Source :- BBC PUNJABI

“ਆਪਣੇ ਜਨਮ ਤੋਂ 6 ਸਾਲਾਂ ਤੱਕ ਮੈਂ ਆਪਣੇ ਪਿਤਾ ਨੂੰ ਨਹੀਂ ਦੇਖਿਆ, ਮੇਰੀ ਸਿਰਫ਼ ਉਨ੍ਹਾਂ ਨਾਲ 5-6 ਮਹੀਨਿਆਂ ਬਾਅਦ ਫੋਨ ਉੱਤੇ ਗੱਲ ਹੁੰਦੀ ਸੀ, ਮੇਰੇ ਲਈ ਉਹ ਸਿਰਫ਼ ਇੱਕ ਫੋਨ ਵਿੱਚੋਂ ਆਉਂਦੀ ਅਵਾਜ਼ ਸਨ।”
ਇਹ ਬੋਲ 6 ਸਾਲ ਦੀ ਉਮਰ ਵਿੱਚ ਕੈਨੇਡਾ ਆਏ ਇਕਵਿੰਦਰ ਸਿੰਘ ਗਹੀਰ ਦੇ ਹਨ, ਜੋ ਕਿ ਮਿਸੀਸਾਗਾ-ਮਾਲਟਨ ਰਾਈਡਿੰਗ (ਹਲਕੇ) ਤੋਂ ਕੈਨੇਡਾ ਦੇ ਪਾਰਲੀਮੈਂਟ ਮੈਂਬਰ ਹਨ।
31 ਸਾਲਾ ਇਕਵਿੰਦਰ ਸਾਲ 2021 ਵਿੱਚ ਪਹਿਲੀ ਵਾਰ ਚੁਣੇ ਗਏ ਸਨ, ਇਸ ਵਾਰ ਵੀ ਉਹ ਇਸੇ ਹਲਕੇ ਤੋਂ ਲਿਬਰਲਜ਼ ਪਾਰਟੀ ਦੇ ਉਮੀਦਵਾਰ ਹਨ।
ਉਹ ਆਪਣੇ ਪਿਤਾ ਦੇ ਕੈਨੇਡਾ ਪਹੁੰਚਣ ਅਤੇ ਉਨ੍ਹਾਂ ਦੇ ਐੱਮਪੀ ਚੁਣੇ ਜਾਣ ਵਿਚਲੇ ਸਬੱਬ ਬਾਰੇ ਦੱਸਦੇ ਹਨ।
ਉਹ ਦੱਸਦੇ ਹਨ, “ਮੇਰੇ ਪਿਤਾ ਸਾਲ 1992 ਵਿੱਚ ਕੈਨੇਡਾ ਆਏ ਸਨ, ਇਸ ਤੋਂ ਕੁਝ ਮਹੀਨਿਆਂ ਬਾਅਦ ਮੇਰਾ ਜਨਮ ਹੋਇਆ, ਗਰੀਬ ਹੋਣ ਕਰਕੇ ਉਹ ਵਾਪਸ ਨਹੀਂ ਆ ਸਕੇ ਤੇ ਅਸੀਂ ਕੈਨੇਡਾ ਨਹੀਂ ਜਾ ਸਕੇ।”
“6 ਸਾਲਾਂ ਬਾਅਦ ਕੈਨੇਡਾ ਦੀ ਫੈਮਿਲੀ ਰੀਯੂਨੀਫਿਕੇਸ਼ਨ ਨੀਤੀ ਵਿੱਚ ਮੇਰੇ ਪਿਤਾ ਚੁਣੇ ਗਏ ਸਨ ਤੇ ਮੇਰੇ ਵੱਡੇ ਭਰਾ, ਮੈਨੂੰ ਅਤੇ ਮਾਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਮਿਲ ਗਈ ਸੀ।”
“ਮੈਨੂੰ ਅੱਜ ਵੀ ਯਾਦ ਹੈ ਏਅਰਪੋਰਟ ਉੱਤੇ ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਪਹਿਲੀ ਵਾਰ ਦੇਖਿਆ।”
“ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਹਲਕੇ ਵਿੱਚ ਮੈਂ ਉਨ੍ਹਾਂ ਨੂੰ ਮਿਲਿਆ ਸੀ ਅੱਜ ਮੈਂ ਉੱਥੋਂ ਦਾ ਐੱਮਪੀ ਹਾਂ।”
ਕੈਨੇਡਾ ਦੀ ਖੂਬਸੂਰਤੀ ਅਤੇ ਪਰਵਾਸ ਦਾ ਸੁਪਨਾ

ਇਕਵਿੰਦਰ ਦੱਸਦੇ ਹਨ, “ਮੇਰੇ ਪਿਤਾ ਕੋਲ ਪਲੰਬਿੰਗ ਦਾ ਲਾਇਸੈਂਸ ਸੀ। ਮੈਂ ਤੇ ਮੇਰਾ ਭਰਾ ਗਰਮੀ ਦੀਆਂ ਛੁੱਟੀਆਂ ਵਿੱਚ ਉਨ੍ਹਾਂ ਨਾਲ ਕੰਮ ਕਰਦੇ ਸੀ।”
ਇਕਵਿੰਦਰ ਕਹਿੰਦੇ ਹਨ ਕਿ ਕੈਨੇਡਾ ਵਿੱਚ ਇਹ ਆਮ ਕਹਾਣੀ ਹੈ ਕਿ ਪਰਵਾਸੀ ਇੱਥੇ ਪੰਜ ਡਾਲਰ ਲੈ ਕੇ ਆਏ ਸੀ ਤੇ ਅੱਜ ਕਾਮਯਾਬੀਆਂ ਉੱਤੇ ਪਹੁੰਚੇ।
ਇਕਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਪੜ੍ਹਾਈ ਨਹੀਂ ਕਰ ਸਕੇ ਸਨ ਤੇ ਉਹ ਚਾਹੁੰਦੇ ਸਨ ਕਿ ਉਹ ਪੜ੍ਹਾਈ ਕਰਨ।
ਇਕਵਿੰਦਰ ਨੇ ਕੈਨੇਡਾ ਵਿੱਚ ਬਿਜਨਸ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਅਮਰੀਕਾ ਵਿੱਚ ਲਾਅ ਦੀ ਡਿਗਰੀ ਕੀਤੀ ਅਤੇ ਵਕੀਲ ਵਜੋਂ ਕੰਮ ਵੀ ਕੀਤਾ।
ਉਹ ਦੱਸਦੇ ਹਨ, “ਇਸੇ ਦੌਰਾਨ ਮੇਰੇ ਪਿਤਾ ਪਲੰਬਰ ਤੋਂ ਬਿਜਨਸਮੈਨ ਬਣ ਗਏ ਅਤੇ ਇਹ ਕਹਾਣੀ ਦੱਸਣ ਵਿੱਚ ਚੰਗੀ ਲੱਗਦੀ ਹੈ ਪਰ ਇਹ ਕੈਨੇਡਾ ਵਿੱਚ ਆਮ ਕਹਾਣੀ ਹੈ। ਕੈਨੇਡਾ ਦੀ ਇਹੀ ਖਾਸ ਗੱਲ ਹੈ ਕਿ ਇੱਥੇ ਆਮ ਘਰਾਂ ਦੇ ਲੋਕ ਆ ਕੇ ਖਾਸ ਬਣ ਸਕਦੇ ਹਨ।”
ਚੋਣਾਂ ‘ਚ ਲਿਬਰਲ ਪਾਰਟੀ ਦੇ ਮੁੱਦੇ

ਕੈਨੇਡਾ ਵਿੱਚ 28 ਅਪ੍ਰੈਲ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਇਕਵਿੰਦਰ ਲਿਬਰਲ ਪਾਰਟੀ ਨਾਲ 2021 ਵਿੱਚ ਆਏ ਸਨ ਅਤੇ ਇਹ ਉਨ੍ਹਾਂ ਦੀ ਦੂਜੀ ਚੋਣ ਹੈ।
ਇਨ੍ਹਾਂ ਚੋਣਾਂ ਵਿੱਚ ਮੁੱਦਿਆਂ ਨੂੰ ਲੈ ਕੇ ਉਹ ਕਹਿੰਦੇ ਹਨ, “ਇਸ ਵਾਰ ਜੋ ਮੁੱਖ ਮੁੱਦੇ ਹਨ, ਉਨ੍ਹਾਂ ਵਿੱਚੋਂ ਪਹਿਲਾ ਹੈ ਅਪਰਾਧ, ਦੇਸ਼ ਵਿਚ ਅਪਰਾਧ ਕਾਫੀ ਵੱਧ ਗਿਆ ਹੈ, ਜਿਸ ਨੂੰ ਰੋਕਣ ਲਈ ਕੰਮ ਕਰਨ ਦੀ ਜ਼ਰੂਰਤ ਹੈ। ਦੂਜਾ ਮੁੱਦਾ ਹਾਊਸਿੰਗ ਦਾ ਹੈ ਕਿਉਂਕਿ ਕੈਨੇਡਾ ਵਿੱਚ ਪਿਛਲੇ ਕੁਝ ਸਾਲਾਂ ਤੋਂ ਆਬਾਦੀ ਵਧ ਰਹੀ ਹੈ ਪਰ ਘਰ ਘੱਟ ਹਨ, ਜਿਸ ਨਾਲ ਆਬਾਦੀ ਘਰਾਂ ਨਾਲ ਮੇਲ ਨਹੀਂ ਖਾ ਰਹੀ। ਇਸ ਲਈ ਚਾਹੁੰਦੇ ਹਾਂ ਕਿ ਹਾਊਸਿੰਗ ਵਧੇ।”
ਇਕਵਿੰਦਰ ਦੱਸਦੇ ਹਨ ਕਿ ਉਨ੍ਹਾਂ ਦੇ ਲੀਡਰ ਮਾਰਕ ਕਾਰਨੀ ਨੇ ਪਾਰਟੀ ਅੱਗੇ ਇਕ ਮਤਾ ਰੱਖਿਆ ਹੈ ਕਿ ਉਹ ਇੱਕ ਫੈਡਰਲ ਏਜੰਸੀ ਬਣਾਉਣਗੇ, ਜਿਨ੍ਹਾਂ ਰਾਹੀਂ ਘਰ ਬਣਾਏ ਜਾਣਗੇ।
ਪਰਵਾਸ ਅਤੇ ਹਾਊਸਿੰਗ ਨੂੰ ਲੈ ਕੇ ਪੈਦੇ ਹੋਏ ਸੰਕਟ ਲਈ ਕੌਣ ਜ਼ਿੰਮੇਵਾਰ ਹੈ, ਇਸ ਬਾਰੇ ਪੁੱਛੇ ਸਵਾਲ ‘ਤੇ ਇਕਵਿੰਦਰ ਕਹਿੰਦੇ ਹਨ, “ਹਾਊਸਿੰਗ ਦੀ ਜ਼ਿੰਮੇਵਾਰੀ ਤਿੰਨ ਪੱਧਰਾਂ ਉਪਰ ਵੰਡੀ ਹੋਈ ਹੈ, ਜਿਸ ਵਿੱਚ ਫੈਡਰਲ ਸਰਕਾਰ, ਸਟੇਟ ਤੇ ਮਿਉਂਸਿਪਲ ਆਉਂਦੇ ਹਨ। ਜੇ ਹਾਊਸਿੰਗ ਦੀ ਸਮੱਸਿਆ ਆ ਰਹੀ ਹੈ ਤਾਂ ਇਸ ਲਈ ਸਿਰਫ ਫੈਡਰਲ ਸਰਕਾਰ ਜ਼ਿੰਮੇਵਾਰ ਨਹੀਂ ਹੈ।”
“ਹਾਊਸਿੰਗ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ ਇਹ ਦਹਾਕਿਆਂ ਪੁਰਾਣੀ ਹੈ ਪਰ ਮੀਡੀਆ ਵਿੱਚ ਇਸ ਦੀ ਚਰਚਾ ਇਸ ਵਾਰ ਜ਼ਿਆਦਾ ਹੋ ਰਹੀ ਹੈ।”

ਪਰਵਾਸ ਨੂੰ ਲੈ ਕੇ ਰਣਨੀਤੀ
ਕੈਨੇਡਾ ਵਿੱਚ ਪਰਵਾਸ ਨੂੰ ਲੈ ਕੇ ਕੁਝ ਸਮੇਂ ਤੋਂ ਨਿਯਮ ਸਖ਼ਤ ਹੋਏ ਹਨ।
ਇਸ ਮਸਲੇ ਦੇ ਹੱਲ ਬਾਰੇ ਪੁੱਛੇ ਸਵਾਲ ਉਪਰ ਇਕਵਿੰਦਰ ਕਹਿੰਦੇ ਹਨ, “ਵਿਸ਼ਵ ਭਰ ਵਿੱਚ ਕੈਨੇਡਾ ਇੱਕ ਵਿਸ਼ੇਸ਼ ਦੇਸ਼ ਹੈ, ਜਿਥੋਂ ਦੇ ਵਾਸੀਆਂ ਦਾ ਦਿਲ ਬਹੁਤ ਵੱਡਾ ਹੈ। ਇਥੋਂ ਦੇ ਲੋਕ ਚਾਹੁੰਦੇ ਹਨ ਕਿ ਪਰਵਾਸੀ ਇਥੇ ਆਉਣ, ਆਪਣੇ ਹੁਨਰ ਨਾਲ ਇਥੇ ਤਰੱਕੀ ਕਰਨ, ਜਿਸ ਨਾਲ ਵਿਭਿੰਨਤਾ ਵਧਦੀ ਹੈ।”
“ਸਾਡੇ ਪੁਰਾਣੇ ਲੀਡਰ ਕਹਿੰਦੇ ਸਨ ਕਿ ਵਿਭਿੰਨਤਾ ਹੀ ਤਾਕਤ ਹੈ, ਜਿਸ ਨਾਲ ਸਾਡੀ ਸ਼ਕਤੀ ਹੋਰ ਵਧਦੀ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਲੋਕ ਇਥੇ ਆਉਣ ਤੇ ਆ ਕੇ ਆਪਣੇ ਘਰ ਵਸਾਉਣ ਪਰ ਇਹ ਵੀ ਚਾਹੁੰਦੇ ਹਾਂ ਕਿ ਜਿਹੜਾ ਜੀਵਨ ਪੱਧਰ ਹੈ ਉਹ ਕੈਨੇਡਾ ਦੇ ਮੁਤਾਬਕ ਹੋਵੇ। ਇੱਥੇ ਵਿਦਿਆਰਥੀਆਂ ਦੀ ਗਿਣਤੀ ਇੱਕ ਦਮ ਵਧੀ ਹੈ, ਉਸ ਨਾਲ ਸਮੱਸਿਆ ਵੀ ਵਧੀ ਹੈ ਪਰ ਅਸੀਂ ਚਾਹੁੰਦੇ ਹਾਂ ਇਹ ਦਰ ਸਥਿਰ ਹੋਵੇ ਜੋ ਕੈਨੇਡਾ ਦੇ ਢਾਂਚੇ ਨਾਲ ਮੇਲ ਖਾਵੇ ਤੇ ਲੋਕ ਕੈਨੇਡਾ ਆ ਸਕਣ।”
ਕੈਨੇਡਾ ਦੇ ਪੰਜਾਬੀਆਂ ਦੀ ਰਾਜਨੀਤੀ

ਤਸਵੀਰ ਸਰੋਤ, Iqwinder Singh/Insta
ਕੈਨੇਡਾ ਵਿੱਚ ਪੰਜਾਬੀਆਂ ਦੇ ਹਾਵੀ ਹੋਣ ਬਾਰੇ ਇਕਵਿੰਦਰ ਕਹਿੰਦੇ ਹਨ, “ਭਾਰਤ ਜਾਂ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਸ਼ਾਇਦ ਸਾਡੇ ਖੂਨ ਵਿੱਚ ਹੀ ਕਿ ਪੰਜਾਬੀ ਕੁਦਰਤੀ ਤੌਰ ‘ਤੇ ਰਾਜਨੀਤੀ ਵਿੱਚ ਦਿਲਚਸਪੀ ਦਿਖਾਉਂਦੇ ਹਨ।”
“ਇੱਥੇ ਚੋਣ ਲੜਨ ਲਈ ਕਾਫੀ ਸਖ਼ਤ ਨਿਯਮ ਹਨ ਕਿ ਤੁਸੀਂ ਚੋਣ ਪ੍ਰਚਾਰ ਵਿੱਚ ਕਿੰਨੇ ਪੈਸੇ ਲਗਾ ਸਕਦੇ ਹੋ। ਇੱਥੇ ਫੈਡਰਲ ਚੋਣਾਂ ਮਹੀਨਿਆਂ ਦੀਆਂ ਹੀ ਹੁੰਦੀਆਂ ਹਨ। ਭਾਰਤ ਦੇ ਮੁਕਾਬਲੇ ਸਾਡੀਆਂ ਰੈਲੀਆਂ ਬੇਸ਼ੱਕ ਛੋਟੀਆਂ ਹੁੰਦੀਆਂ ਹਨ ਪਰ ਇਥੇ ਲੋਕਾਂ ਵਿੱਚ ਜੋਸ਼ ਉਸੇ ਤਰ੍ਹਾਂ ਹੁੰਦਾ ਹੈ।”
ਇਕਵਿੰਦਰ ਦਾ ਕਹਿਣਾ ਕਿ ਕੈਨੇਡਾ ਵਿੱਚ ਰੈਲੀ ’ਚ 3000 ਲੋਕਾਂ ਦੀ ਗਿਣਤੀ ਵੀ ਬਹੁਤ ਵੱਡੀ ਮੰਨੀ ਜਾਂਦੀ ਹੈ।
“ਕੈਨੇਡਾ ਦੀ ਰਾਜਨੀਤੀ ਵਿੱਚ ਨਿੱਜੀ ਹਮਲੇ ਬਹੁਤ ਘੱਟ ਹੁੰਦੇ ਹਨ, ਜੋ ਕਿ ਇਥੋਂ ਦੀ ਖਾਸੀਹਤ ਹੈ। ਇਥੇ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਇੱਕ-ਦੂਜੇ ਨੂੰ ਘੇਰਿਆ ਜਾਂਦਾ ਹੈ।”
ਪਿਛਲੀ ਵਾਰ 17 ਐੱਮਪੀ ਪਾਰਲੀਮੈਂਟ ਵਿੱਚ ਪਹੁੰਚੇ ਸਨ। ਇਸ ਵਾਰ ਦੇ ਨਤੀਜਿਆਂ ਬਾਰੇ ਇਕਵਿੰਦਰ ਕਹਿੰਦੇ ਹਨ, “ਜੇ ਅਸੀਂ 20 ਸਾਲ ਪੁਰਾਣੀ ਗੱਲ ਕਰੀਏ ਤਾਂ ਪੰਜਾਬੀ ਇੱਕ-ਦੋ ਹੀ ਹੁੰਦੇ ਸੀ ਪਰ ਹੁਣ ਉਹ ਗਿਣਤੀ ਵਧੀ ਹੈ। ਪੰਜਾਬੀ ਰਾਜਨੀਤੀ ਵਿੱਚ ਦਿਲਚਸਪੀ ਲੈਂਦੇ ਨੇ ਤੇ ਇਥੇ ਉਨ੍ਹਾਂ ਦੀ ਆਬਾਦੀ ਵੀ ਵਧੀ ਹੈ ਤਾਂ ਉਨ੍ਹਾਂ ਦੀ ਭਾਗੀਦਾਰੀ ਵਧਣੀ ਚਾਹੀਦੀ ਹੈ।”
ਪੰਜਾਬ ਬਾਰੇ ਇਕਵਿੰਦਰ ਗੱਲ ਕਰਦੇ ਹਨ ਕਿ ਉਨ੍ਹਾਂ ਦਾ ਬਹੁਤ ਮਨ ਹੈ ਕਿ ਉਹ ਉਥੇ ਜਾ ਕੇ ਦੇਖਣ ਕਿ ਪੰਜਾਬ ਨੇ ਕਿੰਨੀ ਤਰੱਕੀ ਕੀਤੀ ਹੈ ਤੇ ਅਸੀਂ ਚਾਹੁੰਦੇ ਵੀ ਹਾਂ ਕਿ ਪੂਰੇ ਪੰਜਾਬ ਤੇ ਭਾਰਤ ਦੇ ਲੋਕਾਂ ਦੀ ਵੀ ਤਰੱਕੀ ਹੋਵੇ। ਪਰ ਸਾਡਾ ਦਿਲ ਹੁਣ ਕੈਨੇਡਾ ਵਿੱਚ ਵਸਿਆ ਹੋਇਆ ਹੈ।
“ਅਸੀਂ ਚਾਹੁੰਦੇ ਹਾਂ ਭਾਰਤ ਨਾਲ ਸਬੰਧ ਸੁਧਰਨ”

ਤਸਵੀਰ ਸਰੋਤ, Iqwinder Singh/Insta
ਕੈਨੇਡਾ ਅਤੇ ਭਾਰਤ ਦੇ ਸਬੰਧ ਕੁਝ ਸਮੇਂ ਤੋਂ ਤਣਾਅ ਵਿਚੋਂ ਲੰਘੇ ਹਨ ਤੇ ਹਾਲੇ ਵੀ ਸਥਿਤੀ ਆਮ ਨਹੀਂ ਹੋਈ ਹੈ। ਇਸ ਬਾਰੇ ਇਕਵਿੰਦਰ ਕਹਿੰਦੇ ਹਨ, “ਭਾਰਤ ਇੱਕ ਵੱਡੀ ਮਾਰਕਿਟ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਵਪਾਰ ਦੇ ਤੌਰ ‘ਤੇ ਕੈਨੇਡਾ ਤੇ ਭਾਰਤ ਦੇ ਸਬੰਧ ਸੁਧਰਨ ਪਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਜੋ ਸਾਡੀਆਂ ਇਥੋਂ ਦੀਆਂ ਕਦਰ-ਕੀਮਤਾਂ ਹਨ ਜਿਵੇਂ ਬੋਲਣ ਦੀ ਆਜ਼ਾਦੀ, ਅਸੀਂ ਉਨ੍ਹਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ।”
ਭਾਰਤ ਵੱਲੋਂ ਕੈਨੇਡਾ ‘ਚ ਐਂਟੀ ਇੰਡੀਅਨ ਕੰਮ ਹੋਣ ਦੇ ਲਗਾਏ ਜਾਂਦੇ ਇਲਜ਼ਾਮਾਂ ਉਪਰ ਇਕਵਿੰਦਰ ਕਹਿੰਦੇ ਹਨ, “ਭਾਰਤ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਮੰਨਦਾ ਪਰ ਜੇ ਤੁਸੀਂ ਆਪਣੇ ਆਪ ਨੂੰ ਲੋਕਤੰਤਰ ਕਹਿੰਦੇ ਹੋ ਤਾਂ ਬੋਲਣ ਦੀ ਆਜ਼ਾਦੀ ਨੂੰ ਸੈਲੀਬਰੇਟ ਕਰਨਾ ਚਾਹੀਦਾ ਹੈ।”
“ਤਾਂ ਜੋ ਲੋਕ ਖੁੱਲ੍ਹ ਕੇ ਆਪਣੇ ਵਿਚਾਰਾਂ ਨੂੰ ਸਾਹਮਣੇ ਰੱਖ ਸਕਣ। ਹਾਂ ਇਹ ਵੀ ਹੈ ਕਿ ਉਹ ਗੱਲ ਹਿੰਸਾ ਤੱਕ ਨਹੀਂ ਜਾਣੀ ਚਾਹੀਦੀ, ਜੇ ਅਜਿਹਾ ਹੋਵੇਗਾ ਤਾਂ ਅਸੀਂ ਸਖ਼ਤ ਕਾਰਵਾਈ ਕਰਾਂਗੇ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI