Source :- BBC PUNJABI

ਗੁਰਿੰਦਰ ਚੱਢਾ

ਤਸਵੀਰ ਸਰੋਤ, Gurinder Chadha/Instagram

”ਜਦੋਂ ਮੈਂ ਛੋਟੀ ਹੁੰਦੀ ਸੀ, ਅਸੀਂ ਕਦੇ ਨਜ਼ਰ ਨਹੀਂ ਆਉਂਦੇ ਸੀ ਟੈਲੀਵਿਜ਼ਨ ‘ਤੇ। ਕੋਈ ਵੀ ਬੰਦਾ ਅਜਿਹਾ ਨਹੀਂ ਸੀ ਜੋ ਸਾਡੇ ਵਰਗਾ (ਸਿੱਖ ਭਾਈਚਾਰੇ) ਨਾਲ ਸਬੰਧਿਤ ਦਿੱਸਦਾ ਹੋਵੇ।”

ਇਹ ਕਹਿਣਾ ਹੈ ਭਾਰਤੀ ਮੂਲ ਦੇ ਬ੍ਰਿਟਿਸ਼ ਫ਼ਿਲਮ ਨਿਰਦੇਸ਼ਕ ਅਤੇ ਸਕ੍ਰੀਨ ਰਾਈਟਰ ਗੁਰਿੰਦਰ ਚੱਢਾ ਦਾ।

ਗੁਰਿੰਦਰ ਚੱਢਾ ‘ਬੇਂਡ ਇਟ ਲਾਇਕ ਬੈਕਹਮ’, ‘ਪ੍ਰਾਈਡ ਅਤੇ ਪ੍ਰੈਜੁਡਿਸ’, ‘ਭਾਜੀ ਆਨ ਦ ਬੀਚ’, ‘ਬੀਚਮ ਹਾਊਸ’ ਵਰਗੀਆਂ ਕਈ ਫ਼ਿਲਮਾਂ ਅਤੇ ਸੀਰੀਜ਼ ਬਣਾ ਚੁੱਕੇ ਹਨ।

ਉਨ੍ਹਾਂ ਦੇ ਕੰਮ ਵਿੱਚ ਹਮੇਸ਼ਾ ਪਰਵਾਸੀਆਂ ਦਾ ਦਰਦ, ਨਸਲਵਾਦ ਅਤੇ ਏਸ਼ੀਅਨ ਭਾਈਚਾਰੇ ਨਾਲ ਹੁੰਦੇ ਵਿਤਕਰੇ ਦੀ ਝਲਕ ਨਜ਼ਰ ਆਉਂਦੀ ਹੈ।

ਗੁਰਿੰਦਰ ਚੱਢਾ ਦੀ ਖਾਸੀਅਤ ਮੰਨੀ ਜਾਂਦੀ ਹੈ ਕਿ ਉਹ ਭਾਵੇਂ ਇੱਕ ਬ੍ਰਿਟਿਸ਼ ਨਾਗਰਿਕ ਹਨ ਪਰ ਉਨ੍ਹਾਂ ਦੇ ਕੰਮ ਅਤੇ ਗੱਲਬਾਤ ਵਿੱਚ ਹਮੇਸ਼ਾ ਪੰਜਾਬੀਅਤ ਦੀ ਝਲਕ ਮਿਲਦੀ ਹੈ।

ਗੁਰਿੰਦਰ ਚੱਢਾ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਕਰਦਿਆਂ ਦੱਸਿਆ ਕਿ ਕਿਉਂ ਉਨ੍ਹਾਂ ਲਈ ਕਈ ਕਹਾਣੀਆਂ ਸੁਣਾਉਣੀਆਂ ਜ਼ਰੂਰੀ ਸਨ।

ਕੌਣ ਹਨ ਗੁਰਿੰਦਰ ਚੱਢਾ

ਗੁਰਿੰਦਰ ਚੱਢਾ

ਤਸਵੀਰ ਸਰੋਤ, Gurinder Chadha/FB

ਗੁਰਿੰਦਰ ਚੱਢਾ ਦਾ ਜਨਮ ਨੈਰੋਬੀ, ਕੀਨੀਆ ਵਿੱਚ ਇੱਕ ਸਿੱਖ ਪਰਿਵਾਰ ‘ਚ ਹੋਇਆ। ਉਨ੍ਹਾਂ ਦੇ ਜਨਮ ਤੋਂ ਕੁਝ ਸਮਾਂ ਬਾਅਦ ਹੀ ਉਨ੍ਹਾਂ ਦਾ ਪਰਿਵਾਰ ਯੂਕੇ ਆ ਵੱਸਿਆ।

ਬੇਂਡ ਇਤ ਨੈਟਵਰਕ ਦੀ ਵੈਬਸਾਈਟ ‘ਤੇ ਦਿੱਤੀ ਜਾਣਕਾਰੀ ਮੁਤਾਬਕ, ਗੁਰਿੰਦਰ ਚੱਢਾ ਯੂਕੇ ਦੇ ਮੰਨੇ-ਪ੍ਰਮੰਨੇ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਹਨ।

ਉਨ੍ਹਾਂ ਦੀਆਂ ਫ਼ਿਲਮਾਂ ‘ਬੇਂਡ ਇਟ ਲਾਈਕ ਬੈਕਹਮ’, ‘ਪ੍ਰਾਈਡ ਐਂਡ ਪ੍ਰੈਜੂਡਿਸ’, ‘ਐਂਗਸ, ਥੋਂਗਸ ਐਂਡ ਪਰਫੈਕਟ ਸਨੋਗਿੰਗ’ ਨੂੰ ਕਈ ਤਰ੍ਹਾਂ ਦੇ ਐਵਾਰਡ ਮਿਲ ਚੁੱਕੇ ਹਨ।

ਸਾਲ 2017 ਵਿੱਚ ਆਈ ਉਨ੍ਹਾਂ ਦੀ ਫਿਲਮ ‘ਵਾਇਸਰਾਏਜ਼ ਹਾਊਸ’ ਕੌਮਾਂਤਰੀ ਪੱਧਰ ‘ਤੇ ਰਿਲੀਜ਼ ਹੋਈ ਸੀ, ਜਿਸ ਨੂੰ ਖੂਬ ਪ੍ਰਸ਼ੰਸਾ ਮਿਲੀ ਸੀ। ਸਾਲ 2019 ਵਿਚ ਆਈ ਫਿਲਮ ‘ਬਲਾਇਂਡਿਡ ਬਾਏ ਦਿ ਲਾਈਟ’ ਸੈਂਡਸ ਫਿਲਮ ਫੈਸਟੀਵਲ ਵਿਚ ਕਾਫੀ ਰਿਕਾਰਡਤੋੜ ਰਹੀ।

ਇਸ ਤੋਂ ਇਲਾਵਾ ਗੁਰਿੰਦਰ ਚੱਢਾ ਦੀ ਫ਼ਿਲਮ ਨੈਟਫਲਿਕਸ ‘ਤੇ ਰਿਲੀਜ਼ ਹੋਈ ਡਰਾਮਾ ਸੀਰੀਜ਼ ‘ਬੀਚਮ ਹਾਊਸ’ ‘ਚ 1795 ਦਾ ਭਾਰਤ ਦਿਖਾਇਆ ਗਿਆ ਹੈ।

ਉਨ੍ਹਾਂ ਦੀਆਂ ਫ਼ਿਲਮਾਂ ਗੋਲਡਨ ਗਲੋਬ, ਬਾਫ਼ਟਾ, ਯੂਰੋਪੀਅਨ ਫ਼ਿਲਮ ਅਕੈਡਮੀ, ਅਤੇ ਰਾਈਟਰਜ਼ ਗਿਲਡ ਆਫ ਅਮੈਰਿਕਾ ਵਿੱਚ ਨਾਮੀਨੇਟ ਹੋ ਚੁੱਕੀਆਂ ਹਨ।

ਕ੍ਰਿਸਮਸ ਕਰਮਾ

ਗੁਰਿੰਦਰ ਚੱਢਾ

ਤਸਵੀਰ ਸਰੋਤ, Gurinder Chadha/FB

ਗੁਰਿੰਦਰ ਚੱਢਾ ਦੀ ਇਸ ਵਾਰ ਰਿਲੀਜ਼ ਹੋਣ ਜਾ ਰਹੀ ਫਿਲਮ ਹੈ – ਕ੍ਰਿਸਮਸ ਕਰਮਾ।

ਇਸ ਫਿਲਮ ਵਿੱਚ ਤੁਹਾਨੂੰ ਜਿੱਥੇ ਗੋਰੇ ਅਤੇ ਸਿਆਹਫਾਮ ਲੋਕ ਵੱਖ-ਵੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਉੱਥੇ ਹੀ ਇਸ ਫਿਲਮ ਵਿੱਚ ਪੰਜਾਬੀ ਸਿੱਖ ਭਾਈਚਾਰਾ ਵੀ ਨਜ਼ਰ ਆਵੇਗਾ।

ਫਿਲਮ ਦੇ ਟ੍ਰੇਲਰ ਵਿਚ ਮਲਕੀਤ ਸਿੰਘ ਵੀ ਭਂਗੜਾ ਪਾਉਂਦੇ ਨਜ਼ਰ ਆ ਰਹੇ ਹਨ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਫਿਲਮ ਵਿੱਚ ਮਲਕੀਤ ਸਿਘ, ਜੱਸੀ ਸਿੱਧੂ, ਪੰਜਾਬੀ ਐਮਸੀ ਨੇ ਵੀ ਗਾਣਾ ਲਿਖਿਆ, ਮਲਕੀਤ ਸਿੰਘ ਨੇ ਵੀ ਗਾਣਾ ਲਿਖਿਆ ਹੈ।

ਪ੍ਰਿਅੰਕਾ ਚੌਪੜਾ ਵੀ ਇਸ ਫਿਲਮ ਵਿੱਚ ਹਨ ਅਤੇ ਉਨ੍ਹਾਂ ਨੇ ਗਾਣਾ ਗਾਇਆ ਹੈ।

ਫਿਲਮ ਬਾਰੇ ਹੋਰ ਦੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫ਼ਿਲਮ ਦਾ ਮੁੱਖ ਕਿਰਦਾਰ ਇੱਕ ਪਰਵਾਸੀ ਹੈ, ਜੋ ਪੈਸਿਆਂ ਨੂੰ ਬਹੁਤ ਪਿਆਰ ਕਰਦਾ ਹੈ, ਜਿਵੇਂ ਕਿ ਬਹੁਤ ਸਾਰੇ ਪਰਵਾਸੀਆਂ ਦੀ ਕਹਾਣੀ ਹੁੰਦੀ ਹੈ। ਪਰ ਉਹ ਸਿੱਖਦਾ ਹੈ ਕਿ ਜੇ ਤੁਸੀਂ ਖੁਸ਼ ਰਹਿਣਾ ਹੈ ਤਾਂ ਉਸ ਦੇ ਲਈ ਇੱਕ ਚੀਜ਼ ਹੈ ਸੇਵਾ।

”ਤੁਸੀਂ ਦੂਜਿਆਂ ਦੀ ਸੇਵਾ ਕਰੋਗੇ ਤਾਂ ਖੁਸ਼ ਰਹੋਗੇ।”

ਉਨ੍ਹਾਂ ਕਿਹਾ, ”ਇਹ ਸਾਡੇ ਗੁਰੂਆਂ ਦੀ ਸਿੱਖਿਆ ਹੈ। ਇਹ ਮੇਰਾ ਵੀ ਖਿਆਲ ਹੈ। ਇੱਥੋਂ ਹੀ ਮੈਨੂੰ ਸਾਰੀ ਤਾਕਤ ਮਿਲਦੀ ਹੈ।”

ਇਹ ਵੀ ਪੜ੍ਹੋ-

‘ਮੈਂ ਸਾਡੇ ਸੰਘਰਸ਼ ਤੇ ਕਾਮਯਾਬੀਆਂ, ਦੋਵਾਂ ਨੂੰ ਮਾਣਦੀ ਹਾਂ’

ਗੁਰਿੰਦਰ ਚੱਢਾ

ਗੁਰਿੰਦਰ ਕਹਿੰਦੇ ਹਨ, ”ਸਾਡੇ ਮਾਪਿਆਂ ਨੇ ਸਾਨੂੰ ਸਿੱਖੀ ਵਿੱਚ ਪਾਲ਼ਿਆ, ਮੈਂ ਖੁਦ ਸਿੱਖ ਹਾਂ ਤੇ ਮੇਰੀ ਆਉਣ ਵਾਲੀ ਫਿਲਮ ‘ਕ੍ਰਿਸਮਸ ਕਰਮਾ’ ਪੂਰੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜੁੜੀ ਹੈ।”

ਆਉਂਦੀ ਫਿਲਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ”ਉਹ ਚਾਰਲਜ਼ ਡੇਕੇਂਨਜ਼ ਬਾਰੇ ਹੈ ਕਹਾਣੀ ਪਰ ਗੁਰੂ ਨਾਨਕ ਦੇਵ ਜੀ ਦਾ ‘ਇੱਕ ਓਂਕਾਰ’ ਦੇ ਸਿਧਾਂਤ ਬਾਰੇ ਵੀ ਹੈ – ‘ਅਸੀਂ ਸਾਰੇ ਇੱਕੋ-ਜਿਹੇ ਹਾਂ’ ‘ਤੇ ਅਧਾਰਿਤ ਹੈ।”

ਗੁਰਿੰਦਰ ਕਹਿੰਦੇ ਹਨ ਕਿ ਮੂਲ ਰੂਪ ‘ਚ ਇਹ ਫਿਲਮ ਜਿਸ ਕਿਤਾਬ ‘ਤੇ ਅਧਾਰਿਤ ਹੈ, ਉਸ ਦੇ ਲੇਖਕ ਚਾਰਲਸ ਜਦੋਂ ਲਿਖ ਰਹੇ ਸਨ, ਉਦੋਂ ਉਨ੍ਹਾਂ ਨੂੰ ਇਸ ਦਾ ਅੰਦਾਜ਼ਾ ਨਹੀਂ ਹੋਣਾ ਪਰ ਇਸ ਦਾ ਸੰਦੇਸ਼ ‘ਸਾਡੇ ਸਾਰਿਆਂ ਦੇ ਇੱਕੋ-ਜਿਹੇ ਹੋਣ’ ਦਾ ਹੀ ਹੈ।

ਗੁਰਿੰਦਰ ਚੱਢਾ

”ਮੈਨੂੰ ਲੱਗਦਾ ਹੈ ਕਿ ਮੈਂ ਜੋ ਵੀ ਫ਼ਿਲਮਾਂ ਬਣਾਉਂਦੀ ਹਾਂ, ਹਮੇਸ਼ਾ ਸਾਡੇ ਭਾਈਚਾਰੇ ਬਾਰੇ, ਸਾਡੇ ਇਤਿਹਾਸ ਬਾਰੇ, ਸਾਡੇ ਮਾਪਿਆਂ, ਬਜ਼ੁਰਗਾਂ ਨੇ ਵੰਡ ਵੇਲੇ ਜੋ ਝੱਲਿਆ ਉਨ੍ਹਾਂ ਦਿੱਕਤਾਂ ਬਾਰੇ ਹੁੰਦੀਆਂ ਹਨ। ਪਰ ਸਾਡੀਆਂ ਕਾਮਯਾਬੀਆਂ ਵੀ ਬਹੁਤ ਹਨ।”

”ਮੈਂ ਦੋਵੇਂ ਚੀਜ਼ਾਂ ਨੂੰ ਮਾਣਦੀ ਹਾਂ, ਸਾਡੇ ਸੰਘਰਸ਼ ਅਤੇ ਸਾਡੀਆਂ ਕਾਮਯਾਬੀਆਂ ਤੇ ਸਫਲਤਾਵਾਂ।”

”ਮੈਂ ਕੋਸ਼ਿਸ਼ ਕਰਦੀ ਹਾਂ ਲੋਕਾਂ ਨੂੰ ਜੋੜਨ ਦੀ, ਇਹ ਹੈ ਮੇਰਾ ਸਰਬਤ ਦਾ ਭਲਾ।”

”ਉਸ ਨਾਲ ਸਾਨੂੰ ਤਾਕਤ ਮਿਲਦੀ ਹੈ, ਅਗਵਾਈ ਮਿਲਦੀ ਹੈ।”

ਫਿਲਮ ਨੂੰ ਕੇ ਹੋ ਰਹੇ ਵਿਵਾਦ ਬਾਰੇ ਕੀ ਬੋਲੇ

ਗੁਰਿੰਦਰ ਚੱਢਾ

ਤਸਵੀਰ ਸਰੋਤ, Gurinder Chadha/Instagram

ਗੁਰਦਿੰਰ ਚੱਢਾ ਦੀ ਇਹ ਨਵੀਂ ਫ਼ਿਲਮ ਆਪਣੇ ਫਿਊਜ਼ਨ ਨੂੰ ਲੈ ਕੇ ਕੁਝ ਵਿਵਾਦਾਂ ‘ਚ ਵੀ ਘਿਰ ਰਹੀ ਹੈ।

ਦਰਅਸਲ ਇਹ ਫਿਲਮ ਚਾਰਲਸ ਡਿਕੇਂਨਸ ਦੇ ਨਾਵਲ ‘ਦਿ ਕ੍ਰਿਸਮਸ ਕੈਰਲ’ ‘ਤੇ ਅਧਾਰਿਤ ਹੈ। ਹਾਲਾਂਕਿ ਇਸ ਫਿਲਮ ਨੂੰ ਲੈ ਕੇ ਵਿਵਾਦ ਹਨ ਕਿ ਗੁਰਦਿੰਦਰ ਚੱਢਾ ਨੇ ਇਸ ਵਿਚ ਕਾਫੀ ਫਿਊਜ਼ਨ ਪਾ ਦਿੱਤਾ ਹੈ ਜਿਸ ਕਾਰਨ ਨਾਵਲ ਦੇ ਮੂਲ ਭਾਵ ਨਾਲ ਛੇੜਛਾੜ ਹੋਈ ਹੈ।

ਪਰ ਗੁਰਿਦੰਰ ਚੱਢਾ ਇਨ੍ਹਾਂ ਵਿਵਾਦਾਂ ਨੂੰ ਸਿਰਿਓਂ ਨਕਾਰਦੇ ਹਨ। ਉਹ ਕਹਿੰਦੇ ਹਨ, “ਮੇਰੀ ਬਤੌਰ ਗੋਰੇ ਵਜੋਂ ਪਛਾਣ ਵੀ ਹੈ ਅਤੇ ਮੈਂ ਪੰਜਾਬੀ ਵੀ ਹਾਂ, ਮੈਂ ਇਨ੍ਹਾਂ ਦੋਵਾਂ ਪਛਾਣਾਂ ਨੂੰ ਨਾਲ ਲੈ ਕੇ ਚੱਲਦੀ ਹਾਂ।”

ਉਹ ਕਹਿੰਦੇ ਹਨ ”ਜਿਹੜੇ ਲੋਕ ਬਾਹਰ (ਵਿਦੇਸ਼ਾਂ ‘ਚ) ਰਹਿੰਦੇ ਹਨ, ਉਨ੍ਹਾਂ ਨੇ ਸਾਰੇ ਸੱਭਿਆਚਾਰ ਨੂੰ ਸਾਂਭਿਆ ਹੋਇਆ ਹੈ। ਦੇਖੋ ਸਾਡਾ ਸੰਗੀਤ ਦੁਨੀਆਂ ਭਰ ‘ਚ ਕਿੰਨਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਸ ਸਭ ਹੋਇਆ ਹੈ ਫਿਊਜ਼ਨ ਕਰਕੇ।”

“ਅੱਜ-ਕੱਲ੍ਹ ਦੇ ਫਿਊਜ਼ਨ ਅਤੇ ਸੰਗੀਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, ”ਦਿਲਜੀਤ ਦਾ ਰਾਜ ਹੈ, ਅਸੀਂ ਗੁਰਦਾਸ ਮਾਨ ਨੂੰ ਨਹੀਂ ਭੁੱਲ ਸਕਦੇ, ਹੰਸ ਰਾਜ ਹੰਸ ਨੂੰ ਨਹੀਂ ਭੁੱਲ ਸਕਦੇ, ਅਮਰਿੰਦਰ ਗਿੱਲ ਨੂੰ ਨਹੀਂ ਭੁੱਲ ਸਕਦੇ। ਸੁਰਿੰਦਰ ਕੌਰ ਸਭ ਤੋਂ ਬੈਸਟ ਹਨ, ਜਿਨ੍ਹਾਂ ਨੂੰ ਅੱਜ ਦੀ ਪੀੜ੍ਹੀ ਵੀ ਗਾਉਂਦੀ ਹੈ।”

‘ਬੇਂਡ ਇਟ ਲਾਇਕ ਬੈਕਹਮ ਸਾਰੀ ਮੇਰੇ ਡੈਡੀ ਅਤੇ ਮੇਰੇ ਬਾਰੇ ਹੈ’

ਗੁਰਦਿੰਰ ਚੱਢਾ

ਤਸਵੀਰ ਸਰੋਤ, Gurinder Chadha/FB

ਆਪਣੇ ਪਰਿਵਾਰ ਬਾਰੇ ਗੱਲ ਕਰਦਿਆਂ ਗੁਰਦਿੰਰ ਚੱਢਾ ਨੇ ਦੱਸਿਆ ਕਿ ”’ਬੇਂਡ ਇਟ ਲਾਇਕ ਬੈਕਹਮ’ ਸਾਰੀ ਮੇਰੇ ਡੈਡੀ ਅਤੇ ਮੇਰੇ ਬਾਰੇ ਹੈ। ਉਨ੍ਹਾਂ ਨੇ ਇੱਕ ਬੇਟੀ ਦੇ ਤੌਰ ‘ਤੇ ਮੇਰਾ ਬਹੁਤ ਸਾਥ ਦਿੱਤਾ।”

ਗੁਰਿੰਦਰ ਚੱਢਾ ਕਹਿੰਦੇ ਹਨ ਕਿ ਜੋ ਵੀ ਉਨ੍ਹਾਂ ਦੀ ਸਖਸੀਅਤ ਹੈ, ਉਸ ‘ਚ ਉਨ੍ਹਾਂ ਦੇ ਮਾਪਿਆਂ ਦਾ ਸਭ ਤੋਂ ਵੱਡਾ ਹੱਥ ਹੈ।

ਬੇਂਡ ਇਟ ਲਾਇਕ ਬੈਕਹਮ ਤੋਂ ਬਾਅਦ ਆਏ ਬਦਲਾਅ ਬਾਰੇ ਉਹ ਕਹਿੰਦੇ ਹਨ ”ਮਹਿਲਾਵਾਂ ਦੀ ਫੁਟਬਾਲ ਤਾਂ ਬਿਲਕੁਲ ਬਦਲ ਗਈ ਹੈ। ਹੁਣ ਮੈਂ ਸੋਚ ਰਹੀ ਹਾਂ ਕਿ ਕੁਝ ਹੋਰ ਕਰਾਂ ਉਸ ਬਾਰੇ, ਤਾਂ ਦੇਖਦੇ ਹਾਂ ਕੀ ਹੁੰਦਾ ਹੈ।”

”ਅਸੀਂ ਕੁੜੀਆਂ ਨੂੰ ਜ਼ਿਆਦਾ ਅੱਗੇ ਨਹੀਂ ਰੱਖਦੇ ਪਰ ਰੱਖਣਾ ਚਾਹੀਦਾ ਹੈ। ਕਿਉਂਕਿ ਕੁੜੀਆਂ ਨਾਲ ਅੱਗੇ ਦੀ ਪੀੜ੍ਹੀ ਆਉਣੀ ਹੈ। ਉਨ੍ਹਾਂ ਦੀ ਇੱਜ਼ਤ ਕਰੋ, ਉਨ੍ਹਾਂ ਨੂੰ ਸਿਰ-ਮੱਥੇ ਰੱਖੋ। ਸਾਡੇ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਸੀ।”

”ਮੈਂ ਚਾਹੁੰਦੀ ਹਾਂ ਕਿ ਮੇਰੇ ਸਾਰੇ ਪੰਜਾਬੀ ਭੈਣ ਭਰਾ ਸਿਨੇਮਾ ‘ਚ ਜਾਣ, ਮੈਨੂੰ ਸਪੋਰਟ ਕਰਨ। ਜੇ ਉਹ ਜਾਣਗੇ ਤਾਂ ਫਿਰ ਹੋਰ ਫ਼ਿਲਮਾਂ ਬਣਨਗੀਆਂ। ਇਸ ਸਪੋਰਟ ਤੋਂ ਬਿਨਾਂ ਕੁਝ ਨਹੀਂ ਹੋਣਾ।”

‘ਸਾਡੇ ਸਿੱਖਾਂ ਦਾ ਗਿਆਨ ਹੈ ਹਮਦਰਦੀ’

ਗੁਰਿੰਦਰ ਚੱਢਾ ਦੀ ਆਪਣੇ ਮਾਤਾ ਨਾਲ ਬਚਪਨ ਦੀ ਇੱਕ ਤਸਵੀਰ

ਤਸਵੀਰ ਸਰੋਤ, Gurinder Chadha/FB

ਗੁਰਿੰਦਰ ‘ਚੱਢਾ ਕਹਿੰਦੇ ਹਨ ਕਿ ਉਹ ਉਹੀ ਕਹਾਣੀਆਂ ਦੱਸਦੇ ਹਨ ਜੋ ਉਨ੍ਹਾਂ ਦੇ ਦਿਲ ਨੂੰ ਛੂਹੰਦੀਆਂ ਹਨ। ਅਤੇ ਉਨ੍ਹਾਂ ਅੰਦਰ ਇਹ ਹਮਦਰਦੀ ਉਨ੍ਹਾਂ ਦੇ ਮਾਪਿਆਂ ਤੋਂ ਆਈ ਹੈ।

ਉਨ੍ਹਾਂ ਕਿਹਾ, ”ਮੇਰੇ ਮਾਪਿਆਂ ‘ਚ ਬਹੁਤ ਹਮਦਰਦੀ ਸੀ। ਉਹ ਗਰੀਬਾਂ, ਜ਼ਰੂਰਤਮੰਦਾ ਦੇ ਨਾਲ ਖੜ੍ਹਦੇ ਸੀ। ਅਸੀਂ ਇਸ ਮਾਹੌਲ ‘ਚ ਵੱਡੇ ਹੋਏ ਹਾਂ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI