Source :- BBC PUNJABI

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਸੋਸ਼ਲ ਮੀਡੀਆ ਉੱਪਰ ਕੁੱਝ ਲੋਕਾਂ ਦਰਮਿਆਨ ਹੋਈ ਆਪਸੀ ਚੈਟ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਸਿਆਸੀ ਖੇਮਿਆਂ ਵਿੱਚ ‘ਹਲਚਲ’ ਮੱਚ ਗਈ ਹੈ।

ਇਸ ਚੈਟ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਵਿੱਚ ਮੌਜੂਦ ਕੁਝ ਸੀਨੀਅਰ ਸਿਆਸੀ ਲੋਕਾਂ ਦੇ ਨਾਂ ਹਨ, ਜਿਨ੍ਹਾਂ ਨੂੰ ਚੈਟ ਵਿੱਚ ਕਥਿਤ ਤੌਰ ‘ਤੇ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਗਈ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਰਾਊਂਡ ਅਪ ਕੀਤਾ ਹੈ।

ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਹੀ ਪੰਜਾਬ ਪੁਲਿਸ ਨੇ ਸਾਈਬਰ ਕਰਾਈਮ ਸੈੱਲ, ਮੋਗਾ ਵਿੱਚ ਕੇਸ ਦਰਜ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ ਚਾਰ ਲੋਕਾਂ ਦੀ ਸ਼ਨਾਖ਼ਤ ਹੁਣ ਤੱਕ ਹੋ ਗਈ ਹੈ ਅਤੇ 25 ਤੋਂ ਵੱਧ ਅਣਪਛਾਤੇ ਲੋਕ ਇਸ ਮਾਮਲੇ ਵਿੱਚ ਲੋੜੀਂਦੇ ਹਨ।

ਦੋਵਾਂ ਮੁਲਜ਼ਮਾਂ ਦੀ ਸ਼ਨਾਖ਼ਤ ਪੁਲਿਸ ਨੇ ਜ਼ਾਹਰ ਨਹੀਂ ਕੀਤੀ।

ਪੁਲਿਸ ਨੇ ਕੀ ਕਿਹਾ

ਡੀਆਈਜੀ ਅਸ਼ਵਨੀ ਕਪੂਰ

ਤਸਵੀਰ ਸਰੋਤ, Surinder Mann/BBC

ਫਰੀਦਕੋਟ ਰੇਂਜ ਦੇ ਡੀਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਵਿੱਚ ਵਾਇਰਲ ਹੋਈ ਇਸ ਚੈਟ ਨੂੰ ਲੈ ਕੇ ਕੁਝ ਸਿਆਸੀ ਲੋਕਾਂ ਵੱਲੋਂ ਸਵਾਲ ਚੁੱਕੇ ਗਏ ਸਨ।

ਉਨ੍ਹਾਂ ਕਿਹਾ, “ਇਸ ਸਬੰਧ ਵਿੱਚ ਅਸੀਂ ਦੋ ਲੋਕਾਂ ਨੂੰ ਸ਼ਨਾਖ਼ਤ ਤੋਂ ਬਅਦ ਨਾਮਜ਼ਦ ਕੀਤਾ ਹੈ, ਜਦੋਂ ਕਿ 25-30 ਵਿਅਕਤੀਆਂ ਨੂੰ ਅਣਪਛਾਤੇ ਤੌਰ ‘ਤੇ ਇਸ ਮਾਮਲੇ ਵਿੱਚ ਰੱਖਿਆ ਗਿਆ ਹੈ।”

ਡੀਆਈਜੀ ਨੇ ਦੱਸਿਆ ਕਿ ਇਹ ਚੈਟ ‘ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲਾ ਮੋਗਾ’ ਦੇ ਨਾਂ ਹੇਠ ਬਣੇ ਸੋਸ਼ਲ ਮੀਡੀਆ ਪੇਜ਼ ਉੱਪਰ ਕੀਤੀ ਗਈ ਹੈ।

ਉਨ੍ਹਾਂ ਕਿਹਾ, “ਮੁੱਢਲੀ ਪੜਤਾਲ ਵਿੱਚ ਪਤਾ ਲੱਗਾ ਹੈ ਕਿ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਖ਼ਿਲਾਫ਼ ਨੈਸ਼ਨਲ ਸਕਿਉਰਟੀ ਐਕਟ ਦੀ ਸੀਮਾ ਵਧਾਉਣ ਤੋਂ ਮਗਰੋਂ ਇਹ ਲੋਕ ਰੋਸ ਪ੍ਰਗਟ ਕਰ ਰਹੇ ਸਨ।”

“ਇਸ ਚੈਟ ਵਿੱਚ ਵੱਖ-ਵੱਖ ਸਿਆਸੀ ਆਗੂਆਂ ਨੂੰ ਸਰੀਰਕ ਨੁਕਸਾਨ ਪਹੁੰਚਾਏ ਜਾਣ ਦੀ ਗੱਲ ਕਹੀ ਗਈ ਹੈ।”

“ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਇਸ ਚੈਟ ਵਿੱਚ ਕਹੀ ਗਈ ਹੈ, ਜੋ ਅਮ੍ਰਿਤਪਾਲ ਸਿੰਘ ਦੇ ਵਿਰੋਧੀ ਹਨ।”

ਮੁਲਜ਼ਮਾਂ ਬਾਰੇ ਹੋਰ ਕੀ-ਕੀ ਪਤਾ ਹੈ

ਤਰਸੇਮ ਸਿੰਘ

ਤਸਵੀਰ ਸਰੋਤ, Getty Images

ਇਸ ਸਬੰਧ ਵਿੱਚ ਮੋਗਾ ਪੁਲਿਸ ਨੇ ਸਾਈਬਰ ਕ੍ਰਾਈਮ ਵਿੱਚ ਦੋ ਨੰਬਰ ਐੱਫ਼ਆਈਆਰ ਦਰਜ ਕਰਕੇ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਡੀਆਈਜੀ ਨੇ ਦੱਸਿਆ, “ਅਸੀਂ ਇਸ ਚੈਟ ਵਿੱਚ ਸ਼ਾਮਲ ਦੋ ਲੋਕਾਂ ਨੂੰ ਫ਼ਿਲਹਾਲ ਰਾਊਂਡ-ਅਪ ਕੀਤਾ ਹੈ। ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਲੱਗ ਗਈਆਂ ਹਨ, ਜਿਨ੍ਹਾਂ ਨੇ ਇਸ ਚੈਟ ਵਿੱਚ ਗੰਭੀਰ ਚਿਤਾਵਨੀਆਂ ਦੇ ਰਹੇ ਹਨ।”

“ਇਸ ਸਬੰਧ ਵਿੱਚ ਅਸੀਂ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ।”

ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਪੜਤਾਲ ਇਸ ਚੈਟ ਵਿੱਚ ਸ਼ਾਮਿਲ ਚਾਰ ਜਣਿਆਂ ਦੀ ਸ਼ਨਾਖਤ ਕਰ ਲਈ ਗਈ ਹੈ।

ਉੁਨ੍ਹਾਂ ਦੱਸਿਆ ਕਿ ਰਾਊਂਡ-ਅਪ ਕੀਤੇ ਗਏ ਵਿਅਕਤੀਆਂ ਵਿੱਚ ਇੱਕ ਵਿਅਕਤੀ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ, ਜਦੋਂ ਕਿ ਦੂਜਾ ਜ਼ਿਲ੍ਹਾ ਖੰਨਾ ਨਾਲ ਸੰਬੰਧਤ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ‘ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਮੋਗਾ’ ਦੇ ਪੇਜ਼ ਦੀ ਜੋ ਚੈਟ ਵਾਇਰਲ ਹੋਈ ਹੈ, ਉਸ ਵਿੱਚ ਜਿਨ੍ਹਾਂ ਲੋਕਾਂ ਨੇ ਹਿੱਸਾ ਲਿਆ ਹੈ ਉਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਗ੍ਰਿਫ਼ਤਾਰੀ ਯਕੀਨੀ ਬਣਾਈ ਜਾ ਰਹੀ ਹੈ।

ਡੀਆਈਜੀ ਅਸ਼ਵਨੀ ਕਪੂਰ ਨੇ ਰਾਊਂਡ-ਅਪ ਕੀਤੇ ਗਏ ਜਾਂ ਇਸ ਕੇਸ ਵਿੱਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੀ ਮੁਕੰਮਲ ਸ਼ਨਾਖ਼ਤ ਦੱਸਣ ਤੋਂ ਫ਼ਿਲਹਾਲ ਇਨਕਾਰ ਕਰ ਦਿੱਤਾ।

ਉਨਾਂ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਮੁੱਢਲੇ ਪੜਾਅ ਵਿੱਚ ਪੁਲਿਸ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ-

ਸਿਆਸੀ ਘਟਨਾਕ੍ਰਮ

ਕੇਂਦਰੀ ਮੰਤਰੀ ਰਵਨੀਤ ਬਿੱਟੂ

ਤਸਵੀਰ ਸਰੋਤ, Getty Images

ਜਿਵੇਂ ਹੀ ਇਹ ਚੈਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਸਭ ਤੋਂ ਪਹਿਲਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੇ ਪ੍ਰਤੀਕਰਮ ਸਾਹਮਣੇ ਆ ਗਏ।

ਲੰਘੇ ਸੋਮਵਾਰ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਇਸ ਚੈਟ ਨੂੰ ਲੈ ਕੇ ਪੰਜਾਬ ਪੁਲਿਸ ਉੱਪਰ ਸਵਾਲ ਚੁੱਕੇ ਸਨ।

ਇਸੇ ਤਰ੍ਹਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਇਸ ਵਾਇਰਲ ਹੋਈ ਚੈਟ ਨੂੰ ਗੰਭੀਰ ਦੱਸਦੇ ਹੋਏ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਸੀ।

ਜ਼ਿਕਰਯੋਗ ਹੈ ਕਿ ਵਾਇਰਲ ਹੋਈ ਇਸ ਚੈਟ ਵਿੱਚ ‘ਲੁਧਿਆਣੇ ਦੇ ਬਿੱਟੂ’ ਅਤੇ ਮਜੀਠੀਆ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਹੈ।

ਰਾਜਨੀਤਿਕ ਆਗੂ ਇਸ ਚੈਟ ਵਿੱਚ ਉਸ ਸ਼ਬਦ ਨੂੰ ਉਭਾਰ ਰਹੇ ਹਨ, ਜਿਸ ਰਾਹੀਂ ਆਗੂਆਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕੀਤੀ ਹੈ।

ਇੱਕ ਕਥਿਤ ਵੱਡੇ ਵਟਸਐਪ ਗਰੁੱਪ ਜਿਸ ਦੇ 642 ਮੈਂਬਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਦੀ ਚੈਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

ਬੀਬੀਸੀ ਇਸ ਦੀ ਪੁਸ਼ਟੀ ਨਹੀਂ ਕਰਦਾ।

ਇਸ ਗਰੁੱਪ ਵਿੱਚ ਵੱਖ-ਵੱਖ ਵਿਅਕਤੀਆਂ ਵਲੋਂ ਚੈਟ ਕੀਤੀ ਗਈ ਹੈ। ਜਿਨ੍ਹਾਂ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਗੱਲ ਕੀਤੀ ਗਈ ਹੈ ਉਨ੍ਹਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਬਿਕਰਮਜੀਤ ਸਿੰਘ ਮਜੀਠੀਆ ਅਤੇ ਰਵਨੀਤ ਸਿੰਘ ਬਿੱਟੂ ਦੇ ਨਾਮ ਸ਼ਾਮਲ ਹਨ।

ਪੁਲਿਸ ਨੇ ਕਿਹਾ ਹੈ ਕਿ ਅਜਿਹਾ ਫਿਰਕਾਪ੍ਰਸਤੀ ਵਾਲਾ ਮਾਹੌਲ ਪੈਦਾ ਕਰਕੇ ਕੁਝ ਲੋਕ ਪੰਜਾਬ ਦੇ ਸੁਖਾਵੇਂ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ।

ਅਕਾਲੀ ਦਲ ਵਾਰਿਸ ਪੰਜਾਬ ਦਾ ਪੱਖ

ਅਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ

ਤਸਵੀਰ ਸਰੋਤ, Getty Images

ਐਡਵੋਕੇਟ ਹਰਪਾਲ ਸਿੰਘ ਖਹਿਰਾ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਕਾਨੂੰਨੀ ਸਲਾਹਕਾਰ ਹਨ।

ਇਸ ਮਾਮਲੇ ਵਿੱਚ ਉਨ੍ਹਾਂ ਪਾਰਟੀ ਦਾ ਪੱਖ ਰੱਖਦਿਆਂ ਕਿਹਾ, “ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ‘ਅਕਾਲੀ ਦਲ ਵਾਰਸ ਪੰਜਾਬ ਦੇ ਜ਼ਿਲ੍ਹਾ ਮੋਗਾ’ ਦੇ ਪੇਜ਼ ਉੱਪਰ ਹੋਈ ਚੈਟ ਦਾ ਰੌਲਾ ਪਾਉਣ ਤੋਂ ਬਾਅਦ, ਜਿਸ ਢੰਗ ਨਾਲ ਪੰਜਾਬ ਪੁਲਿਸ ਨੇ ਯੂਏਪੀਏ ਤਹਿਤ ਮਾਮਲਾ ਦਰਜ ਕੀਤਾ ਹੈ, ਉਹ ਕਾਨੂੰਨੀ ਤੌਰ ਤੇ ਗ਼ਲਤ ਹੈ।”

“ਇੱਕ ਅਕਾਲੀ ਆਗੂ ਦੇ ਕਹਿਣ ਤੇ ਪੁਲਿਸ ਵੱਲੋਂ ਯੂਏਪੀਏ ਲਾਉਣ ਨਾਲ ਪੰਜਾਬੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਹੋਣ ਦੇ ਆਸਾਰ ਪੈਦਾ ਹੋ ਗਏ ਹਨ।”

ਉਨਾਂ ਕਿਹਾ ਕਿ ਸੋਧਾ ਲਾਉਣਾ ਠੇਠ ਪੰਜਾਬੀ ਦਾ ਲਫ਼ਜ਼ ਹੈ, ਇਸ ਦਾ ਮਤਲਬ ‘ਕਤਲ ਕਰਨਾ’ ਹਰਗਿਜ਼ ਨਹੀਂ ਹੈ।

“ਅਸੀਂ ਸਮੁੱਚੀ ਕਾਰਵਾਈ ਨੂੰ ਦੇਖ ਰਹੇ ਹਾਂ ਅਤੇ ਇਸ ਤੋਂ ਬਾਅਦ ਅਸੀਂ ਕਾਨੂੰਨ ਦੇ ਦਾਇਰੇ ਅਧੀਨ ਪੁਲਿਸ ਦੇ ਇਸ ਕੇਸ ਨੂੰ ਅਦਾਲਤ ਵਿੱਚ ਜ਼ਰੂਰ ਚੁਣੌਤੀ ਦੇਵਾਂਗੇ।”

ਕੀ ਹੈ ਯੂਏਪੀਏ ਕਾਨੂੰਨ?

ਇਹ ਕਾਨੂੰਨ ਭਾਰਤ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ‘ਤੇ ਨਕੇਲ ਕਸਣ ਲਈ 1967 ਵਿੱਚ ਲਿਆਂਦਾ ਗਿਆ ਸੀ।

ਇਸਦਾ ਮੁੱਖ ਉਦੇਸ਼ ਭਾਰਤ ਦੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਵਾਲੀਆਂ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਸਰਕਾਰ ਨੂੰ ਜ਼ਿਆਦਾ ਅਧਿਕਾਰ ਦੇਣਾ ਸੀ।

ਸੈਂਟਰਲ ਯੂਨੀਵਰਸਿਟੀ ਆਫ਼ ਸਾਊਥ ਬਿਹਾਰ ਵਿੱਚ ਯੂਏਪੀਏ ਐਕਟ ‘ਤੇ ਰਿਸਰਚ ਕਰ ਰਹੇ ਰਮੀਜ਼ੁਰ ਰਹਿਮਾਨ ਦੱਸਦੇ ਹਨ ਕਿ ਇਹ ਕਾਨੂੰਨ ਦਰਅਸਲ ਇੱਕ ਸਪੈਸ਼ਲ ਕਾਨੂੰਨ ਹੈ ਜੋ ਵਿਸ਼ੇਸ਼ ਸਥਿਤੀਆਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ।

”ਭਾਰਤ ਵਿੱਚ ਵਰਤਮਾਨ ਵਿੱਚ ਯੂਏਪੀਏ ਐਕਟ ਇੱਕੋ ਇੱਕ ਅਜਿਹਾ ਕਾਨੂੰਨ ਹੈ ਜੋ ਮੁੱਖ ਰੂਪ ਨਾਲ ਗੈਰਕਾਨੂੰਨੀ ਅਤੇ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ‘ਤੇ ਲਾਗੂ ਹੁੰਦਾ ਹੈ।”

ਉਨ੍ਹਾਂ ਕਿਹਾ, ”ਅਜਿਹੇ ਕਈ ਅਪਰਾਧ ਸਨ ਜਿਨ੍ਹਾਂ ਦਾ ਆਈਪੀਸੀ ਵਿੱਚ ਜ਼ਿਕਰ ਨਹੀਂ ਸੀ, ਇਸ ਲਈ 1967 ਵਿੱਚ ਇਸਦੀ ਜ਼ਰੂਰਤ ਮਹਿਸੂਸ ਕੀਤੀ ਗਈ ਅਤੇ ਇਹ ਕਾਨੂੰਨ ਲਿਆਂਦਾ ਗਿਆ।”

”ਜਿਵੇਂ ਗੈਰ ਕਾਨੂੰਨੀ ਅਤੇ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ, ਅੱਤਵਾਦੀ ਗਿਰੋਹ ਅਤੇ ਅੱਤਵਾਦੀ ਸੰਗਠਨ ਕੀ ਹਨ ਅਤੇ ਕੌਣ ਹਨ, ਯੂਏਪੀਏ ਐਕਟ ਇਸ ਨੂੰ ਸਪੱਸ਼ਟ ਰੂਪ ਨਾਲ ਪਰਿਭਾਸ਼ਿਤ ਕਰਦਾ ਹੈ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI