Source :- BBC PUNJABI

22 ਅਪ੍ਰੈਲ ਨੂੰ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਹੋਇਆ ਸੀ

ਤਸਵੀਰ ਸਰੋਤ, Getty Images

22 ਅਪ੍ਰੈਲ ਨੂੰ ਪਹਿਲਗਾਮ ਹਮਲੇ ਵਿੱਚ 26 ਲੋਕ ਮਾਰੇ ਗਏ ਸਨ।

ਭਾਰਤੀ ਸੁਰੱਖਿਆ ਬਲਾਂ ਅਤੇ ਡਿਪਲੋਮੈਟਾਂ ਨੂੰ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਦਾ ਤਜਰਬਾ ਹੈ।

2016 ਵਿੱਚ, ਉਰੀ ਵਿੱਚ ਆਪਣੇ 19 ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ, ਭਾਰਤ ਨੇ ਕੰਟਰੋਲ ਰੇਖਾ ਦੇ ਪਾਰ ਅੱਤਵਾਦੀਆਂ ਦੇ ਕੈਂਪਾਂ ʼਤੇ ʻਸਰਜੀਕਲ ਸਟ੍ਰਾਈਕʼ ਕੀਤੀ ਸੀ।

2019 ਵਿੱਚ, ਪੁਲਵਾਮਾ ਵਿੱਚ ਇੱਕ ਧਮਾਕਾ ਹੋਇਆ ਜਿਸ ਵਿੱਚ ਭਾਰਤੀ ਅਰਧ ਸੈਨਿਕ ਬਲਾਂ ਦੇ 40 ਜਵਾਨ ਮਾਰੇ ਗਏ ਸਨ।

ਇਸ ਤੋਂ ਬਾਅਦ, ਭਾਰਤ ਨੇ ਬਾਲਾਕੋਟ ਦੇ ਅੰਦਰ ਹਵਾਈ ਹਮਲੇ ਕੀਤੇ। 1971 ਤੋਂ ਬਾਅਦ ਪਾਕਿਸਤਾਨ ਦੇ ਅੰਦਰ ਭਾਰਤ ਦੀ ਪਹਿਲੀ ਅਜਿਹੀ ਕਾਰਵਾਈ ਸੀ। ਭਾਰਤ ਦੀ ਇਸ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਵੀ ਹਮਲਾ ਕੀਤਾ ਅਤੇ ਹਵਾ ਵਿੱਚ ਟਕਰਾਅ ਹੋਇਆ।

ਮੁੰਬਈ ਹਮਲੇ

ਤਸਵੀਰ ਸਰੋਤ, AFP

ਇਸ ਤੋਂ ਪਹਿਲਾਂ, 2008 ਵਿੱਚ, ਮੁੰਬਈ ਵਿੱਚ ਹੋਟਲਾਂ ʼਤੇ 60 ਘੰਟੇ ਤੱਕ ਕਬਜ਼ੇ, ਰੇਲਵੇ ਸਟੇਸ਼ਨਾਂ ਅਤੇ ਯਹੂਦੀ ਕੇਂਦਰਾਂ ‘ਤੇ ਭਿਆਨਕ ਅੱਤਵਾਦੀ ਹਮਲਿਆਂ ਵਿੱਚ 166 ਲੋਕ ਮਾਰੇ ਗਏ ਸਨ।

ਹਰ ਵਾਰ, ਭਾਰਤ ਨੇ ਹਮਲਿਆਂ ਲਈ ਪਾਕਿਸਤਾਨ ਸਥਿਤ ਅੱਤਵਾਦੀ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਪਾਕਿਸਤਾਨ ‘ਤੇ ਉਨ੍ਹਾਂ ਨੂੰ ਚੁੱਪ-ਚਾਪ ਸਮਰਥਨ ਦੇਣ ਦਾ ਇਲਜ਼ਾਮ ਲਗਾਇਆ ਹੈ। ਜਦਕਿ ਪਾਕਿਸਤਾਨ ਲਗਾਤਾਰ ਇਸ ਤੋਂ ਇਨਕਾਰ ਕਰਦਾ ਆ ਰਿਹਾ ਹੈ।

2016 ਤੋਂ ਅਤੇ ਖ਼ਾਸ ਕਰਕੇ 2019 ਦੇ ਹਵਾਈ ਹਮਲਿਆਂ ਤੋਂ ਬਾਅਦ, ਤਣਾਅ ਨਵੇਂ ਮੋੜ ਉੱਤੇ ਪਹੁੰਚਦਾ ਨਜ਼ਰ ਆਇਆ।

ਅਜਿਹੀ ਸਥਿਤੀ ਵਿੱਚ, ਭਾਰਤ ਦਾ ਸਰਹੱਦ ਪਾਰ ਹਵਾਈ ਹਮਲਾ ਇੱਕ ਨਵਾਂ ਮਾਪਦੰਡ ਬਣ ਗਿਆ ਹੈ ਅਤੇ ਇਸ ਨੇ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਲਈ ਉਕਸਾਇਆ ਹੈ।

ਇਸ ਨਾਲ ਇਸ ਅਸ਼ਾਂਤ ਮਾਹੌਲ ਹੋਰ ਵੀ ਗਰਮਾ ਗਿਆ ਹੈ।

ਮੌਜੂਦਾ ਤਣਾਅ ਬਾਰੇ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਆਪ ਨੂੰ ਪ੍ਰਤੀਕਿਰਿਆ ਅਤੇ ਵਿਰੋਧ ਵਿਚਕਾਰ ਇੱਕ ਨਾਜ਼ੁਕ ਸੰਤੁਲਨ ਬਣਾਈ ਰੱਖਣ ਦੀ ਸਥਿਤੀ ਵਿੱਚ ਦੇਖ ਰਿਹਾ ਹੈ।

ਪੁਲਵਾਮਾ

ਤਸਵੀਰ ਸਰੋਤ, Getty Images

ਪੁਲਵਾਮਾ ਹਮਲੇ ਤੋਂ ਬਾਅਦ ਕੀ ਹੋਇਆ ਸੀ

ਪੁਲਵਾਮਾ ਹਮਲੇ ਦੌਰਾਨ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਵਾਰ-ਵਾਰ-ਵਾਰ ਉਭਰਨ ਵਾਲੀ ਇਸ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਉਨ੍ਹਾਂ ਨੇ ਆਪਣੀਆਂ ਯਾਦਾਂ ‘ਐਂਗਰ ਮੈਨੇਜਮੈਂਟ: ਦਿ ਟ੍ਰਬਲਡ ਡਿਪਲੋਮੈਟਿਕ ਰਿਲੇਸ਼ਨ ਬਿਟਵੀਨ ਇੰਡੀਆ ਐਂਡ ਪਾਕਿਸਤਾਨ’ ਵਿੱਚ ਇਸ ਸਥਿਤੀ ਦਾ ਵੇਰਵਾ ਦਿੱਤਾ ਹੈ।

ਅਜੈ ਬਿਸਾਰੀਆ ਨੇ ਕਿਹਾ, “ਪੁਲਵਾਮਾ ਧਮਾਕੇ ਅਤੇ ਪਹਿਲਗਾਮ ਕਤਲੇਆਮ ਤੋਂ ਬਾਅਦ ਜੋ ਹਾਲਾਤ ਪੈਦਾ ਹੋਏ ਹਨ, ਉਹ ਲਗਭਗ ਇੱਕੋ ਜਿਹੇ ਹਨ।”

ਫਿਰ ਵੀ, ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਗਾਮ ਵਾਲੀ ਘਟਨਾ ਥੋੜ੍ਹੀ ਵੱਖਰੀ ਹੈ। ਪੁਲਵਾਮਾ ਜਾਂ ਉਰੀ ਦੇ ਹਮਲਿਆਂ ਵਿੱਚ, ਨਿਸ਼ਾਨਾ ਸੁਰੱਖਿਆ ਬਲ ਦੇ ਲੋਕ ਸਨ। ਪਰ ਪਹਿਲਗਾਮ ਹਮਲੇ ਵਿੱਚ, ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਇਸ ਨਾਲ 2008 ਦੇ ਮੁੰਬਈ ਹਮਲਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਉਹ ਕਹਿੰਦੇ ਹਨ, “ਪਹਿਲਗਾਮ ਹਮਲੇ ਵਿੱਚ ਪੁਲਵਾਮਾ ਹਮਲੇ ਦੇ ਤੱਤ ਸਨ ਪਰ ਇਸ ਨੇ ਮੁੰਬਈ ਹਮਲੇ ਦੇ ਨਮੂਨੇ ਨੂੰ ਦਰਸਾਇਆ।”

ਉਨ੍ਹਾਂ ਕਿਹਾ, “ਅਸੀਂ ਫਿਰ ਤੋਂ ਟਕਰਾਅ ਦੀ ਸਥਿਤੀ ਵਿੱਚ ਹਾਂ ਅਤੇ ਕਹਾਣੀ ਲਗਭਗ ਉਸੇ ਤਰ੍ਹਾਂ ਅੱਗੇ ਵਧ ਰਹੀ ਹੈ।”

ਪਹਿਲਗਾਮ ਹਮਲੇ ਤੋਂ ਇੱਕ ਹਫ਼ਤੇ ਬਾਅਦ, ਭਾਰਤ ਨੇ ਤੇਜ਼ੀ ਨਾਲ ਕਈ ਕਦਮ ਚੁੱਕੇ।

ਜਿਵੇਂ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ, ਡਿਪਲੋਮੈਟਾਂ ਨੂੰ ਕੱਢਣਾ ਅਤੇ ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ‘ਤੇ ਪਾਬੰਦੀ ਲਗਾਉਣਾ।

ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਣਾਂ ਲਈ ਭਾਰਤ ਦਾ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ ਹੈ ਅਤੇ ਪਾਕਿਸਤਾਨ ਤੋਂ ਨਿਰਯਾਤ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਪਾਕਿਸਤਾਨ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ। ਇਸ ਤਰ੍ਹਾਂ, ਉਨ੍ਹਾਂ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਵੀ ਬੰਦ ਕਰ ਦਿੱਤਾ ਹੈ। ਭਾਰਤੀਆਂ ਨੂੰ ਵੀਜ਼ਾ ਜਾਰੀ ਕਰਨਾ ਬੰਦ ਕਰ ਦਿੱਤਾ ਅਤੇ ਸ਼ਿਮਲਾ ਸਮਝੌਤਾ ਮੁਅੱਤਲ ਕਰ ਦਿੱਤਾ।

ਹਾਲ ਹੀ ਦੇ ਦਿਨਾਂ ਵਿੱਚ, ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ‘ਤੇ ਰੁਕ-ਰੁਕ ਕੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ।

ਅਜੈ ਬਿਸਾਰੀਆ

ਅਜੈ ਬਿਸਾਰੀਆ ਨੇ ਆਪਣੀਆਂ ਯਾਦਾਂ ਵਿੱਚ 14 ਫਰਵਰੀ 2019 ਨੂੰ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੀ ਪ੍ਰਤੀਕਿਰਿਆ ਦਾ ਜ਼ਿਕਰ ਕੀਤਾ ਹੈ।

ਇਸ ਵਿੱਚ ਉਹ ਦੱਸਦੇ ਹਨ, “ਅਗਲੀ ਸਵੇਰ ਮੈਨੂੰ ਦਿੱਲੀ ਬੁਲਾਇਆ ਗਿਆ, ਕਿਉਂਕਿ ਸਰਕਾਰ ਨੇ ਵਪਾਰ ਰੋਕਣ ਲਈ ਤੇਜ਼ੀ ਨਾਲ ਕਦਮ ਚੁੱਕੇ ਸਨ। 1996 ਵਿੱਚ ਪਾਕਿਸਤਾਨ ਨੂੰ ਦਿੱਤਾ ਗਿਆ ਮੋਸਟ ਫੇਵਰੇਟ ਨੇਸ਼ ਦਾ ਸਟੇਟਸ ਰੱਦ ਕਰ ਦਿੱਤਾ ਗਿਆ।”

“ਅਗਲੇ ਕੁਝ ਦਿਨਾਂ ਵਿੱਚ, ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਪਾਕਿਸਤਾਨੀ ਸਾਮਾਨ ‘ਤੇ 200 ਫੀਸਦ ਕਸਟਮ ਡਿਊਟੀ ਲਗਾ ਦਿੱਤੀ, ਜਿਸ ਨਾਲ ਆਯਾਤ ਬੰਦ ਹੋ ਗਿਆ ਅਤੇ ਵਾਹਗਾ ਸਰਹੱਦ ਰਾਹੀਂ ਵਪਾਰ ਮੁਅੱਤਲ ਕਰ ਦਿੱਤਾ ਗਿਆ।”

ਅਜੈ ਬਿਸਾਰੀਆ ਨੇ ਕਿਹਾ ਕਿ ਇਨ੍ਹਾਂ ਕਦਮਾਂ ਦੇ ਨਾਲ-ਨਾਲ ਪਾਕਿਸਤਾਨ ਨਾਲ ਸਬੰਧਾਂ ਨੂੰ ਘਟਾਉਣ ਲਈ ਕਈ ਹੋਰ ਕਦਮ ਵੀ ਚੁੱਕੇ ਗਏ।

ਇਨ੍ਹਾਂ ਵਿੱਚ ਸਰਹੱਦ ਪਾਰ ਸਮਝੌਤਾ ਐਕਸਪ੍ਰੈਸ ਨੂੰ ਮੁਅੱਤਲ ਕਰਨਾ, ਦਿੱਲੀ ਅਤੇ ਲਾਹੌਰ ਵਿਚਕਾਰ ਬੱਸ ਸੇਵਾ ਨੂੰ ਮੁਅੱਤਲ ਕਰਨਾ, ਕਰਤਾਰਪੁਰ ਲਾਂਘੇ ‘ਤੇ ਚੱਲ ਰਹੀ ਗੱਲਬਾਤ ਨੂੰ ਮੁਅੱਤਲ ਕਰਨਾ, ਵੀਜ਼ਾ ਜਾਰੀ ਕਰਨ ‘ਤੇ ਪਾਬੰਦੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਉਡਾਣਾਂ ਨੂੰ ਮੁਅੱਤਲ ਕਰਨਾ ਸ਼ਾਮਲ ਸੀ।

ਬਿਸਾਰੀਆ ਲਿਖਦੇ ਹਨ, “ਭਰੋਸਾ ਬਣਾਉਣਾ ਕਿੰਨਾ ਔਖਾ ਸੀ, ਪਰ ਇਸ ਨੂੰ ਤੋੜਨਾ ਕਿੰਨਾ ਆਸਾਨ ਸੀ।”

“ਆਪਸੀ ਵਿਸ਼ਵਾਸ ਬਹਾਲ ਕਰਨ, ਗੱਲਬਾਤ ਕਰਨ ਅਤੇ ਮੁਸ਼ਕਲ ਰਿਸ਼ਤਿਆਂ ਦੇ ਵਿੱਚ ਲਾਗੂ ਕਰਨ ਦੀਆਂ ਸਾਰੀਆਂ ਯੋਜਨਾਵਾਂ ਮਿੰਟਾਂ ਵਿੱਚ ਰੱਦ ਹੋ ਜਾਂਦੀਆਂ ਹਨ।”

ਜੂਨ 2020 ਵਿੱਚ ਇੱਕ ਵੱਖਰੀ ਕੂਟਨੀਤਕ ਘਟਨਾ ਤੋਂ ਬਾਅਦ, ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਸਟਾਫ਼ ਦੀ ਗਿਣਤੀ 110 ਤੋਂ ਘਟਾ ਕੇ 55 ਕਰ ਦਿੱਤੀ ਗਈ ਸੀ। (ਪਹਿਲਗਾਮ ਹਮਲੇ ਤੋਂ ਬਾਅਦ ਇਹ ਗਿਣਤੀ ਵਧ ਕੇ 30 ਹੋ ਗਈ)।

ਅਜੈ ਬਿਸਾਰੀਆ

ਤਸਵੀਰ ਸਰੋਤ, AJAY BISARIA

ਇਹ ਵੀ ਪੜ੍ਹੋ-

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੇ ਕੂਟਨੀਤਕ ਕਦਮ

ਭਾਰਤ ਨੇ ਕਈ ਕੂਟਨੀਤਕ ਕਦਮ ਵੀ ਚੁੱਕੇ ਸਨ। ਪੁਲਵਾਮਾ ਹਮਲੇ ਤੋਂ ਇੱਕ ਦਿਨ ਬਾਅਦ, ਤਤਕਾਲੀ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ 25 ਦੇਸ਼ਾਂ ਦੇ ਰਾਜਦੂਤਾਂ ਨੂੰ ਬੰਬ ਧਮਾਕਿਆਂ ਵਿੱਚ ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ (ਜੇਈਐੱਮ) ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ।

ਇਨ੍ਹਾਂ ਦੇਸ਼ਾਂ ਵਿੱਚ ਅਮਰੀਕਾ, ਬ੍ਰਿਟੇਨ, ਚੀਨ, ਰੂਸ ਅਤੇ ਫਰਾਂਸ ਸ਼ਾਮਲ ਸਨ।

ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ। ਭਾਰਤ ਦੇ ਕੂਟਨੀਤਕ ਕਦਮ ਹਮਲੇ ਦੇ 10 ਦਿਨ ਬਾਅਦ 25 ਫਰਵਰੀ ਨੂੰ ਵੀ ਜਾਰੀ ਰਹੇ ਤਾਂ ਜੋ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਪਾਬੰਦੀ ਕਮੇਟੀ ਦੁਆਰਾ ਅੱਤਵਾਦੀ ਨਾਮਜ਼ਦ ਕਰਨ ਅਤੇ ਯੂਰਪੀਅਨ ਯੂਨੀਅਨ ਦੀ “ਖ਼ੁਦਮੁਖ਼ਤਿਆਰ ਅੱਤਵਾਦੀ ਸੂਚੀ” ਵਿੱਚ ਸ਼ਾਮਲ ਕਰਨ ਲਈ ਦਬਾਅ ਪਾਇਆ ਜਾ ਸਕੇ।

ਇਨ੍ਹਾਂ ਸਾਰੇ ਕਦਮਾਂ ਵਿਚਾਲੇ, ਸੰਚਾਰ ਚੈਨਲ ਖੁੱਲ੍ਹੇ ਰੱਖੇ ਗਏ ਸਨ, ਜਿਸ ਵਿੱਚ ਦੋਵਾਂ ਦੇਸ਼ਾਂ ਦੇ ਮਿਲਟਰੀ ਆਪ੍ਰੇਸ਼ਨਾਂ ਦੇ ਡਾਇਰੈਕਟਰ ਜਨਰਲਾਂ ਵਿਚਕਾਰ ਇੱਕ ਹੌਟਲਾਈਨ ਵੀ ਸ਼ਾਮਲ ਸੀ। ਇਹ ਦੋਵਾਂ ਦੇਸ਼ਾਂ ਦੀਆਂ ਫੌਜਾਂ ਅਤੇ ਹਾਈ ਕਮਿਸ਼ਨਾਂ ਵਿਚਕਾਰ ਸੰਚਾਰ ਦੀ ਇੱਕ ਮਹੱਤਵਪੂਰਨ ਕੜੀ ਹੈ।

ਸੁਸ਼ਮਾ ਸਵਰਾਜ

ਤਸਵੀਰ ਸਰੋਤ, Getty Images

ਸੁਸ਼ਮਾ ਸਵਰਾਜ ਨੇ ਕੀ ਸੰਕੇਤ ਦਿੱਤੇ ਸਨ?

ਪਹਿਲਗਾਮ ਹਮਲੇ ਵਾਂਗ, ਸਾਲ 2019 ਵਿੱਚ, ਪੁਲਵਾਮਾ ਹਮਲੇ ‘ਤੇ, ਪਾਕਿਸਤਾਨ ਨੇ ਕਿਹਾ ਸੀ ਕਿ ਇਹ ਇੱਕ ‘ਫਾਲਸ ਫਲੈਗ ਅਟੈਕ’ ਸੀ।

ਇਸ ਵਾਰ ਵਾਂਗ, ਉਸ ਸਮੇਂ ਵੀ ਕਸ਼ਮੀਰ ਵਿੱਚ ਕਥਿਤ ਅੱਤਵਾਦੀਆਂ ਦੇ 80 ‘ਓਵਰਗਰਾਊਂਡ ਮੰਦਦਗਾਰਾਂ’ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੰਨਿਆ ਜਾ ਰਿਹਾ ਸੀ ਕਿ ਇਨ੍ਹਾਂ ਲੋਕਾਂ ਨੇ ਹਮਲਾਵਰਾਂ ਨੂੰ ਇੱਥੇ ਟਿਕਾਣੇ ਲੱਭਣ ਅਤੇ ਦੂਜੇ ਸਾਜੋ-ਸਮਾਨਾਂ ਦੇ ਨਾਲ ਖ਼ੁਫ਼ੀਆ ਜਾਣਕਾਰੀ ਮੁਹੱਈਆ ਕਰਵਾਈ ਸੀ।

ਉਸ ਸਮੇਂ ਦੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਅਤੇ ਹਮਲੇ ਅਤੇ ਸ਼ੱਕੀ ਸਾਜ਼ਿਸ਼ਕਾਰਾਂ ਬਾਰੇ ਡੋਜ਼ੀਅਰ ਤਿਆਰ ਕੀਤੇ ਗਏ ਸਨ।

ਅਜੈ ਬਿਸਾਰੀਆ ਨੇ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਵਿੱਚ ਕਿਹਾ ਸੀ, “ਅਜਿਹੇ ਅੱਤਵਾਦੀ ਹਮਲਿਆਂ ਨਾਲ ਨਜਿੱਠਣ ਲਈ ਭਾਰਤ ਦੇ ਕੂਟਨੀਤਕ ਬਦਲ ਸੀਮਤ ਹਨ।”

ਬਿਸਾਰੀਆ ਆਪਣੀਆਂ ਯਾਦਾਂ ਵਿੱਚ ਲਿਖਦੇ ਹਨ, “ਉਨ੍ਹਾਂ ਤੋਂ ਮੈਨੂੰ ਇਹ ਲੱਗਾ ਕਿ ਜਿਵੇਂ ਸਰਕਾਰ ਕੁਝ ਸਖ਼ਤ ਕਦਮ ਚੁੱਕਣ ਜਾ ਰਹੀ ਹੈ। ਇਸ ਤੋਂ ਬਾਅਦ, ਮੈਨੂੰ ਉਮੀਦ ਕਰਨੀ ਚਾਹੀਦੀ ਸੀ ਕਿ ਕੂਟਨੀਤੀ ਦੀ ਭੂਮਿਕਾ ਦਾ ਵਿਸਤਾਰ ਹੋ ਸਕਦਾ ਹੈ।”

26 ਫਰਵਰੀ ਨੂੰ, ਭਾਰਤੀ ਫੌਜ ਵੱਲੋਂ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਵਾਈ ਹਮਲਾ ਕੀਤਾ ਗਿਆ। 1971 ਤੋਂ ਬਾਅਦ ਭਾਰਤ ਵੱਲੋਂ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਇਹ ਪਹਿਲਾ ਅਜਿਹਾ ਹਮਲਾ ਸੀ।

ਛੇ ਘੰਟੇ ਬਾਅਦ, ਭਾਰਤੀ ਵਿਦੇਸ਼ ਸਕੱਤਰ ਨੇ ਐਲਾਨ ਕੀਤਾ ਕਿ ਇਸ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਅੱਤਵਾਦੀ ਅਤੇ ਉਨ੍ਹਾਂ ਦੇ ਕਮਾਂਡਰ ਮਾਰੇ ਗਏ ਹਨ।

ਪਰ ਪਾਕਿਸਤਾਨ ਨੇ ਤੁਰੰਤ ਇਸ ਦਾਅਵੇ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ, ਦਿੱਲੀ ਵਿੱਚ ਹੋਰ ਉੱਚ ਪੱਧਰੀ ਮੀਟਿੰਗਾਂ ਹੋਈਆਂ।

ਅਗਲੀ ਸਵੇਰ, 27 ਫਰਵਰੀ ਨੂੰ ਪਾਕਿਸਤਾਨ ਨੇ ਜਵਾਬੀ ਹਵਾਈ ਹਮਲੇ ਕੀਤੇ।

ਇਸ ਦੌਰਾਨ, ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੇ ਜਹਾਜ਼ ਨੂੰ ਸਰਹੱਦ ਪਾਰ ਪਾਕਿਸਤਾਨੀ ਫੌਜ ਨੇ ਮਾਰ ਸੁੱਟਿਆ। ਅਭਿਨੰਦਨ ਨੂੰ ਪਾਕਿਸਤਾਨੀ ਫੌਜ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਵਿਦੇਸ਼ੀ ਧਰਤੀ ‘ਤੇ ਉਨ੍ਹਾਂ ਦੀ ਗ੍ਰਿਫਤਾਰੀ ਨੇ ਦੇਸ਼ ਭਰ ਵਿੱਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਅਤੇ ਇਸ ਨਾਲ ਦੋ ਪਰਮਾਣੂ ਹਥਿਆਰਬੰਦ ਦੇਸ਼ਾਂ ਵਿਚਕਾਰ ਤਣਾਅ ਬਹੁਤ ਵਧ ਗਿਆ।

ਭਾਰਤ ਵਿੱਚ ਅੱਤਵਾਦੀ ਹਮਲਿਆਂ ਖ਼ਿਲਾਫ਼ ਮੁਜ਼ਾਹਰਾ

ਤਸਵੀਰ ਸਰੋਤ, AFP

ਭਾਰਤ ਦੇ ਕੂਟਨੀਤਕ ਚੈਨਲ

ਬਿਸਾਰੀਆ ਲਿਖਦੇ ਹਨ, “ਉਦੋਂ ਭਾਰਤ ਨੇ ਕੁਝ ਕੂਟਨੀਤਕ ਚੈਨਲਾਂ ਨੂੰ ਸਰਗਰਮ ਕੀਤਾ। ਇਸ ਤੋਂ ਬਾਅਦ, ਅਮਰੀਕਾ ਅਤੇ ਬ੍ਰਿਟਿਸ਼ ਰਾਜਦੂਤਾਂ ਨੇ ਪਾਕਿਸਤਾਨ ‘ਤੇ ਦਬਾਅ ਪਾਇਆ। ਭਾਰਤ ਦਾ ਸੁਨੇਹਾ ਸੀ ਕਿ ਜੇਕਰ ਪਾਕਿਸਤਾਨ ਨੇ ਪਾਇਲਟ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਕੋਸ਼ਿਸ਼ ਕੀਤੀ ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ।”

ਤਤਕਾਲੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 28 ਫਰਵਰੀ ਨੂੰ ਅਭਿਨੰਦਨ ਦੀ ਰਿਹਾਈ ਦਾ ਐਲਾਨ ਕੀਤਾ ਸੀ।

ਪਾਕਿਸਤਾਨ ਨੇ ਇਸ ਤਣਾਅ ਨੂੰ ਘੱਟ ਕਰਨ ਲਈ “ਸਦਭਾਵਨਾ ਦੇ ਸੰਕੇਤ” ਵਜੋਂ ਪੇਸ਼ ਕੀਤਾ।

5 ਮਾਰਚ ਤੱਕ, ਜਦੋਂ ਪੁਲਵਾਮਾ ਅਤੇ ਬਾਲਾਕੋਟ ਮੁੱਦਾ ਥੋੜ੍ਹਾ ਠੰਢਾ ਹੋ ਗਿਆ ਅਤੇ ਅਭਿਨੰਦਨ ਨੂੰ ਵਾਪਸ ਭੇਜ ਦਿੱਤਾ ਗਿਆ, ਤਾਂ ਭਾਰਤ ਵਿੱਚ ਰਾਜਨੀਤਿਕ ਮਾਹੌਲ ਥੋੜ੍ਹਾ ਨਰਮ ਹੋ ਗਿਆ।

ਇਸ ਤੋਂ ਬਾਅਦ, ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਪਾਕਿਸਤਾਨ ਵਾਪਸ ਭੇਜਣ ਦਾ ਫ਼ੈਸਲਾ ਕੀਤਾ, ਜਿਸ ਨਾਲ ਕੂਟਨੀਤੀ ਦੀ ਦਿਸ਼ਾ ਵਿੱਚ ਬਦਲਾਅ ਦਾ ਸੰਕੇਤ ਮਿਲਿਆ।

ਬਿਸਾਰੀਆ ਲਿਖਦੇ ਹਨ, “ਮੈਂ ਪੁਲਵਾਮਾ ਹਮਲੇ ਤੋਂ 22 ਦਿਨ ਬਾਅਦ 10 ਮਾਰਚ ਨੂੰ ਇਸਲਾਮਾਬਾਦ ਪਹੁੰਚਿਆ ਸੀ। ਭਾਰਤ ਪੁਰਾਣੇ ਢੰਗ ਦੀ ਕੂਟਨੀਤੀ ਨੂੰ ਇੱਕ ਹੋਰ ਮੌਕਾ ਦੇਣ ਦੇ ਹੱਕ ਵਿੱਚ ਸੀ।”

“ਸ਼ਾਇਦ ਇਸ ਲਈ ਕਿਉਂਕਿ ਭਾਰਤ ਨੇ ਇੱਕ ਰਣਨੀਤਕ ਅਤੇ ਫੌਜੀ ਟੀਚਾ ਹਾਸਲ ਕਰ ਲਿਆ ਸੀ ਅਤੇ ਪਾਕਿਸਤਾਨ ਨੇ ਵੀ ਆਪਣੇ ਨਾਗਰਿਕਾਂ ਦੇ ਸਾਹਮਣੇ ਆਪਣੇ-ਆਪ ਨੂੰ ਇੱਕ ਜੇਤੂ ਵਜੋਂ ਪੇਸ਼ ਕਰ ਲਿਆ ਸੀ।”

ਬਿਸਾਰੀਆ ਨੇ ਇਸ ਨੂੰ ਇੱਕ ਡਿਪਲੋਮੈਟ ਦੇ ਤੌਰ ‘ਤੇ “ਇੱਕ ਚੁਣੌਤੀਪੂਰਨ ਅਤੇ ਦਿਲਚਸਪ ਸਮਾਂ” ਦੱਸਿਆ। ਇਸ ਵਾਰ ਫ਼ਰਕ ਇਹ ਹੈ ਕਿ ਨਿਸ਼ਾਨਾ ਭਾਰਤੀ ਨਾਗਰਿਕ ਸਨ। ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਵਿਡੰਬਨਾ ਇਹ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਸ਼ਮੀਰ ਦੇ ਹਾਲਾਤ ਨਾਟਕੀ ਢੰਗ ਨਾਲ ਸੁਧਰੇ ਸਨ।”

ਭਾਰਤ ਅਤੇ ਪਾਕਿਸਤਾਨ

ਤਸਵੀਰ ਸਰੋਤ, Getty Images

ʻਸੰਕਟ ਬਰਕਰਾਰʼ

ਬਿਸਾਰੀਆ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ ਤਣਾਅ ਅਟੱਲ ਹੈ, ਪਰ ਅਜਿਹੇ ਮਾਮਲਿਆਂ ਵਿੱਚ, “ਤਣਾਅ ਵਧਾਉਣ ਦੇ ਨਾਲ-ਨਾਲ ਤਣਾਅ ਘਟਾਉਣ ਦੀ ਪ੍ਰਵਿਰਤੀ ਵੀ ਹੁੰਦੀ ਹੈ।”

ਉਨ੍ਹਾਂ ਨੇ ਕਿਹਾ ਕਿ ਜਦੋਂ ਅਜਿਹੇ ਸੰਘਰਸ਼ਾਂ ਦੌਰਾਨ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਹੁੰਦੀ ਹੈ ਤਾਂ ਉਹ ਇਨ੍ਹਾਂ ਫ਼ੈਸਲਿਆਂ ਦੇ ਆਰਥਿਕ ਅਸਰ ਦਾ ਮੁਲਾਂਕਣ ਕਰਦੇ ਹਨ ਅਤੇ ਅਜਿਹੇ ਉਪਾਅ ਤਲਾਸ਼ਦੇ ਹਨ ਜੋ ਭਾਰਤ ਖ਼ਿਲਾਫ਼ ਪ੍ਰਤੀਕਿਰਿਆ ਭੜਕਾਏ ਬਿਨਾਂ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ।

ਬਿਸਾਰੀਆ ਨੇ ਕਿਹਾ, “ਇਸ ਵਾਰ ਵੀ ਬੌਡੀ ਲੈਂਗਵੇਜ ਅਤੇ ਮਾਹੌਲ ਪਹਿਲਾਂ ਵਾਂਗ ਹੀ ਸੀ।”

ਉਹ ਇਸ ਗੱਲ ʼਤੇ ਜ਼ੋਰ ਦਿੰਦੇ ਹਨ ਕਿ ਇਸ ਵਾਰ ਸਭ ਤੋਂ ਅਹਿਮ ਫ਼ੈਸਲਾ ਭਾਰਤ ਦਾ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ ਸੀ। ਜੇਕਰ ਭਾਰਤ ਇਸ ‘ਤੇ ਹੋਰ ਕਾਰਵਾਈ ਕਰਦਾ ਹੈ ਤਾਂ ਇਸਦੇ ਪਾਕਿਸਤਾਨ ʼਤੇ ਇਸ ਦੇ ਲੰਬੇ ਸਮੇਂ ਲਈ ਅਤੇ ਗੰਭੀਰ ਅਸਰ ਹੋਣਗੇ।

ਬਿਸਾਰੀਆ ਕਹਿੰਦੇ ਹਨ, “ਯਾਦ ਰੱਖੀਏ ਕਿ ਅਸੀਂ ਅਜੇ ਵੀ ਸੰਕਟ ਵਿੱਚ ਘਿਰੇ ਹੋਏ ਹਾਂ। ਹਾਲਾਂਕਿ, ਅਸੀਂ ਅਜੇ ਤੱਕ ਕੋਈ ਫੌਜੀ ਕਾਰਵਾਈ ਨਹੀਂ ਦੇਖੀ ਹੈ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI