Source :- BBC PUNJABI

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਸਹਿਯੋਗੀ
-
18 ਮਈ 2025, 18:24 IST
ਅਪਡੇਟ 30 ਮਿੰਟ ਪਹਿਲਾਂ
14 ਫਰਵਰੀ, 2019 ਨੂੰ ਪੂਰੀ ਦੁਨੀਆਂ ਨੇ ਜੰਮੂ-ਸ਼੍ਰੀਨਗਰ ਹਾਈਵੇਅ ‘ਤੇ ਪੁਲਵਾਮਾ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਦੇ ਕਾਫਲੇ ‘ਤੇ ਹੋਏ ਇੱਕ ਵੱਡੇ ਆਤਮਘਾਤੀ ਹਮਲੇ ਦੀ ਖ਼ਬਰ ਸੁਣੀ, ਜਿਸ ਵਿੱਚ 40 ਭਾਰਤੀ ਸੁਰੱਖਿਆ ਕਰਮੀ ਮਾਰੇ ਗਏ।
ਇਸ ਹਮਲੇ ਲਈ ਕੱਟੜਪੰਥੀ ਸੰਗਠਨ ਜੈਸ਼-ਏ-ਮੁਹੰਮਦ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ, ਜਿਸ ਬਾਰੇ ਭਾਰਤ ਦਾ ਮੰਨਣਾ ਹੈ ਕਿ ਇਸ ਦਾ ਮੁੱਖ ਦਫ਼ਤਰ ਪਾਕਿਸਤਾਨ ਵਿੱਚ ਹੈ। ਪਰ ਪਾਕਿਸਤਾਨ ਹਮੇਸ਼ਾ ਇਸ ਗੱਲ ਤੋਂ ਇਨਕਾਰ ਕਰਦਾ ਆਇਆ ਹੈ।
ਹਮਲੇ ਦੀ ਜਾਂਚ ਲਈ ਭੇਜੀ ਗਈ 12 ਮੈਂਬਰੀ ਐੱਨਆਈਏ ਦੀ ਟੀਮ ਨੇ ਪੁਸ਼ਟੀ ਕੀਤੀ ਕਿ ਉਸ ਹਮਲੇ ਵਿੱਚ 300 ਕਿਲੋਗ੍ਰਾਮ ਵਿਸਫੋਟਕ ਵਰਤਿਆ ਗਿਆ ਸੀ, ਜਿਸ ਵਿੱਚ 80 ਕਿਲੋਗ੍ਰਾਮ ਹਾਈ ਕਲਾਸ ਆਰਡੀਐਕਸ ਸ਼ਾਮਲ ਸੀ।
ਇਸ ਹਮਲੇ ਤੋਂ 12 ਦਿਨ ਬਾਅਦ, ਭਾਰਤ ਨੇ ਬਾਲਾਕੋਟ ਵਿੱਚ ਹਵਾਈ ਹਮਲਾ ਕੀਤਾ ਜਿਸ ਨੂੰ ਪੁਲਵਾਮਾ ਹਮਲੇ ਦਾ ਜਵਾਬ ਦੱਸਿਆ ਗਿਆ। ਭਾਰਤ ਨੇ ਕਿਹਾ ਕਿ ਇਸ ਹਵਾਈ ਹਮਲੇ ਵਿੱਚ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲ ਹੀ ਵਿੱਚ ਹੋਏ ਟਕਰਾਅ ਦੇ ਵਿਚਕਾਰ, ਮੌਲਾਨਾ ਮਸੂਦ ਅਜ਼ਹਰ ਅਤੇ ਜੈਸ਼-ਏ-ਮੁਹੰਮਦ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ।
ਭਾਰਤ ਨੇ ਜੈਸ਼-ਏ-ਮੁਹੰਮਦ ਦੇ ਹੈੱਡਕੁਆਰਟਰ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਤੀਜੇ ਵਜੋਂ ਮਸੂਦ ਅਜ਼ਹਰ ਦੇ ਕੁਝ ਨਜ਼ਦੀਕੀ ਰਿਸ਼ਤੇਦਾਰ ਮਾਰੇ ਗਏ।

ਤਸਵੀਰ ਸਰੋਤ, Getty Images
ਹੂਜੀ, ਹਰਕਤ-ਉਲ-ਅੰਸਾਰ ਤੋਂ ਜੈਸ਼-ਏ-ਮੁਹੰਮਦ ਤੱਕ
ਜੈਸ਼-ਏ-ਮੁਹੰਮਦ ਦੀ ਸਥਾਪਨਾ ਸਾਲ 2000 ਵਿੱਚ ਹੋਈ ਸੀ ਪਰ ਇਸ ਦੇ ਇਤਿਹਾਸ ਨੂੰ ਸਮਝਣ ਲਈ ਥੋੜ੍ਹਾ ਹੋਰ ਪਿੱਛੇ ਜਾਣਾ ਪਵੇਗਾ।
ਸਨ 1979 ਵਿੱਚ, ਕਰਾਚੀ ਦੀ ਬਿਨੋਰੀਆ ਟਾਊਨ ਮਸਜਿਦ ਦੇ ਇੱਕ ਵਿਦਿਆਰਥੀ ਇਰਸ਼ਾਦ ਅਹਿਮਦ ਨੇ ਅਫ਼ਗਾਨਿਸਤਾਨ ਵਿੱਚ ਰੂਸੀਆਂ ਵਿਰੁੱਧ ਹਥਿਆਰਬੰਦ ਜਿਹਾਦ ਲਈ ਹਰਕਤ-ਉਲ-ਜੇਹਾਦ-ਅਲ-ਇਸਲਾਮੀ (ਹੂਜੀ) ਦੀ ਸਥਾਪਨਾ ਕੀਤੀ ਸੀ।
ਸਨ 1984 ਵਿੱਚ, ਹੂਜੀ ਵਿੱਚ ਵੰਡ ਪੈ ਗਈ ਅਤੇ ਪਸ਼ਤੂਨ ਕਮਾਂਡਰ ਫਜ਼ਲੁਰ-ਰਹਿਮਾਨ ਖ਼ਲੀਲ ਨੇ ਹਰਕਤ-ਉਲ-ਮੁਜਾਹਿਦੀਨ ਦੀ ਸਥਾਪਨਾ ਕੀਤੀ, ਪਰ ਨੌਂ ਸਾਲ ਬਾਅਦ 1993 ਵਿੱਚ, ਹੂਜੀ ਅਤੇ ਹਰਕਤ-ਉਲ-ਮੁਜਾਹਿਦੀਨ ਮੁੜਵਾ ਇਕੱਠੇ ਹੋ ਗਏ ਅਤੇ ਇਸ ਸੰਗਠਨ ਦਾ ਨਾਮ ਹਰਕਤ-ਉਲ-ਅੰਸਾਰ ਰੱਖਿਆ ਗਿਆ।
ਇਸ ਏਕੀਕਰਨ ਵਿੱਚ ਮਸੂਦ ਅਜ਼ਹਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਹ ਗਠਜੋੜ ਚਾਰ ਸਾਲ ਤੱਕ ਚੱਲਿਆ।
ਹਰਕਤ-ਉਲ-ਅੰਸਾਰ ਦੇ ਅਰਬ-ਅਫ਼ਗਾਨਾਂ ਨਾਲ ਸਬੰਧਾਂ ਕਾਰਨ 1997 ਵਿੱਚ ਅਮਰੀਕਾ ਨੇ ਇਸ ‘ਤੇ ਪਾਬੰਦੀ ਲਗਾ ਦਿੱਤੀ ਸੀ, ਪਰ ਇਹ ਇੱਕ ਸਾਲ ਬਾਅਦ ਇਸ ਪਾਬੰਦੀ ਨੂੰ ਚਕਮਾ ਦਿੰਦਿਆਂ ਇਸ ਦਾ ਜਮਾਤ-ਉਲ-ਅੰਸਾਰ ਦੇ ਰੂਪ ਵਿੱਚ ਦੁਬਾਰਾ ਉਭਾਰ ਹੋਇਆ। ਜਿਸ ‘ਤੇ ਪਰਵੇਜ਼ ਮੁਸ਼ੱਰਫ਼ ਨੇ ਇੱਕ ਵਾਰ ਫਿਰ ਪਾਬੰਦੀ ਲਗਾ ਦਿੱਤੀ।
ਜਦੋਂ ਮਸੂਦ ਅਜ਼ਹਰ ਨੂੰ 1994 ਵਿੱਚ ਕਸ਼ਮੀਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਤਾਂ ਉਹ ਹਿਜ਼ਬੁਲ ਮੁਜਾਹਿਦੀਨ ਦਾ ਮੈਂਬਰ ਸੀ।

ਤਸਵੀਰ ਸਰੋਤ, Getty Images
ਸਾਲ 2000 ਵਿੱਚ ਹੋਈ ਜੈਸ਼ ਦੀ ਸਥਾਪਨਾ
ਦਸੰਬਰ 1999 ਵਿੱਚ ਕੰਧਾਰ ਵਿੱਚ ਇੱਕ ਭਾਰਤੀ ਯਾਤਰੀ ਜਹਾਜ਼ ਦੇ ਅਗਵਾ ਹੋਣ ਤੋਂ ਬਾਅਦ, ਭਾਰਤੀ ਖ਼ੁਫ਼ੀਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਰਤੀ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਮਸੂਦ ਨੇ ਅਫ਼ਗਾਨਿਸਤਾਨ ਦਾ ਦੌਰਾ ਕੀਤਾ ਸੀ ਜਿੱਥੇ ਉਸਦੀ ਮੁਲਾਕਾਤ ਮੁੱਲ੍ਹਾ ਉਮਰ ਅਤੇ ਓਸਾਮਾ ਬਿਨ ਲਾਦੇਨ ਨਾਲ ਵੀ ਹੋਈ, ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋ ਸਕੀ।
ਸਟੈਨਫੋਰਡ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਕਿਓਰਿਟੀ ਐਂਡ ਕੌਪਰੇਸ਼ਨ ਦੇ ਲੇਖ ‘ਜੈਸ਼-ਏ-ਮੁਹੰਮਦ ਮੈਪਿੰਗ ਮਿਲਿਟੈਂਟਸ ਪ੍ਰੋਫਾਈਲ’ ਵਿੱਚ ਲਿਖਿਆ ਹੈ, “ਆਪਣੀ ਰਿਹਾਈ ਤੋਂ ਬਾਅਦ, ਮਸੂਦ ਅਜ਼ਹਰ ਹਿਜ਼ਬੁਲ ਮੁਜਾਹਿਦੀਨ ਵਿੱਚ ਚੱਲ ਰਹੀ ਵੰਡ ਤੋਂ ਖੁਸ਼ ਨਹੀਂ ਸੀ।”
“ਆਖ਼ਰ, 4 ਫਰਵਰੀ, 2000 ਨੂੰ ਉਸ ਨੇ ਕਰਾਚੀ ਦੀ ਮਸਜਿਦ-ਏ-ਫਲਾਹ ਵਿੱਚ ਇੱਕ ਵੱਖਰੀ ਸੰਸਥਾ ਜੈਸ਼-ਏ-ਮੁਹੰਮਦ ਦੇ ਗਠਨ ਦਾ ਐਲਾਨ ਕਰ ਦਿੱਤਾ, ਜਿਸ ਦਾ ਸ਼ਾਬਦਿਕ ਅਰਥ ਹੈ – ‘ਪੈਗੰਬਰ ਮੁਹੰਮਦ ਦੀ ਫੌਜ’। ਇਸਦਾ ਮੁੱਖ ਕਾਰਨ ਸੀ ਕਸ਼ਮੀਰ ਜੇਹਾਦ ਦੇ ਮੁੱਦੇ ‘ਤੇ ਉਸ ਦੇ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਮੌਲਾਨਾ ਫਜ਼ਲੁਰ-ਰਹਿਮਾਨ ਖ਼ਲੀਲ ਨਾਲ ਵਿਚਾਰਧਾਰਕ ਮਤਭੇਦ।”
ਇਸ ਐਲਾਨ ਤੋਂ ਬਾਅਦ, ਹਿਜ਼ਬੁਲ ਮੁਜਾਹਿਦੀਨ ਦੇ ਤਿੰਨ-ਚੌਥਾਈ ਮੈਂਬਰ ਜੈਸ਼-ਏ-ਮੁਹੰਮਦ ਵਿੱਚ ਸ਼ਾਮਲ ਹੋ ਗਏ।

ਤਸਵੀਰ ਸਰੋਤ, HarperCollins
ਜੈਸ਼ ਨੂੰ ਲਸ਼ਕਰ ਦਾ ਮੁਕਾਬਲਾ ਕਰਨ ਲਈ ਬਣਾਇਆ ਗਿਆ ਸੀ
12 ਅਪ੍ਰੈਲ, 2022 ਨੂੰ ਕਸ਼ਮੀਰ ਹੇਰਾਲਡ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਦੱਸਿਆ ਗਿਆ ਸੀ ਕਿ “ਭਾਰਤ ਤੋਂ ਰਿਹਾਅ ਹੋਣ ਤੋਂ ਬਾਅਦ, ਮਸੂਦ ਨੂੰ ਆਈਐੱਸਆਈ ਨੇ ਨਵੇਂ ਸੰਗਠਨ ਲਈ ਫੰਡ ਇਕੱਠਾ ਕਰਨ ਦੇ ਇਰਾਦੇ ਨਾਲ ਇੱਕ ‘ਸਨਮਾਨਿਤ ਵਿਅਕਤੀ’ ਵਜੋਂ ਪੂਰੇ ਪਾਕਿਸਤਾਨ ਵਿੱਚ ਘੁੰਮਾਇਆ।”
ਮਸੂਦ ਨੇ ਪੂਰੇ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਭੜਕਾਊ ਭਾਸ਼ਣ ਦਿੱਤੇ। ਸਨ 2000 ਵਿੱਚ ਕਰਾਚੀ ਵਿੱਚ ਇੱਕ ਭਾਸ਼ਣ ਦੌਰਾਨ ਮਸੂਦ ਨੇ ਕਿਹਾ, “ਜੇਹਾਦ ਲਈ ਵਿਆਹ ਕਰੋ। ਜੇਹਾਦ ਲਈ ਬੱਚੇ ਪੈਦਾ ਕਰੋ ਅਤੇ ਜੇਹਾਦ ਲਈ ਓਦੋਂ ਤੱਕ ਪੈਸੇ ਕਮਾਓ ਜਦੋਂ ਤੱਕ ਅਮਰੀਕਾ ਅਤੇ ਭਾਰਤ ਦੇ ਅੱਤਿਆਚਾਰ ਖਤਮ ਨਹੀਂ ਹੋ ਜਾਂਦੇ।”
ਅਮਰੀਕੀ ਰੱਖਿਆ ਵਿਸ਼ਲੇਸ਼ਕ ਬਰੂਸ ਰੀਡੇਲ ਨੇ ‘ਦਿ ਡੇਲੀ ਬੀਸਟ’ ਦੇ 5 ਜਨਵਰੀ, 2016 ਦੇ ਅੰਕ ਵਿੱਚ ਲਿਖਿਆ, “ਮਸੂਦ ਨੂੰ ਉਸ ਦੀ ਰਿਹਾਈ ਤੋਂ ਬਾਅਦ ਜਨਤਕ ਮੀਟਿੰਗਾਂ ਵਿੱਚ ਇੱਕ ‘ਹੀਰੋ’ ਵਜੋਂ ਪੇਸ਼ ਕੀਤਾ ਗਿਆ।”
ਦੱਸਿਆ ਜਾਂਦਾ ਹੈ ਕਿ ਕੁਝ ਹੀ ਦਿਨਾਂ ਵਿੱਚ ਇਹ ਸੰਗਠਨ ਇੰਨਾ ਮਜ਼ਬੂਤ ਹੋ ਗਿਆ ਕਿ ਇਸਦੀ ਮੈਂਬਰਸ਼ਿਪ ਲੈਣ ਲਈ ਉੱਚ ਪੱਧਰੀ ਸਿਫ਼ਾਰਸ਼ ਦੀ ਲੋੜ ਪੈਣ ਲੱਗੀ ਸੀ।
ਭਾਰਤੀ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਈਐੱਸਆਈ ਨੇ ਖੁਦ ਜੈਸ਼-ਏ-ਮੁਹੰਮਦ ਵਿੱਚ ਨੌਜਵਾਨ ਮੁੰਡਿਆਂ ਦੀ ਭਰਤੀ ਲਈ ਇੱਕ ਮੁਹਿੰਮ ਚਲਾਈ ਸੀ।
ਭਾਰਤ ਦੇ ਖ਼ੁਫ਼ੀਆ ਬਿਊਰੋ ਦੇ ਸਾਬਕਾ ਸੰਯੁਕਤ ਨਿਰਦੇਸ਼ਕ ਅਵਿਨਾਸ਼ ਮੋਹਨੇ ਨੇ 22 ਫਰਵਰੀ, 2019 ਨੂੰ ਇੰਡੀਆ ਟੂਡੇ ਦੇ ‘ਜੈਸ਼ ਆਈਐੱਸਆਈ ਦਾ ਸਟਾਰਟਅੱਪ ਹੈ’ ਸਿਰਲੇਖ ਵਾਲੇ ਲੇਖ ਵਿੱਚ ਲਿਖਿਆ, “ਜੈਸ਼ ਦੀ ਸਥਾਪਨਾ ਲਸ਼ਕਰ-ਏ-ਤਾਇਬਾ ਦਾ ਮੁਕਾਬਲਾ ਕਰਨ ਲਈ ਕੀਤੀ ਗਈ ਸੀ।”
ਅੱਤਵਾਦ ਅਤੇ ਭਾਰਤ ਦੀ ਵਿਦੇਸ਼ ਨੀਤੀ ‘ਤੇ ਕਈ ਕਿਤਾਬਾਂ ਲਿਖਣ ਵਾਲੇ ਅਭਿਨਵ ਪਾਂਡਿਆ ਆਪਣੀ ਕਿਤਾਬ ‘ਇਨਸਾਈਡ ਦ ਟੈਰੀਫਾਈਂਗ ਵਰਲਡ ਆਫ ਜੈਸ਼-ਏ-ਮੁਹੰਮਦ’ ਵਿੱਚ ਲਿਖਦੇ ਹਨ, “ਆਈਐੱਸਆਈ ਦੀ ਹਮੇਸ਼ਾ ਇਹ ਰਣਨੀਤੀ ਰਹੀ ਹੈ ਕਿ ਕਸ਼ਮੀਰ ਵਿੱਚ ਨਿਯੰਤਰਣ ਅਤੇ ਸੰਤੁਲਨ ਬਣਾਈ ਰੱਖਣ ਲਈ ਕਈ ਅੱਤਵਾਦੀ ਮੋਰਚੇ ਬਣਾਏ ਜਾਣ ਅਤੇ ਅਜਿਹਾ ਮਾਹੌਲ ਬਣਾਇਆ ਜਾਵੇ ਕਿ ਕਿਸੇ ਖਾਸ ਸੰਗਠਨ ਦਾ ਏਕਾਧਿਕਾਰ ਨਾ ਹੋਵੇ ਅਤੇ ਇੱਕ ਸੰਗਠਨ ‘ਤੇ ਉਸ ਦੀ ਨਿਰਭਰਤਾ ਘੱਟ ਤੋਂ ਘੱਟ ਹੋਵੇ ਤਾਂ ਜੋ ਵੱਖ-ਵੱਖ ਅੱਤਵਾਦੀ ਸੰਗਠਨਾਂ ‘ਤੇ ਉਸਦਾ ਕੰਟਰੋਲ ਬਰਕਰਾਰ ਰਹੇ।”

ਤਸਵੀਰ ਸਰੋਤ, Getty Images
ਮਸੂਦ ਅਜ਼ਹਰ ਦੀ ਕਸ਼ਮੀਰ ਵਿੱਚ ਗ੍ਰਿਫ਼ਤਾਰੀ
ਮਸੂਦ ਅਜ਼ਹਰ ਦਾ ਜਨਮ 10 ਜੁਲਾਈ, 1968 ਨੂੰ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਹੋਇਆ ਸੀ।
ਹਰਿੰਦਰ ਬਾਵੇਜਾ ਨੇ ਹਿੰਦੁਸਤਾਨ ਟਾਈਮਜ਼ ਦੇ 15 ਮਾਰਚ 2019 ਦੇ ਅੰਕ ਵਿੱਚ ‘ਮਸੂਦ ਅਜ਼ਹਰ ਇਨਸਾਈਡ ਦ ਮਾਈਂਡ ਆਫ ਗਲੋਬਲ ਟੈਰਰ ਮਰਚੈਂਟ’ ਲੇਖ ਵਿੱਚ ਲਿਖਿਆ ਹੈ ਕਿ ’29 ਜਨਵਰੀ, 1994 ਨੂੰ ਮਸੂਦ ਅਜ਼ਹਰ ਢਾਕਾ ਹੁੰਦੇ ਹੋਏ ਦਿੱਲੀ ਪਹੁੰਚਿਆ। ਭਾਰਤ ਆਉਣ ਲਈ, ਉਸਨੇ ਇੱਕ ਪੁਰਤਗਾਲੀ ਪਾਸਪੋਰਟ ਦੀ ਵਰਤੋਂ ਕੀਤੀ, ਜਿਸ ਵਿੱਚ ਉਸਦਾ ਨਾਮ ਵਲੀ ਆਦਮ ਈਸਾ ਲਿਖਿਆ ਹੋਇਆ ਸੀ।’
9 ਫਰਵਰੀ ਨੂੰ ਜਦੋਂ ਮਸੂਦ ਸ਼੍ਰੀਨਗਰ ਤੋਂ ਅਨੰਤਨਾਗ ਜਾ ਰਿਹਾ ਸੀ, ਤਾਂ ਉਸਦੀ ਕਾਰ ਖ਼ਰਾਬ ਹੋ ਗਈ। ਉਹ ਇੱਕ ਆਟੋ ਰਿਕਸ਼ਾ ਲੈ ਕੇ ਗਿਆ, ਜਿਸ ਨੂੰ ਸੁਰੱਖਿਆ ਬਲਾਂ ਨੇ ਜਾਂਚ ਲਈ ਰੋਕ ਲਿਆ।
ਹਰਿੰਦਰ ਬਾਵੇਜਾ ਲਿਖਦੇ ਹਨ, “ਮਸੂਦ ਦੇ ਨਾਲ ਚੱਲ ਰਹੇ ਹਰਕਤ-ਉਲ-ਅੰਸਾਰ ਦੇ ਸੈਕਸ਼ਨ ਕਮਾਂਡਰ ਫਾਰੂਕ ਨੇ ਗੋਲੀ ਚਲਾ ਦਿੱਤੀ ਅਤੇ ਭੱਜ ਨਿਕਲਿਆ ਪਰ ਮਸੂਦ ਨੂੰ ਸੱਜਾਦ ਅਫ਼ਗਾਨੀ ਦੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ।”

ਤਸਵੀਰ ਸਰੋਤ, Getty Images
ਸੁਰੰਗ ਰਾਹੀਂ ਭੱਜਣ ਦੀ ਕੋਸ਼ਿਸ਼ ਹੋਈ ਨਾਕਾਮ
ਮਸੂਦ ਨੂੰ ਕਸ਼ਮੀਰ ਦੀਆਂ ਕਈ ਜੇਲ੍ਹਾਂ ਵਿੱਚ ਰੱਖਿਆ ਗਿਆ। ਇੱਕ ਵਾਰ ਉਸ ਨੂੰ ਜੇਲ੍ਹ ਤੋਂ ਛੁਡਾਉਣ ਲਈ ਜੇਲ੍ਹ ਵਿੱਚ ਇੱਕ ਸੁਰੰਗ ਪੁੱਟੀ ਗਈ। ਪਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸੁਰੰਗ ਦੇ ਵਿਚਕਾਰ ਹੀ ਉਹ ਫਸ ਗਿਆ।
ਪ੍ਰਵੀਣ ਸਵਾਮੀ ਨੇ ਫਰੰਟਲਾਈਨ ਵਿੱਚ 5 ਦਸੰਬਰ 2003 ਨੂੰ ਪ੍ਰਕਾਸ਼ਿਤ ਆਪਣੇ ਲੇਖ ‘ਦਿ ਕੰਧਾਰ ਪਲਾਟ’ ਵਿੱਚ ਲਿਖਿਆ, “ਜਦੋਂ ਮਸੂਦ ਅਜ਼ਹਰ ਨੂੰ ਸੁਰੰਗ ਵਿੱਚੋਂ ਖਿੱਚ ਕੇ ਲਿਆਂਦਾ ਗਿਆ, ਤਾਂ ਸੁਰੱਖਿਆ ਕਰਮਚਾਰੀਆਂ ਨੇ ਉਸ ਦੇ ਸਰੀਰ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਅਜਿਹੇ ਕਮਾਂਡੋ ਟਾਈਪ ਆਪ੍ਰੇਸ਼ਨ ਉਸ ਦੇ ਲਈ ਨਹੀਂ ਹਨ।”
“ਅਗਲੀ ਵਾਰ ਹੋਰ ਚੌੜੀ ਸੁਰੰਗ ਪੁੱਟਣਾ ਜਾਂ ਆਪਣਾ ਭਾਰ ਘਟਾ ਲੈਣਾ। ਇਸ ‘ਤੇ ਮਸੂਦ ਅਜ਼ਹਰ ਨੇ ਜਵਾਬ ਦਿੱਤਾ, ਮੈਨੂੰ ਦੁਬਾਰਾ ਸੁਰੰਗ ਪੁੱਟਣ ਦੀ ਲੋੜ ਨਹੀਂ ਪਵੇਗੀ।”

ਤਸਵੀਰ ਸਰੋਤ, Getty Images
ਆਈਐੱਸਆਈ ਲਈ ‘ਰਣਨੀਤਕ ਏਸੇਟ’
ਮਸੂਦ ਨੂੰ ਕੁਝ ਸਮੇਂ ਲਈ ਤਿਹਾੜ ਜੇਲ੍ਹ ਵਿੱਚ ਵੀ ਰੱਖਿਆ ਗਿਆ ਸੀ ਜਿੱਥੇ ਉਸਦੀ ਜਾਣ-ਪਛਾਣ ਮਸ਼ਹੂਰ ਅਪਰਾਧੀ ਚਾਰਲਸ ਸ਼ੋਭਰਾਜ ਨਾਲ ਵੀ ਹੋ ਗਈ ਸੀ।
ਖ਼ੈਰ, ਮਸੂਦ ਆਈਐੱਸਆਈ ਲਈ ਲਾਜ਼ਮੀ ਬਣ ਗਿਆ ਸੀ। ਅਭਿਨਵ ਪਾਂਡਿਆ ਲਿਖਦੇ ਹਨ, “ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੇ ਸੰਸਥਾਪਕ ਆਰਵੀ ਰਾਜੂ ਨੇ ਮੈਨੂੰ ਦੱਸਿਆ ਕਿ ਅਜ਼ਹਰ ਪਾਕਿਸਤਾਨ ਦੀ ਆਈਐੱਸਆਈ ਲਈ ਇੱਕ ‘ਰਣਨੀਤਕ ਏਸੇਟ’ ਸੀ। ਉਹ ਬਹੁਤ ਸਾਰੇ ਅੱਤਵਾਦੀਆਂ ਦੀ ਮੌਤ ਬਰਦਾਸ਼ਤ ਕਰ ਸਕਦੇ ਸਨ, ਪਰ ਮਸੂਦ ਦੀ ਨਹੀਂ।”
“ਉਨ੍ਹਾਂ ਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਸੀ ਜੋ ਨੌਜਵਾਨਾਂ ਨੂੰ ਬੰਦੂਕਾਂ ਚੁੱਕਣ, ਮਾਰਨ ਅਤੇ ਮਰਨ ਲਈ ਪ੍ਰੇਰਿਤ ਕਰ ਸਕੇ। ਬਾਕੀ ਲੋਕ ਉਨ੍ਹਾਂ ਲਈ ਕੈਨਨ ਫਾਡਰ (ਉਹ ਸਿਪਾਹੀ ਜਾਂ ਵਿਅਕਤੀ, ਜਿਨ੍ਹਾਂ ਨੂੰ ਜੰਗ ਵਿੱਚ ਮਰਨ ਲਈ ਉਤਾਰਿਆ ਜਾਂਦਾ ਹੈ) ਸਨ। ਪਰ ਮਸੂਦ ਇੱਕ ਪ੍ਰਚਾਰਕ ਸੀ। ਮਸੂਦ ਅਤੇ ਹੋਰ ਅੱਤਵਾਦੀਆਂ ਵਿੱਚ ਇਹੀ ਅੰਤਰ ਸੀ।”

ਮਸੂਦ ‘ਤੇ ਭਾਰਤ ‘ਤੇ ਵੱਡਾ ਹਮਲਾ ਕਰਨ ਦਾ ਦਬਾਅ ਸੀ
ਜੈਸ਼ ਦੇ ਗਠਨ ਤੋਂ ਕੁਝ ਦਿਨਾਂ ਬਾਅਦ, ਭਾਰਤੀ ਸੰਸਦ ‘ਤੇ ਹਮਲਾ ਹੋਇਆ ਜਿਸ ਲਈ ਉਸ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ।
ਇਸ ਹਮਲੇ ਵਿੱਚ ਨੌਂ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ ਪਰ ਇਸ ਦੇ ਸਮੇਂ, ਨਿਸ਼ਾਨੇ ਅਤੇ ਨਤੀਜੇ ਨੇ ਇਸ ਨੂੰ ਇੱਕ ਵੱਡਾ ਹਮਲਾ ਬਣਾ ਦਿੱਤਾ ਸੀ। ਭਾਰਤ ਨੇ ਇਸ ਨੂੰ ਲੋਕਤੰਤਰ ‘ਤੇ ਹਮਲੇ ਵਜੋਂ ਦੇਖਿਆ ਸੀ।
ਇਸ ਦਾ ਵਿਸ਼ਲੇਸ਼ਣ ਕਰਦੇ ਹੋਏ ਸਾਬਕਾ ਰਾਅ ਮੁਖੀ ਏਐੱਸ ਦੁਲਤ ਕਹਿੰਦੇ ਹਨ, “ਸੰਸਦ ‘ਤੇ ਹਮਲੇ ਨੂੰ ਇਸ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਕਿ ਆਈਐੱਸਆਈ ਨੇ ਮਸੂਦ ਨੂੰ ਰਿਹਾਅ ਕਰਵਾਇਆ, ਪੂਰੇ ਪਾਕਿਸਤਾਨ ਵਿੱਚ ਉਸ ਨੂੰ ਇੱਕ ਜੇਤੂ ਵਾਂਗ ਘੁੰਮਾਇਆ ਗਿਆ।”
“ਜੈਸ਼ ਨੂੰ ਬਣਵਾਉਣ ਲਈ ਪੈਸੇ, ਆਦਮੀ, ਸਿਖਲਾਈ, ਹਥਿਆਰ, ਜੋ ਵੀ ਮਦਦ ਹੋ ਸਕਦੀ ਸੀ ਉਨ੍ਹਾਂ ਨੇ ਦਿੱਤੀ। ਹੁਣ ਉਨ੍ਹਾਂ ਨੂੰ ਇਹ ਵੀ ਉਮੀਦ ਹੋਣ ਲੱਗੀ ਕਿ ਮਸੂਦ ਨਤੀਜੇ ਦੇਵੇਗਾ, ਜਿਸ ਦੀ ਉਨ੍ਹਾਂ ਨੂੰ ਉਸ ਸਮੇਂ ਬਹੁਤ ਲੋੜ ਸੀ।”

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਵਿੱਚ ਕਈ ਹਮਲਿਆਂ ਵਿੱਚ ਜੈਸ਼ ਦਾ ਹੱਥ
ਇਸ ਤੋਂ ਪਹਿਲਾਂ 20 ਅਪ੍ਰੈਲ, 2000 ਨੂੰ ਜੈਸ਼ ਦੇ ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਇੱਕ ਕਾਰ ਨਾਲ ਬਦਾਮੀ ਬਾਗ਼ ਵਿੱਚ ਘਾਟੀ ਦੀ ਮੁੱਖ ਫੌਜੀ ਇਕਾਈ, ਚਿਨਾਰ ਕੋਰ ਹੈੱਡਕੁਆਰਟਰ ਵਿੱਚ ਟੱਕਰ ਮਾਰ ਦਿੱਤੀ ਸੀ, ਜਿਸ ਵਿੱਚ ਚਾਰ ਫੌਜੀ ਮਾਰੇ ਗਏ ਸਨ।
ਇਸ ਤੋਂ ਬਾਅਦ, ਅਕਤੂਬਰ 2001 ਵਿੱਚ ਜੈਸ਼ ਫਿਦਾਇਨ ਬ੍ਰਿਟਿਸ਼ ਨਾਗਰਿਕ ਮੁਹੰਮਦ ਬਿਲਾਲ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ‘ਤੇ ਹਮਲਾ ਕੀਤਾ ਸੀ, ਜਿਸ ਵਿੱਚ 38 ਲੋਕ ਮਾਰੇ ਗਏ ਸਨ।
ਆਇਸ਼ਾ ਸਿੱਦੀਕਾ ‘ਦਿ ਡਿਪਲੋਮੈਟ’ ਵਿੱਚ ਪ੍ਰਕਾਸ਼ਿਤ ਆਪਣੇ ਲੇਖ ‘ਜੈਸ਼-ਏ-ਮੁਹੰਮਦ ਅੰਡਰ ਦਿ ਹੁੱਡ’ ਵਿੱਚ ਲਿਖਦੇ ਹਨ, “ਮਸੂਦ ਨੇ ਮੁਸ਼ੱਰਫ਼ ਦੀ ਹੱਤਿਆ ਦੀ ਕੋਸ਼ਿਸ਼ ਵਿੱਚ ਆਪਣੇ ਆਦਮੀ ਮੁਹੱਈਆ ਕਰਵਾਏ ਸਨ, ਪਰ ਇਸ ਤੋਂ ਬਾਅਦ ਉਹ ਸਰਕਾਰ ਨਾਲ ਟਕਰਾਅ ਤੋਂ ਬਚਦਾ ਰਿਹਾ।”
“ਉਸ ਨੇ ਲਾਲ ਮਸਜਿਦ ਮਾਮਲੇ ਤੋਂ ਵੀ ਆਪਣੇ ਆਪ ਨੂੰ ਦੂਰ ਰੱਖਿਆ। ਹੋਰ ਜੇਹਾਦੀ ਸੰਗਠਨ ਲੋਕਾਂ ਨੂੰ ਬੇਤਰਤੀਬੇ ਢੰਗ ਨਾਲ ਚੁਣਦੇ ਸਨ ਅਤੇ ਉਨ੍ਹਾਂ ਨੂੰ ਫੌਜੀ ਸਿਖਲਾਈ ਲਈ ਭੇਜਦੇ ਸਨ। ਜੈਸ਼ ਨੇ ਇਹ ਤਰੀਕਾ ਬਦਲ ਦਿੱਤਾ ਹੈ। ਉਹ ਪਹਿਲਾਂ ਵਿਅਕਤੀ ਨੂੰ ਸਖ਼ਤ ਵਿਚਾਰਧਾਰਕ ਸਿਖਲਾਈ ਦਿੰਦੇ ਹਨ ਅਤੇ ਫਿਰ ਫੌਜੀ ਸਿਖਲਾਈ ਅਤੇ ਲੜਾਈ ਦੀ ਵਾਰੀ ਆਉਂਦੀ ਹੈ।”

ਤਸਵੀਰ ਸਰੋਤ, Getty Images
ਭਾਰਤ ਖ਼ਿਲਾਫ਼ ਮਾਹੌਲ ਬਣਾਉਣ ਲਈ ਮਸੂਦ ਦੀ ਰਿਹਾਈ
ਸੰਯੁਕਤ ਰਾਸ਼ਟਰ ਨੇ ਇੱਕ ਮਤੇ ਦੇ ਤਹਿਤ ਜੈਸ਼ ਨੂੰ ਇੱਕ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਐਲਾਨ ਦਿੱਤਾ ਸੀ। ਪਾਕਿਸਤਾਨ ਨੂੰ ਜਨਵਰੀ 2002 ਵਿੱਚ ਭਾਰੀ ਅੰਤਰਰਾਸ਼ਟਰੀ ਦਬਾਅ ਕਾਰਨ ਜੈਸ਼-ਏ-ਮੁਹੰਮਦ ‘ਤੇ ਵੀ ਪਾਬੰਦੀ ਲਗਾਉਣੀ ਪਈ।
ਰੋਹਨ ਗੁਣਾਰਤਨਾ ਅਤੇ ਸਟੇਫਾਨੀਆ ਕਾਮ ਆਪਣੀ ਕਿਤਾਬ ਹੈਂਡਬੁੱਕ ਆਫ਼ ਟੈਰੋਰਿਜ਼ਮ ਇਨ ਦਿ ਏਸ਼ੀਆ-ਪੈਸੀਫਿਕ ਵਿੱਚ ਲਿਖਿਆ ਹੈ, “ਇਸ ਦੇ ਬਾਵਜੂਦ, ਪਾਕਿਸਤਾਨੀ ਸਰਕਾਰ ਨੇ ਜੈਸ਼ ਨੂੰ ਵੱਖਰੇ ਨਾਲ ਜਿਵੇਂ ʻਖ਼ੁਦਾਮ-ਉਲ-ਇਸਲਾਮʼ ਦੇ ਤਹਿਤ ਕੰਮ ਕਰਨ ਦਿੱਤਾ।”
ਬਾਅਦ ਵਿੱਚ, ਇਸ ਸਮੂਹ ਦੇ ਕਈ ਆਤਮਘਾਤੀ ਹਮਲਿਆਂ ਵਿੱਚ ਸ਼ਾਮਲ ਹੋਣ ਤੋਂ ਬਾਅਦ, ਪਾਕਿਸਤਾਨ ਨੇ ਨਵੰਬਰ 2003 ਵਿੱਚ ʻਖ਼ੁਦਾਮ-ਉਲ-ਇਸਲਾਮʼ ‘ਤੇ ਪਾਬੰਦੀ ਲਗਾ ਦਿੱਤੀ।
ਰਾਮਾਨੰਦ ਗਾਰਗੇ ਅਤੇ ਸੀਡੀ ਸਹਾਏ ਨੇ ਆਪਣੇ ਲੇਖ ʻਰਾਈਜ਼ ਆਫ ਜੈਸ਼-ਏ-ਮੁਹੰਮਦ ਇਨ ਕਸ਼ਮੀਰ ਵੈਲੀʼ ਵਿੱਚ ਲਿਖਿਆ ਹੈ, “ਜੈਸ਼ ਦੇ ਕੁਝ ਚੋਟੀ ਦੇ ਕਮਾਂਡਰ ਜਿਵੇਂ ਕਿ ਅਬਦੁਲ ਜੱਬਾਰ, ਉਮਰ ਫਾਰੂਖ਼ ਅਤੇ ਅਬਦੁੱਲ੍ਹਾ ਸ਼ਾਹ ਮੰਜ਼ਰ ਨੇ 2002 ਵਿੱਚ ਮਸੂਦ ਨਾਲ ਵਿਚਾਰਧਾਰਾ ਅਤੇ ਲੀਡਰਸ਼ਿਪ ‘ਤੇ ਮਤਭੇਦਾਂ ਕਾਰਨ ਜੈਸ਼ ਛੱਡ ਦਿੱਤਾ ਅਤੇ ਇੱਕ ਨਵਾਂ ਸੰਗਠਨ ‘ਜਮਾਤ-ਉਲ-ਫੁਰਕਾਨ’ ਬਣਾਇਆ।”
“ਜੈਸ਼ ਤੋਂ ਨਿਕਲੇ ਲੋਕਾਂ ਨੇ 14 ਅਤੇ 25 ਦਸੰਬਰ 2003 ਨੂੰ ਜਨਰਲ ਮੁਸ਼ੱਰਫ ਦੇ ਕਤਲ ਦੀ ਕੋਸ਼ਿਸ਼ ਕੀਤੀ। ਪਹਿਲੇ ਹਮਲੇ ਵਿੱਚ ਕੋਈ ਨਹੀਂ ਮਾਰਿਆ ਗਿਆ ਪਰ ਦੂਜੇ ਹਮਲੇ ਵਿੱਚ 14 ਲੋਕ ਮਾਰੇ ਗਏ। ਮੁਸ਼ੱਰਫ ਦੇ ਕਤਲ ਦੀਆਂ ਦੋ ਹੋਰ ਕੋਸ਼ਿਸ਼ਾਂ ਕੀਤੀਆਂ ਗਈਆਂ।”
ਮੁਸ਼ੱਰਫ਼ ਨੇ ਆਪਣੀ ਆਤਮਕਥਾ ‘ਇਨ ਦਿ ਲਾਈਨ ਆਫ਼ ਫਾਇਰ’ ਵਿੱਚ ਇਸਦਾ ਜ਼ਿਕਰ ਕੀਤਾ ਹੈ।
ਜਦੋਂ ਭਾਰਤੀ ਲੀਡਰਸ਼ਿਪ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਪਾਕਿਸਤਾਨ ‘ਤੇ ਮਸੂਦ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਪਾਇਆ, ਤਾਂ ਪਾਕਿਸਤਾਨ ਨੇ ਮਸੂਦ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ।
ਪਰ ਫਰਵਰੀ 2014 ਦੇ ਪਹਿਲੇ ਹਫ਼ਤੇ, ਪਾਕਿਸਤਾਨ ਨੇ ਮਸੂਦ ਅਜ਼ਹਰ ਦੀ ਆਵਾਜਾਈ ʼਤੇ ਲੱਗੀ ਪਾਬੰਦੀ ਹਟਾਉਂਦੇ ਹੋਏ ਮੁਜ਼ੱਫਰਾਬਾਦ ਵਿੱਚ ਹਜ਼ਾਰਾਂ ਦੀ ਭੀੜ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਦੇ ਦਿੱਤੀ।
ਖ਼ਾਲਿਦ ਅਹਿਮਦ ਨੇ ਆਪਣੀ ਕਿਤਾਬ ‘ਸਲੀਪ ਵਾਕਿੰਗ ਟੂ ਸਰੰਡਰ ਡੀਲਿੰਗ ਵਿਦ ਟੈਰੋਰਿਜ਼ਮ ਇਨ ਪਾਕਿਸਤਾਨ’ ਵਿੱਚ ਲਿਖਿਆ ਹੈ, “ਮਸੂਦ ਦਾ ਕੰਮ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਲਈ ਭਾਰਤ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਸੀ। ਗੁਰੂ ਨੂੰ ਸੰਸਦ ‘ਤੇ ਹਮਲੇ ਵਿੱਚ ਜੈਸ਼ ਦੀ ਮਦਦ ਕਰਨ ਲਈ ਫਾਂਸੀ ਦਿੱਤੀ ਗਈ ਸੀ।”
“ਮਸੂਦ ਨੇ ਮੁਸ਼ੱਰਫ ਨੂੰ ਵੀ ਨਹੀਂ ਬਖਸ਼ਿਆ ਅਤੇ ਕਿਹਾ, ‘ਮੁਸ਼ੱਰਫ ਨੇ ਪਾਕਿਸਤਾਨ ਨੂੰ ਅਮਰੀਕਾ ਦੀ ਕਠਪੁਤਲੀ ਬਣਾ ਦਿੱਤਾ ਹੈ ਜਿਸ ਨੇ ਅਫ਼ਗਾਨਿਸਤਾਨ ਦੇ ਮਾਸੂਮ ਲੋਕਾਂ ਦੇ ਕਤਲੇਆਮ ਲਈ ਆਪਣੇ ਸਾਰੇ ਸਰੋਤ ਮੁਹੱਈਆ ਕਰਵਾਏ ਹਨ’।”

ਤਸਵੀਰ ਸਰੋਤ, Getty Images
ਜੈਸ਼ ‘ਤੇ ਮਸੂਦ ਦੇ ਪਰਿਵਾਰ ਦਾ ਅਸਰ
ਕਈ ਥਾਂਵਾਂ ਉੱਤੇ ਇਸ ਗੱਲ ਦਾ ਜ਼ਿਕਰ ਹੈ ਕਿ ਜੈਸ਼-ਏ-ਮੁਹੰਮਦ ਵਿੱਚ ਮਸੂਦ ਦੇ ਪਰਿਵਾਰ ਦਾ ਬਹੁਤ ਪ੍ਰਭਾਵ ਹੈ। ਮਸੂਦ ਦੇ ਭਰਾ ਅਤੇ ਭਣੌਈਏ ਬਾਰੇ ਮੀਡੀਆ ਰਿਪੋਰਟਾਂ ਵਿੱਚ ਲਗਾਤਾਰ ਦਾਅਵਾ ਕੀਤਾ ਗਿਆ ਹੈ ਕਿ ਉਹ ਸਾਰੇ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਹਨ।
ਮਸੂਦ ਅਜ਼ਹਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ 7 ਮਈ ਦੀ ਰਾਤ ਨੂੰ ਹੋਏ ਭਾਰਤੀ ਹਮਲੇ ਵਿੱਚ ਇਸ ਪਰਿਵਾਰ ਦੇ ਕਈ ਮੈਂਬਰ ਮਾਰੇ ਗਏ ਸਨ, ਪਰ ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਪਰਿਵਾਰ ਦੇ ਕਿਹੜੇ ਮੈਂਬਰ ਮਾਰੇ ਗਏ ਸਨ।
‘ਸਾਊਥ ਏਸ਼ੀਅਨ ਟੈਰੋਰਿਜ਼ਮ ਪੋਰਟਲ’ ਵਿੱਚ ਪ੍ਰਕਾਸ਼ਿਤ ਜੰਮੂ ਅਤੇ ਕਸ਼ਮੀਰ ਡੇਟਾਸ਼ੀਟ ਦੇ ਅਨੁਸਾਰ, 2000 ਤੋਂ 2019 ਦੇ ਵਿਚਕਾਰ, ਰਾਜ ਵਿੱਚ ਕੁੱਲ 87 ਆਤਮਘਾਤੀ ਹਮਲੇ ਹੋਏ ਜਿਨ੍ਹਾਂ ਵਿੱਚ 130 ਨਾਗਰਿਕ, 239 ਸੁਰੱਖਿਆ ਕਰਮਚਾਰੀ ਅਤੇ 143 ਅੱਤਵਾਦੀ ਮਾਰੇ ਗਏ।
ਇਨ੍ਹਾਂ 87 ਹਮਲਿਆਂ ਵਿੱਚੋਂ 12 ਹਮਲੇ ਜੈਸ਼-ਏ-ਮੁਹੰਮਦ ਨੇ ਕੀਤੇ। ਇਨ੍ਹਾਂ 12 ਹਮਲਿਆਂ ਵਿੱਚ, ਇਸ ਨੇ 31 ਆਮ ਨਾਗਰਿਕ ਅਤੇ 99 ਸੈਨਿਕ ਮਾਰੇ ਜਦਕਿ ਇਸਦੇ ਸਿਰਫ਼ 30 ਅੱਤਵਾਦੀ ਮਾਰੇ ਗਏ।

ਤਸਵੀਰ ਸਰੋਤ, Getty Images
ਚਾਰ ਤੋਂ ਛੇ ਮਹੀਨਿਆਂ ਦੀ ਸਖ਼ਤ ਸਿਖਲਾਈ
ਜੈਸ਼ ਦੇ ਕਾਰਜ-ਪ੍ਰਣਾਲੀ ‘ਤੇ ਨਜ਼ਰ ਮਾਰਦੇ ਹੋਏ, ਅਭਿਨਵ ਪਾਂਡਿਆ ਲਿਖਦੇ ਹਨ, “ਕਸ਼ਮੀਰ ਵਿੱਚ ਕੰਮ ਕਰਨ ਵਾਲੇ ਦੂਜੇ ਮਿਲੀਟੈਂਟ ਸੰਗਠਨਾਂ ਦੇ ਮੁਕਾਬਲੇ, ਜੈਸ਼ ਦਾ ਕੇਡਰ ਬਹੁਤ ਲੌਅ ਪ੍ਰੋਫਾਈਲ ਰੱਖਦਾ ਹੈ।”
“ਨਿੱਜਤਾ ਬਣਾਈ ਰੱਖਣ ਲਈ, ਉਹ ਆਪਣੇ ਕਾਡਰਾਂ ਦੀ ਗਿਣਤੀ ਘੱਟ ਰੱਖਦੇ ਹਨ। ਲਸ਼ਕਰ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਮੁਕਾਬਲੇ, ਹਰ ਜ਼ਿਲ੍ਹੇ ਵਿੱਚ ਜੈਸ਼ ਦੇ ਕਾਡਰਾਂ ਦੀ ਗਿਣਤੀ ਬਹੁਤ ਘੱਟ ਹੈ।”
ਖ਼ੁਫ਼ੀਆ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ, ਸੰਨ 2016 ਵਿੱਚ ਗ੍ਰਿਫ਼ਤਾਰ ਕੀਤੇ ਗਏ ਜੈਸ਼ ਦੇ ਅੱਤਵਾਦੀ ਅਬਦੁਲ ਰਹਿਮਾਨ ਮੁਗ਼ਲ ਨੇ ਜਾਣਕਾਰੀ ਦਿੱਤੀ ਸੀ, ਜਿਸ ਅਨੁਸਾਰ, ‘ਉਨ੍ਹਾਂ ਨੂੰ ਕਸ਼ਮੀਰੀ ਭਾਸ਼ਾ ਬੋਲਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈʼ।”
“ਸਿਖਲਾਈ ਪੂਰੀ ਹੋਣ ਤੋਂ ਬਾਅਦ, ਉਨ੍ਹਾਂ ਨੂੰ ਅਭਿਆਸ ਲਈ ਏਕੇ-47 ਦੇ 10 ਰਾਉਂਡ, ਪੀਕਾ ਗੰਨ ਦੇ ਪੰਜ ਰਾਉਂਡ, ਪਿਸਟਲ ਦੇ ਸੱਤ ਰਾਉਂਡ ਅਤੇ ਦੋ ਗ੍ਰੇਨੇਡ ਦਿੱਤੇ ਜਾਂਦੇ ਹਨ।”

ਤਸਵੀਰ ਸਰੋਤ, Getty Images
ਖ਼ੁਫ਼ੀਆ ਏਜੰਸੀਆਂ ਦੀ ਸੁਰੱਖਿਆ
ਹੁਣ ਤੱਕ ਹੋਈ ਖ਼ੁਫ਼ੀਆ ਏਜੰਸੀਆਂ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਆਮ ਤੌਰ ‘ਤੇ ਜੈਸ਼ ਦੇ ਲੋਕ ਪੱਚੀ ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਭਰਤੀ ਕਰਦੇ ਹਨ ਜੋ ਬਹੁਤ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹੁੰਦੇ।
ਅਭਿਨਵ ਪਾਂਡਿਆ ਲਿਖਦੇ ਹਨ, “ਉਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਘਰਾਂ ਤੋਂ ਚਾਰ ਤੋਂ ਛੇ ਘੰਟੇ ਦੂਰ ਸਥਿਤ ਮਦਰੱਸਿਆਂ ਵਿੱਚ ਭਰਤੀ ਕੀਤਾ ਜਾਂਦਾ ਹੈ। ਮਦਰੱਸਿਆਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਆਪਣੇ ਮਾਪਿਆਂ ਅਤੇ ਬਾਹਰੀ ਦੁਨੀਆਂ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਉਨ੍ਹਾਂ ਨੂੰ ਬਚਪਨ ਤੋਂ ਹੀ ਜੇਹਾਦ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।”
ਇਸ ਸੰਗਠਨ ਨੇ ਹੁਣ ਤੱਕ ਪਾਬੰਦੀਆਂ ਦੇ ਵਿਚਕਾਰ ਵੀ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਹੈ। ਇਸ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ, ਆਇਸ਼ਾ ਸਿੱਦੀਕਾ ਨੇ ‘ਦਿ ਡਿਪਲੋਮੈਟ’ ਦੇ 13 ਮਾਰਚ, 2019 ਦੇ ਅੰਕ ਵਿੱਚ ਲਿਖਿਆ, “ਖ਼ੁਫ਼ੀਆ ਏਜੰਸੀਆਂ ਦੀ ਸੁਰੱਖਿਆ ਦੇ ਕਾਰਨ, ਪਾਕਿਸਤਾਨ ਦੀ ਲਗਭਗ ਹਰ ਸਰਕਾਰ ਜੈਸ਼ ਨੂੰ ਕੰਟਰੋਲ ਕਰਨ ਵਿੱਚ ਅਸਫ਼ਲ ਰਹੀ ਹੈ।”
ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਕਿਹਾ ਸੀ, “ਅਸੀਂ ਇਨ੍ਹਾਂ ਸੰਗਠਨਾਂ ਨੂੰ ਛੂਹ ਵੀ ਨਹੀਂ ਸਕਦੇ ਕਿਉਂਕਿ ਇਹ ਦੂਜੀ ਥਾਂ ਤੋਂ ਕੰਟਰੋਲ ਹੁੰਦੇ ਹਨ। ਮਸੂਦ ਅਜ਼ਹਰ ਦੇ ਪਾਕਿਸਤਾਨ ਦੀ ਖ਼ੁਫ਼ੀਆ ਪ੍ਰਣਾਲੀ ਨਾਲ ਸਬੰਧਾਂ ਕਾਰਨ, ਕਿਸੇ ਲਈ ਵੀ ਉਸ ਖ਼ਿਲਾਫ਼ ਕਾਰਵਾਈ ਕਰਨਾ ਹਮੇਸ਼ਾ ਤੋਂ ਹੀ ਮੁਸ਼ਕਲ ਕੰਮ ਰਿਹਾ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI