Source :- BBC PUNJABI

ਰਬਿੰਦਰ ਨਾਥ ਟੈਗੋਰ ਅਤੇ ਬਾਬਾ ਬੰਦਾ ਬਹਾਦਰ

“ਪੰਜ ਦਰਿਆਵਾਂ ਕਿਨਾਰੇ, ਕੇਸ ਧਾਰਨ ਕਰ ਕੇ ਸਿੱਖ ਜਥੇਬੰਦ ਹੋ ਗਏ। ਉਹ ਨਿਰਭਉ ਤੇ ਨਿਰਵੈਰ ਸਨ। ਹਜ਼ਾਰਾਂ ਜੈਕਾਰੇ ਗੁਰੂ ਉਸਤਤਿ ਵਿੱਚ ਗੂੰਜਣ ਲੱਗੇ। ਸਿੱਖਾਂ ਦੀ ਨਜ਼ਰ ਨਵੀਂ ਸਵੇਰ ਵੱਲ ਹੋ ਤੁਰੀ। ਜਦੋਂ ਉਹ ਅਲਖ ਨਿਰੰਜਨ ਅਲਾਪਦੇ, ਭਰਮ ਭੁਲੇਖੇ ਟੁੱਟ ਜਾਂਦੇ, ਬੀਰ ਬਾਜੂਆਂ ਵਿੱਚ ਫੜੀਆਂ ਕਿਰਪਾਨਾਂ ਦੀ ਗੁੰਜਾਰ ਪੈਂਦੀ। ਪੰਜਾਬ ਅੱਜ ਤੱਕ ਅਲਖ-ਨਿਰੰਜਨ ਗਾ ਰਿਹਾ ਹੈ।”

ਇਹ ਸਤਰਾਂ ਏਸ਼ੀਆ ਦੀ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਸਭ ਤੋਂ ਪਹਿਲੀ ਹਸਤੀ ਰਬਿੰਦਰ ਨਾਥ ਟੈਗੋਰ ਦੀ ਕਵਿਤਾ ਬੰਦੀ ਬੀਰ ਜਾਂ ‘ਬੁੰਦੀ ਬੀਰ’ (ਬੰਗਾਲੀ ਉਚਾਰਣ) ਦੇ ਅਨੁਵਾਦ ਦੀਆਂ ਹਨ।

ਪੰਜਾਬੀ ਦੇ ਲੇਖਕ ਹਰਪਾਲ ਸਿੰਘ ਪੰਨੂ ਨੇ ਇਹ ਅਨੁਵਾਦ ਪੰਜਾਬੀ ਵਿੱਚ ਕੀਤਾ ਹੈ।

ਰਬਿੰਦਰਨਾਥ ਟੈਗੋਰ ਨੇ ਇਹ ਕਵਿਤਾ ਪੰਜਾਬ ਵਿੱਚ ਪਹਿਲਾ ਸਿੱਖ ਰਾਜ ਸਥਾਪਿਤ ਕਰਨ ਵਾਲੇ ਬੰਦਾ ਸਿੰਘ ਬਹਾਦਰ ਬਾਰੇ ਲਿਖੀ ਹੈ।

ਟੈਗੋਰ

ਰਬਿੰਦਰਨਾਥ ਟੈਗੋਰ ਦਾ ਸੰਖੇਪ ਜੀਵਨ

ਰਬਿੰਦਰਨਾਥ ਟੈਗੋਰ ਦਾ ਜਨਮ ਸਾਲ 1861 ਵਿੱਚ ਹੋਇਆ ਸੀ। ਰਬਿੰਦਰਨਾਥ ਟੈਗੋਰ ਇੱਕ ਉੱਘੇ ਦਾਰਸ਼ਨਿਕ, ਲੇਖਕ ਤੇ ਕਵੀ ਸਨ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਬੰਗਾਲੀ ਤੇ ਅੰਗਰੇਜ਼ੀ ਸਾਹਿਤ ਵਿੱਚ ਵੱਡਾ ਯੋਗਦਾਨ ਪਾਇਆ।

ਰਬਿੰਦਰਨਾਥ ਟੈਗੋਰ ਨੇ ਨਾ ਸਿਰਫ਼ ਬੰਗਾਲੀ ਸਾਹਿਤ ਨੂੰ ਨਵੀਂ ਦਿਸ਼ਾ ਦਿੱਤੀ ਸਗੋਂ ਭਾਰਤ ਦੀ ਸੱਭਿਆਚਾਰਕ ਤੇ ਸਮਾਜਿਕ ਚੇਤਨਾ ਨੂੰ ਵੀ ਨਵਾਂ ਰੂਪ ਦਿੱਤਾ।

19ਵੀਂ ਸਦੀ ਦੇ ਆਖ਼ਰੀ ਵਿੱਚ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਰਬਿੰਦਰ ਨਾਥ ਟੈਗੋਰ ਨੇ ਭਾਰਤ ਦੇ ਇਤਿਹਾਸ ਨਾਲ ਜੁੜੀਆਂ ਕਈ ਹਸਤੀਆਂ ਬਾਰੇ ਆਪਣੀਆਂ ਰਚਨਾਵਾਂ ਲਿਖੀਆਂ।

ਇਨ੍ਹਾਂ ਰਚਨਾਵਾਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਗਿਆ ਜਿਸ ਦਾ ਨਾਂ ‘ਕਥਾ ਓ ਕਾਹਿਨੀ’ ਸੀ। ਇਹ ਕਿਤਾਬ ਮੂਲ ਰੂਪ ਵਿੱਚ ਬੰਗਾਲੀ ਵਿੱਚ ਲਿਖੀ ਗਈ ਸੀ।

ਰਬਿੰਦਰਨਾਥ ਟੈਗੋਰ ਦੀ ਬੰਦਾ ਸਿੰਘ ਬਹਾਦਰ ਬਾਰੇ ਲਿਖੀ ਕਵਿਤਾ, ‘ਬੰਦੀ ਬੀਰ’ ਵੀ ਇਸੇ ਕਿਤਾਬ ਦਾ ਹਿੱਸਾ ਹੈ।

ਬਾਬਾ ਬੰਦਾ ਸਿੰਘ ਬਹਾਦਰ

ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੌਗਤਾ ਭਾਦੁਰੀ ਕਹਿੰਦੇ ਹਨ ਕਿ ‘ਕਥਾ ਓ ਕਾਹਿਨੀ’ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਲ-ਨਾਲ ਮਰਾਠਾ ਤੇ ਰਾਜਪੁਤ ਯੋਧਿਆਂ ਬਾਰੇ ਵੀ ਰਚਨਾਵਾਂ ਹਨ।

ਬੰਦੀ ਬੀਰ ਕਵਿਤਾ ਬੰਗਾਲੀ ਸਾਹਿਤ ਵਿੱਚ ਇੱਕ ਅਹਿਮ ਥਾਂ ਰੱਖਦੀ ਹੈ। ਕਈ ਸਾਹਿਤਕ ਹਸਤੀਆਂ ਵੱਲੋਂ ਇਸ ਕਵਿਤਾ ਦਾ ਹਿੰਦੀ ਤੇ ਅੰਗਰੇਜ਼ੀ ਸਣੇ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ।

ਇਹ ਕਵਿਤਾ ਪੱਛਮੀ ਬੰਗਾਲ ਦੇ ਸਕੂਲੀ ਬੱਚਿਆਂ ਦੀਆਂ ਕਿਤਾਬਾਂ ਦਾ ਵੀ ਹਿੱਸਾ ਰਹੀ ਹੈ।

ਮੌਨੀਸ਼ ਆਰ ਚੈਟਰਜੀ ਅਮਰੀਕਾ ਦੇ ਓਹੀਓ ਦੀ ਯੂਨੀਵਰਸਿਟੀ ਆਫ ਡੇਅਟਨ ਵਿੱਚ ਪ੍ਰੋਫੈਸਰ ਹਨ। ਉਨ੍ਹਾਂ ਨੇ ਬੰਗਾਲੀ ਭਾਸ਼ਾ ਉੱਤੇ ਕਾਫੀ ਕੰਮ ਕੀਤਾ ਹੈ। ਟੈਗੋਰ ਦੀ ‘ਬੰਦੀ ਬੀਰ’ ਕਵਿਤਾ ਦਾ ਵੀ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਹੈ।

‘ਬੰਦੀ ਬੀਰ’ ਕਵਿਤਾ ਦੀ ਸਾਹਿਤ ਵਿੱਚ ਮਹੱਤਤਾ ਬਾਰੇ ਪ੍ਰੋਫੈਸਰ ਮੌਨੀਸ਼ ਕਹਿੰਦੇ ਹਨ, “1960ਵਿਆਂ ਤੇ 70ਵਿਆਂ ਵਿੱਚ ਮੇਰੇ ਵਰਗੇ ਨੌਜਵਾਨ ਰਬਿੰਦਰਨਾਥ ਟੈਗੋਰ, ਸ਼ਰਤ ਚੰਦਰ ਚੈਟਰਜੀ, ਬੰਕਿਮ ਚੰਦਰ ਚੈਟਰਜੀ ਵਰਗੇ ਲੇਖਕਾਂ ਦੀਆਂ ਰਚਨਾਵਾਂ ਬੜੇ ਜੋਸ਼ ਨਾਲ ਪੜ੍ਹਦੇ ਸੀ।”

ਪ੍ਰੋਫੈਸਰ ਮੌਨੀਸ਼ ਕਹਿੰਦੇ ਹਨ, “ਟੈਗੋਰ ਨੇ ਕਈ ਨਾਇਕਾਂ ਬਾਰੇ ਕਵਿਤਾਵਾਂ ਲਿਖੀਆਂ, ਜੋ ਇੱਕ ਸੀਰੀਜ਼ ਦਾ ਹਿੱਸਾ ਸਨ। ਇਨ੍ਹਾਂ ਕਵਿਤਾਵਾਂ ਰਾਹੀਂ ਉਹ ਭਾਰਤ ਦੇ ਮੱਧਕਾਲੀ ਤੇ ਅੰਗਰੇਜ਼ੀ ਰਾਜ ਦੇ ਸਮੇਂ ਦੇ ਮਹਾਨ ਵੀਰਾਂ ਨੂੰ ਯਾਦ ਕਰਦੇ ਤੇ ਸਨਮਾਨਿਤ ਕਰਦੇ ਹਨ।”

“ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਮਰਾਠਾ ਨੇਤਾ ਛੱਤਰਪਤੀ ਸ਼ਿਵਾਜੀ, ਕਈ ਮਹਾਨ ਰਾਜਪੂਤ ਸ਼ਾਸਕ ਤੇ ਯੋਧੇ (ਜਿਵੇਂ ਕਿ ਚਿਤੌੜ ਦੇ ਰਾਣਾ), ਪੰਜਾਬ ਦੇ ਬੰਦਾ ਸਿੰਘ ਬਹਾਦਰ ਤੇ ਮਹਾਭਾਰਤ ਦੇ ਕਰਣ ਵਰਗੇ ਪੁਰਾਤਨ ਨਾਇਕ ਸ਼ਾਮਿਲ ਹਨ।”

ਰਬਿੰਦਰ ਨਾਥ ਟੈਗੋਰ

ਤਸਵੀਰ ਸਰੋਤ, BBC/getty

ਇਹ ਵੀ ਪੜ੍ਹੋ-

ਕੌਣ ਸਨ ਬੰਦਾ ਸਿੰਘ ਬਹਾਦਰ

ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਨੂੰ ਰਾਜੌਰੀ ਵਿੱਚ ਹੋਇਆ ਸੀ। ਬਹੁਤ ਘੱਟ ਉਮਰ ਵਿੱਚ ਘਰ ਛੱਡ ਕੇ ਉਹ ਬੈਰਾਗ਼ੀ ਹੋ ਗਏ ਅਤੇ ਉਨ੍ਹਾਂ ਨੂੰ ਮਾਧੋਦਾਸ ਬੈਰਾਗ਼ੀ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਉਹ ਆਪਣੇ ਘਰੋਂ ਨਿਕਲੇ ਅਤੇ ਦੇਸ ਦਾ ਦੌਰਾ ਕਰਦੇ ਹੋਏ ਮਹਾਂਰਾਸ਼ਟਰ ਦੇ ਨਾਂਦੇੜ ਪਹੁੰਚ ਗਏ।

ਨਾਂਦੇੜ ਵਿੱਚ ਉਨ੍ਹਾਂ ਦੀ ਮੁਲਾਕਤ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਨਾਲ ਹੋਈ। ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਨੂੰ ਆਪਣਾ ਬੈਰਾਗ਼ੀ ਜੀਵਨ ਤਿਆਗਣ ਤੇ ਪੰਜਾਬ ਦੇ ਲੋਕਾਂ ਨੂੰ ਮੁਗ਼ਲਾਂ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਸੋਂਪਿਆ।

ਬੰਦਾ ਸਿੰਘ ਬਹਾਦਰ ਨੇ ਸਰਹਿੰਦ ਸਣੇ ਪੰਜਾਬ ਦੇ ਕਈ ਹਿੱਸਿਆਂ ਉੱਤੇ ਕਬਜ਼ਾ ਕਰ ਕੇ ਆਪਣਾ ਰਾਜ ਸਥਾਪਿਤ ਕੀਤਾ।

ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਵਿਚ ਮੁਗ਼ਲ ਬਾਦਸ਼ਾਹ ਫ਼ਖ਼ਸੀਅਰ ਦੀ ਹਕੂਮਤ ਨੇ ਸਾਥੀਆਂ ਸਣੇ ਕੋਹ-ਕੋਹ ਕੇ ਮਾਰ ਦਿੱਤਾ ਸੀ।

ਬੰਦਾ ਸਿੰਘ ਬਹਾਦਰ

ਤਸਵੀਰ ਸਰੋਤ, MANOOHAR PUBLISHERS

ਬੰਦੀ ਬੀਰ ਸਿਰਲੇਖ ਤੋਂ ਕੀ ਸਮਝ ਪੈਂਦੀ

ਬੰਗਾਲੀ ਭਾਸ਼ਾ ਵਿੱਚ ਲਿਖੀ ਇਸ ਕਵਿਤਾ ਦਾ ਅਸਲੀ ਸਿਰਲੇਖ ‘ਬੁੰਦੀ ਬੀਰ’ ਹੈ। ਭਾਵੇਂ ਬਾਕੀ ਭਾਸ਼ਾਵਾਂ ਵਿੱਚ ਇਸ ਦੇ ਅਨੁਵਾਦ ਵਿੱਚ ਸਿਰਲੇਖ ਨੂੰ ‘ਬੰਦੀ ਬੀਰ’ ਵੀ ਲਿਖਿਆ ਗਿਆ ਹੈ।

ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਭਾਦੁਰੀ ਕਹਿੰਦੇ ਹਨ ਕਿ ਬੰਗਲਾ ਭਾਸ਼ਾ ਵਿੱਚ ਕਵਿਤਾ ਦੇ ਸਿਰਲੇਖ ਨੂੰ ‘ਬੁੰਦੀ ਬੀਰ’ ਕਿਹਾ ਜਾਂਦਾ ਹੈ।

ਉਹ ਕਹਿੰਦੇ ਹਨ, “ਬੁੰਦੀ ਦਾ ਅਰਥ ਹੈ ਉਹ ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੋਵੇ। ਭਾਵੇਂ ਇਹ ਕਵਿਤਾ ਬੰਦਾ ਸਿੰਘ ਬਹਾਦਰ ਬਾਰੇ ਹੈ ਪਰ ਸਿਰਲੇਖ ਵਿੱਚ ਟੈਗੋਰ ਨੇ ਜ਼ੋਰ ਬੰਦੀ ਹੋਣ ਉੱਤੇ ਦਿੱਤਾ ਹੈ।”

ਬੰਦੀ ਬੀਰ ਕਵਿਤਾ ਦੇ ਸਾਰ ਬਾਰੇ ਪ੍ਰੋਫੈਸਰ ਭਾਦੁਰੀ, ਕਹਿੰਦੇ ਹਨ, “ਇਸ ਕਵਿਤਾ ਵਿੱਚ ਬੰਦਾ ਸਿੰਘ ਬਹਾਦਰ ਦੀ ਮੁਗ਼ਲ ਫੌਜ ਨਾਲ ਹੋਈ ਜੰਗ ਬਾਰੇ ਜ਼ਿਕਰ ਕੀਤਾ ਗਿਆ ਹੈ। ਕਿਵੇਂ ਬੰਦਾ ਸਿੰਘ ਬਹਾਦਰ ਆਖ਼ਰ ਤੱਕ ਜੰਗ ਲੜਦਾ ਹੈ ਤੇ ਆਖ਼ਰ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।”

ਰਬਿੰਦਰਨਾਥ ਟੈਗੋਰ ਨੇ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲੈ ਕੇ ਆਉਣ ਦੀ ਘਟਨਾ ਨੂੰ ਵਿਸਥਾਰ ਨਾਲ ਆਪਣੀ ਕਵਿਤਾ ਵਿੱਚ ਦੱਸਿਆ ਹੈ। ਉਸ ਵੇਲੇ ਦੇ ਮਾਹੌਲ ਦੀ ਤਸਵੀਰ ਰਬਿੰਦਰਨਾਥ ਟੈਗੌਰ ਦੀ ਕਵਿਤਾ ਵਿੱਚ ਖਿੱਚਦੀ ਹੋਈ ਨਜ਼ਰ ਆਉਂਦੀ ਹੈ।

ਮੌਨੀਸ਼ ਕਹਿੰਦੇ ਹਨ, “ਮੈਂ ਮੰਨਦਾ ਹਾਂ ਕਿ ਟੈਗੋਰ ਨੇ ਕਵਿਤਾ ਵਿੱਚ ਬੰਦਾ ਸਿੰਘ ਬਹਾਦਰ ਦੀ ਖ਼ਾਲਸਾ ਨੂੰ ਸੰਗਠਿਤ ਕਰਨ ਦੀ ਤਾਕਤ ਨੂੰ ਦਰਸਾਇਆ। ਉਹ ਕਿਵੇਂ ਲੋਕਾਂ ਨੂੰ ਪ੍ਰੇਰਿਤ ਕਰ ਸਕਦੇ ਸਨ, ਇਹ ਵੀ ਉਨ੍ਹਾਂ ਨੇ ਵਿਖਾਇਆ।”

“ਇਹ ਕਵਿਤਾ ਇੱਕ ਪਿਤਾ ਅਤੇ ਪੁੱਤਰ ਦੇ ਅਟੁੱਟ ਨਾਤੇ ਨੂੰ ਵੀ ਦਰਸਾਉਂਦੀ ਹੈ। ਜਦੋਂ ਕਾਤਲ ਬੰਦਾ ਸਿੰਘ ਦੇ ਛੋਟੇ ਬੱਚੇ ਨੂੰ ਵੀ ਫਾਂਸੀ ਦੇਣ ਲਈ ਲਿਆਉਂਦੇ ਹਨ।”

“ਟੈਗੋਰ ਬੰਦਾ ਸਿੰਘ ਦੀ ਬੇਮਿਸਾਲ ਹਿੰਮਤ ਅਤੇ ਸਹਿਣਸ਼ੀਲਤਾ ਨੂੰ ਉੱਚਾ ਚੁੱਕਦੇ ਹਨ। ਉਹ ਲਿਖਦੇ ਹਨ।

“ਬਾਦੁਰ ਦੇਹੋ ਛਿਨਰੀਲੋ ਘਾਟੋਕ ਸਨਰਾਸੀ ਕੋਰੀਆ ਦੁਗਧੋ”

(ਅਰਥ: ਬਿਨਾਂ ਕਿਸੇ ਸ਼ਿਕਵੇ ਦੇ ਹਰ ਦੁਖ ਤਕਲੀਫ਼ ਝੱਲਦੇ ਹੋਏ ਉਨ੍ਹਾਂ ਨੇ ਆਪਣੀ ਜ਼ਿੰਦਗੀ ਤੱਕ ਕੁਰਬਾਨ ਕਰ ਦਿੱਤੀ।)

“ਟੈਗੋਰ ਕਵਿਤਾ ਰਾਹੀਂ ਦੱਸਦੇ ਹਨ ਕਿ ਸਿੱਖਾਂ ਨੇ ਕਿਵੇਂ ਜ਼ੁਲਮ, ਕਬਜ਼ੇ ਅਤੇ ਹਮਲਿਆਂ ਦੇ ਖ਼ਿਲਾਫ਼ ਲੰਬੇ ਸਮੇਂ ਤੱਕ ਵਿਰੋਧ ਕੀਤਾ। ਇਹ ਕਵਿਤਾ ਪੰਜਾਬ ਦੇ ਸਿੱਖਾਂ ਦੀ ਵਿਰਾਸਤ ਅਤੇ ਵਿਰੋਧ ਦੀ ਰੂਹ ਨੂੰ ਸਲਾਮ ਕਰਦੀ ਹੈ।”

ਰਬਿੰਦਰ ਨਾਥ ਟੈਗੌਰ

ਤਸਵੀਰ ਸਰੋਤ, Getty Images

‘ਟੈਗੋਰ ਦੀਆਂ ਰਚਨਾਵਾਂ ਵਿੱਚ ਸਿੱਖਾਂ ਨੂੰ ਖ਼ਾਸ ਸਥਾਨ’

ਮੌਨੀਸ਼ ਕਹਿੰਦੇ ਹਨ, “ਟੈਗੋਰ ਭਾਰਤ ਦੇ ਵਿਸ਼ਵ ਭਰ ਨੂੰ ਦਿੱਤੇ ਸਾਂਝ ਦੇ ਸੰਦੇਸ਼ ‘ਤੇ ਵਿਸ਼ਵਾਸ ਰੱਖਦੇ ਸਨ। ਉਹ ਮਨੁੱਖਤਾ ਦੀ ਏਕਤਾ ‘ਤੇ ਆਧਾਰਤ ਆਪਣੇ ਵਿਸ਼ਵਵਾਦੀ ਵਿਚਾਰ ਨੂੰ ਦੁਨੀਆ ਦੇ ਵੱਡੇ ਵਿਦਵਾਨ ਕੇਂਦਰਾਂ ਤੱਕ ਲੈ ਕੇ ਗਏ। ਉਨ੍ਹਾਂ ਨੇ ਆਪਣੇ ਸਮੇਂ ਦੇ ਲਗਭਗ ਸਾਰੇ ਮੁੱਖ ਵਿਅਕਤੀਆਂ ਨਾਲ ਮੁਲਾਕਾਤ ਕੀਤੀ।”

“ਟੈਗੋਰ ਨੇ ਲਗਭਗ ਹਰ ਵਿਸ਼ੇ ‘ਤੇ ਲਿਖਿਆ। ਉਹ ਬੰਗਾਲੀ ਸਾਹਿਤ ਨੂੰ ਨਵੇਂ ਰੂਪ, ਨਵੀਆਂ ਦਿਸ਼ਾਵਾਂ ਅਤੇ ਦੁਨੀਆਵੀ ਪੱਧਰ ‘ਤੇ ਲੈ ਗਏ। ਉਨ੍ਹਾਂ ਦੀ ਇਸ ਵੱਡੀ ਸਾਹਿਤਕ ਅਤੇ ਸੰਸਕ੍ਰਿਤਿਕ ਯਾਤਰਾ ਵਿੱਚ ਸਿੱਖਾਂ ਲਈ ਖ਼ਾਸ ਥਾਂ ਸੀ।”

“ਉਨ੍ਹਾਂ ਨੇ ਸਿੱਖਾਂ ਬਾਰੇ ਕਈ ਲੇਖ ਅਤੇ ਕਵਿਤਾਵਾਂ ਲਿਖੀਆਂ। ਇਨ੍ਹਾਂ ਵਿੱਚੋਂ ਇੱਕ ਕਹਾਣੀ ਬੰਦਾ ਸਿੰਘ ਬਹਾਦਰ ਦੀ ਸੀ। ਟੈਗੋਰ ਚਾਹੁੰਦੇ ਸਨ ਕਿ ਉਨ੍ਹਾਂ ਦੀ ਵੀਰਤਾ ਦੀ ਮਿਸਾਲ ਬੰਗਾਲ ਦੇ ਉਨ੍ਹਾਂ ਨੌਜਵਾਨਾਂ ਤੱਕ ਪਹੁੰਚੇ ਜੋ ਨਿਆਂ ਲਈ ਸੰਘਰਸ਼ ਕਰ ਰਹੇ ਸਨ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI