Source :- BBC PUNJABI

ਤਸਵੀਰ ਸਰੋਤ, ANI
ਅਪਡੇਟ 17 ਮਿੰਟ ਪਹਿਲਾਂ
ਭਾਰਤ ਦੇ ਉੱਤਰੀ ਖੇਤਰ ਜਿਵੇਂ ਪੰਜਾਬ, ਹਰਿਆਣਾ, ਚੰਡੀਗੜ੍ਹ, ਅਤੇ ਦਿੱਲੀ ਦੇ ਕਈ ਹਿੱਸਿਆਂ ‘ਚ ਸ਼ਨੀਵਾਰ ਸ਼ਾਮ ਤੋਂ ਤੇਜ਼ ਗਰਜ ਦੇ ਨਾਲ 40-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਨਾਲ ਹੀ ਇਹਨਾਂ ਥਾਵਾਂ ‘ਤੇ ਭਾਰੀ ਮੀਂਹ ਵੀ ਪਿਆ ਹੈ।
ਮੌਸਮ ਦੀ ਇਸ ਤਬਦੀਲੀ ਦੇ ਨਾਲ ਜਿੱਥੇ ਇੱਕ ਪਾਸੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਸ਼ਨੀਵਾਰ ਦੇਰ ਸ਼ਾਮ ਨੂੰ ਆਏ ਹਨੇਰ-ਝੱਖੜ ਨਾਲ ਵੱਖ-ਵੱਖ ਥਾਵਾਂ ‘ਤੇ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ।
ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਮੌਸਮ ਵਿਭਾਗ ਨੇ ਪੰਜਾਬ ‘ਚ 25,26,27 ਮਈ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ।

ਤਸਵੀਰ ਸਰੋਤ, Sourced by Pardeep Sharma
ਪੰਜਾਬ ਤੇ ਦਿੱਲੀ ‘ਚ ਕੀ ਹਨ ਹਾਲਾਤ?
ਐਤਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀ ਭਾਰੀ ਮੀਂਹ ਅਤੇ ਗਰਜ ਨਾਲ ਤੂਫ਼ਾਨ ਆਉਣ ਤੋਂ ਬਾਅਦ ਦਿੱਲੀ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ।
ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਇੱਕ ਸੂਚਨਾ ਜਾਰੀ ਕੀਤੀ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਬੀਤੀ ਰਾਤ ਖਰਾਬ ਮੌਸਮ ਕਾਰਨ ਕੁਝ ਉਡਾਣਾਂ ਪ੍ਰਭਾਵਿਤ ਹੋਈਆਂ ਹਨ।
ਉਨ੍ਹਾਂ ਅੱਗੇ ਲਿਖਿਆ, “ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਉਡਾਣ ਦੀ ਸਥਿਤੀ ਅਤੇ ਰੈਗੂਲਰ ਅਪਡੇਟਸ ਲਈ ਏਅਰਲਾਈਨ ਸਟਾਫ ਦੇ ਸੰਪਰਕ ਵਿੱਚ ਰਹਿਣ।”

ਤਸਵੀਰ ਸਰੋਤ, Sourced by Pardeep Sharma
ਬੀਬੀਸੀ ਸਹਿਯੋਗੀ ਪਰਦੀਪ ਸ਼ਰਮਾ ਦੀ ਰਿਪੋਰਟ ਮੁਤਾਬਕ ਜਲੰਧਰ ‘ਚ ਕੰਪਨੀ ਬਾਗ਼ ਦੇ ਬਾਹਰ ਲੱਗਿਆ ਹੋਇਆ ਤਿਰੰਗੇ ਝੰਡੇ ਦਾ ਪੋਲ ਤੇਜ਼ ਹਨੇਰੀ ਤੇ ਝੱਖੜ ਦੇ ਚਲਦਿਆਂ ਡਿੱਗ ਪਿਆ।
ਇਸ ਦੀ ਚਪੇਟ ‘ਚ ਇੱਕ ਕਾਰ ਅਤੇ ਇੱਕ ਨੌਜਵਾਨ ਆਇਆ ਹੈ ਜੋ ਜ਼ਖਮੀ ਹੋ ਗਿਆ ਹੈ।
ਇਸੇ ਤਰ੍ਹਾਂ ਜਲੰਧਰ ਦੇ ਨਾਮਦੇਵ ਚੌਂਕ ‘ਚ ਕਪੜਿਆਂ ਦੇ ਸ਼ੋ ਰੂਮ ਦੇ ਬਾਹਰ ਮੁਰੰਮਤ ਦੇ ਚਲਦਿਆਂ ਕੀਤੀ ਗਈ ਸ਼ਟ੍ਰਿੰਗ ਵੀ ਡਿੱਗ ਪਈ ਹੈ ਜਿਸ ਕਾਰਨ ਸ਼ੋਅ ਰੂਮ ਦੇ ਬਾਹਰ ਖੜੀਆਂ ਗੱਡੀਆਂ ਨੁਕਸਾਨੀਆਂ ਗਈਆਂ ਹਨ।
ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਦੀ ਰਿਪੋਰਟ ਮੁਤਾਬਕ ਲੁਧਿਆਣਾ ਦੇ ਨਾਨਕ ਨਗਰ ਦੀ ਇੱਕ ਬਹੁਮੰਜ਼ਲੀ ਫੈਕਟਰੀ ਦੀ ਪੰਜਵੀਂ ਮੰਜ਼ਿਲ ਦੀ ਕੰਧ ਤੀਬਰ ਹਵਾ ਦੇ ਕਾਰਨ ਡਿੱਗ ਗਈ। ਇਸ ਹਾਦਸੇ ‘ਚ ਦੋ ਮਜ਼ਦੂਰ ਉਸ ਦੀ ਚਪੇਟ ‘ਚ ਆ ਗਏ।
ਜਾਣਕਾਰੀ ਮੁਤਾਬਕ, ਇੱਕ ਮਜ਼ਦੂਰ ਦੀ ਮੌਤ ਮੌਕੇ ‘ਤੇ ਹੀ ਹੋ ਗਈ, ਜਦਕਿ ਦੂਜੇ ਨੂੰ ਗੰਭੀਰ ਹਾਲਤ ‘ਚ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਇਲਾਜ ਦੌਰਾਨ ਦੂਜੇ ਮਜ਼ਦੂਰ ਦੀ ਵੀ ਮੌਤ ਹੋ ਗਈ।

ਤਸਵੀਰ ਸਰੋਤ, Gurwinder Singh/BBC
ਲਹਿੰਦੇ ਪੰਜਾਬ ‘ਚ ਅੱਠ ਲੋਕਾਂ ਦੀ ਮੌਤ ਤੇ 45 ਜ਼ਖਮੀ
ਪਿਛਲੇ 24 ਘੰਟਿਆਂ ਦੌਰਾਨ ਲਹਿੰਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਨੇਰੀ, ਤੂਫ਼ਾਨ, ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ।
ਹੁਣ ਤੱਕ 45 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਵੀ ਆਈ ਹੈ।
ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐੱਮਏ) ਨੇ ਇੱਕ ਮੁੱਢਲੀ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਮੌਤਾਂ ਵਿੱਚ ਰਾਵਲਪਿੰਡੀ, ਸ਼ੇਖੂਪੁਰਾ, ਨਨਕਾਣਾ ਸਾਹਿਬ, ਸਿਆਲਕੋਟ ਅਤੇ ਮੀਆਂਵਾਲੀ ਤੋਂ ਇੱਕ-ਇੱਕ ਮੌਤ ਸ਼ਾਮਲ ਹੈ, ਜਦੋਂ ਕਿ ਜੇਹਲਮ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ।
ਸਭ ਤੋਂ ਵੱਧ ਜਾਨੀ ਨੁਕਸਾਨ ਜੇਹਲਮ ਵਿੱਚ ਹੋਇਆ ਹੈ, ਜਿੱਥੇ ਦੋ ਮਰਦਾਂ ਅਤੇ ਇੱਕ ਔਰਤ ਸਮੇਤ ਤਿੰਨ ਲੋਕਾਂ ਦੀ ਜਾਨ ਚਲੀ ਗਈ ਅਤੇ 10 ਲੋਕ ਜ਼ਖਮੀ ਹੋਏ ਹਨ।

ਤਸਵੀਰ ਸਰੋਤ, Getty Images
ਰਾਵਲਪਿੰਡੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਬੱਚੇ ਸਮੇਤ ਅੱਠ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਸੱਟਾਂ ਦਾ ਕਾਰਨ ਕੰਧ ਢਹਿਣਾ ਦੱਸਿਆ ਗਿਆ ਹੈ।
ਮਰੀ, ਅਟਕ ਅਤੇ ਖੁਸ਼ਾਬ ਵਿੱਚ ਕੁਝ ਲੋਕ ਜ਼ਖਮੀ ਹੋਏ ਹਨ, ਜਦੋਂ ਕਿ ਗੁਜਰਾਤ ਵਿੱਚ ਇੱਕ ਅਤੇ ਗੁਜਰਾਂਵਾਲਾ ਵਿੱਚ ਪੰਜ ਵਿਅਕਤੀ ਜ਼ਖਮੀ ਹੋਏ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਜ਼ਿਆਦਾਤਰ ਘਟਨਾਵਾਂ ਕੰਧ ਡਿੱਗਣ ਕਾਰਨ ਹੀ ਵਾਪਰੀਆਂ ਹਨ।
ਸ਼ੇਖੂਪੁਰਾ, ਨਨਕਾਣਾ ਸਾਹਿਬ ਅਤੇ ਸਿਆਲਕੋਟ ਤੋਂ ਵੀ ਇੱਕ-ਇੱਕ ਮੌਤ ਦੀ ਖ਼ਬਰ ਮਿਲੀ ਹੈ। ਇਨ੍ਹਾਂ ਥਾਵਾਂ ‘ਤੇ ਮੌਤਾਂ ਦਾ ਕਾਰਨ ਛੱਤ ਜਾਂ ਖੰਭੇ ਡਿੱਗਣ ਵਰਗੇ ਹਾਦਸੇ ਸਨ।
ਸਿਆਲਕੋਟ ਵਿੱਚ ਛੇ ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚ ਇੱਕ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ।

ਤਸਵੀਰ ਸਰੋਤ, Getty Images
ਕੀ ਰਿਹਾ ਮੌਤਾਂ ਦਾ ਕਾਰਨ?
ਪੀਡੀਐਮਏ ਦੇ ਬੁਲਾਰੇ ਅਨੁਸਾਰ, ਜ਼ਿਆਦਾਤਰ ਮੌਤਾਂ ਖੰਡਰ ਜਾਂ ਖਰਾਬ ਘਰਾਂ ਦੇ ਢਹਿ ਜਾਣ ਅਤੇ ਅਸੁਰੱਖਿਅਤ ਥਾਵਾਂ ‘ਤੇ ਉਨ੍ਹਾਂ ਦੀ ਮੌਜੂਦਗੀ ਕਾਰਨ ਹੋਈਆਂ।
ਤੂਫਾਨੀ ਹਵਾਵਾਂ ਕਾਰਨ ਕਈ ਇਲਾਕਿਆਂ ਵਿੱਚ ਕੰਧਾਂ, ਛੱਤਾਂ, ਦਰੱਖਤ ਅਤੇ ਸੋਲਰ ਪੈਨਲ ਢਹਿ ਗਏ, ਜਿਸ ਨਾਲ ਜ਼ਖਮੀਆਂ ਦੀ ਗਿਣਤੀ ਵਧ ਗਈ ਹੈ।
ਲਾਹੌਰ ਵਿੱਚ ਦਰੱਖਤ ਡਿੱਗਣ ਅਤੇ ਸੋਲਰ ਪੈਨਲਾਂ ਦੇ ਨੁਕਸਾਨੇ ਜਾਣ ਦੀਆਂ ਰਿਪੋਰਟਾਂ ਆਈਆਂ ਹਨ।
ਪੀਡੀਐਮਏ ਦੇ ਅਨੁਸਾਰ, ਹੁਣ ਤੱਕ ਪਸ਼ੂਆਂ ਜਾਂ ਫਸਲਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਅਧਿਕਾਰੀਆਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਰਾਬ ਮੌਸਮ ਦੌਰਾਨ ਸਾਵਧਾਨੀ ਵਰਤਣ, ਬਿਜਲੀ ਦੇ ਖੰਭਿਆਂ ਅਤੇ ਲਟਕਦੀਆਂ ਤਾਰਾਂ ਤੋਂ ਦੂਰ ਰਹਿਣ ਅਤੇ ਅਸਮਾਨੀ ਬਿਜਲੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਸੁਰੱਖਿਅਤ ਥਾਵਾਂ ‘ਤੇ ਰਹਿਣ।
ਮੌਸਮ ਵਿਭਾਗ ਦਾ ਕੀ ਕਹਿਣਾ ਹੈ ?

ਤਸਵੀਰ ਸਰੋਤ, Getty Images
ਭਾਰਤੀ ਮੌਸਮ ਵਿਭਾਗ ਦੇ ਮੁਤਾਬਕ 31 ਮਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਮੌਸਮ ਅਜਿਹਾ ਹੀ ਬਣਾਇਆ ਰਹੇਗਾ।
ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਮੌਸਮ ਵਿਭਾਗ ਨੇ ਪੰਜਾਬ ‘ਚ 25,26,27 ਮਈ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ।
ਜਿਸ ਦਾ ਮਤਲਬ ਹੈ ਕਿ ਇਨ੍ਹਾਂ ਤਰੀਕਾ ‘ਤੇ ਸੂਬੇ ‘ਚ ਤੇਜ਼ ਗਰਜ ਦੇ ਨਾਲ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਰਹੇਗੀ।
ਇਸ ਦੇ ਬਾਅਦ 28 ਮਈ ਤੋਂ 31 ਮਈ ਤੱਕ ਪੰਜਾਬ ਲਈ ਯੇਲੋ ਅਲਰਟ ਜਾਰੀ ਕੀਤਾ ਗਿਆ ਹੈ। ਯਾਨਿ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਰਹੇਗੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI