Source :- BBC PUNJABI

ਮਿਜ਼ਾਈਲ

ਤਸਵੀਰ ਸਰੋਤ, Getty Images

ਤੁਸੀਂ ਇਜ਼ਰਾਈਲ ਦੇ ਮਸ਼ਹੂਰ ਏਅਰ ਡਿਫੈਂਸ ਸਿਸਟਮ ‘ਆਇਰਨ ਡੋਮ’ ਜਾਂ ‘ਡੇਵਿਡਜ਼ ਸਲਿੰਗ’ ਬਾਰੇ ਜਾਣਦੇ ਹੋਵੋਗੇ, ਜਿਸਨੂੰ ਇੱਕ ਉੱਨਤ ਮਿਜ਼ਾਈਲ ਸ਼ੀਲਡ ਕਿਹਾ ਜਾਂਦਾ ਹੈ।

ਭਾਵੇਂ ਇਹ ਈਰਾਨ ਵੱਲੋਂ ਮਿਜ਼ਾਈਲ ਹਮਲਾ ਹੋਵੇ, ਹਮਾਸ ਦੁਆਰਾ ਦਾਗੇ ਗਏ ਰਾਕੇਟ ਹੋਣ ਜਾਂ ਹੂਤੀ ਬਾਗ਼ੀਆਂ ਦੇ ਡ੍ਰੋਨ ਹੋਣ, ਜਿਵੇਂ ਹੀ ਉਹ ਇਜ਼ਰਾਈਲੀ ਹਵਾਈ ਖੇਤਰ ਵਿੱਚ ਦਾਖ਼ਲ ਹੁੰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਸਵੈਚਾਲਿਤ ਰੱਖਿਆ ਪ੍ਰਣਾਲੀਆਂ ਦੀ ਮਦਦ ਨਾਲ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਜਾਂਦਾ ਹੈ।

ਜੰਗ ਦੀ ਸਥਿਤੀ ਵਿੱਚ, ਕਿਸੇ ਵੀ ਦੇਸ਼ ਦੀ ਹਵਾਈ ਰੱਖਿਆ ਪ੍ਰਣਾਲੀ ਬਹੁਤ ਮਹੱਤਵਪੂਰਨ ਹੁੰਦੀ ਹੈ।

ਰੱਖਿਆ ਪ੍ਰਣਾਲੀ ਵਿੱਚ ਐਂਟੀ-ਮਿਜ਼ਾਈਲ ਸਿਸਟਮ ਦੇ ਨਾਲ-ਨਾਲ ਰਡਾਰ ਅਤੇ ਹੋਰ ਉਪਕਰਣ ਵੀ ਸ਼ਾਮਲ ਹਨ, ਜੋ ਹਮਲਾਵਰ ਜਹਾਜ਼ਾਂ ਦਾ ਪਤਾ ਲਗਾਉਂਦੇ ਹਨ ਅਤੇ ਉਨ੍ਹਾਂ ʼਤੇ ਨਜ਼ਰ ਰੱਖਦੇ ਹਨ।

 ਬ੍ਰਹਮੋਸ ਮਿਜ਼ਾਈਲਾਂ

ਤਸਵੀਰ ਸਰੋਤ, Getty Images

ਭਾਰਤ ਨੇ 6 ਮਈ ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ʻਆਪ੍ਰੇਸ਼ਨ ਸਿੰਦੂਰʼ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕਈ ਥਾਵਾਂ ʼਤੇ ਹਮਲੇ ਕੀਤੇ। ਭਾਰਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨਿਸ਼ਾਨਾ ʻਅੱਤਵਾਦੀ ਟਿਕਾਣੇʼ ਸਨ।

ਭਾਰਤ ਦਾ ਇਹ ਵੀ ਕਹਿਣਾ ਹੈ ਕਿ ਇਹ ਕਾਰਵਾਈ ਪਹਿਲਗਾਮ ਵਿੱਚ 26 ਸੈਲਾਨੀਆਂ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਦੇ ਖ਼ਿਲਾਫ਼ ਕੀਤੀ ਗਈ ਸੀ।

ਪਾਕਿਸਤਾਨ ਦੀ ਫੌਜ ਮੁਤਾਬਕ, 6 ਮਈ ਦੀ ਰਾਤ 1:05 ਵਜੇ ਤੋਂ 1:30 ਵਜੇ ਤੱਕ ਚੱਲੇ ਇਸ ਆਪਰ੍ਰੇਸ਼ਨ ਦੌਰਾਨ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਮਸਜਿਦਾਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਜਦਕਿ ਭਾਰਤ ਨੇ ਕਿਹਾ ਹੈ ਕਿ ਉਸ ਨੇ ਕੇਵਲ ʻਅੱਤਵਾਦੀ ਢਾਂਚੇʼ ਨੂੰ ਨਿਸ਼ਾਨਾ ਬਣਾਇਆ ਹੈ।

ਭਾਰਤ ਨੇ ਇਹ ਸਪੱਸਟ ਨਹੀਂ ਕੀਤਾ ਕਿ ਹਮਲਿਆਂ ਵਿੱਚ ਕਿਸ ਤਰ੍ਹਾਂ ਦੇ ਹਥਿਆਰ ਵਰਤੇ ਗਏ ਸਨ, ਪਰ ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਭਾਰਤ ਨੇ ਛੇ ਥਾਵਾਂ ‘ਤੇ ਵੱਖ-ਵੱਖ ਹਥਿਆਰਾਂ ਦੀ ਵਰਤੋਂ ਕਰ ਕੇ ਕੁੱਲ 24 ਹਮਲੇ ਕੀਤੇ।

ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੇ ਮਿਜ਼ਾਈਲ ਹਮਲਿਆਂ ਦੇ ਜਵਾਬ ਵਿੱਚ, ਪਾਕਿਸਤਾਨ ਨੇ ਭਾਰਤੀ ਹਵਾਈ ਸੈਨਾ ਦੇ ਪੰਜ ਲੜਾਕੂ ਜਹਾਜ਼ਾਂ ਅਤੇ ਇੱਕ ਡ੍ਰੋਨ ਨੂੰ ਡੇਗ ਦਿੱਤਾ।

ਭਾਰਤ ਨੇ ਇਸ ਦਾਅਵੇ ʼਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਬੀਬੀਸੀ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਕਰਦਾ ਹੈ।

ਬੀਬੀਸੀ

ਹੁਣ ਤੱਕ ਦਾ ਮੁੱਖ ਘਟਨਾਕ੍ਰਮ

  • ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਭਾਰਤ ਨੇ 6-7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ ਕੀਤੇ।
  • ਭਾਰਤ ਨੇ ਇਨ੍ਹਾਂ ਹਮਲਿਆਂ ਨੂੰ ‘ਆਪ੍ਰੇਸ਼ਨ ਸਿੰਦੂਰ’ ਦਾ ਨਾਮ ਦਿੱਤਾ ਹੈ।
  • ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹਮਲੇ ਵਿੱਚ 31 ਲੋਕਾਂ ਦੀ ਮੌਤ ਹੋਈ ਹੈ ਜਦਕਿ 57 ਲੋਕ ਜ਼ਖਮੀ ਹੋਏ ਹਨ। ਇਸ ਉੱਪਰ ਭਾਰਤ ਦੀ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
  • ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ ਅਤੇ 43 ਲੋਕ ਜ਼ਖ਼ਮੀ ਹਨ।
  • ਸੁਰੱਖਿਆ ਦੇ ਮੱਦੇਨਜ਼ਰ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬਲੈਕਆਊਟ ਕਰਕੇ ਮੌਕ ਡ੍ਰਿਲ ਕਰਵਾਈ ਗਈ।
  • ਅੰਮ੍ਰਿਤਸਰ ਦੇ ਵਸਨੀਕਾਂ ਨੇ ਦੇਰ ਰਾਤ ਧਮਾਕੇ ਦੀਆਂ ਅਵਾਜ਼ਾਂ ਸੁਣੀਆਂ। ਪ੍ਰਸ਼ਾਸਨ ਨੇ ਕਿਹਾ ਕਿ ਬਲੈਕਆਊਟ ਡ੍ਰਿਲ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ।
  • ਕੇਂਦਰ ਸਰਕਾਰ ਨੇ ਆਲ ਪਾਰਟੀ ਮੀਟਿੰਗ ਬੁਲਾਈ। ਵਿਰੋਧੀ ਪਾਰਟੀਆਂ ਨੇ ਸਰਕਾਰ ਨਾਲ ਖੜ੍ਹਨ ਦੀ ਗੱਲ ਆਖੀ।
  • ਅਮਰੀਕਾ ਨੇ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
  • ਜ਼ਿਲ੍ਹਾ ਗੁਰਦਾਸਪੁਰ ਦੇ ਸਿੱਖਿਆ ਅਦਾਰੇ 9 ਮਈ ਤੱਕ ਬੰਦ ਰਹਿਣਗੇ। ਗੁਰਦਾਸਪੁਰ ਵਿੱਚ ਅਗਲੇ ਹੁਕਮਾਂ ਤੱਕ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਪੂਰਨ ਬਲੈਕਆਊਟ ਦੇ ਆਦੇਸ਼ ਜਾਰੀ
  • ਯੂਕੇ ਦੀ ਸੰਸਦ ਵਿੱਚ ਭਾਰਤ-ਪਾਕਿਸਤਾਨ ਟਕਰਾਅ ‘ਤੇ ਹੋਈ ਚਰਚਾ।
ਬੀਬੀਸੀ

ਮਿਜ਼ਾਈਲ ਡਿੱਗਣ ਦੀ ਘਟਨਾ ਪਹਿਲੀ ਨਹੀਂ ਹੈ

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਦੀ ਕੋਈ ਮਿਜ਼ਾਈਲ ਪਾਕਿਸਤਾਨੀ ਧਰਤੀ ‘ਤੇ ਡਿੱਗੀ ਹੋਵੇ।

ਮਾਰਚ 2022 ਵਿੱਚ, ਭਾਰਤ ਦੀ ਬ੍ਰਹਮੋਸ ਮਿਜ਼ਾਈਲ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮੀਆਂ ਚੰਨੂ ਸ਼ਹਿਰ ਦੇ ਨੇੜੇ ਡਿੱਗੀ ਸੀ। ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਹਾਲਾਂਕਿ, ਭਾਰਤ ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ ਬਿਆਨ ਵਿੱਚ ਕਿਹਾ ਸੀ ਕਿ ਮਿਜ਼ਾਈਲ ਗ਼ਲਤੀ ਨਾਲ ਪਾਕਿਸਤਾਨ ਵੱਲ ਦਾਗ਼ੀ ਗਈ ਸੀ।

ਪਾਕਿਸਤਾਨੀ ਫੌਜ ਦੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਦੇ ਡਾਇਰੈਕਟਰ ਜਨਰਲ ਬਾਬਰ ਇਫ਼ਤਿਖ਼ਾਰ ਨੇ ਮੀਡੀਆ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਪਾਕਿਸਤਾਨੀ ਖੇਤਰ ਵਿੱਚ ਦਾਖ਼ਲ ਹੋਈ ‘ਭਾਰਤੀ ਮਿਜ਼ਾਈਲ’ ਇੱਕ ਸਤ੍ਹਾ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀ ਸੁਪਰਸੋਨਿਕ ਮਿਜ਼ਾਈਲ ਸੀ।

ਉਸ ਸਮੇਂ, ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਿਜ਼ਾਈਲ ਇੱਕ ਸੁਪਰਸੋਨਿਕ ਕਰੂਜ਼ ਮਿਜ਼ਾਈਲ ਸੀ, ਜੋ ਆਵਾਜ਼ ਦੀ ਗਤੀ ਤੋਂ ਤਿੰਨ ਗੁਣਾ ਤੇਜ਼ ਰਫ਼ਤਾਰ ਨਾਲ ਯਾਤਰਾ ਕਰਨ ਦੇ ਸਮਰੱਥ ਸੀ।

ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਹ ਮਿਜ਼ਾਈਲ ਤਿੰਨ ਮਿੰਟ 44 ਸਕਿੰਟਾਂ ਤੱਕ ਪਾਕਿਸਤਾਨੀ ਸਰਹੱਦ ਦੇ ਅੰਦਰ ਰਹੀ। ਇਸ ਤੋਂ ਬਾਅਦ ਇਹ ਪਾਕਿਸਤਾਨੀ ਸਰਹੱਦ ਦੇ 124 ਕਿਲੋਮੀਟਰ ਅੰਦਰ ਤੱਕ ਤਬਾਹ ਹੋ ਗਿਆ।

ਪਾਕਿਸਤਾਨੀ ਫੌਜ ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਏਅਰ ਡਿਫੈਂਸ ਸਿਸਟਮ ਨ ਭਾਰਤੀ ਸ਼ਹਿਰ ਸਿਰਸਾ ਤੋਂ ਮਿਜ਼ਾਈਲ ਦੇ ਪਰੀਖਣ ਤੋਂ ਬਾਅਦ ਹੀ ਇਸ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਸੀ।

ਇਸ ਦੀ ਪੂਰੀ ਉਡਾਣ ਦੌਰਾਨ ਲਗਾਤਾਰ ਨਿਗਰਾਨੀ ਕੀਤੀ ਗਈ ਗਈ।

ਭਾਰਤ

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ-

ਬਾਲਾਕੋਟ ਤੋਂ ਬਾਅਦ, ਦੋਵਾਂ ਦੇਸ਼ਾਂ ਨੇ ਰੱਖਿਆ ਖਰੀਦਦਾਰੀ ਵਧਾਈ

2019 ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੇ ਨਵੇਂ ਰੱਖਿਆ ਉਪਕਰਣ ਖਰੀਦੇ ਹਨ। ਉਦਾਹਰਣ ਵਜੋਂ, ਭਾਰਤੀ ਹਵਾਈ ਫੌਜ ਕੋਲ ਹੁਣ ਫਰਾਂਸ ਦੇ ਬਣੇ 36 ਰਾਫੇਲ ਲੜਾਕੂ ਜਹਾਜ਼ ਹਨ।

ਪਾਕਿਸਤਾਨੀ ਫੌਜ ਦਾ ਦਾਅਵਾ ਹੈ ਕਿ ਉਸ ਨੇ ਭਾਰਤ ਦੇ ਤਾਜ਼ਾ ਹਮਲੇ ਦੇ ਬਦਲਾ ਲੈਂਦਿਆਂ ਦੋ ਰਾਫੇਲ ਜਹਾਜ਼ਾਂ ਨੂੰ ਮਾਰ ਸੁੱਟਿਆ ਹੈ, ਪਰ ਭਾਰਤ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਸ ਦੌਰਾਨ, ਲੰਡਨ ਸਥਿਤ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ਦੇ ਅਨੁਸਾਰ, ਇਸੇ ਸਮੇਂ ਦੌਰਾਨ ਪਾਕਿਸਤਾਨ ਨੇ ਚੀਨ ਤੋਂ ਘੱਟੋ-ਘੱਟ 20 ਆਧੁਨਿਕ ਜੇ-10 ਲੜਾਕੂ ਜਹਾਜ਼ ਹਾਸਿਲ ਕੀਤੇ ਹਨ, ਜੋ ਪੀਐੱਲ-15 ਮਿਜ਼ਾਈਲਾਂ ਨਾਲ ਲੈਸ ਹਨ।

ਜਿੱਥੋਂ ਤੱਕ ਹਵਾਈ ਰੱਖਿਆ ਦਾ ਸਵਾਲ ਹੈ, 2019 ਤੋਂ ਬਾਅਦ, ਭਾਰਤ ਨੇ ਰੂਸੀ ਐੱਸ-400 ਐਂਟੀ-ਏਅਰਕ੍ਰਾਫਟ ਮਿਜ਼ਾਈਲ ਸਿਸਟਮ ਹਾਸਿਲ ਕਰ ਲਿਆ ਸੀ, ਜਦੋਂ ਕਿ ਪਾਕਿਸਤਾਨ ਨੂੰ ਚੀਨ ਤੋਂ ਐੱਚਕਿਊ-9 ਏਅਰ ਡਿਫੈਂਸ ਸਿਸਟਮ ਹਾਸਿਲ ਹੋਇਆ ਹੈ।

ਰੇਡੀਓ ਪਾਕਿਸਤਾਨ ਮੁਤਾਬਕ, ਪਾਕਿਸਤਾਨ ਹਵਾਈ ਫੌਜ ਨੇ ਹਾਲ ਹੀ ਵਿੱਚ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਸ ਦੀ ਹਵਾਈ ਰੱਖਿਆ ਸਮਰੱਥਾ ਵਿੱਚ ʻਐਡਵਾਂਸਡ ਏਰੀਅਲ ਪਲੇਟਫਾਰਮਸ, ਉੱਚ ਤੋਂ ਮੱਧ ਉੱਚਾਈ ਵਾਲਾ ਏਅਰ ਡਿਫੈਂਸ ਸਿਸਟਮ, ਅਨਮੈਨਡ ਕੌਂਬੈਟ ਏਰੀਅਲ ਵ੍ਹੀਕਲ ਸ਼ਾਮਲ ਹੈ।

ਇਸ ਤੋਂ ਇਲਾਵਾ ਉਸ ਦੇ ਕੋਲ ਸਪੇਸ, ਸਾਈਬਰ ਅਤੇ ਇਲੈਕਟ੍ਰਾਨਿਕ ਵਾਰਫੇਅਰ ਦੇ ਨਾਲ-ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਚਾਲਿਤ ਸਿਸਟਮਜ਼ ਵੀ ਹਨ।

ਪਰ ਭਾਰਤ ਦੇ ਪਾਕਿਸਤਾਨ ‘ਤੇ ਹਮਲੇ ਤੋਂ ਬਾਅਦ, ਕੁਝ ਮਹੱਤਵਪੂਰਨ ਸਵਾਲ ਉੱਠੇ ਹਨ।

ਕੀ ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਭਾਰਤ ਤੋਂ ਆਉਣ ਵਾਲੀਆਂ ਮਿਜ਼ਾਈਲਾਂ ਨੂੰ ਕਾਫ਼ੀ ਹੱਦ ਤੱਕ ਰੋਕਣ ਦੇ ਸਮਰੱਥ ਹਨ? ਅਤੇ ਪਾਕਿਸਤਾਨ ਭਾਰਤ ਤੋਂ ਆ ਰਹੀਆਂ ਮਿਜ਼ਾਈਲਾਂ ਨੂੰ ਹਵਾ ਵਿੱਚ ਕਿਉਂ ਨਸ਼ਟ ਨਹੀਂ ਕਰ ਸਕਿਆ?

ਪਾਕਿਸਤਾਨ

ਤਸਵੀਰ ਸਰੋਤ, Getty Images

ਕੀ ਪਾਕਿਸਤਾਨ ਦਾ ਹਵਾਈ ਰੱਖਿਆ ਸਿਸਟਮ ਮਿਜ਼ਾਈਲ ਨੂੰ ਰੋਕ ਸਕਦਾ ਹੈ?

ਪਾਕਿਸਤਾਨੀ ਹਵਾਈ ਸੈਨਾ ਦੇ ਸਾਬਕਾ ਵਾਈਸ ਏਅਰ ਮਾਰਸ਼ਲ ਇਕਰਾਮੁੱਲ੍ਹਾ ਭੱਟੀ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਛੋਟੀ ਦੂਰੀ, ਦਰਮਿਆਨੀ ਦੂਰੀ ਅਤੇ ਲੰਬੀ ਦੂਰੀ ਦੀਆਂ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀਆਂ ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਣ ਦੀ ਸਮਰੱਥਾ ਰੱਖਦੀ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਆਪਣੇ ਰੱਖਿਆ ਪ੍ਰਣਾਲੀ ਵਿੱਚ ਕਈ ਮਿਜ਼ਾਈਲ ਪ੍ਰਣਾਲੀਆਂ ਨੂੰ ਸ਼ਾਮਲ ਕੀਤਾ ਹੈ, ਜਿਸ ਵਿੱਚ ਚੀਨ ਵਿੱਚ ਬਣਿਆ ਐੱਚਕਿਊ-16 ਐੱਫਈ ਰੱਖਿਆ ਪ੍ਰਣਾਲੀ ਵੀ ਸ਼ਾਮਲ ਹੈ, ਜੋ ਪਾਕਿਸਤਾਨ ਨੂੰ ਇੱਕ ਆਧੁਨਿਕ ਰੱਖਿਆ ਮਿਜ਼ਾਈਲ ਪ੍ਰਣਾਲੀ ਸਮਰੱਥਾ ਪ੍ਰਦਾਨ ਕਰਦੀ ਹੈ ਅਤੇ ਸਤ੍ਹਾ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ ਅਤੇ ਜੰਗੀ ਜਹਾਜ਼ਾਂ ਦੇ ਵਿਰੁੱਧ ਪ੍ਰਭਾਵਸ਼ਾਲੀ ਹੈ।

ਹਾਲਾਂਕਿ, ਜਦੋਂ ਹਵਾ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਰੋਕਣ ਦੀ ਗੱਲ ਆਉਂਦੀ ਹੈ, ਤਾਂ ਅਜਿਹੀ ਕੋਈ ਰੱਖਿਆ ਪ੍ਰਣਾਲੀ ਮੌਜੂਦ ਨਹੀਂ ਹੈ।

ਹਾਲਾਂਕਿ, ਇਹ ਪਤਾ ਨਹੀਂ ਹੈ ਕਿ ਭਾਰਤ ਨੇ ਮਿਜ਼ਾਈਲਾਂ ਹਵਾ ਤੋਂ ਦਾਗ਼ੀਆਂ ਸਨ ਜਾਂ ਜ਼ਮੀਨ ਤੋਂ।

ਸਾਬਕਾ ਏਅਰ ਕਮੋਡੋਰ ਆਦਿਲ ਸੁਲਤਾਨ ਨੇ ਬੀਬੀਸੀ ਨੂੰ ਦੱਸਿਆ ਕਿ ਦੁਨੀਆਂ ਵਿੱਚ ਅਜੇ ਤੱਕ ਅਜਿਹੀ ਕੋਈ ਪ੍ਰਣਾਲੀ ਨਹੀਂ ਬਣੀ ਹੈ, ਜੋ ਫੁਲਪਰੂਫ ਸੁਰੱਖਿਆ ਮੁਹੱਈਆਂ ਕਰਵਾਉਂਦੀ ਹੋਵੇ, ਖ਼ਾਸ ਕਰ ਕੇ ਅਜਿਹੇ ਹਾਲਾਤ ਵਿੱਚ ਜਦੋਂ ਪਾਕਿਸਤਾਨ ਅਤੇ ਭਾਰਤ ਵਰਗੇ ਦੇਸ਼ਾਂ, ਜਿਨ੍ਹਾਂ ਦੀਆਂ ਸੀਮਾਵਾਂ ਆਪਸ ਵਿੱਚ ਮਿਲਦੀਆਂ ਹਨ ਅਤੇ ਕੁਝ ਥਾਵਾਂ ʼਤੇ ਉਹ ਦੂਰੀ ਕੁਝ ਮੀਟਰ ਹੀ ਹੈ।

ਉਨ੍ਹਾਂ ਕਿਹਾ ਕਿ ਹਵਾ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੇ ਮਿਜ਼ਾਈਲ ਹਮਲਿਆਂ ਨੂੰ 100 ਫੀਸਦ ਰੋਕਣਾ ਅਸੰਭਵ ਹੈ।

ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਸਮੇਂ ਵੱਖ-ਵੱਖ ਦਿਸ਼ਾਵਾਂ ਤੋਂ ਆਉਣ ਵਾਲੀਆਂ ਮਿਜ਼ਾਈਲਾਂ ਨੂੰ ਰੋਕਣ ਲਈ ਕਿਸੇ ਵੀ ਡਿਫੈਂਸ ਸਿਸਟਮ ਦੀ ਸਮਰੱਥਾ ਦੀ ਇੱਕ ਸੀਮਾ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਇਹ ਆਧੁਨਿਕ ਰੱਖਿਆ ਪ੍ਰਣਾਲੀਆਂ ਬਹੁਤ ਪ੍ਰਭਾਵਸ਼ਾਲੀ ਹਨ, ਪਰ 2,500 ਕਿਲੋਮੀਟਰ ਤੋਂ ਵੱਧ ਲੰਬੀ ਪੂਰਬੀ ਸਰਹੱਦ ‘ਤੇ ਅਜਿਹੀ ਰੱਖਿਆ ਪ੍ਰਣਾਲੀ ਸਥਾਪਤ ਕਰਨਾ ਸੰਭਵ ਨਹੀਂ ਹੈ, ਜਿਸ ਨਾਲ ਇਹ 100 ਫੀਸਦ ਯਕੀਨੀ ਹੋ ਜਾਂਦਾ ਹੈ ਕਿ ਕੋਈ ਵੀ ਮਿਜ਼ਾਈਲ ਉੱਥੇ ਦਾਖ਼ਲ ਨਾ ਹੋ ਸਕੇ।

ਆਦਿਲ ਸੁਲਤਾਨ ਦੇ ਅਨੁਸਾਰ, ਅਜਿਹਾ ਕਰਨ ਲਈ ਅਰਬਾਂ ਡਾਲਰ ਦੀ ਲੋੜ ਪਵੇਗੀ ਅਤੇ ਸਰਹੱਦਾਂ ਦੇ ਨੇੜੇ ਹੋਣ ਕਾਰਨ ਇਹ ਬਹੁਤ ਪ੍ਰਭਾਵਸ਼ਾਲੀ ਨਹੀਂ ਹੋਵੇਗਾ।

ਲੜਾਕੂ ਜਹਾਜ਼

ਤਸਵੀਰ ਸਰੋਤ, Getty Images

ਹਵਾ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਰੋਕਣਾ ਕਿਉਂ ਮੁਸ਼ਕਲ ਹੈ?

ਇਕਰਾਮੁੱਲ੍ਹਾ ਭੱਟੀ ਨੇ ਕਿਹਾ ਕਿ ਭਾਰਤ ਨੇ ਇਹ ਮਿਜ਼ਾਈਲਾਂ ਸ਼ਾਇਦ ਹਵਾ ਤੋਂ ਜ਼ਮੀਨ ‘ਤੇ ਦਾਗ਼ੀਆਂ ਹੋ ਸਕਦੀਆਂ ਹਨ ਅਤੇ ਜੇਕਰ ਅਸੀਂ ਹਵਾ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਗੱਲ ਕਰੀਏ ਤਾਂ ਇਹ ਅੱਜਕੱਲ੍ਹ ਬਹੁਤ ਆਧੁਨਿਕ ਹੋ ਗਈਆਂ ਹਨ।

ਉਨ੍ਹਾਂ ਨੇ ਦੱਸਿਆ, “ਉਨ੍ਹਾਂ ਦੀ ਗਤੀ ਬਹੁਤ ਤੇਜ਼ ਹੋ ਗਈ ਹੈ, ਮੈਕ 3 (3,675 ਕਿਲੋਮੀਟਰ/ਘੰਟਾ) ਤੋਂ ਲੈ ਕੇ ਮੈਕ 9 (11,025 ਕਿਲੋਮੀਟਰ/ਘੰਟਾ) ਤੱਕ ਅਤੇ ਅਮਰੀਕਾ, ਰੂਸ ਜਾਂ ਚੀਨ ਸਮੇਤ ਕਿਸੇ ਵੀ ਦੇਸ਼ ਕੋਲ ਅਜਿਹੀ ਤੇਜ਼ ਰਫ਼ਤਾਰ ਵਾਲੀ ਮਿਜ਼ਾਈਲ ਨੂੰ ਰੋਕਣ ਦੀ ਸਮਰੱਥਾ ਨਹੀਂ ਹੈ।”

ਇਕਰਾਮੁੱਲ੍ਹਾ ਭੱਟੀ ਨੇ ਕਿਹਾ ਕਿ ਹਵਾ ਤੋਂ ਦਾਗ਼ੀਆਂ ਜਾਣ ਵਾਲੀਆਂ ਮਿਜ਼ਾਈਲਾਂ ਨੂੰ ਰੋਕਣ ਵਿੱਚ ਇੱਕ ਹੋਰ ਮੁਸ਼ਕਲ ਇਹ ਹੈ ਕਿ ਉਨ੍ਹਾਂ ਦੀ ਉਡਾਣ ਦੀ ਮਿਆਦ ਬਹੁਤ ਘੱਟ ਹੁੰਦੀ ਹੈ ਅਤੇ ਤੁਹਾਡੇ ਕੋਲ ਪ੍ਰਤੀਕਿਰਿਆ ਕਰਨ ਲਈ ਬਹੁਤ ਸੀਮਤ ਸਮਾਂ ਹੁੰਦਾ ਹੈ, ਜਦਕਿ ਇਸਦੇ ਉਲਟ ਜ਼ਮੀਨ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਉਡਾਣ ਦੀ ਮਿਆਦ ਲੰਬੀ ਹੁੰਦੀ ਹੈ।

ਪਾਕਿਸਤਾਨ ਹਵਾਈ ਫੌਜ ਦੇ ਸਾਬਕਾ ਕਮੋਡੋਰ ਆਦਿਲ ਸੁਲਤਾਨ ਨੇ ਕਿਹਾ ਹੈ ਕਿ ਦੁਨੀਆਂ ਦੀ ਕੋਈ ਵੀ ਰੱਖਿਆ ਪ੍ਰਣਾਲੀ ਭੂਗੌਲਿਕ ਤੌਰ ʼਤੇ ਜੁੜੇ ਵਿਰੋਧੀ ਦੇਸ਼ਾਂ ਤੋਂ 100 ਫੀਸਦ ਹਮਲਿਆਂ ਨੂੰ ਨਹੀਂ ਰੋਕ ਸਕਦੀ।

ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨੁਕਸਾਨ ਘੱਟ ਹੋ ਸਕਦਾ ਹੈ। ਆਦਿਲ ਸੁਲਤਾਨ ਨੇ ਕਿਹਾ ਕਿ ਅਜਿਹੀ ਰੱਖਿਆ ਪ੍ਰਣਾਲੀ ਵਿੱਚ, ਇਹ ਜਾਣਨਾ ਵੀ ਜ਼ਰੂਰੀ ਹੈ ਕਿ ਹਮਲਾ ਕਿਹੋ ਜਿਹਾ ਹੁੰਦਾ ਹੈ।

ਜੇਕਰ ਇੱਕੋ ਸਮੇਂ ਵੱਖ-ਵੱਖ ਦਿਸ਼ਾਵਾਂ ਤੋਂ ਹਵਾ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾਗ਼ੀਆਂ ਜਾਂਦੀਆਂ ਹਨ, ਤਾਂ ਰਾਡਾਰ ‘ਤੇ ਉਨ੍ਹਾਂ ਦੀ ਪਛਾਣ ਕਰਨਾ ਅਤੇ ਤੁਰੰਤ ਜਵਾਬ ਦੇਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ।

ਜਦਕਿ ਜੇਕਰ ਅਸੀਂ ਸਤ੍ਹਾ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਜਾਂ ਕਰੂਜ਼ ਮਿਜ਼ਾਈਲਾਂ ਬਾਰੇ ਗੱਲ ਕਰੀਏ, ਤਾਂ ਉਨ੍ਹਾਂ ਦੀ ਤੈਨਾਤੀ ਦਾ ਪਤਾ ਹੁੰਦਾ ਹੈ ਅਤੇ ਤੁਸੀਂ ਉਨ੍ਹਾਂ ‘ਤੇ ਨਜ਼ਰ ਰੱਖ ਸਕਦੇ ਹੋ।

ਏਅਰ ਕਮੋਡੋਰ ਆਦਿਲ ਸੁਲਤਾਨ ਨੇ ਕਿਹਾ ਕਿ ਲੜਾਕੂ ਜਹਾਜ਼ਾਂ ਨਾਲ ਹਵਾਈ ਲੜਾਈ ਦੀ ਸਥਿਤੀ ਬਹੁਤ ਵੱਖਰੀ ਹੈ।

ਉਨ੍ਹਾਂ ਨੇ ਦੱਸਿਆ, “ਜ਼ਮੀਨ ਤੋਂ ਹਵਾ ਜਾਂ ਜ਼ਮੀਨ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੇ ਰੱਖਿਆ ਪ੍ਰਣਾਲੀ ਵਿੱਚ, ਤੁਸੀਂ ਇਨ੍ਹਾਂ ਮਿਜ਼ਾਈਲਾਂ ਦੀਆਂ ਸਮਰੱਥਾਵਾਂ, ਉਨ੍ਹਾਂ ਦੇ ਸੰਭਾਵਿਤ ਲਾਂਚ ਸਥਾਨਾਂ ਅਤੇ ਸੰਭਾਵਿਤ ਰਸਤਿਆਂ ਬਾਰੇ ਪਤਾ ਹੁੰਦਾ ਹੈ।”

“ਪਰ ਹਵਾਈ ਯੁੱਧ ਵਿੱਚ, ਸਾਨੂੰ ਨਹੀਂ ਪਤਾ ਕਿ ਕਿੱਥੋਂ ਕੀ ਦਾਗ਼ਿਆ ਜਾ ਸਕਦਾ ਹੈ ਅਤੇ ਤੁਹਾਨੂੰ ਹਰ ਪਾਸਿਓਂ ਆਪਣੀ ਰੱਖਿਆ ਕਰਨੀ ਪੈਂਦੀ ਹੈ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI