Source :- BBC PUNJABI

ਜੋੜਾ

ਤਸਵੀਰ ਸਰੋਤ, kkshepel/Getty Images

20 ਮਿੰਟ ਪਹਿਲਾਂ

ਸਿੰਡਰੇਲਾ ਅਤੇ ਪ੍ਰਿੰਸ ਚਾਰਮਿੰਗ ਵਰਗੀਆਂ ਕਲਾਸਿਕ ਪਰੀ ਕਹਾਣੀਆਂ ਤੋਂ ਲੈ ਕੇ ਜੇਨ ਆਸਟਨ ਦੇ ਪ੍ਰਾਈਡ ਐਂਡ ਪ੍ਰੈਜੂਡਾਈਜ਼ ਵਿੱਚ ਐਲਿਜ਼ਾਬੈਥ ਬੇਨੇਟ ਅਤੇ ਮਿਸਟਰ ਡਾਰਸੀ ਵਰਗੀਆਂ ਪ੍ਰਸਿੱਧ ਸਾਹਿਤਕ ਜੋੜੀਆਂ ਤੱਕ, ਔਰਤਾਂ ਦੇ ‘ਵਿਆਹ ਕਰਨ’ ਦੇ ਵਿਚਾਰ ਨੇ ਸਦੀਆਂ ਤੋਂ ਸੱਭਿਆਚਾਰਕ ਨੇਮਾਂ ਨੂੰ ਬਣਤਰ ਦਿੱਤੀ ਹੈ।

ਪਰ ਔਰਤਾਂ ਦੇ ਵਧੇਰੇ ਸਿਖਿਅਤ ਹੋਣ ਨਾਲ ਅਤੇ ਵਿੱਤੀ ਆਜ਼ਾਦੀ ਹਾਸਿਲ ਕਰਨ ਨਾਲ ਰਿਸ਼ਤਿਆਂ ਬਾਰੇ ਰਵਾਇਤੀ ਵਿਚਾਰ ਅਤੇ ਢੰਗ-ਤਰੀਕੇ ਬਦਲ ਰਹੇ ਹਨ।

ਆਸਟਰੀਆ ਵਿੱਚ ਵਿਅੇਨਾ ਯੂਨੀਵਰਸਿਟੀ ਦੀ ਸਮਾਜ ਸ਼ਾਸਤਰੀ ਨਾਦੀਆ ਸਟੀਬਰ ਕਹਿੰਦੀ ਹੈ, “ਅੱਜ ਨੌਜਵਾਨਾਂ ਵਿੱਚ ਬੇਜੋੜ ਹੋਣਾ ਵਧ ਰਿਹਾ ਹੈ, ਮਰਦਾਂ ਨਾਲੋਂ ਔਰਤਾਂ ਵੱਧ ਪੜ੍ਹੀਆਂ-ਲਿਖੀਆਂ, ਉੱਚ ਸਿੱਖਿਆ ਯਾਫ਼ਤਾ ਹਨ।”

ਉਹ ਕਹਿੰਦੇ ਹਨ, “ਨਤੀਜੇ ਵਜੋਂ, ਹਾਲਾਂਕਿ ਬਹੁਤ ਸਾਰੀਆਂ ਔਰਤਾਂ ਜ਼ਿਆਦਾਤਰ ਬਰਾਬਰ ਦੀ ਸਿੱਖਿਆ ਜਾਂ ਸਮਾਜਿਕ-ਆਰਥਿਕ ਸਥਿਤੀ ਵਾਲੇ ਸਾਥੀ ਲੱਭਦੀਆਂ ਹਨ, ਪਰ ਉਹ ਅਕਸਰ ਦੂਜੇ-ਸਭ ਤੋਂ ਵਧੀਆ ਬਦਲ ਲਈ ਸੈਟਲ ਹੋ ਜਾਂਦੀਆਂ ਹਨ, ਜਿਸ ਨੂੰ ‘ਡਾਊਨ’ ਸਾਥੀ ਵਜੋਂ ਦਰਸਾਇਆ ਗਿਆ ਹੈ।”

ਸਮਾਜਿਕ ਵਿਗਿਆਨ ਵਿੱਚ, ਇਸ ਵਰਤਾਰੇ ਨੂੰ ‘ਹਾਈਪੋਗੈਮੀ ਦਾ ਉਭਾਰ’ ਕਿਹਾ ਜਾਂਦਾ ਹੈ।

ਸਿੰਡਰੇਲਾ ਪਰੀ ਕਹਾਣੀ

ਤਸਵੀਰ ਸਰੋਤ, Historical Picture Archive

ਹਾਈਪੋਗੈਮੀ ਕੀ ਹੈ?

ਹਾਈਪੋਗੈਮੀ ਦਾ ਅਰਥ ਹੈ ਆਪਣੇ ਆਪ ਤੋਂ ਘੱਟ ਸਮਾਜਿਕ, ਆਰਥਿਕ ਜਾਂ ਵਿਦਿਅਕ ਰੁਤਬੇ ਵਾਲੇ ਕਿਸੇ ਵਿਅਕਤੀ ਨਾਲ ਵਿਆਹ ਕਰਨ ਜਾਂ ਰੋਮਾਂਟਿਕ ਰਿਸ਼ਤਾ ਬਣਾਉਣਾ।

ਰਵਾਇਤੀ ਤੌਰ ‘ਤੇ, ਔਰਤਾਂ ਲਈ ਇਸਦੇ ਉਲਟ ਹਾਈਪਰਗੈਮੀ (ਸਾਂਝੀਦਾਰੀ) ਨੂੰ ਤਰਜ਼ੀਹ ਦਿੱਤੀ ਜਾਂਦੀ ਹੈ ਯਾਨਿ ਉਨ੍ਹਾਂ ਨਾਲੋਂ ਵੱਧ ਪੜ੍ਹੇ-ਲਿਖੇ ਮਰਦਾਂ ਨੂੰ ਸਮਾਜਿਕ ਤੌਰ ‘ਤੇ ਵਧੇਰੇ ਸਵੀਕਾਰ ਕੀਤਾ ਜਾਂਦਾ ਹੈ।

ਸੱਭਿਆਚਾਰਕ ਨਿਯਮਾਂ ਨੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਅਜਿਹੇ ਸਾਥੀਆਂ ਦੀ ਭਾਲ ਕਰਨ ਲਈ ਉਤਸ਼ਾਹਿਤ ਕੀਤਾ ਹੈ ਜੋ ਵਿੱਤੀ ਤੌਰ ‘ਤੇ ਵਧੇਰੇ ਸਥਿਰ, ਵੱਡੀ ਉਮਰ ਦੇ, ਜਾਂ ਬਿਹਤਰ ਪੜ੍ਹੇ-ਲਿਖੇ ਹੋਣ।

ਬ੍ਰਿਟਿਸ਼ ਸਮਾਜ ਸ਼ਾਸਤਰੀ ਅਤੇ ਲੰਡਨ ਸਥਿਤ ਇੱਕ ਥਿੰਕ ਟੈਂਕ, ਸਿਵਿਟਾਸ ਵਿੱਚ ਪ੍ਰੋਫੈਸਰੀ ਰਿਸਰਚ ਫੈਲੋ ਕੈਥਰੀਨ ਹਾਕਿਮ ਕਹਿੰਦੇ ਹਨ,”ਇਤਿਹਾਸਕ ਤੌਰ ‘ਤੇ, ਮੁੰਡਿਆਂ ਨੂੰ, ਜਿਨ੍ਹਾਂ ਨੇ ਰੋਜ਼ੀ ਰੋਟੀ ਲਈ ਕੰਮ ਕਰਨਾ ਹੁੰਦਾ ਸੀ, ਨੂੰ ਕੁੜੀਆਂ ਨਾਲੋਂ ਵੱਧ ਸਿੱਖਿਆ ਦਿੱਤੀ ਜਾਂਦੀ ਸੀ। ਮੰਨਿਆਂ ਜਾਂਦਾ ਹੈ ਹੈ ਕਿ ਔਰਤਾਂ ਲਈ ਘਰ ਦੇ ਘਰੇਲੂ ਕੰਮ ਸਿੱਖਣੇ ਜ਼ਰੂਰੀ ਹੁੰਦੇ ਸਨ।”

“ਪਤੀ-ਪਤਨੀ ਵਿਚਕਾਰ ਉਮਰ ਅਤੇ ਸਿੱਖਿਆ ਵਿੱਚ ਇੱਕ ਵੱਡਾ ਪਾੜਾ ਪਿਤਾ-ਪੁਰਖੀ ਸੱਤਾ ਨੂੰ ਵਧਣ-ਫੁੱਲਣ ਦਿੰਦਾ ਹੈ।”

ਉਹ ਕਹਿੰਦੇ ਹਨ, “ਮਰਦਾਂ ਅਤੇ ਔਰਤਾਂ ਲਈ ਵਿਦਿਅਕ ਬਰਾਬਰਤਾ ਆਧੁਨਿਕ, ਅਮੀਰ ਸਮਾਜਾਂ ਦੀ ਇੱਕ ਖ਼ਾਸੀਅਤ ਬਣ ਗਈ ਹੈ।”

ਜੇਨ ਆਸਟਨ ਦਾ ਨਾਵਲ ਪ੍ਰਾਈਡ ਐਂਡ ਪ੍ਰੈਜੂਡਿਸ

ਤਸਵੀਰ ਸਰੋਤ, Mark Lawrence/TV Times

ਅੰਕੜੇ ਕੀ ਦੱਸਦੇ ਹਨ

ਹਾਲੀਆ ਅੰਕੜੇ ਇੱਕ ਬਦਲਾਅ ਦੀ ਗਵਾਈ ਭਰਦੇ ਹਨ।

2023 ਦੇ ਪਿਊ ਰਿਸਰਚ ਸੈਂਟਰ ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਅਮਰੀਕਾ ਵਿੱਚ ਹੋਏ ਵਿਆਹਾਂ ਵਿੱਚ 24 ਫ਼ੀਸਦ ਔਰਤਾਂ ਦਾ ਸਿੱਖਿਆ ਪੱਧਰ ਉਨ੍ਹਾਂ ਦੇ ਪਤੀਆਂ ਨਾਲੋਂ ਉੱਚਾ ਸੀ, ਜੋ ਕਿ 1972 ਵਿੱਚ ਇਹ 19 ਫ਼ੀਸਦ ਸੀ।

ਇਸੇ ਅਧਿਐਨ ਤੋਂ ਪਤਾ ਲੱਗਾ ਹੈ ਕਿ 29 ਫ਼ੀਸਦ ਵਿਆਹਾਂ ਵਿੱਚ, ਦੋਵਾਂ ਪਤੀ-ਪਤਨੀ ਦੀ ਆਮਦਨ ਤਕਰੀਬਨ ਇੱਕੋ ਜਿੰਨੀ ਹੀ ਸੀ।

ਜਦੋਂ ਕਿ ਰਵਾਇਤੀ ਮਾਡਲ ਅਜੇ ਵੀ ਦਬਦਬਾ ਰੱਖਦਾ ਸੀ, ਅੱਧੇ ਤੋਂ ਵੱਧ ਪਤੀ ਘਰ ਵਿੱਚ ਮੁੱਖ ਜਾਂ ਇਕੱਲੇ ਰੋਜ਼ੀ-ਰੋਟੀ ਕਮਾਉਣ ਵਾਲੇ ਸਨ, 16 ਫ਼ੀਸਦ ਵਿਆਹਾਂ ਵਿੱਚ ਔਰਤਾਂ ਇਸ ਭੂਮਿਕਾ ਵਿੱਚ ਸਨ।

ਖ਼ਾਸ ਤੌਰ ‘ਤੇ, ਪਿਛਲੇ ਪੰਜ ਦਹਾਕਿਆਂ ਵਿੱਚ ਆਪਣੇ ਪਤੀਆਂ ਦੇ ਬਰਾਬਰ ਜਾਂ ਉਸ ਤੋਂ ਵੱਧ ਕਮਾਉਣ ਵਾਲੀਆਂ ਔਰਤਾਂ ਦਾ ਅਨੁਪਾਤ ਤਕਰੀਬਨ ਤਿੰਨ ਗੁਣਾ ਵਧਿਆ ਹੈ।

ਵਿਆਹ

ਇਹ ਤਬਦੀਲੀਆਂ ਲੰਬੇ ਸਮੇਂ ਤੋਂ ਚੱਲ ਰਹੇ ਵਿਆਹਾਂ ਨਾਲ ਜੁੜੇ ਸਮਾਜਿਕ ਨਿਯਮਾਂ ਨੂੰ ਚੁਣੌਤੀ ਦੇ ਰਹੀਆਂ ਹਨ ਅਤੇ ਭਾਈਵਾਲੀ ਦੇ ਆਲੇ-ਦੁਆਲੇ ਉਮੀਦਾਂ ਨੂੰ ਇੱਕ ਨਵਾਂ ਆਕਾਰ ਦੇ ਰਹੀਆਂ ਹਨ। ਅਕਸਰ ਵਿਕਸਤ ਹੋ ਰਹੀਆਂ ਹਕੀਕਤਾਂ ਅਤੇ ਲੰਮੀ ਸਮਾਜਿਕ ਪਸੰਦਾਂ ਵਿਚਕਾਰ ਘਿਰਣਾ ਪੈਦਾ ਕਰਦੀਆਂ ਹਨ।

ਇਗਨਾਈਟ ਡੇਟਿੰਗ ਦੇ ਇੱਕ ਮੈਚਮੇਕਰ ਮਿਸ਼ੇਲ ਬੇਗੀ ਕਹਿੰਦੇ ਹਨ,”ਜਦੋਂ ਕਿ ਕੁਝ ਔਰਤਾਂ ਉੱਚ ਸਮਾਜਿਕ-ਆਰਥਿਕ ਹੈਸੀਅਤ ਵਾਲੇ ਸਾਥੀਆਂ ਦੀ ਭਾਲ ਜਾਰੀ ਰੱਖਦੀਆਂ ਹਨ। ਬਹੁਤ ਸਾਰੀਆਂ ਔਰਤਾਂ ਹੁਣ ਰਿਸ਼ਤੇ ਤੈਅ ਕਰਨ ਦੇ ਰਵਾਇਤੀ ਢੰਗ- ਤਰੀਕੇ ਜਿਨ੍ਹਾਂ ਵਿੱਚ ਪਰਿਵਾਰਾਂ ਦਾ ਆਰਥਿਕ ਤੇ ਸਮਾਜਿਕ ਹੈਸੀਅਤ ਦੇਖੀ ਜਾਂਦੀ ਸੀ ਉਸ ਨਾਲੋਂ ਭਾਵਨਾਤਮਕ ਅਨੁਕੂਲਤਾ, ਸਾਂਝੀਆਂ ਕਦਰਾਂ ਕੀਮਤਾਂ ਅਤੇ ਆਪਸੀ ਸਤਿਕਾਰ ਨੂੰ ਤਰਜੀਹ ਦਿੰਦੀਆਂ ਹਨ।”

ਉਹ ਕਹਿੰਦੇ ਹਨ, “ਇਹ ਵਿਕਾਸ ਬਰਾਬਰੀ ਦੇ ਸਬੰਧਾਂ ਵੱਲ ਇੱਕ ਵਿਆਪਕ ਤਬਦੀਲੀ ਨੂੰ ਦਰਸਾਉਂਦਾ ਹੈ, ਜਿੱਥੇ ਰਿਸ਼ਤਿਆਂ ਵਿੱਚ ਅਹੁਦਿਆਂ ਤੇ ਰੁਤਬਿਆਂ ਤੋਂ ਉੱਪਰ ਆਪਸੀ ਸਾਂਝ ਤੇ ਨਿੱਜੀ ਸੰਤੁਸ਼ਟੀ ਨੂੰ ਦਿੱਤਾ ਜਾਂਦਾ ਹੈ।”

ਹਾਕਿਮ ਕਹਿੰਦੀ ਹੈ ਕਿ ਵਿਦਿਅਕ ਸਮਾਨਤਾ ਹੁਣ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਸਭ ਤੋਂ ਆਮ ਪੈਟਰਨ ਹੈ।

ਉਹ ਦੱਸਦੇ ਹਨ, “ਤਕਰੀਬਨ ਅੱਧੇ, ਪਰ ਕਈ ਵਾਰ ਤਿੰਨ-ਚੌਥਾਈ ਤੱਕ, ਜੋੜੇ ਵਿਦਿਅਕ ਬਰਾਬਰਤਾ ਰੱਖਣ ਵਾਲੇ ਹੁੰਦੇ ਹਨ।”

“ਤਕਰੀਬਨ ਇੱਕ ਤਿਹਾਈ ਪਤਨੀਆਂ (ਸਿੱਖਿਆ ਦੇ ਮਾਮਲੇ ਵਿੱਚ) ਆਪਣੇ ਤੋਂ ਵੱਧ ਪੜ੍ਹੇ-ਲਿਖੇ ਤੇ ਵੱਧ ਆਮਦਨ ਵਾਲੇ ਸਾਥੀ ਨਾਲ ਵਿਆਹ ਕਰਵਾ ਲੈਂਦੀਆਂ ਹਨ, ਜਦੋਂ ਕਿ ਲਗਭਗ ਹਰ ਪੰਜਵਾਂ ਪਤੀ ਅਜਿਹਾ ਕਰਦੇ ਹਨ। ਵਿਦਿਅਕ ਸਮਾਨਤਾ ਇੱਕ ਆਦਰਸ਼ ਹੈ।”

ਵਿਆਹ

ਤਸਵੀਰ ਸਰੋਤ, MarcoVDM/Getty Images

ਇਹ ਵੀ ਪੜ੍ਹੋ-

ਗਲੋਬਲ ਨਿਯਮ

ਪੱਛਮੀ ਸਮਾਜਾਂ ਵਿੱਚ ਹਾਈਪੋਗੈਮੀ ਦਾ ਉਭਾਰ ਵਧੇਰੇ ਦਿਖਾਈ ਦੇ ਰਿਹਾ ਹੈ, ਪਰ ਦੂਜੇ ਪਾਸੇ ਹਾਈਪਰਗੈਮੀ ਅਜੇ ਵੀ ਦੁਨੀਆ ਦੇ ਕਈ ਹਿੱਸਿਆਂ ਵਿੱਚ ਪ੍ਰਚਲਿਤ ਹੈ।

ਅਮਰੀਕਾ ਵਿੱਚ ਮੈਰੀਲੈਂਡ ਯੂਨੀਵਰਸਿਟੀ ਦੇ ਸਮਾਜ ਸ਼ਾਸਤਰੀ ਸੋਨਾਲਦੇ ਦੇਸਾਈ ਕਹਿੰਦੇ ਹਨ, “ਹਿੰਦੂ ਧਰਮ ਗ੍ਰੰਥ ਇੱਕੋ ਜਾਤੀ ਦੇ ਅੰਦਰ ਵਿਆਹ ‘ਤੇ ਕੇਂਦਰਿਤ ਕਰਦੇ ਹਨ, ਪਰ ‘ਅਨੁਲੋਮਾ’ ਵਿਆਹ ਪ੍ਰਵਾਨ ਹੈ ਜਿੱਥੇ ਇੱਕ ਮਰਦ ਨੀਵੀਂ ਜਾਤੀ ਦੀ ਔਰਤ ਨਾਲ ਵਿਆਹ ਕਰਦਾ ਹੈ, ਜਦੋਂ ਕਿ ‘ਪ੍ਰਤੀਲੋਮਾ’, ਵਿਆਹ ਜਿੱਥੇ ਇੱਕ ਮਰਦ ਉੱਚ ਜਾਤੀ ਦੀ ਔਰਤ ਨਾਲ ਵਿਆਹ ਕਰਦਾ ਹੈ, ਵਰਜਿਤ ਹੈ।”

ਉਹ ਦੱਸਦੇ ਹਨ ਕਿ ਭਾਰਤ ਵਿੱਚ ਅਰੈਂਜਡ ਮੈਰਿਜ ਅਜੇ ਵੀ ਹਾਵੀ ਹਨ, ਤਕਰੀਬਨ 95 ਫ਼ੀਸਦ ਵਿਆਹ ਇੱਕੋ ਜਾਤੀ ਦੇ ਅੰਦਰ ਹੁੰਦੇ ਹਨ।

ਅਖ਼ਬਾਰਾਂ ਦੇ ਵਿਆਹ ਸੰਬੰਧੀ ਇਸ਼ਤਿਹਾਰਾਂ ਵਿੱਚ ਦਿਖਾਈ ਦੇਣ ਵਾਲੇ ਰਵਾਇਤੀ ਨਿਯਮ ਵੀ ਇਹ ਦਰਸਾਉਂਦੇ ਹਨ। ਆਮ ਤੌਰ ‘ਤੇ ਲਾੜੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਦੁਲਹਨ ਨਾਲੋਂ ਉਮਰ ਵਿੱਚ ਵੱਡਾ, ਲੰਬਾ ਅਤੇ ਘੱਟੋ-ਘੱਟ ਵੱਧ ਪੜ੍ਹਿਆ-ਲਿਖਿਆ ਹੋਣਾ ਚਾਹੀਦਾ ਹੈ।

ਉਹ ਕਹਿੰਦੇ ਹਨ, “ਅਨੁਭਵੀ ਖੋਜ ਦਰਸਾਉਂਦੀ ਹੈ ਕਿ ਹਾਈਪੋਗੈਮੀ, ਜਿੱਥੇ ਔਰਤਾਂ ਘੱਟ ਸਿੱਖਿਆ ਵਾਲੇ ਮਰਦਾਂ ਨਾਲ ਵਿਆਹ ਕਰਦੀਆਂ ਹਨ, ਵਧ ਰਹੀ ਹੈ।”

ਈਰਾਨ ਇੱਕ ਹੋਰ ਪ੍ਰਭਾਵਸ਼ਾਲੀ ਉਦਾਹਰਣ ਹੈ ਕਿਉਂਕਿ ਇੱਥੇ ਪੱਛਮ ਏਸ਼ੀਆ ਵਿੱਚ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਵਾਲੀਆਂ ਔਰਤਾਂ ਦੀ ਦਰ ਸਭ ਤੋਂ ਵੱਧ ਹੈ।

ਈਰਾਨ

ਤਸਵੀਰ ਸਰੋਤ, Grigorev_Vladimir/Getty Images

ਕੁਝ ਪੜ੍ਹੇ-ਲਿਖੇ ਪੇਸ਼ੇਵਰਾਂ ਦਾ ਕਹਿਣਾ ਹੈ ਕਿ ਫ਼ਿਰ ਵੀ, ਪਿਤਰਸੱਤਾ ਭਰੇ ਨਿਯਮ ਕਾਇਮ ਹਨ ਕਿਉਂਕਿ ਬਹੁਤ ਸਾਰੇ ਪਰਿਵਾਰ ਅਜੇ ਵੀ ਮਰਦਾਂ ਤੋਂ ਮੁੱਖ ਕਮਾਉਣ ਵਾਲਾ ਹੋਣ ਦੀ ਉਮੀਦ ਕਰਦੇ ਹਨ, ਜਿਸ ਕਾਰਨ ਇਕੱਲੀਆਂ, ਪੜ੍ਹੀਆਂ-ਲਿਖੀਆਂ ਔਰਤਾਂ ਦੀ ਦਰ ਵਧ ਰਹੀ ਹੈ ਜੋ ‘ਸਵੀਕਾਰਯੋਗ’ ਸਾਥੀ ਲੱਭਣ ਲਈ ਸੰਘਰਸ਼ ਕਰਦੀਆਂ ਹਨ।

ਉਹ ਕਹਿੰਦੇ ਹਨ ਕਿ ਪਰ ਔਰਤਾਂ ਦੀ ਨਵੀਂ ਪੀੜ੍ਹੀ ਇਨ੍ਹਾਂ ਰਵਾਇਤੀ ਉਮੀਦਾਂ ਨੂੰ ਚੁਣੌਤੀ ਦੇ ਰਹੀ ਹੈ, ਬਹੁਤ ਸਾਰੀਆਂ ਨਿੱਜੀ ਖ਼ੁਦਮੁਖਤਿਆਰੀ, ਕਰੀਅਰ ਨੂੰ ਤਰਜੀਹ ਦੇ ਰਹੀਆਂ ਹਨ ਅਤੇ ਆਧੁਨਿਕ ਈਰਾਨੀ ਸਮਾਜ ਵਿੱਚ ਰਿਸ਼ਤਿਆਂ ਦਾ ਕੀ ਅਰਥ ਹੈ, ਇਸਨੂੰ ਮੁੜ ਪਰਿਭਾਸ਼ਿਤ ਕਰ ਰਹੀਆਂ ਹਨ।

ਚੀਨ ਵਿੱਚ, ਇਤਰਾਜ਼ਯੋਗ ਸ਼ਬਦ ‘ਸ਼ੇਂਗ ਨੂ’ (‘ਬਚੀਆਂ ਹੋਈਆਂ ਔਰਤਾਂ’) ਉਨ੍ਹਾਂ ਔਰਤਾਂ ਲਈ ਵਰਤਿਆ ਜਾਂਦਾ ਹੈ ਜੋ 20ਵਿਆਂ ਜਾਂ 30ਵਿਆਂ ਦੀ ਉਮਰ ਤੱਕ ਉੱਚ ਸਿੱਖਿਆ ਪ੍ਰਾਪਤ ਤੇ ਅਣਵਿਆਹੀਆਂ ਹੁੰਦੀਆਂ ਹਨ।

ਜਪਾਨ ਵਿੱਚ ਔਰਤਾਂ ਆਰਥਿਕ ਤੌਰ ‘ਤੇ ਸੁਤੰਤਰ ਹੋਣ ਅਤੇ ਰਵਾਇਤੀ ਭੂਮਿਕਾਵਾਂ ਦੇ ਬੋਝ ਕਾਰਨ ਵਿਆਹ ਵਿੱਚ ਦੇਰੀ ਕਰ ਰਹੀਆਂ ਹਨ ਜਾਂ ਪੂਰੀ ਤਰ੍ਹਾਂ ਵਿਆਹ ਨੂੰ ਨਕਾਰ ਰਹੀਆਂ ਹਨ।

ਦੂਜੇ ਪਾਸੇ, ਨਾਰਵੇ ਅਤੇ ਸਵੀਡਨ ਵਰਗੇ ਦੇਸ਼ ਇੱਕ ਉਲਟ ਤਸਵੀਰ ਪੇਸ਼ ਕਰਦੇ ਹਨ। ਮਜ਼ਬੂਤ ਲਿੰਗ ਸਮਾਨਤਾ ਵਾਲੀਆਂ ਨੀਤੀਆਂ, ਉਦਾਰਤਾ ਨਾਲ ਬੱਚਿਆਂ ਦੀ ਸਾਂਭ-ਸੰਭਾਲ ਲਈ ਦਿੱਤੀਆਂ ਜਾਂਦੀਆਂ ਛੁੱਟੀਆਂ ਅਤੇ ਉੱਚ ਮਹਿਲਾ ਕਿਰਤ ਭਾਗੀਦਾਰੀ ਦੇ ਨਾਲ, ਸਮਾਨਤਾਵਾਦੀ ਭਾਈਵਾਲੀ ਦੁਨੀਆ ਦੇ ਇਸ ਹਿੱਸੇ ਵਿੱਚ ਆਮ ਪੈਟਰਨ ਹਨ।

ਸਟੀਬਰ ਕਹਿੰਦੇ ਹਨ, “ਵੱਖ-ਵੱਖ ਸਮਾਜਾਂ ਵਿੱਚ ਆਦਰਸ਼ ਦਬਾਅ ਦਾ ਵੱਖਰਾ ਭਾਰ ਹੁੰਦਾ ਹੈ। (ਪੱਛਮ ਵਿੱਚ) ਉੱਚ ਸਿੱਖਿਆ ਪ੍ਰਾਪਤ ਔਰਤਾਂ, ਭਾਵੇਂ ਉਹ ਅਸਲ ਵਿੱਚ ਆਪਣੇ ਪਤੀਆਂ ਨਾਲੋਂ ਜ਼ਿਆਦਾ ਨਹੀਂ ਕਮਾਉਂਦੀਆਂ, ਉਨ੍ਹਾਂ ਦਾ ਰਿਸ਼ਤੇ ਵਿੱਚ ਚੰਗਾ ਸਮਾਜਿਕ ਰੁਤਬਾ ਹੁੰਦਾ ਹੈ।”

“ਉਨ੍ਹਾਂ ਕੋਲ ਸੌਦੇਬਾਜ਼ੀ ਦੀ ਸ਼ਕਤੀ ਹੁੰਦੀ ਹੈ ਅਤੇ ਉਹ ਜੋੜੇ ਦੇ ਫ਼ੈਸਲਿਆਂ ਵਿੱਚ ਹਿੱਸਾ ਲੈਂਦੀਆਂ ਹਨ ਜਦਕਿ ਹੋਰ ਸਭਿਆਚਾਰਾਂ ਵਿੱਚ, ਇਹ ਵਧੇਰੇ ਸੀਮਤ ਹੋ ਸਕਦਾ ਹੈ।”

ਵਿਆਹ

ਤਸਵੀਰ ਸਰੋਤ, sturti/Getty Images

ਸ਼ੋਸ਼ਲ ਮੀਡੀਆ ਦਾ ਅਸਰ

ਭਾਵੇਂ ਹਾਈਪਰਗੈਮੀ ਅਜੇ ਘੱਟ ਅਪਣਾਈ ਜਾਂਦੀ ਹੈ ਪਰ ਸੋਸ਼ਲ ਮੀਡੀਆ ‘ਤੇ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਅਮੀਰ ਜਾਂ ਉੱਚ-ਦਰਜੇ ਵਾਲੇ ਸਾਥੀ ਨੂੰ ਕਿਵੇਂ ਆਕਰਸ਼ਿਤ ਕਰਨਾ ਹੈ ਇਸ ਬਾਰੇ ਸੁਝਾਵਾਂ ਨਾਲ ਸੋਸ਼ਲ ਮੀਡੀਆ ਭਰਿਆ ਰਹਿੰਦਾ ਹੈ।

“ਪਾਸਪੋਰਟ ਬ੍ਰਦਰਜ਼” ਵਰਗੇ ਵਾਇਰਲ ਰੁਝਾਨ ਨੇ ਪੱਛਮੀ ਮਰਦ ਜੋ ਵਿਦੇਸ਼ਾਂ ਵਿੱਚ ਉਨ੍ਹਾਂ ਸਾਥੀਆਂ ਦੀ ਭਾਲ ਕਰਦੇ ਹਨ ਜੋ ਰਵਾਇਤੀ ਪਰਿਵਾਰਕ ਭੂਮਿਕਾ ਨਿਭਾਉਂਦੇ ਹਨ।ਇਸ ਵਰਤਾਰੇ ਨੇ ਹਾਈਪਰਗੈਮੀ ਨੂੰ ਵੀ ਵਾਪਸ ਸੁਰਖੀਆਂ ਵਿੱਚ ਲਿਆਂਦਾ ਹੈ।”

“ਦੂਜੇ ਪਾਸੇ “ਟ੍ਰੇਡਵਾਈਫ” ਲਹਿਰ ਦੇ ਉਭਾਰ ਵਿੱਚ ਜਿੱਥੇ ਸੋਸ਼ਲ ਮੀਡੀਆ ਇਨਫਲੂਐਂਸਰ ਔਰਤਾਂ ਨੂੰ ਘਰ ਵਿੱਚ ਰਹਿਣ ਅਤੇ ਵੱਧ-ਕਮਾਈ ਵਾਲੇ ਪਤੀਆਂ ਦੀ ਭਾਲ ਕਰਨ ਲਈ ਉਤਸ਼ਾਹਿਤ ਕਰਦੇ ਹਨ।”

ਸਟੀਬਰ ਨੂੰ ਸੰਦੇਹ ਹੈ ਕਿ ਅਜਿਹੇ ਸੋਸ਼ਲ ਮੀਡੀਆ ਪ੍ਰਭਾਵ 1950ਵਿਆਂ ਦੇ ਵਰਤਾਰੇ ਨੂੰ ਮੁੜ ਹੋਂਦ ਵਿੱਚ ਲਿਆ ਸਕਦੇ ਹਨ ਜੋ ਅਕਸਰ ਹਾਈਪਰਗੈਮੀ ਨੂੰ ਨਾ ਸਿਰਫ਼ ਸਵੀਕਾਰ ਕਰਦਾ ਹੈ, ਸਗੋਂ ਇੱਛਾ ਵਜੋਂ ਪੇਸ਼ ਕਰਦਾ ਹੈ।

ਔਰਤਾਂ

ਤਸਵੀਰ ਸਰੋਤ, PeopleImages

‘ਉੱਚ-ਕਮਾਈ ਵਾਲੀਆਂ ਪਤਨੀਆਂ- ਇੱਕ ਦੁਰਲੱਭਤਾ’

ਸਟੀਬਰ ਇਹ ਵੀ ਦੱਸਦੇ ਹਨ ਕਿ ਜਦੋਂ ਔਰਤਾਂ “ਭਾਈਵਾਲੀ ਕਰਦੀਆਂ ਹਨ” ਤਾਂ ਇਹ ਅਕਸਰ ਮਰਦਾਂ ਲਈ ਵਧੇਰੇ ਤਣਾਅ ਪੈਦਾ ਕਰਦਾ ਹੈ, ਕਿਉਂਕਿ ਉਹ ਕਹਿੰਦੇ ਹਨ ਕਿ ਇਹ “ਮਰਦਾਨਗੀ ਦੇ ਰਵਾਇਤੀ ਵਿਚਾਰਾਂ ਨੂੰ ਚੁਣੌਤੀ ਦੇ ਸਕਦਾ ਹੈ”।

ਉਹ ਕਹਿੰਦੇ ਹਨ, “ਮਸਲਾ ਔਰਤਾਂ ਦੁਆਰਾ ਘੱਟ ਸਵੀਕਾਰ ਕਰਨ ਬਾਰੇ ਨਹੀਂ ਹੈ ਬਲਕਿ ਇਸ ਬਾਰੇ ਵਧੇਰੇ ਹੈ ਕਿ ਕੀ ਮਰਦ ਇੱਕ ਅਜਿਹੇ ਸਾਥੀ ਨਾਲ ਤਾਲਮੇਲ ਬਿਠਾ ਸਕਦੇ ਹਨ ਜੋ ਵਧੇਰੇ ਪੜ੍ਹਿਆ-ਲਿਖਿਆ ਜਾਂ ਸਫ਼ਲ ਹੈ।”

ਕੁਝ ਸਮਾਜ ਸ਼ਾਸਤਰੀ ਇਹ ਵੀ ਦਲੀਲ ਦਿੰਦੇ ਹਨ ਕਿ ਜਿਵੇਂ-ਜਿਵੇਂ ਔਰਤਾਂ ਦੀ ਸਿੱਖਿਆ ਦਾ ਪੱਧਰ ਵਧਦਾ ਹੈ, ਸਮਾਜਿਕ ਢਾਂਚੇ ਰਵਾਇਤੀ ਲਿੰਗ ਭੂਮਿਕਾਵਾਂ ਨੂੰ ਬਣਾਈ ਰੱਖਣ ਲਈ ਸੂਖਮਤਾ ਨਾਲ ਕੰਮ ਕਰਦੇ ਹਨ।

ਅਜਿਹਾ ਤਨਖਾਹ ਅਸਮਾਨਤਾਵਾਂ, ਪਾਰਟ-ਟਾਈਮ ਕੰਮ ਨੂੰ ਉਤਸ਼ਾਹਿਤ ਕਰਨ ਜਾਂ ਕੰਮ ਵਾਲੀ ਥਾਂ ‘ਤੇ ਨਿਯਮਾਂ ਨੂੰ ਉਤਸ਼ਾਹਿਤ ਕਰਨ ਵਰਗੇ ਢੰਗਾਂ ਰਾਹੀਂ ਹੁੰਦਾ ਹੈ ਜੋ ਕਰੀਅਰ ਅਤੇ ਮਾਂ ਬਣਨ ਨੂੰ ਸੰਤੁਲਿਤ ਕਰਨਾ ਮੁਸ਼ਕਲ ਬਣਾਉਂਦੇ ਹਨ। ਇਸ ਤਰ੍ਹਾਂ ਮਰਦ ਆਰਥਿਕ ਦਬਦਬੇ ਨੂੰ ਮਜ਼ਬੂਤ ਕਰਦੇ ਹਨ।

ਹਾਕਿਮ ਕਹਿੰਦੇ ਹਨ, “ਹਰ ਜਗ੍ਹਾ, ਮਰਦ ਆਮ ਤੌਰ ‘ਤੇ ਔਰਤਾਂ ਜਾਂ ਉਨ੍ਹਾਂ ਦੀਆਂ ਪਤਨੀਆਂ ਨਾਲੋਂ ਵੱਧ ਕਮਾਈ ਕਰਦੇ ਹਨ ਕਿਉਂਕਿ ਪਤਨੀਆਂ ਅਤੇ ਮਾਵਾਂ ਕੋਲ ਆਮ ਤੌਰ ‘ਤੇ ਨੌਕਰੀਆਂ ਵਿੱਚ ਅਨਿਯਮਿਤਤਾ ਹੁੰਦੀ ਹੈ, ਜਾਂ ਫਿਰ ਉਹ ਪਾਰਟ-ਟਾਈਮ ਕੰਮ ਕਰਦੀਆਂ ਹਨ।”

“ਇੱਥੋਂ ਤੱਕ ਕਿ ‘ਸਮਾਨਤਾਵਾਦੀ’ ਸਕੈਂਡੇਨੇਵੀਆ ਵਿੱਚ ਵੀ ਪਤੀ ਔਸਤਨ ਘਰੇਲੂ ਆਮਦਨ ਦਾ ਲਗਭਗ ਤਿੰਨ-ਚੌਥਾਈ ਹਿੱਸਾ ਕਮਾਉਂਦੇ ਹਨ। ਉੱਚ-ਕਮਾਈ ਵਾਲੀਆਂ ਔਰਤਾਂ ਜਾਂ ਪਤਨੀਆਂ ਇੱਕ ਅਪਵਾਦ, ਦੁਰਲੱਭਤਾ, ਇੱਕ ਆਮ ਸਥਿਤੀ ਨਹੀਂ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI