Source :- BBC PUNJABI

ਵਿਕਰਮ ਡਿਗਵਾ ਅਤੇ ਦਬਿੰਦਰਜੀਤ ਸਿੰਘ

ਤਸਵੀਰ ਸਰੋਤ, Police handout/BBC

ਯੂਕੇ ਸਿੱਖ ਫੈਡਰੇਸ਼ਨ ਦੇ ਇੱਕ ਪ੍ਰਮੁੱਖ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਇੱਕ ਯੂਨੀਵਰਸਿਟੀ ਵਿਦਿਆਰਥੀ ਦਾ ਇੱਕ ਸਿੱਖ ਵਿਅਕਤੀ ਵੱਲੋਂ ਕਿਰਪਾਨ ਨਾਲ ਕਤਲ ਕਰਨ ਮਗਰੋਂ ਪੂਰੀ ਕਮਿਊਨਿਟੀ ਨੂੰ “ਦੈਤ ਬਣਾ ਕੇ ਪੇਸ਼ ਕੀਤਾ ਗਿਆ” ਹੈ।

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ, ਵਿਕਰਮ ਡਿਗਵਾ ਨੂੰ ਸਾਊਥਹੈਂਪਟਨ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਕਿਰਪਾਨ ਨਾਲ ਮਾਰਨ ਤੋਂ ਬਾਅਦ ਹੈਨਰੀ ਨੋਵਾਕ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ 21 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ।

ਦਬਿੰਦਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਮੁਕੱਦਮੇ ਤੋਂ ਬਾਅਦ ਸਿੱਖ ਕਮਿਊਨਿਟੀ ਵਿਰੁੱਧ “ਨਫ਼ਰਤੀ ਅਪਰਾਧਾਂ ਵਿੱਚ ਵੱਡਾ ਵਾਧਾ” ਹੋਇਆ ਹੈ।

ਡਿਗਵਾ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ, ਪ੍ਰਮੁੱਖ ਸੱਜੇ ਪੱਖੀ ਹਸਤੀਆਂ, ਜਿਨ੍ਹਾਂ ਵਿੱਚ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਇਲੋਨ ਮਸਕ ਵੀ ਸ਼ਾਮਲ ਹਨ, ਨੇ ਕਿਰਪਾਨ ਰੱਖਣ ਸਬੰਧੀ ਮੌਜੂਦਾ ਯੂਕੇ ਕਾਨੂੰਨ ਦੀ ਆਲੋਚਨਾ ਕੀਤੀ ਹੈ।

ਦਬਿੰਦਰਜੀਤ ਸਿੰਘ ਨੇ ਕਿਹਾ, “ਮੌਜੂਦਾ ਸਿਆਸੀ ਮਾਹੌਲ ਨੂੰ ਦੇਖਦਿਆਂ, ਉਸ ਬਿਆਨਬਾਜ਼ੀ ਨੇ ਸਿੱਖਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਹੈ ਕਿ ‘ਸਾਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ’।”

“ਕਿਉਂਕਿ ਇਹ ਕਿਸੇ ਵੀ ਭਾਈਚਾਰੇ ਨਾਲ ਹੋ ਸਕਦਾ ਹੈ, ਕੋਈ ਇੱਕ ਵਿਅਕਤੀ ਕਾਨੂੰਨ ਤੋੜ ਕੇ ਕਿਸੇ ਦਾ ਕਤਲ ਕਰ ਸਕਦਾ ਹੈ, ਪਰ ਇਸ ਦੇ ਆਧਾਰ ‘ਤੇ ਤੁਸੀਂ ਪੂਰੇ ਭਾਈਚਾਰੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ।”

ਦਬਿੰਦਰਜੀਤ ਸਿੰਘ

ਕਿਰਪਾਨ ਬਾਰੇ ਮੌਜੂਦਾ ਕਾਨੂੰਨ

ਮੁਕੱਦਮੇ ਤੋਂ ਬਾਅਦ, ਯੂਕੇ ਸਿੱਖ ਫੈਡਰੇਸ਼ਨ ਨੇ ਗ੍ਰਹਿ ਸਕੱਤਰ ਸ਼ਬਾਨਾ ਮਹਿਮੂਦ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਵੀ ਉਸੇ ਤਰ੍ਹਾਂ ਦਰਜ ਕੀਤਾ ਜਾਵੇ ਜਿਵੇਂ ਯਹੂਦੀਆਂ ਅਤੇ ਮੁਸਲਮਾਨਾਂ ਵਿਰੁੱਧ ਅਪਰਾਧਾਂ ਨੂੰ ਕੀਤਾ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਇਹ ਮਾਮਲਾ ਅਤੇ ਇਸ ਨਾਲ ਜੁੜਿਆ ਧਿਆਨ “ਕਾਫ਼ੀ ਮੁਸ਼ਕਲ” ਰਿਹਾ ਹੈ, ਕਿਉਂਕਿ ਇਸ ਨੇ “ਸਾਡੇ ਧਰਮ ਅਤੇ ਮਾਨਤਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।”

ਉਨ੍ਹਾਂ ਕਿਹਾ, “ਇਹ ਸਿੱਖ ਭਾਈਚਾਰੇ ਜਾਂ ਸਿੱਖ ਧਰਮ ਦਾ ਮਾਮਲਾ ਨਹੀਂ ਹੈ, ਇਹ ਇੱਕ ਵਿਅਕਤੀ ਦਾ ਮਾਮਲਾ ਹੈ ਅਤੇ ਮੌਜੂਦਾ ਸਿਆਸੀ ਮਾਹੌਲ ਵਿੱਚ ਇਹ ਗੱਲ ਲੋਕਾਂ ਤੱਕ ਪਹੁੰਚਾਉਣਾ ਬਹੁਤ ਮੁਸ਼ਕਲ ਸਾਬਤ ਹੋਇਆ ਹੈ।”

ਖ਼ਾਸ ਤੌਰ ‘ਤੇ, ਸਿੱਖਾਂ ਦੀ ਧਾਰਮਿਕ ਅਤੇ ਪਵਿੱਤਰ ਮੰਨੀ ਜਾਣ ਵਾਲੀ ਕਿਰਪਾਨ ਸਬੰਧੀ ਕਾਨੂੰਨ ‘ਤੇ ਕੁਝ ਸਿਆਸਤਦਾਨਾਂ ਅਤੇ ਟਿੱਪਣੀਕਾਰਾਂ ਵੱਲੋਂ ਸਵਾਲ ਚੁੱਕੇ ਗਏ ਹਨ।

ਹੈਨਰੀ ਨੋਵਾਕ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Police handout

ਮੌਜੂਦਾ ਕਾਨੂੰਨ ਤਹਿਤ, ਅੰਮ੍ਰਿਤਧਾਰੀ ਸਿੱਖ ਆਪਣੇ ਸਰੀਰ ਦੇ ਨੇੜੇ ਇੱਕ ਛੋਟੀ, ਮੁੜੀ ਹੋਈ ਧਾਰ ਵਾਲੀ ਕਿਰਪਾਨ ਧਾਰਨ ਕਰ ਸਕਦਾ ਹੈ, ਪਰ ਹਮਲਾਵਰ ਇਰਾਦੇ ਨਾਲ ਇਸ ਨੂੰ ਬਾਹਰ ਕੱਢਣਾ ਗ਼ੈਰ-ਕਾਨੂੰਨੀ ਹੈ।

ਫੌਜਦਾਰੀ ਨਿਆਂ ਕਾਨੂੰਨ 1988 ਦੀ ਧਾਰਾ 139 ਅਨੁਸਾਰ, ਜੇ ਕਿਸੇ ਵਿਅਕਤੀ ‘ਤੇ ਜਨਤਕ ਥਾਂ ‘ਤੇ ਧਾਰ ਵਾਲੀ ਜਾਂ ਨੋਕਦਾਰ ਵਸਤੂ ਰੱਖਣ ਦਾ ਇਲਜ਼ਾਮ ਲੱਗਦਾ ਹੈ, ਤਾਂ ਉਹ ਇਹ ਸਾਬਤ ਕਰਕੇ ਆਪਣਾ ਬਚਾਅ ਕਰ ਸਕਦਾ ਹੈ ਕਿ ਉਹ ਵਸਤੂ ਉਸ ਕੋਲ ਧਾਰਮਿਕ ਕਾਰਨਾਂ ਕਰਕੇ ਸੀ।

ਇਹ ਕਾਨੂੰਨ ਉਨ੍ਹਾਂ ਲੋਕਾਂ ‘ਤੇ ਵੀ ਲਾਗੂ ਹੁੰਦਾ ਹੈ ਜੋ ਇਸ ਤਰ੍ਹਾਂ ਦੀ ਵਸਤੂ ਆਪਣੀ ਰਵਾਇਤੀ ਕੌਮੀ ਪਹਿਰਾਵੇ ਦੇ ਹਿੱਸੇ ਵਜੋਂ ਧਾਰਨ ਕਰਦੇ ਹਨ, ਜਿਵੇਂ ਕਿ ਸਕਾਟਲੈਂਡ ਦੇ ਹਾਈਲੈਂਡ ਪਹਿਰਾਵੇ ਨਾਲ ਪਹਿਨੀ ਜਾਣ ਵਾਲੀ ‘ਸਗੀਅਨ ਡੂ’ ਧਾਰ ਵਾਲੀ ਵਸਤੂ।

ਜੇ ਇਹ ਵਸਤੂ ਕਿਸੇ ਹਿੰਸਕ ਕਾਰਵਾਈ ਵਿੱਚ ਵਰਤੀ ਜਾਂਦੀ ਹੈ, ਤਾਂ ਇਸ ਨੂੰ ਹਮਲਾਵਰ ਹਥਿਆਰ ਮੰਨਿਆ ਜਾਂਦਾ ਹੈ।

ਵਿਕਰਮ ਡਿਗਵਾ

ਤਸਵੀਰ ਸਰੋਤ, Police handout

ਵੀਰਵਾਰ ਨੂੰ ਫ਼ੈਸਲਾ ਆਉਣ ਤੋਂ ਬਾਅਦ, ਯੂਕੇ ਸਿੱਖ ਫੈਡਰੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ, “ਜੋ ਪੂਰੀ ਤਰ੍ਹਾਂ ਸਿੱਖ ਰਹਿਤ ਮਰਿਯਾਦਾ ਅਨੁਸਾਰ ਜੀਵਨ ਬਤੀਤ ਕਰਦੇ ਹਨ ਅਤੇ ਕਿਰਪਾਨ ਧਾਰਨ ਕਰਦੇ ਹਨ, ਉਨ੍ਹਾਂ ਨੂੰ ਇਸ ਨਾਲ ਜੁੜੀ ਗੰਭੀਰ ਜ਼ਿੰਮੇਵਾਰੀ ਨੂੰ ਸਮਝਦੇ ਰਹਿਣਾ ਚਾਹੀਦਾ ਹੈ।”

“ਇਸ ਦੇ ਨਾਲ ਹੀ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਖ਼ਾਲਿਸ ਧਾਰਮਿਕ ਮਕਸਦ ਲਈ ਇਸ ਨੂੰ ਧਾਰਨ ਕਰਨ ਸੰਬੰਧੀ ਕਾਨੂੰਨੀ ਸੁਰੱਖਿਆ ਸੀਮਤ ਹੈ।”

ਫੈਡਰੇਸ਼ਨ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਡਿਗਵਾ ਵੱਲੋਂ ਵਰਤੀ ਗਈ ਵੱਡੀ ਧਾਰ ਵਾਲੀ ਵਸਤੂ “ਉਹ ਆਮ ਕਿਰਪਾਨ ਨਹੀਂ ਸੀ ਜੋ ਪੂਰੀ ਤਰ੍ਹਾਂ ਸਿੱਖ ਰਹਿਤ ਮਰਿਯਾਦਾ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਸਿੱਖ ਧਾਰਨ ਕਰਦੇ ਹਨ।”

ਇਸ ਨੇ ਅੱਗੇ ਕਿਹਾ, “ਅਸੀਂ ਇਹੀ ਸਪੱਸ਼ਟ ਕਰਨਾ ਚਾਹੁੰਦੇ ਸੀ ਕਿ ਅਸਲ ਵਿੱਚ ਦੋਸ਼ੀ ਨੇ ਅਜਿਹੀ ਵਸਤੂ ਵਰਤੀ ਜਿਸ ਨੂੰ ਸਿਰਫ਼ ਇੱਕ ਹਮਲਾਵਰ ਹਥਿਆਰ ਹੀ ਕਿਹਾ ਜਾ ਸਕਦਾ ਹੈ।”

ਸਿੰਘ ਨੇ ਕਿਹਾ, “ਇਸ ਤਰ੍ਹਾਂ ਦੀ ਕੋਈ ਘਟਨਾ ਪਹਿਲਾਂ ਨਹੀਂ ਹੋਈ, ਪਰ ਫਿਰ ਵੀ ਭਾਈਚਾਰੇ ਲਈ ਕੁਝ ਕਰਨ ਦੀ ਲੋੜ ਹੈ, ਤਾਂ ਜੋ ਹਰ ਉਹ ਸਿੱਖ ਜੋ ਕਿਰਪਾਨ ਧਾਰਨ ਕਰਦਾ ਹੈ, ਕਾਨੂੰਨ ਨੂੰ ਸਮਝੇ ਅਤੇ ਇਹ ਵੀ ਸਮਝੇ ਕਿ ਜੇ ਤੁਸੀਂ ਆਪਣੀ ਕਿਰਪਾਨ ਨੂੰ ਹਮਲਾਵਰ ਢੰਗ ਨਾਲ ਵਰਤਦੇ ਹੋ, ਤਾਂ ਉਹ ਕਿਰਪਾਨ ਨਹੀਂ ਰਹਿੰਦੀ।”

“ਉਹ ਇੱਕ ਹਮਲਾਵਰ ਹਥਿਆਰ ਬਣ ਜਾਂਦੀ ਹੈ, ਗੱਲ ਇੰਨੀ ਹੀ ਸਧਾਰਨ ਹੈ।”

ਕਿਰਪਾਨ

ਫ਼ੈਸਲੇ ਤੋਂ ਬਾਅਦ, ਰੀਫਾਰਮ ਯੂਕੇ ਦੇ ਸੰਸਦ ਮੈਂਬਰ ਰਾਬਰਟ ਜੈਨਰਿਕ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਜਨਤਕ ਥਾਵਾਂ ‘ਤੇ ਇਸ ਧਾਰ ਵਾਲੀ ਵਸਤੂ ਨੂੰ ਲੈ ਕੇ ਜਾਣ ‘ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰੇਗੀ।

ਇਸੇ ਦੌਰਾਨ, ਇਲੋਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਮੰਚ ਐਕਸ ‘ਤੇ ਨੋਵਾਕ ਨੂੰ ਚਾਕੂ ਮਾਰੇ ਜਾਣ ਦੀ ਘਟਨਾ ਪ੍ਰਤੀ ਪੁਲਿਸ ਦੀ ਪ੍ਰਤੀਕਿਰਿਆ ਦੀ ਵਾਰ-ਵਾਰ ਆਲੋਚਨਾ ਕੀਤੀ ਹੈ।

ਸਿੰਘ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਜਿਵੇਂ-ਜਿਵੇਂ ਇਸ ਮਾਮਲੇ ਦੀ ਰਿਪੋਰਟਿੰਗ ਹੋ ਰਹੀ ਸੀ, ਸਿਆਸਤਦਾਨ, ਇਲੋਨ ਮਸਕ ਅਤੇ ਹੋਰ ਲੋਕ ਵੀ ਇਸ ਵਿਚ ਸ਼ਾਮਲ ਹੋ ਗਏ।”

“ਬਦਕਿਸਮਤੀ ਨਾਲ, ਇਸ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਭਾਈਚਾਰੇ ਨੂੰ ਬਹੁਤ ਬਾਰੀਕੀ ਨਾਲ ਦੇਖਿਆ ਜਾਣ ਲੱਗਾ ਅਤੇ ਸਵਾਲ ਪੁੱਛਿਆ ਜਾਣ ਲੱਗਾ ਕਿ ਸਿੱਖਾਂ ਨੂੰ ਕਾਨੂੰਨੀ ਤੌਰ ‘ਤੇ ਕਿਰਪਾਨ ਧਾਰਨ ਕਰਨ ਦੀ ਇਜਾਜ਼ਤ ਕਿਉਂ ਹੈ। ਇਸ ਮਾਹੌਲ ਵਿੱਚ ਇਸ ਦੀ ਵਿਆਖਿਆ ਕਰਨਾ ਭਾਈਚਾਰੇ ਲਈ ਕਾਫ਼ੀ ਮੁਸ਼ਕਲ ਰਿਹਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI