Source :- BBC PUNJABI

ਨਾਸ਼ਤਾ

ਤਸਵੀਰ ਸਰੋਤ, Getty Images

ਬ੍ਰੇਕਫਾਸਟ ਜਾਂ ਨਾਸ਼ਤੇ ਵਿੱਚ ਸੀਰੀਅਲਜ਼ ਜਾਂ ਅਨਾਜ ਖਾਣਾ ਇੱਕ ਚੰਗਾ ਬਦਲ ਹੋ ਸਕਦਾ ਹੈ ਕਿਉਂਕਿ ਇਹ ਫਾਈਬਰ ਅਤੇ ਵਿਟਾਮਿਨ ਦੇ ਚੰਗੇ ਸਰੋਤ ਹਨ।

ਸਾਨੂੰ ਅਕਸਰ ਦੱਸਿਆ ਜਾਂਦਾ ਹੈ ਕਿ ਸਾਡੇ ਦਿਨ ਭਰ ਦੇ ਖਾਣੇ ਵਿੱਚ ਨਾਸ਼ਤੇ ਦੀ ਕਿੰਨੀ ਅਹਿਮ ਭੂਮਿਕਾ ਹੈ। ਜੇਕਰ ਸਵੇਰੇ ਚੰਗਾ ਨਾਸ਼ਤਾ ਕੀਤਾ ਜਾਵੇ, ਤਾਂ ਤੁਹਾਡੇ ਸਰੀਰ ਵਿੱਚ ਦਿਨ ਭਰ ਦੀਆਂ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਨ ਲਈ ਊਰਜਾ ਬਣੀ ਰਹਿੰਦੀ ਹੈ।

ਫਿਰ ਵੀ, ਇਹ ਫੈਸਲਾ ਕਰਨਾ ਮੁਸ਼ਕਲ ਹੈ ਕਿ ਨਾਸ਼ਤੇ ਵਿੱਚ ਕੀ ਖਾਣਾ ਹੈ ਜਾਂ ਬੱਚਿਆਂ ਨੂੰ ਨਾਸ਼ਤੇ ਵਿੱਚ ਕੀ ਦੇਣਾ ਹੈ।

ਜੇਕਰ ਤੁਸੀਂ, ਅਮਰੀਕਾ ਦੀ 53 ਫੀਸਦੀ ਆਬਾਦੀ ਵਾਂਗ ਹਰ ਹਫ਼ਤੇ ਨਾਸ਼ਤੇ ਵਿੱਚ ਅਨਾਜ ਖਾਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਡੇ ਕੋਲ ਬਹੁਤ ਸਾਰੇ ਬਦਲ ਹਨ।

ਓਟਸ, ਮੂਸਲੀ ਅਤੇ ਕੌਰਨ ਫਲੇਕਸ ਵਰਗੇ ਸਿਹਤਮੰਦ ਬਦਲ ਸਾਨੂੰ ਲੋੜੀਂਦੇ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਅਜਿਹੇ ਬਦਲਾਂ ਨੂੰ ਅੰਗਰੇਜ਼ੀ ਵਿੱਚ ਸੀਰੀਅਲਜ਼ ਕਿਹਾ ਜਾਂਦਾ ਹੈ। ਪਰ ਕੁਝ ਵਿਗਿਆਨੀ ਚੇਤਾਵਨੀ ਦਿੰਦੇ ਹਨ ਕਿ ਇਹ ਅਲਟਰਾ-ਪ੍ਰੋਸੈਸਡ ਖਾਣੇ ਹਨ ਅਤੇ ਇਹ ਸਾਡੇ ਲਈ ਚੰਗੇ ਨਹੀਂ ਹਨ।

ਤਾਂ ਇਸ ਮਾਮਲੇ ਦੀ ਹਕੀਕਤ ਕੀ ਹੈ ਅਤੇ ਜੇਕਰ ਸਾਨੂੰ ਨਾਸ਼ਤੇ ਵਿੱਚ ਸੀਰੀਅਲਜ਼ ਖਾਣੇ ਪੈਣ, ਤਾਂ ਇਹ ਕਿਸ ਕਿਸਮ ਦੇ ਹੋਣੇ ਚਾਹੀਦੇ ਹਨ?

ਅਜਿਹੇ ਭੋਜਨ ਵਿੱਚ ਹੁੰਦੇ ਹਨ ਬਹੁਤ ਅਹਿਮ ਤੱਤ

ਨਾਸ਼ਤਾ

ਤਸਵੀਰ ਸਰੋਤ, Getty Images

ਆਓ, ਸਭ ਤੋਂ ਪਹਿਲਾਂ ਤੱਥਾਂ ਬਾਰੇ ਗੱਲ ਕਰ ਲਈਏ।

ਸੀਰੀਅਲਜ਼ ਭਾਵ ਅਨਾਜ ਵਿੱਚ ਕਣਕ, ਚੌਲ, ਜਵੀ, ਜੌਂ ਅਤੇ ਮੱਕੀ ਸ਼ਾਮਲ ਹਨ। ਹਰ ਅਨਾਜ ਵਿੱਚ ਤਿੰਨ ਮੁੱਖ ਕੰਪਾਊਂਡ ਹੁੰਦੇ ਹਨ।

ਅਨਾਜ ਦੀ ਬਾਹਰੀ ਪਰਤ ਵਿੱਚ ਫਾਈਬਰ, ਵਿਟਾਮਿਨ ਬੀ ਅਤੇ ਖਣਿਜ ਹੁੰਦੇ ਹਨ।

ਇਸ ਤੋਂ ਬਾਅਦ, ਅਨਾਜ ਵਿੱਚ ਸਟਾਰਚ ਅਤੇ ਪ੍ਰੋਟੀਨ ਹੁੰਦੇ ਹਨ, ਜੋ ਪੌਦੇ ਦੇ ਭਰੂਣ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਅੰਤ ਵਿੱਚ ਭਰੂਣ ਵਿੱਚ ਭਰਪੂਰ ਮਾਤਰਾ ਵਿੱਚ ਤੇਲ, ਵਿਟਾਮਿਨ ਅਤੇ ਖਣਿਜ ਹੁੰਦੇ ਹਨ।

ਅਨਾਜ ਨੂੰ ਨਾਸ਼ਤੇ ਵਿੱਚ ਬਦਲਣ ਦਾ ਵਿਚਾਰ ਸਭ ਤੋਂ ਪਹਿਲਾਂ ਅਮਰੀਕੀ ਡਾਕਟਰ ਜੌਨ ਹਾਰਵੇ ਦੇ ਜ਼ਹਿਨ ਵਿੱਚ ਆਇਆ ਸੀ।

ਉਸ ਸਮੇਂ ਉਹ ਬੈਟਲ ਕਰੀਕ ਸੈਨੇਟੋਰੀਅਮ ਦੇ ਸੁਪਰੀਟੇਂਡੈਂਟ ਸਨ। ਮਰੀਜ਼ਾਂ ਦੀ ਖੁਰਾਕ ਵਿੱਚ ਸੁਧਾਰ ਲਈ, ਜੌਨ ਹਾਰਵੇ ਨੇ ਕੁਝ ਕਿਸਮਾਂ ਦੇ ਖਾਣੇ ਦੀ ਖੋਜ ਕੀਤੀ। ਇਸ ਵਿੱਚ ਗ੍ਰੈਨੋਲਾ ਅਤੇ ਕੌਰਨ ਫਲੇਕਸ ਸ਼ਾਮਲ ਸਨ।

ਹੁਣ ਇਹ ਸਾਰੇ ਬਾਜ਼ਾਰ ਵਿੱਚ ਲਗਭਗ ਹਰ ਜਗ੍ਹਾ ਉਪਲੱਬਧ ਹਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਜੈਨੇਰਿਕ ਵਰਜ਼ਨ ਮੌਜੂਦ ਹਨ।

ਨਾਸ਼ਤੇ ਵਿੱਚ ਖਾਇਆ ਜਾਣ ਵਾਲਾ ਅਨਾਜ ਉਦਯੋਗਿਕ ਉਤਪਾਦਨ ਦਾ ਵੀ ਹਿੱਸਾ ਬਣ ਗਿਆ ਹੈ। ਕਟਾਈ ਤੋਂ ਬਾਅਦ, ਇਹ ਅਨਾਜ ਪੈਕ ਕੀਤੇ ਜਾਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਪ੍ਰੋਸੈਸ ‘ਚੋਂ ਦੀ ਲੰਘਦਾ ਹੈ ਅਤੇ ਫਿਰ ਇਸ ਨੂੰ ਸੁਪਰਮਾਰਕੀਟਾਂ ਵਿੱਚ ਭੇਜ ਦਿੱਤਾ ਜਾਂਦਾ ਹੈ।

ਅਨਾਜ

ਤਸਵੀਰ ਸਰੋਤ, Getty Images

ਕੁਝ ਅਨਾਜ ਸਾਬਤ (ਮੋਟੇ) ਹੁੰਦੇ ਹਨ, ਜਦਕਿ ਕੁਝ ਦੀ ਬਾਹਰੀ ਪਰਤ ਹਟਾ ਦਿੱਤੀ ਜਾਂਦੀ ਹੈ। ਕੁਝ ਅਨਾਜ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਹੋਰ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਆਟੇ ਦੇ ਰੂਪ ‘ਚ ਵਿੱਚ ਪੀਸਿਆ ਜਾਂਦਾ ਹੈ।

ਅੰਤਿਮ ਰੂਪ ‘ਚ ਜੋ ਉਤਪਾਦ ਤਿਆਰ ਹੁੰਦਾ ਹੈ, ਉਸ ਵਿੱਚ ਨਮਕ, ਖੰਡ, ਵਿਟਾਮਿਨ ਜਾਂ ਖਣਿਜ ਵਰਗੇ ਹੋਰ ਤੱਤ ਮਿਲਾਏ ਜਾਂਦੇ ਹਨ।

ਫਿਰ ਉਨ੍ਹਾਂ ਨੂੰ ਪਕਾਇਆ ਜਾਂਦਾ ਹੈ ਅਤੇ ਫਲੇਕਸ ਜਾਂ ਹੋਰ ਰੂਪਾਂ ਵਿੱਚ ਬਦਲ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ, ਇਨ੍ਹਾਂ ਨੂੰ ਬੇਕ ਜਾਂ ਟੋਸਟ ਕੀਤਾ ਜਾਂਦਾ ਹੈ।

ਕਿਉਂਕਿ ਅਨਾਜ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰਨ ਲਈ ਕਾਫ਼ੀ ਮੰਨਿਆ ਜਾਂਦਾ ਹੈ।

ਇਹ ਗੱਲ ਉਨ੍ਹਾਂ ਲੋਕਾਂ ਲਈ ਵੀ ਸਹੀ ਹੈ, ਜਿਨ੍ਹਾਂ ਦੀ ਖੁਰਾਕ ਸੀਮਤ ਹੁੰਦੀ ਹੈ ਅਤੇ ਜਿਨ੍ਹਾਂ ਨੂੰ ਭੋਜਨ ਤੋਂ ਓਨੇ ਵਿਟਾਮਿਨ ਨਹੀਂ ਮਿਲ ਪਾਉਂਦੇ, ਜਿੰਨੇ ਉਨ੍ਹਾਂ ਦੇ ਸਰੀਰ ਨੂੰ ਚਾਹੀਦੇ ਹਨ।

ਮਿਸਾਲ ਵਜੋਂ, ਸ਼ਾਕਾਹਾਰੀ ਜਾਂ ਵੀਗਨ ਡਾਈਟ ਵਿੱਚ ਵਿਟਾਮਿਨ ਬੀ12 ਦੀ ਘਾਟ ਹੁੰਦੀ ਹੈ। ਜੋ ਲੋਕ ਦੁੱਧ ਨਹੀਂ ਪੀਂਦੇ, ਉਨ੍ਹਾਂ ਨੂੰ ਉਚਿਤ ਮਾਤਰਾ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਨਹੀਂ ਮਿਲਦਾ।

ਖਾਣਾ

ਤਸਵੀਰ ਸਰੋਤ, Getty Images

ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਕੁਝ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਦੀ ਸਾਡੀ ਸਮਰੱਥਾ ਵੀ ਕਮਜ਼ੋਰ ਹੋ ਜਾਂਦੀ ਹੈ, ਜਿਸ ਨਾਲ ਕੁਪੋਸ਼ਣ ਦਾ ਜੋਖਮ ਵਧ ਸਕਦਾ ਹੈ।

ਇਸ ਦੇ ਨਾਲ ਹੀ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਵੀ ਪੌਸ਼ਟਿਕ ਤੱਤਾਂ ਦੀ ਘਾਟ ਦਾ ਵਧੇਰੇ ਜੋਖਮ ਰਹਿੰਦਾ ਹੈ।

ਖੋਜ ਦਰਸਾਉਂਦੀ ਹੈ ਕਿ ਨਾਸ਼ਤੇ ਵਿੱਚ ਇਸ ਕਿਸਮ ਦੇ ਅਨਾਜ ਖਾਣ ਦੇ ਕੁਝ ਫਾਇਦੇ ਹੁੰਦੇ ਹਨ।

ਅਮਰੀਕਾ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਵਾਧੂ ਪੌਸ਼ਟਿਕ ਤੱਤਾਂ ਨਾਲ ਭਰਪੂਰ (ਫੋਰਟੀਫਾਈਡ) ਖਾਣੇ ਤੋਂ ਬਿਨਾਂ, ਬੱਚਿਆਂ ਅਤੇ ਕਿਸ਼ੋਰਾਂ ਦੇ ਇੱਕ ਵੱਡੇ ਹਿੱਸੇ ਨੂੰ ਕਾਫ਼ੀ ਪੌਸ਼ਟਿਕ ਤੱਤ ਨਹੀਂ ਮਿਲਣਗੇ।

ਮਿਸ਼ਰਤ ਅਨਾਜਾਂ ਵਾਲੇ ਨਾਸ਼ਤੇ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਇੱਕ ਅਜਿਹਾ ਪੌਸ਼ਟਿਕ ਤੱਤ ਹੈ ਜੋ ਸਾਡੇ ਪੇਟ ਵਿੱਚ ਚੰਗੇ ਬੈਕਟੀਰੀਆ ਨੂੰ ਵਧਾਉਂਦਾ ਹੈ। 90 ਫੀਸਦੀ ਲੋਕਾਂ ਵਿੱਚ ਇਸਦੀ ਘਾਟ ਰਹਿੰਦੀ ਹੈ।

ਕਿਸ ਕਿਸਮ ਦੇ ਅਨਾਜ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ

ਖਾਣਾ

ਤਸਵੀਰ ਸਰੋਤ, Getty Images

ਕਿੰਗਜ਼ ਕਾਲਜ ਲੰਡਨ ਵਿੱਚ ਪੋਸ਼ਣ ਦੇ ਪ੍ਰੋਫੈਸਰ ਸਾਰਾਹ ਬੇਰੀ ਕਹਿੰਦੇ ਹਨ, “ਫੋਰਟੀਫਾਈਡ ਅਨਾਜ ਕੁਝ ਵਿਟਾਮਿਨਾਂ ਅਤੇ ਖਣਿਜਾਂ ਦੀ ਪੂਰਤੀ ਵਿੱਚ ਲਾਭਦਾਇਕ ਯੋਗਦਾਨ ਪਾ ਸਕਦੇ ਹਨ।”

ਬੇਰੀ ਉਦਾਹਰਣ ਦਿੰਦੇ ਹਨ ਕਿ ਬ੍ਰਿਟੇਨ ਵਿੱਚ, 11 ਤੋਂ 18 ਸਾਲ ਦੀ ਉਮਰ ਦੀਆਂ ਲਗਭਗ 50 ਫੀਸਦ ਕੁੜੀਆਂ ਵਿੱਚ ਆਇਰਨ ਦੀ ਕਮੀ ਹੁੰਦੀ ਹੈ। ਜਦਕਿ ਅਮਰੀਕਾ ਵਿੱਚ, 14 ਫੀਸਦੀ ਬਾਲਗਾਂ ਵਿੱਚ ਆਇਰਨ ਦੀ ਕਮੀ ਹੈ।

ਉਹ ਕਹਿੰਦੇ ਹਨ, “ਪਰ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਕੁਝ ਅਨਾਜਾਂ ਵਿੱਚ ਸ਼ੱਕਰ ਜ਼ਿਆਦਾ ਹੁੰਦੀ ਹੈ ਅਤੇ ਫਾਈਬਰ ਘੱਟ ਹੁੰਦਾ ਹੈ। ਫਲ ਅਤੇ ਸਬਜ਼ੀਆਂ ਵੀ ਵਿਟਾਮਿਨ ਅਤੇ ਖਣਿਜ ਪ੍ਰਾਪਤ ਕਰਨ ਲਈ ਇੱਕ ਵਧੀਆ ਵਿਕਲਪ ਹੋ ਸਕਦੇ ਹਨ।”

ਇਹ ਵੀ ਪੜ੍ਹੋ-

ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਦੀ ਇੱਕ ਖੋਜ ਦੇ ਅਨੁਸਾਰ, 30 ਗ੍ਰਾਮ ਕੌਰਨ ਫਲੇਕਸ ਵਿੱਚ ਲਗਭਗ 11 ਗ੍ਰਾਮ ਸ਼ੂਗਰ ਹੁੰਦੀ ਹੈ।

ਇੱਕ ਸਮੇਂ ਬਹੁਤ ਜ਼ਿਆਦਾ ਸ਼ੂਗਰ ਖਾਣ ਨਾਲ ਬਲੱਡ ਸ਼ੂਗਰ ਵਿੱਚ ਵਾਧਾ ਹੋ ਸਕਦਾ ਹੈ। ਇਸ ਨਾਲ ਕੁਝ ਸਮੇਂ ਬਾਅਦ ਸ਼ੂਗਰ ਜਾਂ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।

ਬੇਰੀ ਕਹਿੰਦੇ ਹਨ ਕਿ ਅਜਿਹੇ ਅਨਾਜ ਸਾਡੀ ਸਿਹਤ ‘ਤੇ ਬੁਰਾ ਪ੍ਰਭਾਵ ਪਾ ਸਕਦੇ ਹਨ। ਪਰ ਉਹ ਇਹ ਵੀ ਕਹਿੰਦੇ ਹਨ ਕਿ ਇਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਹੈ।

ਸਿਹਤ ‘ਤੇ ਇਸਦਾ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ?

ਖਾਣਾ

ਤਸਵੀਰ ਸਰੋਤ, Getty Images

ਹਾਲਾਂਕਿ, ਹਰ ਕੋਈ ਇਸ ਨਾਲ ਸਹਿਮਤ ਨਹੀਂ ਹੈ।

ਕੁਝ ਮਾਹਰਾਂ ਦਾ ਮੰਨਣਾ ਹੈ ਕਿ ਸਾਰੇ ਅਲਟਰਾ-ਪ੍ਰੋਸੈਸਡ ਖਾਣੇ ਨੁਕਸਾਨਦੇਹ ਨਹੀਂ ਹੁੰਦੇ। ਨਾਲ ਹੀ, ਨਾਸ਼ਤੇ ਵਿੱਚ ਖਾਧੇ ਜਾਣ ਵਾਲੇ ਸਾਰੇ ਕਿਸਮ ਦੇ ਅਨਾਜ ਇੱਕੋ-ਜਿਹੇ ਨਹੀਂ ਹੁੰਦੇ।

ਪ੍ਰੋਫੈਸਰ ਸਾਰਾ ਬੇਰੀ ਮੂਸਲੀ ਨੂੰ ਇੱਕ ਸਿਹਤਮੰਦ ਵਿਕਲਪ ਮੰਨਦੇ ਸਨ। ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਨਾਸ਼ਤਾ ਕਰਦੇ ਹੋ, ਤਾਂ ਇਹ ਊਰਜਾ ਦਿੰਦਾ ਹੈ ਅਤੇ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ।

ਅਮਰੀਕਾ ਵਿੱਚ ਨਾਸ਼ਤੇ ਵਿੱਚ ਓਟਸ ਬਹੁਤ ਮਸ਼ਹੂਰ ਹਨ। ਲਗਭਗ 5 ਲੱਖ ਲੋਕਾਂ ਨੂੰ ਸ਼ਾਮਲ ਕਰਨ ਵਾਲੀ ਇੱਕ ਖੋਜ ਨੇ ਸਿਹਤ ‘ਤੇ ਇਸਦੇ ਪ੍ਰਭਾਵਾਂ ਬਾਰੇ ਦੱਸਿਆ ਹੈ।

ਖੋਜ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਜ਼ਿਆਦਾ ਓਟਸ ਦਾ ਸੇਵਨ ਕੀਤਾ, ਉਨ੍ਹਾਂ ਨੂੰ ਘੱਟ ਸੇਵਨ ਕਰਨ ਵਾਲਿਆਂ ਦੇ ਮੁਕਾਬਲੇ ਸ਼ੂਗਰ-2 ਹੋਣ ਦਾ ਜੋਖਮ 22 ਫੀਸਦੀ ਘੱਟ ਸੀ।

ਓਟਸ ਤੋਂ ਲਾਭ ਦੇਣ ਕਰਨ ਵਾਲਾ ਸਭ ਤੋਂ ਮਹੱਤਵਪੂਰਨ ਕਾਰਕ ਫਾਈਬਰ ਹੈ। ਕਈ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਬੀਟਾ ਗਲੂਕੇਨ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ, ਖਾਸ ਕਰਕੇ ਲਿਪੋਪ੍ਰੋਟੀਨ (ਐਲਡੀਐਲ), ਜੋ ਕਿ ਦਿਲ ਦੀ ਬਿਮਾਰੀ ਨਾਲ ਜੁੜਿਆ ਮਾੜਾ ਕੋਲੈਸਟ੍ਰੋਲ ਹੈ।

ਬਾਰੀਕ ਪੀਸੇ ਹੋਏ ਜਵੀ ਤੋਂ ਬਣੇ ਕਈ ਕਿਸਮਾਂ ਦੇ ਓਟਸ ਦੇ ਅਜਿਹੇ ਫਾਇਦੇ ਨਹੀਂ ਦੇਖਣ ਨੂੰ ਮਿਲੇ ਹਨ।

ਖਾਣਾ

ਓਟਸ ਦੇ ਆਟੇ ਤੋਂ ਬਣੇ ਓਟਸ ਜਲਦੀ ਹਜ਼ਮ ਹੋ ਜਾਂਦੇ ਹਨ ਅਤੇ ਬਹੁਤ ਘੱਟ ਸਮੇਂ ਵਿੱਚ ਸਰੀਰ ਵਿੱਚ ਜ਼ਿਆਦਾ ਸ਼ੂਗਰ ਛੱਡਦੇ ਹਨ, ਜਿਸਦਾ ਸਿੱਧਾ ਅਸਰ ਬਲੱਡ ਸਰਕੂਲੇਸ਼ਨ ‘ਤੇ ਪੈਂਦਾ ਹੈ।

ਇੱਕ ਕਲੀਨਿਕਲ ਟ੍ਰਾਇਲ ਵਿੱਚ, ਵਲੰਟੀਅਰਾਂ ਨੂੰ ਇੱਕ ਦਿਨ ਰੋਲਡ ਓਟਸ ਅਤੇ ਅਗਲੇ ਦਿਨ ਇੰਸਟੇਂਟ ਬਾਰੀਕ ਪੀਸੇ ਹੋਏ ਓਟਸ ਖਾਣ ਲਈ ਕਿਹਾ ਗਿਆ।

ਇਹ ਪਾਇਆ ਗਿਆ ਕਿ ਓਟਸ ਵਿੱਚ ਫਾਈਬਰ, ਪ੍ਰੋਟੀਨ, ਚਰਬੀ ਅਤੇ ਕਾਰਬੋਹਾਈਡਰੇਟ ਦੀ ਇੱਕੋ ਜਿਹੀ ਮਾਤਰਾ ਦੇ ਬਾਵਜੂਦ, ਬਾਰੀਕ ਪੀਸੇ ਹੋਏ ਓਟਸ ਖਾਣ ਵਾਲਿਆਂ ਵਿੱਚ ਬਲੱਡ ਸ਼ੂਗਰ ਦਾ ਪੱਧਰ ਜ਼ਿਆਦਾ ਵਧ ਗਿਆ।

ਜੇਕਰ ਨਾਸ਼ਤੇ ਵਿੱਚ ਵਰਤੇ ਜਾਣ ਵਾਲੇ ਅਨਾਜ ਦੀ ਉੱਪਰਲੀ ਸਤਹ ਨੂੰ ਹਟਾ ਦਿੱਤਾ ਜਾਵੇ, ਤਾਂ ਇਸਦੇ ਫਾਇਦੇ ਵੀ ਘਟ ਜਾਂਦੇ ਹਨ।

ਖਾਣਾ

ਤਸਵੀਰ ਸਰੋਤ, Getty Images

ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਸਾਬਤ ਅਨਾਜ ਖਾਣ ਵਾਲਿਆਂ ਵਿੱਚ ਕੈਂਸਰ ਅਤੇ ਟਾਈਪ-2 ਸ਼ੂਗਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਘਟ ਜਾਂਦਾ ਹੈ।

ਪਰ ਜੇਕਰ ਅਨਾਜ ਨੂੰ ਰਿਫਾਈਨ ਕਰ ਦਿੱਤਾ ਜਾਵੇ ਤਾਂ ਇਸਦੇ ਸਿਹਤ ਲਾਭ ਵੀ ਘਟ ਜਾਂਦੇ ਹਨ।

ਇਟਲੀ ਦੀ ਪਾਵਿਆ ਯੂਨੀਵਰਸਿਟੀ ਵਿੱਚ ਪੋਸ਼ਣ ਵਿਗਿਆਨੀ ਰਿਕਾਰਡੋ ਕੈਵਲਾਂਜ਼ਾ ਕਹਿੰਦੇ ਹਨ, “ਸਾਬਤ ਅਨਾਜ ਲਾਭਦਾਇਕ ਹੁੰਦੇ ਹਨ ਕਿਉਂਕਿ ਉਹ ਫਾਈਬਰ ਨਾਲ ਭਰਪੂਰ ਹੁੰਦੇ ਹਨ।”

ਉਹ ਫਾਈਬਰ ਦੇ ਇੱਕ ਮਹੱਤਵਪੂਰਨ ਗੁਣ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਇਸ ਨਾਲ ਖਾਣਾ ਹੌਲੀ-ਹੌਲੀ ਹਜ਼ਮ ਹੁੰਦਾ ਅਤੇ ਗਲੂਕੋਜ਼ ਕੰਟਰੋਲ ਵਿੱਚ ਰਹਿੰਦਾ ਹੈ।

ਪਰ ਜੇਕਰ ਤੁਸੀਂ ਫਾਈਬਰ ਨੂੰ ਹਟਾ ਦਿੱਤਾ ਤਾਂ ਗਲੂਕੋਜ਼ ਤੇਜ਼ੀ ਨਾਲ ਬਣਦਾ ਹੈ।

ਸਵਾਲ ਇਹ ਹੈ ਕਿ ਕੀ ਨਾਸ਼ਤੇ ਵਿੱਚ ਅਨਾਜ ਖਾਣਾ ਸਾਡੇ ਲਈ ਚੰਗਾ ਹੈ ਜਾਂ ਮਾੜਾ?

ਜਵਾਬ ਇਹ ਹੈ ਕਿ ਇਹ ਪੂਰੀ ਤਰ੍ਹਾਂ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਅਨਾਜ ਖਾ ਰਹੇ ਹੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI