕਾਰ ਕਰਨਵੀਰ ਮਹਿਰਾ ਪਿਛਲੇ 20 ਸਾਲਾਂ ਤੋਂ ਇੰਡਸਟਰੀ ਨਾਲ ਜੁੜੇ ਹੋਏ ਹਨ। ਉਹ ਕਈ ਟੀਵੀ ਸ਼ੋਅਜ਼ ਦਾ ਵੀ ਹਿੱਸਾ ਰਹਿ ਚੁੱਕੇ ਹਨ।
ਕਰਨਵੀਰ ਨੇ 2005 ‘ਚ ਟੀਵੀ ਦੀ ਦੁਨੀਆ ‘ਚ ਐਂਟਰੀ ਕੀਤੀ ਸੀ, ਇਸ ਤੋਂ ਪਹਿਲਾਂ ਉਹ ਥੀਏਟਰ ਕਰਦੇ ਸਨ।
ਉਨ੍ਹਾਂ ਨੇ ਹਾਲ ਹੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਘੱਟ ਅਤੇ ਅਦਾਕਾਰੀ ਵਿੱਚ ਜ਼ਿਆਦਾ ਰੁਚੀ ਰੱਖਦੇ ਸਨ।
ਸਾਲ 2005 ‘ਚ ਉਨ੍ਹਾਂ ਨੇ ਸੀਰੀਅਲ ‘ਰੀਮਿਕਸ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਕਿਰਦਾਰ ਨਿਭਾਏ।
ਕਰਨਵੀਰ ਮਹਿਰਾ ਨੇ ‘ਪਵਿੱਤਰ ਰਿਸ਼ਤਾ’ ‘ਚ ਅਦਾਕਾਰਾ ਅੰਕਿਤਾ ਲੋਖੰਡੇ ਨਾਲ ਵੀ ਕੰਮ ਕੀਤਾ ਸੀ। ਇਸ ਸ਼ੋਅ ਤੋਂ ਉਨ੍ਹਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਵੀ ਮਿਲਿਆ।
ਉਨ੍ਹਾਂ ਨੇ ‘ਬਾਤੇਂ ਕੁਝ ਅਣਕਹੀ ਸੀ’, ‘ਬੈਹਨੇ’, ‘ਵਿਰੁੱਧ’, ‘ਪੁਕਾਰ- ਦਿਲ ਸੇ ਤੱਕ’ ਵਰਗੇ ਕੁਝ ਹੋਰ ਟੀਵੀ ਸੀਰੀਅਲਸ ਵਿੱਚ ਵੀ ਕਿਰਦਾਰ ਨਿਭਾਏ।
ਕਰਨਵੀਰ ਨੂੰ ਵੀ ਫਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ।
ਉਹ ‘ਰਾਗਿਨੀ ਐੱਮਐੱਮਐੱਸ-2’, ‘ਲਵ ਸਟੋਰੀ- 2050’, ‘ਬਦਮਾਸ਼ੀਆਂ’, ‘ਮੇਰੇ ਡੈਡ ਕੀ ਮਾਰੂਤੀ’ ‘ਚ ਕੰਮ ਕਰਦੇ ਨਜ਼ਰ ਆਏ ਸਨ। ਕਰਨਵੀਰ ਨੇ ਵੈੱਬ ਸੀਰੀਜ਼ ‘ਜ਼ਹਿਰ 2’, ‘ਇਟਸ ਨਾਟ ਸਿੰਪਲ’ ਅਤੇ ‘ਆਮੀਨ’ ‘ਚ ਵੀ ਕੰਮ ਕੀਤਾ ਹੈ।
ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਕਰਨਵੀਰ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ ਹੈ ਅਤੇ ਲਿਖਿਆ ਹੈ, “ਜਿੱਤ ਤੁਹਾਨੂੰ ਜੱਚਦੀ ਹੈ – ਵਧਾਈਆਂ।”
ਸੜਕ ਦੁਰਘਟਨਾ ਅਤੇ ‘ਸ਼ਰਾਬ ਦੀ ਲਤ’
ਕਰਨਵੀਰ ਮਹਿਰਾ ਦੀ ਨਿੱਜੀ ਜ਼ਿੰਦਗੀ ਬਹੁਤ ਚਰਚਾ ਦਾ ਵਿਸ਼ਾ ਰਹੀ ਹੈ। ਉਨ੍ਹਾਂ ਨੇ ਦੋ ਵਾਰ ਵਿਆਹ ਕੀਤਾ। ਉਨ੍ਹਾਂ ਨੇ ਪਹਿਲਾ ਵਿਆਹ 2009 ਵਿੱਚ ਕਰਵਾਇਆ ਸੀ, ਜੋ ਕਿ 8 ਸਾਲਾਂ ਬਾਅਦ 2018 ਵਿੱਚ ਟੁੱਟ ਗਿਆ।
ਕਰਨਵੀਰ ਮਹਿਰਾ ਨੇ ਸਾਲ 2021 ਵਿੱਚ ਅਦਾਕਾਰਾ ਨਿਧੀ ਸੇਠ ਨਾਲ ਦੂਜਾ ਵਿਆਹ ਕਰਵਾਇਆ ਸੀ। ਪਰ ਇਹ ਵਿਆਹ ਵੀ 2023 ਵਿੱਚ ਟੁੱਟ ਗਿਆ ਸੀ।
ਅਦਾਕਾਰ ਕਰਨਵੀਰ ਮਹਿਰਾ ਦਾ ਸਾਲ 2016 ਵਿੱਚ ਇੱਕ ਭਿਆਨਕ ਬਾਈਕ ਹਾਦਸਾ ਹੋਇਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਉਹ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੋਂ ਬਿਸਤਰੇ ‘ਤੇ ਹੀ ਪਏ ਸਨ।
ਕਰਨਵੀਰ ਮੁਤਾਬਕ, ਉਹ ਸੌਣ ਲਈ ਹਮੇਸ਼ਾ ਸ਼ਰਾਬ ਪੀਂਦੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸ਼ਰਾਬ ਦੀ ਲਤ ਲੱਗ ਗਈ ਸੀ ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਕਾਬੂ ਕੀਤਾ ਅਤੇ ਦੁਬਾਰਾ ਆਪਣੇ ਪੈਰਾਂ ‘ਤੇ ਖੜ੍ਹੇ ਹੋ ਗਏ।
ਉਨ੍ਹਾਂ ਦੀ ਲੱਤ ਵਿੱਚ ਪਲੇਟ ਪਈ ਹੋਈ ਹੈ, ਜਿਸ ਕਾਰਨ ਉਨ੍ਹਾਂ ਨੂੰ ਖੜ੍ਹੇ ਹੋਣ ਵਿੱਚ ਮੁਸ਼ਕਲ ਆਉਂਦੀ ਸੀ ਪਰ ਸਮੇਂ ਦੇ ਨਾਲ, ਉਨ੍ਹਾਂ ਨੇ ਹੌਲੀ-ਹੌਲੀ ਆਪਣੇ-ਆਪ ਨੂੰ ਸੰਭਾਲਿਆ ਹੈ ਅਤੇ ਦੁਬਾਰਾ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਿਆ ਹੈ।
ਰਜਤ ਦਲਾਲ ਚਰਚਾ ਵਿੱਚ ਕਿਉਂ
ਬਿਗ ਬੌਸ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ 6 ਅਕਤੂਬਰ ਨੂੰ 18 ਪ੍ਰਤੀਯੋਗੀਆਂ ਨੂੰ ਬਿੱਗ ਬੌਸ ਦੇ ਘਰ ਵਿੱਚ ਐਂਟਰੀ ਕਰਵਾਈ ਸੀ।
ਬਿੱਗ ਬੌਸ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਤਿੰਨ ਲੋਕਾਂ ਬਾਰੇ ਬਹੁਤ ਚਰਚਾ ਹੋ ਰਹੀ ਸੀ। ਇਨ੍ਹਾਂ ਵਿੱਚ ਭਾਜਪਾ ਲੀਡਰ ਤਜਿੰਦਰ ਸਿੰਘ ਬੱਗਾ, ਬਾਡੀ ਬਿਲਡਰ ਰਜਤ ਦਲਾਲ ਅਤੇ ਅਨਿਰੁਧਚਾਰਿਆ ਦੇ ਨਾਮ ਸ਼ਾਮਲ ਹਨ।
ਖ਼ਾਸ ਗੱਲ ਇਹ ਹੈ ਕਿ ਸ਼ੋਅ ਖਤਮ ਹੋਣ ਤੋਂ ਬਾਅਦ ਵੀ ਰਜਤ ਦਲਾਲ ਚਰਚਾ ਵਿੱਚ ਬਣੇ ਹੋਏ ਹਨ।
ਸ਼ੋਅ ਦੇ ਆਖਰੀ ਦੋ ਪ੍ਰਤੀਯੋਗੀਆਂ ਦੀ ਸੂਚੀ ਤੋਂ ਬਾਹਰ ਹੋਣ ਤੋਂ ਬਾਅਦ ਵੀ ਰਜਤ ਦਲਾਲ ਦੇ ਸਮਰਥਕ ਸੋਸ਼ਲ ਮੀਡੀਆ ‘ਤੇ ਦਾਅਵਾ ਕਰ ਰਹੇ ਹਨ ਕਿ ਜੇਕਰ ਉਹ ਫਾਈਨਲ ਵਿੱਚ ਹੁੰਦੇ ਤਾਂ ਉਹ ਸੀਜ਼ਨ ਦਾ ਵਿਜੇਤਾ ਹੁੰਦੇ।
ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫਾਲੋਅਰਜ਼ ਇਹ ਵੀ ਦੋਸ਼ ਲਗਾ ਰਹੇ ਹਨ ਕਿ ਰਜਤ ਨੂੰ ਗਲਤ ਤਰੀਕੇ ਨਾਲ ਫਾਈਨਲ ਤੋਂ ਬਾਹਰ ਕੀਤਾ ਗਿਆ।
ਰਜਤ ਦਲਾਲ ਇੱਕ ਸੋਸ਼ਲ ਮੀਡੀਆ ਇਨਫਲੂਐਜ਼ਰ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਲੱਖਾਂ ਫਾਲੋਅਰਜ਼ ਹਨ।
ਹਰਿਆਣਾ ਦੇ ਫਰੀਦਾਬਾਦ ਦੇ ਰਹਿਣ ਵਾਲੇ ਰਜਤ ਦਲਾਲ ਫਿਟਨੈਸ ਟ੍ਰੇਨਰ ਵੀ ਹਨ।
ਰਜਤ ਦਲਾਲ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਸੀ। ਇਸ ਵੀਡੀਓ ਵਿੱਚ, ਉਹ ਤੇਜ਼ ਰਫ਼ਤਾਰ ਨਾਲ ਕਾਰ ਚਲਾਉਂਦੇ ਦਿਖਾਈ ਦੇ ਰਹੇ ਹਨ, ਇਸ ਦੌਰਾਨ ਇੱਕ ਬਾਈਕ ਸਵਾਰ ਉਨ੍ਹਾਂ ਦੀ ਕਾਰ ਨਾਲ ਟਕਰਾਉਣ ਤੋਂ ਬਾਅਦ ਡਿੱਗਦਾ ਦਿਖਾਈ ਦੇ ਰਿਹਾ ਹੈ।
ਵੀਡੀਓ ਵਿੱਚ ਰਜਤ ਕਹਿੰਦੇ ਹੋਏ ਦੇਖੇ ਗਏ ਸਨ ਕਿ ਇਹ ਉਨ੍ਹਾਂ ਦਾ “ਰੋਜ਼ ਦਾ ਕੰਮ ਹੈ”।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਰਜਤ ਦਲਾਲ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI