Source :- BBC PUNJABI

ਤਸਵੀਰ ਸਰੋਤ, police_kaurdeep/Insta
ਪੰਜਾਬ ਪੁਲਿਸ ਵਿੱਚ ਬਤੌਰ ਕਾਂਸਟੇਬਲ ਤਾਇਨਾਤ ਅਮਨਦੀਪ ਕੌਰ ਦੇ ‘ਹੈਰੋਇਨ’ ਨਾਲ ਫੜੇ ਜਾਣ ਤੋਂ ਬਾਅਦ ਪੁਲਿਸ ਦੀ ਇਹ ਮਹਿਲਾ ਕਰਮਚਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਅਮਨਦੀਪ ਕੌਰ ਨੂੰ ਲੰਘੇ ਬੁੱਧਵਾਰ ਜ਼ਿਲ੍ਹਾ ਬਠਿੰਡਾ ਦੀ ਪੁਲਿਸ ਅਤੇ ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਸੀ।
ਇਸ ਮਹਿਲਾ ਪੁਲਿਸ ਕਰਮਚਾਰੀ ਦੇ ਚਰਚਾ ਵਿੱਚ ਆਉਣ ਦਾ ਇੱਕ ਕਾਰਨ ਉਸ ਵੱਲੋਂ ਸੋਸ਼ਲ ਮੀਡੀਆ ਉੱਪਰ ‘ਭੜਕਾਊ’ ਗਾਣਿਆਂ ਪਾਈਆਂ ਜਾਂਦੀਆਂ ਰੀਲਾਂ ਹਨ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਹੈਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਨਦੀਪ ਕੌਰ ਨੂੰ 17.71 ਗਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।

ਬਠਿੰਡਾ ਦੇ ਡੀਐੱਸਪੀ (ਸਿਟੀ) ਹਰਬੰਸ ਸਿੰਘ ਧਾਲੀਵਾਲ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਇਸ ਮਹਿਲਾ ਪੁਲਿਸ ਕਰਮਚਾਰੀ ਨੂੰ ਬਠਿੰਡਾ ਸ਼ਹਿਰ ਵਿੱਚ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਇੱਕ ਐੱਸਯੂਵੀ ਗੱਡੀ ਵਿੱਚ ਨਸ਼ਾ ਕਿਤੇ ਲਿਜਾ ਰਹੀ ਸੀ।
ਇਸ ਮਹਿਲਾ ਪੁਲਿਸ ਕਰਮਚਾਰੀ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਕੌਣ ਹੈ ਅਮਨਦੀਪ ਕੌਰ

ਤਸਵੀਰ ਸਰੋਤ, police_kaurdeep/Insta
ਅਮਨਦੀਪ ਕੌਰ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਵਸਨੀਕ ਹੈ।
ਆਈਜੀ ਸੁਖਚੈਨ ਸਿੰਘ ਮੁਤਾਬਕ ਅਮਨਦੀਪ ਕੌਰ ਇਸ ਵੇਲੇ ਜ਼ਿਲ੍ਹਾ ਮਾਨਸਾ ਵਿੱਚ ਬਤੌਰ ਕਾਂਸਟੇਬਲ ਤਾਇਨਾਤ ਸੀ।
ਉਨਾਂ ਦੱਸਿਆ, “ਅਮਨਦੀਪ ਕੌਰ ਨੂੰ ਮਾਨਸਾ ਤੋਂ ਬਠਿੰਡਾ ਦੀ ਪੁਲਿਸ ਲਾਈਨ ਵਿੱਚ ਕੁਝ ਦਿਨ ਪਹਿਲਾਂ ਹੀ ਆਰਜ਼ੀ ਤੌਰ ‘ਤੇ ਤਬਦੀਲ ਕੀਤਾ ਗਿਆ ਸੀ।”’
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਤੋਂ ਬਾਅਦ ਅਮਨਦੀਪ ਕੌਰ ਨੂੰ ਆਰਟੀਕਲ 311 ਤਹਿਤ ਪੁਲਿਸ ਦੀ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਆਈਜੀ ਨੇ ਦੱਸਿਆ ਕਿ ਬਰਖ਼ਾਸਤਗੀ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।
ਸੋਸ਼ਲ ਮੀਡੀਆ ‘ਤੇ ਸਰਗਰਮ ਸੀ ਇਹ ਕਾਂਸਟੇਬਲ

ਤਸਵੀਰ ਸਰੋਤ, police_kaurdeep/Insta
ਇਹ ਮਹਿਲਾ ਕਰਮਚਾਰੀ ਪੰਜਾਬ ਪੁਲਿਸ ਦੇ ਕਰਮਚਾਰੀਆਂ ਵਿੱਚ ‘ਇੰਸਟਾ ਕੁਈਨ’ ਵਜੋਂ ਕਾਫ਼ੀ ‘ਚਰਚਿਤ’ ਸੀ।
ਅਮਨਦੀਪ ਕੌਰ ਸੋਸ਼ਲ ਮੀਡੀਆ ਉੱਪਰ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਆਪਣੀਆਂ ਰੀਲਾਂ ਪੋਸਟ ਕਰਨ ਕਰਕੇ ਆਮ ਲੋਕਾਂ ਵਿੱਚ ਕਾਫ਼ੀ ਮਕਬੂਲ ਸੀ।
ਇਸ ਤੋਂ ਇਲਾਵਾ ਉਹ ਰੰਗ ਬਿਰੰਗੇ ਕੱਪੜੇ ਪਾ ਕੇ ਕਥਿਤ ਤੌਰ ‘ਤੇ ਭੜਕਾਊ ਗਾਣਿਆਂ ਉੱਪਰ ਰੀਲ ਤਕਰੀਬਨ ਹਰ ਰੋਜ਼ ਅਪਲੋਡ ਕਰਦੀ ਨਜ਼ਰ ਆਉਂਦੀ ਸੀ।
ਅਮਨਦੀਪ ਕੌਰ ਨੇ ਪਿਛਲੇ ਦਿਨੀਂ ਆਪਣਾ ਜਨਮ ਦਿਨ ਆਪਣੀ ਗੱਡੀ ਦੇ ਬੋਨਟ ਉੱਪਰ ਕੇਕ ਕੱਟਦਿਆਂ ਮਨਾਇਆ ਸੀ ਅਤੇ ਇਸਦੀ ਰੀਲ ਸੋਸ਼ਲ ਮੀਡੀਆ ਉੱਪਰ ਅਪਲੋਡ ਕੀਤੀ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਇੰਸਟਾਗ੍ਰਾਮ ਉੱਪਰ ਅਮਨਦੀਪ ਦੇ ਇੱਕ ਦਿਨ ਵਿੱਚ ਕਰੀਬ 15 ਹਜ਼ਾਰ ਫੌਲੋਅਰਜ਼ ਵਧ ਗਏ ਹਨ।
ਪੁਲਿਸ ਮੁਤਾਬਕ ਅਮਨਦੀਪ ਕੌਰ ਵਿਆਹੁਤਾ ਹੈ ਅਤੇ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪਤੀ ਨਾਲੋਂ ਵੱਖ ਰਹਿ ਰਹੀ ਹੈ।

ਵਿਵਾਦਾਂ ਨਾਲ ਨਾਤਾ
ਪਿਛਲੇ ਦਿਨਾਂ ਵਿੱਚ ਪੁਲਿਸ ਦੀ ਵਰਦੀ ਵਿੱਚ ਰੀਲਾਂ ਬਣਾਉਣ ਕਾਰਨ ਅਮਨਦੀਪ ਕੌਰ ਵਿਵਾਦਾਂ ਵਿੱਚ ਘਿਰੇ ਰਹੇ ਹਨ।
ਨਸ਼ੇ ਦੇ ਮਾਮਲਿਆਂ ਨੂੰ ਲੈ ਕੇ ਅਮਨਦੀਪ ਉੱਪਰ ਪਹਿਲਾਂ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਸਨ, ਪਰ ਕੋਈ ਠੋਸ ਸਬੂਤ ਸਾਹਮਣੇ ਨਾ ਮਿਲਣ ਕਾਰਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ।
ਸ਼ੁੱਕਰਵਾਰ ਨੂੰ ਅਮਨਦੀਪ ਕੌਰ ਦਾ ਬਠਿੰਡਾ ਪੁਲਿਸ ਵੱਲੋਂ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਵੀ ਕਰਵਾਇਆ ਗਿਆ, ਜਿਸ ਦੀ ਰਿਪੋਰਟ ਨੈਗਟਿਵ ਆਈ ਹੈ।
ਇਸ ਮਹਿਲਾ ਕਰਮਚਾਰੀ ਦਾ ਨਾਂ ਉਸ ਵੇਲੇ ਵੀ ਸੁਰਖੀਆਂ ਵਿੱਚ ਆਇਆ ਸੀ, ਜਦੋਂ ਸਾਲ 2022 ਵਿੱਚ ਉਸ ਨੇ ਐੱਸਐੱਸਪੀ ਦਫ਼ਤਰ ਬਠਿੰਡਾ ਦੇ ਸਾਹਮਣੇ ਕੋਈ ਜ਼ਹਰੀਲੀ ਚੀਜ਼ ਨਿਗਲਣ ਦੀ ਕੋਸ਼ਿਸ਼ ਕੀਤੀ ਸੀ।
ਜ਼ਿਕਰਯੋਗ ਹੈ ਕਿ ਅਮਨਦੀਪ ਕੌਰ ਵੱਲੋਂ ਕਥਿਤ ਤੌਰ ‘ਤੇ ਦੁਰਵਿਹਾਰ ਕੀਤੇ ਜਾਣ ਤੋਂ ਬਾਅਦ ਸਿਵਲ ਹਸਪਤਾਲ ਬਠਿੰਡਾ ਦੇ ਡਾਕਟਰਾਂ ਨੇ ਸਾਲ 2022 ਵਿੱਚ ਹੜਤਾਲ ਉੱਪਰ ਜਾਣ ਦੀ ਧਮਕੀ ਦੇ ਦਿੱਤੀ ਸੀ।
ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਿਕ ਉਸ ਵੇਲੇ ਵੀ ਸਿਵਲ ਹਸਪਤਾਲ ਦੇ ਇੱਕ ਡਾਕਟਰ ਦੇ ਬਿਆਨ ਉੱਪਰ ਅਮਨਦੀਪ ਕੌਰ ਖਿਲਾਫ਼ ਪਰਚਾ ਦਰਜ ਕੀਤਾ ਗਿਆ ਸੀ।
‘ਮੈਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ’

ਤਸਵੀਰ ਸਰੋਤ, police_kaurdeep/Insta
ਅਮਨਦੀਪ ਕੌਰ ਨੂੰ ਪੰਜਾਬ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਬਠਿੰਡਾ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਡੀਐੱਸਪੀ ਹਰਬੰਸ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਦਾਲਤ ਨੇ ਅਮਨਦੀਪ ਕੌਰ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਉੱਪਰ ਭੇਜਿਆ ਹੈ।
ਅਦਾਲਤ ਵਿੱਚ ਪੇਸ਼ੀ ਸਮੇਂ ਅਮਨਦੀਪ ਕੌਰ ਨੇ ਉੱਚੀ ਆਵਾਜ਼ ਵਿੱਚ ਬੋਲਦਿਆਂ ਕਿਹਾ ਕਿ ਉਸ ਨੂੰ ਝੂਠੇ ਇਲਜ਼ਾਮਾਂ ਵਿੱਚ ਫਸਾਇਆ ਜਾ ਰਿਹਾ ਹੈ।
ਆਈਜੀ ਸੁਖਚੈਨ ਸਿੰਘ ਨੇ ਕਿਹਾ ਕਿ ਅਮਨਦੀਪ ਕੌਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਨਾਂ ਕਿਹਾ, “ਪੁਲਿਸ ਅਮਨਦੀਪ ਕੌਰ ਦੀ ਜਾਇਦਾਦ ਦੀ ਵੀ ਜਾਂਚ ਵੀ ਕਰ ਰਹੀ ਹੈ। ਜਿੱਥੇ ਵੀ ਕੋਈ ਗ਼ੈਰ-ਕਾਨੂੰਨੀ ਢੰਗ ਨਾਲ ਜਾਇਦਾਦ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI