Source :- BBC PUNJABI

ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ

ਤਸਵੀਰ ਸਰੋਤ, Shaad Midhat/BBC

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 26 ਲੋਕਾਂ ਦੇ ਕਤਲ ਦੇ ਜਵਾਬ ਵਿੱਚ, ਭਾਰਤ ਨੇ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਸ਼ਾਸਨ ਵਾਲੇ ਕਸ਼ਮੀਰ ਵਿੱਚ ਕਈ ਥਾਵਾਂ ‘ਤੇ ਹਵਾਈ ਹਮਲੇ ਕੀਤੇ।

ਪਾਕਿਸਤਾਨ ਨੇ ਵੀ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ ਅਤੇ ਅਜਿਹਾ ਲੱਗ ਰਿਹਾ ਸੀ ਕਿ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਇਸ ਦੌਰਾਨ, ਬਹੁਤ ਸਾਰੇ ਲੋਕ ਗੋਲੀਬਾਰੀ ਵਿੱਚ ਫਸ ਗਏ, ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਅਤੇ ਇਸ ਨਾਲ ਬਹੁਤ ਤਬਾਹੀ ਵੀ ਹੋਈ।

ਹਾਲਾਂਕਿ, ਚਾਰ ਦਿਨਾਂ ਦੇ ਟਕਰਾਅ ਤੋਂ ਬਾਅਦ, ਅਚਾਨਕ ਜੰਗਬੰਦੀ ਨੇ ਸਭ ਕੁਝ ਇਹ ਸਭ ਕੁਝ ਰੋਕ ਦਿੱਤਾ।

ਟਕਰਾਅ ਦੌਰਾਨ, ਬੀਬੀਸੀ ਪੱਤਰਕਾਰਾਂ ਨੇ ਦੋਵਾਂ ਦੇਸ਼ਾਂ ਦੇ ਸਰਹੱਦੀ ਖੇਤਰਾਂ ਵਿੱਚ ਪਹੁੰਚ ਕੇ ਚਾਰ ਦਿਨਾਂ ਦੌਰਾਨ ਜ਼ਮੀਨੀ ਪੱਧਰ ‘ਤੇ ਜੋ ਦੇਖਿਆ ਉਸਦਾ ਵਰਣਨ ਕੀਤਾ।

ਪਹਿਲਾ ਦਿਨ: ਬੁੱਧਵਾਰ, 7 ਮਈ

ਭਾਰਤ

ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ

ਤਸਵੀਰ ਸਰੋਤ, Shaad Midhat/BBC

ਅੱਧੀ ਰਾਤ ਲੰਘਣ ਤੋਂ ਥੋੜ੍ਹੀ ਦੇਰ ਬਾਅਦ, ਸਾਡਾ ਫ਼ੋਨ ਵੱਜਣਾ ਸ਼ੁਰੂ ਹੋ ਗਿਆ। ਸੋਸ਼ਲ ਮੀਡੀਆ ‘ਤੇ ‘ਆਪ੍ਰੇਸ਼ਨ ਸਿੰਦੂਰ’ ਬਾਰੇ ਚਰਚਾ ਸ਼ੁਰੂ ਹੋਣ ਲੱਗੀ ਸੀ।

ਸਵੇਰੇ 2 ਵਜੇ ਦੇ ਕਰੀਬ, ਭਾਰਤ ਸਰਕਾਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਸ਼ਾਸਨ ਵਾਲੇ ਕਸ਼ਮੀਰ ਵਿੱਚ ਨੌਂ ਥਾਵਾਂ ‘ਤੇ ਹਮਲਾ ਕੀਤਾ ਹੈ, ਜਿਸ ਵਿੱਚ ‘ਅੱਤਵਾਦੀਆਂ’ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਉਹ ਥਾਵਾਂ ਸਨ ਜਿੱਥੋਂ ਭਾਰਤ ਵਿਰੁੱਧ ‘ਅੱਤਵਾਦੀ’ ਹਮਲਿਆਂ ਦੀ ਯੋਜਨਾ ਅਤੇ ਨਿਰਦੇਸ਼ਨ ਕੀਤਾ ਗਿਆ ਸੀ।

ਇਹ ਕਿਹਾ ਗਿਆ ਕਿ ਅਪ੍ਰੈਲ ਵਿੱਚ ਪਹਿਲਗਾਮ ਵਿੱਚ ਹੋਏ ਕੱਟੜਪੰਥੀ ਹਮਲੇ ਵਿੱਚ 26 ਲੋਕਾਂ ਦੀ ਮੌਤ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ ਗਿਆ ਹੈ।

ਕੁਝ ਘੰਟਿਆਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ, ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਕੋਲ ‘ਪਾਕਿਸਤਾਨ ਅਧਾਰਿਤ ਅੱਤਵਾਦੀ ਮਾਡਿਊਲ’ ਦੇ ਹੋਰ ਵੀ ਹਮਲਿਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਾਰੇ ਖੁਫੀਆ ਜਾਣਕਾਰੀ ਹੈ।

ਕਿਉਂਕਿ ਉਸ ਸਮੇਂ ਲੋਕਾਂ ਦੀ ਸੁਰੱਖਿਆ ਲਈ ਕਈ ਸ਼ਹਿਰਾਂ ਵਿੱਚ ਮੌਕ ਡ੍ਰਿਲ ਕੀਤੀ ਜਾ ਰਹੀ ਸੀ, ਅਸੀਂ ਜਲਦੀ ਤੋਂ ਜਲਦੀ ਸ੍ਰੀਨਗਰ ਪਹੁੰਚਣ ਦਾ ਫੈਸਲਾ ਕੀਤਾ।

ਪਰ ਬਹੁਤ ਸਾਰੀਆਂ ਭਾਰਤੀ ਏਅਰਲਾਈਨਾਂ ਨੇ ਸ੍ਰੀਨਗਰ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਕੁਝ ਸਮੇਂ ਬਾਅਦ, ਜੰਮੂ ਅਤੇ ਸ੍ਰੀਨਗਰ ਹਵਾਈ ਅੱਡੇ ਵੀ ਬੰਦ ਕਰ ਦਿੱਤੇ ਗਏ ਸਨ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ

ਬੀਬੀਸੀ ਦੀ ਇੱਕ ਟੀਮ ਰੇਲਵੇ ਸਟੇਸ਼ਨ ‘ਤੇ ਪਹੁੰਚੀ ਜਦਕਿ ਹੋਰਨਾਂ ਨੇ ਦਿੱਲੀ ਤੋਂ ਜੰਮੂ ਤੱਕ 12 ਘੰਟੇ ਦੀ ਯਾਤਰਾ ਲਈ ਟੈਕਸੀਆਂ ਦਾ ਇੰਤਜ਼ਾਮ ਕੀਤਾ।

ਦੋਵਾਂ ਦੇਸ਼ਾਂ ਨੂੰ ਵੰਡਣ ਵਾਲੀ ਕੰਟਰੋਲ ਰੇਖਾ ਦੇ ਪਾਰ ਭਾਰੀ ਗੋਲੀਬਾਰੀ ਦੀਆਂ ਰਿਪੋਰਟਾਂ ਪਹਿਲਾਂ ਹੀ ਆ ਰਹੀਆਂ ਸਨ।

ਬੀਬੀਸੀ ਦੀ ਇੱਕ ਟੀਮ ਨੇ ਪਹਿਲਾਂ ਕੁਪਵਾੜਾ ਤੋਂ ਰਿਪੋਰਟ ਕੀਤੀ, ਜਿਸ ਵਿੱਚ ਘਰਾਂ ਅਤੇ ਜਾਇਦਾਦ ਨੂੰ ਹੋਏ ਨੁਕਸਾਨ ਨੂੰ ਦਿਖਾਇਆ।

ਜਿਵੇਂ-ਜਿਵੇਂ ਦਿਨ ਬੀਤਦਾ ਗਿਆ, ਭਾਰਤੀ ਫੌਜ ਦੇ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਭਾਰਤ ਵਿੱਚ ਘੱਟੋ-ਘੱਟ 15 ਲੋਕ ਮਾਰੇ ਗਏ ਹਨ।

ਇੱਕ ਦੂਜੀ ਟੀਮ ਨੇ ਸ਼੍ਰੀਨਗਰ ਦੇ ਨੇੜੇ ਬਾਰਾਮੂਲਾ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਕਈ ਜ਼ਖਮੀਆਂ ਨੂੰ ਦੇਖਿਆ। ਬੀਬੀਸੀ ਦੀ ਇੱਕ ਟੀਮ ਨੇ ਉਰੀ ਜ਼ਿਲ੍ਹੇ ਦੇ ਇੱਕ ਪਿੰਡ ਦਾ ਵੀ ਦੌਰਾ ਕੀਤਾ ਜਿੱਥੇ ਕੁਝ ਘੰਟੇ ਪਹਿਲਾਂ ਹਮਲਾ ਹੋਇਆ ਸੀ, ਉਨ੍ਹਾਂ ਘਰਾਂ ਤੋਂ ਅਜੇ ਵੀ ਧੂੰਆਂ ਉੱਠ ਰਿਹਾ ਸੀ।

ਉਸ ਦਿਨ ਬਾਰੇ ਕੁਝ ਵੇਰਵੇ ਬਹੁਤ ਦਿਨਾਂ ਬਾਅਦ ਸਪਸ਼ਟ ਹੋਏ, ਜਿਵੇਂ ਕਿ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਦੀ ਪ੍ਰਤੀਕਿਰਿਆ ਜਿਸ ਵਿੱਚ ਉਨ੍ਹਾਂ ਨੇ ਪਾਕਿਸਤਾਨ ਵੱਲੋਂ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਣ ਬਾਰੇ ਦੱਸਿਆ।

ਬਲੂਮਬਰਗ ਟੀਵੀ ਨਾਲ ਇੱਕ ਹਾਲੀਆ ਇੰਟਰਵਿਊ ਵਿੱਚ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ “7 ਮਈ ਦੀ ਰਾਤ ਨੂੰ ਨੁਕਸਾਨ ਹੋਇਆ ਸੀ”, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ “ਸੰਖਿਆ ਮਹੱਤਵਪੂਰਨ ਨਹੀਂ ਹੈ, ਮਹੱਤਵਪੂਰਨ ਇਹ ਹੈ ਕਿ ਇਹ ਨੁਕਸਾਨ ਕਿਉਂ ਹੋਇਆ ਅਤੇ ਅਸੀਂ ਇਸ ਬਾਰੇ ਕੀ ਕੀਤਾ।”

ਪਾਕਿਸਤਾਨ

ਇਸਲਾਮਾਬਾਦ ਤੋਂ ਇੱਕ ਤਸਵੀਰ

ਤਸਵੀਰ ਸਰੋਤ, EPA

ਪਹਿਲਗਾਮ ਹਮਲੇ ਤੋਂ ਬਾਅਦ, ਪਾਕਿਸਤਾਨ ਵਿੱਚ ਭਾਰਤ ਵੱਲੋਂ ਹਮਲੇ ਦੀ ਸੰਭਾਵਨਾ ਬਾਰੇ ਡਰ ਸੀ। ਹਾਲਾਂਕਿ, ਇਹ ਮੰਨਿਆ ਜਾ ਰਿਹਾ ਸੀ ਕਿ ਭਾਰਤ ਪਾਕਿਸਤਾਨੀ ਸ਼ਹਿਰਾਂ ਦੇ ਇੰਨਾ ਅੰਦਰ ਜਾ ਕੇ ਹਮਲਾ ਨਹੀਂ ਕਰੇਗਾ। ਪਾਕਿਸਤਾਨ ਦੀ ਫੌਜ ਹਾਈ ਅਲਰਟ ‘ਤੇ ਸੀ।

ਭਾਰਤ ਨੇ ਨੌਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ। ਉਸ ਰਾਤ ਮੁਜ਼ੱਫਰਾਬਾਦ ਸਿਟੀ ਸੈਂਟਰ, ਪਾਕਿਸਤਾਨ ਦੇ ਸ਼ਾਸਨ ਵਾਲੇ ਕਸ਼ਮੀਰ ਦੇ ਰਾਵਲਕੋਟ ਅਤੇ ਕੋਟਲੀ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਤੇ ਹਮਲਾ ਕੀਤਾ ਗਿਆ। ਇਸ ਤੋਂ ਇਲਾਵਾ ਪਾਕਿਸਤਾਨ ਦੇ ਬਹਾਵਲਪੁਰ, ਮੁਰੀਦਕੇ ਅਤੇ ਸਿਆਲਕੋਟ ‘ਚ ਵੀ ਹਮਲਾ ਕੀਤਾ ਗਿਆ।

ਮਿਜ਼ਾਈਲ ਹਮਲੇ ਤੋਂ ਤੁਰੰਤ ਬਾਅਦ, ਬੀਬੀਸੀ ਟੀਮ ਇਸਲਾਮਾਬਾਦ ਤੋਂ ਮੁਜ਼ੱਫਰਾਬਾਦ ਲਈ ਰਵਾਨਾ ਹੋਈ ਅਤੇ ਸਵੇਰੇ ਸ਼ਹਿਰ ਦੇ ਕੇਂਦਰ ਵਿੱਚ ਮੌਜੂਦ ਮਸਜਿਦ ਪਹੁੰਚੀ। ਮਿਜ਼ਾਈਲ ਹਮਲਾ ਕੁਝ ਘੰਟੇ ਪਹਿਲਾਂ ਹੀ ਹੋਇਆ ਸੀ।

ਪਹਿਲਾ ਹਮਲਾ ਸਯਦਨਾ ਬਿਲਾਲ ਨਾਮਕ ਮਸਜਿਦ ‘ਤੇ ਹੋਇਆ। ਜਦੋਂ ਹਮਲਾ ਹੋਇਆ, ਲੋਕ ਮਸਜਿਦ ਦੇ ਆਲੇ-ਦੁਆਲੇ ਆਪਣੇ ਘਰਾਂ ਵਿੱਚ ਸੌਂ ਰਹੇ ਸਨ।

ਇੱਕ ਤੋਂ ਬਾਅਦ ਇੱਕ ਧਮਾਕਿਆਂ ਦੀਆਂ ਆਵਾਜ਼ਾਂ ਨਾਲ ਲੋਕ ਸਦਮੇ, ਡਰ ਅਤੇ ਗੁੱਸੇ ‘ਚ ਆ ਗਏ।

ਸਵੇਰੇ ਉੱਥੇ ਹਫੜਾ-ਦਫੜੀ ਦਾ ਮਾਹੌਲ ਸੀ। ਫੌਜ ਦੇ ਜਵਾਨ ਤਾਇਨਾਤ ਕੀਤੇ ਗਏ ਸਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਵੀ ਮੌਜੂਦ ਸਨ। ਮਸਜਿਦ ਵੱਲ ਜਾਣ ਵਾਲੀ ਸੜਕ ਬੰਦ ਕਰ ਦਿੱਤੀ ਗਈ ਸੀ ਅਤੇ ਮੀਡੀਆ ਸਮੇਤ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।

ਹਮਲੇ ਵਿੱਚ ਮਸਜਿਦ ਤਬਾਹ ਹੋ ਗਈ ਸੀ ਅਤੇ ਆਲੇ-ਦੁਆਲੇ ਦੇ ਘਰਾਂ ਦੀਆਂ ਕੰਧਾਂ ਅਤੇ ਖਿੜਕੀਆਂ ਨੂੰ ਵੀ ਨੁਕਸਾਨ ਪਹੁੰਚਿਆ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਜਿਵੇਂ ਹੀ ਪਹਿਲਾ ਧਮਾਕਾ ਹੋਇਆ, ਲੋਕ ਨੰਗੇ ਪੈਰੀਂ ਉੱਥੋਂ ਭੱਜ ਗਏ। ਅਸੀਂ ਲੋਕਾਂ ਨੂੰ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਆਪਣੇ ਘਰਾਂ ਨੂੰ ਬੰਦ ਕਰਨ ਲਈ ਮਸਜਿਦ ਵੱਲ ਆਉਂਦੇ ਦੇਖਿਆ।

ਸ਼ਹਿਰ ਵਿੱਚ ਡਰ ਦਾ ਮਾਹੌਲ ਸੀ ਅਤੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਸਨ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਦੇ ਅੰਦਰ ਮਿਜ਼ਾਈਲ ਹਮਲੇ ਦੀ ਕਲਪਨਾ ਵੀ ਨਹੀਂ ਕੀਤੀ ਸੀ।

ਮੁਰੀਦਕੇ ਵਿੱਚ ਭਾਰਤੀ ਹਮਲੇ ਤੋਂ ਬਾਅਦ ਨੁਕਸਾਨੀ ਗਈ ਇਮਾਰਤ

ਤਸਵੀਰ ਸਰੋਤ, Getty Images

ਬੀਬੀਸੀ ਦੀਆਂ ਹੋਰ ਟੀਮਾਂ ਨੇ ਮੁਰੀਦਕੇ ਅਤੇ ਬਹਾਵਲਪੁਰ ਤੋਂ ਰਿਪੋਰਟ ਕੀਤੀ। ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਵਿੱਚ ਮਿਜ਼ਾਈਲ ਹਮਲਿਆਂ ਨੇ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਬਾਰੇ ਸਥਾਨਕ ਲੋਕ ਕਹਿੰਦੇ ਹਨ ਕਿ ਉਹ ਕਦੇ ਕੱਟੜਪੰਥੀ ਸਮੂਹਾਂ ਦੇ ਕੇਂਦਰ ਸਨ ਪਰ ਹੁਣ ਸਾਲਾਂ ਤੋਂ ਅਕਿਰਿਆਸ਼ੀਲ ਹਨ ਜਾਂ ਅਧਿਕਾਰਤ ਤੌਰ ‘ਤੇ ਬੰਦ ਹਨ।

ਮੁਰੀਦਕੇ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸਨੂੰ ਪਹਿਲਾਂ ਅੱਤਵਾਦੀ ਸਮੂਹ ਜਮਾਤ-ਉਦ-ਦਾਵਾ ਦੇ ਵਿਚਾਰਧਾਰਕ ਕੇਂਦਰ ਵਜੋਂ ਜਾਣਿਆ ਜਾਂਦਾ ਸੀ। ਹਾਲਾਂਕਿ, ਪਾਕਿਸਤਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਭਾਰਤ ਨੇ ਉਨ੍ਹਾਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਲੋਕ ਰਹਿੰਦੇ ਸਨ।

ਫੌਜ ਦੇ ਇੱਕ ਬੁਲਾਰੇ ਨੇ ਕਿਹਾ ਕਿ ਪੰਜ ਸ਼ਹਿਰਾਂ ਵਿੱਚ 12 ਬੱਚਿਆਂ ਅਤੇ ਔਰਤਾਂ ਸਮੇਤ ਕੁੱਲ 31 ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਭਾਰਤ ਦਾ ਇਹ ਦਾਅਵਾ ਕਿ ਉਸਨੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਹੈ, “ਪੂਰੀ ਤਰ੍ਹਾਂ ਬੇਬੁਨਿਆਦ” ਹੈ।

ਦੁਪਹਿਰ ਤੱਕ, ਪਾਕਿਸਤਾਨ ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਨੇ ਪੂਰਬੀ ਅਤੇ ਉੱਤਰ-ਪੱਛਮੀ ਹਵਾਈ ਖੇਤਰ ਬੰਦ ਕਰ ਦਿੱਤਾ। ਜਹਾਜ਼ਾਂ ਲਈ ਚੇਤਾਵਨੀ ਨੋਟਿਸ ਵੀ ਜਾਰੀ ਕੀਤੇ ਗਏ ਸਨ। ਲਾਹੌਰ, ਰਾਵਲਪਿੰਡੀ ਅਤੇ ਕਰਾਚੀ ਉੱਤੇ ਲੜਾਕੂ ਜਹਾਜ਼ ਉੱਡਦੇ ਦੇਖੇ ਗਏ। ਫੌਜੀ ਵਾਹਨਾਂ ਦੀ ਆਵਾਜਾਈ ਵੀ ਦੇਖੀ ਗਈ।

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਜਿਸ ਵਿੱਚ ਉੱਚ ਫੌਜੀ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਸਨ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਹਥਿਆਰਬੰਦ ਬਲਾਂ ਨੂੰ “ਭਾਰਤ ਦੇ ਉਕਸਾਵੇ ਵਿਰੁੱਧ ਜਵਾਬੀ ਕਾਰਵਾਈ” ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।

ਸ਼ਾਮ ਹੁੰਦੇ ਹੀ ਕੰਟਰੋਲ ਰੇਖਾ ਦੇ ਨਾਲ ਲੱਗਦੇ ਫੌਜੀ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ‘ਤੇ ਭਾਰੀ ਗੋਲਾਬਾਰੀ ਦੀਆਂ ਰਿਪੋਰਟਾਂ ਆਉਣ ਲੱਗੀਆਂ।

ਦੂਜਾ ਦਿਨ: ਵੀਰਵਾਰ, 8 ਮਈ

ਭਾਰਤ

ਸ੍ਰੀਨਗਰ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀ

ਤਸਵੀਰ ਸਰੋਤ, Getty Images

ਸਰਹੱਦ ਪਾਰ ਤੋਂ ਹੋਈ ਗੋਲਾਬਾਰੀ ਨੇ ਦਹਿਸ਼ਤ ਫੈਲਾ ਦਿੱਤੀ ਸੀ। ਵੀਰਵਾਰ ਸਵੇਰੇ ਅਸੀਂ ਜਿਨ੍ਹਾਂ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਸੀ, ਉਹ ਖਾਲੀ ਦਿਖਾਈ ਦੇ ਰਹੇ ਸਨ ਕਿਉਂਕਿ ਲੋਕ ਸੁਰੱਖਿਅਤ ਥਾਵਾਂ ਦੀ ਭਾਲ਼ ਵਿੱਚ ਨਿੱਕਲ ਗਏ ਸਨ।

ਭਾਰਤ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸਨੇ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ।

ਬਿਆਨ ਵਿੱਚ ਅੱਗੇ ਦਾਅਵਾ ਕੀਤਾ ਗਿਆ ਕਿ “ਭਰੋਸੇਯੋਗ ਤੌਰ ‘ਤੇ ਪਤਾ ਲੱਗਾ ਹੈ ਕਿ ਲਾਹੌਰ ਵਿੱਚ ਇੱਕ ਹਵਾਈ ਰੱਖਿਆ ਪ੍ਰਣਾਲੀ ਨੂੰ ਬੇਕਾਰ ਕਰ ਦਿੱਤਾ ਗਿਆ ਹੈ।”

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਪਹਿਲਗਾਮ ਹਮਲੇ ਲਈ ਪਾਕਿਸਤਾਨ ਸਥਿਤ ਲਸ਼ਕਰ-ਏ-ਤੈਯਬਾ ਅੱਤਵਾਦੀ ਸਮੂਹ ਦੇ ਇੱਕ ਮੋਰਚੇ, ਰੈਜਿਸਟੈਂਸ ਫ੍ਰੰਟ (TRF) ਨੂੰ ਜਿੰਮੇਵਾਰ ਮੰਨਦਾ ਹੈ, ਜਿਸਨੂੰ ਸੰਯੁਕਤ ਰਾਸ਼ਟਰ ਦੁਆਰਾ ਇੱਕ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਗਿਆ ਹੈ।

ਉਨ੍ਹਾਂ ਪੁਸ਼ਟੀ ਕੀਤੀ ਕਿ ਭਾਰਤ ਵਿੱਚ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਵਿੱਚ 16 ਲੋਕ ਮਾਰੇ ਗਏ ਹਨ। ਦੇਰ ਸ਼ਾਮ ਤੱਕ, ਸਾਡੀ ਇੱਕ ਟੀਮ ਪੁੰਛ ਜ਼ਿਲ੍ਹੇ ਪਹੁੰਚੀ ਅਤੇ ਉੱਥੇ ਲੋਕਾਂ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਨੇ ਪਾਕਿਸਤਾਨੀ ਗੋਲਾਬਾਰੀ ਬਾਰੇ ਗੱਲ ਕੀਤੀ ਅਤੇ ਬੀਤੀ ਰਾਤ ਨੂੰ ‘ਕਿਆਮਤ ਦੀ ਰਾਤ’ ਕਿਹਾ।

ਜਿਵੇਂ ਹੀ ਰਾਤ ਪਈ, ਸਰਹੱਦ ਪਾਰ ਕਈ ਇਲਾਕਿਆਂ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ। ਕਈ ਇਲਾਕਿਆਂ ਵਿੱਚ ਬਲੈਕਆਊਟ ਹੋ ਗਿਆ।

ਭਾਰਤ ਸਰਕਾਰ ਨੇ ਪੁਸ਼ਟੀ ਕੀਤੀ ਕਿ ਪਾਕਿਸਤਾਨ ਨੇ ਜੰਮੂ, ਪਠਾਨਕੋਟ ਅਤੇ ਊਧਮਪੁਰ ਵਿੱਚ ਤਿੰਨ ਫੌਜੀ ਟਿਕਾਣਿਆਂ ‘ਤੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਸਾਰੇ ਹਮਲਿਆਂ ਨੂੰ ਬੇਅਸਰ ਕਰ ਦਿੱਤਾ ਗਿਆ ਸੀ।

ਪਾਕਿਸਤਾਨ

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ

ਤਸਵੀਰ ਸਰੋਤ, Getty Images

ਸਵੇਰੇ ਖੇਤਰ ਦੀ ਪਹਿਲੀ ਡਰੋਨ ਜੰਗ ਸ਼ੁਰੂ ਹੋਈ। ਵੱਖ-ਵੱਖ ਸ਼ਹਿਰਾਂ, ਖਾਸ ਕਰਕੇ ਲਾਹੌਰ ਦੇ ਲੋਕਾਂ ਨੇ ਅਸਮਾਨ ਵਿੱਚ ਡਰੋਨ ਉੱਡਦੇ ਦੇਖੇ।

ਡੀਜੀ ਆਈਐਸਪੀਆਰ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਭਾਰਤ ਦੇ ਦੋ ਦਰਜਨ ਤੋਂ ਵੱਧ ਡਰੋਨਾਂ ਨੂੰ ਡੇਗ ਦਿੱਤਾ ਹੈ।

ਲਾਹੌਰ, ਗੁਜਰਾਂਵਾਲਾ, ਚਕਵਾਲ, ਰਾਵਲਪਿੰਡੀ ਅਤੇ ਕਰਾਚੀ ਵਰਗੇ ਸ਼ਹਿਰਾਂ ਵਿੱਚ ਡਰੋਨ ਡਿੱਗਦੇ ਦੇਖੇ ਗਏ। ਕੁਝ ਥਾਵਾਂ ‘ਤੇ ਸਥਾਨਕ ਨਿਵਾਸੀਆਂ ਨੇ ਸਾਇਰਨ ਵੱਜਦੇ ਸੁਣੇ।

ਪ੍ਰੈਸ ਕਾਨਫਰੰਸ ਵਿੱਚ, ਪਾਕਿਸਤਾਨ ਨੇ ਪਹਿਲਗਾਮ ਹਮਲੇ ਦੀ ਅੰਤਰਰਾਸ਼ਟਰੀ ਜਾਂਚ ਦੀ ਗੱਲ ਕੀਤੀ।

ਰਾਵਲਪਿੰਡੀ ਵਿੱਚ ਇੱਕ ਡਰੋਨ ਕ੍ਰਿਕਟ ਸਟੇਡੀਅਮ ਦੇ ਨੇੜੇ ਡਿੱਗਿਆ ਅਤੇ ਇਸ ਕਾਰਨ ਪਾਕਿਸਤਾਨ ਸੁਪਰ ਲੀਗ ਮੈਚ ਰੱਦ ਕਰ ਦਿੱਤਾ ਗਿਆ। ਕ੍ਰਿਕਟ ਬੋਰਡ ਨੇ ਲੀਗ ਦੇ ਬਾਕੀ ਮੈਚ ਯੂਏਈ ਵਿੱਚ ਕਰਵਾਉਣ ਦਾ ਫੈਸਲਾ ਕੀਤਾ।

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਜੇਕਰ ਮੌਜੂਦਾ ਸਥਿਤੀ ਨੂੰ ਨਾ ਰੋਕਿਆ ਗਿਆ ਤਾਂ ਪ੍ਰਮਾਣੂ ਯੁੱਧ ਦਾ ਖ਼ਤਰਾ ਇੱਕ ‘ਅਸਲ ਅਤੇ ਮੌਜੂਦਾ ਖ਼ਤਰਾ’ ਬਣ ਜਾਵੇਗਾ।

ਮੁਜ਼ੱਫਰਾਬਾਦ ਦੇ ਨੇੜੇ ਸੈਕਟਰਾਂ ਵਿੱਚ ਰਾਤ ਭਰ ਗੋਲੀਬਾਰੀ ਜਾਰੀ ਰਹੀ। ਗੋਲੀਬਾਰੀ ਇੰਨੀ ਤੇਜ਼ ਸੀ ਕਿ ਅਸੀਂ ਜਿੱਥੇ ਅਸੀਂ ਠਹਿਰੇ ਹੋਏ ਸੀ, ਉਸ ਹੋਤ ਤੋਂ ਵੀ ਉਸਨੂੰ ਦੇਖ ਸਕਦੇ ਸੀ। ਹੋਟਲ ਵਿੱਚ ਕੁਝ ਮੀਡੀਆ ਟੀਮਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ।

ਇਹ ਵੀ ਪੜ੍ਹੋ-

ਤੀਜਾ ਦਿਨ: 9 ਮਈ, ਸ਼ੁੱਕਰਵਾਰ

ਭਾਰਤ

ਹਮਲੇ 'ਚ ਮਾਰੇ ਗਏ ਜੋੜੇ ਭੈਣ-ਭਰਾਵਾਂ ਦੀ ਤਸਵੀਰ

ਤਸਵੀਰ ਸਰੋਤ, MARIA KHAN

ਪੁੰਛ ਵਿੱਚ ਸਵੇਰ ਤੱਕ ਭਾਰੀ ਗੋਲਾਬਾਰੀ ਜਾਰੀ ਰਹੀ ਅਤੇ ਸਾਡੀ ਟੀਮ ਨੂੰ ਇੱਕ ਬੰਕਰ ਵਿੱਚ ਲੁਕਣਾ ਪਿਆ। ਜਦੋਂ ਲੋਕ ਬੰਕਰ ਵਿੱਚੋਂ ਬਾਹਰ ਆਏ ਤਾਂ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਸੀ।

ਧਮਾਕੇ ਵਿੱਚ ਇੱਕ ਕੁੜੀ ਦੇ ਪਿਤਾ ਦੀ ਮੌਤ ਹੋ ਗਈ ਸੀ। ਕੁੜੀ ਨੇ ਸਾਨੂੰ ਦੱਸਿਆ, “ਇਹ ਕਾਰਵਾਈ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਲਈ ਇਨਸਾਫ਼ ਪ੍ਰਾਪਤ ਕਰਨ ਲਈ ਸੀ। ਪਰ ਹੁਣ ਮੇਰੇ ਪਿਤਾ ਲਈ ਕੀ ਕੀਤਾ ਜਾਵੇਗਾ? ਮੈਨੂੰ ਇਨਸਾਫ਼ ਕਿਵੇਂ ਮਿਲੇਗਾ?”

ਕਈ ਪਰਿਵਾਰਾਂ ਨੇ ਸਮੇਂ ਸਿਰ ਚੇਤਾਵਨੀ ਨਾ ਮਿਲਣ ਦੀ ਸ਼ਿਕਾਇਤ ਕੀਤੀ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ

ਇੱਕ ਮਹਿਲਾ, ਮਾਰੀਆ ਖਾਨ ਦੀ ਭੇਤੀਜੇ ਅਤੇ ਭਤੀਜੀ ਜੋੜੇ ਸਨ, ਜਿਨ੍ਹਾਂ ਦੀ ਉਮਰ 12 ਸਾਲ ਸੀ, ਉਹ ਦੋਵੇਂ ਵੀ ਹਮਲੇ ਵਿੱਚ ਮਾਰੇ ਗਏ।

ਮਾਰੀਆ ਨੇ ਕਿਹਾ, “ਜੇਕਰ ਭਾਰਤ ਸਰਕਾਰ ਦੁਆਰਾ ਹਮਲਾ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਕੱਢ ਲਿਆ ਜਾਂਦਾ, ਤਾਂ ਸ਼ਾਇਦ ਸਾਡੇ ਬੱਚੇ ਜ਼ਿੰਦਾ ਹੁੰਦੇ।”

ਜਿਵੇਂ ਹੀ ਰਾਤ ਹੋਈ, ਸਰਹੱਦ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਬਲੈਕਆਊਟ ਕਰ ਦਿੱਤਾ ਗਿਆ। ਡਰੋਨ ਦਿਖਾਈ ਦੇ ਰਹੇ ਸਨ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਦੁਬਾਰਾ ਸੁਣਾਈ ਦੇ ਰਹੀਆਂ ਹਨ।

ਪਾਕਿਸਤਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ

ਤਸਵੀਰ ਸਰੋਤ, Getty Images

ਡਰੋਨ ਯੁੱਧ ਵਿਚਕਾਰ, ਇਸਲਾਮਾਬਾਦ ਵਿੱਚ ਫੌਜੀ ਸੂਤਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਵਾਈ ਰੱਖਿਆ ਪ੍ਰਣਾਲੀ ਤਿਆਰ ਕਰ ਲਈ ਗਈ ਹੈ ਅਤੇ ਰਵਾਇਤੀ ਫੌਜੀ ਉਪਕਰਣ ਵੀ ਸਰਗਰਮ ਕਰ ਦਿੱਤੇ ਗਏ ਹਨ।

ਡੀਜੀ ਆਈਐਸਪੀਆਰ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਵਿੱਚ ਉਨ੍ਹਾਂ ਨੇ 7 ਮਈ ਦੀ ਰਾਤ ਨੂੰ ਹੋਏ ਭਾਰਤੀ ਹਮਲੇ ਦੇ ਵੇਰਵੇ ਦਿੱਤੇ ਅਤੇ ਦੱਸਿਆ ਕਿ ਕਿਵੇਂ ਪਾਕਿਸਤਾਨੀ ਹਵਾਈ ਫੌਜ ਨੇ ਉਸ ਰਾਤ ਭਾਰਤੀ ਜਹਾਜ਼ ਨੂੰ ਡੇਗ ਦਿੱਤਾ।

ਕਈ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਕਤਰ ਅਤੇ ਸੰਯੁਕਤ ਅਰਬ ਅਮੀਰਾਤ ਕੂਟਨੀਤਕ ਅਤੇ ਖੁਫੀਆ ਸੂਤਰਾਂ ਰਾਹੀਂ ਦੋਵਾਂ ਦੇਸ਼ਾਂ ਦੇ ਸੰਪਰਕ ਵਿੱਚ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਫਿਰ ਪਾਕਿਸਤਾਨ ਨਾਲ ਫ਼ੋਨ ‘ਤੇ ਗੱਲ ਕੀਤੀ।

ਚੌਥਾ ਦਿਨ: ਸ਼ਨੀਵਾਰ 10 ਮਈ

ਭਾਰਤ

ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ

ਤਸਵੀਰ ਸਰੋਤ, Govt. of India

ਸ਼ਨੀਵਾਰ ਸਭ ਤੋਂ ਨਾਟਕੀ ਦਿਨ ਸੀ। ਪਾਕਿਸਤਾਨ ਦੇ ਹਮਲਿਆਂ ਦਾ ਪ੍ਰਭਾਵ ਜੰਮੂ ਅਤੇ ਰਾਜੌਰੀ ਸਮੇਤ ਉਨ੍ਹਾਂ ਇਲਾਕਿਆਂ ‘ਤੇ ਪਿਆ, ਜਿੱਥੇ ਲੋਕ ਰਹਿੰਦੇ ਹਨ।

ਜੰਮੂ ਵਿੱਚ ਰਹਿਣ ਵਾਲੀ ਇੱਕ ਕੁੜੀ ਨੇ ਸਾਨੂੰ ਦੱਸਿਆ, “ਸਾਡਾ ਬੈੱਡਰੂਮ ਬਹੁਤ ਜ਼ਿਆਦਾ ਧੂੰਏਂ ਨਾਲ ਭਰ ਗਿਆ ਸੀ। ਅਸੀਂ ਬਹੁਤ ਮੁਸ਼ਕਲ ਨਾਲ ਬਾਹਰ ਆਏ ਅਤੇ ਦੇਖਿਆ ਕਿ ਸਾਡੇ ਘਰ ਦੀ ਛੱਤ ਦਾ ਇੱਕ ਹਿੱਸਾ ਟੁੱਟ ਗਿਆ ਸੀ।”

ਇੱਕ ਵਿਅਕਤੀ ਜੋ ਆਪਣੇ ਬੱਚਿਆਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਸਣੇ ਦੋ ਲੋਕ ਮਾਰੇ ਗਏ। ਰਾਜੌਰੀ ਵਿੱਚ ਇੱਕ ਧਮਾਕੇ ਵਿੱਚ ਇੱਕ ਸਰਕਾਰੀ ਅਧਿਕਾਰੀ ਦੀ ਮੌਤ ਹੋ ਗਈ।

ਪੰਜਾਬ ਦੇ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਬੀਬੀਸੀ ਟੀਮਾਂ ਨੇ ਸਵੇਰੇ-ਸਵੇਰੇ ਹੋਏ ਹਮਲਿਆਂ ਕਾਰਨ ਖੇਤਾਂ ਵਿੱਚ ਬਣੇ ਵੱਡੇ ਟੋਏ ਦੇਖੇ। ਭਾਰਤ ਸਰਕਾਰ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਉੱਤੇ ਕਈ ਹਥਿਆਰਬੰਦ ਡਰੋਨਾਂ ਨੂੰ ਬੇਕਾਰ ਕਰ ਦਿੱਤਾ ਗਿਆ ਹੈ।

ਹਰ ਕੋਈ ਇੱਕ ਹੋਰ ਤਣਾਅਪੂਰਨ ਰਾਤ ਦੀ ਤਿਆਰੀ ਕਰ ਰਿਹਾ ਸੀ, ਪਰ ਸ਼ਾਮ ਨੂੰ ਅਚਾਨਕ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਐਲਾਨ ਦੀ ਪੁਸ਼ਟੀ ਭਾਰਤੀ ਵਿਦੇਸ਼ ਸਕੱਤਰ ਨੇ ਇੱਕ ਵਿਸ਼ੇਸ਼ ਬ੍ਰੀਫਿੰਗ ਵਿੱਚ ਕੀਤੀ।

ਪਰ ਜਿਵੇਂ ਹੀ ਹਨ੍ਹੇਰਾ ਹੋਇਆ ਅਸੀਂ ਮੁੜ ਡਰੋਨਾਂ ਨੂੰ ਉੱਪਰ ਉੱਡਦੇ ਦੇਖਿਆ ਅਤੇ ਦੁਬਾਰਾ ਧਮਾਕੇ ਸੁਣੇ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇਸੇ ਤਰ੍ਹਾਂ ਦੀਆਂ ਰਿਪੋਰਟਾਂ ਸਾਂਝੀਆਂ ਕੀਤੀਆਂ।

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਰਾਤ ਨੂੰ ਬਾਅਦ ਵਿੱਚ ਪਾਕਿਸਤਾਨ ਦੁਆਰਾ ‘ਸਮਝੌਤੇ ਦੀ ਉਲੰਘਣਾ’ ਦੀ ਪੁਸ਼ਟੀ ਕੀਤੀ। ਅਗਲੀ ਸਵੇਰ, ਇੱਕ ਅਸਥਾਈ ਸ਼ਾਂਤੀ ਵਿੱਚ ਬਹੁਤ ਸਾਰੇ ਲੋਕ ਕੰਟਰੋਲ ਰੇਖਾ ਦੇ ਨੇੜੇ ਆਪਣੇ ਪਿੰਡਾਂ ਨੂੰ ਵਾਪਸ ਪਰਤ ਗਏ।

ਤੰਗਧਾਰ ਵਿੱਚ, ਬੀਬੀਸੀ ਦੀ ਇੱਕ ਟੀਮ ਨੇ ਇੱਕ ਪਰਿਵਾਰ ਨਾਲ ਮੁਲਾਕਾਤ ਕੀਤੀ ਜੋ ਘਰ ਵਾਪਸ ਆਇਆ ਸੀ, ਪਰ ਵਾਪਸ ਆਉਣ ‘ਤੇ ਉਨ੍ਹਾਂ ਪਾਇਆ ਕਿ ਹਮਲਿਆਂ ਕਾਰਨ ਉਨ੍ਹਾਂ ਦਾ ਘਰ ਮਲਬੇ ‘ਚ ਤਬਦੀਲ ਹੋ ਚੁੱਕਾ ਸੀ ਅਤੇ ਭਵਿੱਖ ਅਨਿਸ਼ਚਿਤ ਹੈ।

ਪਾਕਿਸਤਾਨ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ

ਤਸਵੀਰ ਸਰੋਤ, Getty Images

ਭਾਰਤੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਕਈ ਏਅਰਬੇਸਾਂ ‘ਤੇ ‘ਤੇਜ਼ ਰਫ਼ਤਾਰ ਮਿਜ਼ਾਈਲ ਹਮਲੇ’ ਦੇਖੇ ਗਏ।

ਦੇਰ ਰਾਤ ਲਗਭਗ 2.30 ਵਜੇ, ਭਾਰਤ ਨੇ ਨੂਰ ਖਾਨ ਏਅਰਬੇਸ ਨੂੰ ਨਿਸ਼ਾਨਾ ਬਣਾਇਆ, ਜੋ ਕਿ ਰਾਵਲਪਿੰਡੀ ਦੇ ਨੇੜੇ ਚੱਕਲਾਲਾ ਵਿਖੇ ਇੱਕ ਵੱਡੀ ਫੌਜੀ ਛਾਉਣੀ ਦਾ ਹਿੱਸਾ ਹੈ। ਇਹ ਧਮਾਕੇ ਇੰਨੇ ਤੇਜ਼ ਸਨ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਸਨੀਕ ਜਾਗ ਗਏ।

ਨੂਰ ਖਾਨ ਏਅਰਬੇਸ ‘ਤੇ ਹਮਲਾ 9 ਅਤੇ 10 ਮਈ ਦੀ ਦਰਮਿਆਨੀ ਰਾਤ ਨੂੰ ਭਾਰਤ ਵੱਲੋਂ ਕੀਤੇ ਗਏ 11 ਹਮਲਿਆਂ ਵਿੱਚੋਂ ਇੱਕ ਸੀ।

ਇਨ੍ਹਾਂ ਹਮਲਿਆਂ ਤੋਂ ਬਾਅਦ, ਪਾਕਿਸਤਾਨ ਨੇ ‘ਆਪ੍ਰੇਸ਼ਨ ਬੁਨਯਾਨ ਅਲ ਮਰਸੂਸ’ ਨਾਮਕ ਇੱਕ ਵੱਡਾ ਫੌਜੀ ਆਪ੍ਰੇਸ਼ਨ ਸ਼ੁਰੂ ਕੀਤਾ। ਇਸ ਦੇ ਤਹਿਤ ਭਾਰਤ ਦੇ ਜੰਮੂ, ਊਧਮਪੁਰ, ਪਠਾਨਕੋਟ ਵਿੱਚ ਫੌਜੀ ਠਿਕਾਣਿਆਂ ‘ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਗਏ।

ਪਾਕਿਸਤਾਨੀ ਫੌਜੀ ਸੂਤਰਾਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਨੈਸ਼ਨਲ ਕਮਾਂਡ ਅਥਾਰਟੀ ਦੀ ਮੀਟਿੰਗ ਬੁਲਾਈ ਹੈ, ਜੋ ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ ਦੀ ਨਿਗਰਾਨੀ ਕਰਦੀ ਹੈ।

ਹਾਲਾਂਕਿ, ਬਾਅਦ ਵਿੱਚ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਅਜਿਹੀ ਕਿਸੇ ਵੀ ਮੀਟਿੰਗ ਤੋਂ ਇਨਕਾਰ ਕੀਤਾ।

ਫਿਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਦਖਲ ਤੋਂ ਬਾਅਦ, ਦੋਵਾਂ ਦੇਸ਼ਾਂ ਦੇ ਡੀਜੀਐਮਓ ਵਿਚਕਾਰ ਕਮਿਉਨੀਕੇਸ਼ਨ ਵੀ ਬਹਾਲ ਹੋ ਗਿਆ।

ਹਾਲਾਂਕਿ, ਜੰਗਬੰਦੀ ਤੋਂ ਤੁਰੰਤ ਬਾਅਦ ਉਲੰਘਣਾ ਦੀਆਂ ਰਿਪੋਰਟਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI