Home ਰਾਸ਼ਟਰੀ ਖ਼ਬਰਾਂ ਪਾਕਿਸਤਾਨ ਦੇ ਇੱਕ ਗੁਰਦੁਆਰੇ ਵਿੱਚ ਜੋੜੇ ਦੇ ਕਤਲ ਦਾ ਮਾਮਲਾ, ਹਮਲਾਵਰ ਗ੍ਰਿਫ਼ਤਾਰ,...

ਪਾਕਿਸਤਾਨ ਦੇ ਇੱਕ ਗੁਰਦੁਆਰੇ ਵਿੱਚ ਜੋੜੇ ਦੇ ਕਤਲ ਦਾ ਮਾਮਲਾ, ਹਮਲਾਵਰ ਗ੍ਰਿਫ਼ਤਾਰ, ਹੁਣ ਤੱਕ ਕੀ-ਕੀ ਪਤਾ ਲੱਗਿਆ

3
0

Source :- BBC PUNJABI

ਪਾਕਿਸਤਾਨ ਦੇ ਇੱਕ ਗੁਰਦੁਆਰੇ ਵਿੱਚ ਸਿੱਖ ਜੋੜੇ ਦੇ ਕਤਲ ਦਾ ਮਾਮਲਾ

ਤਸਵੀਰ ਸਰੋਤ, Garpal Singh

“ਉਹ ਇੱਕ ਬਜ਼ੁਰਗ ਸਨ, ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਗੁਰਦੁਆਰੇ ਦੇ ਸੇਵਾਦਾਰ ਸਨ, ਲੰਗਰ ਬਣਾਉਂਦੇ ਸਨ ਅਤੇ ਆਪਣਾ ਜ਼ਿਆਦਾਤਰ ਸਮਾਂ ਗੁਰਦੁਆਰੇ ਦੀ ਸਫ਼ਾਈ ਅਤੇ ਹੋਰ ਕੰਮਾਂ ਵਿੱਚ ਬਿਤਾਉਂਦੇ ਸਨ।”

ਇਹ ਗੱਲ ਮਦਨ ਮੋਹਨ ਨੇ ਕਹੀ, ਜੋ ਕਤਲ ਕੀਤੇ ਗਏ ਜੋੜੇ ਦੇ ਗੁਆਂਢੀ ਸਨ।

ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਦੇ ਮਰਦਾਨ ਜ਼ਿਲ੍ਹੇ ਵਿੱਚ ਇੱਕ ਗੁਰਦੁਆਰੇ ਵਿੱਚ 71 ਸਾਲਾ ਜਗਨਨਾਥ ਅਤੇ ਉਨ੍ਹਾਂ ਦੀ 67 ਸਾਲਾ ਪਤਨੀ ਅਸਮਾ ਵੰਤੀ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਹਮਲਾਵਰ 17 ਜੂਨ ਨੂੰ ਗੁਰਦੁਆਰੇ ਵਿੱਚ ਦਾਖ਼ਲ ਹੋਇਆ ਸੀ। ਇਹ ਜੋੜਾ ਗੁਰਦੁਆਰੇ ਦਾ ਕੇਅਰਟੇਕਰ ਸੀ ਅਤੇ ਉੱਥੇ ਹੀ ਰਹਿੰਦਾ ਸੀ।

ਵੀਰਵਾਰ ਸ਼ਾਮ ਨੂੰ ਮਰਦਾਨ ਪੁਲਿਸ ਨੇ ਦਾਅਵਾ ਕੀਤਾ ਕਿ ਉਸ ਨੇ ਇਸ ਘਟਨਾ ਵਿੱਚ ਸ਼ਾਮਲ ਕਥਿਤ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਰਦਾਨ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਮਸੂਦ ਅਹਿਮਦ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ ਕਿ ਕਥਿਤ ਹਮਲਾਵਰ ਦੀ ਪਛਾਣ ਸ਼ੇਰ ਸ਼ਾਹ ਵਜੋਂ ਹੋਈ ਹੈ, ਜਿਸ ਨੂੰ ਜਾਂਚ ਦੇ ਆਧੁਨਿਕ ਤਰੀਕਿਆਂ ਦੀ ਵਰਤੋਂ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਘਟਨਾ ਬਾਰੇ ਪੁਲਿਸ ਨੇ ਹੋਰ ਕੀ ਦੱਸਿਆ

ਮਰਦਾਨ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਮਸੂਦ ਅਹਿਮਦ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ ਕਿ ਕਥਿਤ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ

ਮਰਦਾਨ ਦੇ ਡੀਪੀਓ (ਜ਼ਿਲ੍ਹਾ ਪੁਲਿਸ ਅਧਿਕਾਰੀ) ਮੁਤਾਬਕ, ਮੁਲਜ਼ਮ ਤੋਂ ਸ਼ੁਰੂਆਤੀ ਪੁੱਛਗਿੱਛ ਵਿੱਚ ਕਿਸੇ ਪਾਬੰਦੀਸ਼ੁਦਾ ਸੰਗਠਨ, ਅੱਤਵਾਦੀ ਸਮੂਹ ਜਾਂ ਸੰਗਠਿਤ ਨੈੱਟਵਰਕ ਨਾਲ ਉਸ ਦੇ ਸਬੰਧਾਂ ਦਾ ਕੋਈ ਸਬੂਤ ਨਹੀਂ ਮਿਲਿਆ ਹੈ, ਹਾਲਾਂਕਿ ਇਸ ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ।

ਮਾਮਲੇ ਦੀ ਜਾਂਚ ਵਿੱਚ ਸ਼ਾਮਲ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਬੁੱਧਵਾਰ ਸਵੇਰੇ ਕਰੀਬ 10 ਵਜੇ ਗੁਰਦੁਆਰੇ ਆਇਆ ਸੀ। ਉਨ੍ਹਾਂ ਮੁਤਾਬਕ, ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਹਮਲਾਵਰ ਅੰਦਰ ਗਿਆ ਅਤੇ ਪਤੀ-ਪਤਨੀ ਦੋਵਾਂ ਦੀ ਵੱਖ-ਵੱਖ ਥਾਵਾਂ ‘ਤੇ ਹੱਤਿਆ ਕਰ ਦਿੱਤੀ।

ਸਥਾਨਕ ਪੁਲਿਸ ਦੇ ਅਨੁਸਾਰ, ਘਟਨਾ ਤੋਂ ਤੁਰੰਤ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਿਆ।

ਮ੍ਰਿਤਕ ਮਹਿਲਾ ਅਸਮਾ ਵੰਤੀ ਦੇ ਭਰਾ ਅਮਰਜੀਤ ਲਾਲ ਦੀ ਸ਼ਿਕਾਇਤ ‘ਤੇ ਇਸ ਘਟਨਾ ਸਬੰਧੀ ਐਫਆਈਆਰ ਦਰਜ ਕੀਤੀ ਗਈ ਹੈ।

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਸਵੇਰੇ ਜਦੋਂ ਉਨ੍ਹਾਂ ਨੂੰ ਆਪਣੀ ਭੈਣ ਅਤੇ ਜੀਜੇ ‘ਤੇ ਹਮਲੇ ਦੀ ਸੂਚਨਾ ਮਿਲੀ, ਤਾਂ ਉਹ ਆਪਣੀ ਵਰਕਸ਼ਾਪ ‘ਤੇ ਸਨ। ਉਨ੍ਹਾਂ ਮੁਤਾਬਕ, ਉਹ ਤੁਰੰਤ ਗੁਰਦੁਆਰੇ ਪਹੁੰਚੇ ਅਤੇ ਉੱਥੇ ਦੋਵਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ।

ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਭੈਣ ਅਤੇ ਜੀਜੇ ‘ਤੇ ਕਿਸ ਨੇ ਅਤੇ ਕਿਉਂ ਹਮਲਾ ਕੀਤਾ।

ਮ੍ਰਿਤਕ ਜੋੜੇ ਦੇ ਗੁਆਂਢੀਆਂ ਨੇ ਕੀ ਦੱਸਿਆ

ਮਾਰੇ ਗਏ ਜੋੜੇ ਦੇ ਗੁਆਂਢੀ ਮਦਨ ਮੋਹਨ ਦੇ ਅਨੁਸਾਰ, ਉਹ (ਮਦਨ ਮੋਹਨ) ਅਕਸਰ ਇਸ ਜੋੜੇ ਨੂੰ ਮਿਲਦੇ ਰਹਿੰਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਘਟਨਾ ਤੋਂ ਇੱਕ ਰਾਤ ਪਹਿਲਾਂ ਉਹ ਉਨ੍ਹਾਂ ਨਾਲ ਬੈਠੇ ਸਨ ਅਤੇ ਗੁਰਦੁਆਰੇ ਬਾਰੇ ਗੱਲਬਾਤ ਹੋ ਰਹੀ ਸੀ।

ਮਦਨ ਮੋਹਨ ਮੁਤਾਬਕ, ਜਗਨਨਾਥ ਅਤੇ ਉਨ੍ਹਾਂ ਦੇ ਪਤਨੀ ਗੁਰਦੁਆਰੇ ਵਿੱਚ ਹੀ ਇੱਕ ਕਮਰੇ ਵਿੱਚ ਰਹਿੰਦੇ ਸਨ।

ਮਰਦਾਨ ਦੇ ਸੰਘਣੀ ਆਬਾਦੀ ਵਾਲੇ ਬਾਬੂ ਮੁਹੱਲਾ ਇਲਾਕੇ ਵਿੱਚ ਸਥਿਤ ਇਸ ਪੁਰਾਤਣ ਗੁਰਦੁਆਰੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਨਿਯਮਿਤ ਤੌਰ ‘ਤੇ ਮੱਥਾ ਟੇਕਣ ਆਉਂਦੇ ਹਨ।

ਮਦਨ ਮੋਹਨ ਨੇ ਦੱਸਿਆ ਕਿ ਇਸ ਗੁਰਦੁਆਰੇ ਦੇ ਬਾਹਰ ਇੱਕ ਘੰਟੀ ਲੱਗੀ ਹੋਈ ਹੈ ਅਤੇ ਜਦੋਂ ਲੋਕ ਮੱਥਾ ਟੇਕਣ ਆਉਂਦੇ ਹਨ ਤਾਂ ਉਹ ਪਹਿਲਾਂ ਘੰਟੀ ਵਜਾਉਂਦੇ ਹਨ, ਜਿਸ ਤੋਂ ਬਾਅਦ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।

ਸਥਾਨਕ ਸਿੱਖ ਆਗੂਆਂ ਨੇ ਕੀ ਕਿਹਾ

ਖੈਬਰ ਪਖ਼ਤੂਨਖ਼ਵਾ ਅਸੈਂਬਲੀ ਦੇ ਸਿੱਖ ਮੈਂਬਰ ਗੁਰਪਾਲ ਸਿੰਘ

ਇਸ ਘਟਨਾ ਤੋਂ ਬਾਅਦ, ਖ਼ੈਬਰ ਪਖ਼ਤੂਨਖ਼ਵਾ ਅਸੈਂਬਲੀ ਵਿੱਚ ਘੱਟਗਿਣਤੀ ਸੀਟਾਂ ਤੋਂ ਚੁਣੇ ਗਏ ਮੈਂਬਰ ਗੁਰਪਾਲ ਸਿੰਘ, ਸੁਰੇਸ਼ ਕੁਮਾਰ ਅਤੇ ਹੋਰ ਲੋਕ ਘਟਨਾ ਸਥਾਨ ‘ਤੇ ਪਹੁੰਚੇ।

ਗੁਰਪਾਲ ਸਿੰਘ ਦੇ ਅਨੁਸਾਰ, ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਇੰਝ ਲੱਗਦਾ ਹੈ ਕਿ ਹਮਲਾਵਰ ਨੂੰ ਗੁਰਦੁਆਰੇ ਅੰਦਰਲੀ ਜਾਣਕਾਰੀ ਸੀ, ਕਿਉਂਕਿ ਦਰਵਾਜ਼ਾ ਖੁੱਲ੍ਹਣ ਤੋਂ ਬਾਅਦ ਉਹ ਸਿੱਧਾ ਬਜ਼ੁਰਗ ਜੋੜੇ ਦੇ ਕਮਰੇ ਵਿੱਚ ਗਿਆ। ਆਮ ਤੌਰ ‘ਤੇ, ਜਦੋਂ ਕੋਈ ਵਿਅਕਤੀ ਗੁਰਦੁਆਰੇ ਵਿੱਚ ਦਾਖ਼ਲ ਹੁੰਦਾ ਹੈ ਤਾਂ ਉਹ ਗੁਰਦੁਆਰੇ ਦੇ ਹਾਲ ਵੱਲ ਜਾਂਦਾ ਹੈ।

ਇਸ ਤੋਂ ਪਹਿਲਾਂ, ਮਰਦਾਨ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਮਸੂਦ ਅਹਿਮਦ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਗੁਰਦੁਆਰੇ ਤੱਕ ਜਾਣ ਲਈ ਪੰਜ ਰਸਤੇ ਹਨ, ਜਿਨ੍ਹਾਂ ਵਿੱਚੋਂ ਦੋ ਨੂੰ ਕਲੀਅਰ ਕਰ ਦਿੱਤਾ ਗਿਆ ਹੈ ਜਦਕਿ ਬਾਕੀ ਤਿੰਨ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਜਲਦੀ ਸਥਿਤੀ ਸਪਸ਼ਟ ਹੋ ਜਾਵੇਗੀ।

ਮੀਡੀਆ ਨਾਲ ਗੱਲ ਕਰਦਿਆਂ ਗੁਰਪਾਲ ਸਿੰਘ ਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਘਟਨਾ ਹੈ ਕਿਉਂਕਿ ਪਹਿਲਾਂ ਘੱਟਗਿਣਤੀਆਂ ‘ਤੇ ਹਮਲੇ ਬਾਜ਼ਾਰਾਂ ਅਤੇ ਸੜਕਾਂ ‘ਤੇ ਹੁੰਦੇ ਸਨ, ਪਰ ਹੁਣ ਹਮਲਾਵਰ ਗੁਰਦੁਆਰੇ ਤੱਕ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਇਨ੍ਹਾਂ ਦਿਨੀਂ ਮੁਹੱਰਮ ਲਈ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ, ਫਿਰ ਵੀ ਇਹ ਘਟਨਾ ਵਾਪਰੀ ਹੈ।

ਸੂਬਾਈ ਅਸੈਂਬਲੀ ਦੇ ਮੈਂਬਰ ਸੁਰੇਸ਼ ਕੁਮਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਇਸ ਘਟਨਾ ਦੀ ਜਾਂਚ ਕਰੇ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ। ਗੁਰਪਾਲ ਸਿੰਘ ਨੇ ਵੀ ਕਿਹਾ ਕਿ ਜਿਸ ਤਰ੍ਹਾਂ ਹੋਰ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦਾ ਧਿਆਨ ਰੱਖਦੀਆਂ ਹਨ, ਉਸੇ ਤਰ੍ਹਾਂ ਸਾਨੂੰ ਉਮੀਦ ਹੈ ਕਿ ਸਾਡੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਹਰ ਨਾਗਰਿਕ ਦੀ ਸੁਰੱਖਿਆ ਯਕੀਨੀ ਬਣਾਉਣਗੇ।

ਐਸਜੀਪੀਸੀ ਨੇ ਕੀਤੀ ਸਖ਼ਤ ਨਿੰਦਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਤਸਵੀਰ ਸਰੋਤ, Getty Images

ਇਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਕਤਲ ਦੇ ਮਾਮਲੇ ਸਖ਼ਤ ਨਿੰਦਾ ਕੀਤੀ ਹੈ।

ਇੱਕ ਬਿਆਨ ਜਾਰੀ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਰਗੇ ਪਵਿੱਤਰ ਧਾਰਮਿਕ ਅਸਥਾਨ ਅੰਦਰ ਦਾਖਲ ਹੋ ਕੇ ਨਿਰਦੋਸ਼ ਸਿੱਖ ਜੋੜੇ ਦਾ ਕਤਲ ਕਰਨਾ ਬਹੁਤ ਹੀ ਦੁੱਖਦਾਈ, ਅਮਾਨਵੀ ਅਤੇ ਘੱਟ ਗਿਣਤੀ ਭਾਈਚਾਰਿਆਂ ਵਿੱਚ ਡਰ ਪੈਦਾ ਕਰਨ ਵਾਲੀ ਘਟਨਾ ਹੈ।

ਉਨ੍ਹਾਂ ਕਿਹਾ ਕਿ ਇਸ ਘਿਨਾਉਣੇ ਹਮਲੇ ਨੇ ਪਾਕਿਸਤਾਨ ਵਿਚ ਵੱਸਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਐਡਵੋਕੇਟ ਧਾਮੀ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਸਿੱਖ ਧਾਰਮਿਕ ਅਸਥਾਨਾਂ ਅਤੇ ਪਾਕਿਸਤਾਨ ਵਿਚ ਵੱਸਦੇ ਸਿੱਖਾਂ ਸਮੇਤ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਹੈ, ਜਿਸ ਪ੍ਰਤੀ ਵਿਸ਼ੇਸ਼ ਧਿਆਨ ਦਿੱਤਾ ਜਾਵੇ।

‘ਜਗਨਨਾਥ ਅਤੇ ਅਸਮਾ ਵੰਤੀ ਲੰਬੇ ਸਮੇਂ ਤੋਂ ਗੁਰਦੁਆਰੇ ਦੀ ਸੇਵਾ ਕਰ ਰਹੇ ਸਨ’

ਗੁਰਦੁਆਰਾ

ਤਸਵੀਰ ਸਰੋਤ, Getty Images

ਬਾਬਾ ਗੁਰਪਾਲ ਸਿੰਘ ਨੇ ਕਿਹਾ ਕਿ ਮਰਦਾਨ ਵਿੱਚ ਇਹ ਗੁਰਦੁਆਰਾ ਪਾਕਿਸਤਾਨ ਬਣਨ ਤੋਂ ਪਹਿਲਾਂ ਸਥਾਪਿਤ ਕੀਤਾ ਗਿਆ ਸੀ ਅਤੇ ਹੁਣ ਇਹ ਪਤੀ-ਪਤਨੀ ਲੰਬੇ ਸਮੇਂ ਤੋਂ ਇਸ ਦੀ ਦੇਖਭਾਲ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਇੱਥੇ 20 ਤੋਂ 25 ਸਾਲਾਂ ਤੋਂ ਦੇਖ ਰਹੇ ਸਨ ਅਤੇ ਹੋ ਸਕਦਾ ਹੈ ਕਿ ਉਹ ਇਸ ਤੋਂ ਪਹਿਲਾਂ ਵੀ ਇੱਥੇ ਕੰਮ ਕਰ ਰਹੇ ਹੋਣ।

ਉਨ੍ਹਾਂ ਦੇ ਗੁਆਂਢੀ ਮਦਨ ਮੋਹਨ ਨੇ ਦੱਸਿਆ ਕਿ ਮਾਰੇ ਗਏ ਜੋੜੇ ਦੀ ਸਿਰਫ਼ ਇੱਕ ਧੀ ਹੈ, ਜਿਸ ਦਾ ਵਿਆਹ ਹੋ ਚੁੱਕਾ ਹੈ ਅਤੇ ਉਹ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੀ ਹੈ।

ਮਦਨ ਮੋਹਨ ਨੇ ਕਿਹਾ ਕਿ ਮਾਪਿਆਂ ‘ਤੇ ਹਮਲੇ ਤੋਂ ਬਾਅਦ ਉਨ੍ਹਾਂ ਦੀ ਧੀ ਅਤੇ ਜਗਨਨਾਥ ਦੀ ਭੈਣ ਇੱਥੇ ਪਹੁੰਚੀਆਂ। ਉਨ੍ਹਾਂ ਦੱਸਿਆ, “ਉਨ੍ਹਾਂ ਦੀ ਧੀ ਗਹਿਰੇ ਸਦਮੇ ਵਿੱਚ ਸੀ ਅਤੇ ਕਿਸੇ ਨਾਲ ਗੱਲ ਵੀ ਨਹੀਂ ਕਰ ਪਾ ਰਹੀ ਸੀ। ਉਹ ਸਿਰਫ਼ ਇਹੀ ਪੁੱਛ ਰਹੀ ਸੀ ਕਿ ਇਨ੍ਹਾਂ ਬਜ਼ੁਰਗਾਂ ਨੇ ਕਿਸੇ ਦਾ ਕੀ ਵਿਗਾੜਿਆ ਸੀ?”

ਮਦਨ ਮੋਹਨ ਨੇ ਦੱਸਿਆ ਕਿ ਜਗਨਨਾਥ ਦੇ ਦੋ ਭਰਾ ਸਨ, ਪਰ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਹਨ।

ਸਥਾਨਕ ਪ੍ਰਸ਼ਾਸਨ ਦੇ ਅਨੁਸਾਰ, ਮਰਦਾਨ ਵਿੱਚ ਸਿੱਖਾਂ ਅਤੇ ਹਿੰਦੂਆਂ ਦੀ ਗਿਣਤੀ ਲਗਭਗ 300 ਹੈ। ਉਨ੍ਹਾਂ ਮੁਤਾਬਕ, ਹਿੰਦੂ ਅਤੇ ਸਿੱਖ ਦੋਵੇਂ ਹੀ ਬਾਬੂ ਮੁਹੱਲਾ ਵਿੱਚ ਰਹਿੰਦੇ ਹਨ, ਜਿੱਥੇ ਇਹ ਗੁਰਦੁਆਰਾ ਸਥਿਤ ਹੈ।

ਖੈਬਰ ਪਖ਼ਤੂਨਖ਼ਵਾ ਵਿੱਚ ਘੱਟਗਿਣਤੀ ਭਾਈਚਾਰਾ

ਖੈਬਰ ਪਖ਼ਤੂਨਖ਼ਵਾ ਵਿੱਚ ਉੱਗਰਵਾਦੀਆਂ ਖ਼ਿਲਾਫ਼ ਮੁਹਿੰਮਾਂ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਕਾਰਨ, ਵੱਡੀ ਗਿਣਤੀ ਵਿੱਚ ਸਿੱਖਾਂ ਅਤੇ ਹੋਰ ਘੱਟਗਿਣਤੀ ਭਾਈਚਾਰਿਆਂ ਨੇ ਇਸ ਸੂਬੇ ਤੋਂ ਪਲਾਇਨ ਕੀਤਾ ਹੈ।

2010 ਤੋਂ ਪਹਿਲਾਂ, ਸਿੱਖ ਭਾਈਚਾਰਾ ਕਬਾਇਲੀ ਇਲਾਕਿਆਂ, ਖ਼ਾਸ ਕਰਕੇ ਖ਼ੈਬਰ ਅਤੇ ਔਰਕਜ਼ਈ ਜ਼ਿਲ੍ਹਿਆਂ ਵਿੱਚ ਰਹਿੰਦਾ ਸੀ, ਪਰ 2011 ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਛੱਡ ਦਿੱਤੇ ਅਤੇ ਪੇਸ਼ਾਵਰ ਅਤੇ ਹੋਰ ਸ਼ਹਿਰੀ ਇਲਾਕਿਆਂ ਵਿੱਚ ਜਾ ਵੱਸੇ।

ਹਾਲਾਂਕਿ, ਬਾਅਦ ਵਿੱਚ ਪੇਸ਼ਾਵਰ ਵਿੱਚ ਵੀ ਘੱਟਗਿਣਤੀ ਲੋਕਾਂ ‘ਤੇ ਹਮਲੇ ਹੋਏ, ਪਰ ਲੋਕ ਅਜੇ ਵੀ ਖ਼ੈਬਰ ਪਖ਼ਤੂਨਖ਼ਵਾ ਦੇ ਵੱਖ-ਵੱਖ ਇਲਾਕਿਆਂ ਵਿੱਚ ਰਹਿੰਦੇ ਹਨ।

ਪੇਸ਼ਾਵਰ ਦਾ ਪੁਰਾਣਾ ਇਲਾਕਾ ਡਬਗਰੀ ਅਤੇ ਉਸ ਨਾਲ ਲੱਗਦਾ ਜੋਗਨ ਸ਼ਾਹ ਮੁਹੱਲਾ ਇਤਿਹਾਸਕ ਤੌਰ ‘ਤੇ ਸਿੱਖ ਭਾਈਚਾਰੇ ਦਾ ਕੇਂਦਰ ਮੰਨਿਆ ਜਾਂਦਾ ਹੈ। ਭਾਰਤ ਦੀ ਵੰਡ ਤੋਂ ਪਹਿਲਾਂ, ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਵਪਾਰੀ ਅਤੇ ਪਰਿਵਾਰ ਰਹਿੰਦੇ ਸਨ ਅਤੇ ਅੱਜ ਵੀ ਪੇਸ਼ਾਵਰ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਇਸੇ ਇਲਾਕੇ ਜਾਂ ਇਸ ਦੇ ਆਲੇ-ਦੁਆਲੇ ਰਹਿੰਦਾ ਹੈ।

ਜੋਗਨ ਸ਼ਾਹ ਮੁਹੱਲਾ ਸਦੀਆਂ ਤੋਂ ਸਿੱਖਾਂ ਦੀਆਂ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। ਇਸ ਇਲਾਕੇ ਵਿੱਚ ਸਥਿਤ ਗੁਰਦੁਆਰਾ ਭਾਈ ਜੋਗਾ ਸਿੰਘ, ਪੇਸ਼ਾਵਰ ਦਾ ਸਭ ਤੋਂ ਪ੍ਰਸਿੱਧ ਅਤੇ ਇਤਿਹਾਸਕ ਗੁਰਦੁਆਰਾ ਹੈ।

ਇਹ ਗੁਰਦੁਆਰਾ ਨਾ ਸਿਰਫ਼ ਸਿੱਖ ਭਾਈਚਾਰੇ ਲਈ ਪ੍ਰਾਰਥਨਾ ਦਾ ਸਥਾਨ ਹੈ, ਸਗੋਂ ਇੱਕ ਮਹੱਤਵਪੂਰਨ ਇਤਿਹਾਸਕ ਵਿਰਾਸਤ ਵੀ ਹੈ। ਦੋ ਸੌ ਸਾਲ ਤੋਂ ਵੀ ਵੱਧ ਪੁਰਾਣੀ ਮੰਨੀ ਜਾਣ ਵਾਲੀ ਇਹ ਇਮਾਰਤ ਧਾਰਮਿਕ ਸਮਾਗਮਾਂ ਅਤੇ ਤਿਉਹਾਰਾਂ ਦੇ ਮੌਕੇ ਹੋਣ ਵਾਲੇ ਆਯੋਜਨਾਂ ਦਾ ਕੇਂਦਰ ਰਹੀ ਹੈ ਅਤੇ ਇਸ ਨੂੰ ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਦੀ ਪਛਾਣ ਦਾ ਇੱਕ ਅਹਿਮ ਪ੍ਰਤੀਕ ਮੰਨਿਆ ਜਾਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI