Source :- BBC PUNJABI

ਤਸਵੀਰ ਸਰੋਤ, Getty Images
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ਹਿਰ ਮੁਲਤਾਨ ਵਿੱਚ ਬਹਾਉਦੀਨ ਜ਼ਕਾਰੀਆ ਦੇ ਮਜ਼ਾਰ ਦੇ ਅੰਦਰੂਨੀ ਦਰਵਾਜ਼ੇ ਦੇ ਬਾਹਰ ਮੌਜੂਦ ਕੁਝ ਕਬਰਾਂ ਵਿੱਚੋਂ ਇੱਕ ਮੁਜ਼ੱਫਰ ਖ਼ਾਨ ਸਦੋਜ਼ਈ ਦੀ ਵੀ ਹੈ, ਜੋ 1757 ਤੋਂ 1818 ਈਸਵੀ ਤੱਕ ਮੁਲਤਾਨ ਦਾ ਰਾਜਾ ਸੀ।
ਪਾਲ ਓਲਡਫੀਲਡ ਨੇ ‘ਵਿਕਟੋਰੀਆ ਕਰਾਸੇਜ਼ ਆਨ ਦਿ ਵੈਸਟਰਨ ਫਰੰਟ’ ਵਿੱਚ ਲਿਖਿਆ ਹੈ ਕਿ ਪੰਜ ਹਜ਼ਾਰ ਸਾਲ ਪੁਰਾਣਾ ਸ਼ਹਿਰ ਮੁਲਤਾਨ ਮੱਧਕਾਲੀ ਇਸਲਾਮੀ ਹਿੰਦੁਸਤਾਨ ਵਿੱਚ ਇੱਕ ਅਹਿਮ ਵਪਾਰਕ ਕੇਂਦਰ ਸੀ।
ਇਤਿਹਾਸਕ ਬਿਰਤਾਂਤਾਂ ਅਨੁਸਾਰ, 11ਵੀਂ ਅਤੇ 12ਵੀਂ ਸਦੀ ਵਿੱਚ ਮੁਲਤਾਨ ਵਿੱਚ ਕਈ ਸੂਫ਼ੀ ਬਜ਼ੁਰਗ ਆਏ ਅਤੇ ਇਸ ਕਾਰਨ ਇਸ ਨੂੰ ‘ਔਲੀਆ ਦਾ ਸ਼ਹਿਰ’ ਕਿਹਾ ਜਾਂਦਾ ਸੀ।
ਅੱਜ ਵੀ ਇੱਥੇ ਕਈ ਸੂਫ਼ੀਆਂ ਦੇ ਮਜ਼ਾਰ ਮੌਜੂਦ ਹੈ। ਉਨ੍ਹਾਂ ਵਿੱਚੋਂ ਇੱਕ ਹਜ਼ਰਤ ਬਹਾਊਦੀਨ ਜ਼ਕਾਰੀਆ ਦਾ ਮਜ਼ਾਰ ਵੀ ਹੈ।
ਮੁਗ਼ਲਾਂ ਨੇ 1557 ਈਸਵੀ ਵਿੱਚ ਮੁਲਤਾਨ ਸ਼ਹਿਰ ‘ਤੇ ਕਬਜ਼ਾ ਕੀਤਾ। ਇਸ ਤੋਂ ਬਾਅਦ, 200 ਸਾਲਾਂ ਤੱਕ ਇਸ ਸ਼ਹਿਰ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਰਹੀ।

ਤਸਵੀਰ ਸਰੋਤ, Getty Images
ਮੁਲਤਾਨ ਦੀ ਦੌਲਤ ਲਈ ਹਮਲਾ
ਇਸ ਸਮੇਂ ਦੌਰਾਨ, ਇਹ ਖੇਤੀਬਾੜੀ ਅਤੇ ਵਪਾਰ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ।
ਆਪਣੀ ਕਿਤਾਬ ‘ਏ ਬ੍ਰੀਫ ਹਿਸਟਰੀ ਆਫ਼ ਦਿ ਸਿੱਖਸ’ ਵਿੱਚ ਦਵਿੰਦਰ ਸਿੰਘ ਮਾਂਗਟ ਦੱਸਦੇ ਹਨ ਕਿ ਸਿੰਧ, ਚਨਾਬ, ਰਾਵੀ ਅਤੇ ਸਤਲੁਜ ਦਰਿਆਵਾਂ ਕਾਰਨ ਹਰੀ ਭਰੀ ਰਹਿਣ ਵਾਲੀ ਸੁਲਤਾਨ ਦੀ ਜ਼ਮੀਨ ਬਹੁਤ ਉਪਜਾਊ ਸੀ, ਜਿਸ ਤੋਂ ਸਾਲਾਨਾ 13 ਲੱਖ ਰੁਪਏ ਤੋਂ ਵੱਧ ਦੀ ਆਮਦਨ ਹੁੰਦੀ ਸੀ।
ਇਸ ਵਿੱਚ ਲਿਖਿਆ ਹੈ, “ਇਸ ਤੋਂ ਇਲਾਵਾ, ਇਹ ਸ਼ਹਿਰ ਕਈ ਦੇਸ਼ਾਂ ਤੋਂ ਸਾਮਾਨ ਅਤੇ ਘੋੜਿਆਂ ਦੇ ਵਪਾਰ ਲਈ ਇੱਕ ਮਹੱਤਵਪੂਰਨ ਕੇਂਦਰ ਸੀ। ਮੁਲਤਾਨ ਦਾ ਰੇਸ਼ਮ ਉਦਯੋਗ ਆਪਣੀ ਕਾਰੀਗਰੀ ਅਤੇ ਚੰਗੀ ਗੁਣਵੱਤਾ ਲਈ ਮਸ਼ਹੂਰ ਸੀ।”
“ਬੁਖਾਰਾ ਤੋਂ ਵਿਕਰੀ ਲਈ ਰੇਸ਼ਮ ਦੇ ਧਾਗੇ ਇੱਥੇ ਲਿਆਂਦੇ ਜਾਂਦੇ ਸਨ ਇੱਥੇ ਉਨ੍ਹਾਂ ਤੋਂ ਕੱਪੜੇ ਤਿਆਰ ਕੀਤੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਪੂਰੇ ਭਾਰਤ ਵਿੱਚ ਵੇਚਿਆ ਜਾਂਦਾ ਸੀ। ਹਰ ਸਾਲ ਮੁਲਤਾਨ ਵਿੱਚ 40 ਹਜ਼ਾਰ ਮੀਟਰ ਰੇਸ਼ਮ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ।”
ਅਤੇ ਇਸ ਅਥਾਹ ਦੌਲਤ ਦੇ ਕਾਰਨ, ਇਸ ਨੇ ਲੁਟੇਰਿਆਂ ਨੂੰ ਆਕਰਸ਼ਿਤ ਕੀਤਾ।
ਫ਼ਕੀਰ ਸਈਅਦ ਏਜਾਜ਼ ਉਦੀਨ ਇੱਕ ਕਿਤਾਬ ʻਜ਼ਬਦਤੁਲ ਅਖ਼ਬਾਰʼ ਦੀ ਸਮੀਖਿਆ ਕਰਦੇ ਹੋਏ ਲਿਖਦੇ ਹਨ ਕਿ 1759 ਈਸਵੀ ਵਿੱਚ ਮਰਾਠਿਆਂ ਨੇ ਮੁਲਤਾਨ ਨੂੰ ਜੰਮ ਕੇ ਲੁੱਟਿਆ, ਇਸ ਦੇ ਬਾਵਜੂਦ ਇੱਥੇ ਇੰਨੀ ਦੌਲਤ ਬਚੀ ਸੀ ਕਿ ਇਸ ਨੇ ਸਿੱਖਾਂ ਨੂੰ ਆਕਰਸ਼ਿਤ ਕੀਤਾ।
ਉਹ ਲਿਖਦੇ ਹਨ, “ਈਦ ਵਾਲੇ ਦਿਨ, 27 ਦਸੰਬਰ 1772 ਨੂੰ ਭੰਗੀ ਸਿੱਖਾਂ ਨੇ ਮੁਲਤਾਨ ਦੇ ਕਿਲ੍ਹੇ ‘ਤੇ ਕਬਜ਼ਾ ਕਰ ਲਿਆ ਜਦੋਂ ਇਸਦਾ ਗਵਰਨਰ ਅਤੇ ਉਸ ਦੀ ਫੌਜ ਈਦ ਦੀ ਨਮਾਜ਼ ਅਦਾ ਕਰਨ ਵਿੱਚ ਰੁੱਝੇ ਹੋਏ ਸਨ।”
“ਮੁਲਤਾਨ 1780 ਤੱਕ ਉਨ੍ਹਾਂ ਦੇ ਕਬਜ਼ੇ ਵਿੱਚ ਰਿਹਾ। ਇਸ ਤੋਂ ਬਾਅਦ, ਅਫ਼ਗਾਨ ਹਮਲਾਵਰ ਤੈਮੂਰ ਸ਼ਾਹ ਦੁਰਾਨੀ ਨੇ ਫੌਜ ਨਾਲ ਕਿਲ੍ਹੇ ‘ਤੇ ਹਮਲਾ ਕੀਤਾ ਅਤੇ ਨੌਜਵਾਨ ਅਫ਼ਗਾਨ ਨਵਾਬ ਮੁਜ਼ੱਫਰ ਖ਼ਾਨ ਸਦੋਜ਼ਈ ਦੀ ਮਦਦ ਨਾਲ ਉੱਥੇ ਦੀ ਫੌਜ ਨੂੰ ਹਰਾ ਦਿੱਤਾ।”
“ਅਗਲੇ 38 ਸਾਲਾਂ ਤੱਕ, ਮੁਜ਼ੱਫਰ ਖ਼ਾਨ ਨੇ ਮੁਲਤਾਨ ‘ਤੇ ਬਹੁਤ ਵਧੀਆ ਰਾਜ ਕੀਤਾ।”

ਉਨ੍ਹੀਵੀਂ ਸਦੀ ਦੀ ਸ਼ੁਰੂਆਤ ਵਿੱਚ ਲਾਹੌਰ ਵਿੱਚ ਸ਼ਾਸਨ ਕਰ ਰਹੇ ਮਹਾਰਾਜਾ ਰਣਜੀਤ ਸਿੰਘ ਦੀਆਂ ਨਜ਼ਰਾਂ ਮੁਲਤਾਨ ‘ਤੇ ਟਿਕੀਆਂ ਹੋਈਆਂ ਸਨ।
ਜੇਐੱਸ ਗਰੇਵਾਲ ਆਪਣੀ ਕਿਤਾਬ ‘ਦਿ ਸਿੱਖਸ ਆਫ਼ ਦਿ ਪੰਜਾਬ’ ਵਿੱਚ ਲਿਖਦੇ ਹਨ ਕਿ ਰਣਜੀਤ ਸਿੰਘ ਨੇ ਜਿਨ੍ਹਾਂ ਇਲਾਕਿਆਂ ‘ਤੇ ਕਬਜ਼ਾ ਕੀਤਾ ਸੀ, ਉਹ ਪਹਿਲਾਂ ਉਨ੍ਹਾਂ ਦੇ ਅਧੀਨ ਸਨ ਅਤੇ ਟੈਕਸ ਦਿੰਦੇ ਸਨ, ਭਾਵੇਂ ਉਹ ਸਿੱਖ ਸਨ ਜਾਂ ਗ਼ੈਰ-ਸਿੱਖ, ਮੈਦਾਨੀ ਜਾਂ ਪਹਾੜੀ।
ਉਦਾਹਰਣ ਵਜੋਂ, ਖੁਸ਼ਾਬ, ਸਾਹੀਵਾਲ, ਝੰਗ ਅਤੇ ਮਨਕੇਰਾ ਦੇ ਸ਼ਾਸਕ ਆਪਣੇ ਇਲਾਕਿਆਂ ʼਤੇ ਰਣਜੀਤ ਸਿੰਘ ਦੇ ਕਬਜ਼ੇ ਤੋਂ ਪਹਿਲਾਂ ਕਈ ਸਾਲਾਂ ਤੱਕ ਟੈਕਸ ਅਦਾ ਕਰਦੇ ਆ ਰਹੇ ਸਨ।
ਅਕਸਰ ਅਜਿਹਾ ਹੁੰਦਾ ਸੀ ਕਿ ਰਣਜੀਤ ਸਿੰਘ ਟੈਕਸ ਦੀ ਰਕਮ ਵਧਾਉਂਦੇ ਰਹਿੰਦੇ ਅਤੇ ਟੈਕਸ ਦੀ ਰਕਮ ਇੰਨੀ ਜ਼ਿਆਦਾ ਹੋ ਜਾਂਦੀ ਸੀ ਕਿ ਉਹ ਇਸਨੂੰ ਅਦਾ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦੇ ਸਨ ਜਾਂ ਉਹ ਇਸਨੂੰ ਅਦਾ ਕਰਨ ਤੋਂ ਇਨਕਾਰ ਕਰ ਦਿੰਦੇ ਸਨ।
ਇਸ ਤੋਂ ਬਾਅਦ, ਇੱਕ ਅਜਿਹੀ ਸਥਿਤੀ ਪੈਦਾ ਹੁੰਦੀ ਸੀ ਜੋ ਉਸ ਇਲਾਕੇ ‘ਤੇ ਕਬਜ਼ਾ ਕਰਨ ਦਾ ਬਹਾਨਾ ਬਣ ਜਾਂਦੀ ਸੀ।
“ਮੁਲਤਾਨ ਦੇ ਗਵਰਨਰ ਨੇ ਵੀ ਕਰੀਬ ਇੱਕ ਦਹਾਕੇ ਤੱਕ ਉਨ੍ਹਾਂ ਨੂੰ ਟੈਕਸ ਦਿੱਤਾ ਸੀ।”
ਇਸ ਬਾਰੇ ਵਿਸਤ੍ਰਿਤ ਜਾਣਕਾਰੀ ‘ਦਿ ਹਿਸਟਰੀ ਆਫ਼ ਦਿ ਸਿੱਖਸ’ ਵਿੱਚ ਦਿੱਤੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਸੱਤ ਵਾਰ ਹਮਲਾ ਕੀਤਾ।
“ਪਹਿਲਾ ਹਮਲਾ 1802 ਵਿੱਚ ਹੋਇਆ ਸੀ ਜਿਸ ‘ਤੇ ਨਵਾਬ ਮੁਜ਼ੱਫਰ ਖ਼ਾਨ ਨੇ ਉਨ੍ਹਾਂ ਦੇ ਅਧੀਨ ਰਹਿਣ ਅਤੇ ਟੈਕਸ ਦੇਣ ਦਾ ਵਾਅਦਾ ਕੀਤਾ ਸੀ। 1805 ਵਿੱਚ, ਦੂਜੇ ਹਮਲੇ ‘ਤੇ ਵੀ ਤੋਹਫ਼ੇ ਅਤੇ ਸੱਤਰ ਹਜ਼ਾਰ ਰੁਪਏ ਦਿੱਤੇ ਗਏ ਸਨ। ਤੀਜਾ ਹਮਲਾ 1807 ਵਿੱਚ ਝੰਗ ਦੇ ਸ਼ਾਸਕ ਅਹਿਮਦ ਖ਼ਾਨ ਸਿਆਲ ਦੇ ਉਕਸਾਉਣ ‘ਤੇ ਹੋਇਆ ਸੀ, ਪਰ ਘੇਰਾਬੰਦੀ ਟੈਕਸ ਅਤੇ ਘੋੜੇ ਦੇ ਕੇ ਖ਼ਤਮ ਕਰ ਦਿੱਤੀ ਗਈ ਸੀ।”
“1810 ਵਿੱਚ ਚੌਥੇ ਹਮਲੇ ਵਿੱਚ, ਭਾਰੀ ਲੜਾਈ ਤੋਂ ਬਾਅਦ, ਨਵਾਬ ਨੇ ਇੱਕ ਲੱਖ ਅੱਸੀ ਹਜ਼ਾਰ ਰੁਪਏ ਅਤੇ 20 ਘੋੜੇ ਦਿੱਤੇ ਅਤੇ ਸਾਲਾਨਾ ਟੈਕਸ ਦੇਣ ਦੇ ਵਾਅਦੇ ‘ਤੇ ਸ਼ਾਂਤੀ ਬਣਾਈ। ਪੰਜਵਾਂ ਹਮਲਾ 1812 ਵਿੱਚ ਟੈਕਸ ਦੇਣ ਦੇ ਵਾਅਦੇ ‘ਤੇ ਖ਼ਤਮ ਹੋਇਆ।”
“ਛੇਵਾਂ ਹਮਲਾ 1815 ਵਿੱਚ ਟੈਕਸ ਵਿੱਚ ਦੇਰੀ ਕਾਰਨ ਹੋਇਆ ਸੀ ਜਿਸ ਵਿੱਚ ਨਵਾਬ ਨੂੰ ਦੋ ਲੱਖ ਰੁਪਏ ਵੱਖਰੇ ਤੌਰ ‘ਤੇ ਅਦਾ ਕਰਨੇ ਪਏ। 1816 ਅਤੇ 1817 ਵਿੱਚ ਟੈਕਸ ਭੁਗਤਾਨ ਜਾਰੀ ਰਿਹਾ, ਪਰ ਨਵਾਬ ਨੇ ਅੰਤ ਵਿੱਚ ਲਗਾਤਾਰ ਵਿੱਤੀ ਦਬਾਅ ਕਾਰਨ ਫੌਜੀ ਵਿਰੋਧ ਦੀ ਤਿਆਰੀ ਸ਼ੁਰੂ ਕਰ ਦਿੱਤੀ।”
ਮੁਲਤਾਨ ʼਤੇ ਸਿੱਖ ਫੌਜ ਦਾ ਹਮਲਾ
1818 ਦੇ ਸ਼ੁਰੂ ਵਿੱਚ ਰਣਜੀਤ ਸਿੰਘ ਨੇ ਮੁਲਤਾਨ ‘ਤੇ ਆਪਣਾ ਆਖ਼ਰੀ ਹਮਲਾ ਕੀਤਾ।
ਗੁਲਸ਼ਨ ਲਾਲ ਚੋਪੜਾ ਆਪਣੀ ਕਿਤਾਬ ‘ਦਿ ਪੰਜਾਬ ਐਜ਼ ਏ ਸੋਵਰੇਨ ਸਟੇਟ’ ਵਿੱਚ ਲਿਖਦੇ ਹਨ ਕਿ ਜਨਵਰੀ 1818 ਤੱਕ, ਸਿੱਖ ਸਲਤਨਤ ਨੇ ਲਾਹੌਰ ਤੋਂ ਮੁਲਤਾਨ ਤੱਕ ਰਸਦ ਦੀ ਇੱਕ ਵਿਆਪਕ ਵਿਵਸਥਾ ਕਰ ਲਈ ਸੀ, ਜਿਸ ਦੇ ਤਹਿਤ ਜੇਹਲਮ, ਚਨਾਬ ਅਤੇ ਰਾਵੀ ਦਰਿਆਵਾਂ ‘ਤੇ ਕਿਸ਼ਤੀਆਂ ਰਾਹੀਂ ਸਾਮਾਨ ਪਹੁੰਚਾਇਆ ਜਾਂਦਾ ਸੀ।
“ਰਾਣੀ ਰਾਜ ਕੌਰ (ਮਾਈ ਨਿਕਾਇਨ ਵਜੋਂ ਮਸ਼ਹੂਰ) ਨੂੰ ਭੋਜਨ ਅਤੇ ਹਥਿਆਰਾਂ ਦੀ ਸਪਲਾਈ ਦੀ ਕਮਾਨ ਸੌਂਪੀ ਗਈ ਸੀ। ਉਹ ਖ਼ੁਦ ਕੋਟ ਕਮਾਲੀਆ ਨੂੰ ਘੋੜਿਆਂ, ਅਨਾਜ ਅਤੇ ਬਾਰੂਦ ਦੀਆਂ ਨਿਯਮਤ ਖੇਪਾਂ ਭੇਜਦੀ ਸੀ, ਜੋ ਕਿ ਲਾਹੌਰ ਅਤੇ ਮੁਲਤਾਨ ਦੇ ਵਿਚਕਾਰ ਹੈ।”

ਤਸਵੀਰ ਸਰੋਤ, WAQAR MUSTAFA/PUBLIC DOMAIN
ਲੰਬੀ ਘੇਰਾਬੰਦੀ
ਹੈਨਰੀ ਥੌਬੀ ਪ੍ਰਿੰਸੇਪ ਆਪਣੀ ਕਿਤਾਬ ‘ਓਰਿਜਨਜ਼ ਆਫ਼ ਦਿ ਸਿੱਖ ਪਾਵਰ ਇਨ ਦਿ ਪੰਜਾਬ’ ਵਿੱਚ ਲਿਖਦੇ ਹਨ ਕਿ ਜ਼ਬਰਦਸਤੀ, ਲੁੱਟ ਅਤੇ ਤਬਾਹੀ ਕਾਰਨ ਮੁਲਤਾਨ ਦੇ ਸਰੋਤ ਹਰ ਸਾਲ ਘੱਟ ਹੁੰਦੇ ਜਾ ਰਹੇ ਸਨ।
ਮਹਾਰਾਜਾ ਰਣਜੀਤ ਸਿੰਘ ਨੂੰ ਆਸ ਸੀ ਕਿ ਮੁਜ਼ੱਫ਼ਰ ਖ਼ਾਨ ਦੀ ਰੱਖਿਆ ਤਿਆਰੀ ਦੇ ਸਾਧਨ ਹੁਣ ਇੰਨੇ ਘੱਟ ਹੋ ਗਏ ਹਨ ਕਿ ਸ਼ਹਿਰ ਅਤੇ ਕਿਲਾ ਆਸਾਨੀ ਨਾਲ ਜਿੱਤਿਆ ਜਾ ਸਕਦਾ ਹੈ।
ਕਿਤਾਬ ਵਿੱਚ ਲਿਖਿਆ ਹੈ, “ਪਰ ਇਸ ਮੁਹਿੰਮ ਤੋਂ ਪਹਿਲਾਂ, ਰਣਜੀਤ ਸਿੰਘ ਨੇ ਝੰਗ ਦੇ ਸਾਬਕਾ ਸ਼ਾਸਕ ਅਹਿਮਦ ਖ਼ਾਨ ਸਿਆਲ ਨੂੰ ਰਿਹਾਅ ਕਰ ਦਿੱਤਾ, ਜੋ ਨੌਂ ਮਹੀਨਿਆਂ ਤੋਂ ਉਸ ਦੀ ਕੈਦ ਵਿੱਚ ਸੀ। ਉਨ੍ਹਾਂ ਨੂੰ ਰਹਿਣ ਲਈ ਇੱਕ ਛੋਟੀ ਜਿਹੀ ਜਾਇਦਾਦ ਵੀ ਦਿੱਤੀ ਗਈ ਸੀ।”
ਉਹ ਲਿਖਦੇ ਹਨ, “ਰਣਜੀਤ ਸਿੰਘ ਦੇ ਉੱਤਰਾਧਿਕਾਰੀ ਰਾਜਕੁਮਾਰ ਖੜਕ ਸਿੰਘ ਨੂੰ ਇਸ ਮੁਹਿੰਮ ਦੀ ਕਮਾਨ ਸਤਹੀ ਪੱਧਰ ‘ਤੇ ਦਿੱਤੀ ਗਈ ਸੀ, ਜਦੋਂ ਕਿ ਦੀਵਾਨ ਚੰਦ ਨੂੰ ਵਿਹਾਰਕ ਕਮਾਨ ਸੌਂਪੀ ਗਈ ਸੀ। ਉਹ ਆਪਣੀ ਯੋਗਤਾ ਅਤੇ ਮਿਹਨਤ ਨਾਲ ਇੱਕ ਛੋਟੇ ਅਹੁਦੇ ਤੋਂ ਉੱਭਰ ਕੇ ਤੋਪਖਾਨੇ ਦਾ ਕਮਾਂਡਰ ਬਣ ਗਏ ਸਨ।”
“ਪਰ ਕਿਉਂਕਿ ਜਗੀਰਦਾਰ ‘ਕੱਲ੍ਹ ਦਾ ਆਇਆ ਹੋਇਆ ਆਦਮੀ’ ਕਹਿ ਉਨ੍ਹਾਂ ਦੇ ਅਧੀਨ ਰਹਿਣ ਤੋਂ ਝਿਜਕ ਰਹੇ ਸਨ, ਇਸ ਲਈ ਰਣਜੀਤ ਸਿੰਘ ਨੇ ਰਾਜਕੁਮਾਰ ਨੂੰ ਰਸਮੀਂ ਤੌਰ ʼਤੇ ਸਿਪਹਸਾਲਾਰ ਬਣਾ ਕੇ ਸਭ ਦੀ ਅਗਵਾਈ ਦਾ ਹੱਲ ਕੱਢਿਆ।”
“ਰਾਵੀ ਅਤੇ ਚਿਨਾਬ ਵਿੱਚ ਮੌਜੂਦ ਸਾਰੀਆਂ ਬੇੜੀਆਂ ਫੌਜੀ ਰਸਦ ਅਤੇ ਸਮਾਨ ਲੈ ਕੇ ਜਾਣ ਲਈ ਗਈਆਂ ਅਤੇ ਜਨਵਰੀ 1818 ਵਿੱਚ ਫੌਜ ਨੇ ਕੂਚ ਕੀਤਾ।”

ਤਸਵੀਰ ਸਰੋਤ, Getty Images
ਉਨ੍ਹਾਂ ਨੇ ਲਿਖਿਆ, “ਮੁਜ਼ੱਫਰ ਖ਼ਾਨ ਤੋਂ ਇੱਕ ਵੱਡੀ ਨਕਦੀ ਦੀ ਮੰਗ ਕੀਤੀ ਗਈ ਅਤੇ ਉਸ ਦੇ ਪੰਜ ਸਭ ਤੋਂ ਵਧੀਆ ਘੋੜੇ ਮੰਗੇ ਗਏ। ਜਦੋਂ ਇਹ ਮੰਗ ਤੁਰੰਤ ਪੂਰੀ ਨਹੀਂ ਹੋਈ, ਤਾਂ ਮੁਜ਼ੱਫਰਗੜ੍ਹ ਅਤੇ ਖਾਗੜ੍ਹ ਦੇ ਕਿਲ੍ਹਿਆਂ ‘ਤੇ ਹਮਲਾ ਕਰਕੇ ਕਬਜ਼ਾ ਕਰ ਲਿਆ ਗਿਆ।”
“ਫਰਵਰੀ ਵਿੱਚ, ਮੁਲਤਾਨ ਸ਼ਹਿਰ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਸ਼ਹਿਰ ਦੇ ਕਿਲ੍ਹੇ ਨੂੰ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਘੇਰ ਲਿਆ ਗਿਆ।”
“ਸਿੱਖ ਫੌਜ ਨੇ ਇਹ ਘੇਰਾਬੰਦੀ ਬਿਨਾਂ ਕਿਸੇ ਠੋਸ ਰਣਨੀਤੀ ਦੇ ਕੀਤੀ ਸੀ। ਕਿਲ੍ਹੇ ਦੇ ਸਾਰੇ ਪਾਸਿਆਂ ਤੋਂ ਤੋਪਾਂ ਨਾਲ ਅੰਨ੍ਹੇਵਾਹ ਫਾਇਰਿੰਗ ਕੀਤੀ ਜਾ ਰਹੀ ਸੀ। ਪਰ ਕਿਲ੍ਹੇ ਦੇ ਅੰਦਰ ਸਾਧਨਾਂ ਦੀ ਇੰਨੀ ਘਾਟ ਸੀ ਕਿ ਇਸ ਅਸੰਗਠਿਤ ਹਮਲੇ ਦੇ ਬਾਵਜੂਦ, ਲਗਾਤਾਰ ਗੋਲਾਬਾਰੀ ਕਾਰਨ ਕਿਲ੍ਹਾ ਕਈ ਥਾਵਾਂ ਤੋਂ ਟੁੱਟ ਗਿਆ ਅਤੇ ਇਸਦਾ ਉੱਪਰਲਾ ਹਿੱਸਾ ਲਗਭਗ ਬਰਬਾਦ ਹੋ ਗਿਆ।”
‘ਸਿੱਖ ਇਨਸਾਇਕਲੋਪੀਡੀਆ’ ਵਿੱਚ ਇਸ ਬਾਰੇ ਲਿਖਿਆ ਗਿਆ ਹੈ ਕਿ ਕਿਲ੍ਹਾ ਲਾਹੌਰ ਦਰਬਾਰ ਦੀਆਂ ਫੌਜਾਂ ਨਾਲ ਘਿਰਿਆ ਹੋਇਆ ਸੀ। ਜਨਰਲ ਇਲਾਹੀ ਬਖਸ਼ ਦੀਆਂ ਤੋਪਾਂ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਕਿਲ੍ਹੇ ਦੀਆਂ ਕੰਧਾਂ ‘ਤੇ ਗੋਲਾਬਾਰੀ ਕਰਦੀਆਂ ਰਹੀਆਂ ਪਰ ਉਹ ਕੰਧਾਂ ਨੂੰ ਤੋੜ ਨਹੀਂ ਸਕੀਆਂ। ਫਿਰ ਅਪ੍ਰੈਲ ਵਿੱਚ ‘ਜ਼ਮਜ਼ਮਾ’ ਤੋਪ ਲਿਆਂਦੀ ਗਈ।
ਇਸ ਵਿੱਚ ਲਿਖਿਆ ਹੈ, “ਇਸ ਤੋਪ ਨੇ ਹਰ ਵਾਰ 80 ਪੌਂਡ ਭਾਰ ਦਾ ਇੱਕ ਲੋਹੇ ਦਾ ਗੋਲਾ ਸੁੱਟਿਆ ਅਤੇ ਇਸ ਨਾਲ ਵੱਡੀਆਂ ਤਰੇੜਾਂ ਦਿਖਾਈ ਦਿੱਤੀਆਂ। ਜਦੋਂ ਦੁਸ਼ਮਣ ਹੋਰ ਤਰੇੜਾਂ ਨੂੰ ਬੰਦ ਕਰਨ ਵਿੱਚ ਰੁੱਝਿਆ ਹੋਇਆ ਸੀ, ਨਿਹੰਗ ਸਿੱਖਾਂ ਦੇ ਇੱਕ ਸਮੂਹ ਨੇ ਗੁਪਤ ਰੂਪ ਵਿੱਚ ਤੋਪ ਨੂੰ ਕਿਲ੍ਹੇ ਦੀ ਕੰਧ ਦੇ ਨੇੜੇ ਪਹੁੰਚਾ ਦਿੱਤਾ।”
“ਤੋਪ ਨੇ ਕੰਧ ਵਿੱਚ ਇੱਕ ਛੇਕ ਤਾਂ ਕਰ ਦਿੱਤਾ ਪਰ ਇਸਦਾ ਇੱਕ ਪਹੀਆ ਟੁੱਟ ਗਿਆ। ਇਸ ਕਾਰਨ, ਇਹ ਸਹਾਰੇ ਤੋਂ ਬਿਨਾਂ ਸਹੀ ਦਿਸ਼ਾ ਵਿੱਚ ਗੋਲੀ ਨਹੀਂ ਚਲਾ ਸਕਦੀ ਸੀ। ਕਿਉਂਕਿ ਲਗਾਤਾਰ ਗੋਲੀਬਾਰੀ ਕਰਕੇ ਛੇਕ ਨੂੰ ਵੱਡਾ ਕਰਨਾ ਜ਼ਰੂਰੀ ਸੀ, ਇਸ ਲਈ ਸਿੱਖ ਸਿਪਾਹੀ ਤੋਪ ਨੂੰ ਸਹਾਰਾ ਦੇਣ ਦੀ ʻਕਿਸਮਤੀʼ ਲਈ ਇੱਕ ਦੂਜੇ ਨਾਲ ਲੜਨ ਲੱਗ ਪਏ।”
“ਕਈ ਲੋਕ ਤੋਪ ਦੇ ਟਕਰਾਅ ਨਾਲ ਮਾਰੇ ਗਏ ਪਰ ਤੋਪ ਗੋਲੀਬਾਰੀ ਕਰਦੀ ਰਹੀ ਅਤੇ ਇਸ ਨੇ ਕਿਲ੍ਹੇ ਦੀ ਕੰਧ ਵਿੱਚ ਇੱਕ ਵੱਡਾ ਛੇਕ ਬਣਾ ਦਿੱਤਾ।”

ਤਸਵੀਰ ਸਰੋਤ, Getty Images
ਸਿੱਖ ਸੈਨਿਕਾਂ ਵੱਲੋਂ ਅਚਾਨਕ ਹਮਲਾ
ਪ੍ਰਿੰਸੇਪ ਦੇ ਅਨੁਸਾਰ, “ਮਈ ਵਿੱਚ ਸਿੱਖ ਫੌਜ ਦੀ ਪਹੁੰਚ ਰੱਖਿਆ ਦੀਵਾਰ ਤੋਂ ਪਹਿਲਾਂ ਖਾਈ ‘ਤੇ ਪਹੁੰਚ ਗਈ ਅਤੇ ਫੌਜ ਹਮਲੇ ਲਈ ਬੇਤਾਬ ਹੋ ਗਈ। ਪਰ ਰਣਜੀਤ ਸਿੰਘ, ਜੋ ਮੌਕੇ ‘ਤੇ ਮੌਜੂਦ ਨਹੀਂ ਸੀ, ਨੇ ਕਿਸੇ ਵੀ ਕਿਸਮ ਦਾ ਜੋਖ਼ਮ ਨਾ ਲੈਣ ਦਾ ਹੁਕਮ ਦਿੱਤਾ।”
“ਉਹ ਘੇਰਾਬੰਦੀ ਸੰਬੰਧੀ ਸਾਰੇ ਫ਼ੈਸਲੇ ਖ਼ੁਦ ਲੈਂਦੇ ਸੀ। ਉਨ੍ਹਾਂ ਨੇ ਨਵਾਬ ਮੁਜ਼ੱਫਰ ਖ਼ਾਨ ਨੂੰ ਵਾਰ-ਵਾਰ ਪ੍ਰਸਤਾਵ ਦਿੱਤਾ ਕਿ ਜੇਕਰ ਉਹ ਆਤਮ ਸਮਰਪਣ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਜਾਗੀਰ ਦਿੱਤੀ ਜਾਵੇਗੀ, ਪਰ ਮੁਜ਼ੱਫਰ ਖ਼ਾਨ ਆਖ਼ਰੀ ਸਾਹ ਤੱਕ ਲੜਨ ਲਈ ਤਿਆਰ ਦਿਖਾਈ ਦਿੱਤੇ।”
ਪ੍ਰਿੰਸੇਪ ਨੇ ਲਿਖਿਆ, “ਇਸ ਦੌਰਾਨ, 2 ਜੂਨ ਨੂੰ, ਇੱਕ ਅਕਾਲੀ ਸਿਪਾਹੀ ਸਾਧੂ ਸਿੰਘ ਨੇ ਕੁਝ ਸਾਥੀਆਂ ਨਾਲ ਮਿਲ ਕੇ ਬਿਨਾਂ ਕਿਸੇ ਹੁਕਮ ਦੇ ਹਮਲਾ ਕੀਤਾ ਅਤੇ ਖਾਈ ਵਿੱਚ ਮੌਜੂਦ ਅਫ਼ਗਾਨਾਂ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜੋ ਉਸ ਸਮੇਂ ਸੁੱਤੇ ਹੋਏ ਸਨ ਜਾਂ ਤਿਆਰ ਨਹੀਂ ਸਨ।”
“ਖਾਈ ਵਿੱਚ ਮੌਜੂਦ ਸਿਪਾਹੀਆਂ ਦੀ ਇਸ ਹਾਲਤ ਨੂੰ ਦੇਖ ਕੇ, ਸਿੱਖ ਸਿਪਾਹੀ ਬਿਨਾਂ ਕਿਸੇ ਹੁਕਮ ਦੇ ਹਮਲੇ ਦਾ ਸਮਰਥਨ ਕਰਨ ਲਈ ਅੱਗੇ ਵਧੇ ਅਤੇ ਪੂਰੀ ਬਾਹਰੀ ਸੁਰੱਖਿਆ ਪੱਟੀ ‘ਤੇ ਕਬਜ਼ਾ ਕਰ ਲਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਅਫ਼ਗਾਨ ਮਾਰੇ ਗਏ।”
ਪ੍ਰਿੰਸੇਪ ਦੇ ਅਨੁਸਾਰ, ਇਸ ਅਚਾਨਕ ਸਫ਼ਲਤਾ ਤੋਂ ਉਤਸ਼ਾਹਿਤ ਹੋ ਕੇ, ਸਿੱਖ ਸਿਪਾਹੀਆਂ ਨੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ ਅਤੇ ਕਿਉਂਕਿ ਕੰਧਾਂ ਪਹਿਲਾਂ ਹੀ ਕਈ ਥਾਵਾਂ ਤੋਂ ਟੁੱਟ ਚੁੱਕੀਆਂ ਸਨ, ਇਸ ਲਈ ਉਨ੍ਹਾਂ ਲਈ ਅੰਦਰ ਜਾਣਾ ਆਸਾਨ ਹੋ ਗਿਆ।
ਕਿਲ੍ਹੇ ਦੀ ਰਾਖੀ ਕਰਨ ਵਾਲੇ ਸਿਪਾਹੀ ਇਸ ਦੀ ਉਮੀਦ ਨਹੀਂ ਕਰ ਰਹੇ ਸਨ ਅਤੇ ਨਾ ਹੀ ਉਹ ਕਿਸੇ ਕਿਸਮ ਦਾ ਵਿਰੋਧ ਦਿਖਾ ਸਕਦੇ ਸਨ। ਇਸ ਲਈ, ਕਿਲ੍ਹੇ ਨੂੰ ਅਚਾਨਕ ਜਿੱਤ ਲਿਆ ਗਿਆ।
“ਨਵਾਬ ਮੁਜ਼ੱਫਰ ਖ਼ਾਨ ਆਪਣੇ ਚਾਰ ਪੁੱਤਰਾਂ ਅਤੇ ਪਰਿਵਾਰਕ ਮੈਂਬਰਾਂ ਸਮੇਤ, ਉਸ ਦੇ ਘਰ ਦੇ ਦਰਵਾਜ਼ੇ ‘ਤੇ ਲੜਦੇ ਹੋਏ ਜ਼ਖਮੀ ਹੋ ਗਏ ਅਤੇ ਮਾਰੇ ਗਏ।”
“ਉਨ੍ਹਾਂ ਦੇ ਦੋ ਪੁੱਤਰ ਸ਼ਾਹਨਵਾਜ਼ ਖ਼ਾਨ ਅਤੇ ਹੱਕ ਨਵਾਜ਼ ਮੌਕੇ ‘ਤੇ ਹੀ ਮਾਰੇ ਗਏ ਜਦੋਂ ਕਿ ਇੱਕ ਹੋਰ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਚੌਥਾ ਪੁੱਤਰ ਸਰਫਰਾਜ਼ ਖ਼ਾਨ, ਜਿਸ ਨੂੰ ਨਵਾਬ ਨੇ ਆਪਣੇ ਤੋਂ ਬਾਅਦ ਸਰਕਾਰ ਦੀ ਵਾਗਡੋਰ ਸੌਂਪਣ ਲਈ ਚੁਣਿਆ ਸੀ, ਇੱਕ ਤਹਿਖਾਨੇ ਵਿੱਚੋਂ ਜ਼ਿੰਦਾ ਫੜਿਆ ਗਿਆ ਸੀ।”
ਪ੍ਰਿੰਸੇਪ ਲਿਖਦੇ ਹਨ ਕਿ ਹੁਣ ਕਿਲ੍ਹਾ ਲੁੱਟ ਲਿਆ ਗਿਆ ਸੀ ਅਤੇ ਹਮਲੇ ਵਿੱਚ ਸ਼ਾਮਲ ਸਿੱਖ ਸੈਨਿਕਾਂ ਨੂੰ ਬਹੁਤ ਜ਼ਿਆਦਾ ਦੌਲਤ ਮਿਲੀ।
ਉਹ ਲਿਖਦੇ ਹਨ, “ਪਰ ਰਣਜੀਤ ਸਿੰਘ ਨੇ ਤੁਰੰਤ ਹੁਕਮ ਜਾਰੀ ਕੀਤੇ ਕਿ ਪੂਰੀ ਫੌਜ ਲਾਹੌਰ ਵਾਪਸ ਆ ਜਾਵੇ, ਸਿਵਾਏ ਇੱਕ ਟੁਕੜੀ ਦੇ ਜਿਸ ਦੀ ਅਗਵਾਈ ਜੋਧ ਸਿੰਘ ਕਲਸੀਆ ਨੂੰ ਸੌਂਪ ਦਿੱਤੀ ਗਈ ਸੀ ਤਾਂ ਜੋ ਉਹ ਕਿਲ੍ਹੇ ਦੀ ਦੇਖਭਾਲ ਕਰ ਸਕਣ।”
ਉਨ੍ਹਾਂ ਦੇ ਅਨੁਸਾਰ, “ਜਿਵੇਂ ਹੀ ਫੌਜ ਲਾਹੌਰ ਪਹੁੰਚੀ, ਇਹ ਐਲਾਨ ਕੀਤਾ ਗਿਆ ਕਿ ਮੁਲਤਾਨ ਦੀ ਲੁੱਟ ਵਿੱਚ ਮਿਲੀ ਸਾਰੀ ਦੌਲਤ ਸਿੱਖ ਸਲਤਨਤ ਦੀ ਹੈ ਅਤੇ ਹਰ ਸਿਪਾਹੀ, ਅਧਿਕਾਰੀ ਜਾਂ ਜਗੀਰਦਾਰ ਜਿਸ ਕੋਲ ਕੋਈ ਵੀ ਲੁੱਟਿਆ ਹੋਇਆ ਸਾਮਾਨ ਸੀ, ਉਸ ਨੂੰ ਇਸ ਨੂੰ ਖਜ਼ਾਨੇ ਵਿੱਚ ਜਮ੍ਹਾ ਕਰਵਾਉਣਾ ਚਾਹੀਦਾ ਹੈ। ਅਜਿਹਾ ਨਾ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦਾ ਐਲਾਨ ਕੀਤਾ ਗਿਆ।”
ਉਨ੍ਹਾਂ ਦੇ ਅਨੁਸਾਰ, “ਜ਼ਿਆਦਾਤਰ ਸਾਮਾਨ ਦਾ ਪਤਾ ਲਗਾ ਕੇ ਖਜ਼ਾਨੇ ਵਿੱਚ ਜਮ੍ਹਾ ਕਰਵਾ ਦਿੱਤਾ ਗਿਆ, ਹਾਲਾਂਕਿ ਇਹ ਕੰਮ ਪਸੰਦ ਨਹੀਂ ਆਇਆ ਅਤੇ ਇਸ ਨੂੰ ਲੁਕਾਉਣ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਪੂਰਾ ਕੀਤਾ ਗਿਆ।”
“ਜਿਹੜੇ ਲੋਕ ਸਾਮਾਨ ਲੁਕਾਉਂਦੇ ਹੋਏ ਮਿਲ ਸਨ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਅਤੇ ਸਾਥੀਆਂ ਦੀ ਈਰਖਾ ਕਾਰਨ ਇਸ ਦਾ ਪਤਾ ਵੀ ਲੱਗਿਆ। ਇਸ ਤੋਂ ਬਾਅਦ, ਲਾਹੌਰ ਦੇ ਸਰਕਾਰੀ ਖ਼ਜ਼ਾਨੇ ਨੂੰ ਇਸ ਲੁੱਟ ਤੋਂ ਬਹੁਤ ਜ਼ਿਆਦਾ ਦੌਲਤ ਮਿਲੀ।”
ਦਵਿੰਦਰ ਸਿੰਘ ਮਾਂਗਟ ਲਿਖਦੇ ਹਨ ਕਿ ਮੁਲਤਾਨ ਨੂੰ ਜਿੱਤਣ ਤੋਂ ਬਾਅਦ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਰਬਾਰੀਆਂ ਅਤੇ ਦਰਬਾਰ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਸਤਿਕਾਰ ਵਜੋਂ ਮੁਲਤਾਨੀ ਰੇਸ਼ਮੀ ਪਹਿਰਾਵੇ ਭੇਟ ਕੀਤੇ।
ਮੁਲਤਾਨ ਨੂੰ ਜਿੱਤਣ ਵਾਲੇ ਦੀਵਾਨ ਚੰਦ ਨੂੰ ‘ਜ਼ਫ਼ਰ ਜੰਗ ਬਹਾਦਰ’ ਦਾ ਖ਼ਿਤਾਬ, ਪੱਚੀ ਹਜ਼ਾਰ ਰੁਪਏ ਦੀ ਜਾਗੀਰ ਅਤੇ ਇਨਾਮ ਵਜੋਂ ਇੱਕ ਲੱਖ ਰੁਪਏ ਦੀ ਖਿਲਅਤ (ਸ਼ਾਹੀ ਪਹਿਰਾਵਾ) ਦਿੱਤੀ ਗਈ।
“ਨਵਾਬ ਮੁਜ਼ੱਫਰ ਖ਼ਾਨ ਦੇ ਪੁੱਤਰਾਂ ਸਰਫ਼ਰਾਜ਼ ਖਾਨ ਅਤੇ ਜ਼ਖਮੀ ਜ਼ੁਲਫ਼ਿਕਾਰ ਖਾਨ ਨੂੰ ਲਾਹੌਰ ਲਿਆਂਦਾ ਗਿਆ ਜਿੱਥੇ ਰਣਜੀਤ ਸਿੰਘ ਨੇ ਉਨ੍ਹਾਂ ਦੇ ਗੁਜ਼ਾਰੇ ਲਈ ਇੱਕ ਵਜ਼ੀਫ਼ਾ ਤੈਅ ਕੀਤਾ।”

ਤਸਵੀਰ ਸਰੋਤ, Getty Images
ਅਫ਼ਗਾਨ ਪ੍ਰਭਾਵ ਦਾ ਅੰਤ
ਮਾਂਗਟ ਲਿਖਦੇ ਹਨ ਕਿ ਮੁਲਤਾਨ ਨੂੰ ਸਿੰਧ ਨਦੀ ਅਤੇ ਖ਼ੈਬਰ ਦੱਰੇ ਦੇ ਵਿਚਕਾਰ ਅਫ਼ਗਾਨ ਦਬਦਬੇ ਦਾ ਕੇਂਦਰ ਮੰਨਿਆ ਜਾਂਦਾ ਸੀ।
ਉਹ ਲਿਖਦੇ ਹਨ, “ਮੁਲਤਾਨ ਨੂੰ ਲਾਹੌਰ ਦਰਬਾਰ ਨਾਲ ਜੋੜਨ ਨਾਲ ਪੰਜਾਬ ਅਤੇ ਦੱਖਣੀ ਖੇਤਰਾਂ ਵਿੱਚ ਅਫ਼ਗਾਨ ਦਬਦਬੇ ਦੇ ਅੰਤ ਦਾ ਸੰਕੇਤ ਮਿਲਿਆ। ਇਸ ਜਿੱਤ ਨੇ ਬਹਾਵਲਪੁਰ, ਡੇਰਾ ਗਾਜ਼ੀ ਖ਼ਾਨ, ਡੇਰਾ ਇਸਮਾਈਲ ਖ਼ਾਨ ਅਤੇ ਮਨਕੇਰਾ ਦੇ ਸਰਦਾਰਾਂ ਨੂੰ ਆਪਣੇ ਅਧੀਨ ਕਰਨ ਅਤੇ ਸਿੰਧ ਵੱਲ ਵਧਣ ਵਿੱਚ ਮਦਦ ਕੀਤੀ।”
ਅਵਤਾਰ ਸਿੰਘ ਸਿੰਧੂ ਆਪਣੀ ਕਿਤਾਬ ‘ਜਨਰਲ ਹਰੀ ਸਿੰਘ ਨਲਵਾ’ ਵਿੱਚ ਲਿਖਦੇ ਹਨ ਕਿ ਮੁਲਤਾਨ ਦੀ ਘੇਰਾਬੰਦੀ ਦੇ ਅੰਤ ਦੇ ਨਾਲ, ਪੰਜਾਬ ਉੱਤੇ ਅਫ਼ਗਾਨਾਂ ਦਾ ਪ੍ਰਭਾਵ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਅਤੇ ਸਿੱਖਾਂ ਨੇ ਜਲਦੀ ਹੀ ਪੇਸ਼ਾਵਰ ‘ਤੇ ਵੀ ਕਬਜ਼ਾ ਕਰ ਲਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI