Source :- BBC PUNJABI

ਹਾਰਵਰਡ ਯੂਨੀਵਰਸਿਟੀ

ਤਸਵੀਰ ਸਰੋਤ, Getty Images

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦਾ ਅਧਿਕਾਰ ਰੱਦ ਕਰ ਦਿੱਤਾ ਹੈ।

ਹਾਰਵਰਡ ਯੂਨੀਵਰਸਿਟੀ ਨੇ ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਬਾਸਟਨ ਵਿੱਚ ਦਰਜ ਮੁਕੱਦਮੇ ਵਿੱਚ ਯੂਨੀਵਰਸਿਟੀ ਨੇ ਪ੍ਰਸ਼ਾਸਨ ਦੀ ਕਾਰਵਾਈ ਨੂੰ ਕਾਨੂੰਨ ਦਾ ‘ਸਪੱਸ਼ਟ ਉਲੰਘਣ’ ਦੱਸਿਆ।

ਇਸ ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਅਮਰੀਕਾ ਦੇ ਡਿਸਟ੍ਰਿਕਟ ਜੱਜ ਐਲੀਸਨ ਬਾਰੋ ਨੇ ਫਿਲਹਾਲ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ‘ਤੇ ਰੋਕ ਲਗਾ ਦਿੱਤੀ ਹੈ।

ਇਸ ਤੋਂ ਪਹਿਲਾਂ ਅਮਰੀਕੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਕਿ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਵੱਲੋਂ ‘ਕਾਨੂੰਨ ਦਾ ਪਾਲਣ ਨਾ ਕਰ ਪਾਉਣ ਦੇ ਕਾਰਨ ਕੌਮਾਂਤਰੀ ਵਿਦਿਆਰਥੀ ਦਾਖਲਾ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ।’

ਕ੍ਰਿਸਟੀ ਨਾਇਮ ਨੇ ਇਸ ਨੂੰ ਦੇਸ਼ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਤੇ ਵਿੱਦਿਅਕ ਸੰਸਥਾਵਾਂ ਦੇ ਲਈ ਇੱਕ ‘ਚੇਤਾਵਨੀ’ ਦੱਸਿਆ। ਉੱਥੇ ਹੀ ਹਾਰਵਰਡ ਯੂਨੀਵਰਸਿਟੀ ਨੇ ਇਸ ਕਦਮ ਨੂੰ ‘ਗੈਰ-ਕਾਨੂੰਨੀ’ ਦੱਸਿਆ।

ਯੂਨੀਵਰਸਿਟੀ ਪ੍ਰਸ਼ਾਸਨ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ, “ਅਸੀਂ ਆਪਣੇ ਕੌਮਾਂਤਰੀ ਵਿਦਿਆਰਥੀਆਂ ਅਤੇ ਸਕਾਲਰਜ਼ ਨੂੰ ਦਾਖਲਾ ਦੇਣ ਦੀ ਸਮਰੱਥਾ ਨੂੰ ਬਣਾਈ ਰੱਖਣ ਦੇ ਆਪਣੇ ਸੰਕਲਪ ‘ਤੇ ਕਾਇਮ ਹਾਂ। ਉਨ੍ਹਾਂ ਵਿਦਿਆਰਥੀਆਂ ਅਤੇ ਸਕਾਲਰਜ਼ ਦੇ ਲਈ ਜੋ 140 ਤੋਂ ਵੱਧ ਦੇਸ਼ਾਂ ਤੋਂ ਇੱਥੇ ਆਉਂਦੇ ਹਨ ਅਤੇ ਯੂਨੀਵਰਸਿਟੀ ਅਤੇ ਇਸ ਰਾਸ਼ਟਰ ਨੂੰ ਖੁਸ਼ਹਾਲ ਬਣਾਉਂਦੇ ਹਨ।”

ਯੂਨੀਵਰਸਿਟੀ ਦਾ ਕਹਿਣਾ ਹੈ, “ਇਸ ਬਦਲਾ ਲੈਣ ਵਾਲੀ ਕਾਰਵਾਈ ਤੋਂ ਹਾਰਵਰਡ ਭਾਈਚਾਰੇ ਅਤੇ ਸਾਡੇ ਦੇਸ਼ ਨੂੰ ਗੰਭੀਰ ਨੁਕਸਾਨ ਪਹੁੰਚਣ ਦਾ ਖ਼ਤਰਾ ਹੈ। ਇਹ ਹਾਰਵਰਡ ਦੇ ਵਿੱਦਿਅਕ ਅਤੇ ਖੋਜ ਮਿਸ਼ਨ ਨੂੰ ਵੀ ਕਮਜ਼ੋਰ ਕਰਦਾ ਹੈ।”

ਇਹ ਵੀ ਪੜ੍ਹੋ-

ਹਾਰਵਰਡ ਯੂਨੀਵਰਸਿਟੀ ਅਮਰੀਕਾ ਦੀ ਇੱਕ ਵੱਕਾਰੀ ਯੂਨੀਵਰਸਿਟੀ ਹੈ, ਜਿਸ ਵਿੱਚ ਭਾਰਤ ਸਣੇ ਦੁਨੀਆ ਭਰ ਦੇ ਹਜ਼ਾਰਾਂ ਵਿਦਿਆਰਥੀ ਪੜ੍ਹਾਈ ਕਰਦੇ ਹਨ।

ਅਜਿਹੇ ਵਿੱਚ ਸਵਾਲ ਹੈ ਕਿ ਟਰੰਪ ਦੇ ਇਸ ਫ਼ੈਸਲੇ ਤੋਂ ਬਾਅਦ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਨ ਦੀ ਖੁਆਇਸ਼ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ‘ਤੇ ਕੀ ਅਸਰ ਹੋਵੇਗਾ?

ਡੌਨਲਡ ਟਰੰਪ ਬਨਾਮ ਹਾਰਵਰਡ ਯੂਨੀਵਰਸਿਟੀ

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਅਪ੍ਰੈਲ 2025 ਵਿੱਚ ਹਾਰਵਰਡ ਨੂੰ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਨੇ ਮੰਗਾਂ ਦੀ ਇੱਕ ਸੂਚੀ ਭੇਜੀ ਸੀ। ਯੂਨੀਵਰਸਿਟੀ ਨੇ ਉਨ੍ਹਾਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਟਰੰਪ ਪ੍ਰਸ਼ਾਸਨ ਜਿਹੜੇ ਬਦਲਾਵਾਂ ਦੀ ਮੰਗ ਕਰ ਰਿਹਾ ਸੀ, ਉਹ ਹੇਠ ਲਿਖੇ ਹਨ:

  • ਅਮਰੀਕੀ ਕਦਰਾਂ-ਕੀਮਤਾਂ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਦੀ ਰਿਪੋਰਟ ਸਰਕਾਰ ਨੂੰ ਦਿੱਤੀ ਜਾਵੇ।
  • ਇਹ ਯਕੀਨੀ ਬਣਾਉਣਾ ਕਿ ਹਰੇਕ ਅਕਾਦਮਿਕ ਵਿਭਾਗ ਵਿੱਚ ਦ੍ਰਿਸ਼ਟੀਕੋਣਾਂ ਦੀ ਵਿਭਿੰਨਤਾ ਹੋਵੇ।
  • ਯੂਨੀਵਰਸਿਟੀ ਦੇ ਵਿਭਾਗਾਂ ਦਾ ਆਡਿਟ ਕਰਨ ਦੇ ਲਈ ਸਰਕਾਰੀ ਮਾਨਤਾ ਪ੍ਰਾਪਤ ਬਾਹਰੀ ਕੰਪਨੀ ਨੂੰ ਨਿਯੁਕਤ ਕੀਤਾ ਜਾਵੇ।
  • ਯਹੂਦੀ ਵਿਰੋਧੀ ਤਸ਼ੱਦਦ ਨੂੰ ਵਧਾਵਾ ਦੇਣ ਵਾਲੇ ਵਿਭਾਗਾਂ ਦੀ ਸੂਚਨਾ ਦਿੱਤੀ ਜਾਵੇ।
  • ਪਿਛਲੇ ਦੋ ਸਾਲਾਂ ਵਿੱਚ ਕੈਂਪਸ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੀਤੀਆਂ ਗਈਆਂ ‘ਉਲੰਘਣਾਵਾਂ’ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ।
  • ਯੂਨੀਵਰਸਿਟੀ ਦੀ ‘ਵਿਭਿੰਨਤਾ, ਸਮਾਨਤਾ ਅਤੇ ਸਮਾਵੇਸ਼’ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਖਤਮ ਕੀਤਾ ਜਾਵੇ।

ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਨੇ ਕਿਹਾ ਸੀ ਕਿ ਇਹ ਸੂਚੀ ਕੈਂਪਸ ਵਿੱਚ ਯਹੂਦੀ ਵਿਰੋਧੀ ਭਾਵਨਾ ਦਾ ਮੁਕਾਬਲਾ ਕਰਨ ਲਈ ਬਣਾਈ ਗਈ ਸੀ। ਇਸ ਪੱਤਰ ਵਿੱਚ ਮੰਗ ਕੀਤੀ ਗਈ ਸੀ ਕਿ ਯੂਨੀਵਰਸਿਟੀ ਆਪਣੇ ਪ੍ਰਸ਼ਾਸਨ, ਭਰਤੀ ਅਤੇ ਦਾਖਲਾ ਪ੍ਰਕਿਰਿਆਵਾਂ ਵਿੱਚ ਬਦਲਾਅ ਕਰੇ।

ਹਾਰਵਰਡ ਨੇ ਇਨ੍ਹਾਂ ਮੰਗਾਂ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਵ੍ਹਾਈਟ ਹਾਊਸ ਉਸ ‘ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ਦੇ ਕੁਝ ਘੰਟਿਆਂ ਬਾਅਦ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਨੂੰ ਫੰਡ ਦੇਣਾ ਬੰਦ ਕਰਨ ਦਾ ਫੈਸਲਾ ਕੀਤਾ ਸੀ। ਅਮਰੀਕੀ ਸਿੱਖਿਆ ਵਿਭਾਗ ਨੇ ਕਿਹਾ ਸੀ ਕਿ ਉਹ ਹਾਰਵਰਡ ਨੂੰ ਦਿੱਤੇ ਗਏ 2.2 ਬਿਲੀਅਨ ਡਾਲਰ ਦੀ ਗ੍ਰਾਂਟ ਅਤੇ 60 ਮਿਲੀਅਨ ਡਾਲਰ ਦੇ ਇਕਰਾਰਨਾਮਿਆਂ ਨੂੰ ਤੁਰੰਤ ਰੋਕ ਰਿਹਾ ਹੈ।

ਇਸ ਤੋਂ ਬਾਅਦ ਹਾਰਵਰਡ ਦੇ ਪ੍ਰੋਫੈਸਰਾਂ ਨੇ ਇੱਕ ਮੁਕੱਦਮਾ ਦਾਇਰ ਕੀਤਾ ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਸਰਕਾਰ ਗੈਰ-ਕਾਨੂੰਨੀ ਤੌਰ ‘ਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਕਾਦਮਿਕ ਆਜ਼ਾਦੀ ‘ਤੇ ਹਮਲਾ ਕਰ ਰਹੀ ਹੈ।

ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਕੋਲੰਬੀਆ ਯੂਨੀਵਰਸਿਟੀ ਤੋਂ 400 ਮਿਲੀਅਨ ਡਾਲਰ ਦੀ ਸੰਘੀ ਫੰਡਿੰਗ ਵਾਪਸ ਲੈ ਲਈ ਸੀ।

ਟਰੰਪ ਪ੍ਰਸ਼ਾਸਨ ਨੇ ਕੋਲੰਬੀਆ ਯੂਨੀਵਰਸਿਟੀ ‘ਤੇ ਯਹੂਦੀ ਵਿਰੋਧੀ ਭਾਵਨਾ ਦਾ ਮੁਕਾਬਲਾ ਕਰਨ ਅਤੇ ਆਪਣੇ ਕੈਂਪਸ ਵਿੱਚ ਯਹੂਦੀ ਵਿਦਿਆਰਥੀਆਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹਿਣ ਦਾ ਇਲਜ਼ਾਮ ਲਗਾਇਆ ਸੀ।

ਇਸ ਤੋਂ ਬਾਅਦ ਕੋਲੰਬੀਆ ਯੂਨੀਵਰਸਿਟੀ ਨੇ ਟਰੰਪ ਪ੍ਰਸ਼ਾਸਨ ਦੀਆਂ ਕਈ ਮੰਗਾਂ ਮੰਨ ਲਈਆਂ ਸੀ। ਯੂਨੀਵਰਸਿਟੀ ਦੇ ਇਸ ਕਦਮ ਦੀ ਕੁਝ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਲੋਚਨਾ ਕੀਤੀ ਸੀ।

ਭਾਰਤੀ ਵਿਦਿਆਰਥੀਆਂ ਉੱਪਰ ਕੀ ਅਸਰ ਹੋਵੇਗਾ?

ਅਸ਼ੀਸ਼ ਦਿਕਸ਼ਿਤ ਦਾ ਬਿਆਨ

ਮੌਜੂਦਾ ਸੈਸ਼ਨ ਵਿੱਚ 140 ਤੋਂ ਵੱਧ ਦੇਸ਼ਾਂ ਦੇ 10,158 ਅੰਤਰਰਾਸ਼ਟਰੀ ਵਿਦਿਆਰਥੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਹਨ। ਇਨ੍ਹਾਂ ਵਿੱਚੋਂ ਭਾਰਤੀ ਵਿਦਿਆਰਥੀਆਂ ਦੀ ਗਿਣਤੀ 788 ਹੈ।

ਆਸ਼ੀਸ਼ ਦਿਕਸ਼ਿਤ ਬੀਬੀਸੀ ਵਰਲਡ ਸਰਵਿਸ ਵਿੱਚ ਇੱਕ ਸੀਨੀਅਰ ਨਿਊਜ਼ ਐਡੀਟਰ ਹਨ ਅਤੇ 2022-23 ਵਿੱਚ ਹਾਰਵਰਡ ਯੂਨੀਵਰਸਿਟੀ ਵਿੱਚ ਫੈਲੋ ਸਨ।

ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਦਾ ਭਾਰਤੀ ਵਿਦਿਆਰਥੀਆਂ ‘ਤੇ ਕੀ ਅਸਰ ਹੋਵੇਗਾ?

ਆਸ਼ੀਸ਼ ਦਿਕਸ਼ਿਤ ਇਸ ਸਵਾਲ ‘ਤੇ ਕਹਿੰਦੇ ਹਨ, “ਹਾਰਵਰਡ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਅਤੇ ਹਾਰਵਰਡ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੋਵਾਂ ਲਈ ਚਿੰਤਾ ਦਾ ਮਾਹੌਲ ਹੈ। ਫੈਸਲੇ ਅਨੁਸਾਰ ਜੋ ਵਿਦਿਆਰਥੀ ਇਸ ਸਮੇਂ ਉੱਥੇ ਪੜ੍ਹ ਰਹੇ ਹਨ, ਉਹ ਹੁਣ ਉੱਥੇ ਪੜ੍ਹ ਨਹੀਂ ਸਕਣਗੇ। ਉਨ੍ਹਾਂ ਨੂੰ ਕਿਸੇ ਦੂਜੀ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਪਵੇਗਾ ਜਾਂ ਫਿਰ ਹਾਰਵਰਡ ਨੂੰ ਕੋਰਟ ਵਿੱਚ ਜਾ ਕੇ ਇਸ ‘ਤੇ ਸਟੇਅ ਲਿਆਉਣਾ ਪਵੇਗਾ।”

2023-24 ਦੇ ਅਕਾਦਮਿਕ ਸੈਸ਼ਨ ਵਿੱਚ 824 ਭਾਰਤੀ ਵਿਦਿਆਰਥੀ ਹਾਰਵਰਡ ਵਿੱਚ ਪੜ੍ਹ ਰਹੇ ਸਨ। ਪਿਛਲੇ ਪੰਜ ਸਾਲਾਂ ਵਿੱਚ ਤਿੰਨ ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ।

ਹਾਰਵਰਡ ਯੂਨੀਵਰਸਿਟੀ

ਤਸਵੀਰ ਸਰੋਤ, Getty Images

ਆਸ਼ੀਸ਼ ਦਿਕਸ਼ਿਤ ਕਹਿੰਦੇ ਹਨ, “ਅਦਾਲਤ ਵਿੱਚ ਲੜਾਈ ਚੱਲਦੀ ਰਹੇਗੀ ਪਰ ਉਨ੍ਹਾਂ ਵਿਦਿਆਰਥੀਆਂ ਦਾ ਕੀ ਹੋਵੇਗਾ ਜਿਨ੍ਹਾਂ ਨੂੰ ਕੁਝ ਦਿਨਾਂ ਵਿੱਚ ਅਗਲੇ ਸਮੈਸਟਰ ਲਈ ਦਾਖਲਾ ਲੈਣਾ ਪਵੇਗਾ? ਕਿਉਂਕਿ ਇਹ ਸੰਭਵ ਹੈ ਕਿ ਮਾਮਲਾ ਅਦਾਲਤ ਵਿੱਚ ਲਟਕ ਸਕਦਾ ਹੈ। ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲੱਗਿਆ ਹੋਇਆ ਹੈ।”

ਸ਼੍ਰੇਆ ਮਿਸ਼ਰਾ ਰੈੱਡੀ ਨੂੰ ਜਦੋਂ ਸਾਲ 2023 ਵਿੱਚ ਹਾਰਵਰਡ ਵਿੱਚ ਦਾਖਲਾ ਮਿਲਿਆ ਸੀ, ਉਦੋਂ ਉਸ ਦੇ ਮਾਪੇ ਬਹੁਤ ਖੁਸ਼ ਸਨ। ਹੁਣ, ਜਦੋਂ ਗ੍ਰੈਜੂਏਸ਼ਨ ਬਿਲਕੁਲ ਨੇੜੇ ਹੈ, ਉਸ ਨੂੰ ਆਪਣੇ ਪਰਿਵਾਰ ਨੂੰ ਬੁਰੀ ਖ਼ਬਰ ਦੇਣੀ ਪਈ ਹੈ।

ਦਰਅਸਲ ਹੁਣ ਟਰੰਪ ਪ੍ਰਸ਼ਾਸਨ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਤੋਂ ਬਾਅਦ ਉਹ ਜੁਲਾਈ ਵਿੱਚ ਐਗਜ਼ੀਕਿਊਟਿਵ ਲੀਡਰਸ਼ਿਪ ਪ੍ਰੋਗਰਾਮ ਵਿੱਚ ਆਪਣੀ ਬੈਚਲਰ ਡਿਗਰੀ ਪੂਰੀ ਨਹੀਂ ਕਰ ਸਕੇਗਾ।

ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਹਾਰਵਰਡ ਯੂਨੀਵਰਸਿਟੀ ਵੱਲੋਂ ਕਾਨੂੰਨ ਦੀ ਪਾਲਣਾ ਨਾ ਕਰਨ ਕਾਰਨ ਚੁੱਕਿਆ ਗਿਆ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਸ਼੍ਰੇਆ ਨੇ ਕਿਹਾ, “ਹਰ ਭਾਰਤੀ ਹਾਰਵਰਡ ਵਿੱਚ ਪੜ੍ਹਨਾ ਚਾਹੁੰਦਾ ਹੈ। ਮੇਰੇ ਪਰਿਵਾਰ ਲਈ ਇਸ ਖ਼ਬਰ ਬਾਰੇ ਸੁਣਨਾ ਬਹੁਤ ਮੁਸ਼ਕਲ ਸੀ। ਉਹ ਅਜੇ ਵੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।”

ਵਿਦੇਸ਼ੀ ਵਿਦਿਆਰਥੀ ਅਮਰੀਕੀ ਯੂਨੀਵਰਸਿਟੀਆਂ ਲਈ ਆਮਦਨ ਦਾ ਇੱਕ ਮਹੱਤਵਪੂਰਨ ਸਰੋਤ ਹਨ। ਹਾਰਵਰਡ ਵਿੱਚ ਵੀ ਅੰਤਰਰਾਸ਼ਟਰੀ ਵਿਦਿਆਰਥੀ ਸਥਾਨਕ ਅਰਥਵਿਵਸਥਾ ਵਿੱਚ ਯੋਗਦਾਨ ਪਾਉਂਦੇ ਹਨ।

ਨਾਫਸਾ: ਐਸੋਸੀਏਸ਼ਨ ਆਫ਼ ਇੰਟਰਨੈਸ਼ਨਲ ਐਜੂਕੇਟਰਸ ਦੇ ਅੰਕੜੇ ਦਰਸਾਉਂਦੇ ਹਨ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 2023-2024 ਦੇ ਅਕਾਦਮਿਕ ਸੈਸ਼ਨ ਵਿੱਚ ਹਾਰਵਰਡ ਵਿੱਚ 38.4 ਕਰੋੜ ਅਮਰੀਕੀ ਡਾਲਰ ਖਰਚ ਕੀਤੇ। ਰਿਹਾਇਸ਼, ਭੋਜਨ ਅਤੇ ਹੋਰ ਸੇਵਾਵਾਂ ਦਾ ਭੁਗਤਾਨ ਕਰਦੇ ਹੋਏ ਇਨ੍ਹਾਂ ਵਿਦਿਆਰਥੀਆਂ ਨੇ 3,900 ਨੌਕਰੀਆਂ ਦਾ ਸਮਰਥਨ ਕੀਤਾ ਹੈ।

ਹਾਰਵਰਡ ਬਿਜ਼ਨਸ ਸਕੂਲ

ਤਸਵੀਰ ਸਰੋਤ, Getty Images

ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹੇ ਨਾਮੀ-ਗਿਰਾਮੀ ਭਾਰਤੀ

ਭਾਰਤ ਦੇ ਕਈ ਮਸ਼ਹੂਰ ਲੋਕਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਇਨ੍ਹਾਂ ਵਿੱਚ ਉਦਯੋਗਪਤੀ ਤੋਂ ਲੈ ਕੇ ਨੇਤਾ ਅਤੇ ਕਲਾਕਾਰ ਸ਼ਾਮਲ ਹਨ।

ਰਤਨ ਟਾਟਾ: ਟਾਟਾ ਸੰਨਜ਼ ਅਤੇ ਟਾਟਾ ਗਰੁੱਪ ਦੇ ਚੇਅਰਮੈਨ ਰਹੇ ਰਤਨ ਟਾਟਾ ਹਾਰਵਰਡ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਨੂੰ ਸਾਲ 1975 ਵਿੱਚ ਹਾਰਵਰਡ ਯੂਨੀਵਰਸਿਟੀ ਦੇ ਹਰਵਰਡ ਬਿਜ਼ਨਸ ਸਕੂਲ ਤੋਂ ਪੜ੍ਹਾਈ ਕੀਤੀ ਸੀ। ਪਿਛਲੇ ਸਾਲ 86 ਸਾਲ ਦੀ ਉਮਰ ਵਿੱਚ ਰਤਨ ਟਾਟਾ ਦਾ ਦੇਹਾਂਤ ਹੋ ਗਿਆ ਸੀ।

ਸੁਬਰਾਮਨੀਅਮ ਸਵਾਮੀ: ਮਸ਼ਹੂਰ ਨੇਤਾ ਅਤੇ ਅਰਥਸ਼ਾਸਤਰੀ ਸੁਬਰਾਮੀਅਮ ਸਵਾਮੀ ਨੇ ਗਰੈਜੂਏਸ਼ਨ ਦਿੱਲੀ ਯੂਨੀਵਰਸਿਟੀ ਅਤੇ ਪੋਸਟ-ਗਰੈਜੂਏਸ਼ਨ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ (ਕੋਲਕਾਤਾ) ਤੋਂ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ ਪੀਐੱਚਡੀ ਪੂਰੀ ਕੀਤੀ। ਪੀਐੱਚਡੀ ਪੂਰੀ ਕਰਨ ਤੋਂ ਬਾਅਦ ਸੁਬਰਾਮਨੀਅਮ ਸਵਾਮੀ ਨੇ ਹਾਰਵਰਡ ਵਿੱਚ ਹੀ ਅਧਿਆਪਕ ਦਾ ਕੰਮ ਕੀਤਾ।

ਮੀਰਾ ਨਾਇਰ: ਮਸ਼ਹੂਰ ਫਿਲਮ ਨਿਰਮਾਤਾ ਜਿਨ੍ਹਾਂ ਨੂੰ ਸਲਾਮ ਬੰਬੇ ਅਤੇ ਮਾਨਸੂਨ ਵੇਡਿੰਗ ਵਰਗੀਆਂ ਫਿਲਮਾਂ ਲਈ ਜਾਣਿਆਂ ਜਾਂਦਾ ਹੈ। ਦਿੱਲੀ ਦੇ ਮਿਰਾਂਡਾ ਹਾਊਸ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਵਿੱਚ ਡਿਗਰੀ ਪ੍ਰਾਪਤ ਕੀਤੀ ਸੀ।

ਕਪਿਲ ਸਿੱਬਲ: ਮਸ਼ਹੂਰ ਵਕੀਲ ਅਤੇ ਸਿਆਸਤਦਾਨ ਕਪਿਲ ਸਿੱਬਲ ਨੇ 1977 ਵਿੱਚ ਹਾਰਵਰਡ ਲਾਅ ਸਕੂਲ ਤੋਂ ਐੱਲਐੱਲਐੱਮ ਦੀ ਡਿਗਰੀ ਲਈ। ਯੂਪੀਏ ਸਰਕਾਰ ਦੌਰਾਨ ਉਹ ਮਾਨਵ ਸਰੋਤ ਵਿਕਾਸ ਮੰਤਰੀ ਰਹਿ ਚੁੱਕੇ ਹਨ ਅਤੇ ਵਰਤਮਾਨ ਵਿੱਚ ਰਾਜ ਸਭਾ ਸੰਸਦ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI