Source :- BBC PUNJABI

ਮਾਤਾ-ਪਿਤਾ ਨਾਲ ਵਿਆਨਾ

ਤਸਵੀਰ ਸਰੋਤ, SamirKhan

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਬ੍ਰੇਨ ਟਿਊਮਰ ਤੋਂ ਪੀੜਤ ਇੱਕ 3 ਸਾਲ ਦੀ ਬੱਚੀ ਨੂੰ ‘ਸੰਥਾਰਾ’ ਵਰਤ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਬੱਚੀ ਦੀ ਮੌਤ ਹੋ ਗਈ ਹੈ।

‘ਗੋਲਡਨ ਬੁੱਕ ਆਫ਼ ਵਰਲਡ ਰਿਕਾਰਡਜ਼’ ਨੇ ਇਸ ਕੁੜੀ ਨੂੰ ਸਭ ਤੋਂ ਘੱਟ ਉਮਰ ਵਿੱਚ ਸੰਥਾਰਾ ਦੀ ਸੰਕਲਪ ਚੁੱਕਣ ਲਈ ਵਿਸ਼ਵ ਰਿਕਾਰਡ ਸਰਟੀਫਿਕੇਟ ਵੀ ਜਾਰੀ ਕੀਤਾ ਹੈ।

ਜੈਨ ਧਰਮ ਵਿੱਚ ਇੱਕ ਮਾਨਤਾ ਹੈ ਕਿ ਜਦੋਂ ਕੋਈ ਵਿਅਕਤੀ ਜਾਂ ਜੈਨ ਭਿਕਸ਼ੂ ਆਪਣਾ ਜੀਵਨ ਪੂਰੀ ਤਰ੍ਹਾਂ ਜੀਅ ਲੈਂਦਾ ਹੈ ਅਤੇ ਉਸ ਦਾ ਸਰੀਰ ਸਾਥ ਦੇਣਾ ਬੰਦ ਕਰ ਦਿੰਦਾ ਹੈ, ਤਾਂ ਉਹ ਸੰਥਾਰਾ ਲੈ ਸਕਦਾ ਹੈ।

ਪਰ ਸਵਾਲ ਚੁੱਕੇ ਜਾ ਰਹੇ ਹਨ ਕਿ ਕੀ ਇਸ ਸਾਢੇ ਤਿੰਨ ਸਾਲ ਦੀ ਕੁੜੀ ਨੇ ਸੰਥਾਰਾ ਨੂੰ ਆਪਣੀ ਮਰਜ਼ੀ ਨਾਲ ਲਿਆ ਸੀ?

ਮੱਧ ਪ੍ਰਦੇਸ਼ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਇੰਦੌਰ ਦੇ ਕੁਲੈਕਟਰ ਨੂੰ ਨੋਟਿਸ ਜਾਰੀ ਕੀਤਾ ਹੈ।

ਬੱਚੀ ਦੀ ਮਾਂ ਵਰਸ਼ਾ

ਤਸਵੀਰ ਸਰੋਤ, SamirKhan

ਬੱਚੀ ਦੀ ਮਾਂ ਨੇ ਕੀ ਕਿਹਾ?

ਬੱਚੀ ਦੇ ਪਿਤਾ ਪੀਯੂਸ਼ ਜੈਨ ਨੇ ਕਿਹਾ ਕਿ ਬੱਚੀ ਦਾ ਇਲਾਜ ਕਰਵਾਇਆ ਗਿਆ ਸੀ ਅਤੇ ਜਦੋਂ ਉਹ ਇਸ ਤੋਂ ਬਾਅਦ ਵੀ ਠੀਕ ਨਹੀਂ ਹੋਈ ਤਾਂ ਜੈਨ ਮੁਨੀਸ਼ਰੀ ਦੀ ਸਲਾਹ ‘ਤੇ ਉਨ੍ਹਾਂ ਨੇ ਬੱਚੀ ਨੂੰ ਸੰਥਾਰਾ ਕਰਵਾ ਦਿੱਤਾ।

ਮਾਂ ਵਰਸ਼ਾ ਜੈਨ ਆਪਣੀ ਧੀ ਵੀਆਨਾ ਜੈਨ ਨੂੰ ਸੰਥਾਰਾ ਦੇਣ ਨੂੰ ਜਾਇਜ਼ ਠਹਿਰਾਉਂਦੀ ਹੈ।

ਵਿਆਨਾ ਦਾ ਜਨਮ 20 ਨਵੰਬਰ 2021 ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਵਰਸ਼ਾ ਜੈਨ ਨੇ ਕਿਹਾ ਕਿ ਜਨਵਰੀ 2025 ਤੋਂ, ਵਿਆਨਾ ਨੂੰ ਸਿਰ ਦਰਦ ਹੋਣ ਲੱਗਾ ਅਤੇ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ।

ਫਿਰ ਡਾਕਟਰ ਨੂੰ ਦਿਖਾਉਣ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਦਿਮਾਗ਼ ਵਿੱਚ ਟਿਊਮਰ ਹੈ। ਇਸ ਤੋਂ ਬਾਅਦ, ਬੱਚੀ ਦੀ ਮੁੰਬਈ ਵਿੱਚ ਸਰਜਰੀ ਹੋਈ ਅਤੇ ਉਹ ਠੀਕ ਹੋ ਗਈ।

ਹਾਲਾਂਕਿ, ਉਸ ਨੂੰ 15 ਮਾਰਚ ਤੋਂ ਦੁਬਾਰਾ ਸਿਰ ਦਰਦ ਹੋਣ ਲੱਗਾ ਅਤੇ ਇੰਦੌਰ ਵਿੱਚ ਟੈਸਟਾਂ ਤੋਂ ਬਾਅਦ ਪਤਾ ਲੱਗਾ ਕਿ ਟਿਊਮਰ ਦੁਬਾਰਾ ਦਿਖਾਈ ਦੇ ਰਿਹਾ ਸੀ। ਵਰਸ਼ਾ ਜੈਨ ਨੇ ਦੱਸਿਆ ਕਿ ਡਾਕਟਰਾਂ ਨੇ ਕਿਹਾ ਕਿ ਇੰਨੀ ਜਲਦੀ ਦੁਬਾਰਾ ਸਰਜਰੀ ਨਹੀਂ ਹੋ ਸਕਦੀ, ਇਸ ਲਈ ਉਨ੍ਹਾਂ ਨੇ ਦਵਾਈਆਂ ਦਿੱਤੀਆਂ।

ਵਰਸ਼ਾ ਜੈਨ ਕਹਿੰਦੇ ਹਨ ਕਿ ਬਾਅਦ ਵਿੱਚ ਬੱਚੀ ਦੀ ਹਾਲਤ ਹੋਰ ਵਿਗੜਨ ਲੱਗੀ ਅਤੇ ਉਸ ਨੇ ਖਾਣਾ-ਪੀਣਾ ਲਗਭਗ ਬੰਦ ਹੀ ਕਰ ਦਿੱਤਾ। 21 ਮਾਰਚ ਨੂੰ, ਡਾਕਟਰ ਦੀ ਸਲਾਹ ‘ਤੇ, ਉਸ ਨੂੰ ਫੂਡ ਪਾਈਪ ਲਗਵਾ ਦਿੱਤੀ।

ਉਨ੍ਹਾੰ ਨੇ ਦੱਸਿਆ, “21 ਮਾਰਚ ਨੂੰ, ਅਸੀਂ ਬੱਚੀ ਨੂੰ ਗੁਰੂਦੇਵ ਅਭਿਗ੍ਰਹਿਧਾਰੀ ਡਾਕਟਰ ਰਾਜੇਸ਼ ਮੁਨੀ ਮਹਾਰਾਜ ਕੋਲ ਲੈ ਗਏ, ਜਿੱਥੇ ਉਨ੍ਹਾਂ ਨੇ ਕਿਹਾ ਕਿ ਬੱਚੀ ਦਾ ਅੰਤਮ ਸਮਾਂ ਨੇੜੇ ਹੈ ਅਤੇ ਉਸ ਨੂੰ ਸੰਥਾਰਾ ਵਰਤ ਦਿਵਾ ਦੇਣਾ ਚਾਹੀਦਾ ਹੈ।”

“ਇਸ ਤੋਂ ਬਾਅਦ ਰਾਤ 9:55 ਮਿੰਟ ʼਤੇ ਸੰਥਾਰਾ ਪ੍ਰਕਿਰਿਆ ਕੀਤੀ ਗਈ ਅਤੇ ਰਾਤ 10:05 ਮਿੰਟ ʼਤੇ ਹੀ ਬੱਚੀ ਦੀ ਮੌਤ ਹੋ ਗਈ।”

ਸੰਥਾਰਾ

ਬੱਚੀ ਨੂੰ ਸੰਥਾਰਾ ਦੇਣ ਦੀ ਸਲਾਹ ਦੇਣ ਵਾਲੇ ਰਿਸ਼ੀ ਕੀ ਕਹਿੰਦੇ ਹਨ?

ਜਦੋਂ ਬੀਬੀਸੀ ਹਿੰਦੀ ਨੇ 108 ਸੰਥਾਰਾ ਕਰਵਾਉਣ ਅਤੇ ਸੰਥਾਰਾ ਵਿਸ਼ੇ ‘ਤੇ ਪੀਐੱਚਡੀ ਕਰਨ ਵਾਲੇ ਡਾ. ਰਾਜੇਸ਼ ਮੁਨੀ ਮਹਾਰਾਜ ਨੂੰ ਇਸ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ, “ਜਦੋਂ 3 ਸਾਲ ਅਤੇ 4 ਮਹੀਨੇ ਦੀ ਵਿਆਨਾ ਨੂੰ ਮੇਰੇ ਕੋਲ ਲਿਆਂਦਾ ਗਿਆ, ਤਾਂ ਮੈਂ ਸਮਝ ਗਿਆ ਕਿ ਬੱਚੀ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ ਹੈ।”

“ਇਸ ਲਈ ਮੈਂ ਵਿਆਨਾ ਦੇ ਮਾਪਿਆਂ ਨੂੰ ਕਿਹਾ ਕਿ ਉਸ ਨੂੰ ਸੰਥਾਰਾ ਦਿੱਤਾ ਜਾਣਾ ਚਾਹੀਦਾ ਹੈ।”

“ਜਦੋਂ ਬੱਚੀ ਦੇ ਮਾਪਿਆਂ ਨੇ ਖਾਣ-ਪੀਣ ਸੰਬੰਧੀ ਸਖ਼ਤ ਨਿਯਮਾਂ ਬਾਰੇ ਪੁੱਛਿਆ, ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਵੀਆਨਾ ਕੁਝ ਮੰਗਦੀ ਹੈ ਜਾਂ ਕਿਸੇ ਦਵਾਈ ਦੀ ਲੋੜ ਹੈ, ਤਾਂ ਅਸੀਂ ਉਸ ਨੂੰ ਦੇ ਦੇਵਾਂਗੇ। ਬੱਚੀ ਦੇ ਮਾਪੇ ਇਸ ਲਈ ਸਹਿਮਤ ਹੋ ਗਏ।”

ਬੱਚੀ ਦੇ ਪਿਤਾ ਪੀਯੂਸ਼ ਜੈਨ ਦਾ ਕਹਿਣਾ ਹੈ ਕਿ ਜੇਕਰ ਉਹ ਉਨ੍ਹਾਂ ਦੀ ਧੀ ਨੂੰ ਹਸਪਤਾਲ ਲੈ ਕੇ ਜਾਂਦੇ ਅਤੇ ਉੱਥੇ ਉਸ ਦੀ ਮੌਤ ਹੋ ਜਾਂਦੀ, ਤਾਂ ਬਿਹਤਰ ਹੈ ਕਿ ਉਹ ਜੈਨ ਧਰਮ ਅਨੁਸਾਰ ਸੰਥਾਰਾ ਹੋਇਆ ਅਤੇ ਉਸ ਦੀ ਮੌਤ ਧਾਰਮਿਕ ਰਸਮਾਂ ਅਨੁਸਾਰ ਹੋਈ।

ਰਮੇਸ਼ ਭੰਡਾਰੀ ਆਲ ਇੰਡੀਆ ਜੈਨ ਸਮਾਜ ਦੇ ਪ੍ਰਧਾਨ ਹਨ। ਉਹ ਇਸ ਮਾਮਲੇ ‘ਤੇ ਕਹਿੰਦੇ ਹਨ ਕਿ ‘ਸੰਥਾਰਾ ਲਈ ਕਿਸੇ ‘ਤੇ ਕੋਈ ਦਬਾਅ ਨਹੀਂ ਪਾਇਆ ਜਾਂਦਾ। ਇਹ ਉਦੋਂ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਲਈ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਅਤੇ ਡਾਕਟਰ ਕੋਲ ਵੀ ਉਸ ਦਾ ਕੋਈ ਇਲਾਜ ਨਹੀਂ ਹੁੰਦਾ।’

ਉਹ ਕਹਿੰਦੇ ਹਨ ਕਿ ਅਸੀਂ ਇਸ ਮੁੱਦੇ ‘ਤੇ ਸੁਪਰੀਮ ਕੋਰਟ ਵਿੱਚ ਵੀ ਲੜਾਈ ਲੜੀ ਹੈ।

ਸੰਥਾਰਾ

ਤਸਵੀਰ ਸਰੋਤ, SamirKhan

ਸੰਥਾਰਾ ਬਾਰੇ ਪਹਿਲਾਂ ਵੀ ਵਿਵਾਦ ਹੋਇਆ ਹੈ

ਜੈਨ ਧਰਮ ਵਿੱਚ ਸੰਥਾਰਾ ਇੱਕ ਆਸਥਾ ਦਾ ਵਿਸ਼ਾ ਹੈ ਪਰ ਕੁਝ ਲੋਕ ਇਸ ਪ੍ਰਥਾ ਦਾ ਵਿਰੋਧ ਕਰਦੇ ਹਨ। ਕੁਝ ਲੋਕ ਮੰਨਦੇ ਹਨ ਕਿ, ਮਾਨਵਤਾਵਾਦੀ ਦ੍ਰਿਸ਼ਟੀਕੋਣ ਤੋਂ, ਇਹ ਅਭਿਆਸ ਖੁਦਕੁਸ਼ੀ ਦਾ ਇੱਕ ਰੂਪ ਹੈ।

ਸਾਲ 2006 ਵਿੱਚ, ਸੰਥਾਰਾ ਵਿਰੁੱਧ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਸੰਥਾਰਾ ਦੀ ਪ੍ਰਥਾ ਖੁਦਕੁਸ਼ੀ ਦੇ ਸਮਾਨ ਹੈ ਅਤੇ ਇਸ ਨੂੰ ਆਧੁਨਿਕ ਸਮੇਂ ਵਿੱਚ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ।

ਇਸ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸੰਥਾਰਾ ਲੈਣ ਵਾਲੇ ਵਿਅਕਤੀ ਦੇ ਪਰਿਵਾਰ ਦਾ ਸਮਾਜ ਵਿੱਚ ਰੁਤਬਾ ਵਧ ਜਾਂਦਾ ਹੈ ਅਤੇ ਇਸ ਕਾਰਨ, ਇਸ ਪ੍ਰਥਾ ਨੂੰ ਪਰਿਵਾਰ ਵੱਲੋਂ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।

2015 ਵਿੱਚ, ਰਾਜਸਥਾਨ ਹਾਈ ਕੋਰਟ ਨੇ ਇਸ ਪਟੀਸ਼ਨ ‘ਤੇ ਆਪਣਾ ਫ਼ੈਸਲਾ ਸੁਣਾਇਆ ਸੀ।

ਰਾਜਸਥਾਨ ਹਾਈ ਕੋਰਟ ਨੇ ਇਸ ਪ੍ਰਥਾ ਨੂੰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 306 (ਖੁਦਕੁਸ਼ੀ ਲਈ ਉਕਸਾਉਣਾ) ਅਤੇ 309 (ਖੁਦਕੁਸ਼ੀ ਦੀ ਕੋਸ਼ਿਸ਼) ਦੇ ਤਹਿਤ ਸਜ਼ਾਯੋਗ ਅਪਰਾਧ ਐਲਾਨਿਆ ਸੀ।

 ਸੰਥਾਰਾ ਇੱਕ ਧਾਰਮਿਕ ਸੰਕਲਪ ਮੰਨਿਆ ਜਾਂਦਾ ਹੈ

ਤਸਵੀਰ ਸਰੋਤ, Kunal Chhajer/BBC

ਹਾਲਾਂਕਿ, ਜੈਨ ਭਾਈਚਾਰੇ ਦੀਆਂ ਵੱਖ-ਵੱਖ ਧਾਰਮਿਕ ਇਕਾਈਆਂ ਦੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰਦੇ ਹੋਏ, ਸੁਪਰੀਮ ਕੋਰਟ ਨੇ ਰਾਜਸਥਾਨ ਹਾਈ ਕੋਰਟ ਦੇ ਹੁਕਮ ‘ਤੇ ਰੋਕ ਲਗਾ ਦਿੱਤੀ ਸੀ।

ਸੁਪਰੀਮ ਕੋਰਟ ਦੇ ਵਕੀਲ ਤਨੁਜ ਦੀਕਸ਼ਿਤ ਕਹਿੰਦੇ ਹਨ, “ਜੇਕਰ ਅਸੀਂ ਸੰਥਾਰਾ ਦੀ ਗੱਲ ਕਰੀਏ ਤਾਂ ਜੈਨ ਧਰਮ ਦੇ ਲੋਕ ਇਸ ਨੂੰ ਇੱਕ ਪਵਿੱਤਰ ਪ੍ਰਕਿਰਿਆ ਮੰਨਦੇ ਹਨ। ਇਸ ਵਿੱਚ ਭੋਜਨ ਤਿਆਗਿਆ ਜਾਂਦਾ ਹੈ।”

“ਅਜਿਹੇ ਮਾਮਲੇ ਪਹਿਲਾਂ ਵੀ ਅਦਾਲਤ ਵਿੱਚ ਜਾ ਚੁੱਕੇ ਹਨ ਅਤੇ ਇੱਕ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ, ਸੁਪਰੀਮ ਕੋਰਟ ਨੇ 2015 ਵਿੱਚ ਸੰਥਾਰਾ ਪ੍ਰਕਿਰਿਆ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਸੀ।”

ਉਨ੍ਹਾਂ ਕਿਹਾ, “ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਇਹ ਵੀ ਕਿਹਾ ਸੀ ਕਿ ਇਹ ਇੱਕ ਧਾਰਮਿਕ ਬਦਲ ਹੈ, ਇਸ ‘ਤੇ ਕਾਨੂੰਨੀ ਤੌਰ ‘ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ।”

ਤਨੁਜ ਦੀਕਸ਼ਿਤ ਕਹਿੰਦੇ ਹਨ, “ਇਸ ਮਾਮਲੇ ਵਿੱਚ, ਅਸੀਂ ਦੇਖਿਆ ਕਿ ਬੱਚੀ ਬ੍ਰੇਨ ਟਿਊਮਰ ਨਾਲ ਪੀੜਤ ਸੀ ਅਤੇ ਉਸ ਕੋਲ ਸਮਾਂ ਨਹੀਂ ਸੀ। ਸੰਥਾਰਾ ਤੋਂ 10 ਮਿੰਟ ਬਾਅਦ ਕੁੜੀ ਦੀ ਮੌਤ ਹੋ ਗਈ। ਕੁੜੀ ਨੂੰ ਨਾ ਤਾਂ ਤਸੀਹੇ ਦਿੱਤੇ ਗਏ ਅਤੇ ਨਾ ਹੀ ਭੁੱਖਾ ਜਾਂ ਪਿਆਸਾ ਰੱਖਿਆ ਗਿਆ।”

ਪੁਲਿਸ ਨੇ ਕੀ ਕਿਹਾ?

ਜੈਨ ਧਰਮ

ਤਸਵੀਰ ਸਰੋਤ, Getty Images

ਇਸ ਮਾਮਲੇ ਵਿੱਚ ਪੁਲਿਸ ਨੂੰ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

ਇੰਦੌਰ ਪੁਲਿਸ ਕਮਿਸ਼ਨਰੇਟ ਦੇ ਐਡੀਸ਼ਨਲ ਡੀਸੀਪੀ ਰਾਜੇਸ਼ ਦੰਡੋਤੀਆ ਨੇ ਕਿਹਾ ਕਿ ਗਾਂਧੀਨਗਰ ਪੁਲਿਸ ਸਟੇਸ਼ਨ ਖੇਤਰ, ਅਡੋਰਮ ਪੁਲਿਸ ਸਟੇਸ਼ਨ ਖੇਤਰ ਤੋਂ ਜਾਣਕਾਰੀ ਲਈ ਗਈ ਹੈ, ਅਜੇ ਤੱਕ ਉੱਥੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।

ਮੱਧ ਪ੍ਰਦੇਸ਼ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਓਂਕਾਰ ਸਿੰਘ ਨੇ ਇਸ ਸਬੰਧ ਵਿੱਚ ਬੀਬੀਸੀ ਨੂੰ ਦੱਸਿਆ ਕਿ ਤਿੰਨ ਸਾਲ ਤੇ ਚਾਰ ਮਹੀਨੇ ਦੀ ਬੱਚੀ ਨੂੰ ਸੰਥਾਰਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਸਵਾਲ ਇਹ ਉੱਠਦਾ ਹੈ ਕਿ ਸੰਥਾਰਾ ਵਿੱਚ ਕੋਈ ਆਪਣੀ ਮਰਜ਼ੀ ਨਾਲ ਭੋਜਨ ਅਤੇ ਪਾਣੀ ਛੱਡ ਦਿੰਦਾ ਹੈ, ਪਰ ਇਹ ਬੱਚੀ ਤਾਂ ਤਿੰਨ ਸਾਲ ਚਾਰ ਮਹੀਨਿਆਂ ਦੀ ਸੀ ਤਾਂ ਉਸ ਦੀ ਮਰਜ਼ੀ ਕਿਵੇਂ ਹੋ ਸਕਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਬਾਲ ਕਮਿਸ਼ਨ ਨੇ ਇਸ ਮਾਮਲੇ ਵਿੱਚ ਖ਼ੁਦ ਨੋਟਿਸ ਲਿਆ ਹੈ ਅਤੇ ਇੰਦੌਰ ਦੇ ਕਲੈਕਟਰ ਨੂੰ ਨੋਟਿਸ ਜਾਰੀ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਕਲੈਕਟਰ ਦੀ ਰਿਪੋਰਟ ਤੋਂ ਬਾਅਦ ਜਾਂਚ ਦੇ ਆਧਾਰ ʼਤੇ ਦੇਖਾਂਦੇ ਕਿ ਇਸ ਮਾਮਲੇ ਵਿੱਚ ਕੀ ਹੋਇਆ ਹੈ ਅਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ।

ਵਧੀਕ ਡੀਸੀਪੀ ਰਾਜੇਸ਼ ਦੰਡੋਟੀਆ

ਤਸਵੀਰ ਸਰੋਤ, Samir Khan

ਸੰਥਾਰਾ ਦਾ ਮਤਲਬ ਕੀ ਹੈ

ਜੈਨ ਧਰਮ ਵਿੱਚ ਅਜਿਹੀ ਮਾਨਤਾ ਹੈ ਕਿ ਜਦੋਂ ਕੋਈ ਵਿਅਕਤੀ ਜਾਂ ਜੈਨ ਮੁਨੀ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਜੀਅ ਲੈਂਦਾ ਹੈ ਅਤੇ ਉਸ ਦਾ ਸਰੀਰ ਸਾਥ ਦੇਣਾ ਛੱਡ ਦਿੰਦਾ ਹੈ ਤਾਂ ਉਸ ਵੇਲੇ ਸੰਥਾਰਾ ਲਿਆ ਜਾ ਸਕਦਾ ਹੈ।

ਸੰਥਾਰਾ ਨੂੰ ਸੰਲੇਖਨਾ ਵੀ ਕਿਹਾ ਜਾਂਦਾ ਹੈ। ਸੰਥਾਰਾ ਇੱਕ ਧਾਰਮਿਕ ਸੰਕਲਪ ਹੈ। ਇਸ ਤੋਂ ਬਾਅਦ ਵਿਅਕਤੀ ਖਾਣਾ ਛੱਡ ਦਿੰਦਾ ਹੈ ਅਤੇ ਮੌਤ ਦਾ ਸਾਹਮਣਾ ਕਰਦਾ ਹੈ।

ਜੈਨ ਧਰਮ ਦੇ ਪੈਰੋਕਾਰ ਜਸਟਿਸ ਟੀਕੇ ਤੁਕੋਲ ਦੀ ਲਿਖੀ ਕਿਤਾਬ ‘ਸੰਲੇਖਨਾ ਆਤਮ ਹੱਤਿਆ ਨਹੀਂ ਹੈ’ ਵਿੱਚ ਕਿਹਾ ਗਿਆ ਹੈ ਕਿ ਸੰਥਾਰਾ ਦਾ ਉਦੇਸ਼ ਸਵੈ-ਸ਼ੁੱਧੀ ਹੈ। ਇਸ ਵਿੱਚ ਇੱਕ ਮਤਾ ਲਿਆ ਜਾਂਦਾ ਹੈ। ਮਨੁੱਖੀ ਜਨਮ ਦਾ ਉਦੇਸ਼ ਕਰਮ ਦੇ ਬੰਧਨ ਤੋਂ ਮੁਕਤ ਹੋ ਕੇ ਮੁਕਤੀ ਪ੍ਰਾਪਤ ਕਰਨਾ ਹੈ। ਸੰਥਾਰਾ ਇਸ ਮਕਸਦ ਵਿੱਚ ਮਦਦ ਕਰਦਾ ਹੈ।

ਸੰਥਾਰਾ ਦਾ ਜ਼ਿਕਰ ਦੂਜੀ ਸਦੀ ਵਿੱਚ ਆਚਾਰੀਆ ਸਮੰਤਭੱਦਰ ਦੁਆਰਾ ਲਿਖੇ ਗਏ ‘ਰਤਨਕਰੰਦ ਸ਼੍ਰਵਾਕਚਾਰ’ ਗ੍ਰੰਥ ਵਿੱਚ ਮਿਲਦਾ ਹੈ। ਇਸ ਕਿਤਾਬ ਵਿੱਚ ਇੱਕ ਸ਼੍ਰਾਵਕ ਜਾਂ ਸਾਧਕ ਨੂੰ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ, ਇਸ ਬਾਰੇ ਦੱਸਿਆ ਗਿਆ ਹੈ। ਇਸ ਨੂੰ ਜੈਨ ਧਰਮ ਦਾ ਇੱਕ ਪ੍ਰਮੁੱਖ ਗ੍ਰੰਥ ਮੰਨਿਆ ਜਾਂਦਾ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਕੋਈ ਵਿਅਕਤੀ ਔਖੇ ਹਾਲਾਤਾਂ, ਸੋਕੇ, ਬੁਢਾਪੇ ਜਾਂ ਲੰਬੀ ਬਿਮਾਰੀ ਦੌਰਾਨ ਸੰਥਾਰਾ ਲੈ ਸਕਦਾ ਹੈ।

ਸੰਥਾਰਾ

ਤਸਵੀਰ ਸਰੋਤ, Surendra jain/BBC

ਜੋ ਵਿਅਕਤੀ ਇਸ ਦਾ ਸੰਕਲਪ ਲੈਂਦਾ ਹੈ ਤਾਂ ਉਸ ਨੂੰ ਸਾਫ਼ ਮਨ ਨਾਲ ਅਤੇ ਬੁਰੀ ਭਾਵਨਾ ਛੱਡ ਤੇ, ਸਾਰਿਆਂ ਦੀਆਂ ਗ਼ਲਤੀਆਂ ਨੂੰ ਮਾਫ਼ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

ਧਰਮ ਮੁਤਾਬਕ, ਧਰਮ ਗੁਰੂ ਹੀ ਕਿਸੇ ਵਿਅਕਤੀ ਨੂੰ ਸੰਥਾਰਾ ਦੀ ਇਜਾਜ਼ਤ ਦੇ ਸਕਦੇ ਹਨ। ਇਸ ਦੀ ਇਜਾਜ਼ਤ ਤੋਂ ਬਾਅਦ ਉਹ ਵਿਅਕਤੀ ਅੰਨ ਤਿਆਗ ਕਰਦਾ ਹੈ। ਉਸ ਵਿਅਕਤੀ ਦੇ ਆਸ-ਪਾਸ ਧਰਮ ਗ੍ਰੰਥ ਦਾ ਪਾਠ ਕੀਤਾ ਜਾਂਦਾ ਹੈ ਅਤੇ ਪ੍ਰਵਚਨ ਹੁੰਦਾ ਹੈ।

ਉਸ ਵਿਅਕਤੀ ਨੂੰ ਮਿਲਣ ਲਈ ਕਈ ਲੋਕ ਆਉਂਦੇ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਨ। ਜਿਸ ਨੇ ਸੰਥਾਰਾ ਲਿਆ ਹੈ, ਉਸ ਵਿਅਕਤੀ ਦੀ ਮੌਤ ਨੂੰ ਸਮਾਧੀ ਮੌਤ ਕਿਹਾ ਜਾਂਦਾ ਹੈ।

ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਦਮਾਸਨ ਵਿੱਚ ਬਿਠਾਇਆ ਜਾਂਦਾ ਹੈ ਅਤੇ ਜਲੂਸ ਕੱਢਿਆ ਜਾਂਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI