Source :- BBC PUNJABI

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

“ਜਦੋਂ ਘਰ ਵਿੱਚ ਬਾਪ ਹੋਵੇ, ਉਹ ਪੁੱਤ ਦੀ ਮਜਬੂਰੀ ਸਮਝਦਾ ਹੈ। ਪੁੱਤ ਨੂੰ ਵੀ ਆਸ ਹੁੰਦੀ ਕਿ ਪਿਤਾ ਹਰ ਮੁਸ਼ਕਿਲ ਦਾ ਹੱਲ ਕਰ ਲਵੇਗਾ।”

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐਸਪੀਸੀਐੱਲ) ਵਿੱਚੋਂ ਸੇਵਾ ਮੁਕਤ ਹੋਏ ਐੱਸਡੀਓ ਹਰਵਿੰਦਰ ਸਿੰਘ ਕੋਹਲੀ ਦੇ ਇਹ ਸ਼ਬਦ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਤਰਾਸਦੀ ਬਿਆਨ ਕਰਦੇ ਹਨ।

ਇਹ ਹਲਕਾ ਮੌਜੂਦਾ ਸਮੇਂ ਆਪਣੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਤੋਂ ਵਿਹੂਣਾ ਹੈ। ਦਰਅਸਲ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਨ ਅਤੇ ਮੌਜੂਦਾ ਸਮੇਂ ਐੱਨਐੱਸਏ ਅਧੀਨ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਤਕਰੀਬਨ ਇੱਕ ਸਾਲ ਪਹਿਲਾਂ ਹਲਕਾ ਖਡੂਰ ਸਾਹਿਬ ਦੇ ਵਾਸੀਆਂ ਨੇ ਅਮ੍ਰਿਤਪਾਲ ਨੂੰ ਵੱਡੇ ਫ਼ਰਕ ਨਾਲ ਜਿੱਤਾ ਕੇ ਲੋਕ ਸਭਾ ਵਿੱਚ ਭੇਜਿਆ ਸੀ।

ਪਰ ਜੇਲ੍ਹ ਵਿੱਚ ਬੰਦ ਹੋਣ ਕਰਕੇ ਉਹ ਨਾ ਤਾਂ ਲੋਕ ਸਭਾ ਵਿੱਚ ਲੋਕਾਂ ਦੀ ਆਵਾਜ਼ ਬਣ ਸਕੇ, ਨਾ ਹੀ ਆਪਣੇ ਇਲਾਕੇ ਵਿੱਚ ਮੌਜੂਦ ਰਹਿ ਕੇ ਲੋਕਾਂ ਦੀ ਆਵਾਜ਼ ਸੁਣ ਸਕੇ। ਇਸ ਸਿਲਸਿਲੇ ਦੇ ਚਲਦਿਆਂ ਉਹ ਐੱਮਪੀ ਵੱਜੋਂ ਹਲਕੇ ਦੇ ਲੋਕਾਂ ਦਾ ਕੋਈ ਕੰਮ ਵੀ ਨਾ ਕਰਾ ਸਕੇ।

ਅਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਦੱਸਦੇ ਹਨ ਕਿ ਉਹ ਮੈਂਬਰ ਪਾਰਲੀਮੈਂਟ ਲੋਕਲ ਏਰੀਆਂ ਡਿਵੈਲਪਮੈਂਟ ਸਕੀਮ (ਐੱਮਪੀਲੈਡ) ਫੰਡ ਵਿੱਚੋਂ ਇੱਕ ਰੁਪਈਆ ਵੀ ਨਹੀਂ ਖ਼ਰਚ ਸਕੇ ਹਨ। ਉਹ ਇਸ ਦਾ ਇਲਜ਼ਾਮ ਸੂਬਾ ਅਤੇ ਕੇਂਦਰ ਸਰਕਾਰ ਸਿਰ ਮੜ੍ਹਦੇ ਹਨ।

ਉਹ ਕਹਿੰਦੇ ਹਨ ਕਿ ਐੱਮਪੀ ਲੈਡ ਫੰਡ ਦੀ ਵਰਤੋਂ ਕਰਨ ਵਾਸਤੇ ਉਨ੍ਹਾਂ ਨੂੰ ਸਹਿਯੋਗ ਨਹੀਂ ਮਿਲ ਰਿਹਾ।

ਬੇਅਦਬੀ, ਨਸ਼ਿਆਂ ਅਤੇ ਬੇਰੁਜ਼ਗਾਰੀ ਦਾ ਮੁੱਦਾ

ਪੁਰਾਣੇ ਅਤੇ ਕੱਚੇ ਪੁਲ

ਲੋਕ ਸਭਾ ਮੈਂਬਰ ਅਮ੍ਰਿਤਪਾਲ ਦੇ ਚੋਣ ਪ੍ਰਚਾਰ ਦੌਰਾਨ ਬੇਅਦਬੀ, ਨਸ਼ੇ ਅਤੇ ਬੇਰੁਜ਼ਗਾਰੀ ਦੋ ਮੁੱਖ ਮੁੱਦੇ ਸਨ। ਅਮ੍ਰਿਤਪਾਲ ਦੇ ਪਰਿਵਾਰ ਅਤੇ ਉਨ੍ਹਾਂ ਦਾ ਪ੍ਰਚਾਰ ਕਰਨ ਵਾਲੇ ਆਗੂਆਂ ਨੇ ਇਨ੍ਹਾਂ ਮੁੱਦਿਆਂ ਲਈ ਲੜਨ ਦਾ ਵਾਅਦਾ ਕੀਤਾ ਸੀ।

ਅਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਮੰਨਦੇ ਹਨ ਕਿ ਇਹ ਵਾਅਦੇ ਫ਼ਿਲਹਾਲ ਪੂਰੇ ਨਹੀਂ ਹੋ ਸਕੇ।

ਉਹ ਕਹਿੰਦੇ ਹਨ ਕਿ ਜੇਕਰ ਅਮ੍ਰਿਤਪਾਲ ਜੇਲ੍ਹ ਵਿੱਚ ਬੰਦ ਨਾ ਹੁੰਦੇ ਤਾਂ ਉਹ ਇਨ੍ਹਾਂ ਵਾਅਦਿਆਂ ਉੱਤੇ ਕੰਮ ਕਰ ਸਕਦੇ ਸੀ ਅਤੇ ਇਨ੍ਹਾਂ ਮੁੱਦਿਆਂ ਦਾ ਹੱਲ ਕਰ ਸਕਦੇ ਸੀ।

“ਲੋਕਾਂ ਨੇ ਅਮ੍ਰਿਤਪਾਲ ਨੂੰ ਬੜੇ ਚਾਅ ਨਾਲ ਚੁਣਿਆ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ , ਨਸ਼ਿਆਂ ਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਜੰਗ ਦੇ ਵਾਅਦੇ ਕੀਤੇ ਗਏ ਸਨ। ਇਨ੍ਹਾਂ ਚੋਂ ਕੋਈ ਵੀ ਮੁੱਦਾ ਹੱਲ ਨਹੀਂ ਹੋ ਸਕਿਆ।”

“ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਅਮ੍ਰਿਤਪਾਲ ਨੂੰ ਬਾਹਰ ਲਿਆਈਏ ਅਤੇ ਪੰਜਾਬ ਵਿੱਚੋਂ ਨਸ਼ੇ ਖ਼ਤਮ ਕਰੀਏ।”

ਹਲਕੇ ਦੀਆਂ ਮੁੱਖ ਸਮੱਸਿਆਵਾਂ

ਪ੍ਰਭਜੋਤ ਸਿੰਘ

ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਮੁਤਾਬਕ ਬੇਰੁਜ਼ਗਾਰੀ, ਨਸ਼ੇ, ਸਿਹਤ ਅਤੇ ਵਿੱਦਿਅਕ ਸਹੂਲਤਾਂ ਦੀ ਘਾਟ ਮੁੱਖ ਮੁੱਦੇ ਹਨ। ਹੜ੍ਹਾਂ ਦੀ ਮਾਰ, ਬਿਆਸ ਦਰਿਆ ਪਾਰ ਕਰਨ ਵਾਸਤੇ ਪੁਲਾਂ ਦੀ ਘਾਟ ਵੀ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਹਨ।

ਲੋਕਾਂ ਮੁਤਾਬਕ ਹੜ੍ਹਾਂ ਦੀ ਮਾਰ ਹਮੇਸ਼ਾਂ ਤੋਂ ਇਸ ਹਲਕੇ ਦੀ ਮੁੱਖ ਸਮੱਸਿਆ ਰਿਹਾ ਹੈ।

ਬਿਆਸ ਦਰਿਆ ਇਸ ਹਲਕੇ ਦੇ ਕਈ ਪਿੰਡਾਂ ਵਿੱਚੋਂ ਲੰਘਦਾ ਹੈ। ਸਾਲ 2023 ਵਿੱਚ ਆਏ ਹੜ੍ਹਾਂ ਦੌਰਾਨ ਵੀ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਿਆ ਸੀ। ਇਨ੍ਹਾਂ ਹੜ੍ਹਾਂ ਕਾਰਨ ਖੇਤਾਂ ਵਿੱਚ ਇਕੱਠੀ ਹੋਈ ਰੇਤ ਅਤੇ ਕਈ ਕਈ ਫੁੱਟ ਪਾਣੀ ਭਰਨ ਕਰਕੇ ਅਜੇ ਵੀ ਕਈ ਏਕੜ ਵਾਹੀਯੋਗ ਨਹੀਂ ਹੋਏ ਹਨ।

ਇਸ ਤੋਂ ਇਲਾਵਾ ਵੀ ਕਈ ਪਿੰਡਾਂ ਵਿੱਚ ਦਰਿਆ ਨੂੰ ਪਾਰ ਕਰਨ ਲਈ ਪੁਲ਼ ਨਹੀਂ ਹਨ ਅਤੇ ਕਈ ਪਿੰਡਾਂ ਵਿੱਚ ਕੱਚੇ ਅਤੇ ਅਸਥਾਈ ਪੁਲ਼ ਹਨ।

ਮੁੰਡਾ ਪਿੰਡ ਦੇ ਕਿਸਾਨ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੀ ਮਾਰ ਤੋਂ ਰਾਹਤ ਲਈ ਨਵੇਂ ਅਤੇ ਪੱਕੇ ਪੁਲ ਅਹਿਮ ਮੰਗਾਂ ਸਨ।

“ਸਾਡਾ ਇਲਾਕਾ ਦਰਿਆ ਦੇ ਕੰਢੇ ਵੱਸਦਾ ਹੈ। ਮੁੱਖ ਸਮੱਸਿਆ ਦਰਿਆ ਨੂੰ ਪਾਰ ਕਰਨ ਦੀ ਹੈ। ਜੇਕਰ ਦਰਿਆ ਨੂੰ ਪਾਰ ਕਰਨ ਵਾਸਤੇ ਪੱਕਾ ਪੁੱਲ ਬਣ ਜਾਵੇ ਤਾਂ ਸਾਨੂੰ ਸੁਲਤਾਨਪੁਰ, ਨਕੋਦਰ ਅਤੇ ਲੁਧਿਆਣਾ ਜਾਣਾ ਆਸਾਨ ਹੋ ਜਾਵੇਗਾ।”

“ਸਾਨੂੰ ਦਰਿਆ ਦੀ ਮਾਰ ਵੀ ਪੈਂਦੀ ਹੈ। ਹੜ੍ਹਾਂ ਨਾਲ ਫ਼ਸਲਾਂ ਅਤੇ ਜ਼ਮੀਨਾਂ ਬਰਬਾਦ ਹੋ ਜਾਂਦੀਆਂ ਹਨ। ਅਸੀਂ ਚਾਹੁੰਦੇ ਹਾਂ ਸਾਡੀਆਂ ਸਮੱਸਿਆਵਾਂ ਸੁਣੀਆਂ ਜਾਣ ਅਤੇ ਹੱਲ ਹੋਣ।”

ਹਰਜਿੰਦਰ ਸਿੰਘ ਕੋਹਲੀ

ਹਰਜਿੰਦਰ ਸਿੰਘ ਕੋਹਲੀ ਦੱਸਦੇ ਹਨ ਕਿ ਤਰਨਤਾਰਨ ਇਕੱਲੇ ਸ਼ਹਿਰ ਵਿੱਚ ਵੀ ਕਈ ਸਮੱਸਿਆਵਾਂ ਹਨ, ਜਿਹੜੀਆਂ ਇੱਕ ਮੈਂਬਰ ਪਾਰਲੀਮੈਂਟ ਆਸਾਨੀ ਨਾਲ ਹੱਲ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਤਰਨ ਤਾਰਨ ਸ਼ਹਿਰ ਦੇ ਰਿਹਾਇਸ਼ੀ ਏਰੀਏ ਵਿੱਚ ਕੂੜੇ ਦਾ ਵੱਡਾ ਡੰਪ ਹੈ। ਇਸ ਕੂੜੇ ਦੇ ਡੰਪ ਦਾ ਹੱਲ ਹੋਣਾ ਚਾਹੀਦਾ ਹੈ। ਦੋ ਗੰਦੇ ਨਾਲੇ ਸ਼ਹਿਰ ਵਿੱਚੋਂ ਲੰਘਦੇ ਹਨ। ਇਹ ਢੱਕੇ ਜਾਣੇ ਚਾਹੀਦੇ ਹਨ।

ਕੋਹਲੀ ਕਹਿੰਦੇ ਹਨ, “ਸ਼ਹਿਰ ਵਿੱਚ ਕੁੜੀਆਂ ਵਾਸਤੇ ਕੋਈ ਸਰਕਾਰੀ ਕਾਲਜ ਨਹੀਂ ਹੈ। ਕੈਰੋਂ ਪਿੰਡ ਵਿੱਚ ਕਈ ਸਾਲ ਪਹਿਲਾਂ ਲਾਅ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਪਰ ਯੂਨੀਵਰਸਿਟੀ ਦਾ ਨਿਰਮਾਣ ਸ਼ੁਰੂ ਨਹੀਂ ਹੋ ਸਕਿਆ।”

“ਸ਼ਹਿਰ ਵਿੱਚ ਰੇਲਵੇ ਫਾਟਕਾਂ ਕਰਕੇ ਜਾਮ ਲੱਗਦਾ ਹੈ। ਇੱਕ ਐੱਮਪੀ ਇਨ੍ਹਾਂ ਮਸਲਿਆਂ ਨੂੰ ਆਸਾਨੀ ਨਾਲ ਹੱਲ ਕਰ ਸਕਦਾ ਹੈ।”

ਲੋਕਾਂ ਦੀ ਰਾਇ

ਜ਼ੀਰਾ ਦੇ ਵਾਸੀ ਡਾਕਟਰ ਅਤੇ ਲੇਖਕ ਗੁਰਚਰਨ ਸਿੰਘ ਨੂਰਪੁਰ

ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਾਸੀਆਂ ਮੁਤਾਬਕ ਮੈਂਬਰ ਪਾਰਲੀਮੈਂਟ ਦੀ ਗੈਂਰ ਮੌਜੂਦਗੀ ਦਾ ਨਤੀਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਰਵਾਇਤੀ ਦੇ ਪੁਰਾਣੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਠੁਕਰਾ ਕੇ ਲੋਕਾਂ ਨੇ ਅਮ੍ਰਿਤਪਾਲ ਨੂੰ ਕਈ ਉਮੀਦਾਂ ਨਾਲ ਚੁਣਿਆ ਸੀ। ਪਰ ਫਿਲਹਾਲ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ।

ਸੇਵਾਮੁਕਤ ਐੱਸਡੀਓ ਹਰਜਿੰਦਰ ਸਿੰਘ ਕੋਹਲੀ ਕਹਿੰਦੇ ਹਨ, “ਜਦੋਂ ਘਰ ਵਿੱਚ ਬਾਪ ਹੋਵੇ, ਉਹ ਪੁੱਤ ਦੀ ਮਜਬੂਰੀ ਸਮਝਦਾ ਹੈ। ਪੁੱਤ ਨੂੰ ਵੀ ਆਸ ਹੁੰਦੀ ਕਿ ਪਿਤਾ ਹਰ ਮੁਸ਼ਕਿਲ ਦਾ ਹੱਲ ਕਰ ਲਵੇਗਾ।”

“ਲੋਕਾਂ ਨੇ ਨੁਮਾਇੰਦਾ ਤਾਂ ਚੁਣ ਲਿਆ। ਹੁਣ ਨਾ ਤਾਂ ਨੁਮਾਇੰਦੇ ਦੀ ਲੋਕਾਂ ਤੱਕ ਪਹੁੰਚ ਹੈ ਅਤੇ ਨਾ ਹੀ ਲੋਕਾਂ ਦੀ ਨੁਮਾਇੰਦੇ ਤੱਕ ਪਹੁੰਚ ਹੈ।”

ਜ਼ੀਰਾ ਦੇ ਵਾਸੀ ਡਾਕਟਰ ਅਤੇ ਲੇਖਕ ਗੁਰਚਰਨ ਸਿੰਘ ਨੂਰਪੁਰ ਮੁਤਾਬਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਵਿਚਕਾਰ ਮੌਜੂਦ ਹੋਣਾ ਚਾਹੀਦਾ ਹੈ।

ਉਹ ਸਵਾਲ ਵੀ ਕਰਦੇ ਹਨ ਕਿ ਜੇਕਰ ਅਮ੍ਰਿਤਪਾਲ ਅਗਵਾਈ ਕਰਨ ਯੋਗ ਨਹੀਂ ਸੀ ਤਾਂ ਉਸਨੂੰ ਚੋਣਾਂ ਲੜਨ ਦੀ ਇਜਾਜ਼ਤ ਕਿਉਂ ਦਿੱਤੀ ਗਈ।

“ਜੇਕਰ ਉਹ ਅਗਵਾਈ ਨਹੀਂ ਕਰ ਸਕਦਾ ਤਾਂ ਉਸਨੂੰ ਇਜਾਜ਼ਤ ਕਿਉਂ ਦਿੱਤੀ ਗਈ। ਅਗਰ ਇਜਾਜ਼ਤ ਦਿੱਤੀ ਗਈ ਤਾਂ ਲੋਕ ਮੱਤ ਦਾ ਸਤਿਕਾਰ ਹੋਣਾ ਚਾਹੀਦਾ ਹੈ।”

“ਲੋਕਾਂ ਨੇ ਉਨ੍ਹਾਂ ਨੂੰ ਜਿਤਾਇਆ ਹੈ। ਇਸ ਲਈ ਨੁਮਾਇੰਦੇ ਦਾ ਹੱਕ ਹੈ ਕਿ ਉਹ ਹਲਕੇ ਦੀ ਅਗਵਾਈ ਕਰੇ ਅਤੇ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਉਠਾਵੇ।”

ਕਿਸਾਨ ਪ੍ਰਭਜੋਤ ਸਿੰਘ ਕਹਿੰਦੇ ਹਨ, “ਜਦੋਂ ਕੋਈ ਨੁਮਾਇੰਦਾ ਜਿੱਤਦਾ ਹੈ, ਚਾਹੇ ਉਹ ਐੱਮਐੱਲਏ ਜਾਂ ਐੱਮਪੀ ਹੋਵੇ। ਲੋਕਾਂ ਨੂੰ ਉਸ ਤੋਂ ਬਹੁਤ ਆਸਾਂ ਹੁੰਦੀਆਂ ਹਨ। ਇਸ ਵਾਰ ਵੀ ਭਾਈ ਸਾਹਿਬ (ਅਮ੍ਰਿਤਪਾਲ) ਤੋਂ ਆਸਾਂ ਸਨ। ਬਦਕਿਸਮਤੀ ਨਾਲ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ।”

ਪਾਣੀਆਂ ਦੀ ਲੜਾਈ

ਰੋਮਨ ਬਰਾੜ

ਜ਼ੀਰੇ ਨੇੜੇ ਸਥਿਤ ਪਿੰਡ ਮਹੀਆਂ ਵਾਲਾ ਦੇ ਵਾਸੀ 32 ਸਾਲਾ ਰੋਮਨ ਬਰਾੜ ਨੇ ਦੱਸਿਆ ਕਿ ਅਮ੍ਰਿਤਪਾਲ ਦੇ ਚੋਣ ਪ੍ਰਚਾਰ ਦੌਰਾਨ ਪਾਣੀਆ ਦਾ ਵੀ ਅਹਿਮ ਮੁੱਦਾ ਸੀ, ਪਰ ਉਨ੍ਹਾਂ ਨੂੰ ਮਲਾਲ ਹੈ ਕੀ ਪੰਜਾਬ ਦਾ ਜ਼ਮੀਨੀ ਪਾਣੀ ਗੰਧਲਾ ਹੋਣ ਦੀ ਆਵਾਜ਼ ਪਾਰਲੀਮੈਂਟ ਤੱਕ ਨਹੀਂ ਪਹੁੰਚ ਸਕੀ।

“ਅਮ੍ਰਿਤਪਾਲ ਨੂੰ ਐੱਮਪੀ ਬਣਿਆ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਸੀਂ ਚਾਹੁੰਦੇ ਸੀ ਉਹ ਸਾਡੀ ਆਵਾਜ਼ ਬਣਨ। ਪਰ ਉਨ੍ਹਾਂ ਦੀ ਆਵਾਜ਼ ਪਾਰਲੀਮੈਂਟ ਤੱਕ ਨਹੀਂ ਪਹੁੰਚ ਸਕੀ ਹੈ।”

“ਅਸੀਂ ਇਹ ਵੀ ਚਾਹੁੰਦੇ ਸੀ ਕਿ ਉਹ ਆਪਣੇ ਐੱਮਪੀਲੈਡ ਫੰਡ ਵਿੱਚੋਂ ਸਾਡੇ ਏਰੀਏ ਵਿੱਚ ਸਾਫ਼ ਸੁਥਰਾ ਪਾਣੀ ਪਹੁੰਚਾਉਣ ਦਾ ਪ੍ਰਬੰਧ ਕਰਦੇ।”

ਤਰਸੇਮ ਸਿੰਘ
ਇਹ ਵੀ ਪੜ੍ਹੋ-

“ਸਰਕਾਰ ਦੀ ਧੱਕੇਸ਼ਾਹੀ”

ਅਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਮੰਨਦੇ ਹਨ ਕਿ ਜ਼ੇਲ ਵਿੱਚ ਬੰਦ ਹੋਣ ਕਰਕੇ ਹਲਕੇ ਦੇ ਕੰਮ ਨਹੀਂ ਹੋ ਸਕੇ। ਉਹ ਐੱਮਪੀਲੈਡ ਫੰਡ ਵਿੱਚ ਇਕ ਰੁਪਏ ਵੀ ਖਰਚ ਨਹੀਂ ਸਕੇ। ਪਰ ਇਸਦਾ ਇਲਜ਼ਾਮ ਉਹ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਮੱੜਦੇ ਹਨ।

“ਲੋਕਾਂ ਨੂੰ ਅਮ੍ਰਿਤਪਾਲ ਤੋਂ ਉਮੀਦ ਸੀ। ਲੋਕਾਂ ਨੇ ਉਸਦਾ ਕੰਮ ਦੇਖਿਆ ਸੀ। ਉਸਨੇ ਨਸ਼ਿਆਂ ਖ਼ਿਲਾਫ਼ ਕੰਮ ਕੀਤਾ ਸੀ। ਉਹ ਨਸ਼ਿਆਂ ਦੀ ਸਮੱਸਿਆ ਖ਼ਤਮ ਕਰ ਸਕਦੇ ਸੀ। ਇਸੇ ਆਧਾਰ ਉੱਤੇ ਲੋਕਾਂ ਨੇ ਉਨ੍ਹਾਂ ਨੂੰ ਜਿਤਾਇਆ ਸੀ।”

“ਐੱਮਪੀ ਬਣਨ ਮਗਰੋਂ ਉਹ ਹੋਰ ਵੀ ਵਿਕਾਸ ਦੇ ਕੰਮ ਕਰ ਸਕਦੇ ਸਨ। ਉਹ ਸਿੱਖਿਆ ਵਾਸਤੇ, ਸਿਹਤ ਵਾਸਤੇ ਕੰਮ ਕਰ ਸਕਦੇ ਸਨ। ਕੋਈ ਕਾਲਜ ਖੋਲ੍ਹਿਆ ਜਾ ਸਕਦਾ ਸੀ। ਹਸਪਤਾਲ ਖੋਲ੍ਹਿਆਆ ਜਾ ਸਕਦਾ ਸੀ।”

“ਕਈ ਕੌਮੀ ਪੱਧਰ ਦੇ ਪ੍ਰਾਜੈਕਟ ਇਲਾਕੇ ਵਿੱਚ ਲਿਆਂਦੇ ਜਾ ਸਕਦੇ ਸੀ। ਸੜਕਾਂ ਅਤੇ ਸੀਵਰੇਜ ਦਾ ਕੰਮ ਵੀ ਕੀਤਾ ਜਾ ਸਕਦਾ ਸੀ।”

ਇਲਾਕੇ ਵਿੱਚ ਕੂੜੇ ਦੇ ਡੰਪ

“ਇਹ ਸਰਕਾਰ ਦੀ ਵੱਡੀ ਧੱਕੇਸ਼ਾਹੀ ਹੈ। ਚਲੋ ਜੇਲ੍ਹ ਵਿੱਚ ਰੱਖਣਾ ਤੁਹਾਡੀ (ਸਰਕਾਰ) ਮਜ਼ਬੂਰੀ ਹੈ। ਪਰ ਲੋਕਾਂ ਦੇ ਵਿਕਾਸ ਵਿੱਚ ਅੜਿੱਕਾ ਨਹੀਂ ਬਣਨਾ ਚਾਹੀਦਾ। ਜੋ ਲੋਕਾਂ ਦਾ ਹੱਕ ਬਣਦਾ ਹੈ ਉਹ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।”

“ਜੋ ਫੰਡ ਐੱਮਪੀ ਨੂੰ ਮਿਲਦੇ ਹਨ, ਕਿਸੇ ਸਰਕਾਰੀ ਬੰਦੇ ਜਾਂ ਸਹਾਇਕ ਦੀ ਡਿਊਟੀ ਲਗਾਕੇ ਹਲਕੇ ਦੇ ਵਿਕਾਸ ਉੱਤੇ ਖ਼ਰਚੇ ਜਾਣੇ ਚਾਹੀਦੇ ਹਨ।”

ਉਨ੍ਹਾਂ ਇਲਜ਼ਾਮ ਲਾਇਆ, “ਅਸੀਂ ਮੰਗ ਕਰਦੇ ਹਾਂ ਕਿ ਕਿਸੇ ਸਰਕਾਰੀ ਬੰਦੇ ਦਾ ਸਹਾਇਕ ਦੀ ਤੈਨਾਤੀ ਕੀਤੀ ਜਾਵੇ ਜੋ ਅਮ੍ਰਿਤਪਾਲ ਦੀ ਗ਼ੈਰਹਾਜ਼ਰੀ ਵਿੱਚ ਲੋਕਾਂ ਦੇ ਅਤੇ ਹਲਕੇ ਦੇ ਵਿਕਾਸ ਦੇ ਕੰਮ ਕਰਵਾ ਸਕੇ। ਪਰ ਸਾਡੇ ਕਿਸੇ ਵੀ ਚਿੱਠੀ ਪੱਤਰ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ।”

“ਅਸੀਂ ਡੀਸੀ ਤੋਂ ਲੈ ਕੇ ਲੋਕ ਸਭਾ ਸਪੀਕਰ ਤੱਕ ਪਹੁੰਚ ਕੀਤੀ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ।”

ਖਡੂਰ ਸਾਹਿਬ ਦੇ ਹੋਰ ਨੁਮਾਇੰਦੇ ਕੀ ਕਹਿੰਦੇ ਹਨ

ਖਡੂਰ ਸਾਹਿਬ ਵਾਸਤੇ ਭਾਜਪਾ ਦੇ ਨੁਮਾਇੰਦੇ ਰਹੇ ਮਨਜੀਤ ਸਿੰਘ ਮੰਨਾ ਨੇ ਕਿਹਾ, “ਐੱਮਪੀਲੈਡ ਫੰਡ ਦੀ ਵਰਤੋਂ ਨਾ ਹੋਣ ਵਾਸਤੇ ਅਮ੍ਰਿਤਪਾਲ ਖ਼ੁਦ ਜਿੰਮੇਵਾਰ ਹਨ। ਫੰਡਾਂ ਦੀ ਵਰਤੋਂ ਵਾਸਤੇ ਐੱਮਪੀ ਦੇ ਦਸਤਖ਼ਤ ਦੀ ਲੋੜ ਹੁੰਦੀ ਹੈ ਅਤੇ ਉਹ ਦਸਤਖ਼ਤ ਕਰਨ ਵਾਸਤੇ ਮੌਜੂਦ ਨਹੀਂ ਹਨ।”

ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਜੋ ਲੋਕ ਸਭਾ ਚੋਣਾਂ ਵਿੱਚ ਦੂਜੇ ਨੰਬਰ ਉੱਤੇ ਰਹੇ ਸਨ, ਨੇ ਕਿਹਾ ਕਿ ਅਮ੍ਰਿਤਪਾਲ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

“ਇਕ ਤਾਂ ਹਲਕੇ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਦੂਜਾ ਜਦੋਂ ਲੋਕਾਂ ਦਾ ਚੁਣਿਆ ਹੋਇਆ ਆਗੂ ਲੋਕਾਂ ਵਿੱਚ ਵਿਚਰੇਗਾ ਤਾਂ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਉਨ੍ਹਾਂ ਦੇ ਚੁਣੇ ਹੋਏ ਆਗੂ ਦਾ ਕੀ ਏਜੰਡਾ ਹੈ।”

“ਲੋਕਾਂ ਨੇ ਅਮ੍ਰਿਤਪਾਲ ਦੇ ਪਹਿਰਾਵੇ ਨੂੰ ਮੁੱਖ ਰੱਖਕੇ ਚੁਣਿਆ ਸੀ। ਜਦੋਂ ਉਹ ਲੋਕਾਂ ਵਿੱਚ ਵਿਚਰੇਗਾ ਤਾਂ ਲੋਕਾਂ ਨੂੰ ਉਸਨੂੰ ਜਾਨਣ ਦਾ ਮੌਕਾ ਮਿਲੇਗਾ।”

ਕੈਬਨਿਟ ਮੰਤਰੀ ਲਾਲਜੀਤ ਭੁੱਲਰ ਖਡੂਰ ਸਾਹਿਬ ਹਲਕੇ ਤੋਂ ਆਪ ਦੇ ਉਮੀਦਵਾਰ ਸਨ। ਉਨ੍ਹਾਂ ਨੇ ਇਸ ਮਸਲੇ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI