Source :- BBC PUNJABI
ਤਸਵੀਰ ਸਰੋਤ, Jio Studios/FB
ਕਈ ਫਿਲਮਾਂ ਵਿੱਚ ਵਿਲੇਨ ਦਾ ਰੋਲ ਅਦਾ ਕਰਨ ਵਾਲੇ ਅਦਾਕਾਰ ਪ੍ਰੇਮ ਚੋਪੜਾ ਇੱਕ ਵਾਰ ਇੱਕ ਟੀਵੀ ਚੈਨਲ ਨਾਲ ਗੱਲ ਕਰਦਿਆਂ ਦੱਸਦੇ ਹਨ, “ਮੈਂ ਪੰਚਕੂਲਾ ਵਿੱਚ ਆਪਣੇ ਪਿਤਾ ਜੀ ਦੇ ਨਾਲ ਬਾਗ ਵਿੱਚ ਘੁੰਮ ਰਿਹਾ ਸੀ ਤਾਂ ਅਚਾਨਕ ਚਾਰ-ਪੰਜ ਲੋਕ ਆਏ ਤਾਂ ਉਨ੍ਹਾਂ ਨੇ ਮੈਨੂੰ ਦੇਖਿਆ ਤਾਂ ਆਪਣੀਆਂ ਪਤਨੀਆਂ ਨੂੰ ਲੁਕਾਉਣ ਲੱਗੇ।”
“ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਕਿ ਤੂੰ ਇਹ ਇੱਜ਼ਤ ਕਮਾਈ ਹੈ ਤਾਂ ਮੈਂ ਉਨ੍ਹਾਂ ਲੋਕਾਂ ਨੂੰ ਬੁਲਾਇਆ ਤੇ ਜਦੋਂ ਗੱਲਬਾਤ ਕੀਤੀ ਤਾਂ ਕਹਿੰਦੇ ਤੁਸੀਂ ਤਾਂ ਸਾਡੇ ਵਾਂਗ ਹੀ ਹੋ, ਅਸੀਂ ਤਾਂ ਐਵੇਂ ਹੀ ਤੁਹਾਡੇ ਤੋਂ ਡਰਦੇ ਸੀ।”
ਲੇਖਕ ਤੇ ਸੀਨੀਅਰ ਪੱਤਰਕਾਰ ਰੋਸ਼ਮੀਲਾ ਭੱਟਾਚਾਰਿਆ ਜਿਨ੍ਹਾਂ ਨੇ ‘ਬੌਲੀਵੁਡਜ਼ ਆਇਕੌਨਿਟ ਵਿਲੇਨਜ਼, ਬੈਡ ਮੈਨ’ ਲਿਖੀ ਹੈ। ਉਨ੍ਹਾਂ ਨੇ ਖਲਨਾਇਕ ਦੀ ਭੂਮਿਕਾ ਵਿੱਚ ਮਸ਼ਹੂਰ ਰਹੇ ਪ੍ਰਾਨ ਦਾ ਇੱਕ ਕਿੱਸਾ ਸੁਣਾਇਆ।
ਰੋਸ਼ਮੀਲਾ ਕਹਿੰਦੇ ਹਨ, “ਪ੍ਰਾਨ ਨੇ ਇੱਕ ਵਾਰ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਧੀ ਰੋਂਦੇ ਹੋਏ ਉਨ੍ਹਾਂ ਕੋਲ ਆਈ ਤੇ ਕਹਿੰਦੀ ਕਿ ਉਸ ਦੀਆਂ ਸਹੇਲੀਆਂ ਪ੍ਰਾਨ ਨੂੰ ਬਿਲਕੁਲ ਪਸੰਦ ਨਹੀਂ ਕਰਦੀਆਂ।”
“ਫਿਰ ਪ੍ਰਾਨ ਨੇ ਫੈਸਲਾ ਕੀਤਾ ਕਿ ਉਹ ਨੈਗੇਟਿਵ ਕਿਰਦਾਰ ਨਹੀਂ ਕਰਨਗੇ। ਉਨ੍ਹਾਂ ਨੇ ਫਿਰ ਉਪਕਾਰ ਫਿਲਮ ਵਿੱਚ ਪੌਜ਼ਿਟਿਵ ਕਿਰਦਾਰ ਕੀਤਾ। ਜਦੋਂ ਉਨ੍ਹਾਂ ਨੇ ਇਹ ਭੂਮਿਕਾ ਕੀਤੀ, ਉਸ ਵੇਲੇ ਪ੍ਰਾਨ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੇ ਖਲਨਾਇਕ ਸਨ।”
ਰੋਸ਼ਮੀਲਾ ਕਹਿੰਦੇ ਹਨ ਕਿ ਦਹਾਕਿਆਂ ਪਹਿਲਾਂ ਜੋ ਅਕਸ ਖਲਨਾਇਕ ਦਾ ਰੋਲ ਨਿਭਾਉਣ ਵਾਲੇ ਅਦਾਕਾਰਾਂ ਦਾ ਸੀ, ਹੁਣ ਕਹਾਣੀਆਂ ਵਿੱਚ ਤਾਂ ਵਿਲੇਨ ਦਾ ਕਿਰਦਾਰ ਹੈ ਪਰ ਉਹ ਅਦਾਕਾਰ ਨਹੀਂ ਜੋ ਵਿਲੇਨ ਦੇ ਕਿਰਦਾਰ ਲਈ ਪਛਾਣੇ ਜਾਣ।
ਹਾਲ ਹੀ ਵਿੱਚ ਡਾਇਰੈਕਟਰ ਅਦਿੱਤਿਆ ਧਰ ਦੀ ਫਿਲਮ ‘ਧੁਰੰਧਰ’ ਰਿਲੀਜ਼ ਹੋਈ। ਇਸ ਫਿਲਮ ਵਿੱਚ ਅਕਸ਼ੇ ਖੰਨਾ ਖਲਨਾਇਕ ਦੀ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਹਨ।
ਅਕਸ਼ੇ ਖੰਨਾ ਵੱਖ-ਵੱਖ ਤਰੀਕੇ ਦੇ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਰਾਹੀਂ ਕਾਫੀ ਨਾਮਣਾ ਖੱਟਿਆ ਹੈ ਪਰ ਫਿਰ ਵੀ ਉਨ੍ਹਾਂ ਨੂੰ ਫਿਲਮ ਇੰਡਸਟਰੀ ਵਿੱਚ ਇੱਕ ਖਲਨਾਇਕ ਵਜੋਂ ਨਹੀਂ ਜਾਣਿਆ ਜਾਂਦਾ।
ਫਿਲਮ ‘ਧੁਰੰਧਰ’ ਵਿੱਚ ਦਿਖਾਈ ਗਈ ਹਿੰਸਾ ਕਾਫੀ ਚਰਚਾ ਦਾ ਵਿਸ਼ਾ ਬਣੀ ਹੈ। ਫਿਲਮ ਦੇ ਟ੍ਰੇਲਰ ਵਿੱਚ ਇਸ ਦੀ ਝਲਕ ਸਾਫ਼ ਦੇਖੀ ਜਾ ਸਕਦੀ ਹੈ। ਫਿਲਮ ਨੂੰ ਸੈਂਸਰ ਬੋਰਡ ਵੱਲੋਂ ਏ ਸਰਟੀਫਿਕੇਟ ਵੀ ਦਿੱਤਾ ਗਿਆ ਹੈ।
ਇਸ ਰਿਪੋਰਟ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਭਾਰਤੀ ਫਿਲਮਾਂ ਦੇ ਇਤਿਹਾਸ ਵਿੱਚ ਖਲਨਾਇਕ ਦਾ ਰੋਲ, ਉਸ ਦੀ ਪਰਿਭਾਸ਼ਾ, ਦੇ ਉਸ ਨੂੰ ਪਰਦੇ ਉੱਤੇ ਦਿਖਾਉਣ ਦਾ ਤਰੀਕਾ ਸਮੇਂ ਨਾਲ ਬਦਲਿਆ ਹੈ।
ਸਮੇਂ ਨਾਲ ਬਦਲਦੇ ਕਿਰਦਾਰ ਅਤੇ ਖਲਨਾਇਕ
ਤਸਵੀਰ ਸਰੋਤ, Sholay Movie
ਅਜ਼ਾਦੀ ਤੋਂ ਬਾਅਦ ਭਾਰਤ ਇੱਕ ਖੇਤੀ ਅਧਾਰਿਤ ਅਰਥਚਾਰਾ ਸੀ। ਉਸ ਵੇਲੇ ਕਈ ਫਿਲਮਾਂ ਵਿੱਚ ਜੇ ਹੀਰੋ ਇੱਕ ਕਿਸਾਨ ਹੁੰਦਾ ਸੀ ਤਾਂ ਖਲਨਾਇਕ ਦੇ ਰੋਲ ਵਿੱਚ ਪਿੰਡ ਦਾ ਸ਼ਾਹੂਕਾਰ ਜਾਂ ਵੱਡਾ ਜਿੰਮੀਦਾਰ ਹੁੰਦਾ ਸੀ।
ਮਸ਼ਹੂਰ ਫ਼ਿਲਮ ਮਦਰ ਇੰਡੀਆ ਵਿੱਚ ਸ਼ਾਹੂਕਾਰ ਸੁੱਖੀ ਲਾਲਾ ਦਾ ਕਿਰਦਾਰ ਲੋਕਾਂ ਨੂੰ ਜਜ਼ਬਾਤਾਂ ਨਾਲ ਭਰ ਦਿੰਦਾ ਹੈ ਜਦੋਂ ਉਹ ਬੇਰਹਿਮੀ ਨਾਲ ਸ਼ਾਮੂ ਦਾ ਕਿਰਦਾਰ ਅਦਾ ਕਰ ਰਹੇ ਰਾਜਕੁਮਾਰ ਤੋਂ ਬਲਦ ਖੋਹ ਕੇ ਲੈ ਜਾਂਦਾ ਹੈ ਤੇ ਉਸ ਦੇ ਗਲ਼ੇ ਵਿੱਚ ਬਲਦਾਂ ਦੀਆਂ ਟੱਲੀਆਂ ਬੰਨ੍ਹ ਦਿੰਦਾ ਹੈ।
ਰੋਸ਼ਮੀਲਾ ਭੱਟਾਚਾਰਿਆ ਕਹਿੰਦੇ ਹਨ ਕਿ ਨਾਇਕ ਤੇ ਖਲਨਾਇਕ ਦੇ ਕਿਰਦਾਰ ਜਿਸ ਵਕਤ ਵਿੱਚ ਅਸੀਂ ਜੀਅ ਰਹੇ ਹਾਂ ਉਸੇ ਦਾ ਪਰਛਾਵਾਂ ਹੁੰਦੇ ਹਨ।
ਉਹ ਕਹਿੰਦੇ ਹਨ, “1960ਵਿਆਂ ਵਿੱਚ ਪਹਿਲਾਂ ਡਾਕੂ ਖਲਨਾਇਕ ਦੀ ਭੂਮਿਕਾ ਵਿੱਚ ਨਜ਼ਰ ਆਏ ਤੇ ਇਸ ਮਗਰੋਂ ਫਿਲਮਾਂ ਵਿੱਚ ਸਮੱਗਲਰ ਨਜ਼ਰ ਆਉਣ ਲੱਗੇ।”
ਫਿਲਮ ਸ਼ੌਲੇ ਵਿੱਚ ਨਜ਼ਰ ਆਇਆ ਗੱਬਰ ਸਿੰਘ ਦਾ ਕਿਰਦਾਰ ਬਹੁਤ ਜ਼ਿਆਦਾ ਮਕਬੂਲ ਹੋਇਆ ਤੇ ਇਸ ਕਿਰਦਾਰ ਨੂੰ ਨਿਭਾਉਣ ਵਾਲੇ ਅਮਜ਼ਦ ਖ਼ਾਨ ਨੂੰ ਵੀ ਫ਼ਿਲਮ ਇੰਡਸਟਰੀ ਵਿੱਚ ਕਾਫੀ ਮਕਬੂਲੀਅਤ ਮਿਲੀ।
1960ਵਿਆਂ ਤੇ 1970ਵਿਆਂ ਵਿੱਚ ਬੌਲੀਵੁੱਡ ਦੀਆਂ ਕਈ ਕ੍ਰਾਈਮ ਥ੍ਰਿਲਰ ਫਿਲਮਾਂ ਵਿੱਚ ਖਲਨਾਇਕ ਇੱਕ ਸਮੱਗਲਰ ਦੀ ਭੂਮਿਕਾ ਵਿੱਚ ਹੁੰਦਾ ਸੀ। ਦੀਵਾਰ, ਜ਼ੰਜੀਰ, ਪਰਵਰਿਸ਼ ਵਰਗੀਆਂ ਫਿਲਮਾਂ ਵਿੱਚ ਖਲਨਾਇਕ ਸੋਨੇ ਦੀ ਸਮੱਗਲਿੰਗ ਕਰਦੇ ਦੇਖੇ ਜਾ ਸਕਦੇ ਹਨ।
ਸਮਾਜਿਕ-ਆਰਥਿਕ ਸਮੀਕਰਨਾਂ ‘ਤੇ ਅਧਾਰਿਤ ਫ਼ਿਲਮਾਂ ਦੇ ਵਿਸ਼ੇ
ਤਸਵੀਰ ਸਰੋਤ, MADHAV AGASTI
1970ਵਿਆਂ ਵਿੱਚ ਸਮਾਜਿਕ ਮੁੱਦੇ ਜਿਵੇਂ ਬੇਰੁਜ਼ਗਾਰੀ, ਮਜ਼ਦੂਰਾਂ ਦੇ ਹੱਕਾਂ ਦੀ ਗੱਲ ਫਿਲਮਾਂ ਵਿੱਚ ਹੋਣ ਲੱਗੀ। ਉਸੇ ਦੌਰਾਨ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾ ਵਿੱਚ ਭ੍ਰਿਸ਼ਟ ਸਿਆਸਤਦਾਨ ਤੇ ਸਨਅਤਕਾਰ ਨਜ਼ਰ ਆਉਣ ਲੱਗੇ। ਫਿਲਮਾਂ ਵਿੱਚ ਪੂਰਾ ਸਿਸਟਮ ਇੱਕ ਵਿਲੇਨ ਵਜੋਂ ਪਰਦੇ ਉੱਤੇ ਦਿਖਾਇਆ ਗਿਆ।
1980ਵਿਆਂ ਦੇ ਦੌਰ ਵਿੱਚ ਖਲਨਾਇਕ ਡਰੱਗਜ਼ ਸਮੱਗਲਰ ਤੇ ਅੰਡਰਵਰਲਡ ਡੌਨ ਵਜੋਂ ਨਜ਼ਰ ਆਉਣ ਲੱਗੇ।
ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦਾ ਦਿਖਿਆ ਗਿਆ ਕਿ ਜਿਵੇਂ ਉਨ੍ਹਾਂ ਦੇ ਸਬੰਧ ਵਿਦੇਸ਼ਾਂ ਵਿੱਚ ਬੈਠੇ ਸਮੱਗਲਰਾਂ ਨਾਲ ਹਨ। ਉਸ ਵੇਲੇ ਮਿਸਟਰ ਇੰਡੀਆ ਵਿੱਚ ਅਮਰੀਸ਼ ਪੁਰੀ ਵੱਲੋਂ ਨਿਭਾਇਆ ਗਿਆ ‘ਮੋਗੈਂਬੋ’ ਦਾ ਕਿਰਦਾਰ ਤੇ ਫਿਲਮ ‘ਸ਼ਾਨ’ ਵਿੱਚ ਕੁਲਭੂਸ਼ਨ ਖਰਬੰਦਾ ਵੱਲੋਂ ਨਿਭਾਇਆ ਗਿਆ ਸ਼ਾਕਾਲ ਦਾ ਕਿਰਦਾਰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ।
1980 ਦੇ ਦੌਰ ਵਿੱਚ ਇੱਕ ਦੌਰ ਹੋਰ ਵੀ ਚੱਲਿਆ ਸੀ ਜਦੋਂ ਫਿਲਮਾਂ ਵਿੱਚ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਕਿਰਦਾਰਾਂ ਨੂੰ ਕਾਮੇਡੀ ਟਚ ਦਿੱਤਾ ਗਿਆ। ਅਜਿਹੇ ਕਿਰਦਾਰ ਕਾਦਰ ਖ਼ਾਨ ਤੇ ਸ਼ਕਤੀ ਕਪੂਰ ਵੱਲੋਂ ਕਾਫੀ ਵਧੀਆ ਤਰੀਕੇ ਨਾਲ ਨਿਭਾਏ ਗਏ। ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਨੇ ਲੋਕਾਂ ਦਾ ਕਾਫੀ ਮਨੋਰੰਜਨ ਕੀਤਾ।
ਖਲਨਾਇਕਾਂ ਦਾ ਬਦਲਿਆ ਰੂਪ
ਤਸਵੀਰ ਸਰੋਤ, Gulshan Grover
ਰੋਸ਼ਮੀਲਾ ਭੱਟਾਚਾਰਿਆ ਨੇ ਅਦਾਕਾਰ ਗੁਲਸ਼ਨ ਗਰੋਵਰ ਦੀ ਆਟੋਬਾਇਓਗ੍ਰਾਫੀ ‘ਦਿ ਬੈਡ ਮੈਨ’ ਵੀ ਲਿਖੀ ਹੈ।
ਰੋਸ਼ਮੀਲਾ ਦੱਸਦੇ ਹਨ ਕਿ ਗੁਲਸ਼ਨ ਗਰੋਵਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਗੁਲਸ਼ਨ ਇਸ ਗੱਲ ਤੋਂ ਕਾਫੀ ਅਸਹਿਜ ਹੋਏ ਸਨ ਕਿ ਇੱਕ ਵਿਲੇਨ ਕਿਵੇਂ ਕਾਮੇਡੀ ਦੇ ਕਿਰਦਾਰ ਨਿਭਾ ਸਕਦੇ ਹਨ।
ਉਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਗੁਲਸ਼ਨ ਗਰੋਵਰ ਨੇ ਅਜਿਹੇ ਖਲਨਾਇਕ ਦੇ ਕਿਰਦਾਰ ਨਿਭਾਏ ਜਿਨ੍ਹਾਂ ਵਿੱਚ ਕਾਮੇਡੀ ਦਾ ਰੰਗ ਵੀ ਨਜ਼ਰ ਆਇਆ। ਗੁਲਸ਼ਨ ਗਰੋਵਰ ਦੇ ਖ਼ਾਸ ਡਾਇਲੌਗ ਤਾਂ ਕਾਫੀ ਮਸ਼ਹੂਰ ਹੁੰਦੇ ਸਨ ਜਿਵੇਂ, ‘ਜ਼ਿੰਦਗੀ ਕਾ ਮਜ਼ਾ ਤੋਂ ਖੱਟੇ ਮੇ ਹੈ।’
1990ਵਿਆਂ ਵਿੱਚ ਅੰਡਰਵਰਲਡ ਡੌਨ ਦੇ ਕਿਰਦਾਰਾਂ ਦੇ ਨਾਲ-ਨਾਲ ਤਕਨੀਕੀ ਤੌਰ ਉੱਤੇ ਮਾਰਡਨ ਵਿਲੇਨ ਸਿਲਵਰ ਸਕਰੀਨ ਉੱਤੇ ਨਜ਼ਰ ਆਉਣ ਲੱਗੇ।
ਇਸ ਦੌਰ ਵਿੱਚ ਅਜਿਹੀਆਂ ਫਿਲਮਾਂ ਵੀ ਆਈਆਂ ਜਿਸ ਵਿੱਚ ਹੀਰੋ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰਾਂ ਨੇ ਜੇ ਪੂਰੇ ਤਰੀਕੇ ਨਾਲ ਵਿਲੇਨ ਨਾ ਸਹੀ ਤਾਂ ਐਂਟੀ ਹੀਰੋ ਦਾ ਕਿਰਦਾਰ ਨਿਭਾਇਆ ਜਿਵੇਂ ਬਾਜ਼ੀਗਰ ਤੇ ਡਰ ਵਿੱਚ ਸ਼ਾਹਰੁਖ ਖ਼ਾਨ, ਗੁਪਤ ਵਿੱਚ ਕਾਜੌਲ।

2000 ਦੇ ਦਹਾਕੇ ਦੌਰਾਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਤਵਾਦੀ ਘਟਨਾਵਾਂ ਕਾਫੀ ਵਾਪਰ ਰਹੀਆਂ ਸਨ।
ਉਸੇ ਦਾ ਅਸਰ ਫਿਲਮਾਂ ਵੀ ਨਜ਼ਰ ਆ ਰਿਹਾ ਸੀ। ਫਿਲਮਾਂ ਦੇ ਖਲਨਾਇਕਾਂ ਨੂੰ ਦਹਿਸ਼ਤਗਰਦਾਂ ਵੱਲੋਂ ਦਿਖਾਇਆ ਜਾਣ ਲੱਗਿਆ।
ਇੰਡੀਅਨ, ਵੈਡਨਸਡੇਅ, ਫਨਾਅ ਵਰਗੀਆਂ ਫਿਲਮਾਂ ਬੌਲੀਵੁੱਡ ਵਿੱਚ ਬਣਨ ਲੱਗੀਆਂ ਸਨ ਜੋ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤੀਆਂ ਗਈਆਂ ਸਨ।
2010ਵਿਆਂ ਦੇ ਦਹਾਕੇ ਵਿੱਚ ਫਿਲਮਾਂ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਤੋਂ ਕਿਰਦਾਰ ਲਏ ਜਾਣ ਲੱਗੇ। ਫਿਲਮਾਂ ਵਿੱਚ ਜਾਤੀ ਅਧਾਰਿਤ ਹਿੰਸਾ, ਸਿਆਸੀ ਮਾਫੀਆ, ਔਰਤਾਂ ਖ਼ਿਲਾਫ਼ ਹਿੰਸਾ ਨੂੰ ਦਿਖਾਇਆ ਗਿਆ।
ਅਕਰੋਸ਼, ਆਰਟੀਕਲ 15, ਤਲਾਸ਼, ਦ੍ਰਿਸ਼ਯਮ, ਅੰਧਾਧੁੰਨ ਤੇ ਬਦਲਾ ਵਰਗੀਆਂ ਫਿਲਮਾਂ ਵਿੱਚ ਖਲਨਾਇਕਾਂ ਦੇ ਕਿਰਦਾਰ ਕਾਫੀ ਵੱਖਰੇ ਤਰੀਕੇ ਨਾਲ ਨਜ਼ਰ ਆਏ।
2020 ਤੋਂ ਬਾਅਦ ਕੀ ਬਦਲਿਆ
ਤਸਵੀਰ ਸਰੋਤ, Amazon Prime
2020 ਦੇ ਆਲੇ ਦੁਆਲੇ ਆਉਂਦੇ ਹੋਏ ਓਟੀਟੀ ਇੱਕ ਵੱਡਾ ਪਲੇਟਫਾਰਮ ਬਣ ਰਿਹਾ ਸੀ। ਇਸ ਪਲੇਟਫਾਰਮ ਉੱਤੇ ਵਿਲੇਨ ਦੇ ਕਿਰਦਾਰਾਂ ਨੂੰ ਲੈ ਕੇ ਕਾਫੀ ਤਜਰਬੇ ਕੀਤੇ ਗਏ। ਕਈ ਅਜਿਹੀਆਂ ਕਹਾਣੀਆਂ ਹੋਂਦ ਵਿੱਚ ਆਈਆਂ ਜਿਨ੍ਹਾਂ ਵਿੱਚ ਦਿਖਾਈ ਗਈ ਹਿੰਸਾ ਇੱਕ ਨਵੇਂ ਪੱਧਰ ਉੱਤੇ ਵੇਖੀ ਗਈ।
ਦਿ ਸੈਕਰੇਡ ਗੇਮਜ਼, ਮਿਰਜ਼ਾਪੁਰ, ਭੌਕਾਲ ਵਰਗੀਆਂ ਸੀਰੀਜ਼ ਵਿੱਚ ਹਿੰਸਾ ਨੂੰ ਕਾਫੀ ਜ਼ਿਆਦਾ ਦਿਖਾਇਆ ਗਿਆ। ਲੋਕਾਂ ਵਿੱਚ 2019 ਵਿੱਚ ਆਈ ਕਬੀਰ ਸਿੰਘ ਫਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਇਸੇ ਫਿਲਮ ਵਿੱਚ ਦਿਖਾਏ ਗਏ ਸ਼ਾਹਿਦ ਕਪੂਰ ਦੇ ਕਿਰਦਾਰ ਉੱਤੇ ਕਈ ਤਰੀਕੇ ਦੇ ਸਵਾਲ ਵੀ ਉੱਠੇ।
ਜਦੋਂ ਰੋਸ਼ਮਿਲਾ ਭੱਟਾਚਾਰਿਆ ਨੂੰ ਇਹ ਪੁੱਛਿਆ ਗਿਆ ਕਿ ਆਖ਼ਰ ਉਹ ਪਿਛਲੇ ਜ਼ਮਾਨੇ ਦੀਆਂ ਫਿਲਮਾਂ ਦੇ ਵਿਲੇਨ ਤੇ ਹੁਣ ਦੀਆਂ ਫਿਲਮਾਂ ਦੇ ਵਿਲੇਨ ਵਿਚਾਲੇ ਕਿਹੜਾ ਇੱਕ ਵੱਡਾ ਫ਼ਰਕ ਦੇਖਦੇ ਹਨ ਤਾਂ ਉਨ੍ਹਾਂ ਕਿਹਾ ਕਿ ਹੁਣ ਉਹ ਅਦਾਕਾਰ ਨਹੀਂ ਹਨ ਜਿਨ੍ਹਾਂ ਦੀ ਪਛਾਣ ਖਲਨਾਇਕ ਵਜੋਂ ਹੋਵੇ।
ਰੋਸ਼ਮਿਲਾ ਕਹਿੰਦੇ ਹਨ, “ਪਹਿਲਾਂ ਦੀਆਂ ਫਿਲਮਾਂ ਵਿੱਚ ਹੀਰੋ ਤੇ ਖਲਨਾਇਕ ਵਿਚਾਲੇ ਫ਼ਰਕ ਸਾਫ਼ ਨਜ਼ਰ ਆਉਂਦਾ ਸੀ। ਹੁਣ ਇਹ ਫ਼ਰਕ ਮਿਟਾ ਦਿੱਤਾ ਗਿਆ ਹੈ ਕਿਉਂਕਿ ਅਜੋਕੇ ਸਮੇਂ ਦੀਆਂ ਫਿਲਮਾਂ ਦੇ ਨਾਇਕਾਂ ਵਿੱਚ ਖਲਨਾਇਕਾਂ ਦੇ ਅੰਸ਼ ਨਜ਼ਰ ਆਉਂਦੇ ਹਨ।”
“ਜਦੋਂ ਅਜੀਤ, ਪ੍ਰੇਮ ਚੋਪੜਾ ਵਰਗੇ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪਰਦੇ ਉੱਤੇ ਨਜ਼ਰ ਆਉਂਦੇ ਸਨ ਤਾਂ ਇਹ ਪਤਾ ਲੱਗ ਜਾਂਦਾ ਸੀ ਕਿ ਸੀਨ ਵਿੱਚ ਕੁਝ ਗ਼ਲਤ ਹੋਣ ਵਾਲਾ ਹੈ।”
“ਖਲਨਾਇਕਾਂ ਦੀ ਅਜਿਹੀ ਤਸਵੀਰ ਹੀ ਲੋਕਾਂ ਦੇ ਮਨ ਵਿੱਚ ਸੀ। ਮੌਜੂਦਾ ਸਮੇਂ ਵਿੱਚ ਸਕ੍ਰੀਨ ਉੱਤੇ ਪਤਾ ਨਹੀਂ ਲੱਗਦਾ ਕਿ ਸਕਰੀਨ ਉੱਤੇ ਨਜ਼ਰ ਆ ਰਿਹਾ ਵਿਅਕਤੀ ਚੰਗਾ ਵਿਅਕਤੀ ਹੈ ਜਾਂ ਮਾੜਾ ਵਿਅਕਤੀ ਹੈ। ਕਈ ਫਿਲਮਾਂ ਵਿੱਚ ਤਾਂ ਹੀਰੋ ਦੇ ਹਿੱਸੇ ਖਲਨਾਇਕ ਤੋਂ ਵੱਧ ਹਿੰਸਾ ਆਉਂਦੀ ਹੈ।”

ਕਈ ਫ਼ਿਲਮਸਾਜ਼ਾਂ ਦਾ ਇਹ ਤਰਕ ਹੁੰਦਾ ਹੈ ਕਿ ਹਰ ਇਨਸਾਨ ਵਿੱਚ ਚੰਗੀਆਂ ਤੇ ਮਾੜੀਆਂ ਗੱਲਾਂ ਦੋਵੇਂ ਹੁੰਦੀਆਂ ਹਨ ਤੇ ਫਿਲਮਾਂ ਵਿੱਚ ਮਨੁੱਖੀ ਸੁਭਾਅ ਦੇ ਇਸ ਅੰਗ ਨੂੰ ਦਿਖਾਉਣਾ ਗਲਤ ਨਹੀਂ ਹੈ।
ਫ਼ਿਲਮ ਕਾਸਟਿੰਗ ਨਾਲ ਜੁੜੇ ਨਿਕਿਤਾ ਗਰੋਵਰ ਕਹਿੰਦੇ ਹਨ, “ਹੁਣ ਖਲਨਾਇਕਾਂ ਦੀ ਪਰਿਭਾਸ਼ਾ ਬਦਲੀ ਹੈ। ਹੁਣ ਕਾਸਟਿੰਗ ਡਾਇਰੈਕਟਰ ਵਜੋਂ ਅਸੀਂ ਵਿਲੇਨ ਦੇ ਰੋਲ ਲਈ ਡਰਾਉਣੇ ਚਿਹਰੇ ਨਹੀਂ ਦੇਖਦੇ ਹਾਂ। ਹਰ ਕਿਸੇ ਦੀ ਕਹਾਣੀ ਵਿੱਚ ਇੱਕ ਵਿਲੇਨ ਹੁੰਦਾ ਹੈ ਤੇ ਵਿਲੇਨ ਹਮੇਸ਼ਾ ਡਰਾਉਣਾ ਨਹੀਂ ਦਿਖਦਾ ਹੈ। ਮੈਂ ਸਿਰਫ਼ ਇੱਕ ਚੰਗਾ ਐਕਟਰ ਲੱਭਦੀ ਹਾਂ।”
ਨਿਕਿਤਾ ਅੱਗੇ ਕਹਿੰਦੇ ਹਨ ਕਿ ਹੁਣ ਦੇ ਵਿਲੇਨ ਦੇ ਕਿਰਦਾਰ ਦੀਆਂ ਕਈ ਪਰਤਾਂ ਹੁੰਦੀਆਂ ਹਨ, ਉਹ ਸਟਾਇਲਿਸ਼ ਹੁੰਦੇ ਹਨ। ਉਹ ਆਮ ਇਨਸਾਨ ਵਾਂਗ ਨਜ਼ਰ ਆਉਂਦੇ ਹਨ।
“ਹੁਣ ਵਿਲੇਨ ਦੇ ਸੀਨਜ਼ ਵਿੱਚ ਵੀ ਗਹਿਰਾਈ ਹੁੰਦੀ ਹੈ, ਉਨ੍ਹਾਂ ਦੀ ਇੱਕ ਪਿੱਛੇ ਦੀ ਕਹਾਣੀ ਹੁੰਦੀ ਹੈ। ਹੀਰੋ ਤੇ ਵਿਲੇਨ ਦੀ ਕਹਾਣੀ ਨਾਲ ਦੀ ਨਾਲ ਚੱਲ ਰਹੀ ਹੁੰਦੀ ਹੈ।”
“ਪਹਿਲਾਂ ਕਈ ਵਾਰ ਵਿਲੇਨ ਫਿਲਮ ਦੇ ਆਖਰੀ ਹਿੱਸੇ ਵਿੱਚ ਆਉਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਇਹ ਵੀ ਨਹੀਂ ਹੈ ਕਿ ਵਿਲੇਨ ਇੱਕ ਤਾਕਤਵਰ ਇਨਸਾਨ ਹੋਵੇ, ਉਸ ਦੇ ਵਿੱਚ ਵੀ ਜਜ਼ਬਾਤ ਭਰੇ ਹੁੰਦੇ ਹਨ।”
ਨਿਕਿਤਾ ਅੱਗੇ ਦੱਸਦੇ ਹਨ ਕਿ ਪਾਤਾਲ ਲੋਕ ਸੀਰੀਜ਼ ਵਿੱਚ ਹਥੌੜਾ ਦਾ ਕਿਰਦਾਰ ਨਿਭਾਉਣ ਵਾਲੇ ਅਭਿਸ਼ੇਕ ਬੈਨਰਜੀ ਨੂੰ ਦਰਸ਼ਕ ਚੰਗੀ ਤਰ੍ਹਾਂ ਸਮਝਦੇ ਹਨ ਕਿ ਆਖਿਰ ਉਹ ਕਿਹੜੇ ਹਾਲਾਤ ਵਿੱਚ ਵੱਡਾ ਹੋਇਆ ਤੇ ਕਿਹੜੀਆਂ ਘਟਨਾਵਾਂ ਨੇ ਉਸ ਦੀ ਸ਼ਖਸੀਅਤ ਬਣਾਈ।
ਕੀ ਜ਼ਿਆਦਾ ਹਿੰਸਕ ਫਿਲਮਾਂ ਹੁਣ ਆਮ ਹੋ ਗਈਆਂ
ਤਸਵੀਰ ਸਰੋਤ, Viacom 18 Pictures
ਕੀ ਫਿਲਮਾਂ ਵਿੱਚ ਖਲਨਾਇਕਾਂ ਦੀਆਂ ਭੂਮਿਕਾਵਾਂ ਹੁਣ ਵਧੇਰੇ ਖੂੰਖਾਰ ਹੋ ਗਈਆਂ ਹਨ?
ਇਸ ਬਾਰੇ ਰੋਸ਼ਮਿਲਾ ਕਹਿੰਦੇ ਹਨ, “ਅਜਿਹਾ ਨਹੀਂ ਹੈ ਕਿ ਹਿੰਸਾ ਪਹਿਲਾਂ ਨਹੀਂ ਦਿਖਾਈ ਜਾਂਦੀ ਸੀ, ਪਹਿਲਾਂ ਵੀ ਉਹ ਮੌਜੂਦ ਸੀ ਪਰ ਇੱਕ ਸੀਨ ਜਾਂ ਇੱਕ ਪਲ਼ ਲਈ ਕੋਈ ਅਜਿਹਾ ਸੀਨ ਦਿਖਾਇਆ ਜਾਂਦਾ ਸੀ ਜਿਸ ਵਿੱਚ ਹਿੰਸਾ ਦਾ ਪੱਧਰ ਜ਼ਿਆਦਾ ਹੁੰਦਾ ਸੀ।”
“ਹੁਣ ਤਾਂ ਪੂਰੀ-ਪੂਰੀ ਫਿਲਮ ਅਜਿਹੇ ਸੀਨਜ਼ ਨਾਲ ਭਰੀ ਹੁੰਦੀ ਹੈ। ਤਿੰਨ ਘੰਟੇ ਤੱਕ ਉਹ ਕੁੱਟ-ਮਾਰ ਹੀ ਕਰਦਾ ਰਹਿੰਦਾ ਹੈ। ਅਸਲ ਵਿੱਚ ਹਿੰਸਾ ਪ੍ਰਤੀ ਸਾਡੀ ਸੰਵੇਦਨਸ਼ੀਲਤਾ ਹੀ ਘੱਟ ਗਈ ਹੈ। ਜਦੋਂ ਹੱਦ ਪਾਰ ਨਹੀਂ ਹੁੰਦੀ ਉਦੋਂ ਤੱਕ ਲੋਕ ਗੱਲ ਨਹੀਂ ਕਰਦੇ।”
ਮਨੋਵਿਗਿਆਨੀ ਪੂਰਨਿਮਾ ਅਗਰਵਾਲ ਵੱਧ ਹਿੰਸਕ ਫਿਲਮਾਂ ਦੇਖਣ ਦੇ ਅਸਰ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਜੋ ਫਿਲਮਾਂ ਵਿੱਚ ਦੇਖਦੇ ਹਾਂ ਉਸ ਤਰ੍ਹਾਂ ਦਾ ਵਤੀਰਾ ਕਰਨਾ ਅਸੀਂ ਸਮਾਜ ਦੇ ਹਿੱਸੇ ਵੱਜੋਂ ਸਿੱਖ ਜਾਂਦੇ ਹਾਂ।
ਉਹ ਕਹਿੰਦੇ ਹਨ, “ਅਸਲ ਵਿੱਚ ਲੋਕਾਂ ਵਿੱਚ ਨਿਰਾਸ਼ਾ ਕਾਫੀ ਵੱਧ ਗਈ ਹੈ। ਉਹ ਇਸ ਨਿਰਾਸ਼ਾ ਨੂੰ ਖ਼ਤਮ ਕਰਨ ਲਈ ਅਜਿਹੀਆਂ ਫਿਲਮਾਂ ਦੇਖਦੇ ਹਨ ਜਿਨ੍ਹਾਂ ਵਿੱਚ ਹਿੰਸਾ ਹੁੰਦੀ ਹੈ। ਫਿਰ ਜੋ ਦੇਖਿਆ ਹੁੰਦਾ ਹੈ ਉਸ ਨੂੰ ਜ਼ਿੰਦਗੀ ਵਿੱਚ ਲਾਗੂ ਵੀ ਕਰਨ ਲੱਗਦੇ ਹਾਂ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







