Source :- BBC PUNJABI
ਤਸਵੀਰ ਸਰੋਤ, Getty Images
ਭਾਵੇਂ ਇਹ ਗੱਲ ਕਾਫ਼ੀ ਜਾਣੀ ਜਾਂਦੀ ਹੈ ਕਿ ਜ਼ਿਆਦਾ ਚਬਾਉਣਾ ਪਾਚਨ ਕਿਰਿਆ ਨੂੰ ਸੁਧਾਰਦਾ ਹੈ, ਪਰ ਖੋਜ ਇਹ ਵੀ ਦਰਸਾਉਂਦੀ ਹੈ ਕਿ ਇਹ ਸਾਡੇ ਦਿਮਾਗ਼ ਨੂੰ ਵੀ ਤਾਕਤ ਦੇ ਸਕਦਾ ਹੈ ਅਤੇ ਇੱਥੋਂ ਤੱਕ ਕਿ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਤੋਂ ਬਚਾਅ ਵਿੱਚ ਵੀ ਮਦਦ ਕਰ ਸਕਦਾ ਹੈ।
ਇੱਕ ਵਾਰ ਇੱਕ ਪਿਆਜ਼ ਨੂੰ ਨਿਗਲਣ ਤੋਂ ਪਹਿਲਾਂ 722 ਵਾਰ ਚਬਾਉਣ ਕਰ ਕੇ ਹੋਰੇਸ ਫ਼ਲੇਚਰ ਨੂੰ “ਦਿ ਗ੍ਰੇਟ ਮੈਸਟਿਕੇਟਰ” ਕਿਹਾ ਜਾਣ ਲੱਗਾ।
ਇਹ ਅਮਰੀਕੀ ਖ਼ੁਦ-ਸਿੱਖਿਆ ਪ੍ਰਾਪਤ ਪੋਸ਼ਣ ਵਿਗਿਆਨੀ ਮੰਨਦੇ ਸੀ ਕਿ ਭੋਜਨ ਨੂੰ “ਉਦੋਂ ਤੱਕ ਚਬਾਉਣਾ ਚਾਹੀਦਾ ਹੈ ਜਦੋਂ ਤੱਕ ਉਹ ਪੂਰੀ ਤਰ੍ਹਾਂ ਤਰਲ ਨਾ ਬਣ ਜਾਵੇ” ਅਤੇ ਉਹ “ਲਗਭਗ ਆਪਣੇ ਆਪ ਹੀ ਨਿਗਲਿਆ ਜਾਵੇ।”
ਫ਼ਲੇਚਰ ਨੇ ਇਹ ਵੀ ਅੰਦਾਜ਼ਾ ਲਾਇਆ ਸੀ ਕਿ ਜ਼ੋਰ ਨਾਲ ਚਬਾਉਣ ਦੀ ਆਦਤ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਅਮਰੀਕੀ ਅਰਥਵਿਵਸਥਾ ਨੂੰ ਹਰ ਰੋਜ਼ ਪੰਜ ਲੱਖ ਡਾਲਰ ਤੋਂ ਵੱਧ ਦੀ ਬਚਤ ਕਰਵਾ ਸਕਦੀ ਸੀ (ਜੋ ਅੱਜ ਦੇ ਸਮੇਂ ਵਿੱਚ ਲਗਭਗ 1.95 ਕਰੋੜ ਡਾਲਰ ਬਣਦੇ ਹਨ), ਕਿਉਂਕਿ ਔਸਤ ਵਿਅਕਤੀ ਹਰ ਰੋਜ਼ ਅੱਧਾ ਪਾਊਂਡ (227 ਗ੍ਰਾਮ) ਘੱਟ ਭੋਜਨ ਖਾਂਦਾ।
ਸਵੀਡਨ ਦੇ ਕੈਰੋਲਿੰਸਕਾ ਇੰਸਟੀਟਿਊਟੇਟ ਵਿੱਚ ਦੰਦਾਂ ਦੀ ਸਿਹਤ ਵਿਭਾਗ ਦੇ ਪ੍ਰੋਫੈਸਰ ਮੈਟਸ ਟਰੁਲਸਨ ਕਹਿੰਦੇ ਹਨ, “ਫ਼ਲੇਚਰ ਦਾ ਸਿਧਾਂਤ ਸ਼ਾਇਦ ਕੁਝ ਹੱਦ ਤੱਕ ਜ਼ਿਆਦਾ ਹੀ ਸੀ, ਪਰ ਕੁਝ ਮਾਮਲਿਆਂ ਵਿੱਚ ਉਹ ਅਸਲ ਵਿੱਚ ਸਹੀ ਸਨ,”
ਦੰਦਾਂ ਦੀ ਸਿਹਤ ਅਤੇ ਅਲਜ਼ਾਈਮਰ ਬਿਮਾਰੀ ਅਤੇ ਡਿਮੈਂਸ਼ੀਆ ਵਿਚਕਾਰ ਸਬੰਧ ਪਾਇਆ ਗਿਆ ਹੈ, ਕੁਝ ਮਾਹਰ ਮੰਨਦੇ ਹਨ ਕਿ ਮਰੀਜ਼ਾਂ ਦੀ ਦੰਦਾਂ ਦੀ ਸਿਹਤ ਸੁਧਾਰਨਾ ਮਾਨਸਿਕ ਬੁਢਾਪੇ ਨੂੰ ਪਲਟਣ ਵਿੱਚ ਵੀ ਮਦਦ ਕਰ ਸਕਦਾ ਹੈ।
ਚਬਾਉਣ ਦਾ ਪੁਰਾਤਣ ਇਤਿਹਾਸ
ਤਸਵੀਰ ਸਰੋਤ, Getty Images
ਜਰਮਨੀ ਦੇ ਲਾਈਪਜ਼ਿਗ ਵਿੱਚ ਮੈਕਸ ਪਲੈਂਕ ਇੰਸਟੀਟਿਊਟ ਫਾਰ ਇਵੋਲਿਊਸ਼ਨਰੀ ਐਂਥਰੋਪੋਲੋਜੀ ਦੇ ਵਿਕਾਸੀ ਅਤੇ ਪਰਿਸਥਿਤਿਕ ਜੀਵ-ਰਸਾਇਣ ਵਿਗਿਆਨੀ ਐਡਮ ਵੈਨ ਕਾਸਟਰਨ ਕਹਿੰਦੇ ਹਨ, “ਜ਼ਿਆਦਾਤਰ ਜਾਨਵਰਾਂ ਵਾਂਗ, ਮਨੁੱਖਾਂ ਕੋਲ ਵੀ “ਲੱਖਾਂ ਸਾਲਾਂ ਤੋਂ ਦੰਦ ਅਤੇ ਜਬੜੇ ਰਹੇ ਹਨ।”
ਪਰ ਪੂਰਵ ਇਤਿਹਾਸ ਦੇ ਦੌਰਾਨ ਇਹ ਕਈ ਤਬਦੀਲੀਆਂ ਵਿਚੋਂ ਗੁਜ਼ਰੇ ਹਨ।
ਵੈਨ ਕਾਸਟਰਨ ਕਹਿੰਦੇ ਹਨ ਕਿ ਸਭ ਤੋਂ ਪਹਿਲੇ ਹੋਮੀਨਿਨ, ਜੋ ਲਗਭਗ 60 ਤੋਂ 70 ਲੱਖ ਸਾਲ ਪਹਿਲਾਂ ਰਹਿੰਦੇ ਸਨ, ਉਨ੍ਹਾਂ ਦੇ ਦੰਦ ਅੱਜ ਦੇ ਬਾਂਦਰਾਂ ਵਰਗੇ ਸਨ, ਖ਼ਾਸ ਤੌਰ ‘ਤੇ “ਬਹੁਤ ਸਾਰੇ ਵੱਡੇ, ਮਾਸਦਾਰ ਫ਼ਲ” ਖਾਣ ਲਈ ਮਦਦਗਾਰ, ਜੋ ਸਾਡੇ ਸ਼ੁਰੂਆਤੀ ਪੁਰਖਿਆਂ ਦੇ ਜੰਗਲੀ ਰਿਹਾਇਸ਼ਾਂ ਵਿੱਚ ਬਹੁਤ ਮਾਤਰਾ ਵਿੱਚ ਮਿਲਦੇ ਸਨ।
ਵੈਨ ਕਾਸਟਰਨ ਕਹਿੰਦੇ ਹਨ ਕਿ ਪਰ ਜਿਵੇਂ-ਜਿਵੇਂ ਵਰਖਾ-ਜੰਗਲ ਘੱਟ ਹੋ ਕੇ ਵੱਧ ਖੁੱਲ੍ਹੇ ਜੰਗਲਾਂ, ਖੁੱਲ੍ਹੇ ਆਵਾਸਾਂ ਅਤੇ ਇੱਥੋਂ ਤੱਕ ਕਿ ਸਵਾਨਾ-ਜਿਹੀਆਂ ਪਰਿਸਥਿਤੀਆਂ ਵਿੱਚ ਬਦਲ ਗਏ, ਹੋਮੀਨਿਨਾਂ ਨੂੰ “ਵਧੇਰੇ ਮਕੈਨਿਕਲ ਤੌਰ ‘ਤੇ ਚੁਣੌਤੀਪੂਰਨ ਭੋਜਨਾਂ” ਨਾਲ ਨਜਿੱਠਣਾ ਪਿਆ, ਜਿਵੇਂ ਬੀਜ, ਸੁੱਕੇ ਮੇਵੇ ਅਤੇ ਕੰਦ।
ਇਸ ਲਈ ਉਹ ਵੱਡੇ ਮੋਲਰ ਦੰਦਾਂ, ਵੱਡੇ ਜਬੜਿਆਂ ਅਤੇ ਚਿਹਰਿਆਂ ਦੇ ਵਿਕਾਸ ਵੱਲ ਵਿਕਸਤ ਹੋਏ ਤਾਂ ਜੋ ਉਹ ਸਾਰੇ ਦੰਦ ਸਮਾ ਸਕਣ, ਨਾਲ ਹੀ ਉਨ੍ਹਾਂ ਨੂੰ ਚਲਾਉਣ ਲਈ ਲੋੜੀਂਦੀਆਂ ਵੱਡੀਆਂ ਮਾਸਪੇਸ਼ੀਆਂ ਵੀ ਵਿਕਸਤ ਹੋਈਆਂ।
ਵੈਨ ਕਾਸਟਰਨ ਸਮਝਾਉਂਦੇ ਹਨ ਕਿ ਸੰਦਾਂ ਦੇ ਵਿਕਾਸ, ਭੋਜਨ ਪ੍ਰੋਸੈਸਿੰਗ ਅਤੇ ਖੇਤੀਬਾੜੀ ਦੇ ਨਾਲ-ਨਾਲ ਖਾਣਾ ਪਕਾਉਣ ਲਈ ਅੱਗ ਦੇ ਇਸਤੇਮਾਲ ਨੇ ਵੀ ਇਹ ਲੰਬੇ ਸਮੇਂ ਤੱਕ ਚਬਾਉਣ ਦੀ ਲੋੜ ਨੂੰ ਘਟਾ ਦਿੱਤਾ।
ਅੱਜ ਮਨੁੱਖ ਹਰ ਰੋਜ਼ ਲਗਭਗ 35 ਮਿੰਟ ਚੱਬਦੇ ਹਨ, ਜਦਕਿ ਸਾਡੇ ਸਭ ਤੋਂ ਨੇੜਲੇ ਬਾਂਦਰ ਰਿਸ਼ਤੇਦਾਰ, ਚਿੰਪਾਂਜ਼ੀ ਅਤੇ ਬੋਨੋਬੋ, ਲਗਭਗ 4.5 ਘੰਟੇ ਅਤੇ ਗੋਰਿਲਾ ਅਤੇ ਓਰਾਂਗੁਟਾਂ ਲਗਭਗ 6.6 ਘੰਟੇ ਚੱਬਦੇ ਹਨ।
ਇਨ੍ਹਾਂ ਵਿਕਾਸੀ ਤਬਦੀਲੀਆਂ ਦੇ ਬਾਵਜੂਦ, ਚਬਾਉਣ ਦਾ ਮਕਸਦ ਅਜੇ ਵੀ ਉਹੀ ਰਹਿੰਦਾ ਹੈ।
ਵੈਨ ਕਾਸਟਰਨ ਕਹਿੰਦੇ ਹਨ, “ਅਸੀਂ ਥਣਧਾਰੀ ਜੀਵ ਇਸ ਲਈ ਇੰਨੇ ਜਟਿਲ ਤਰੀਕੇ ਨਾਲ ਚੱਬਦੇ ਹਾਂ ਕਿਉਂਕਿ ਅਸੀਂ ਆਪਣੇ ਭੋਜਨ ਤੋਂ ਵੱਧ ਤੋਂ ਵੱਧ ਊਰਜਾ ਲੈਣਾ ਚਾਹੁੰਦੇ ਹਾਂ ਤਾਂ ਜੋ ਸਾਡਾ ਗਰਮ-ਖੂਨ ਵਾਲਾ ਮੈਟਾਬੋਲਿਜ਼ਮ ਚੱਲ ਸਕੇ।”

ਪਹਿਲਾ ਅਹਿਮ ਕਦਮ
ਸਭ ਤੋਂ ਬੁਨਿਆਦੀ ਪੱਧਰ ‘ਤੇ, ਚਬਾਉਣ ਨਾਲ ਭੋਜਨ ਛੋਟੇ-ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ ਅਤੇ ਲਾਰ ਨਾਲ ਨਰਮ ਹੋ ਜਾਂਦਾ ਹੈ, ਤਾਂ ਜੋ ਉਹ ਆਸਾਨੀ ਨਾਲ ਨਿਗਲਿਆ ਜਾ ਸਕੇ।
ਨੀਦਰਲੈਂਡਸ ਦੇ ਯੂਨੀਵਰਸਿਟੀ ਮੈਡੀਕਲ ਸੈਂਟਰ ਯੂਟ੍ਰੈਕਟ ਵਿੱਚ 30 ਸਾਲ ਤੋਂ ਵੱਧ ਸਮੇਂ ਤੱਕ ਖੋਜ ਕਰ ਚੁੱਕੇ ਮੂੰਹ ਦੀ ਜੈਵ-ਕਿਰਿਆ ਵਿਗਿਆਨ ਅਤੇ ਚਬਾਉਣ ਦੇ ਮਾਹਰ ਐਂਡਰੀਜ਼ ਵੈਨ ਡੇਰ ਬਿਲਟ ਕਹਿੰਦੇ ਹਨ, “ਇਹ ਪਾਚਨ ਦੀ ਪਹਿਲਾ ਪੜਾਅ ਹੈ।”
ਚਬਾਉਣਾ ਸਿਰਫ਼ ਲਾਰ ਹੀ ਨਹੀਂ ਵਧਾਉਂਦਾ ਅਤੇ ਐਮਾਈਲੇਜ਼ ਵਰਗੇ ਪਾਚਨ ਵਾਲੇ ਐਂਜ਼ਾਈਮਾਂ ਦੀ ਮਾਤਰਾ ਵੀ ਵਧਾਉਂਦਾ ਹੈ, ਜੋ ਭੋਜਨ ਨੂੰ ਤੋੜਨ ਵਿੱਚ ਮਦਦ ਕਰਦੇ ਹਨ, ਸਗੋਂ ਇਹ ਆਂਦਰਾਂ ਅਤੇ ਪੈਨਕ੍ਰੀਅਸ ਨੂੰ ਵੀ ਇਹ ਸੰਕੇਤ ਦਿੰਦਾ ਹੈ ਕਿ ਉਹ ਪਚਣ ਲਈ ਜ਼ਰੂਰੀ ਰਸ ਛੱਡਣ।
ਕੈਰੋਲਿੰਸਕਾ ਇੰਸਟੀਟਿਊਟ ਦੇ ਟਰੁਲਸਨ ਨਾਲ ਕੰਮ ਕਰਨ ਵਾਲੇ ਓਰੋਫੈਸ਼ੀਅਲ ਨਿਊਰੋਸਾਇੰਟਿਸਟ ਅਭਿਸ਼ੇਕ ਕੁਮਾਰ ਕਹਿੰਦੇ ਹਨ, “ਜੇ ਤੁਸੀਂ ਚੱਬਦੇ ਨਹੀਂ, ਤਾਂ ਆਂਦਰਾਂ ਭੋਜਨ ਨੂੰ ਸੰਭਾਲਣ ਲਈ ਤਿਆਰ ਨਹੀਂ ਹੁੰਦੀਆਂ।”
ਅਭਿਸ਼ੇਕ ਕੁਮਾਰ ਕਹਿੰਦੇ ਹਨ ਕਿ ਭੋਜਨ ਦੇ ਕਣਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਤੋੜਣ ਦੀ ਕਿਰਿਆ ਨਾਲ ਉਨ੍ਹਾਂ ਦੀ ਸਤਹਿ ਵੱਧ ਜਾਂਦੀ ਹੈ, ਜਿਸਦਾ ਮਤਲਬ ਹੈ ਕਿ ਪਾਚਨ ਰਸ ਉਨ੍ਹਾਂ ‘ਤੇ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰ ਸਕਦੇ ਹਨ।
ਉਹ ਕਹਿੰਦੇ ਹਨ ਕਿ ਇਹ ਆਂਦਰਾਂ ਦੀ ਸਿਹਤ ਲਈ ਮਹੱਤਵਪੂਰਨ ਹੈ। ਵੱਡੇ ਕਣ ਆਂਦਰਾਂ ਵਿੱਚ ਲੰਮੇ ਸਮੇਂ ਤੱਕ ਰਹਿ ਜਾਂਦੇ ਹਨ, ਜਿਸ ਨਾਲ ਜੀਵਾਣੂਆਂ ਨੂੰ ਉਨ੍ਹਾਂ ਨੂੰ ਫਰਮੈਂਟ ਕਰਨ ਲਈ ਵੱਧ ਸਮਾਂ ਮਿਲਦਾ ਹੈ। ਇਸ ਨਾਲ “ਫੁਲਣ ਦਾ ਅਹਿਸਾਸ, ਭਾਰਾਪਨ, ਕਬਜ਼ ਅਤੇ ਹੋਰ ਲੱਛਣ” ਪੈਦਾ ਹੋ ਸਕਦੇ ਹਨ।
ਤਸਵੀਰ ਸਰੋਤ, Getty Images
ਪੋਸ਼ਕ ਤੱਤਾਂ ਦੀ ਜਜ਼ਬੀ ਸਮਰੱਥਾ ਤੇ ਭਰਪੂਰਤਾ ਦਾ ਅਹਿਸਾਸ ਸੁਧਾਰਨਾ
ਚਬਾਉਣ ਦੀ ਕਿਰਿਆ ਭੋਜਨ ਵਿੱਚੋਂ ਪੋਸ਼ਕ ਤੱਤਾਂ ਨੂੰ ਰਿਲੀਜ਼ ਕਰਨ ਵਿੱਚ ਮਦਦ ਕਰਦੀ ਹੈ, ਜਿਸ ਨਾਲ ਸਾਡਾ ਸਰੀਰ ਉਨ੍ਹਾਂ ਨੂੰ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਜਜ਼ਬ ਕਰ ਸਕਦਾ ਹੈ।
ਉਦਾਹਰਨ ਵਜੋਂ, 2009 ਦੀ ਇੱਕ ਅਧਿਐਨ ਵਿੱਚ 13 ਸਿਹਤਮੰਦ ਬਾਲਗਾਂ ਨੂੰ ਕਿਹਾ ਗਿਆ ਕਿ ਉਹ ਬਦਾਮਾਂ ਨੂੰ 10, 25 ਜਾਂ 40 ਵਾਰ ਚਬਾਉਣ।
ਜਦੋਂ ਖੋਜਕਾਰਾਂ ਨੇ ਭਾਗੀਦਾਰਾਂ ਦੇ ਮਲ ਦੇ ਨਮੂਨੇ ਇਕੱਠੇ ਕੀਤੇ, ਤਾਂ ਉਨ੍ਹਾਂ ਨੇ ਪਾਇਆ ਕਿ ਜਿੰਨਾ ਜ਼ਿਆਦਾ ਲੋਕਾਂ ਨੇ ਚੱਬਿਆ, ਉਨ੍ਹਾਂ ਨੇ ਉਨਾ ਹੀ ਘੱਟ ਚਰਬੀ ਬਾਹਰ ਕੱਢੀ, ਜਿਸਦਾ ਮਤਲਬ ਸੀ ਕਿ ਨਟਸ ਤੋਂ ਊਰਜਾ ਦੀ ਜਜ਼ਬੀ ਸਮਰੱਥਾ ਤਕਰੀਬਨ ਇੱਕ ਤਿਹਾਈ ਤੱਕ ਵੱਧ ਗਈ ਸੀ।
(ਅਸਲ ਵਿੱਚ, 1900 ਦੇ ਸ਼ੁਰੂ ਵਿੱਚ ਫ਼ਲੇਚਰ ਮੰਨਦੇ ਸੀ ਕਿ ਵੱਧ ਚਬਾਉਣ ਨਾਲ “ਉੱਤਮ ਗੁਣਵੱਤਾ ਵਾਲਾ ਮਲ ” ਬਣਦਾ ਹੈ, ਜੋ “ਕਾਫ਼ੀ ਸੁੱਕਾ” ਹੁੰਦਾ ਹੈ ਅਤੇ “ਗਰਮ ਬਿਸਕੁਟ” ਵਰਗੀ ਗੰਧ ਰੱਖਦਾ ਹੈ।)
ਚਬਾਉਣ ਦੀ ਗਿਣਤੀ ਵਧਾ ਕੇ 40 ਵਾਰ ਕਰਨ ਨਾਲ ਭਾਗੀਦਾਰਾਂ ਨੂੰ ਲੰਮੇ ਸਮੇਂ ਤੱਕ ਭਰਪੂਰਤਾ ਦਾ ਅਹਿਸਾਸ ਹੋਇਆ। ਇੱਕ ਵੱਖਰੇ 2013 ਦੀ ਅਧਿਐਨ ਨੇ ਵੀ ਇਸ ਭਰਪੂਰਤਾ ਵਾਲੇ ਸਬੰਧ ਨੂੰ ਦੁਹਰਾਇਆ, ਜਦੋਂ 21 ਭਾਗੀਦਾਰਾਂ ਨੇ ਪਿਜ਼ਾ ਦੇ ਚਿਕਨ-ਨਗੇਟ ਜਿੰਨੇ ਟੁਕੜੇ ਨੂੰ ਨਿਗਲਣ ਤੋਂ ਪਹਿਲਾਂ 15 ਜਾਂ 40 ਵਾਰ ਚੱਬਿਆ, ਤਾਂ ਵੱਧ ਚਬਾਉਣ ਵਾਲੇ ਸਮੂਹ ਵਿੱਚ ਭੁੱਖ ਵਿੱਚ ਕਾਫ਼ੀ ਘਟਾਅ ਦੇਖਿਆ ਗਿਆ।
ਉਨ੍ਹਾਂ ਵਿੱਚ ਸੀਸੀਕੇ ਅਤੇ ਜੀਆਈਪੀ ਹਾਰਮੋਨਾਂ ਦੀ ਮਾਤਰਾ ਵੀ ਵੱਧ ਸੀ, ਜੋ ਆਂਦਰਾਂ ਵਿੱਚ ਪਚਣ ਨੂੰ ਕੰਟ੍ਰੋਲ ਕਰਦੇ ਹਨ, ਨਾਲ ਹੀ “ਭੁੱਖ ਹਾਰਮੋਨ” ਘਰੇਲਿਨ ਦੇ ਪੱਧਰ ਘੱਟ ਸਨ।
ਤਸਵੀਰ ਸਰੋਤ, Getty Images
ਵੱਧ ਚਬਾਉਣ ਦਾ ਮਤਲਬ ਹੈ ਕਿ ਤੁਸੀਂ ਆਮ ਤੌਰ ‘ਤੇ ਘੱਟ ਭੋਜਨ ਖਾਂਦੇ ਹੋ, ਇਹ ਗੱਲ ਲਗਭਗ 50 ਅਧਿਐਨਾਂ ਦੀ ਸਮੀਖਿਆ ਕਰਨ ਵਾਲੀਆਂ ਦੋ ਵੱਖਰੀਆਂ ਮੈਟਾ-ਵਿਸ਼ਲੇਸ਼ਣਾ ਨੇ ਵੀ ਦਰਸਾਈ ਹੈ।
ਇਸ ਦਾ ਕਾਰਨ ਇਹ ਹੈ ਕਿ ਸਰੀਰ ਨੂੰ ਭੁੱਖ ਨਾਲ ਜੁੜੇ ਹਾਰਮੋਨਾਂ ਨੂੰ ਲਗਭਗ 20 ਮਿੰਟ ਦਾ ਸਮਾਂ ਲੱਗਦਾ ਹੈ ਆਪਣੇ ਪੱਧਰ ਢਾਲਣ ਲਈ ਅਤੇ ਦਿਮਾਗ਼ ਨੂੰ ਇਹ ਸੰਕੇਤ ਦੇਣ ਲਈ ਕਿ ਤੁਸੀਂ ਭਰ ਗਏ ਹੋ ਅਤੇ ਚਬਾਉਣਾ ਇਸ ਸਮੇਂ ਨੂੰ ਵਧਾ ਦਿੰਦਾ ਹੈ।
ਇਸੀ ਕਰਕੇ ਕਈ ਡਾਇਟੀਸ਼ਨ ਅਤੇ ਡਾਕਟਰ ਹੌਲੀ ਅਤੇ ਧਿਆਨ ਨਾਲ ਖਾਣ ਦੀ ਸਲਾਹ ਦਿੰਦੇ ਹਨ, ਖ਼ਾਸ ਕਰਕੇ ਜੇ ਤੁਸੀਂ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ।
ਬ੍ਰਾਜ਼ੀਲ ਦੇ 92 ਬੱਚਿਆਂ ‘ਤੇ ਕੀਤੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਮੋਟਾਪੇ ਵਾਲੇ ਬੱਚੇ ਆਮ ਵਜ਼ਨ ਵਾਲੇ ਬੱਚਿਆਂ ਦੀ ਤੁਲਨਾ ਵਿੱਚ “ਘੱਟ ਚਬਾਉਣ ਦੀਆਂ ਕ੍ਰਮਬੱਧ ਕਿਰਿਆਵਾਂ ਕਰਦੇ ਸਨ ਅਤੇ ਜ਼ਿਆਦਾ ਤੇਜ਼ੀ ਨਾਲ ਖਾਂਦੇ ਸਨ।”
ਖਾਣ ਦੀ ਗਤੀ ਘਟਾਉਣ ਦਾ ਇੱਕ ਵਧੀਆ ਤਰੀਕਾ ਇਹ ਹੈ ਕਿ ਵਧੇਰੇ ਬਣਾਵਟ ਵਾਲੇ (ਟੈਕਸਚਰ ਵਾਲੇ) ਭੋਜਨ ਖਾਦੇ ਜਾਣ।
ਕਈ ਅਧਿਐਨ ਸਿਫਾਰਸ਼ ਕਰਦੇ ਹਨ ਕਿ ਤਰਲਾਂ ਦੀ ਬਜਾਏ ਠੋਸ ਭੋਜਨ ਚੁਣੋ (ਜਿਵੇਂ ਸੰਤਰੇ ਦੇ ਰਸ ਦੀ ਥਾਂ ਸੰਤਰਾ), ਅਤੇ ਘੱਟ ਗਾੜ੍ਹੇ ਭੋਜਨ ਦੀ ਬਜਾਏ ਵੱਧ ਗਾੜ੍ਹੇ ਭੋਜਨ (ਜਿਵੇਂ ਚਿੱਟੇ ਚੌਲ ਜਾਂ ਪਾਸਤਾ ਦੀ ਥਾਂ ਓਟਮੀਲ ਅਤੇ ਫਲੈਕਸੀਡਜ਼)।
ਅਭਿਸ਼ੇਕ ਕੁਮਾਰ ਕਹਿੰਦੇ ਹਨ, “ਭੋਜਨ ਦੀ ਬਣਾਵਟ ਇਸ ਗੱਲ ‘ਤੇ ਅਸਰ ਪਾ ਸਕਦੀ ਹੈ ਕਿ ਅਸੀਂ ਕਿੰਨਾ ਭਰਿਆ ਹੋਇਆ ਮਹਿਸੂਸ ਕਰਦੇ ਹਾਂ ਅਤੇ ਇਸ ਤਰ੍ਹਾਂ ਇਹ ਮੋਟਾਪੇ ਨਾਲ ਜੂਝ ਰਹੇ ਲੋਕਾਂ ਨੂੰ ਆਪਣੀ ਖੁਰਾਕ ਘਟਾ ਕੇ ਵਜ਼ਨ ਘਟਾਉਣ ਵਿੱਚ ਮਦਦ ਕਰ ਸਕਦੀ ਹੈ।”
ਤਸਵੀਰ ਸਰੋਤ, Getty Images
ਦਿਮਾਗ਼ ਦੀ ਸਿਹਤ ਲਈ ਇੱਕ ਵਾਧੂ ਲਾਭ
ਪੋਸ਼ਣ ਅਤੇ ਪਾਚਨ ਤੋਂ ਇਲਾਵਾ, ਖੋਜਕਾਰ ਹੁਣ ਵਧਦੇ ਤੌਰ ‘ਤੇ ਇਹ ਪਤਾ ਲਗਾ ਰਹੇ ਹਨ ਕਿ ਚਬਾਉਣ ਸਾਡੇ ਸਮੁੱਚੇ ਸਿਹਤ ਦੇ ਹੋਰ ਪੱਖਾਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਖ਼ਾਸ ਕਰਕੇ ਦਿਮਾਗ਼ ਦੀ ਸਿਹਤ ਵਿੱਚ, ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਹਾਂ।
ਅਭਿਸ਼ੇਕ ਕੁਮਾਰ ਕਹਿੰਦੇ ਹਨ ਕਿ “ਬਾਈਟ–ਬ੍ਰੇਨ ਐਕਸਿਸ” ਵਿੱਚ ਦਿਲਚਸਪੀ ਵਧ ਰਹੀ ਹੈ, ਜਿਸਦਾ ਮਤਲਬ ਹੈ ਕਿ ਚਬਾਉਣ ਦੀ ਕਿਰਿਆ ਸਿੱਧੇ ਤੌਰ ‘ਤੇ ਦਿਮਾਗ ਦੀ ਸਿਹਤ ਨਾਲ ਜੁੜੀ ਹੋਈ ਹੈ। ਦੰਦਾਂ ਨੂੰ ਗਵਾਉਣਾ ਵੀ ਅਲਜ਼ਾਈਮਰ ਬਿਮਾਰੀ ਅਤੇ ਡਿਮੈਂਸ਼ੀਆ ਦੇ ਵੱਧ ਜੋਖ਼ਮ ਨਾਲ ਜੋੜਿਆ ਗਿਆ ਹੈ।
ਯਾਦਸ਼ਕਤੀ ‘ਤੇ ਵੀ ਅਸਰ ਪੈਂਦਾ ਹੈ। ਯੂਰਪ ਦੇ 14 ਦੇਸ਼ਾਂ ਵਿੱਚ 50 ਸਾਲ ਤੋਂ ਵੱਧ ਉਮਰ ਦੇ 28,500 ਤੋਂ ਵੱਧ ਲੋਕਾਂ ‘ਤੇ ਕੀਤੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਦੀ ਚਬਾਉਣ ਦੀ ਸਮਰੱਥਾ ਚੰਗੀ ਸੀ ਜਾਂ ਬਿਨਾਂ ਦੰਦਾਂ ਵਾਲੇ ਭਾਗੀਦਾਰਾਂ ਨੇ ਬੋਧਾਤਮਕ ਟੈਸਟਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ।
ਉਨ੍ਹਾਂ ਨੇ ਚਬਾਉਣ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਨਾਲੋਂ ਸ਼ਬਦਾਂ ਨੂੰ ਯਾਦ ਰੱਖਣ, ਮੌਖਿਕ ਰਵਾਨਗੀ ਅਤੇ ਅੰਕਾਂ ਦੇ ਹੁਨਰ ਨੂੰ ਕਾਫ਼ੀ ਬਿਹਤਰ ਢੰਗ ਨਾਲ ਪ੍ਰਦਰਸ਼ਿਤ ਕੀਤਾ।
55 ਤੋਂ 80 ਸਾਲ ਦੀ ਉਮਰ ਦੇ 273 ਸਿਹਤਮੰਦ ਲੋਕਾਂ ‘ਤੇ ਕੀਤੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਕੋਲ ਆਪਣੇ ਕੁਦਰਤੀ ਦੰਦ ਜ਼ਿਆਦਾ ਸਨ, ਉਨ੍ਹਾਂ ਦੀ ਸੈਮੈਂਟਿਕ ਮੈਮੋਰੀ (ਦੁਨੀਆ ਬਾਰੇ ਗਿਆਨ ਅਤੇ ਤੱਥਾਂ ਨਾਲ ਜੁੜੀ ਯਾਦ) ਅਤੇ ਲੰਬੀ ਮਿਆਦ ਵਾਲੀ ਯਾਦ ਹੋਰ ਬਿਹਤਰ ਸੀ।
ਪਰ ਚਬਾਉਣ ਦੀ ਸਮਰੱਥਾ ਦਾ ਯਾਦਸ਼ਕਤੀ ਨਾਲ ਕੀ ਸਬੰਧ ਹੈ? ਕੁਝ ਖੋਜਕਾਰ ਸਾਡੇ ਚਬਾਉਣ ਵਾਲੇ ਸਿਸਟਮ ਅਤੇ ਹਿਪੋਕੈਂਪਸ ਵਿੱਚ ਮੌਜੂਦ ਕਈ ਨਿਊਰਲ ਸਰਕਿਟਾਂ ਵੱਲ ਇਸ਼ਾਰਾ ਕਰਦੇ ਹਨ।
ਹਿਪੋਕੈਂਪਸ ਤੋਂ ਭਾਵ ਦਿਮਾਗ਼ ਦਾ ਉਹ ਹਿੱਸਾ ਜੋ ਨਵੀਆਂ ਯਾਦਾਂ ਬਣਾਉਣ ਅਤੇ ਸਪੌਸ਼ਲ ਲਰਨਿੰਗ ਲਈ ਜ਼ਿੰਮੇਵਾਰ ਹੁੰਦਾ ਹੈ ਅਤੇ ਜੋ ਅਲਜ਼ਾਈਮਰ ਨਾਲ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦਾ ਹੈ।
ਤਸਵੀਰ ਸਰੋਤ, Getty Images
ਹੋਰ ਵਿਗਿਆਨੀ ਮੰਨਦੇ ਹਨ ਕਿ ਚਬਾਉਣ, ਖਾਸ ਕਰਕੇ ਥੋੜ੍ਹੇ ਕਠੋਰ ਭੋਜਨ ਨੂੰ ਚਬਾਉਣ ਨਾਲ, ਦਿਮਾਗ ਵਿੱਚ ਖੂਨ ਦਾ ਵਹਾਅ ਵਧ ਸਕਦਾ ਹੈ, ਜਿਵੇਂ ਜਪਾਨੀ ਖੋਜਕਾਰਾਂ ਨੇ ਗਮ ਚਬਾਉਣ ਵਾਲਿਆਂ ‘ਤੇ ਕੀਤੇ ਪ੍ਰਯੋਗਾਂ ਵਿੱਚ ਦਰਸਾਇਆ।
ਟਰੁਲਸਨ ਸਮਝਾਉਂਦੇ ਹਨ, “ਸਿਧਾਂਤ ਇਹ ਹੈ ਕਿ ਚਬਾਉਣ ਇੱਕ ਪੰਪ ਵਾਂਗ ਕੰਮ ਕਰਦਾ ਹੈ, ਜੋ ਦਿਮਾਗ਼ ਵੱਲ ਖੂਨ ਪੰਪ ਕਰਦਾ ਹੈ।”
ਉਹ ਕਹਿੰਦੇ ਹਨ ਕਿ ਇਹ ਦਿਮਾਗ਼ ਨੂੰ ਤੇਜ਼ ਅਤੇ ਚੰਗੀ ਤਰ੍ਹਾਂ ਕੰਮ ਕਰਨ ਵਿੱਚ ਮਦਦ ਕਰਦਾ ਹੈ।
ਇਹ ਜਾਣਨ ਲਈ ਕਿ ਕੀ ਚਬਾਉਣ ਦੀ ਕਮਜ਼ੋਰੀ ਅਸਲ ਵਿੱਚ ਬੌਧਾਤਮਕ ਘੱਟ ਹੋਣ ਦਾ ਕਾਰਨ ਬਣ ਸਕਦੀ ਹੈ ਅਤੇ ਕੀ ਇਸ ਦਾ ਇਲਾਜ ਸੰਭਵ ਹੈ। ਟਰੁਲਸਨ ਦੀ ਟੀਮ ਇਸ ਸਮੇਂ ਇੱਕ ਪ੍ਰਯੋਗ ਕਰ ਰਹੀ ਹੈ, ਜਿਸ ਵਿੱਚ ਮਰੀਜ਼ਾਂ ਦੇ ਗਵਾਚੇ ਦੰਦਾਂ ਨੂੰ ਇੰਪਲਾਂਟ ਨਾਲ ਬਦਲਿਆ ਜਾ ਰਿਹਾ ਹੈ ਅਤੇ ਫਿਰ ਉਨ੍ਹਾਂ ਦੇ ਦਿਮਾਗ਼ੀ ਫੰਕਸ਼ਨ ਦੀ ਸਰਜਰੀ ਤੋਂ ਪਹਿਲਾਂ ਅਤੇ ਇੱਕ ਸਾਲ ਤੱਕ ਨਿਗਰਾਨੀ ਕੀਤੀ ਜਾ ਰਹੀ ਹੈ।
ਐੱਮਆਰਆਈ ਦਿਮਾਗੀ ਸਕੈਨ ਵੀ ਵਰਤੇ ਜਾਣਗੇ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਖ਼ਰਾਬ ਖੂਨ ਪ੍ਰਵਾਹ ਨਾਲ ਜੁੜੇ ਦਿਮਾਗੀ ਨਿਸ਼ਾਨ (ਵ੍ਹਾਈਟ ਮੈਟਰ ਲੀਜ਼ਨ), ਜੋ ਦਿਮਾਗ ਦੀ ਖੂਨ-ਨਲੀਆਂ ਦੀ ਕਮਜ਼ੋਰ ਸਿਹਤ ਦਾ ਸੰਕੇਤ ਹੁੰਦੇ ਹਨ, ਇਲਾਜ ਨਾਲ ਘਟਦੇ ਹਨ ਜਾਂ ਨਹੀਂ।
ਟਰੁਲਸਨ ਕਹਿੰਦੇ ਹਨ, “ਕੀ ਇਹ ਬਹੁਤ ਵਧੀਆ ਨਹੀਂ ਹੋਵੇਗਾ ਜੇ ਅਸੀਂ ਦੰਦਾਂ ਦੇ ਇਲਾਜ ਰਾਹੀਂ ਦਿਮਾਗ ਨੂੰ ਵੀ ਠੀਕ ਕਰ ਸਕੀਏ?” ਉਹ ਹੁਣ ਤੱਕ ਆਪਣੇ ਟ੍ਰਾਇਲ ਲਈ 80 ਤੋਂ ਵੱਧ ਮਰੀਜ਼ ਭਰਤੀ ਕਰ ਚੁੱਕੇ ਹਨ।
ਤਸਵੀਰ ਸਰੋਤ, Getty Images
ਵਧਦੀ ਸੁਚੇਤਤਾ
ਕੁਝ ਹਾਲਾਤਾਂ ਵਿੱਚ, ਆਮ ਲੋਕਾਂ ਵਿੱਚ ਵੀ ਚਬਾਉਣ ਨਾਲ ਧਿਆਨ ਕੇਂਦ੍ਰਿਤ ਕਰਨ ਦੀ ਸਮਰੱਥਾ ਵਧਦੀ ਦੇਖੀ ਗਈ ਹੈ।
ਕੁਝ ਮਾਮਲਿਆਂ ਵਿੱਚ, ਚਬਾਉਣ ਨਾਲ ਆਮ ਆਬਾਦੀ ਵਿੱਚ ਇਕਾਗਰਤਾ ਵਿੱਚ ਸੁਧਾਰ ਹੁੰਦਾ ਪਾਇਆ ਗਿਆ ਹੈ।
21 ਅਧਿਐਨਾਂ ਵਾਲੇ ਇੱਕ ਮੈਟਾ-ਵਿਸ਼ਲੇਸ਼ਣ ਨੇ ਕੁਝ ਬੋਧਾਤਮਕ ਤੌਰ ‘ਤੇ ਮੰਗ ਵਾਲੇ ਕੰਮਾਂ ਦੌਰਾਨ ਚਬਾਉਣ ਵਾਲੇ ਨਾ ਹੋਣ ਵਾਲਿਆਂ ਦੇ ਮੁਕਾਬਲੇ ਚਬਾਉਣ ਵਾਲੇ ਭਾਗੀਦਾਰਾਂ ਦੇ ਧਿਆਨ ਦੇ ਪੱਧਰ ਵਿੱਚ ਇੱਕ ਕਮਜ਼ੋਰ ਪਰ ਅੰਕੜਾਤਮਕ ਤੌਰ ‘ਤੇ ਮਹੱਤਵਪੂਰਨ ਸੁਧਾਰ ਦਾ ਪਤਾ ਲਗਾਇਆ।
ਇੱਕ ਹੋਰ ਅਲੱਗ ਅਧਿਐਨ ਵਿੱਚ 80 ਭਾਗੀਦਾਰਾਂ ‘ਤੇ ਪਾਇਆ ਗਿਆ ਕਿ ਚਬਾਉਣ ਨਾਲ ਮਾਨਸਿਕ ਕੰਮਾਂ ਦੌਰਾਨ ਸਚੇਤਤਾ ਵਿੱਚ 10% ਵਾਧਾ ਹੋਇਆ। ਗਮ ਚਬਾਉਣ ਵਾਲਿਆਂ ਨੇ ਇੰਟੈਲੀਜੈਂਸ ਟੈਸਟ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ।
ਟਰੁਲਸਨ ਕਹਿੰਦੇ ਹਨ ਕਿ ਵਿਗਿਆਨੀ “ਅਜੇ ਤੱਕ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਇਹ ਕਿਵੇਂ ਕੰਮ ਕਰਦਾ ਹੈ”, ਪਰ ਚਬਾਉਣ ਅਤੇ ਵਧੀ ਹੋਈ ਧਿਆਨ ਸਮਰੱਥਾ ਵਿਚਕਾਰ ਸਬੰਧ ਕਾਫ਼ੀ ਮਜ਼ਬੂਤ ਹੈ, ਪਰ ਇੱਕ ਗੱਲ ਧਿਆਨਯੋਗ ਹੈ, “ਇਹ ਪ੍ਰਭਾਵ ਸ਼ਾਇਦ 15 ਤੋਂ 20 ਮਿੰਟ ਤੋਂ ਵੱਧ ਨਹੀਂ ਰਹਿੰਦਾ।” ਹਾਲਾਂਕਿ ਇਸਦਾ ਕਾਰਨ ਸਪਸ਼ਟ ਨਹੀਂ ਹੈ।
ਇੱਕ ਹੋਰ ਪ੍ਰਯੋਗ ਵਿੱਚ, ਜਵਾਨਾਂ ਨੂੰ ਚਾਰ ਕੰਪਿਊਟਰ ਟਾਸਕ ਇਕੱਠੇ ਕਰਨ ਲਈ ਕਿਹਾ ਗਿਆ।
ਤਸਵੀਰ ਸਰੋਤ, Getty Images
ਤਣਾਅ ਘਟਾਉਣਾ
ਲੈਬ ਤੋਂ ਬਾਹਰ ਵੀ ਚਬਾਉਣਾ ਤਣਾਅ ਘਟਾਉਣ ਵਿੱਚ ਮਦਦਗਾਰ ਹੈ। ਤੁਰਕੀ ਦੇ ਖੋਜਕਾਰਾਂ ਨੇ ਜਦੋਂ ਮਿਡ-ਟਰਮ ਇਮਤਿਹਾਨਾਂ ਦੀ ਤਿਆਰੀ ਕਰ ਰਹੇ 100 ਨਰਸਿੰਗ ਦੇ ਵਿਦਿਆਰਥੀਆਂ ਦਾ ਅਧਿਐਨ ਕੀਤਾ ਤਾਂ ਪਾਇਆ ਕਿ ਜਿਨ੍ਹਾਂ ਨੇ ਘੱਟੋ-ਘੱਟ 30 ਮਿੰਟ ਰੋਜ਼ ਗਮ ਚੱਬੀ, ਉਨ੍ਹਾਂ ਵਿੱਚ ਤਣਾਅ, ਚਿੰਤਾ ਅਤੇ ਡਿਪ੍ਰੈਸ਼ਨ ਦੇ ਪੱਧਰ ਘੱਟ ਸਨ।
ਭਾਵੇਂ ਉਨ੍ਹਾਂ ਨੇ ਇਮਤਿਹਾਨ ਤੋਂ 15 ਦਿਨ ਪਹਿਲਾਂ ਗਮ ਚਬਾਉਣਾ ਸ਼ੁਰੂ ਕੀਤਾ ਹੋਵੇ ਜਾਂ ਸਿਰਫ਼ 2 ਦਿਨ ਪਹਿਲਾਂ।
ਸਿੰਗਾਪੁਰ ਦੀ ਏਜੰਸੀ ਫਾਰ ਸਾਇੰਸ, ਟੈਕਨੋਲੋਜੀ ਐਂਡ ਰਿਸਰਚ ਦੇ ਮੂੰਹੀ ਪ੍ਰੋਸੈਸਿੰਗ ਖੋਜਕਾਰ ਜਿਆਂਸ਼ੇ ਚੇਨ ਕਹਿੰਦੇ ਹਨ ਕਿ ਚਬਾਉਣਾ ਤਣਾਅ ਵਾਲੀਆਂ ਸਥਿਤੀਆਂ ਵਿੱਚ ਇੱਕ ਕੁਦਰਤੀ ਪ੍ਰਤੀਕਿਰਿਆ ਵਾਂਗ ਲੱਗਦਾ ਹੈ।
ਉਹ ਕਹਿੰਦੇ ਹਨ, “ਜਦੋਂ ਕੁਝ ਲੋਕ ਤਣਾਅ ਵਿੱਚ ਹੁੰਦੇ ਹਨ, ਉਹ ਬਿਨਾਂ ਸੋਚੇ-ਸਮਝੇ ਚਬਾਉਣਾ ਸ਼ੁਰੂ ਕਰ ਦਿੰਦੇ ਹਨ।” ਦੰਦ ਪੀਸਣਾ ਜਾਂ ਬ੍ਰਕਸਿਜ਼ਮ, ਜੋ ਚਬਾਉਣ ਵਾਲੀਆਂ ਹੀ ਜਬੜੇ ਦੀਆਂ ਮਾਸਪੇਸ਼ੀਆਂ ਵਰਤਦਾ ਹੈ ਅਤੇ ਲਗਭਗ ਹਰ 10 ਵਿੱਚੋਂ 1 ਬਾਲਗ ਨੂੰ ਪ੍ਰਭਾਵਿਤ ਕਰਦਾ ਹੈ, ਆਮ ਤੌਰ ‘ਤੇ ਤਣਾਅ ਅਤੇ ਚਿੰਤਾ ਨਾਲ ਜੁੜਿਆ ਹੁੰਦਾ ਹੈ।
ਪਰ ਇਸ ਮਾਮਲੇ ਵਿੱਚ ਵਿਗਿਆਨਕ ਡਾਟਾ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ।
ਚੇਨ ਕਹਿੰਦੇ ਹਨ ਕਿ ਚਬਾਉਣ ਅਤੇ ਮਨ ਦੇ ਸ਼ਾਂਤ ਹੋਣ ਵਿਚਕਾਰ ਸਬੰਧ ਬਾਰੇ ਸਬੂਤ “ਖਿੱਲਰੇ ਹੋਏ” ਹਨ।
ਉਹ ਕਹਿੰਦੇ ਹਨ ਕਿ ਅਜੇ ਵੀ ਸਾਨੂੰ “ਇਸ ਗੱਲ ਨੂੰ ਪੱਕਾ ਕਰਨ ਲਈ ਕਾਫ਼ੀ ਪ੍ਰਣਾਲੀਬੱਧ ਅਧਿਐਨ ਨਹੀਂ ਮਿਲੇ” ਕਿ ਇਸਦਾ ਮਜ਼ਬੂਤ ਸਬੰਧ ਹੈ।
ਉਪਰੋਕਤ ਕੋਰੀਆਈ ਖੋਜਕਾਰ ਵੱਲੋਂ ਕੀਤੇ ਗਏ ਇੱਕ ਹੋਰ ਅਧਿਐਨ ਵਿੱਚ ਦੇਖਿਆ ਗਿਆ ਕਿ ਗਮ ਚਬਾਉਣ ਨਾਲ ਉਹ ਚਿੰਤਾ ਘੱਟ ਨਹੀਂ ਹੋਈ ਜੋ ਗਰਭਵਤੀ ਔਰਤਾਂ ਨੂੰ ਚੋਣਵੀਂ ਸੀਜੇਰੀਅਨ ਸੈਕਸ਼ਨ ਲਈ ਓਪਰੇਸ਼ਨ ਥੀਏਟਰ ਵੱਲ ਲੈ ਕੇ ਜਾਂਦੇ ਸਮੇਂ ਹੁੰਦੀ ਸੀ। ਇਸ ਨਾਲ ਉਨ੍ਹਾਂ ਲੋਕਾਂ ਦੇ ਤਣਾਅ ‘ਤੇ ਵੀ ਕੋਈ ਖ਼ਾਸ ਅਸਰ ਨਹੀਂ ਪਿਆ ਜੋ ਇੱਕ ਅਣਸੁਲਝੀ ਸ਼ਬਦ ਪਹੇਲੀ ‘ਤੇ ਕੰਮ ਕਰ ਰਹੇ ਸਨ।
ਭੋਜਨ ਦੀ ਇੰਦਰੀਅ ਅਨੁਭੂਤੀ ਦਾ ਵੀ ਅਧਿਐਨ ਕਰਨ ਕਰਨ ਵਾਲੇ ਚੇਨ ਕਹਿੰਦੇ ਹਨ ਕਿ ਇੱਕ ਗੱਲ ਤਾਂ ਪੱਕੀ ਹੈ ਕਿ ਖਾਣਾ ਆਮ ਤੌਰ ‘ਤੇ ਸਾਡੇ ਮੂਡ ਨੂੰ ਬਿਹਤਰ ਕਰਦਾ ਹੈ ਅਤੇ ਚਬਾਉਣਾ, ਜੋ ਇਸ ਪ੍ਰਕਿਰਿਆ ਦਾ ਮਹੱਤਵਪੂਰਨ ਹਿੱਸਾ ਹੈ, ਭੋਜਨ ਦੇ ਸੁਆਦ ਨੂੰ ਖੋਲ੍ਹਦਾ ਹੈ ਅਤੇ ਬਣਾਵਟ ਤੇ ਖੁਸ਼ਬੂ ਦੇ ਨਾਲ ਮਿਲ ਕੇ ਖਾਣ ਦੇ ਅਨੁਭਵ ਨੂੰ ਹੋਰ ਵੀ ਰਸਦਾਰ ਅਤੇ ਸੁਹਾਵਣਾ ਬਣਾ ਦਿੰਦਾ ਹੈ।
ਇਸ ਤਰ੍ਹਾਂ, ਇਸ ਤਰਕ ਅਨੁਸਾਰ, ਚੰਗੀ ਤਰ੍ਹਾਂ ਚੱਬ ਕੇ ਖਾਣਾ ਤੁਹਾਡੀ ਮਾਨਸਿਕ ਸਿਹਤ ਨੂੰ ਵੀ ਸੁਧਾਰ ਸਕਦਾ ਹੈ। ਪਰ ਮਿੱਠੀ ਗ਼ਮ ਦੀ ਬਜਾਏ, ਤਣਾਅ ਵਾਲੇ ਕੰਮ ਤੋਂ ਪਹਿਲਾਂ ਤੁਸੀਂ ਕਿਸੇ ਸਿਹਤਮੰਦ ਅਤੇ ਬਣਾਵਟ ਵਾਲੇ ਨਾਸ਼ਤੇ ਨੂੰ ਚਬਾਉਣਾ ਵਧੀਆ ਸਮਝ ਸਕਦੇ ਹੋ।
ਪਰ ਇਸਨੂੰ ਹੱਦ ਤੋਂ ਵੱਧ ਨਾ ਕਰੋ। ਫ਼ਲੇਚਰ ਦੇ ਉਲਟ, ਜ਼ਿਆਦਾਤਰ ਮਾਹਰ ਨਹੀਂ ਮੰਨਦੇ ਕਿ ਚਬਾਉਣ ਦੀ ਕੋਈ “ਜਾਦੂਈ ਗਿਣਤੀ” ਹੁੰਦੀ ਹੈ। ਐਂਡਰੀਜ਼ ਵੈਨ ਡੇਰ ਬਿਲਟ ਕਹਿੰਦੇ ਹਨ, “ਆਮ ਤਰੀਕੇ ਨਾਲ ਚੱਬੋ ਜਦੋਂ ਤੱਕ ਤੁਹਾਨੂੰ ਲੱਗੇ ਕਿ ਨਿਗਲਣਾ ਠੀਕ ਹੈ, ਜੋ ਹਰ ਵਿਅਕਤੀ ਲਈ ਵੱਖਰਾ ਹੋ ਸਕਦਾ ਹੈ। ਬਸ ਆਪਣੇ ਭੋਜਨ ਦਾ ਆਨੰਦ ਲਓ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







