Source :- BBC PUNJABI

ਪਿਛਲੇ ਕੁਝ ਹਫ਼ਤਿਆਂ ਤੋਂ, ਅਮਰੀਕਾ ਵਿੱਚ ਰਹਿਣ ਵਾਲੇ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੇ ਦੇਖਿਆ ਹੈ ਕਿ ਉਨ੍ਹਾਂ ਦੇ ਸੋਸ਼ਲ ਮੀਡੀਆ ਫੀਡ ‘ਤੇ ਘਟਨਾਵਾਂ ਦਾ ਇੱਕ ਕ੍ਰਮ ਵਾਰ-ਵਾਰ ਸਾਹਮਣੇ ਆ ਰਿਹਾ ਹੈ।
ਇਸ ਵਿੱਚ ਸਾਦੇ ਕੱਪੜਿਆਂ ਵਾਲੇ ਏਜੰਟ ਬਿਨਾਂ ਦੱਸੇ ਆ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਬਿਨਾਂ ਨੰਬਰਾਂ ਵਾਲੀਆਂ ਕਾਰਾਂ ਵਿੱਚ ਹਿਰਾਸਤ ਕੇਂਦਰਾਂ ਵਿੱਚ ਲੈ ਕੇ ਜਾ ਰਹੇ ਹਨ।
ਵੀਡੀਓ ਵਿੱਚ ਕੈਦ ਹਾਈ-ਪ੍ਰੋਫਾਈਲ ਵਿਦਿਆਰਥੀਆਂ ਦੀਆਂ ਹਿਰਾਸਤਾਂ ਦੀ ਇੱਕ ਲੜੀ ਹੈ, ਜਿਨ੍ਹਾਂ ‘ਤੇ ਕੋਈ ਅਪਰਾਧਿਕ ਇਲਜ਼ਾਮ ਨਹੀਂ ਲਗਾਏ ਗਏ ਹਨ। ਬਲਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਕਾਲਜ ਕੈਂਪਸਾਂ ਵਿੱਚ ਫ਼ਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਨਿਸ਼ਾਨਾ ਬਣਾਇਆ ਗਿਆ ਹੈ।
ਟਰੰਪ ਪ੍ਰਸ਼ਾਸਨ ਨੇ ਵਾਰ-ਵਾਰ ਕਿਹਾ ਹੈ ਕਿ ਵੀਜ਼ਾ ਇੱਕ “ਵਿਸ਼ੇਸ਼ ਅਧਿਕਾਰ” ਹੈ ਅਤੇ ਕਈ ਕਾਰਨਾਂ ਕਰ ਕੇ ਕਿਸੇ ਸਮੇਂ ਵੀ ਰੱਦ ਕੀਤਾ ਜਾ ਸਕਦਾ ਹੈ।
ਇਨਸਾਈਡ ਹਾਇਰ ਐਡ ਦੇ ਇੱਕ ਟਰੈਕਰ (ਇਸ ਖੇਤਰ ਨੂੰ ਕਵਰ ਕਰਦਾ ਹੈ) ਦੇ ਅਨੁਸਾਰ, ਪਰ ਇਹ ਕਾਰਵਾਈ ਸ਼ੁਰੂ ਵਿੱਚ ਸੋਚੀ ਗਈ ਰਣਨੀਤੀ ਨਾਲੋਂ ਕਿਤੇ ਜ਼ਿਆਦਾ ਵਿਆਪਕ ਜਾਪਦੀ ਹੈ।
ਅਮਰੀਕਾ ਭਰ ਦੇ ਕਾਲਜਾਂ ਵਿੱਚ 1,000 ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਜਾਂ ਹਾਲ ਹੀ ਵਿੱਚ ਗ੍ਰੈਜੂਏਟ ਹੋਏ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ ਜਾਂ ਕਾਨੂੰਨੀ ਸਥਿਤੀਆਂ ਬਦਲੀਆਂ ਗਈਆਂ ਹਨ।

ਤਸਵੀਰ ਸਰੋਤ, Getty Images
ਕਈ ਲੋਕਾਂ ਨੂੰ ਸਟੀਕ ਕਾਰਨਾਂ ਦਾ ਪਤਾ ਨਹੀਂ ਹੈ ਅਤੇ ਯੂਨੀਵਰਸਿਟੀਆਂ ਨੂੰ ਅਕਸਰ ਸਰਕਾਰ ਦੁਆਰਾ ਚਲਾਏ ਜਾ ਰਹੇ ਡੇਟਾਬੇਸ ਦੀ ਜਾਂਚ ਕਰ ਕੇ ਹੀ ਤਬਦੀਲੀਆਂ ਬਾਰੇ ਪਤਾ ਲੱਗਦਾ ਹੈ, ਜੋ ਕੌਮਾਂਤਰੀ ਵਿਦਿਆਰਥੀਆਂ ਦੀ ਵੀਜ਼ਾ ਸਥਿਤੀ ਨੂੰ ਰਿਕਾਰਡ ਕਰਦਾ ਹੈ।
ਵਿਦਿਆਰਥੀਆਂ ਅਤੇ ਫੈਕਲਟੀ ਨੇ ਬੀਬੀਸੀ ਨੂੰ ਦੱਸਿਆ ਕਿ ਨਿਸ਼ਾਨਾ ਬਣਾ ਕੇ ਕੀਤੀ ਗਈ ਹਿਰਾਸਤ ਅਤੇ ਵੱਡੇ ਪੱਧਰ ‘ਤੇ ਵੀਜ਼ਾ ਰੱਦ ਕਰਨ ਦੀਆਂ ਰਿਪੋਰਟਾਂ ਦੇ ਸੁਮੇਲ ਨੇ, ਸਭ ਤੋਂ ਵੱਡੀਆਂ ਜਨਤਕ ਯੂਨੀਵਰਸਿਟੀਆਂ ਤੋਂ ਲੈ ਕੇ ਉੱਚ ਪੱਧਰੀ ਆਈਵੀ ਲੀਗ ਸੰਸਥਾਵਾਂ ਤੱਕ ਕੈਂਪਸਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਜਾਰਜਟਾਊਨ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਇੱਕ ਵਿਦਿਆਰਥੀ ਵੀਜ਼ਾ ਧਾਰਕ ਨੇ ਕਿਹਾ “ਮੈਂ ਅਗਲਾ ਹੋ ਸਕਦਾ ਹਾਂ।”
ਇਨ੍ਹਾਂ ਨੇ ਵੀ ਇਜ਼ਰਾਈਲ ਅਤੇ ਗਾਜ਼ਾ ਵਿੱਚ ਜੰਗ ਬਾਰੇ ਲੇਖ ਲਿਖੇ ਹਨ।
ਉਨ੍ਹਾਂ ਨੇ ਆਪਣੀ ਜੇਬ ਵਿੱਚ ਇੱਕ ਕਾਰਡ ਰੱਖਣਾ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਸੂਚੀ ਹੈ ਤਾਂ ਜੋ ਜੇਕਰ ਉਨ੍ਹਾਂ ਨੂੰ ਕਦੇ ਕਾਨੂੰਨ ਲਾਗੂ ਕਰਨ ਵਾਲਿਆਂ ਦੁਆਰਾ ਰੋਕਿਆ ਜਾਵੇ ਤਾਂ ਉਹ ਉਨ੍ਹਾਂ ਦੀ ਵਰਤੋਂ ਕਰ ਸਕਣ।

ਘਰੋਂ ਬਾਹਰ ਨਿਕਲਣ ਤੋਂ ਡਰੇ ਵਿਦਿਆਰਥੀ
ਟੈਕਸਾਸ ਦੀ ਇੱਕ ਹੋਰ ਵਿਦਿਆਰਥਣ ਨੇ ਕਿਹਾ ਕਿ ਉਹ ਆਪਣੇ ਅਪਾਰਟਮੈਂਟ ਤੋਂ ਬਾਹਰ ਨਿਕਲਣ ਲੱਗਿਆ ਵੀ ਡਰਦੇ ਹਨ, ਇੱਥੋਂ ਤੱਕ ਕਿ ਕਰਿਆਨੇ ਦਾ ਸਮਾਨ ਖਰੀਦਣ ਜਾਣ ਤੋਂ ਵੀ।
ਕੁਝ ਕਾਲਜਾਂ ਵਿੱਚ, ਵਿਦੇਸ਼ਾਂ ਵਿੱਚ ਰਹਿਣ ਵਾਲੇ ਖੋਜਕਾਰਾਂ ਵੱਲੋਂ ਸੰਯੁਕਤ ਰਾਜ ਵਾਪਸ ਜਾਣ ਤੋਂ ਇਨਕਾਰ ਕਰਨ ਨਾਲ ਵਿਭਾਗਾਂ ʼਤੇ ਅਸਰ ਪੈ ਰਿਹਾ ਹੈ।
ਬੀਬੀਸੀ ਨੇ ਜਿਨ੍ਹਾਂ ਵਿਦਿਆਰਥੀਆਂ ਨਾਲ ਗੱਲ ਕੀਤੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦਾ ਨਾਮ ਮੀਡੀਆ ਵਿੱਚ ਆਉਣ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਬੀਬੀਸੀ ਨੇ ਟਿੱਪਣੀ ਲਈ ਸਿੱਖਿਆ ਵਿਭਾਗ ਨਾਲ ਸੰਪਰਕ ਕੀਤਾ ਹੈ।
ਵੀਜ਼ਾ ਰੱਦ ਕਰਨ ਦੇ ਕਾਰਨ ਵੱਖ-ਵੱਖ ਹੁੰਦੇ ਹਨ। ਕੁਝ ਮਾਮਲਿਆਂ ਵਿੱਚ, ਅਪਰਾਧਿਕ ਰਿਕਾਰਡ ਕਾਰਕ ਜਾਪਦੇ ਹਨ। ਹੋਰ ਮਾਮਲਿਆਂ ਵਿੱਚ ਕਥਿਤ ਤੌਰ ‘ਤੇ ਛੋਟੀਆਂ ਕਾਨੂੰਨੀ ਉਲੰਘਣਾਵਾਂ ਸ਼ਾਮਲ ਹੁੰਦੀਆਂ ਹਨ ਜਿਵੇਂ ਕਿ ਗਤੀ ਸੀਮਾ ਤੋਂ ਵੱਧ ਗੱਡੀ ਚਲਾਉਣਾ ਆਦਿ।
ਪਰ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਖ਼ੁਦ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਵਿੱਚੋਂ “ਬਹੁਤ ਸਾਰੇ” ਫ਼ਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਰਹੇ ਹਨ।
ਇਹ ਵ੍ਹਾਈਟ ਹਾਊਸ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ਕਰਨ ਦੇ ਇੱਕ ਵੱਡੇ ਯਤਨ ਦਾ ਹਿੱਸਾ ਹੈ, ਜਿਨ੍ਹਾਂ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਕੈਂਪਸਾਂ ਵਿੱਚ ਯਹੂਦੀ ਵਿਦਿਆਰਥੀਆਂ ਲਈ ਅਸੁਰੱਖਿਅਤ ਮਾਹੌਲ ਪੈਦਾ ਕੀਤਾ ਹੈ।
ਉਹ ਪ੍ਰਦਰਸ਼ਨਕਾਰੀਆਂ ‘ਤੇ ਹਮਾਸ, ਜੋ ਕਿ ਅਧਿਕਾਰਤ ਤੌਰ ‘ਤੇ ਇੱਕ ਅੱਤਵਾਦੀ ਸਮੂਹ ਹੈ, ਦਾ ਸਮਰਥਨ ਕਰਨ ਦਾ ਇਲਜ਼ਾਮ ਵੀ ਲਗਾਉਂਦੇ ਹਨ।

ʻਵਿਦਿਆਰਥੀਆਂ ਦੀ ਰੱਖਿਆ ਕਰੋʼ
ਰੂਬੀਓ ਨੇ ਮਾਰਚ ਦੇ ਅਖ਼ੀਰ ਵਿੱਚ ਪੱਤਰਕਾਰਾਂ ਨੂੰ ਕਿਹਾ, “ਜਦੋਂ ਵੀ ਮੈਨੂੰ ਇਨ੍ਹਾਂ ਵਿੱਚੋਂ ਕੋਈ ਪਾਗ਼ਲ ਮਿਲਦਾ ਹੈ, ਮੈਂ ਉਸਦਾ ਵੀਜ਼ਾ ਖੋਹ ਲੈਂਦਾ ਹਾਂ। ਅਸੀਂ ਇਹ ਹਰ ਰੋਜ਼ ਕਰਦੇ ਹਾਂ।”
ਨਾਗਰਿਕ ਆਜ਼ਾਦੀ ਸਮੂਹਾਂ ਨੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਦੇਸ਼ ਨਿਕਾਲਾ ਦੇਣ ਦੇ ਕਦਮ ਦਾ ਵਿਰੋਧ ਕੀਤਾ ਹੈ ਅਤੇ ਇਸਨੂੰ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਦੱਸਿਆ ਹੈ।
ਇਸ ਤੋਂ ਇਲਾਵਾ ਵਿਦਿਆਰਥੀ ਖ਼ੁਦ ਹਮਾਸ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਨੂੰ ਖਾਰਜ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਗਾਜ਼ਾ ਵਿੱਚ ਜੰਗ ਅਤੇ ਇਜ਼ਰਾਈਲ ਲਈ ਅਮਰੀਕੀ ਸਮਰਥਨ ਬਾਰੇ ਰਾਜਨੀਤਿਕ ਭਾਸ਼ਣ ਦੇਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜਾਰਜਟਾਊਨ ਵਿਖੇ, “ਸਾਡੇ ਵਿਦਿਆਰਥੀਆਂ ਦੀ ਰੱਖਿਆ ਕਰੋ” ਲਿਖੇ ਬੋਰਡ ਬਾਥਰੂਮ ਦੇ ਦਰਵਾਜ਼ਿਆਂ ‘ਤੇ ਚਿਪਕਾ ਦਿੱਤੇ ਗਏ ਹਨ।
ਮਾਰਚ ਵਿੱਚ ਯੂਨੀਵਰਸਿਟੀ ਵਿੱਚ ਪੋਸਟਡਾਕਟੋਰਲ ਫੈਲੋ, ਬਦਰ ਖ਼ਾਨ ਸੂਰੀ ਨੂੰ ਉਨ੍ਹਾਂ ਦੇ ਵਰਜੀਨੀਆ ਵਾਲੇ ਘਰ ਦੇ ਬਾਹਰ ਸੰਘੀ ਏਜੰਟਾਂ ਨੇ ਫੜ੍ਹਾ ਲਿਆ ਸੀ।
ਗ੍ਰਹਿ ਸੁਰੱਖਿਆ ਵਿਭਾਗ ਨੇ ਟਕਰਾਅ ਹੱਲ ਖੋਜਕਾਰ ਉੱਤੇ “ਸੋਸ਼ਲ ਮੀਡੀਆ ‘ਤੇ ਯਹੂਦੀ ਵਿਰੋਧੀ ਭਾਵਨਾ ਨੂੰ ਉਤਸ਼ਾਹਿਤ ਕਰਨ” ਅਤੇ “ਜਾਣੇ-ਪਛਾਣੇ ਜਾਂ ਸ਼ੱਕੀ ਅੱਤਵਾਦੀ” ਨਾਲ ਸਬੰਧ ਰੱਖਣ ਦਾ ਇਲਜ਼ਾਮ ਲਗਾਇਆ।
ਇਹ ਸਪੱਸ਼ਟ ਤੌਰ ‘ਤੇ ਉਨ੍ਹਾਂ ਦੀ ਅਮਰੀਕੀ-ਜਨਮੀ ਪਤਨੀ ਦੇ ਫ਼ਲਸਤੀਨੀ ਪਿਤਾ ਦਾ ਹਵਾਲਾ ਸੀ, ਜੋ ਮਾਰੇ ਗਏ ਹਮਾਸ ਨੇਤਾ ਇਸਮਾਈਲ ਹਨੀਯਾਹ ਦੇ ਸਾਬਕਾ ਸਲਾਹਕਾਰ ਸਨ।
ਸੂਰੀ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਆਪਣੇ ਸਹੁਰੇ ਨੂੰ ਬਹੁਤ ਘੱਟ ਵਾਰ ਮਿਲੇ ਹਨ ਅਤੇ ਉਨ੍ਹਾਂ ਦੀ ਪਤਨੀ ਦੀ ਪਛਾਣ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਨੂੰ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਪ੍ਰਬੰਧਕ ਮਹਿਮੂਦ ਖ਼ਲੀਲ ਦੀ ਹਿਰਾਸਤ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ।
ਮੁਹੰਮਦ ਖ਼ਲੀਲ ਸਥਾਈ ਨਿਵਾਸੀ ਹਨ, ਜਿਨ੍ਹਾਂ ਨੂੰ ਨਿਊਯਾਰਕ ਵਿੱਚ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਹੁਣ ਉਹ ਲੁਈਸਿਆਨਾ ਵਿੱਚ ਇੱਕ ਸਹੂਲਤ ਤੋਂ ਦੇਸ਼ ਨਿਕਾਲੇ ਦੀ ਉਡੀਕ ਕਰ ਰਿਹਾ ਹੈ।

ਟਫਟਸ ਯੂਨੀਵਰਸਿਟੀ ਦੀ ਗ੍ਰੈਜੂਏਟ ਵਿਦਿਆਰਥਣ ਰੂਮੇਸਾ ਓਜ਼ਟਰਕ ਨੂੰ ਵੀ ਲੁਈਸਿਆਨਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।
ਰੂਮੇਸਾ ਗਾਜ਼ਾ ਬਾਰੇ ਇੱਕ ਵਿਦਿਆਰਥੀ ਅਖ਼ਬਾਰ ਦੀ ਸਹਿ-ਲੇਖਿਕਾ ਸਨ ਅਤੇ ਉਨ੍ਹਾਂ ਨੂੰ ਮੈਸੇਚਿਉਸੇਟਸ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।
ਪਿਛਲੇ ਸੋਮਵਾਰ ਕੋਲੰਬੀਆ ਦੇ ਇੱਕ ਹੋਰ ਵਿਦਿਆਰਥੀ ਪ੍ਰਦਰਸ਼ਨਕਾਰੀ, ਮੋਹਸੇਨ ਮਹਦਾਵੀ ਨੂੰ ਵਰਮੋਂਟ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਜਦੋਂ ਉਹ ਅਮਰੀਕੀ ਨਾਗਰਿਕਤਾ ਹਾਸਿਲ ਕਰਨ ਲਈ ਇੱਕ ਇੰਟਰਵਿਊ ਵਿੱਚ ਸ਼ਾਮਲ ਹੋਇਆ ਸੀ।
ਖ਼ਲੀਲ ਵਾਂਗ ਉਨ੍ਹਾਂ ਕੋਲ ਵਿਦਿਆਰਥੀ ਵੀਜ਼ਾ ਦੀ ਬਜਾਏ ਗ੍ਰੀਨ ਕਾਰਡ ਹੈ।
ਸੂਰੀ ਨੂੰ ਜਾਣਨ ਵਾਲੇ ਜਾਰਜਟਾਊਨ ਦੇ ਵਿਦਿਆਰਥੀ ਨੇ ਕਿਹਾ, “ਅਸੀਂ ਜੋ ਨਜ਼ਰਬੰਦੀਆਂ ਦੇਖ ਰਹੇ ਹਾਂ, ਉਨ੍ਹਾਂ ਦੇ ਆਧਾਰ ‘ਤੇ, ਮੈਨੂੰ ਲੱਗਦਾ ਹੈ ਕਿ ਫ਼ਲਸਤੀਨ ਬਾਰੇ ਆਵਾਜ਼ ਉਠਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਸੰਭਾਵਨਾ ਹੈ।”
ਉੱਥੇ ਹੀ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਲੋਕਾਂ ‘ਤੇ ਕਾਰਵਾਈ ਕਰ ਰਿਹਾ ਹੈ ਜੋ ਅਮਰੀਕਾ ਦੇ ਰਾਸ਼ਟਰੀ ਹਿੱਤਾਂ ਦੇ “ਉਲਟ” ਗਤੀਵਿਧੀਆਂ ਵਿੱਚ ਸ਼ਾਮਲ ਹਨ।
ਖ਼ਲੀਲ ਦੇ ਮਾਮਲੇ ਵਿੱਚ ਅਧਿਕਾਰੀਆਂ ਨੇ 1952 ਦੇ ਇੱਕ ਕਾਨੂੰਨ ਦਾ ਹਵਾਲਾ ਦਿੱਤਾ ਹੈ ਜੋ ਸਰਕਾਰ ਨੂੰ ਕਿਸੇ ਵੀ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦੇਣ ਦੀ ਸ਼ਕਤੀ ਦਿੰਦਾ ਹੈ ਜੇਕਰ ਉਨ੍ਹਾਂ ਦੀ ਦੇਸ਼ ਵਿੱਚ ਮੌਜੂਦਗੀ ਅਮਰੀਕੀ ਵਿਦੇਸ਼ ਨੀਤੀ ‘ਤੇ ਮਾੜੇ ਨਤੀਜੇ ਪੈਦਾ ਕਰ ਸਕਦੀ ਹੈ।
ਐਕਸ ‘ਤੇ ਇੱਕ ਪੋਸਟ ਵਿੱਚ ਕੋਲੰਬੀਆ ਯਹੂਦੀ ਅਲੂਮਨੀ ਐਸੋਸੀਏਸ਼ਨ ਨੇ ਖ਼ਲੀਲ ਦੀ ਗ੍ਰਿਫ਼ਤਾਰੀ ਦਾ ਜਸ਼ਨ ਮਨਾਇਆ, ਉਨ੍ਹਾਂ ਨੂੰ ਯੂਨੀਵਰਸਿਟੀ ਵਿੱਚ “ਅਰਾਜਕਤਾ ਦਾ ਆਗੂ” ਵੀ ਦੱਸਿਆ ਗਿਆ।
ਸਹਿਮ ਦਾ ਮਾਹੌਲ
ਪੋਲਿੰਗ ਦਰਸਾਉਂਦੀ ਹੈ ਕਿ ਇਮੀਗ੍ਰੇਸ਼ਨ ਇੱਕ ਅਜਿਹਾ ਮੁੱਦਾ ਹੈ ਜਿੱਥੇ ਰਾਸ਼ਟਰਪਤੀ ਟਰੰਪ ਨੂੰ ਪ੍ਰਵਾਨਗੀ ਰੇਟਿੰਗ ਵੱਧ ਮਿਲਦੀ ਹੈ।
ਹਾਲ ਹੀ ਦੇ ਰਾਇਟਰਜ਼ ਅਤੇ ਏਪੀ-ਐੱਨਓਆਰਸੀ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਲਗਭਗ ਅੱਧੇ ਅਮਰੀਕੀ ਬਾਲਗ਼ ਉਸ ਖੇਤਰ ਵਿੱਚ ਕਾਰਵਾਈਆਂ ਨੂੰ ਮਨਜ਼ੂਰੀ ਦਿੰਦੇ ਹਨ, ਜਿੱਥੇ ਉਨ੍ਹਾਂ ਦੀ ਸਮੁੱਚੀ ਰੇਟਿੰਗ ਦੇ ਅੰਕ ਵੱਧ ਹਨ।
ਯੂਨੀਵਰਸਿਟੀਆਂ ਨੂੰ ਸੰਸਥਾਗਤ ਪੱਧਰ ‘ਤੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਸ ਹਫ਼ਤੇ, ਯਹੂਦੀ-ਵਿਰੋਧੀ ਭਾਵਨਾ ਨਾਲ ਨਜਿੱਠਣ ਲਈ ਵ੍ਹਾਈਟ ਹਾਊਸ ਟਾਸਕ ਫੋਰਸ ਨੇ ਹਾਰਵਰਡ ਯੂਨੀਵਰਸਿਟੀ ਲਈ 2 ਬਿਲੀਅਨ ਡਾਲਰ ਤੋਂ ਵੱਧ ਦੀ ਫੰਡਿੰਗ ਰੋਕ ਦਿੱਤੀ ਕਿਉਂਕਿ ਯੂਨੀਵਰਸਿਟੀ ਨੇ ਉਨ੍ਹਾਂ ਦੀ ਮੰਗਾਂ ਦੀ ਇੱਕ ਸੂਚੀ ਨਾਲ ਸਹਿਮਤ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਬਾਰੇ ਉਨ੍ਹਾਂ ਨੇ ਕਿਹਾ ਹੈ ਕਿ “ਆਪਣੀ ਆਜ਼ਾਦੀ ਛੱਡਣ” ਦੇ ਬਰਾਬਰ ਹੋਵੇਗੀ।
ਟਰੰਪ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਹਾਰਵਰਡ ਕੁਝ ਵਿਦਿਆਰਥੀ ਵੀਜ਼ਾ ਧਾਰਕਾਂ ਬਾਰੇ ਜਾਣਕਾਰੀ ਲਈ ਬੇਨਤੀਆਂ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਉਹ ਉੱਥੇ ਪੜ੍ਹਨ ਦੀ ਇੱਛਾ ਰੱਖਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਦੇਣਾ ਬੰਦ ਕਰ ਦੇਵੇਗਾ।
ਜਾਰਜਟਾਊਨ ਦੇ ਪ੍ਰੋਫੈਸਰ ਨਾਦੇਰ ਹਾਸ਼ਮੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਦਾ ਮੁੱਖ ਟੀਚਾ ਸੰਭਾਵੀ ਪ੍ਰਦਰਸ਼ਨਕਾਰੀਆਂ ਨੂੰ ਡਰਾ ਕੇ “ਅਸਹਿਮਤੀ ਨੂੰ ਸ਼ਾਂਤ ਕਰਵਾਉਣਾ” ਸੀ।
ਜਾਰਜਟਾਊਨ ਦੇ ਵਿਦਿਆਰਥੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਕਿਹਾ ਹੈ ਕਿ ਉਹ ਕੁਝ ਹਫ਼ਤਿਆਂ ਵਿੱਚ ਮੁਕੰਮਲ ਹੋਣ ਵਾਲੀ ਉਨ੍ਹਾਂ ਦੀ ਮਾਸਟਰ ਡਿਗਰੀ ਮਿਲਣ ਮੌਕੇ ਉਨ੍ਹਾਂ ਨੂੰ ਮਿਲਣ ਲਈ ਭਾਰਤ ਤੋਂ ਅਮਰੀਕਾ ਨਾ ਆਉਣ। ਉਨ੍ਹਾਂ ਨੂੰ ਅਜੇ ਵੀ ਯਕੀਨ ਨਹੀਂ ਹੈ ਕਿ ਉਹ ਸਮਾਗਮ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ।
ਉਹ ਇਹ ਦੇਖਣ ਲਈ ਰੋਜ਼ਾਨਾ ਆਪਣੀ ਈਮੇਲ ਚੈੱਕ ਕਰਦੇ ਹਨ ਕਿ ਕੀ ਉਹ ਉਨ੍ਹਾਂ ਸੈਂਕੜੇ ਲੋਕਾਂ ਵਿੱਚੋਂ ਇੱਕ ਤਾਂ ਨਹੀਂ ਹਨ ਜਿਨ੍ਹਾਂ ਦੇ ਵੀਜ਼ੇ ਹਾਲ ਹੀ ਵਿੱਚ ਰੱਦ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ-ਆਪ ਨੂੰ ਅਚਾਨਕ ਗ੍ਰਿਫ਼ਤਾਰ ਹੋਣ ਦੀ ਸੰਭਾਵਨਾ ਲਈ ਵੀ ਤਿਆਰ ਕੀਤਾ ਹੋਇਆ ਹੈ।
ਉਨ੍ਹਾਂ ਦਾ ਕਹਿਣਾ ਹੈ, “ਮੈਂ ਮੈਸੇਜਿੰਗ ਐਪ ‘ਤੇ ਆਪਣੀਆਂ ਚੈਟਾਂ ਕਲੀਅਰ ਕਰ ਦਿੱਤੀਆਂ ਹਨ ਅਤੇ ਮੈਂ ਸਿੱਖਿਆ ਹੈ ਕਿ ਆਪਣੇ ਫ਼ੋਨ ਨੂੰ ਐੱਸਓਐੱਸ ਮੋਡ ਵਿੱਚ ਕਿਵੇਂ ਜਲਦੀ ਲਾਕ ਕਰਨਾ ਹੈ।”

ਪ੍ਰੋਫੈਸਰ ਹਾਸ਼ਮੀ ਨੇ ਕਿਹਾ ਕਿ ਜਾਰਜਟਾਊਨ ਦੇ ਪ੍ਰੋਫੈਸਰਾਂ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਵਾਧੂ ਕਮਰੇ ਦੇਣੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਏਜੰਟਾਂ ਦੇ ਆਪਣੇ ਘਰਾਂ ‘ਤੇ ਆਉਣ ਦੀ ਚਿੰਤਾ ਹੈ।
ਉਹ ਕਹਿੰਦੇ ਹਨ, “ਇਹ ਉਸ ਸਦਮੇ ਦਾ ਹਿੱਸਾ ਹੈ ਜਿਸਦਾ ਵਿਦਿਆਰਥੀ ਸਾਹਮਣਾ ਕਰ ਰਹੇ ਹਨ।”
ਬੋਸਟਨ, ਮੈਸੇਚਿਉਸੇਟਸ ਦੇ ਬਾਹਰ ਟਫਟਸ ਯੂਨੀਵਰਸਿਟੀ ਵਿਖੇ, ਵਿਦਿਆਰਥੀ ਇਹ ਦੇਖਣ ਲਈ ਇੰਤਜ਼ਾਰ ਕਰ ਰਹੇ ਹਨ ਕਿ ਓਜ਼ਤੁਰਕ ਨਾਲ ਕੀ ਹੁੰਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰ ਦੇ ਬਾਹਰੋਂ ਹਿਰਾਸਤ ਵਿੱਚ ਲਿਆ ਗਿਆ ਸੀ।
ਵੀਡੀਓ ਵਿੱਚ ਉਹ ਉਲਝੇ ਹੋਏ ਅਤੇ ਡਰ ਨਾਲ ਕੰਬਦੇ ਦਿਖਾਈ ਦੇ ਰਹੇ ਹਨ ਕਿਉਂਕਿ ਏਜੰਟਾਂ ਨੇ ਉਨ੍ਹਾਂ ਨੂੰ ਰਮਜ਼ਾਨ ਦੇ ਇੱਕ ਡਿਨਰ ਫੰਕਸ਼ਨ ਵਿੱਚ ਜਾਂਦਿਆਂ ਰਸਤੇ ਵਿੱਚ ਰੋਕਿਆ ਸੀ।
ਪਿਛਲੇ ਸਾਲ, ਉਨ੍ਹਾਂ ਨੇ ਇਜ਼ਰਾਈਲ ਵਿਰੁੱਧ ਬਾਈਕਾਟ ਡਿਵੈਸਟਮੈਂਟ ਐਂਡ ਸੈਂਕਸ਼ਨਜ਼ (ਬੀਡੀਐੱਸ) ਅੰਦੋਲਨ ਦਾ ਸਮਰਥਨ ਕਰਨ ਵਾਲੇ ਇੱਕ ਓਪ-ਐਡ ਦਾ ਸਹਿ-ਲੇਖਨ ਕੀਤਾ।
ਟਫਟਸ ਪੀਐੱਚਡੀ ਦੀ ਵਿਦਿਆਰਥਣ ਐਂਟੇਰੀ ਮੇਜਰ ਨੇ ਬੀਬੀਸੀ ਨੂੰ ਦੱਸਿਆ ਕਿ ਇਨ੍ਹਾਂ ਕਾਰਵਾਈਆਂ ਦਾ “ਡਰਾਵਨਾ ਪ੍ਰਭਾਵ” ਪਿਆ ਹੈ ਅਤੇ ਉਹ ਜਿਹੜੀਆਂ ਕੌਮਾਂਤਰੀ ਵਿਦਿਆਰਥਣਾਂ ਨੂੰ ਜਾਣਦੇ ਹਨ ਜੋ ਘਰ ਜਾਂ ਕਾਨਫਰੰਸਾਂ ਵਿੱਚ ਸ਼ਾਮਲ ਹੋਣ ਲਈ ਦੇਸ਼ ਛੱਡ ਕੇ ਚਲੇ ਗਏ ਹਨ ਅਤੇ ਉਹ ਹੁਣ ਵਾਪਸ ਆਉਣ ਤੋਂ ਡਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ, “ਕੁਝ ਵਿਦਿਆਰਥੀ ਦੂਰੋਂ ਕੰਮ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਹ ਦੇਸ਼ ਵਾਪਸ ਨਹੀਂ ਆ ਸਕਣਗੇ।”
ਟੈਕਸਸ ਯੂਨੀਵਰਸਿਟੀ ਵਿਖੇ ਕੈਂਪਸ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈਸੀਈ) ਦੇ ਛਾਪਿਆਂ ਦੀਆਂ ਅਫ਼ਵਾਹਾਂ ਨੇ ਕੁਝ ਵਿਦਿਆਰਥੀਆਂ ਨੂੰ ਡਰਾ ਦਿੱਤਾ ਹੈ।
ਮਾਸਟਰ ਕਰ ਰਹੇ ਇੱਕ ਦੇ ਵਿਦਿਆਰਥੀ ਨੇ ਕਿਹਾ, “ਮੈਨੂੰ ਬਾਹਰ ਜਾਣ ਤੋਂ ਡਰ ਲੱਗਦਾ ਹੈ। ਮੈਨੂੰ ਸਕੂਲ ਆਉਣ ਤੋਂ ਡਰ ਲੱਗਦਾ ਹੈ। ਮੈਨੂੰ ਘਰ ਦਾ ਸਮਾਨ ਖਰੀਦਣ ਜਾਣ ਤੋਂ ਡਰ ਲੱਗਦਾ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਮੈਨੂੰ ਡਰ ਹੈ ਕਿ ਜੇ ਮੈਂ ਗਿਆ ਤਾਂ ਏਜੰਟ ਮੇਰੇ ਕੋਲ ਗੁਪਤ ਤਰੀਕੇ ਨਾਲ ਅਤੇ ਸਾਦੇ ਕੱਪੜਿਆਂ ਵਿੱਚ ਆਉਣਗੇ।”
ਗ੍ਰੀਨ ਕਾਰਡ ਧਾਰਕ ਹੋਣ ਦੇ ਬਾਵਜੂਦ ਅਤੇ ਕੈਂਪਸ ਵਿੱਚ ਫ਼ਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਵਿੱਚ ਕੋਈ ਭੂਮਿਕਾ ਨਾ ਨਿਭਾਉਣ ਦੇ ਬਾਵਜੂਦ, ਉਹ ਕਹਿੰਦੇ ਹਨ ਕਿ ਉਹ ਅਜੇ ਵੀ “ਗੰਭੀਰ ਚਿੰਤਾ” ਵਿੱਚ ਹਨ ਕਿਉਂਕਿ ਉਨ੍ਹਾਂ ਨੇ ਰਾਸ਼ਟਰਪਤੀ ਦੀ ਆਲੋਚਨਾ ਵਿੱਚ ਕੁਝ ਗੱਲਾਂ ਲਿਖੀਆਂ ਸਨ।
ਉਨ੍ਹਾਂ ਨੇ ਪੁੱਛਿਆ, “ਇਹ ਪ੍ਰਸ਼ਾਸਨ ਇੱਕ ਪਰਵਾਸੀ ਦੇ ਇਤਿਹਾਸ ਨੂੰ ਕਿੰਨੀ ਡੂੰਘਾਈ ਨਾਲ ਖੰਘਾਲਦਾ ਹੈ?” “ਕੀ ਹੋਵੇਗਾ ਜੇ ਮੈਂ ਕੁਝ ਕਿਹਾ ਅਤੇ ਮੈਨੂੰ ਹੀ ਇਸ ਦੀ ਜਾਣਕਾਰੀ ਨਾ ਹੋਵੇ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI