Source :- BBC PUNJABI

ਐਮਫਾਰ ਗਾਲਾ ਕਾਨ 2026 ਵਿੱਚ ਸ਼ਾਮਲ ਹੋਣ ਪਹੁੰਚੇ ਤਾਬਿੰਦਾ ਸਨਪਾਲ

ਤਸਵੀਰ ਸਰੋਤ, NETFLIX

“ਜਦੋਂ ਤੋਂ ਮੈਂ ਆਪਣੇ ਪਤੀ ਸਤੀਸ਼ ਨਾਲ ਹਾਂ, ਮੈਂ ਹਰ ਸਵੇਰ ਉਨ੍ਹਾਂ ਦੇ ਪੈਰਾਂ ਦੀ ਮਾਲਿਸ਼ ਕਰਦੀ ਹਾਂ। ਉਹ ਕਿਸੇ ਰਾਜਕੁਮਾਰ ਵਾਂਗ ਨੀਂਦ ਤੋਂ ਉੱਠਦੇ ਹਨ। ਹਿੰਦੂ ਹੋਣ ਦੇ ਨਾਤੇ, ਉਹ ਮੰਨਦੇ ਹਨ ਕਿ ਜੇ ਪਤਨੀ ਹਰ ਰੋਜ਼ ਸਵੇਰੇ ਪਤੀ ਦੇ ਪੈਰ ਛੂੰਹਦੀ ਹੈ ਤਾਂ ਬਹੁਤ ਲਕਸ਼ਮੀ ਆਉਂਦੀ ਹੈ।”

ਨੈੱਟਫ਼ਲਿਕਸ ਦੇ ਨਵੇਂ ਰਿਐਲਿਟੀ ਸ਼ੋਅ ‘ਦੇਸੀ ਬਲਿੰਗ’ ਦੇ ਲਗਭਗ ਸ਼ੁਰੂ ਵਿੱਚ ਹੀ ਇਹ ਦ੍ਰਿਸ਼ ਆਉਂਦਾ ਹੈ, ਜਿਸ ਵਿੱਚ ਦੁਬਈ ਵਿੱਚ ਰਹਿਣ ਵਾਲੇ ਭਾਰਤੀ ਅਰਬਪਤੀ ਉਦਯੋਗਪਤੀ ਸਤੀਸ਼ ਸਨਪਾਲ, ਆਪਣੀ ਪਤਨੀ ਤਾਬਿੰਦਾ ਤੋਂ ਸਵੇਰੇ-ਸਵੇਰੇ ਪੈਰਾਂ ਦੀ ਮਾਲਿਸ਼ ਕਰਵਾ ਰਹੇ ਹਨ।

ਇਹ ਸ਼ੁਰੂਆਤੀ ਦ੍ਰਿਸ਼ ਦੇਖ ਕੇ ਹੀ ਇੱਕ ਦਰਸ਼ਕ ਵਜੋਂ ਤੁਸੀਂ ਠਹਿਰ ਜਾਂਦੇ ਹੋ। ‘ਦੇਸੀ ਬਲਿੰਗ’ ਇੱਕ ਰਿਐਲਿਟੀ ਸ਼ੋਅ ਹੈ, ਜਿਸ ਵਿੱਚ ਦੁਬਈ ਵਿੱਚ ਰਹਿਣ ਵਾਲੇ ਅਮੀਰ ਭਾਰਤੀਆਂ ਦੀ ਆਲੀਸ਼ਾਨ ਜ਼ਿੰਦਗੀ, ਉਨ੍ਹਾਂ ਦੇ ਰਿਸ਼ਤੇ, ਕਾਰੋਬਾਰ, ਸੋਸ਼ਲਾਈਟ ਪਾਰਟੀਆਂ, ਰਾਜਨੀਤੀ ਅਤੇ ਉਲਝਣਾਂ ਨੂੰ ਦਿਖਾਇਆ ਗਿਆ ਹੈ।

ਇਨ੍ਹਾਂ ਹੀ ਕਿਰਦਾਰਾਂ ਵਿੱਚ ਸ਼ਾਮਲ ਹਨ, ਟੀਵੀ ਸਟਾਰ ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ। ਅਤੇ ਨਾਲ ਹਨ ਸਤੀਸ਼ ਸਨਪਾਲ, ਜੋ ਜਬਲਪੁਰ ਤੋਂ ਹਨ ਅਤੇ ਉਨ੍ਹਾਂ ਦੇ ਪਤਨੀ ਤਾਬਿੰਦਾ।

ਤਾਬਿੰਦਾ ਇੱਕ ਪਾਕਿਸਤਾਨੀ-ਬ੍ਰਿਟਿਸ਼ ਹਨ, ਪਰ ਉਨ੍ਹਾਂ ਨੂੰ ਕਈ ਤਰ੍ਹਾਂ ਪਛਾਣਿਆ ਜਾਂਦਾ ਹੈ – ਕੋਈ ਉਨ੍ਹਾਂ ਨੂੰ ਸਿਰਫ਼ ਇੱਕ ਅਮੀਰ ਉਦਯੋਗਪਤੀ ਦੀ ਪਤਨੀ ਵਜੋਂ ਦੇਖਦਾ ਹੈ, ਕੋਈ ਇੱਕ ਸਫਲ ਕਾਰੋਬਾਰੀ ਮਹਿਲਾ ਵਜੋਂ।

ਕੋਈ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਇੱਕ ਮਸ਼ਹੂਰ ਸੋਸ਼ਲਾਈਟ ਵਜੋਂ ਪੇਸ਼ ਕਰ ਰਿਹਾ ਹੈ, ਤਾਂ ਕਈ ਲੋਕਾਂ ਨੇ ਸ਼ੋਅ ਵਿੱਚ ਉਨ੍ਹਾਂ ਦੀਆਂ ਗੱਲਾਂ ਨੂੰ ਇਤਰਾਜ਼ਯੋਗ ਅਤੇ ਪਿੱਤਰਸੱਤਾ ਵਾਲੀ ਦੱਸਿਆ ਹੈ।

ਸ਼ੋਅ ਵਿੱਚ ਜਦੋਂ ਤਾਬਿੰਦਾ ਦੀਆਂ ਸਹੇਲੀਆਂ ਉਨ੍ਹਾਂ ਨੂੰ ਦੱਸਦੀਆਂ ਹਨ ਕਿ ਤਾਬਿੰਦਾ ਦੇ ਪਤੀ ਨੂੰ ਕਈ ਕੁੜੀਆਂ ਨਾਲ ਦੇਖਿਆ ਗਿਆ ਹੈ ਤਾਂ ਉਹ ਬਹੁਤ ਸ਼ਾਂਤ ਰਹਿੰਦੇ ਹਨ।

ਉਹ ਕਹਿੰਦੇ ਹਨ, “ਸਤੀਸ਼ ਨੂੰ ਕੁੜੀਆਂ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ। ਮੈਨੂੰ ਕਦੇ-ਕਦੇ ਈਰਖਾ ਹੁੰਦੀ ਹੈ ਪਰ ਮੈਨੂੰ ਉਸ ‘ਤੇ ਭਰੋਸਾ ਹੈ। ਜੇ ਉਹ ਹਰ ਪਾਰਟੀ ਵਿੱਚ ਵੱਖ-ਵੱਖ ਕੁੜੀਆਂ ਨਾਲ ਹੈ ਤਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ। ਜੇ ਉਹ ਇੱਕੋ ਕੁੜੀ ਨਾਲ ਵਾਰ-ਵਾਰ ਜਾ ਰਿਹਾ ਹੈ, ਤਾਂ ਹੀ ਦਿੱਕਤ ਹੈ ਕਿਉਂਕਿ ਇੱਕੋ ਬੰਦੇ ਨੂੰ ਵਾਰ-ਵਾਰ ਮਿਲੋਗੇ ਤਾਂ ਪਿਆਰ ਹੋ ਜਾਵੇਗਾ।”

ਅਜਿਹੀਆਂ ਹੀ ਕਈ ਗੱਲਾਂ ਨੂੰ ਲੈ ਕੇ ਤਾਬਿੰਦਾ ਵਾਇਰਲ ਹਨ।

'ਦੇਸੀ ਬਲਿੰਗ' ਸ਼ੋਅ ਦੇ ਆਲੋਚਕ ਹਨ ਤਾਂ ਇਸਨੂੰ ਪਸੰਦ ਕਰਨ ਵਾਲੇ ਵੀ ਹਨ

ਤਸਵੀਰ ਸਰੋਤ, NETFLIX

ਪੁਰਸ਼ਵਾਦੀ ਸੋਚ

ਮਨੋਵਿਗਿਆਨੀ ਨਿਸ਼ਾ ਖੰਨਾ ਨੇ ਰਿਐਲਿਟੀ ਸ਼ੋਅ ਦੇ ਪ੍ਰਤੀਯੋਗੀਆਂ ਨਾਲ ਵੀ ਕੰਮ ਕੀਤਾ ਹੈ ਅਤੇ ਮੈਰਿਜ ਕਾਊਂਸਲਿੰਗ ਵੀ ਕਰਦੇ ਹਨ।

ਨਿਸ਼ਾ ਖੰਨਾ ਕਹਿੰਦੇ ਹਨ, “ਇਹ ਦਿਖਾਉਂਦਾ ਹੈ ਕਿ ਤਾਬਿੰਦਾ ਨੂੰ ਆਪਣੇ ਆਪ ‘ਤੇ ਹੀ ਭਰੋਸਾ ਨਹੀਂ ਹੈ। ਉਹ ਪਿੱਤਰਸੱਤਾ ਜਾਂ ਮਰਦਵਾਦੀ ਸੋਚ ਦੀ ਹਕੀਕਤ ਨੂੰ ਸਵੀਕਾਰ ਕਰ ਚੁੱਕੇ ਹਨ। ਕੀ ਸ਼ੋਅ ਵਿੱਚ ਇਹ ਸਵਾਲ ਤਾਬਿੰਦਾ ਦੇ ਪਤੀ ਤੋਂ ਪੁੱਛਿਆ ਗਿਆ ਕਿ ਜੇ ਤਾਬਿੰਦਾ ਇਸ ਤਰ੍ਹਾਂ ਪਾਰਟੀਆਂ ਵਿੱਚ ਜਾਣ ਅਤੇ ਮੁੰਡਿਆਂ ਨੂੰ ਮਿਲਣ, ਕੀ ਉਹ ਇਸ ਨੂੰ ਸਵੀਕਾਰ ਕਰੇਗਾ?”

ਇਸ ‘ਤੇ ਫ਼ਿਲਮ ਨਿਰਮਾਤਾ ਲਕਸ਼ਮੀ ਅਈਅਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ, “ਇੱਕ ਰਿਐਲਿਟੀ ਸ਼ੋਅ ‘ਚ ਦੇਖਿਆ ਕਿ ਇੱਕ ਪਤਨੀ ਨੂੰ ਕੋਈ ਦਿੱਕਤ ਨਹੀਂ ਕਿ ਉਸਦਾ ਪਤੀ ਉਸ ਨਾਲ ਧੋਖਾ ਕਰ ਰਿਹਾ ਹੈ, ਜਦ ਤੱਕ ਹਰ ਵਾਰ ਵੱਖ-ਵੱਖ ਮਹਿਲਾ ਹੋਵੇ।”

“ਅਜਿਹੀਆਂ (ਬਕਵਾਸ) ਗੱਲਾਂ ਨੂੰ ਨਾਰਮਲਾਈਜ਼ ਕਰਨਾ ਬੰਦ ਕਰੋ। ਵਫ਼ਾਦਾਰ ਅਤੇ ਇਮਾਨਦਾਰ ਹੋਣਾ ਅੱਜ ਵੀ ਇੱਕ ਆਕਰਸ਼ਕ ਗੁਣ ਹੈ। ਸੋਚੋ ਕਿ ਮਿਆਰ ਕਿੰਨਾ ਡਿੱਗ ਗਿਆ ਹੈ ਕਿ ਓਟੀਟੀ ‘ਤੇ ਇਹ ਸਵੀਕਾਰਯੋਗ ਦਿਖਾਈ ਦੇ ਰਿਹਾ ਹੈ।”

‘ਦੇਸੀ ਬਲਿੰਗ’ ਸ਼ੋਅ ਦੇ ਆਲੋਚਕ ਹਨ ਤਾਂ ਇਸਨੂੰ ਪਸੰਦ ਕਰਨ ਵਾਲੇ ਵੀ ਹਨ।

ਦੁਬਈ ਵਿੱਚ ਰਹਿਣ ਵਾਲੇ ਅਨੀਲੀ ਬ੍ਰਿਜਲਾਲ ਫੇਸਬੁੱਕ ‘ਤੇ ਲਿਖਦੇ ਹਨ, “ਮੈਂ ਇਹ ਮੰਨਦੀ ਹਾਂ ਕਿ ਮੈਨੂੰ ਇਹ ਸ਼ੋਅ ਦੇਖ ਕੇ ਮਜ਼ਾ ਆਇਆ। ਇਸ ਵਿੱਚ ਕਾਫ਼ੀ ਡਰਾਮਾ ਹੈ… ਹਰ ਕੋਈ ਦੂਜੇ ਦੀ ਪਿੱਠ ਵਿੱਚ ਛੁਰਾ ਮਾਰ ਰਿਹਾ ਹੈ। ਅਗਲਾ ਸੀਜ਼ਨ ਲਿਆਓ।”

ਐਂਟਰਟੇਨਮੈਂਟ ਬਲੌਗਰ ਮਰੀਆ ਮੋਟਸ ਫੇਸਬੁੱਕ ‘ਤੇ ਲਿਖਦੇ ਹਨ ਕਿ ਇਹ ਸ਼ੋਅ ਕਿਸੇ ਟ੍ਰੇਨ ਰੇਕ ਭਾਵ ਹਾਦਸਾਗ੍ਰਸਤ ਟ੍ਰੇਨ ਵਰਗਾ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਤੁਹਾਨੂੰ ਇਸਨੂੰ ਅੰਤ ਤੱਕ ਦੇਖਣਾ ਹੀ ਪਵੇਗਾ।

ਸ਼ੋਅ ਦੇਖਣ ਤੋਂ ਬਾਅਦ ਨਿਸ਼ਾ ਖੰਨਾ ਕਹਿੰਦੇ ਹਨ, “ਦੇਸੀ ਬਲਿੰਗ ਅਜਿਹਾ ਸ਼ੋਅ ਹੈ ਜਿਸ ਵਿੱਚ ਪਿੱਤਰਸੱਤਾ ਹੈ, ਪਰਿਵਾਰਕ ਰਾਜਨੀਤੀ ਹੈ, ਅਜਿਹੇ ਰਿਸ਼ਤੇ ਹਨ ਜੋ ਸਿਰਫ਼ ਪੈਸੇ ਅਤੇ ਆਪਣੇ ਮਤਲਬ ਲਈ ਬਣਾਏ ਜਾਂਦੇ ਹਨ।”

“ਪਰ ਇਹ ਸ਼ੋਅ ਮਨੋਰੰਜਕ ਹੈ। ਲੋਕ ਦੇਖਣਾ ਚਾਹੁੰਦੇ ਹਨ ਕਿ ਇੰਨੇ ਅਮੀਰ ਲੋਕ ਕਿਵੇਂ ਰਹਿੰਦੇ ਹਨ, ਕੀ ਪਹਿਨਦੇ ਹਨ, ਇਨ੍ਹਾਂ ਦੀਆਂ ਪਾਰਟੀਆਂ ਕਿਹੋ ਜਿਹੀਆਂ ਹੁੰਦੀਆਂ ਹਨ। ਇਸ ਲਈ ਲੋਕ ਇਸਨੂੰ ਦੇਖਣਗੇ।”

‘ਗੋਲਡ ਕੁਈਨ’ ਜਾਂ ‘ਗੋਲਡ ਡਿਗਰ’

ਆਪਣੇ ਪਤੀ ਸਤੀਸ਼ ਸਨਵਾਲ ਦੇ ਨਾਲ ਤਾਬਿੰਦਾ

ਤਸਵੀਰ ਸਰੋਤ, NETFLIX

‘ਦੇਸੀ ਬਲਿੰਗ’ ਵਿੱਚ ਚਰਚਾ ਇਸ ਦੀਆਂ ਮਹਿਲਾ ਕਿਰਦਾਰਾਂ ਦੀ ਹੋ ਰਹੀ ਹੈ, ਪਰ ਇਸ ਦੇ ਪੁਰਸ਼ ਕਿਰਦਾਰ ਵੀ ਸਵਾਲਾਂ ਦੇ ਘੇਰੇ ਵਿੱਚ ਹਨ।

ਮਿਸਾਲ ਵਜੋਂ, ਜਦੋਂ ਤਾਬਿੰਦਾ ਕਰਣ ਕੁੰਦਰਾ ਨੂੰ ਸਲਾਹ ਦਿੰਦੇ ਹਨ ਕਿ ਤੇਜਸਵੀ ਉਨ੍ਹਾਂ ਲਈ ਸਹੀ ਜੀਵਨ ਸਾਥੀ ਨਹੀਂ ਹੈ, ਤਾਂ ਕਰਣ ਪਿੱਠ ਪਿੱਛੇ ਕਹਿੰਦੇ ਹਨ, “ਮੈਂ ਸਿਰਫ਼ ਉਨ੍ਹਾਂ ਲੋਕਾਂ ਤੋਂ ਸਲਾਹ ਲੈਂਦਾ ਹਾਂ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕੁਝ ਹਾਸਲ ਕੀਤਾ ਹੋਵੇ। ਤਾਬਿੰਦਾ ਭਾਬੀ ਦੀ ਪਹਿਚਾਣ ਸਿਰਫ਼ ਸਤੀਸ਼ ਦੀ ਪਤਨੀ ਵਜੋਂ ਹੈ।”

ਕਰਣ ਦੀ ਇਹ ਗੱਲ ਸੋਚਣ ਲਈ ਮਜਬੂਰ ਕਰਦੀ ਹੈ ਕਿ ਇੰਨਾ ਵੱਡਾ ਕਾਰੋਬਾਰੀ ਸਾਮਰਾਜ ਖੜ੍ਹਾ ਕਰਨ ਵਿੱਚ ਤਾਬਿੰਦਾ ਨੇ ਆਪਣੇ ਪਤੀ ਦਾ ਸਾਥ ਦਿੱਤਾ, ਆਪਣੀ ਖੁਦ ਦੀ ਕੰਪਨੀ ਚਲਾਉਂਦੇ ਹਨ, ਘਰ ਅਤੇ ਧੀ ਨੂੰ ਸਾਂਭਿਆ।

ਕੀ ਇਹ ਕੋਈ ਉਪਲੱਬਧੀ ਨਹੀਂ ਹੈ? ਹਾਲਾਂਕਿ ਤੇਜਸਵੀ ਨੂੰ ਲੈਕੇ ਹੋਰ ਪ੍ਰਤੀਯੋਗੀਆਂ ਦੇ ਵਿਰੋਧ ਦੇ ਬਾਵਜੂਦ ਕਰਣ ਅੰਤ ਵਿੱਚ ਤੇਜਸਵੀ ਦੇ ਨਾਲ ਖੜ੍ਹੇ ਨਜ਼ਰ ਆਉਂਦੇ ਹਨ।

ਤਾਬਿੰਦਾ, ਜਿਨ੍ਹਾਂ ਨੂੰ ਸ਼ੋਅ ਵਿੱਚ ਸਭ ਬਿੰਦਾ ਦੇ ਨਾਮ ਨਾਲ ਬੁਲਾਉਂਦੇ ਹਨ, ਸ਼ਾਇਦ ਇਸ ਸੀਰੀਜ਼ ਦੇ ਸਭ ਤੋਂ ਚਰਚਿਤ ਕਿਰਦਾਰ ਬਣ ਗਏ ਹਨ – ਕੁਝ ਓਸੇ ਤਰ੍ਹਾਂ ਜਿਵੇਂ ਰਿਐਲਿਟੀ ਸ਼ੋਅ ‘ਫੈਬਿਊਲਸ ਵਾਈਵਜ਼ ਵਰਸਿਜ਼ ਬਾਲੀਵੁੱਡ ਵਾਈਵਜ਼’ ਤੋਂ ਬਾਅਦ ਸ਼ਾਲਿਨੀ ਪੱਸੀ ਛਾ ਗਏ ਸਨ।

ਸ਼ੋਅ ਵਿੱਚ ਤਾਬਿੰਦਾ ਨੂੰ ਜ਼ਿਆਦਾਤਰ ਸਮੇਂ ਸਿਰਫ਼ ਇੱਕ ਅਮੀਰ ਉਦਯੋਗਪਤੀ ਦੀ ਪਤਨੀ ਵਜੋਂ ਹੀ ਦਿਖਾਇਆ ਗਿਆ ਹੈ ਜੋ ਪਾਰਟੀਆਂ ਵਿੱਚ ਆਉਂਦੀ-ਜਾਂਦੀ ਹੈ, ਆਪਣੀ ਅਮੀਰੀ ਦਾ ਪੂਰਾ ਸ਼ੋਅ ਆਫ਼ ਕਰਦੀ ਹੈ, ਬਿਨਾਂ ਕਿਸੇ ਲਾਗ-ਲਪੇਟ ਦੇ।

ਤੇਜਸਵੀ ਪ੍ਰਕਾਸ਼ ਨਾਲ ਪਹਿਲੀ ਮੁਲਾਕਾਤ ਵਿੱਚ ਹੀ ਤਾਬਿੰਦਾ ਦੱਸਦੇ ਹਨ, “ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਮੇਰੇ ਕੋਲ 40 ਕਿਲੋ ਸੋਨਾ ਹੈ। ਮੇਰੇ ਪਤੀ ਨੇ ਬੇਟੀ ਦੇ ਜਨਮ ਤੋਂ ਪਹਿਲਾਂ ਹੀ ਉਸ ਲਈ ਸੋਨੇ ਦੀ ਕਟਲਰੀ ਬਣਵਾਈ ਸੀ। ਉਸਦੀ ਸੋਨੇ ਦੀ ਥਾਲੀ, ਸੋਨੇ ਦਾ ਚਮਚਾ ਹੈ, ਸੋਨੇ ਦਾ ਗਲਾਸ ਹੈ।”

“ਉਹ ਦੁਬਈ ਦੀ ਸਭ ਤੋਂ ਅਮੀਰ ਬੇਬੀ ਹੈ। ਪਹਿਲੇ ਜਨਮਦਿਨ ‘ਤੇ ਉਸਨੂੰ 24 ਕੈਰਟ ਸੋਨੇ ਦੀ ਡਰੈੱਸ ਪਹਿਨਾਈ ਸੀ। ਸਤੀਸ਼ ਮੇਰੇ ਲਈ ਹਰ ਸਾਲ ਤਿੰਨ ਕਿਲੋ ਸੋਨਾ ਖਰੀਦਦੇ ਹਨ।”

ਉਨ੍ਹਾਂ ਦੇ ਪਤੀ ਤਾਬਿੰਦਾ ਨੂੰ ‘ਗੋਲਡ ਕੁਈਨ’ ਬੁਲਾਉਂਦੇ ਹਨ, ਜਦਕਿ ਕੁਝ ਲੋਕ ਤਾਬਿੰਦਾ ਨੂੰ ‘ਗੋਲਡ ਡਿਗਰ’ ਕਹਿੰਦੇ ਹਨ।

ਕੌਣ ਹਨ ਤਾਬਿੰਦਾ?

ਤਾਬਿੰਦਾ

ਪਰ ਜੇ ਤੁਸੀਂ ਤਾਬਿੰਦਾ ਦੇ ਸੋਸ਼ਲ ਪ੍ਰੋਫ਼ਾਈਲ ‘ਤੇ ਜਾਓ ਤਾਂ ਇੱਕ ਵੱਖਰੀ ਤਾਬਿੰਦਾ ਵੀ ਨਜ਼ਰ ਆਉਂਦੀ ਹੈ।

ਲਿੰਕਡਇਨ ‘ਤੇ ਤਾਬਿੰਦਾ ਅਨੇਕਸ ਕੈਪਿਟਲ ਫ਼ਾਇਨੈਂਸ਼ਲ ਮਾਰਕੇਟਸ ਦੇ ਸੰਸਥਾਪਕ ਅਤੇ ਨਿਰਦੇਸ਼ਕ ਹਨ।

ਉਨ੍ਹਾਂ ਦੀ ਕੰਪਨੀ ਨੂੰ 2025 ਵਿੱਚ ਫਾਈਨੈਂਸ਼ਿਅਲ ਮਾਰਕੀਟ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਕੰਪਨੀ ਦਾ ਐਵਾਰਡ ਮਿਲਿਆ ਸੀ। ਉਹ ਕਾਰੋਬਾਰੀ ਲੀਡਰਸ਼ਿਪ ਅਤੇ ਮਹਿਲਾ ਕਾਰੋਬਾਰੀਆਂਬਾਰੇ ਗੱਲ ਕਰਦੇ ਹਨ।

ਇੰਸਟਾਗ੍ਰਾਮ ‘ਤੇ ਉਹ ਆਪਣੇ ਆਪ ਨੂੰ ਇੱਕ ਮਾਂ ਅਤੇ ਐਂਟਰਪ੍ਰੇਨੇਓਰ (ਕਾਰੋਬਾਰੀ) ਭਾਵ ਮੌਮਪ੍ਰੇਨੇਓਰ ਅਤੇ ਇੱਕ ਵਿਜ਼ਨਰੀ ਲੀਡਰ ਵਜੋਂ ਪੇਸ਼ ਕਰਦੇ ਹਨ।

‘ਦੇਸੀ ਬਲਿੰਗ’ ਵਿੱਚ ਡਰਾਮਾ, ਆਪਸੀ ਝਗੜੇ, ਗੌਸਿਪ, ਗਲੈਮਰ ਅਤੇ ਸਾਜ਼ਿਸ਼ਾਂ ਸਭ ਕੁਝ ਹੈ। ਸਿੱਧੇ ਤੌਰ ‘ਤੇ ਕਹੀਏ ਤਾਂ ਹੋਰ ਸ਼ੋਅਜ਼ ਦੇ ਮੁਕਾਬਲੇ ਇਸ ਦੀ ਸ਼ਾਨੋ-ਸ਼ੌਕਤ ਦਾ ਪੱਧਰ 10 ਗੁਣਾ ਹੈ। ਪਰ ‘ਦੇਸੀ ਬਲਿੰਗ’ ਅਣਜਾਣੇ ਵਿੱਚ ਕਈ ਅਸਹਿਜ ਸਵਾਲ ਵੀ ਛੱਡ ਜਾਂਦਾ ਹੈ।

ਨਿਸ਼ਾ ਖੰਨਾ ਕਹਿੰਦੇ ਹਨ ਕਿ ਕਈ ਥਾਵਾਂ ‘ਤੇ ਤਾਬਿੰਦਾ ਪੁਰਸ਼ਵਾਦੀ ਸੋਚ ਨੂੰ ਅੱਗੇ ਵਧਾ ਰਹੇ ਹਨ ਅਤੇ ਖ਼ੁਦ ਵੀ ਇਸ ਦਾ ਸ਼ਿਕਾਰ ਹਨ।

ਸ਼ੋਅ ਵਿੱਚ ਤਾਬਿੰਦਾ ਉਸ ਸੰਘਰਸ਼ ਦੀ ਗੱਲ ਕਰਦੇ ਹਨ, ਜਦੋਂ ਉਹ ਅੱਠ ਸਾਲ ਤੱਕ ਮਾਂ ਨਹੀਂ ਬਣ ਸਕੇ ਸੀ।

ਉਹ ਕਹਿੰਦੇ ਹਨ, “ਬੱਚੇ ਤੋਂ ਬਿਨਾਂ ਬਹੁਤ ਮੁਸ਼ਕਲ ਹੁੰਦਾ ਹੈ। ਤੁਹਾਨੂੰ ਪਤਾ ਹੀ ਹੈ ਕਿ ਭਾਰਤੀ ਪਰਿਵਾਰਾਂ ਵਿੱਚ ਕਿਵੇਂ ਹੁੰਦਾ ਹੈ?”

ਤਾਬਿੰਦਾ ਨੇ ਆਪਣੇ ਐਂਬ੍ਰਿਓ ਲੰਡਨ ਵਿੱਚ ਫ੍ਰੀਜ਼ ਕਰਵਾਏ ਹੋਏ ਹਨ। ਉਹ ਆਈਵੀਐਫ਼ ਰਾਹੀਂ ਦੁਬਾਰਾ ਮਾਂ ਬਣਨਾ ਚਾਹੁੰਦੇ ਹਨ।

ਇਸ ਸ਼ੋਅ ਨੂੰ ਕਰਣ ਕੁੰਦਰਾ ਅਤੇ ਤੇਜ਼ਸਵੀ ਪ੍ਰਕਾਸ਼ ਨੇ ਹੋਸਟ ਕੀਤਾ ਹੈ

ਤਸਵੀਰ ਸਰੋਤ, Prodip Guha/Getty Images

ਪਰ ਕੀ ਤਾਬਿੰਦਾ ਲਈ ਦੁਬਾਰਾ ਮਾਂ ਬਣਨਾ ਆਪਣੇ ਪਤੀ ਨੂੰ ਮੁੜ ਹਾਸਲ ਕਰਨ ਦੀ ਇੱਕ ਆਖ਼ਰੀ ਕੋਸ਼ਿਸ਼ ਵਾਂਗ ਹੈ?

ਜਿਵੇਂ ਉਹ ਵਾਰ-ਵਾਰ ਕਹਿੰਦੀ ਹਨ – ਜੇ ਸਾਡੀ ਜ਼ਿੰਦਗੀ ਵਿੱਚ ਇੱਕ ਹੋਰ ਬੱਚਾ ਜਾਂ ਬੱਚੀ ਆ ਜਾਵੇ ਤਾਂ ਸ਼ਾਇਦ ਸਤੀਸ਼ ਪਾਰਟੀਆਂ ਵਿੱਚ ਜਾਣਾ ਛੱਡ ਦੇਣ ਅਤੇ ਸਾਡੇ ਮਸਲੇ ਹੱਲ ਹੋ ਜਾਣ।

ਜੇ ਪੂਰੇ ਸ਼ੋਅ ਦੀ ਗੱਲ ਕਰੀਏ ਤਾਂ ਬੇਹਿਸਾਬ ਦੌਲਤ, ਵੱਡੀਆਂ-ਵੱਡੀਆਂ ਗੱਡੀਆਂ, ਆਲੀਸ਼ਾਨ ਘਰ, ਗਲੈਮਰ ਅਤੇ ਦੁਬਈ ਦੀਆਂ ਪਾਰਟੀਆਂ – ‘ਦੇਸੀ ਬਲਿੰਗ’ ਦੇਖ ਕੇ ਇੱਕ ਵਾਰ ਲਈ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣ ਤਾਂ ਇਹ ਕੋਈ ਵੱਡੀ ਗੱਲ ਨਹੀਂ।

ਲਗਜ਼ਰੀ ਬ੍ਰਾਂਡ ਤਾਂ ਇੰਨੇ ਆਮ ਜਿਹੇ ਢੰਗ ਨਾਲ ਸਾਹਮਣੇ ਆਉਂਦੇ ਹਨ ਜਿਵੇਂ ਸਾਡੇ-ਤੁਹਾਡੇ ਘਰਾਂ ਵਿੱਚ ਆਲੂ-ਪਿਆਜ਼।

ਬਲਿੰਗ ਦਾ ਮਤਲਬ ਹੈ ਚਮਕਦਾਰ, ਕੀਮਤੀ ਅਤੇ ਦਿਖਾਵਟੀ ਚੀਜ਼ਾਂ।

‘ਦੇਸੀ ਬਲਿੰਗ’ ਸਿਰਫ਼ ਚਮਕ-ਦਮਕ ਦਾ ਹੀ ਨਹੀਂ, ਸਗੋਂ ਇਕੱਲਾਪੇ, ਖ਼ਾਲੀਪਣ ਅਤੇ ਅਧੂਰੇਪਣ ਦਾ ਵੀ ਸ਼ੋਅ ਹੈ, ਜਿਸ ਨੂੰ ਲਗਜ਼ਰੀ ਸਮਾਨ, ਗਹਿਣਿਆਂ ਅਤੇ ਨਗੀਨਿਆਂ ਨਾਲ ਢਕਿਆ ਜਾਂਦਾ ਹੈ।

ਇਹ ਮਨੋਰੰਜਨ ਵੀ ਹੈ ਅਤੇ ਜੇ ਚਾਹੋ ਤਾਂ ਇੱਕ ਸਿੱਖਿਆ ਵੀ। ‘ਦੇਸੀ ਬਲਿੰਗ’ ਵਿੱਚ ਕੀ ਦਿਖਾਵਟੀ ਹੈ ਅਤੇ ਕੀ ਕੀਮਤੀ, ਇਹ ਦਰਸ਼ਕਾਂ ਦੀ ਆਪਣੀ ਰਾਇ ਹੈ।

ਜਿਵੇਂ ਕਿ ਸਤੀਸ਼ ਸਨਪਾਲ ਕਹਿੰਦੇ ਹਨ, “ਮੈਂ ਹਿੰਦੀ ਵਿੱਚ ਜ਼ਿਆਦਾ ਗੱਲ ਕਰਦਾ ਹਾਂ ਕਿਉਂਕਿ ਮੈਨੂੰ ਅੰਗ੍ਰੇਜ਼ੀ ਬੋਲਣੀ ਨਹੀਂ ਆਉਂਦੀ, ਪਰ ਮੇਰਾ ਪੈਸਾ ਬੋਲਦਾ ਹੈ।”

ਹਾਂ, ਇਸ ਦੌਰਾਨ ਤਾਬਿੰਦਾ ਜ਼ਰੂਰ ਜ਼ੋਰਾਂ-ਸ਼ੋਰਾਂ ਨਾਲ ਛਾਏ ਹੋਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI