Source :- BBC PUNJABI

ਖਾਣਾ

ਤਸਵੀਰ ਸਰੋਤ, Getty Images

  • ਲੇਖਕ, ਜੂਲੀਆ ਗ੍ਰੈਂਚੀ
  • ਰੋਲ, ਬੀਬੀਸੀ ਵਰਲਡ ਸਰਵਿਸ
  • 20 ਅਪ੍ਰੈਲ 2025, 10:45 IST

    ਅਪਡੇਟ 3 ਮਿੰਟ ਪਹਿਲਾਂ

‘ਹੌਲੀ-ਹੌਲੀ, ਚੰਗੀ ਤਰ੍ਹਾਂ ਚਬਾ ਕੇ ਖਾਓ… ਖਾਣਾ ਖਾਂਦੇ ਸਮੇਂ ਗੱਲ ਨਹੀਂ ਕਰਦੇ… ਖਾਣਾ ਖਾਣ ਵੇਲੇ ਮੋਬਾਈਲ ਨਾ ਦੇਖੋ…’

ਸਾਡੇ ਵਿੱਚੋਂ ਬਹੁਤ ਸਾਰਿਆਂ ਨੇ ਆਪਣੇ ਜੀਵਨ ਵਿੱਚ ਇਨ੍ਹਾਂ ‘ਚੋਂ ਕੋਈ ਨਾ ਕੋਈ ਗੱਲ ਜ਼ਰੂਰ ਹੀ ਸੁਣੀ ਹੋਵੇ। ਵਿਗਿਆਨ ਵੀ ਇਸ ਤੱਥ ਨੂੰ ਦਰਸਾਉਂਦਾ ਹੈ ਕਿ ਹੌਲੀ-ਹੌਲੀ ਅਤੇ ਸੋਚ-ਸਮਝ ਕੇ ਖਾਣਾ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਦਰਅਸਲ, ਜਿਸ ਰਫ਼ਤਾਰ ਨਾਲ ਤੁਸੀਂ ਖਾਣਾ ਖਾਂਦੇ ਹੋ, ਉਹ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ।

ਇਸ ਵਿੱਚ ਪਾਚਨ ਅਤੇ ਸੰਤੁਸ਼ਟੀ ਤੋਂ ਲੈ ਕੇ ਸਰੀਰ ਦੇ ਭਾਰ ਦੇ ਪ੍ਰਬੰਧਨ ਅਤੇ ਤੁਹਾਡੀ ਸਮੁੱਚੀ ਸਿਹਤ ਤੱਕ ਸਭ ਕੁਝ ਸ਼ਾਮਲ ਹੈ।

ਖਾਣਾ ਪਚਾਉਣ ਵਿੱਚ ਆਸਾਨੀ

ਖਾਣਾ

ਤਸਵੀਰ ਸਰੋਤ, Getty Images

ਲਿਵੀਆ ਹੇਸੇਗੋਵਾ, ਬ੍ਰਾਜ਼ੀਲ ਦੀ ਯੂਨੀਵਰਸਿਟੀ ਆਫ਼ ਸਾਓ ਪਾਓਲੋ ਵਿੱਚ ਇੱਕ ਸਿਖਲਾਈ ਪ੍ਰਾਪਤ ਨਿਊਟ੍ਰਿਸ਼ਨਿਸਟ ਹਨ।

ਉਹ ਦੱਸਦੇ ਹਨ ਕਿ “ਹੌਲੀ-ਹੌਲੀ ਖਾਣ ਨਾਲ ਭੋਜਨ ਨੂੰ ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ, ਜਿਸ ਨਾਲ ਪਾਚਨ ਕਿਰਿਆ ਆਸਾਨ ਹੋ ਜਾਂਦੀ ਹੈ। ਮੈਂ ਅਕਸਰ ਆਪਣੇ ਮਰੀਜ਼ਾਂ ਨੂੰ ਇਸ ਆਮ ਜਿਹੀ ਗੱਲ ਯਾਦ ਦਿਵਾਉਂਦੀ ਹਾਂ ਕਿ ਪੇਟ ‘ਚ ਦੰਦ ਨਹੀਂ ਹੁੰਦੇ। ਇਸ ਲਈ, ਜਦੋਂ ਭੋਜਨ ਵੱਡੇ ਟੁਕੜਿਆਂ ਵਿੱਚ ਪੇਟ ਤੱਕ ਪਹੁੰਚਦਾ ਹੈ, ਤਾਂ ਪਾਚਨ ਪ੍ਰਕਿਰਿਆ ਹੌਲੀ ਅਤੇ ਘੱਟ ਪ੍ਰਭਾਵਸ਼ਾਲੀ ਹੋ ਜਾਂਦੀ ਹੈ।”

ਉਹ ਕਹਿੰਦੇ ਹਨ, “ਆਪਣੇ ਭੋਜਨ ਨੂੰ ਜ਼ਿਆਦਾ ਚਬਾਉਣ ਨਾਲ ਤੁਹਾਡੀ ਲਾਰ ਵਿੱਚ ਪਾਚਕ ਐਨਜ਼ਾਈਮਾਂ ਦਾ ਉਤਪਾਦਨ ਵਧ ਜਾਂਦਾ ਹੈ, ਜਿਸ ਨਾਲ ਪੌਸ਼ਟਿਕ ਬਿਟਰ ਢੰਗ ਨਾਲ ਤੁਹਾਡੇ ਸਰੀਰ ਵਿੱਚ ਘੁਲ-ਮਿਲ ਪਾਉਂਦੇ ਹਨ।”

ਖਾਣਾ

ਤਸਵੀਰ ਸਰੋਤ, Getty Images

ਜੇਕਰ ਭੋਜਨ ਨੂੰ ਚੰਗੀ ਤਰ੍ਹਾਂ ਨਾ ਚਬਾਇਆ ਜਾਵੇ, ਤਾਂ ਪੇਟ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ, ਜਿਸ ਨਾਲ ਪੇਟ ਫੁਲ ਸਕਦਾ ਹੈ ਅਤੇ ਪਾਚਨ ਕਿਰਿਆ ਹੌਲੀ ਹੋ ਸਕਦੀ ਹੈ।

ਉਹ ਕਹਿੰਦੇ ਹਨ ਕਿ “ਇਹੀ ਕਾਰਨ ਹੈ ਕਿ ਖਾਣਾ ਖਾਣ ਤੋਂ ਬਾਅਦ ਕੁਝ ਲੋਕਾਂ ਦਾ ਪੇਟ ਕਈ ਘੰਟਿਆਂ ਤੱਕ ਫੁੱਲਿਆ ਰਹਿੰਦਾ ਹੈ ਅਤੇ ਉਹ ਸੁਸਤ ਮਹਿਸੂਸ ਕਰਦੇ ਹਨ।”

ਪਰ ਇੱਕ ਟੁਕੜੇ ਨੂੰ ਕਿੰਨਾ ਚਿਰ ਚਬਾਇਆ ਜਾਵੇ, ਇਸ ਦੇ ਲਈ ਕੋਈ ਨਿਸ਼ਚਿਤ ਸਮਾਂ ਤੈਅ ਨਹੀਂ ਹੈ।

ਭਾਰ ਵਧਣਾ

ਮਾਹਿਰ ਸੁਝਾਅ ਦਿੰਦੇ ਹਨ ਕਿ ਗਿਣਤੀ ਕਰਨ ‘ਤੇ ਧਿਆਨ ਦੇਣ ਦੀ ਬਜਾਏ ਇੱਕ ਗੱਲ ‘ਤੇ ਧਿਆਨ ਰੱਖੋ ਕਿ ਕਿ ਖਾਣਾ ਜਦੋਂ ਪੇਟ ‘ਚ ਜਾਵੇ ਤਾਂ ਉਹ ਨਰਮ ਹੋਵੇ, ਅਤੇ ਇਸਦੀ ਮਾਤਰਾ ਇੰਨੀ ਹੋਣੀ ਚਾਹੀਦੀ ਹੈ ਕਿ ਇਸ ਨੂੰ ਆਸਾਨੀ ਨਾਲ ਪਚਾਇਆ ਜਾ ਸਕੇ।

ਹੇਸੇਗੋਵਾ ਕਹਿੰਦੇ ਹਨ, “ਖਾਣਾ ਖਾਣ ਵੇਲੇ ਧਿਆਨ ਭਟਕਾਉਣਾ, ਜਿਵੇਂ ਕਿ ਟੀਵੀ ਦੇਖਣਾ, ਫ਼ੋਨ ਦੀ ਵਰਤੋਂ ਕਰਨਾ, ਜਾਂ ਗੱਲਾਂ ਕਰਨਾ, ਭੋਜਨ ਚਬਾਉਣ ਦੀ ਤੁਹਾਡੀ ਸਮਰੱਥਾ ਨੂੰ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰਦਾ ਹੈ।”

“ਇਸ ਕਾਰਨ ਤੁਸੀਂ ਆਪਣਾ ਭੋਜਨ ਬਹੁਤ ਜਲਦੀ-ਜਲਦੀ ਚਬਾਉਂਦੇ ਹੋ, ਜਿਸ ਨਾਲ ਤੁਹਾਡੇ ਸਰੀਰ ਚ ਹਵਾ ਜਾਂਦੀ ਹੈ ਅਤੇ ਨਤੀਜੇ ਵਜੋਂ ਤੁਹਾਡਾ ਪੇਟ ਫੁੱਲ ਜਾਂਦਾ ਹੈ।”

ਭਾਰ ਵਧਣ ਦੀਆਂ ਸਮੱਸਿਆਵਾਂ

ਮੋਟਾਪਾ

ਤਸਵੀਰ ਸਰੋਤ, Getty Images

ਪਾਚਨ ਕਿਰਿਆ ‘ਤੇ ਅਸਰ ਪੈਣ ਦੇ ਨਾਲ-ਨਾਲ ਭਾਰ ਵਧਣ ਦੀ ਸਮੱਸਿਆ ਵੀ ਆ ਜਾਂਦੀ ਹੈ।

ਸੈਂਡਰ ਕਰਸਟਨ, ਪੋਸ਼ਣ ਵਿਗਿਆਨ ਵਿਭਾਗ ਦੇ ਡਾਇਰੈਕਟਰ ਹਨ। ਉਹ ਨਿਊਯਾਰਕ ਦੀ ਕਾਰਨੇਲ ਯੂਨੀਵਰਸਿਟੀ ਵਿੱਚ ਸ਼ਲੀਫਰ ਫੈਮਿਲੀ ਪ੍ਰੋਫੈਸਰ ਹਨ।

ਉਹ ਕਹਿੰਦੇ ਹਨ, “ਜਲਦੀ ਖਾਣਾ ਖਾਣ ਨਾਲ ਜ਼ਿਆਦਾ ਊਰਜਾ ਖਰਚ ਹੁੰਦੀ ਹੈ। ਨਤੀਜੇ ਵਜੋਂ, ਅਸੀਂ ਪ੍ਰਤੀ ਮਿੰਟ ਜ਼ਿਆਦਾ ਕੈਲੋਰੀ ਵਰਤਦੇ ਹਾਂ। ਖੋਜ ਦਰਸਾਉਂਦੀ ਹੈ ਕਿ ਜਦੋਂ ਤੁਸੀਂ ਤੇਜ਼ੀ ਨਾਲ ਖਾਂਦੇ ਹੋ, ਤਾਂ ਤੁਸੀਂ ਸੌਖਿਆਂ ਹੀ ਜ਼ਿਆਦਾ ਭੋਜਨ ਖਾ ਲੈਂਦੇ ਹੋ।”

ਉਨ੍ਹਾਂ ਮੁਤਾਬਕ, “ਹੌਲੀ-ਹੌਲੀ ਖਾਣ ਨਾਲ ਭੋਜਨ ਦੇ ਮੂੰਹ ਵਿੱਚ ਰਹਿਣ ਦਾ ਸਮਾਂ ਵੱਧ ਜਾਂਦਾ ਹੈ। ਇਸ ਨਾਲ ਉਨ੍ਹਾਂ ਸਿਗਨਲਾਂ ਵਿੱਚ ਵਾਧਾ ਹੁੰਦਾ ਹੈ ਜੋ ਪਾਚਨ ਪ੍ਰਤੀਕ੍ਰਿਆਵਾਂ ਸ਼ੁਰੂ ਕਰਨ ਲਈ ਲੋੜੀਂਦੇ ਹਾਰਮੋਨਾਂ ਨੂੰ ਰਿਲੀਜ਼ ਹੋਣ ‘ਚ ਮਦਦ ਕਰਦੇ ਹਨ।”

ਇਹ ਵੀ ਪੜ੍ਹੋ-

ਸੈਂਡਰ ਕਰਸਟਨ ਕਹਿੰਦੇ ਹਨ ਕਿ “ਦਿਮਾਗ ਨੂੰ ਹਾਰਮੋਨ ਛੱਡਣ ਵਿੱਚ ਕੁਝ ਸਮਾਂ ਲੱਗਦਾ ਹੈ ਜੋ ਤੁਹਾਨੂੰ ਦੱਸਦੇ ਹਨ ਕਿ ਤੁਸੀਂ ਰੱਜ ਗਏ ਹੋ। ਜੋ ਲੋਕ ਬਹੁਤ ਜਲਦੀ ਖਾਂਦੇ ਹਨ, ਉਹ ਅਸਲ ਵਿੱਚ ਆਪਣੀ ਜ਼ਰੂਰਤ ਤੋਂ ਵੱਧ ਖਾ ਲੈਂਦੇ ਹਨ ਕਿਉਂਕਿ ਉਨ੍ਹਾਂ ਦੇ ਸਰੀਰ ਕੋਲ ਇਹ ਸੰਕੇਤ ਦੇਣ ਲਈ ਸਮਾਂ ਨਹੀਂ ਹੁੰਦਾ ਕਿ ਉਹ ਰੱਜ ਗਏ ਹਨ।”

ਨਤੀਜਾ ਇਹ ਹੁੰਦਾ ਹੈ ਕਿ ਤੁਸੀਂ ਜ਼ਿਆਦਾ ਕੈਲੋਰੀ ਲੈ ਲੈਂਦੇ ਹੋ, ਜੋ ਸਰੀਰ ਵਿੱਚ ਜਮ੍ਹਾਂ ਚਰਬੀ ਵਿੱਚ ਬਦਲ ਜਾਂਦੀ ਹੈ।

ਸਿਹਤ ਨੂੰ ਖ਼ਤਰੇ

ਦਿਲ ਦਾ ਦੌਰਾ

ਤਸਵੀਰ ਸਰੋਤ, Getty Images

ਜਲਦੀ-ਜਲਦੀ ਖਾਣ ਨਾਲ ਐਸਿਡ ਰਿਫਲਕਸ ਅਤੇ ਗੈਸਟਰਾਈਟਿਸ ਵਰਗੀਆਂ ਪਾਚਨ ਸਮੱਸਿਆਵਾਂ ਹੋਰ ਵੀ ਗੰਭੀਰ ਹੋ ਜਾਂਦੀਆਂ ਹਨ।

ਇਸ ਤੋਂ ਇਲਾਵਾ, ਰਿਫਲਕਸ ਤੋਂ ਪੀੜਤ ਲੋਕ ਜੇਕਰ ਬਹੁਤ ਜਲਦੀ-ਜਲਦੀ ਖਾਂਦੇ ਹਨ ਤਾਂ ਉਨ੍ਹਾਂ ਦੇ ਲੱਛਣ ਹੋਰ ਵੀ ਵਿਗੜ ਸਕਦੇ ਹਨ।

ਹੇਸੇਗੋਵਾ ਦੇ ਅਨੁਸਾਰ, “ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਭੋਜਨ ਵੱਡੇ ਟੁਕੜਿਆਂ ਵਿੱਚ ਅੰਤੜੀਆਂ ਤੱਕ ਪਹੁੰਚਦਾ ਹੈ, ਤਾਂ ਇਹ ਅੰਤੜੀਆਂ ਦੇ ਬੈਕਟੀਰੀਆ ਦੇ ਸੰਤੁਲਨ ਨੂੰ ਵਿਗਾੜ ਸਕਦਾ ਹੈ, ਜਿਸ ਨਾਲ ਪੂਰੀ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਹੋ ਸਕਦੀ ਹੈ।”

ਉਹ ਕਹਿੰਦੇ ਹਨ ਕਿ ਜੇਕਰ ਇਹ ਆਦਤ ਜਾਰੀ ਰਹੀ ਤਾਂ ਇਹ ਮੋਟਾਪੇ ਦਾ ਕਾਰਨ ਬਣ ਸਕਦੀ ਹੈ।

ਖਾਸ ਕਰਕੇ ਜੇਕਰ ਤੁਹਾਡੀ ਜੀਵਨ ਸ਼ੈਲੀ ਵਿੱਚ ਪਹਿਲਾਂ ਹੀ ਕੁਝ ਗੈਰ-ਸਿਹਤਮੰਦ ਆਦਤਾਂ ਹਨ, ਤਾਂ ਤੁਹਾਡਾ ਭਾਰ ਵਧਣ ਦਾ ਪੂਰਾ-ਪੂਰਾ ਖ਼ਤਰਾ ਹੈ।

ਇਸ ਕਾਰਨ, ਤੁਹਾਡੇ ਮੈਟਾਬੋਲਿਜ਼ਮ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਵਧ ਸਕਦਾ ਹੈ।

ਇਨ੍ਹਾਂ ਵਿੱਚ ਟਾਈਪ 2 ਸ਼ੂਗਰ, ਫੈਟੀ ਲੀਵਰ, ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ, ਅਤੇ ਕੁਝ ਖਾਸ ਕਿਸਮਾਂ ਦੇ ਕੈਂਸਰ ਜਿਵੇਂ ਕਿ ਕੋਲੋਰੈਕਟਲ, ਛਾਤੀ ਅਤੇ ਪੈਨਕ੍ਰੀਆਟਿਕ ਕੈਂਸਰ ਸ਼ਾਮਲ ਹਨ।

ਸੁਧਾਰ ਲਈ ਸੁਝਾਅ

ਖਾਣਾ

ਤਸਵੀਰ ਸਰੋਤ, Getty Images

ਜਿਹੜੇ ਲੋਕ ਖਾਣ-ਪੀਣ ਦੀਆਂ ਬਿਹਤਰ ਆਦਤਾਂ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਹੇਸੇਗਾਵਾ ਦਾ ਪਹਿਲਾ ਸੁਝਾਅ ਇਹ ਹੈ ਕਿ ਖਾਣਾ ਖਾਂਦੇ ਸਮੇਂ ਚਮਚ ਜਾਂ ਕਾਂਟਾ ਹੇਠਾਂ ਰੱਖੋ।

ਉਹ ਕਹਿੰਦੇ ਹਨ, “ਖਾਂਦੇ ਸਮੇਂ ਆਪਣਾ ਚਮਚ ਜਾਂ ਕਾਂਟਾ ਹੱਥ ‘ਚ ਫੜ੍ਹ ਕੇ ਨਾ ਰੱਖੋ। ਕਿਉਂਕਿ, ਇਸ ਨੂੰ ਫੜ੍ਹ ਕੇ ਤੁਸੀਂ ਬਿਨਾਂ ਸੋਚੇ-ਸਮਝੇ ਜ਼ਿਆਦਾ ਖਾਣਾ ਖਾ ਸਕਦੇ ਹੋ।”

ਉਨ੍ਹਾਂ ਅਨੁਸਾਰ, “ਚਮਚ ਮੇਜ਼ ‘ਤੇ ਰੱਖਣ ਅਤੇ ਫਿਰ ਇਸ ਨੂੰ ਚੁੱਕਣ ਅਤੇ ਖਾਣ ਦਾ ਸਧਾਰਨ ਕੰਮ ਤੁਹਾਡੇ ਖਾਣ ਦੀ ਗਤੀ ਨੂੰ ਹੌਲੀ ਕਰਨ ਵਿੱਚ ਮਦਦ ਕਰੇਗਾ। ਇਸ ਲਈ, ਆਪਣੇ ਚਮਚ ਦਾ ਇਸਤੇਮਾਲ ਕਰੋ। ਇੱਕ ਬੁਰਕੀ ਖਾਓ, ਫਿਰ ਅਗਲੀ ਬੁਰਕੀ ਖਾਣ ਤੋਂ ਪਹਿਲਾਂ ਚਮਚ ਨੂੰ ਥੱਲੇ ਰੱਖ ਦਿਓ।”

ਖਾਣਾ

ਤਸਵੀਰ ਸਰੋਤ, Getty Images

ਹੇਸੇਗੋਵਾ ਇਸ ਗੱਲ ਦਾ ਵੀ ਸੂਝਾਅ ਦਿੰਦੇ ਹਨ ਕਿ ਖਾਣੇ ਨੂੰ ਉਦੋਂ ਤੱਕ ਚਬਾਓ, ਜਦੋਂ ਤੱਕ ਇਹ ਗੁੱਦੇ ਵਰਗਾ ਨਾ ਹੋ ਜਾਵੇ।

ਉਹ ਕਹਿੰਦੇ ਹਨ, “ਜਦੋਂ ਭੋਜਨ ਗੁੱਦੇ ਵਰਗਾ ਹੋ ਜਾਂਦਾ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਰਹੇ ਹੋ। ਅਜਿਹਾ ਕਰਨ ਨਾਲ ਕੁਦਰਤੀ ਤੌਰ ‘ਤੇ ਤੁਹਾਡੀ ਖਾਣ ਦੀ ਗਤੀ ਹੌਲੀ ਹੋ ਜਾਵੇਗੀ।”

ਨਾਲ ਹੀ, ਖਾਣਾ ਖਾਂਦੇ ਸਮੇਂ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਬਚਣਾ ਵੀ ਮਹੱਤਵਪੂਰਨ ਹੈ।

ਟੀਵੀ ਦੇਖਦੇ ਹੋਏ ਜਾਂ ਮੋਬਾਈਲ ਫ਼ੋਨ ਦੀ ਵਰਤੋਂ ਕਰਦੇ ਹੋਏ ਖਾਣਾ ਖਾਣ ਨਾਲ ਤੁਸੀਂ ਭੁੱਲ ਸਕਦੇ ਹੋ ਕਿ ਤੁਸੀਂ ਕਿੰਨੀ ਮਾਤਰਾ ‘ਚ ਅਤੇ ਕਿੰਨੀ ਤੇਜ਼ੀ ਨਾਲ ਖਾ ਰਹੇ ਹੋ। ਅਜਿਹੀ ਸਥਿਤੀ ਵਿੱਚ, ਸਾਵਧਾਨ ਰਹਿ ਕੇ ਖਾਣਾ ਤੁਹਾਨੂੰ ਇਸ ਗਲਤੀ ਤੋਂ ਬਚਾ ਸਕਦਾ ਹੈ।

ਹੇਸੇਗੋਵਾ ਦੱਸਦੇ ਹਨ ਕਿ “ਖਾਂਦੇ ਸਮੇਂ ਕੋਸ਼ਿਸ਼ ਕਰੋ ਕਿ ਜ਼ਿਆਦਾ ਨਾ ਬੋਲਿਆ ਜਾਵੇ। ਗੱਲਬਾਤ ਤੁਹਾਡਾ ਧਿਆਨ ਭਟਕਾ ਸਕਦੀ ਹੈ ਅਤੇ ਤੁਸੀਂ ਅਣਜਾਣੇ ਵਿੱਚ ਜਲਦੀ ਵਿੱਚ ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾ ਸਕਦੇ ਹੋ।”

“ਇਸ ਲਈ, ਘੱਟ ਗੱਲਬਾਤ ਕਰਦੇ ਹੋਏ ਖਾਣਾ ਖਾਣ ਨਾਲ ਤੁਹਾਨੂੰ ਆਪਣੇ ਭੋਜਨ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲੇਗੀ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI