Source :- BBC PUNJABI

ਅਭਿਜੀਤ ਦੀਪਕੇ

ਤਸਵੀਰ ਸਰੋਤ, ANI

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਸ਼ਨੀਵਾਰ (6 ਜੂਨ 2026) ਨੂੰ ਦਿੱਲੀ ਪਹੁੰਚਣ ਨਾਲ ਹੀ ਦਿੱਲੀ ਦੇ ਜੰਤਰ-ਮੰਤਰ ‘ਤੇ ਹਜ਼ਾਰਾਂ ਲੋਕਾਂ ਦਾ ਪ੍ਰਦਰਸ਼ਨ ਦੇਰ ਸ਼ਾਮ ਖ਼ਤਮ ਹੋ ਗਿਆ।

ਪ੍ਰਦਰਸ਼ਨ ਵਿੱਚ ਸ਼ਾਮਲ ਲੋਕ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ।

ਸ਼ਨੀਵਾਰ ਸਵੇਰੇ ਅਭਿਜੀਤ ਦੀਪਕੇ ਨੇ ਅਮਰੀਕਾ ਤੋਂ ਦਿੱਲੀ ਆਉਣ ਤੋਂ ਬਾਅਦ ਹਵਾਈ ਅੱਡੇ ਤੋਂ ਉਤਰਦੇ ਹੀ ਕਿਹਾ ਕਿ ਸੀ ਧਰਮੇਂਦਰ ਪ੍ਰਧਾਨ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਪੇਪਰ ਲੀਕ ਹੋਣ ਕਾਰਨ ਨੀਟ ਦੀ ਪ੍ਰੀਖਿਆ ਦੇਣ ਵਾਲੇ ਕਈ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ।

ਇਸ ਤੋਂ ਪਹਿਲਾਂ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਦੱਸਿਆ ਸੀ ਕਿ ਕਾਕਰੋਚ ਜਨਤਾ ਪਾਰਟੀ ਨੂੰ ਦਿੱਲੀ ਪੁਲਿਸ ਤੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਮਿਲ ਗਈ ਹੈ।

ਕਾਕਰੋਚ ਜਨਤਾ ਪਾਰਟੀ ਦੀ ਸ਼ੁਰੂਆਤ ਇੱਕ ਆਨਲਾਈਨ ਵਿਅੰਗਾਤਮਕ ਅੰਦੋਲਨ ਵਜੋਂ ਹੋਈ ਸੀ।

ਇਹ ‘ਆਨਲਾਈਨ ਮੂਵਮੈਂਟ’ ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਦੀ ਉਸ ਟਿੱਪਣੀ ਦੇ ਵਿਰੋਧ ਵਿੱਚ ਹੋਇਆ ਸੀ, ਜਿਸ ਵਿੱਚ ਉਨ੍ਹਾਂ ਨੇ ਕੁਝ ‘ਫ਼ੇਕ ਡਿਗਰੀ ਵਾਲੇ ਨੌਜਵਾਨਾਂ’ ਦੀ ਤੁਲਨਾ ਕਾਕਰੋਚ ਨਾਲ ਕੀਤੀ ਸੀ।

ਲਗਭਗ ਦੋ ਹਫ਼ਤੇ ਪਹਿਲਾਂ ਹੀ ਸ਼ੁਰੂ ਹੋਏ ਇਸ ਆਨਲਾਈਨ ਅੰਦੋਲਨ ਨੂੰ ਕਾਫ਼ੀ ਲੋਕਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਇੰਸਟਾਗ੍ਰਾਮ, ਐਕਸ ਅਤੇ ਫੇਸਬੁੱਕ ‘ਤੇ ਇਸ ਦੇ ਫ਼ਾਲੋਅਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਚੁੱਕੀ ਹੈ।

ਜੰਤਰ-ਮੰਤਰ ‘ਤੇ ਕੀ ਹੋਇਆ?

ਸ਼ਨੀਵਾਰ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਦੇ ਨੌਜਵਾਨ

ਤਸਵੀਰ ਸਰੋਤ, ANI

ਸ਼ਨੀਵਾਰ ਨੂੰ ਅਭਿਜੀਤ ਦੀਪਕੇ ਦੇ ਜੰਤਰ-ਮੰਤਰ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਦਾ ਉੱਥੇ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ।

ਦਿੱਲੀ ਹਵਾਈ ਅੱਡੇ ਤੋਂ ਜੰਤਰ-ਮੰਤਰ ਤੱਕ ਪਹੁੰਚਣ ਦੇ ਨਾਲ ਹੀ ਲਗਭਗ ਦੋ ਤੋਂ ਤਿੰਨ ਹਜ਼ਾਰ ਸਮਰਥਕ ਉੱਥੇ ਇਕੱਠੇ ਹੋ ਗਏ।

ਅਭਿਜੀਤ ਦੀਪਕੇ ਨੇ ਜੰਤਰ-ਮੰਤਰ ‘ਤੇ ਪਹੁੰਚ ਕੇ ਕਿਹਾ, “ਪਿਛਲੇ 5, 10 ਦਿਨਾਂ ਤੋਂ ਲੋਕ ਮੈਨੂੰ ਸਵਾਲ ਕਰ ਰਹੇ ਸਨ ਕਿ ਸੋਸ਼ਲ ਮੀਡੀਆ ‘ਤੇ ਪੇਜ ਚਲਾ ਕੇ ਕੀ ਹੋਵੇਗਾ। ਉਨ੍ਹਾਂ ਲੋਕਾਂ ਨੂੰ ਕੈਮਰਾ ਘੁੰਮਾ ਕੇ ਇਹ ਦਿਖਾ ਦਿਓ ਕਿ ਜੰਤਰ-ਮੰਤਰ ‘ਤੇ ਕਿੰਨੇ ਕਾਕਰੋਚ ਘਰ ਤੋਂ ਬਾਹਰ ਨਿੱਕਲ ਕੇ ਆਏ ਹਨ।”

ਉਨ੍ਹਾਂ ਦਾਅਵਾ ਕੀਤਾ ਕਿ “ਮਹਿਜ਼ ਇੱਕ-ਦੋ ਦਿਨਾਂ ਵਿੱਚ ਸਾਡੇ ਨਾਲ ਲੱਖਾਂ ਵਿਦਿਆਰਥੀ ਹੋਣਗੇ। ਇਹ ਕਾਕਰੋਚ ਜਨਤਾ ਪਾਰਟੀ ਕੋਈ ਪਲਾਨ ਕੀਤੀ ਹੋਈ ਪਾਰਟੀ ਨਹੀਂ ਹੈ। ਇਹ ਹਰ ਇੱਕ ਵਿਦਿਆਰਥੀ ਦੀ ਆਵਾਜ਼ ਹੈ, ਜੋ ਸਰਕਾਰ ਤੋਂ ਨਾਰਾਜ਼ ਹੈ।”

ਉਨ੍ਹਾਂ ਕਿਹਾ, “10-12 ਸਾਲਾਂ ਤੋਂ ਇਨ੍ਹਾਂ ਲੋਕਾਂ ਨੇ ਸਾਨੂੰ ਹਿੰਦੂ-ਮੁਸਲਮਾਨ ਦੀ ਸਿਆਸਤ ਵਿੱਚ ਫਸਾ ਕੇ ਰੱਖਿਆ ਹੋਇਆ ਹੈ, ਇਸ ਨਾਲ ਕਿਸ ਨੂੰ ਫ਼ਾਇਦਾ ਹੋਇਆ? ਕੀ ਹਿੰਦੂ-ਮੁਸਲਮਾਨ ਕਰਨ ਨਾਲ ਦੇਸ਼ ਵਿੱਚ ਕਿਸੇ ਨੂੰ ਵੀ ਨੌਕਰੀਆਂ ਮਿਲੀਆਂ?”

ਦੀਪਕੇ ਨੇ ਕਿਹਾ, “ਮੇਰੀ ਮਾਂ ਨੂੰ ਬਹੁਤ ਡਰ ਸੀ ਕਿ ਇਹ ਸਰਕਾਰ ਮੈਨੂੰ ਜੇਲ੍ਹ ਵਿੱਚ ਪਾ ਦੇਵੇਗੀ। ਇਸ ਦੇਸ਼ ਵਿੱਚ ਉਸ ਹਰ ਮਾਂ ਨੂੰ ਇਹ ਡਰ ਹੁੰਦਾ ਹੈ, ਜਦੋਂ ਉਸ ਦਾ ਬੱਚਾ ਇਸ ਸਰਕਾਰ ਦੇ ਖ਼ਿਲਾਫ਼ ਆਵਾਜ਼ ਉਠਾਉਂਦਾ ਹੈ। ਅਸੀਂ ਕਦੋਂ ਤੱਕ ਇਸ ਸਰਕਾਰ ਤੋਂ ਡਰ ਕੇ ਜੀਵਾਂਗੇ?”

ਨੌਜਵਾਨਾਂ ਵਿੱਚ ਨਜ਼ਰ ਆਇਆ ਗੁੱਸਾ

ਸ਼ਨੀਵਾਰ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਦੇ ਨੌਜਵਾਨ

ਤਸਵੀਰ ਸਰੋਤ, ANI

ਕਾਕਰੋਚ ਪਾਰਟੀ ਦੇ ਇਸ ਪ੍ਰਦਰਸ਼ਨ ਵਿੱਚ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਵੀ ਸ਼ਾਮਲ ਹੋਏ।

ਇਸ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੇ ਦੱਸਿਆ ਕਿ ਜੰਤਰ-ਮੰਤਰ ‘ਤੇ ਅਭਿਜੀਤ ਦੀਪਕੇ ਦੇ ਪਹੁੰਚਣ ਤੱਕ ਕਈ ਹਜ਼ਾਰ ਲੋਕ ਇਕੱਠੇ ਹੋ ਚੁੱਕੇ ਸਨ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਨੀਟ ਪੇਪਰ ਲੀਕ ਨੂੰ ਲੈ ਕੇ ਕਾਫ਼ੀ ਗੁੱਸਾ ਨਜ਼ਰ ਆਇਆ ਅਤੇ ਉਹ ਕਾਕਰੋਚ ਜਨਤਾ ਪਾਰਟੀ ਦੀ ਇਸ ਮੰਗ ਦਾ ਸਮਰਥਨ ਕਰਦੇ ਦਿਖੇ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਇੱਥੇ ਆ ਰਹੇ ਕਈ ਨੌਜਵਾਨ ਮੁੰਡੇ-ਕੁੜੀਆਂ ਇਹ ਸਵਾਲ ਉਠਾ ਰਹੇ ਸਨ ਕਿ ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨਾ ਤਾਂ ਦੂਰ, ਸਰਕਾਰ ਉਹਨਾਂ ਪ੍ਰੀਖਿਆਵਾਂ ਨੂੰ ਵੀ ਠੀਕ ਤਰ੍ਹਾਂ ਨਹੀਂ ਕਰਵਾ ਪਾ ਰਹੀ ਹੈ, ਜਿਨ੍ਹਾਂ ‘ਤੇ ਦੇਸ਼ ਦੇ ਲੱਖਾਂ ਨੌਜਵਾਨਾਂ ਦਾ ਭਵਿੱਖ ਟਿਕਿਆ ਹੋਇਆ ਹੈ।

ਦਿਲਨਵਾਜ਼ ਪਾਸ਼ਾ ਨੇ ਦੱਸਿਆ ਕਿ ਉੱਥੇ ਇਸ ਪ੍ਰਦਰਸ਼ਨ ਵਿੱਚ ਹਿੰਦੂਵਾਦੀ ਸੰਗਠਨਾਂ ਦੇ ਲੋਕ ਵੀ ਇਕੱਠੇ ਸਨ ਪਰ ਉਨ੍ਹਾਂ ਦੀ ਗਿਣਤੀ ਜ਼ਿਆਦਾ ਨਹੀਂ ਸੀ।

ਸਿਆਸੀ ਪਾਰਟੀਆਂ ਕੀ ਕਹਿ ਰਹੀਆਂ

ਸ਼ਿਵਸੈਨਾ (ਯੂਬੀਟੀ) ਦੇ ਮੁਖੀ ਉੱਧਵ ਠਾਕਰੇ

ਤਸਵੀਰ ਸਰੋਤ, Getty Images

ਵਿਰੋਧੀ ਸਿਆਸੀ ਪਾਰਟੀਆਂ ਨੇ ਕਾਕਰੋਚ ਜਨਤਾ ਪਾਰਟੀ ਦੇ ਸਮਰਥਨ ਵਿੱਚ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ।

ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਫੇਸਬੁੱਕ ‘ਤੇ ਬੀਬੀਸੀ ਨਿਊਜ਼ ਹਿੰਦੀ ਦਾ ਇੱਕ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਘਮੰਡੀ ਹਾਕਮਾਂ ਤੱਕ ਪਹੁੰਚੇ ਇਹ ਆਵਾਜ਼, ਹੁਣ ਨੌਜਵਾਨਾਂ ਨੇ ਵੀ ਕਰ ਦਿੱਤਾ ਹੈ ਇਨਕਲਾਬ।”

ਸ਼ਿਵਸੈਨਾ (ਯੂਬੀਟੀ) ਦੇ ਮੁਖੀ ਉੱਧਵ ਠਾਕਰੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਨੀਟ ਪੇਪਰ ਲੀਕ ਨੇ ਲੱਖਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਤੋੜ ਦਿੱਤਾ ਹੈ। ਇਹ ਸਾਰੇ ਪੀੜਤ ਨੌਜਵਾਨ ਮੁੰਡੇ-ਕੁੜੀਆਂ ਹੁਣ ‘ਕਾਕਰੋਚ’ ਬਣ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਹੀ ਪਵੇਗੀ। ਇਨ੍ਹਾਂ ‘ਕਾਕਰੋਚਾਂ’ ਨੂੰ ਘੱਟ ਨਾ ਸਮਝੋ। ਜੰਤਰ-ਮੰਤਰ ਦੇ ਅੰਦੋਲਨ ਨੇ ਸਰਕਾਰ ਨੂੰ ਇਹੀ ਚੇਤਾਵਨੀ ਦਿੱਤੀ ਹੈ।”

ਸ਼ਿਵਸੈਨਾ ਆਗੂ ਅਤੇ ਸਾਬਕਾ ਰਾਜ ਸਭਾ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਹੈ ਕਿ ਕਾਕਰੋਚ ਜਨਤਾ ਪਾਰਟੀ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਦੇਕੇ ਦਿੱਲੀ ਪੁਲਿਸ ਨੇ ਠੀਕ ਕੰਮ ਕੀਤਾ ਹੈ।

ਪ੍ਰਿਯੰਕਾ ਚਤੁਰਵੇਦੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ‘ਤੇ ਲਿਖਿਆ, “ਸ਼ਾਇਦ ਪਹਿਲੀ ਵਾਰ ਦਿੱਲੀ ਪੁਲਿਸ ਨੇ ਸਹੀ ਕੰਮ ਕੀਤਾ ਹੈ, ਸੀਜੇਪੀ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਦੇਕੇ।”

ਸਿਆਸੀ ਕਾਰਕੁਨ ਅਤੇ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੇ ਐਕਸ ‘ਤੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੇ ਸਮਰਥਨ ਵਿੱਚ ਵਿਨੋਦ ਕੁਮਾਰ ਸ਼ੁਕਲ ਦੀ ਇੱਕ ਕਵਿਤਾ ਪੜ੍ਹੀ।

ਵਿਸ਼ਲੇਸ਼ਕ ਕੀ ਕਹਿ ਰਹੇ ਹਨ?

ਕਾਕਰੋਚ ਪਾਰਟੀ ਦੇ ਇਸ ਪ੍ਰਦਰਸ਼ਨ ਵਿੱਚ ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਵੀ ਸ਼ਾਮਲ ਹੋਏ

ਤਸਵੀਰ ਸਰੋਤ, ANI

ਕਾਕਰੋਚ ਜਨਤਾ ਪਾਰਟੀ ਦੇ ਇਸ ਪ੍ਰਦਰਸ਼ਨ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਰਹੀ।

ਲੋਕ ਇਸ ਪ੍ਰਦਰਸ਼ਨ ਤੋਂ ਨਿਕਲੇ ਸੰਦੇਸ਼ ਦਾ ਵਿਸ਼ਲੇਸ਼ਣ ਕਰ ਰਹੇ ਹਨ। ਉਹ ਇਹ ਸਵਾਲ ਵੀ ਪੁੱਛ ਰਹੇ ਹਨ ਕਿ ਆਮ ਤੌਰ ‘ਤੇ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਨੂੰ ਲੈਕੇ ਸਖ਼ਤ ਨਜ਼ਰ ਆਉਣ ਵਾਲੀ ਮੋਦੀ ਸਰਕਾਰ ਨੇ ਇਸਦੀ ਇਜਾਜ਼ਤ ਇੰਨੀ ਆਸਾਨੀ ਨਾਲ ਕਿਵੇਂ ਦੇ ਦਿੱਤੀ।

ਇਸਦੇ ਨਾਲ ਹੀ ਪ੍ਰਦਰਸ਼ਨ ਦੇ ਅਸਰ ਅਤੇ ਇਸ ਦੇ ‘ਆਨਲਾਈਨ ਮੂਵਮੈਂਟ’ ਦੇ ਭਵਿੱਖ ‘ਤੇ ਵੀ ਚਰਚਾ ਹੋ ਰਹੀ ਹੈ।

ਸੀਨੀਅਰ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਸਮਿਤਾ ਗੁਪਤਾ ਨੇ ਇਸ ਬਾਰੇ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲ ਕਰਦਿਆਂ ਕਿਹਾ, ”ਸਰਕਾਰ ਬੰਗਲਾਦੇਸ਼ ਅਤੇ ਨੇਪਾਲ ਵਿੱਚ ਜ਼ੈਨ ਜ਼ੀ ਦੇ ਅੰਦੋਲਨ ਦੇਖ ਚੁੱਕੀ ਹੈ। ਚੀਫ਼ ਜਸਟਿਸ ਸੂਰਿਆਕਾਂਤ ਦੇ ਕਾਕਰੋਚ ਵਾਲੇ ਬਿਆਨ ਅਤੇ ਉਸ ਤੋਂ ਬਾਅਦ ਉਸ ‘ਤੇ ਹੋਈ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਸਰਕਾਰ ਨੂੰ ਇਹ ਅੰਦੋਲਨ ਯਾਦ ਆ ਗਏ ਅਤੇ ਉਸਨੇ ਇਸ ਨੂੰ ਥੋੜ੍ਹਾ ਸਪੇਸ ਦੇਣ ਦਾ ਮਨ ਬਣਾ ਲਿਆ।”

”ਉਸ ਦਾ ਇੱਕ ਮਕਸਦ ਇਹ ਵੀ ਸੀ ਕਿ ਇਸ ਦੇ ਜ਼ਰੀਏ ਇਸ ਦੀ ਵਾਟਰ ਟੈਸਟਿੰਗ ਵੀ ਹੋ ਜਾਵੇਗੀ ਕਿ ਆਖ਼ਿਰ ਇਸ ਵਿੱਚ ਕਿੰਨਾ ਦਮ ਹੈ। ਇਸ ਲਈ ਦਿੱਲੀ ਪੁਲਿਸ ਨੇ ਆਸਾਨੀ ਨਾਲ ਪ੍ਰਦਰਸ਼ਨ ਦੀ ਇਜਾਜ਼ਤ ਦੇ ਦਿੱਤੀ।”

ਉਨ੍ਹਾਂ ਕਿਹਾ, ”ਪੇਪਰ ਲੀਕ ਦਾ ਮੁੱਦਾ ਹਰ ਪਰਿਵਾਰ ਨੂੰ ਛੂਹਣ ਵਾਲਾ ਮੁੱਦਾ ਹੈ। ਇਸ ਲਈ ਲੋਕਾਂ ਵਿੱਚ ਗੁੱਸਾ ਵੀ ਹੈ। ਸਰਕਾਰ ਇਸ ਗੁੱਸੇ ਨੂੰ ਸ਼ਾਂਤ ਹੋਣ ਦੇਣਾ ਚਾਹੁੰਦੀ ਸੀ।”

”ਇਸ ਤੋਂ ਪਹਿਲਾਂ ਨਾਰਵੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਨੌਜਵਾਨ ਪੱਤਰਕਾਰ ਵੱਲੋਂ ਸਵਾਲ ਪੁੱਛੇ ਜਾਣ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਸੀ। ਇਸ ਲਈ ਵੀ ਉਹ ਬੈਕਫੁੱਟ ‘ਤੇ ਸੀ।”

ਸੀਨੀਅਰ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਸਮਿਤਾ ਗੁਪਤਾ

ਸਮਿਤਾ ਗੁਪਤਾ ਨੇ ਕਿਹਾ, ”ਜਦੋਂ ਚੋਣਾਂ ਹੁੰਦੀਆਂ ਹਨ ਤਾਂ ਬੇਰੋਜ਼ਗਾਰੀ ਨੂੰ ਸਭ ਤੋਂ ਵੱਡਾ ਮੁੱਦਾ ਦੱਸਿਆ ਜਾਂਦਾ ਹੈ। ਪਰ ਇੱਥੇ ਤਾਂ ਨੌਜਵਾਨ ਦੇਖ ਰਹੇ ਹਨ ਕਿ ਰੋਜ਼ਗਾਰ ਮਿਲਣਾ ਤਾਂ ਦੂਰ, ਉਨ੍ਹਾਂ ਦਾ ਪ੍ਰੀਖਿਆ ਲਈ ਬੈਠਣਾ ਵੀ ਮੁਸ਼ਕਿਲ ਹੋ ਗਿਆ ਹੈ। ਨੌਜਵਾਨਾਂ ਵਿੱਚ ਬੇਚੈਨੀ ਹੈ। ਭਵਿੱਖ ਹਨ੍ਹੇਰੇ ਵਿੱਚ ਹੈ।”

ਆਖ਼ਿਰ ਇਸ ਤਰ੍ਹਾਂ ਦੇ ਆਨਲਾਈਨ ਪਲੇਟਫ਼ਾਰਮ ਤੋਂ ਸ਼ੁਰੂ ਕਰਕੇ ਪ੍ਰਦਰਸ਼ਨ ਦਾ ਭਵਿੱਖ ਕੀ ਹੈ? ਕੀ ਇਹ ਭਵਿੱਖ ਵਿੱਚ ਕੋਈ ਸਿਆਸੀ ਤਾਕਤ ਬਣ ਸਕੇਗਾ?

ਸਮਿਤਾ ਗੁਪਤਾ ਨੇ ਕਿਹਾ, ”ਕੁਝ ਸਾਲ ਪਹਿਲਾਂ ਕਨ੍ਹਈਆ ਕੁਮਾਰ ਦੀ ਅਗਵਾਈ ਵਿੱਚ ਜੇਐਨਯੂ ਵਿੱਚ ਚੱਲਿਆ ਅੰਦੋਲਨ ਲੋਕਤੰਤਰ, ਪ੍ਰਗਟਾਵੇ ਦੀ ਆਜ਼ਾਦੀ ਵਰਗੇ ਵੱਡੇ ਮੁੱਦਿਆਂ ਨੂੰ ਲੈ ਕੇ ਸੀ, ਪਰ ਕਾਕਰੋਚ ਜਨਤਾ ਪਾਰਟੀ ਦਾ ਅੰਦੋਲਨ ਅਜਿਹੇ ਮੁੱਦੇ ਨੂੰ ਲੈਕੇ ਹੈ, ਜਿਸ ਦਾ ਦੇਸ਼ ਦੇ ਹਰ ਘਰ ਨਾਲ ਵਾਹ-ਵਾਸਤਾ ਹੈ। ਉਹ ਹੈ ਖ਼ਰਾਬ ਸਿੱਖਿਆ ਪ੍ਰਣਾਲੀ ਦਾ ਮੁੱਦਾ। ਇਸ ਲਈ ਇਸ ਨੂੰ ਸਮਰਥਨ ਮਿਲ ਰਿਹਾ ਹੈ।”

ਉਨ੍ਹਾਂ ਕਿਹਾ, ”ਇਹ ਪ੍ਰਦਰਸ਼ਨ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਮੋਦੀ ਸਰਕਾਰ ਦਾ ਹਨੀਮੂਨ ਪੀਰੀਅਡ ਖ਼ਤਮ ਹੋ ਰਿਹਾ ਹੈ। ਦੁਨੀਆ ਭਰ ਵਿੱਚ ਚੱਲ ਰਹੀਆਂ ਜੰਗਾਂ ਕਾਰਨ ਭਾਰਤ ਵਿੱਚ ਖ਼ਰਾਬ ਆਰਥਿਕ ਹਾਲਾਤਾਂ ਤੋਂ ਲੋਕ ਤੰਗ ਹੋ ਰਹੇ ਹਨ। ਸਿਹਤ ਵਰਗੀਆਂ ਕਲਿਆਣਕਾਰੀ ਯੋਜਨਾਵਾਂ ‘ਤੇ ਖ਼ਰਚ ਘੱਟ ਹੋ ਰਿਹਾ ਹੈ। ਇਸ ਅਸੰਤੁਸ਼ਟੀ ਕਾਰਨ ਅਜਿਹੇ ਪ੍ਰਦਰਸ਼ਨਾਂ ਦੀ ਸਾਰਥਕਤਾ ਬਣੀ ਰਹੇਗੀ।”

ਸੀਜੇਪੀ ਕੀ ਸਿਆਸੀ ਤਾਕਤ ਬਣ ਕੇ ਉਭਰੇਗੀ?

ਅੰਦੋਲਨ ਕਰਨ ਰਹੇ ਨੌਜਵਾਨ

ਤਸਵੀਰ ਸਰੋਤ, ANI

ਸੀਨੀਅਰ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਸ਼ਰਦ ਗੁਪਤਾ ਇਸ ਪ੍ਰਦਰਸ਼ਨ ਨੂੰ ਸਿਸਟਮ ਪ੍ਰਤੀ ਲੋਕਾਂ ਦੇ ਰੋਹ ਅਤੇ ਅਸੰਤੁਸ਼ਟੀ ਦੇ ਪ੍ਰਤੀਕ ਵਜੋਂ ਦੇਖਦੇ ਹਨ।

ਉਹ ਕਹਿੰਦੇ ਹਨ, ”ਜੇ ਲੋਕਾਂ ਵਿੱਚ ਅਸੰਤੁਸ਼ਟੀ ਨਾ ਹੁੰਦਾ ਤਾਂ ਉਹ ਤਪਦੀ ਗਰਮੀ ਵਿੱਚ ਇਕੱਠੇ ਹੋ ਕੇ ਸਿੱਖਿਆ ਮੰਤਰੀ ਦਾ ਅਸਤੀਫ਼ਾ ਨਾ ਮੰਗਦੇ। ਇਹ ਸਭ ਕੁਝ ਉਸ ਦੌਰ ਦੀ ਯਾਦ ਦਿਵਾ ਰਿਹਾ ਸੀ ਜਦੋਂ ‘ਨਿਰਭਯਾ’ ਮਾਮਲੇ ਵਿੱਚ ਦਿੱਲੀ ਵਿੱਚ ਲੋਕ ਕੜਾਕੇ ਦੀ ਠੰਢ ਵਿੱਚ ਵੀ ਵਾਟਰ ਕੈਨਨ ਦੀ ਪਰਵਾਹ ਨਾ ਕਰਦੇ ਹੋਏ ਇਨਸਾਫ਼ ਮੰਗਣ ਲਈ ਸੜਕਾਂ ‘ਤੇ ਉਤਰ ਆਏ ਸਨ।”

ਉਨ੍ਹਾਂ ਕਿਹਾ, ”ਇਹ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਨਜ਼ਰ ਰਿਹਾ ਹੈ ਪਰ ਇਹ ਉਸ ਸਿਸਟਮ ਦਾ ਵਿਰੋਧ ਹੈ, ਜੋ ਕਿਸੇ ਨੂੰ ਜ਼ਿੰਮੇਵਾਰੀ ਨਹੀਂ ਲੈਣ ਦਿੰਦਾ। ਸੱਤਾ ਪੱਖ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਹ ਉਹ ਸਰਕਾਰ ਨਹੀਂ ਹੈ, ਜਿਸ ਵਿੱਚ ਮੰਤਰੀਆਂ ਦੇ ਅਸਤੀਫ਼ੇ ਹੁੰਦੇ ਹਨ।”

ਸੀਨੀਅਰ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਸ਼ਰਦ ਗੁਪਤਾ

ਸਰਕਾਰ ਵੱਲੋਂ ਇਸ ਪ੍ਰਦਰਸ਼ਨ ਨੂੰ ਆਸਾਨੀ ਨਾਲ ਇਜਾਜ਼ਤ ਦੇਣ ਦੇ ਸਵਾਲ ‘ਤੇ ਸ਼ਰਦ ਗੁਪਤਾ ਨੇ ਕਿਹਾ, ”ਜੈਪ੍ਰਕਾਸ਼ ਅੰਦੋਲਨ, ਵੀਪੀ ਸਿੰਘ ਦੇ ਅੰਦੋਲਨ ਤੋਂ ਲੈ ਕੇ ਅੰਨਾ ਅੰਦੋਲਨ ਤੱਕ, ਜਦੋਂ ਵੀ ਸਰਕਾਰ ਨੇ ਅਜਿਹੇ ਅੰਦੋਲਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਹੋਰ ਭੜਕੇ ਹਨ। ਇਸ ਲਈ ਸਰਕਾਰ ਨੇ ਪ੍ਰਦਰਸ਼ਨ ਦੀ ਇਜਾਜ਼ਤ ਦੇਕੇ ਇਸ ਦੀ ਹਵਾ ਕੱਢਣ ਦੀ ਰਣਨੀਤੀ ਅਪਣਾਈ।”

ਕੀ ਕਾਕਰੋਚ ਜਨਤਾ ਪਾਰਟੀ ਵਰਗੇ ਸੰਗਠਨ ਦਾ ਕੋਈ ਸਿਆਸੀ ਭਵਿੱਖ ਹੈ? ਕੀ ਇਹ ਕੋਈ ਵੱਡੀ ਸਿਆਸੀ ਤਾਕਤ ਬਣ ਸਕਣਗੇ?

ਇਸ ‘ਤੇ ਸ਼ਰਦ ਗੁਪਤਾ ਨੇ ਕਿਹਾ, ”ਕਾਕਰੋਚ ਜਨਤਾ ਪਾਰਟੀ ਨਾਲ ਜੁੜੇ ਲੋਕਾਂ ਕੋਲ ਸਿਆਸੀ ਤੌਰ ‘ਤੇ ਬਿਲਕੁਲ ਤਜਰਬਾ ਨਹੀਂ ਹੈ। ਇਨ੍ਹਾਂ ਦੇ ਤਿੰਨ ਬੁਲਾਰੇ ਪੱਤਰਕਾਰ ਰਹੇ ਹਨ। ਭਵਿੱਖ ਵਿੱਚ ਇਹ ਕੋਈ ਸਿਆਸੀ ਦਲ ਬਣ ਜਾਣ ਤਾਂ ਚੰਗੀ ਗੱਲ ਹੋਵੇਗੀ। ਹੋ ਸਕਦਾ ਹੈ ਕਿ ਇਹ ਆਮ ਆਦਮੀ ਪਾਰਟੀ ਵਾਂਗ ਹੀ ਕੋਈ ਪਾਰਟੀ ਬਣ ਕੇ ਸਾਹਮਣੇ ਆਵੇ। ਪਰ ਫ਼ਿਲਹਾਲ ਮੈਨੂੰ ਉਨ੍ਹਾਂ ਦੇ ਸਿਆਸੀ ਭਵਿੱਖ ਦੀ ਕੋਈ ਠੋਸ ਤਸਵੀਰ ਨਜ਼ਰ ਨਹੀਂ ਆਉਂਦੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI