Source :- BBC PUNJABI

“ਦਸ ਕੁ ਦਿਨ ਪਹਿਲਾਂ ਮੇਰੇ ਘਰ ਪੋਤਰੇ ਦਾ ਜਨਮ ਹੋਇਆ, ਪਰਿਵਾਰ ਖ਼ੁਸ਼ ਸੀ, ਪਰ ਅਚਾਨਕ ਭਾਰਤ-ਪਾਕਿਸਤਾਨ ਦੇ ਸਬੰਧ ਵਿਗੜਨ ਤੋਂ ਬਾਅਦ ਜੋ ਕੁਝ ਹੋਇਆ, ਸਾਡੀਆਂ ਖ਼ੁਸ਼ੀਆਂ ਹੀ ਗੁਆਚ ਗਈਆਂ। ਡਰੋਨ ਅਤੇ ਮਿਜ਼ਾਈਲਾਂ ਕਾਰਨ ਅਸੀਂ ਡਰੇ ਹੋਏ ਹਾਂ ਅਤੇ ਹੁਣ ਜੰਗਬੰਦੀ ਦੇ ਬਾਵਜੂਦ ਵੀ ਤਣਾਅ ਵਿੱਚ ਹਾਂ।”
ਇਹ ਸ਼ਬਦ ਹਨ ਬਜ਼ੁਰਗ ਬਲਕਾਰ ਸਿੰਘ ਦੇ, ਜੋ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜਪੁਰ ਦੇ ਇੱਕ ਪਿੰਡ ਦੇ ਵਸਨੀਕ ਹਨ।
ਭਵਿੱਖ ਵਿੱਚ ਫਿਰ ਤੋਂ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਬਲਕਾਰ ਸਿੰਘ ਆਪਣੇ ਘਰ ਦੇ ਵਿਹੜੇ ਵਿੱਚ ਬੰਕਰ ਬਣਾ ਰਹੇ ਹਨ ਤਾਂ ਜੋ ਪਰਿਵਾਰ ਸੁਰੱਖਿਅਤ ਰਹੇ ਸਕੇ।
ਬਲਕਾਰ ਸਿੰਘ ਦਾ ਪਿੰਡ ਹਾਲਾਂਕਿ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਕਰੀਬ ਦਸ ਕਿਲੋਮੀਟਰ ਦੂਰ ਹੈ ਪਰ ਪਿਛਲੇ ਦਿਨੀਂ ਡਰੋਨਾਂ ਦੇ ਧਮਾਕਿਆਂ ਕਾਰਨ ਪੂਰਾ ਪਰਿਵਾਰ ਅਜੇ ਵੀ ਸਦਮੇ ਵਿੱਚ ਹੈ।
ਕਰੀਬ 60 ਸਾਲਾ ਬਲਕਾਰ ਸਿੰਘ ਦਾ ਕਹਿਣਾ ਹੈ ਕਿ “ਨੂੰਹ ਨੇ ਡਰ ਦੇ ਮਾਰੇ ਆਖਿਆ ਵੀ ਕਿ ਅਸੀਂ ਘਰ ਛੱਡ ਕੇ ਸੁਰੱਖਿਅਤ ਥਾਂ ਉੱਤੇ ਚਲੇ ਜਾਈਏ, ਪਰ ਪੁੱਤਰਾਂ ਲਈ ਘਰ ਛੱਡਣੇ ਸੋਖੇ ਨਹੀਂ ਹਨ।”
ਉਨ੍ਹਾਂ ਆਖਿਆ ਕਿ ”ਸਰਹੱਦੀ ਇਲਾਕੇ ਦੇ ਲੋਕ ਅਜਿਹੀ ਨਾਜ਼ੁਕ ਸਥਿਤੀ ਦੇ ਲਈ ਮਾਨਸਿਕ ਤੌਰ ਉੱਤੇ ਤਿਆਰ ਹੁੰਦੇ ਹਨ ਪਰ ਪਰ ਜੋ ਕੁਝ ਇਸ ਵਾਰ ਹੋਇਆ, ਉਹ ਪਹਿਲਾਂ ਕਦੇ ਵੀ ਨਹੀਂ ਹੋਇਆ।”
ਬਲਕਾਰ ਸਿੰਘ ਕਹਿੰਦੇ ਹਨ ਕਿ ਬੇਸ਼ੱਕ ਪਹਿਲਾਂ ਦੇ ਮੁਕਾਬਲੇ ਹਾਲਾਤ ਹੁਣ ਠੀਕ ਹੋ ਰਹੇ ਹਨ ਪਰ ਉਨ੍ਹਾਂ ਦੇ ਮਨ ਅੰਦਰ ਡਰ ਬਰਕਰਾਰ ਹੈ, ਖ਼ਾਸ ਤੌਰ ਉੱਤੇ 8 -9 ਮਈ ਦੀ ਰਾਤ ਨੂੰ ਜੋ ਕੁਝ ਉਨ੍ਹਾਂ ਨੇ ਅਸਮਾਨ ਵਿੱਚ ਦੇਖਿਆ, ਉਹ ਬਹੁਤ ਡਰਾਉਣਾ ਸੀ।
”ਇੱਕ-ਇੱਕ ਮਿੰਟ ਭਾਰੀ ਪੈ ਰਿਹਾ ਸੀ ਕਿ ਪਤਾ ਨਹੀਂ ਸਵੇਰ ਦਾ ਚਾਨਣ ਅਸੀਂ ਦੇਖ ਵੀ ਸਕਾਂਗੇ ਜਾ ਨਹੀਂ।”
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਵਿਚਲੀਆਂ ਥਾਵਾਂ ਨੂੰ ‘ਅਪਰੇਸ਼ਨ ਸਿੰਦੂਰ’ ਦੇ ਤਹਿਤ ਨਿਸ਼ਾਨਾ ਬਣਾਇਆ ਗਿਆ ਸੀ।
ਭਾਰਤੀ ਫ਼ੌਜ ਮੁਤਾਬਕ ਇਸ ਮਗਰੋਂ ਪਾਕਿਸਤਾਨ ਵੱਲੋਂ ਭਾਰਤ ਵਿਚਲੀਆਂ ਥਾਵਾਂ ‘ਤੇ ਡਰੋਨ ਅਤੇ ਮਿਜ਼ਾਈਲਾਂ ਦਾਗ਼ੀਆਂ ਗਈਆਂ।
ਫ਼ਿਰੋਜ਼ਪੁਰ ਵਿੱਚ ਡਰੋਨ ਡਿੱਗਣ ਕਰ ਕੇ ਪਰਿਵਾਰ ਦੇ ਤਿੰਨ ਜੀਅ ਬੁਰੀ ਤਰਾਂ ਝੁਲਸ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਹਸਪਤਾਲ ਵਿੱਚ ਮੌਤ ਹੋ ਗਈ।

ਬਾਬੇ ਦਾ ਬਣਾਇਆ ਬੰਕਰ ਪੋਤੇ ਨੂੰ ਆਇਆ ਯਾਦ
ਫਿਲਹਾਲ, ਦੋਹਾਂ ਦੇਸ਼ਾਂ ਨੇ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ, ਸਕੂਲ- ਕਾਲਜ ਅਤੇ ਹੋਰ ਅਦਾਰੇ ਖੁੱਲ੍ਹ ਗਏ ਹਨ ਪਰ ਫਿਰ ਵੀ ਸਰਹੱਦੀ ਇਲਾਕਿਆਂ ਵਿੱਚ ਜ਼ਿੰਦਗੀ ਆਮ ਹੋਣ ਵਿੱਚ ਅਜੇ ਵਕਤ ਲੱਗ ਰਿਹਾ ਹੈ।
ਬੀਬੀਸੀ ਦੀ ਟੀਮ ਨੇ ਫ਼ਿਰੋਜਪੁਰ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਉੱਤੇ ਵਸੇ ਕਈ ਪਿੰਡਾਂ ਦੇ ਦੌਰੇ ਦੌਰਾਨ ਵੇਖਿਆ ਕਿ ਇੱਥੇ ਇੱਕ ਅਜੀਬ ਜਿਹੀ ਚੁੱਪ ਪਸਰੀ ਹੋਈ ਹੈ। ਪਿੰਡਾਂ ਨੂੰ ਜਾਂਦੇ ਰਸਤੇ ਸੁੰਨੇ ਪਏ ਹਨ, ਸਿਰਫ਼ ਜ਼ਰੂਰੀ ਕੰਮ ਲਈ ਹੀ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਹਨ।

ਅਸੀਂ, ਸਰਹੱਦ ਤੋਂ ਮਹਿਜ਼ ਇੱਕ ਕਿੱਲੋਮੀਟਰ ਦੂਰੀ ਉੱਤੇ ਰਹਿੰਦੇ ਮਲਕੀਤ ਸਿੰਘ ਦੇ ਘਰ ਗਏ। ਖ਼ਾਲੀ ਪਿਆ ਵਿਹੜਾ ਅਤੇ ਘਰ ਵਿੱਚ ਕੋਈ ਵੀ ਹਰਕਤ ਨਹੀਂ।
ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਜ਼ਰੂਰੀ ਸਮਾਨ ਇੱਕ ਕਮਰੇ ਵਿੱਚ ਬੰਨ੍ਹਿਆ ਹੋਇਆ ਸੀ। ਖੇਤੀਬਾੜੀ ਦੇ ਕਿੱਤੇ ਨਾਲ ਸਬੰਧਿਤ ਮਲਕੀਤ ਸਿੰਘ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ, ਪਰ ਇਸ ਵਕਤ ਉਨ੍ਹਾਂ ਦਾ ਪੂਰਾ ਧਿਆਨ ਪਰਿਵਾਰ ਨੂੰ ਸੁਰੱਖਿਅਤ ਕਰਨ ਉੱਤੇ ਲੱਗਾ ਹੋਇਆ ਸੀ।
ਮਲਕੀਤ ਸਿੰਘ ਨੇ ਦੱਸਿਆ ਕਿ “ਸਰਹੱਦ ਨੇੜੇ ਹੋਣ ਕਾਰਨ ਉਨ੍ਹਾਂ ਦੇ ਬਜ਼ੁਰਗਾਂ ਨੇ ਘਰ ਵਿੱਚ ਇੱਕ ਬੰਕਰ ਬਣਾਇਆ ਹੋਇਆ ਸੀ। ਸਮਾਂ ਬੀਤਣ ਦੇ ਨਾਲ ਅਤੇ ਬਜ਼ੁਰਗਾਂ ਦੇ ਰੁਖ਼ਸਤ ਹੋਣ ਕਾਰਨ ਉਹ ਬੰਕਰ ਨੂੰ ਭੁੱਲ ਚੁੱਕੇ ਸਨ ਅਤੇ ਵਿਹੜੇ ਵਿੱਚ ਮਾਰਬਲ ਲੱਗਾ ਦਿੱਤਾ ਸੀ।
ਪਰ ਜੋ ਕੁਝ ਪਿਛਲੇ ਦਿਨੀਂ ਹੋਇਆ ਤਾਂ ਉਨ੍ਹਾਂ ਨੇ ਵਿਹੜੇ ਦੇ ਵਿੱਚ ਖ਼ੁਦਾਈ ਕਰਵਾਈ ਅਤੇ ਬੰਕਰ ਨੂੰ ਫਿਰ ਤੋਂ ਲੱਭਿਆ।

ਬੀਬੀਸੀ ਦੀ ਟੀਮ ਇਸ ਬੰਕਰ ਦੇ ਅੰਦਰ ਵੀ ਗਈ ਅਤੇ ਵੇਖਿਆ ਕਿ ਇਹ ਕੰਕਰੀਟ ਨਾਲ ਤਿਆਰ ਕੀਤਾ ਹੋਇਆ ਜੋ ਕਿ ਕਰੀਬ ਅੱਠ ਫੁੱਟ ਡੂੰਘਾ ਸੀ ਅਤੇ ਛੇ ਫੁੱਟ ਲੰਬਾ ਸੀ।
ਬੰਕਰ ਵਿੱਚ ਆਕਸੀਜਨ ਆ ਸਕੇ ਇਸ ਦੇ ਲਈ ਦੋ ਪਾਈਪਾਂ ਵੀ ਲਗਾਈ ਹੋਈਆਂ ਸਨ।
ਮਲਕੀਤ ਸਿੰਘ ਨੇ ਦੱਸਿਆ ਕਿ “ਜੰਗ ਦੇ ਮਾਹੌਲ ਵਿੱਚ ਬਾਹਰ ਦੀ ਦੁਨੀਆਂ ਬਾਰੇ ਜਾਣਕਾਰੀ ਮਿਲ ਸਕੇ ਇਸ ਲਈ ਬੰਕਰ ਦੇ ਅੰਦਰ ਰੇਡੀਓ ਰੱਖਣ ਲਈ ਬਕਾਇਦਾ ਥਾਂ ਬਣਾਈ ਹੋਈ ਸੀ।”

ਮਲਕੀਤ ਸਿੰਘ ਦੇ ਪਤਨੀ ਹਰਦੀਪ ਕੌਰ ਨੇ ਦੱਸਿਆ ਕਿ ਬੇਸ਼ੱਕ ਜੰਗਬੰਦੀ ਹੋ ਚੁੱਕੀ ਹੈ ਪਰ ਅਜੇ ਵੀ ਉਹ ਡਰੇ ਹੋਏ ਹਨ। ਉਨ੍ਹਾਂ ਕਿਹਾ, “ਜਿਵੇਂ ਜਿਵੇਂ ਹਨ੍ਹੇਰਾ ਹੁੰਦਾ ਹੈ, ਉਨ੍ਹਾਂ ਦੀ ਫ਼ਿਕਰ ਵਧਣੀ ਸ਼ੁਰੂ ਹੋ ਜਾਂਦਾ ਹੈ, ਡਰੋਨਾਂ ਦਾ ਖ਼ੌਫ਼ ਉਨ੍ਹਾਂ ਦੇ ਮੰਨ ਅੰਦਰ ਘਰ ਕਰ ਚੁੱਕਾ ਹੈ।”
ਹਰਦੀਪ ਕੌਰ ਦੱਸਦੇ ਹਨ ਕਿ ”ਸਾਡੇ ਵਿਆਹ ਨੂੰ ਕਰੀਬ 16 ਸਾਲ ਹੋ ਚੁੱਕੇ ਹਨ ਅਤੇ ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਘਰ ਦੇ ਵਿਹੜੇ ਵਿੱਚ ਬਣਾਏ ਜਿਸ ਚੁੱਲ੍ਹੇ ਉੱਤੇ ਮੈਂ ਰੋਜ਼ਾਨਾ ਖਾਣਾ ਬਣਾਉਂਦੀ ਹਾਂ, ਇਸ ਦੇ ਹੇਠਾਂ ਬੰਕਰ ਹੈ।”
ਉਨ੍ਹਾਂ ਦੱਸਿਆ ਕਿ “ਜਦੋਂ ਦੋਹਾਂ ਦੇਸ਼ਾਂ ਵਿਚਾਲੇ ਹਾਲਾਤ ਜ਼ਿਆਦਾ ਖ਼ਰਾਬ ਹੋਏ ਤਾਂ ਉਨ੍ਹਾਂ ਨੇ ਬੱਚਿਆਂ ਨੂੰ ਤਾਂ ਰਿਸ਼ਤੇਦਾਰਾਂ ਕੋਲ ਭੇਜ ਦਿੱਤੇ ਪਰ ਉਹ ਆਪ ਉੱਥੇ ਹੀ ਰਹੇ ਕਿਉਂਕਿ ਘਰ ਵਿੱਚ ਚੋਰੀ ਦਾ ਡਰ ਸੀ।”
ਉਨ੍ਹਾਂ ਦੱਸਿਆ ਕਿ “ਜਦੋਂ ਵੀ ਜੰਗ ਦਾ ਰੌਲ਼ਾ ਪੈਂਦਾ ਹੈ, ਸਰਹੱਦ ਉੱਤੇ ਰਹਿਣ ਵਾਲੇ ਲੋਕਾਂ ਦਾ ਬਹੁਤ ਬੁਰਾ ਹਾਲ ਹੁੰਦਾ ਹੈ ਕਿਉਂਕਿ ਇਸ ਦਾ ਪਹਿਲਾ ਸੇਕ ਸਾਡੇ ਵਰਗੇ ਹਜ਼ਾਰਾਂ ਪਰਿਵਾਰ ਨੂੰ ਲੱਗਦਾ ਹੈ।”

ਨੌਜਵਾਨਾਂ ਵਿੱਚ ਜੋਸ਼
ਭਾਰਤ-ਪਾਕਿਸਤਾਨ ਸਰਹੱਦ ਨਾਲ ਵਸੇ ਇੱਕ ਹੋਰ ਪਿੰਡ ਵਿੱਚ ਸਾਡੀ ਮੁਲਾਕਾਤ ਨੌਜਵਾਨ ਜਸਵਿੰਦਰ ਸਿੰਘ ਨਾਲ ਹੋਈ, ਜਿਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਆਪਣੇ ਵਿਹੜੇ ਵਿੱਚ ਕੰਕਰੀਟ ਦਾ ਪੱਕਾ ਬੰਕਰ ਬਣਾਇਆ ਹੈ। ਜਸਵਿੰਦਰ ਸਿੰਘ ਕਹਿੰਦੇ ਹਨ ਕਿ ਜੋ ਪਿਛਲੇ ਦਿਨੀਂ ਉਨ੍ਹਾਂ ਨੇ ਜੋ ਹਾਲਾਤ ਦੇਖੇ, ਉਹ ਬਹੁਤ ਡਰਾਉਣੇ ਸਨ।
ਉਨ੍ਹਾਂ ਦੱਸਿਆ ਕਿ ਉਹ ਆਪਣਾ ਘਰ ਛੱਡ ਕੇ ਪਿੱਛੇ ਨਹੀਂ ਜਾਣਗੇ ਅਤੇ ਜੇਕਰ ਲੋੜ ਪਈ ਤਾਂ ਉਹ ਫ਼ੌਜੀਆਂ ਦਾ ਸਾਥ ਦੇਣਗੇ।
ਉਨ੍ਹਾਂ ਦੱਸਿਆ ਕਿ ਬੇਸ਼ੱਕ ਬੰਕਰ ਬਣਾਉਣ ਦੇ ਲਈ ਉਨ੍ਹਾਂ ਨੂੰ ਕਿਸੇ ਪ੍ਰਸਾਸ਼ਨਿਕ ਅਧਿਕਾਰੀ ਨਹੀਂ ਆਖਿਆ ਪਰ ਫਿਰ ਉਹ ਆਪਣੀ ਸੁਰੱਖਿਆ ਲਈ ਇਨ੍ਹਾਂ ਦਾ ਨਿਰਮਾਣ ਕਰਵਾ ਰਹੇ ਹਨ।

ਜਸਵਿੰਦਰ ਸਿੰਘ ਦੀ ਜ਼ਮੀਨ ਭਾਰਤ-ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਹੈ। ਉਹ ਦੱਸਦੇ ਹਨ ਕਿ ਫ਼ਸਲ ਵੱਢੀ ਜਾ ਚੁੱਕੀ ਹੈ ਪਰ ਫ਼ਿਲਹਾਲ ਉਹ ਜ਼ਮੀਨ ਉੱਤੇ ਗੇੜੇ ਮਾਰਨ ਤੋਂ ਡਰ ਰਹੇ ਹਨ। ਉਨ੍ਹਾਂ ਆਖਿਆ ਕਿ ਜੇਕਰ ਤਣਾਅ ਘੱਟ ਨਾ ਹੋਇਆ ਤਾਂ ਸਰਹੱਦੀ ਇਲਾਕੇ ਵਿੱਚ ਝੋਨਾ ਲਗਾਉਣਾ ਕਾਫ਼ੀ ਮੁਸ਼ਕਿਲ ਹੋ ਜਾਵੇਗਾ।
ਨੌਜਵਾਨ ਸੁਰਜੀਤ ਸਿੰਘ ਆਖਦੇ ਹਨ ਕਿ ਸਰਹੱਦ ਉੱਤੇ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਲਈ “ਡਰੋਨ” ਸ਼ਬਦ ਕੋਈ ਨਵਾਂ ਨਹੀਂ, ਕਿਉਂਕਿ ਅਕਸਰ ਬੀਐੱਸਐਫ ਡਰੱਗਜ਼ ਅਤੇ ਹੋਰ ਗ਼ੈਰਕਾਨੂੰਨੀ ਗਤੀਵਿਧੀਆਂ ਵਿੱਚ ਲੱਗੇ ਡਰੋਨਾਂ ਨੂੰ ਡੇਗਦੀ ਹੈ ਪਰ ਇਸ ਵਾਰ ਦੇ ਡਰੋਨ ਕੁਝ ਵੱਖਰੇ ਸਨ, ਅਸਮਾਨ ਵਿੱਚ ਲਾਲ ਰੰਗ ਦੀ ਰੌਸ਼ਨੀ ਅਤੇ ਧਮਾਕਿਆਂ ਕਾਰਨ ਉਨ੍ਹਾਂ ਦੇ ਮਨ ਅੰਦਰ ਡਰ ਬੈਠ ਗਿਆ ਹੈ।”
ਪੰਜਾਬ ਵਿੱਚ ਪਾਕਿਸਤਾਨ ਨਾਲ ਭਾਰਤ ਦੀ ਸਰਹੱਦ 553 ਕਿਲੋਮੀਟਰ ਲੰਮੀ ਹੈ ਅਤੇ ਸੂਬੇ ਦੇ ਛੇ ਜ਼ਿਲ੍ਹੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਹਨ। ਇਹ ਜ਼ਿਲ੍ਹੇ ਹਨ- ਫ਼ਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫ਼ਾਜ਼ਿਲਕਾ ਅਤੇ ਪਠਾਨਕੋਟ। ਇਨ੍ਹਾਂ ਵਿਚੋਂ ਫ਼ਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ ਇਸ ਵਾਰ ਧਮਾਕੇ ਦੇਖਣ ਨੂੰ ਮਿਲੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI