Source :- BBC PUNJABI

ਵੈਭਵ ਸੂਰਿਆਵੰਸ਼ੀ

ਤਸਵੀਰ ਸਰੋਤ, ANI

“ਵੈਭਵ ਬਾਰੇ ਕੀ ਕਿਹਾ ਜਾਵੇ। ਅਸੀਂ ਦੇਖਿਆ ਹੈ ਕਿ ਉਹ ਕੀ ਕਰ ਸਕਦੇ ਹਨ। ਪਲੇਆਫ਼ ਵਿੱਚ ਉਨ੍ਹਾਂ ਨੇ ਇਕੱਲੇ ਆਪਣੇ ਦਮ ‘ਤੇ ਰਾਜਸਥਾਨ ਰਾਇਲਜ਼ ਨੂੰ ਅੱਗੇ ਵਧਾਇਆ। ਮੈਨੂੰ ਇਸ ਬਾਰੇ ਵੀ ਗੱਲ ਕਰਨ ਦੀ ਲੋੜ ਨਹੀਂ ਹੈ ਕਿ ਉਹ ਕਿੰਨਾ ਵਧੀਆ ਖੇਡ ਰਹੇ ਹਨ ਅਤੇ ਕਿੰਨੀ ਵਧੀਆ ਬੱਲੇਬਾਜ਼ੀ ਕਰ ਰਹੇ ਹਨ।”

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਵੈਭਵ ਸੂਰਿਆਵੰਸ਼ੀ ਨੂੰ ਟੀਮ ਇੰਡੀਆ ਵਿੱਚ ਚੁਣਦੇ ਹੋਏ ਇਹ ਬਿਆਨ ਦਿੱਤਾ।

ਹਾਲਾਂਕਿ ਵੈਭਵ ਸੂਰਿਆਵੰਸ਼ੀ ਨੇ ਜਿਸ ਤਰ੍ਹਾਂ ਇੰਡੀਅਨ ਪ੍ਰੀਮੀਅਰ ਲੀਗ ਦੇ 19ਵੇਂ ਸੀਜ਼ਨ ਵਿੱਚ ਧਮਾਲ ਮਚਾਇਆ, ਉਸ ਤੋਂ ਬਾਅਦ ਹੀ ਇਹ ਸਾਫ਼ ਹੋ ਗਿਆ ਸੀ ਕਿ ਉਹ ਜਲਦ ਹੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵੀ ਖੇਡਦੇ ਹੋਏ ਨਜ਼ਰ ਆ ਸਕਦੇ ਹਨ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ਨਿੱਚਰਵਾਰ ਨੂੰ ਆਇਰਲੈਂਡ, ਇੰਗਲੈਂਡ ਨਾਲ ਹੋਣ ਵਾਲੇ ਮੁਕਾਬਲਿਆਂ ਲਈ ਟੀ 20 ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ ਵਿੱਚ ਵੈਭਵ ਸੂਰਿਆਵੰਸ਼ੀ ਨੂੰ ਚੁਣਿਆ ਗਿਆ ਹੈ।

ਸੀਨੀਅਰ ਖੇਡ ਪੱਤਰਕਾਰ ਅਯਾਜ਼ ਮੈਮਨ ਨੇ ਵੈਭਵ ਸੂਰਿਆਵੰਸ਼ੀ ਨੂੰ ਟੀਮ ਇੰਡੀਆ ਵਿੱਚ ਚੁਣੇ ਜਾਣ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ ਅਤੇ ਉਨ੍ਹਾਂ ਨੇ ਬੀਸੀਸੀਆਈ ਵੱਲੋਂ ਇਹ ਫ਼ੈਸਲਾ ਲੈਣ ਦੀ ਵਜ੍ਹਾ ਵੀ ਦੱਸੀ ਹੈ।

ਟਾਈਮਜ਼ ਆਫ਼ ਇੰਡੀਆ ਨਾਲ ਜੁੜੇ ਖੇਡ ਪੱਤਰਕਾਰ ਪ੍ਰਤਿਊਸ਼ ਰਾਜ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ 10 ਸਾਲ ਦੀ ਖੇਡ ਪੱਤਰਕਾਰਿਤਾ ਵਿੱਚ ਵੈਭਵ ਸੂਰਿਆਵੰਸ਼ੀ ਵਰਗੀ ਵਿਲੱਖਣ ਪ੍ਰਤਿਭਾ ਨਹੀਂ ਦੇਖੀ ਹੈ।

ਪ੍ਰਤਿਊਸ਼ ਰਾਜ ਦਾ ਮੰਨਣਾ ਹੈ ਕਿ ਵੈਭਵ ਆਉਣ ਵਾਲੇ ਸਮੇਂ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਪੋਸਟਰ ਬੁਆਏ ਹੋਣਗੇ।

ਨਿਊਜ਼ ਚੈਨਲ ਆਜ ਤੱਕ ਨਾਲ ਗੱਲ ਕਰਦੇ ਹੋਏ ਵੈਭਵ ਸੂਰਿਆਵੰਸ਼ੀ ਦੇ ਪਿਤਾ ਸੰਜੀਵ ਸੂਰਿਆਵੰਸ਼ੀ ਨੇ ਪੁੱਤਰ ਦੇ ਟੀਮ ਇੰਡੀਆ ਵਿੱਚ ਚੁਣੇ ਜਾਣ ‘ਤੇ ਖੁਸ਼ੀ ਜ਼ਾਹਿਰ ਕੀਤੀ।

ਉਨ੍ਹਾਂ ਕਿਹਾ, “ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ। ਬੱਚਾ ਜਿਸ ਚੀਜ਼ ਲਈ ਮਿਹਨਤ ਕਰ ਰਿਹਾ ਸੀ, ਉਸ ਦਾ ਫਲ ਮਿਲ ਗਿਆ ਹੈ।”

ਇੱਕੋ ਸੀਜ਼ਨ ‘ਚ ਤੋੜੇ ਕਈ ਵੱਡੇ ਰਿਕਾਰਡ

ਵੈਭਵ ਸੂਰਿਆਵੰਸ਼ੀ

ਤਸਵੀਰ ਸਰੋਤ, Getty Images

ਵੈਭਵ ਸੂਰਿਆਵੰਸ਼ੀ ਨੇ ਆਈਪੀਐੱਲ ਵਿੱਚ ਪਿਛਲੇ ਸਾਲ ਹੀ ਡੈਬਿਊ ਕਰ ਲਿਆ ਸੀ। ਆਪਣੇ ਪਹਿਲੇ ਸੀਜ਼ਨ ਵਿੱਚ ਹੀ ਵੈਭਵ ਨੇ ਮਹਿਜ਼ ਸੱਤ ਮੈਚਾਂ ਵਿੱਚ ਇੱਕ ਸੈਂਕੜਾ ਅਤੇ ਇੱਕ ਅਰਧ-ਸੈਂਕੜਾ ਲਗਾ ਕੇ ਆਪਣੀ ਪ੍ਰਤਿਭਾ ਦੀ ਇੱਕ ਝਲਕ ਦਿਖਾ ਦਿੱਤੀ ਸੀ।

ਪਰ ਆਈਪੀਐੱਲ 2026 ਵਿੱਚ ਮਹਿਜ਼ 15 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਆਪਣੇ ਬੱਲੇ ਨਾਲ ਛੱਕਿਆਂ ਦੀ ਅਜਿਹੀ ‘ਆਤਿਸ਼ਬਾਜ਼ੀ’ ਕੀਤੀ ਕਿ ਕ੍ਰਿਕਟ ਦੀ ਦੁਨੀਆ ਦੇ ਵੱਡੇ-ਵੱਡੇ ਦਿੱਗਜ ਉਨ੍ਹਾਂ ਦੀ ਪ੍ਰਤਿਭਾ ਨੂੰ ਦੇਖ ਕੇ ਹੈਰਾਨ ਰਹਿ ਗਏ।

ਵੈਭਵ ਸੂਰਿਆਵੰਸ਼ੀ ਨੇ ਆਈਪੀਐੱਲ 2026 ਵਿੱਚ 16 ਪਾਰੀਆਂ ਵਿੱਚ 776 ਦੌੜਾਂ ਬਣਾਈਆਂ। ਪਰ ਸਭ ਤੋਂ ਖ਼ਾਸ ਰਿਕਾਰਡ ਉਨ੍ਹਾਂ ਨੇ ਜੋ ਤੋੜਿਆ, ਉਹ ਸੀ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਕ੍ਰਿਸ ਗੇਲ ਦਾ ਰਿਕਾਰਡ।

ਕ੍ਰਿਸ ਗੇਲ ਨੇ ਸਾਲ 2012 ਵਿੱਚ ਇੱਕ ਹੀ ਸੀਜ਼ਨ ਵਿੱਚ 59 ਛੱਕੇ ਲਗਾਏ ਸਨ। ਹੁਣ 14 ਸਾਲ ਬਾਅਦ ਵੈਭਵ ਨੇ ਇੱਕ ਹੀ ਸੀਜ਼ਨ ਵਿੱਚ 72 ਛੱਕੇ ਲਗਾ ਕੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ।

ਵੈਭਵ ਨੇ ਇਸ ਸੀਜ਼ਨ ਵਿੱਚ ਇੱਕ ਸੈਂਕੜਾ ਅਤੇ ਪੰਜ ਅਰਧ-ਸੈਂਕੜੇ ਲਗਾਏ। ਤਿੰਨ ਮੌਕਿਆਂ ‘ਤੇ ਉਹ ਨਰਵਸ ਨਾਇੰਟੀਜ਼ ਵਿੱਚ ਆਊਟ ਹੋਏ। ਹਾਲਾਂਕਿ ਇਸ ਦੇ ਬਾਵਜੂਦ ਉਹ ਮਹਿਜ਼ 440 ਗੇਂਦਾਂ ਵਿੱਚ ਹੀ ਆਈਪੀਐੱਲ ਵਿੱਚ ਇੱਕ ਹਜ਼ਾਰ ਦੌੜਾਂ ਪੂਰੀਆਂ ਕਰਨ ਵਿੱਚ ਕਾਮਯਾਬ ਰਹੇ।

ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ ਹੀ ਵੈਭਵ ਸੂਰਿਆਵੰਸ਼ੀ ਨੂੰ ਆਈਪੀਐੱਲ 2026 ਵਿੱਚ ਇਮਰਜਿੰਗ ਪਲੇਅਰ, ਸੁਪਰ ਸਟ੍ਰਾਈਕਰ, ਸੁਪਰ ਸਿਕਸਿਜ਼, ਮੋਸਟ ਵੈਲਿਊਏਬਲ ਪਲੇਅਰ ਅਤੇ ਔਰੇਂਜ ਕੈਪ ਵਰਗੇ ਖ਼ਿਤਾਬਾਂ ਨਾਲ ਨਵਾਜਿਆ ਗਿਆ।

ਵੈਭਵ ਸੂਰਿਆਵੰਸ਼ੀ ਨੂੰ ਟੀਮ ਵਿੱਚ ਚੁਣਨ ਤੋਂ ਬਾਅਦ ਅਜੀਤ ਅਗਰਕਰ ਨੇ ਕਿਹਾ, “ਸਿਰਫ਼ ਇਸ ਸੀਜ਼ਨ ਦੀ ਗੱਲ ਨਹੀਂ ਹੈ, ਵੈਭਵ ਦੀ ਸ਼ੁਰੂਆਤ ਪਿਛਲੇ ਸੀਜ਼ਨ ਵਿੱਚ ਵੀ ਸ਼ਾਨਦਾਰ ਰਹੀ ਸੀ। ਇੱਕ ਨੌਜਵਾਨ ਖਿਡਾਰੀ ਲਈ ਆਈਪੀਐੱਲ ਵਰਗੀ ਬੇਹੱਦ ਮੁਕਾਬਲੇਬਾਜ਼ੀ ਵਾਲੀ ਅਤੇ ਦਬਾਅ ਵਾਲੀ ਪ੍ਰਤੀਯੋਗਿਤਾ ਵਿੱਚ ਉਸ ਪ੍ਰਦਰਸ਼ਨ ਨੂੰ ਕਾਇਮ ਰੱਖਣਾ ਆਸਾਨ ਨਹੀਂ ਹੁੰਦਾ।”

“ਉਹ ਇੱਕ ਦਮਦਾਰ ਮੈਚ ਵਿਜੇਤਾ ਹਨ। ਹਰ ਕਿਸੇ ਦੀ ਤਰ੍ਹਾਂ ਸਾਨੂੰ ਵੀ ਉਨ੍ਹਾਂ ਤੋਂ ਕਾਫ਼ੀ ਉਮੀਦਾਂ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਖੁਦ ਨੂੰ ਬਹੁਤ ਵਧੀਆ ਢੰਗ ਨਾਲ ਸਾਬਿਤ ਕੀਤਾ ਹੈ।”

‘ਵੈਭਵ ਨੂੰ ਰੋਕਿਆ ਨਹੀਂ ਜਾ ਸਕਦਾ’

ਵੈਭਵ ਸੂਰਿਆਵੰਸ਼ੀ

ਤਸਵੀਰ ਸਰੋਤ, Getty Images

ਵੈਭਵ ਦੀ ਟੀਮ ਇੰਡੀਆ ਵਿੱਚ ਐਂਟਰੀ ‘ਤੇ ਸੀਨੀਅਰ ਖੇਡ ਪੱਤਰਕਾਰ ਅਯਾਜ਼ ਮੈਮਨ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ‘ਤੇ ਇੱਕ ਵੀਡੀਓ ਪੋਸਟ ਕਰਕੇ ਕਿਹਾ, “ਵੈਭਵ ਸੂਰਿਆਵੰਸ਼ੀ ਲਈ ਆਈਪੀਐੱਲ ਦਾ ਸੀਜ਼ਨ ਬਹੁਤ ਹੀ ਸ਼ਾਨਦਾਰ ਰਿਹਾ। ਉਨ੍ਹਾਂ ਨੇ 700 ਤੋਂ ਵੱਧ ਦੌੜਾਂ ਬਣਾਈਆਂ। ਖ਼ਾਸ ਗੱਲ ਇਹ ਸੀ ਕਿ ਉਸ ਨੇ ਜਿਸ ਅੰਦਾਜ਼ ਨਾਲ ਉਹ ਦੌੜਾਂ ਬਣਾਈਆਂ, ਉਹ ਉਮੀਦਾਂ ਤੋਂ ਵੀ ਵਧਕੇ ਸੀ।”

ਇਸੇ ਤਰ੍ਹਾਂ, ਪ੍ਰਤਿਊਸ਼ ਰਾਜ ਦਾ ਮੰਨਣਾ ਹੈ ਕਿ ਮਹਿਜ਼ 15 ਸਾਲ ਦੀ ਉਮਰ ਵਿੱਚ ਹੀ ਵੈਭਵ ਸੂਰਿਆਵੰਸ਼ੀ ਦਾ ਨਾਮ ਸਚਿਨ ਤੇਂਦੁਲਕਰ, ਐਮਐਸ ਧੋਨੀ ਅਤੇ ਵਿਰਾਟ ਕੋਹਲੀ ਵਰਗੇ ਉਨ੍ਹਾਂ ਵੱਡੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਚੁੱਕਾ ਹੈ, ਜਿਨ੍ਹਾਂ ਨੂੰ ਦੇਖਣ ਲਈ ਦਰਸ਼ਕ ਮੈਦਾਨ ਵਿੱਚ ਆਉਂਦੇ ਹਨ।

ਪ੍ਰਤਿਊਸ਼ ਰਾਜ ਨੇ ਕਿਹਾ, “ਪਹਿਲਾਂ ਜਦੋਂ ਅਸੀਂ ਆਈਪੀਐੱਲ ਮੈਚ ਦੇਖਣ ਆਉਂਦੇ ਸੀ ਤਾਂ ਦੇਖਦੇ ਸੀ ਕਿ ਵਿਰਾਟ ਦੀ ਜਰਸੀ ਵਿਕ ਰਹੀ ਹੈ 18 ਨੰਬਰ, ਰੋਹਿਤ ਦੀ ਜਰਸੀ ਵਿਕ ਰਹੀ ਹੈ 45 ਨੰਬਰ। ਪਰ ਹੁਣ ਲੋਕ ਸੂਰਿਆਵੰਸ਼ੀ ਦੀ ਜਰਸੀ ਪਹਿਨ ਕੇ ਆ ਰਹੇ ਹਨ, 3 ਨੰਬਰ।”

“ਇੱਕ ਪੰਜ ਸਾਲ ਦਾ ਛੋਟਾ ਬੱਚਾ ਵੀ ਸੂਰਿਆਵੰਸ਼ੀ ਦਾ ਫੈਨ ਹੈ ਅਤੇ 70 ਸਾਲ ਦਾ ਬਜ਼ੁਰਗ ਵੀ ਸੂਰਿਆਵੰਸ਼ੀ ਦਾ ਫੈਨ ਹੈ। ਆਰ ਅਸ਼ਵਿਨ ਨੇ ਦੱਸਿਆ ਹੈ ਕਿ ਉਹ ਰਾਜਸਥਾਨ ਦਾ ਮੈਚ ਆਪਣੇ ਮਾਤਾ-ਪਿਤਾ ਨਾਲ ਬੈਠ ਕੇ ਦੇਖਦੇ ਹਨ। ਇਸ ਦੀ ਵਜ੍ਹਾ ਕੀ ਹੈ? ਇਸ ਦੀ ਵਜ੍ਹਾ ਇਹ ਹੈ ਕਿ ਉਹ ਜਿਸ ਤਰ੍ਹਾਂ ਬੱਲੇਬਾਜ਼ੀ ਕਰਦਾ ਹੈ, ਉਹ ਘਰ ਦਾ ਬੱਚਾ ਲੱਗਦਾ ਹੈ।”

ਆਈਪੀਐੱਲ ਦੇ 19ਵੇਂ ਸੀਜ਼ਨ ਵਿੱਚ ਵੈਭਵ ਸੂਰਿਆਵੰਸ਼ੀ ਨੇ ਜਸਪ੍ਰੀਤ ਬੁਮਰਾਹ, ਪੈਟ ਕਮਿੰਸ ਵਰਗੇ ਦਿੱਗਜ ਗੇਂਦਬਾਜ਼ਾਂ ਦੇ ਖ਼ਿਲਾਫ਼ ਵੀ ਖੂਬ ਦੌੜਾਂ ਬਣਾਈਆਂ। ਇਸੇ ਕਾਰਨ ਉਹ ਦਿੱਗਜ ਖਿਡਾਰੀਆਂ ਵਿਚਾਲੇ ਚਰਚਾ ਦਾ ਵਿਸ਼ਾ ਬਣ ਗਏ ਅਤੇ ਲਗਭਗ ਹਰ ਕਿਸੇ ਨੇ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਸਰਾਹਿਆ।

ਪ੍ਰਤਿਊਸ਼ ਰਾਜ ਕਹਿੰਦੇ ਹਨ, “ਵਿਰਾਟ ਕੋਹਲੀ ਨੇ ਜਿਵੇਂ ਉਨ੍ਹਾਂ ਨੂੰ ਕਿਹਾ ਇੱਕ ਬਿਹਾਰੀ ਸਭ ‘ਤੇ ਭਾਰੀ। ਸ਼ੁਭਮਨ ਗਿੱਲ ਨੇ ਤਾਂ ਇੱਥੋਂ ਤੱਕ ਕਿਹਾ ਕਿ ਵੈਭਵ ਟੀ20 ਫਾਰਮੈਟ ਵਿੱਚ ਦੁਨੀਆ ਦਾ ਸਭ ਤੋਂ ਵਧੀਆ ਬੱਲੇਬਾਜ਼ ਹੈ। ਸਚਿਨ ਤੇਂਦੁਲਕਰ ਕਹਿ ਰਹੇ ਹਨ ਕਿ ਵੈਭਵ ਟੀ20 ਕ੍ਰਿਕਟ ਲਈ ਤਿਆਰ ਹਨ।”

ਵਿਰਾਟ ਕੋਹਲੀ ਤੋਂ ਬਾਅਦ ਵੈਭਵ

ਵੈਭਵ ਸੂਰਿਆਵੰਸ਼ੀ

ਤਸਵੀਰ ਸਰੋਤ, Getty Images

ਪ੍ਰਤਿਊਸ਼ ਰਾਜ ਨੇ ਬੀਬੀਸੀ ਹਿੰਦੀ ਨਾਲ ਗੱਲ ਕਰਦਿਆਂ ਵੈਭਵ ਦੀ ਤਕਨੀਕ ਬਾਰੇ ਵੀ ਦੱਸਿਆ ਹੈ।

ਉਨ੍ਹਾਂ ਕਿਹਾ, “ਸਾਰੇ ਵੈਭਵ ਦੀ ਬਾਇਓਮਕੈਨਿਕਸ ਬਾਰੇ ਵੀ ਗੱਲ ਕਰ ਰਹੇ ਹਨ ਕਿ ਕਿਸ ਤਰੀਕੇ ਨਾਲ ਉਨ੍ਹਾਂ ਦਾ ਮਿਨਿਮਲ ਫੁੱਟਵਰਕ ਹੈ। ਵੈਭਵ ਵਰਗਾ ਟੈਲੇਂਟ ਕਦੇ-ਕਦੇ ਹੀ ਆਉਂਦਾ ਹੈ।”

ਪਿਛਲੇ 15 ਸਾਲਾਂ ਤੱਕ ਭਾਰਤੀ ਕ੍ਰਿਕਟ ਵਿੱਚ ਵਿਰਾਟ ਕੋਹਲੀ ਇੱਕ ਤਰ੍ਹਾਂ ਨਾਲ ਭਾਰਤੀ ਕ੍ਰਿਕਟ ਦਾ ਚਿਹਰਾ ਰਹੇ ਹਨ। ਪਰ ਹੁਣ ਵਿਰਾਟ ਕੋਹਲੀ ਸਿਰਫ਼ ਵਨਡੇ ਫਾਰਮੈਟ ਹੀ ਖੇਡ ਰਹੇ ਹਨ।

ਪ੍ਰਤਿਊਸ਼ ਰਾਜ ਕਹਿੰਦੇ ਹਨ, “ਵਿਰਾਟ ਕੋਹਲੀ ਤੋਂ ਬਾਅਦ ਭਾਰਤੀ ਕ੍ਰਿਕਟ ਨੂੰ ਕਿਸੇ ਦੀ ਲੋੜ ਸੀ। ਅਜਿਹਾ ਖਿਡਾਰੀ ਜੋ ਸਟੇਡੀਅਮ ਭਰ ਸਕੇ। ਸਚਿਨ ਤੇਂਦੁਲਕਰ, ਐਮਐਸ ਧੋਨੀ ਅਤੇ ਵਿਰਾਟ ਕੋਹਲੀ ਵਿੱਚ ਸਟੇਡੀਅਮ ਭਰਨ ਦੀ ਸਮਰੱਥਾ ਸੀ। ਉਹ ਇੱਕ ਉਮੀਦ ਦਿੰਦੇ ਸਨ। ਹੁਣ ਉਹੀ ਉਮੀਦ ਅਤੇ ਸਟੇਡੀਅਮ ਭਰਨ ਦੀ ਸਮਰੱਥਾ ਵੈਭਵ ਦੇ ਅੰਦਰ ਹੈ।”

“ਵਰਲਡ ਕੱਪ ਦੌਰਾਨ ਜਸਪ੍ਰੀਤ ਬੁਮਰਾਹ ਤੋਂ ਵੈਭਵ ਬਾਰੇ ਇੱਕ ਸਵਾਲ ਪੁੱਛਿਆ ਗਿਆ ਸੀ। ਜਿਸ ਦੇ ਜਵਾਬ ਵਿੱਚ ਬੁਮਰਾਹ ਨੇ ਕਿਹਾ ਸੀ ਕਿ ਵੈਭਵ ਬਾਰੇ ਕਾਫ਼ੀ ਸੁਣਿਆ ਹੈ, ਉਹ ਵੱਖਰਾ ਹੈ। ਅਤੇ ਵੈਭਵ ਨੇ ਜਦੋਂ ਆਈਪੀਐੱਲ ਵਿੱਚ ਬੁਮਰਾਹ ਦੀ ਪਹਿਲੀ ਗੇਂਦ ਦਾ ਸਾਹਮਣਾ ਕੀਤਾ ਤਾਂ ਉਨ੍ਹਾਂ ਨੇ ਛੱਕਾ ਲਗਾਇਆ।”

ਕੁਆਲੀਫਾਇਰ-2 ਵਿੱਚ ਵੈਭਵ ਨੇ ਜਿਸ ਤਰ੍ਹਾਂ ਗੁਜਰਾਤ ਟਾਈਟਨਜ਼ ਦੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਅਤੇ 97 ਦੌੜਾਂ ਦੀ ਪਾਰੀ ਖੇਡੀ, ਉਸ ਦੀ ਕਾਫ਼ੀ ਤਾਰੀਫ਼ ਹੋਈ।

ਕ੍ਰਿਕਟ ਜਗਤ ਨੇ ਵੈਭਵ ਦੀ ਮੈਚਿਊਰਿਟੀ ਦੀ ਕਾਫੀ ਸਲਾਘਾ ਕੀਤੀ। ਇਸ ਮੁਕਾਬਲੇ ਵਿੱਚ ਰਾਜਸਥਾਨ ਨੇ ਸਿਰਫ਼ 9 ਦੌੜਾਂ ‘ਤੇ ਹੀ ਦੋ ਵਿਕਟਾਂ ਗੁਆ ਦਿੱਤੀਆਂ ਸਨ। ਪਰ ਵੈਭਵ ਦੀ ਬਦੌਲਤ ਰਾਜਸਥਾਨ 20 ਓਵਰਾਂ ਵਿੱਚ 214 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ।

ਇਸ ਪਾਰੀ ਬਾਰੇ ਪ੍ਰਤਿਊਸ਼ ਰਾਜ ਨੇ ਕਿਹਾ, “ਰਬਾਡਾ ਅਤੇ ਸਿਰਾਜ ਨੇ ਕਿੰਨੇ ਬਾਊਂਸਰ ਮਾਰੇ। ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ ਵੀ 200 ਦਾ ਰਿਹਾ। ਵੈਭਵ ਅਜਿਹਾ ਟੈਲੇਂਟ ਹੈ, ਜਿਸ ਨੂੰ ਰੋਕਿਆ ਨਹੀਂ ਜਾ ਸਕਦਾ।”

ਅਯਾਜ਼ ਮੈਮਨ ਨੇ ਕਿਹਾ, “ਉਨ੍ਹਾਂ ਨੇ ਉਮਰ ਨੂੰ ਲੈਕੇ ਉੱਠ ਰਹੇ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ। ਸੁਨੀਲ ਗਾਵਸਕਰ, ਰਵੀ ਸ਼ਾਸਤਰੀ, ਮਾਈਕਲ ਕਲਾਰਕ ਵਰਗੇ ਦਿੱਗਜਾਂ ਦਾ ਮੰਨਣਾ ਸੀ ਕਿ ਉਨ੍ਹਾਂ ਨੂੰ ਟੀ20 ਲਈ ਟੀਮ ਇੰਡੀਆ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਇਹ ਸਹੀ ਫ਼ੈਸਲਾ ਹੈ। ਜੇ ਇਹ ਫ਼ੈਸਲਾ ਦੋ-ਤਿੰਨ ਸਾਲ ਬਾਅਦ ਹੁੰਦਾ ਤਾਂ ਉਹ ਨਿਰਾਸ਼ ਹੋ ਸਕਦੇ ਸਨ। ਵੈਭਵ ਦਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਵਾਗਤ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI