Source :- BBC PUNJABI

ਅਮਰੀਕਾ ਤੇ ਇਜ਼ਰਾਈਲ ਈਰਾਨ ਨੂੰ ਆਜ਼ਾਦ ਕਰਾਉਣ ਟੁਰੇ ਸਨ। ਅਮਰੀਕਾ ਰਾਹ ‘ਚ ਹੀ ਹਮ ਗਿਆ।
ਉਸ ਨੇ ਕਿਹਾ ਕਿ ਇੰਨੇ ਬੰਬ ਸੁੱਟੇ, ਇੰਨੇ ਲੀਡਰ ਮਾਰੇ, ਬੱਚਿਆਂ ਦੇ ਸਕੂਲ ਉਡਾ ਛੱਡੇ। ਇਰਾਨੀ ਫਿਰ ਵੀ ਆਪਣੀ ਹਕੂਮਤ ਦੇ ਖਿਲਾਫ਼ ਸੜਕਾਂ ‘ਤੇ ਨਹੀਂ ਨਿਕਲੇ। ਜੇ ਨਿਕਲੇ ਤੇ ਮਰਗ ਬਰ ਅਮਰੀਕਾ ਦੇ ਨਾਅਰੇ ਮਾਰਦੇ ਨਿਕਲੇ।
ਜਿਹੜੇ ਈਰਾਨ ਦੇ ਪੁਰਾਣੇ ਬਾਦਸ਼ਾਹ ਦੇ ਹਾਮੀ ਯੂਰਪ ਤੇ ਅਮਰੀਕਾ ‘ਚ ਬੈਠੇ ਸਨ, ਉਹ ਦੋ ਚਾਰ ਦਿਨ ਸੜਕਾਂ ‘ਤੇ ਨਿਕਲ ਕੇ ਨੱਚੇ।
ਲੋਕਾਂ ਨੂੰ ਸਮਝ ਆ ਗਈ ਕਿ ਇਨ੍ਹਾਂ ਦੇ ਪੱਲੇ ਕੱਖ਼ ਵੀ ਨਹੀਂ।
ਇਹ ਬਸ ਇਹ ਚਾਹੁੰਦੇ ਨੇ ਕਿ ਸਾਨੂੰ ਅਮਰੀਕੀ ਤੇ ਇਜ਼ਰਾਇਲੀ ਟੈਂਕਾਂ ‘ਤੇ ਬਿਠਾ ਕੇ ਤਹਿਰਾਨ ਲੈ ਜਾਓ ਤੇ ਇੱਕ ਵਾਰੀ ਫਿਰ ਬਾਦਸ਼ਾਹ ਬਣਾ ਦਿਓ।
ਅਰਬਾਂ ਡਾਲਰ ਆਪਣੇ ਗੁਆ ਕੇ, ਸਾਰੀ ਦੁਨੀਆਂ ਵਿੱਚ ਪੈਟਰੋਲ ਗੈਸ ਦੀਆਂ ਕੀਮਤਾਂ ਵਧਾ ਕੇ, ਗਰੀਬਾਂ ਦੀਆਂ ਚੀਕਾਂ ਲਵਾ ਕੇ, ਹੁਣ ਅਮਰੀਕਾ ਨੇ ਕਿਹਾ ਵੀ ਚਲੋ ਸੁਲ੍ਹਾ ਕਰ ਲਓ।
ਜੋ ਕੰਮ ਵੀਅਤਨਾਮ ‘ਚ ਤੇ ਫਿਰ ਅਫਗਾਨਿਸਤਾਨ ‘ਚ ਕਈ ਵਰ੍ਹਿਆਂ ਤੋਂ ਬਾਅਦ ਹੋਇਆ ਸੀ, ਉਹ ਈਰਾਨ ਵਿੱਚ ਮਹੀਨਿਆਂ ‘ਚ ਹੀ ਹੋ ਗਿਆ।
ਅਮਰੀਕਾ ਦੀ ਸੁਪਰ ਪਾਵਰ ਵਾਲੀ ਖੋਤੀ ਸਾਰੇ ਪਿੰਡ ਵਿੱਚ ਉਜਾੜੇ ਪਾ ਕੇ ਫਿਰ ਵਾਪਸ ਬੋਹੜ ਥੱਲੇ ਆ ਗਈ ਐ।
ਪਾਕਿਸਤਾਨ ਵਿਚੋਲਾ ਬਣਿਆ। ਅੱਧੀ ਸਦੀ ਦੇ ਦੁਸ਼ਮਣਾਂ ਦੀ ਆਪਸ ਵਿੱਚ ਸੁਲ੍ਹਾ ਕਰਾ ਛੱਡੀ ਹੈ ਜਾਂ ਕਮ ਸੇ ਕਮ ਕੋਸ਼ਿਸ਼ ਬਹੁਤ ਕੀਤੀ ਹੈ।
ਫੁਰਤੀਆਂ ਬੜੀਆਂ ਵਿਖਾਈਆਂ ਨੇ।
ਤਸਵੀਰ ਸਰੋਤ, Government of Islamabad / Handout/Anadolu via Getty Images
ਤਹਿਰਾਨ, ਇਸਲਾਮਾਬਾਦ, ਬੀਜਿੰਗ, ਵਾਸ਼ਿੰਗਟਨ ਹਰ ਜਗ੍ਹਾ ਤੇ ਪਾਕਿਸਤਾਨ ਦੀ ਵਾਹ ਵਾਹ ਹੋਈ ਹੈ।
ਸੱਜਣਾਂ ਨੇ ਤਾਂ ਤਾਰੀਫ਼ ਕਰਨੀ ਸੀ। ਜਿਨ੍ਹਾਂ ਨੂੰ ਪਾਕਿਸਤਾਨ ਦੀ ਨੀਅਤ ਉੱਤੇ ਸ਼ੱਕ ਵੀ ਹੁੰਦਾ ਸੀ, ਉਨ੍ਹਾਂ ਨੇ ਵੀ ਕਿਹਾ ਹੈ ਕਿ ਪਾਕਿਸਤਾਨ ਪਹਿਲਾਂ ਪਾਗਲ ਹੁੰਦਾ ਸੀ, ਹੁਣ ਇਹ ਬੜਾ ਸਿਆਣਾ ਹੋ ਗਿਆ।
ਨਾਲ ਗੁਆਂਢ ਵਿੱਚ ਇੰਡੀਆ ਵਿੱਚ ਕੁਝ ਲੋਕਾਂ ਨੂੰ ਸਾੜ ਜ਼ਰੂਰ ਪਿਆ ਹੈ।
ਉਹ ਕਰਲਾਉਂਦੇ ਰਹੇ ਨੇ ਵੀ ਇਹ ਦਹਿਸ਼ਤਗਰਦ ਨੇ, ਇਹ ਡਬਲ ਗੇਮਾਂ ਕਰਦੇ ਨੇ, ਇਨ੍ਹਾਂ ਦੀ ਗੱਲ ‘ਤੇ ਇਤਬਾਰ ਨਾ ਕਰੋ।
ਤਸਵੀਰ ਸਰੋਤ, Aamir QURESHI / AFP via Getty Images
ਪਾਕਿਸਤਾਨ ਤੇ ਅਮਰੀਕਾ ਪਹਿਲੇ ਰਲ ਕੇ ਦੂਸਰੇ ਨਾਲ ਡਬਲ ਗੇਮਾਂ ਖੇਡਦੇ ਰਹੇ ਨੇ। ਲੇਕਿਨ ਸੁਲ੍ਹਾ ਕਰਾਉਣਾ ਤਾਂ ਕੰਮ ਹੀ ਡਬਲ ਗੇਮ ਦਾ ਹੁੰਦਾ ਹੈ।
ਭਾਵੇਂ ਅੱਗੇ ਜਾ ਕੇ ਲੜਾਈ ਇੱਕ ਵਾਰੀ ਫਿਰ ਸ਼ੁਰੂ ਹੋ ਜਾਏ, ਇਜ਼ਰਾਇਲ ਇਸ ਮੁਹੱਲੇ ਦੀ ਫੱਫੇ ਕੁੱਟਣੀ ਹੈ ਤੇ ਰਹੇਗਾ।
ਲੇਕਿਨ ਪੁਰਾਣੇ ਵੈਰੀਆਂ ਨੂੰ ਇੱਕ ਵਾਰੀ ਮੇਜ਼ ‘ਤੇ ਬਾਹ ਦੇਣਾ, ਬਸ ਥੋੜ੍ਹੇ ਦਿਨਾਂ ਲਈ ਜੰਗ ਰੁਕਵਾ ਦੇਣਾ, ਇਹ ਵੀ ਬੜਾ ਵੱਡਾ ਕੰਮ ਹੈ।
ਹੁਣ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਤੇ ਫੀਲਡ ਮਾਰਸ਼ਲ ਦਾ ਦੁਨੀਆਂ ਵਿੱਚ ਬੜਾ ਨਾਂ ਹੋ ਗਿਆ।
ਕਹਿੰਦੇ ਨੇ ਪਾਕਿਸਤਾਨ ਦੀ ਬਾਹਰਲੀ ਦੁਨੀਆਂ ਵਿੱਚ ਇਮੇਜ ਵੀ ਬਹੁਤ ਬਿਹਤਰ ਹੋ ਗਈ। ਇਹ ਲੀਡਰ ਹੁਣ ਦੁਨੀਆਂ ਦੇ ਮਸਲੇ ਹੱਲ ਕਰਕੇ ਵਤਨੀ ਵਾਪਸ ਆਏ ਨੇ ਤੇ ਇੱਥੇ ‘ਤੇ ਕੱਖ਼ ਨਹੀਂ ਬਦਲਿਆ।
ਪਾਕਿਸਤਾਨ ਨੂੰ ਸ਼ਾਬਾਸ਼ੀ ਅਮਰੀਕਾ ਤੋਂ ਪਹਿਲੇ ਵੀ ਮਿਲਦੀ ਰਹੀ ਹੈ।
ਫੀਲਡ ਮਾਰਸ਼ਲ ਅਯੂਬ ਖਾਨ ਅਮਰੀਕਾ ਦਾ ਯਾਰ ਸੀ।
ਜਨਰਲ ਜ਼ਿਆ-ਉਲ-ਹੱਕ ਦੀਆਂ, ਫਿਰ ਜਨਰਲ ਮੁਸ਼ੱਰਫ ਦੀਆਂ ਵੀ ਵ੍ਹਾਈਟ ਹਾਊਸ ਵਿੱਚ ਦਾਵਤਾਂ ਹੁੰਦੀਆਂ ਹੀ ਰਹੀਆਂ ਨੇ।
ਸ਼ਾਬਾਸ਼ੀਆਂ ਵੀ ਮਿਲੀਆਂ ਨੇ।
ਤਸਵੀਰ ਸਰੋਤ, Getty Images
ਪਹਿਲੇ ਸ਼ਾਬਾਸ਼ੀ ਦੇ ਨਾਲ ਪਾਕਿਸਤਾਨ ਨੂੰ ਚਾਰ ਛਿੱਲਰ ਵੀ ਮਿਲ ਜਾਂਦੇ ਸਨ।
ਭਾਵੇਂ ਉਹ ਏਡ ਪੈਕੇਜ ਹੋਵੇ, ਭਾਵੇਂ ਕਰਜ਼ੇ ਹੋਣ ਜਾਂ ਕਾਰੋਬਾਰ ਤੇ ਇਨਵੈਸਟਮੈਂਟ ਦੇ ਵਾਅਦੇ ਹੋਣ।
ਜ਼ਿਆਦਾਤਰ ਮਾਲ ‘ਤੇ ਵੱਡੇ ਆਪਸ ਹੀ ਵੰਡ ਲੈਂਦੇ ਸਨ, ਲੇਕਿਨ ਚਾਰ ਦਾਣੇ ਆਵਾਮ ਦੇ ਹਿੱਸੇ ‘ਚ ਵੀ ਆ ਜਾਂਦੇ ਸਨ।
ਪਾਕਿਸਤਾਨ ਦੀ ਸਰਕਾਰ ਜਦੋਂ ਜੰਗ ਵਿੱਚ ਹਿੱਸਾ ਪਾਉਂਦੀ ਸੀ ਤੇ ਮਾਲ ਬਣਾਉਂਦੀ ਸੀ। ਹੁਣ ਜੰਗ ਬੰਦ ਕਰਾਈ ਹੈ ਤੇ ਹਰ ਪਾਸੇ ਇੱਜ਼ਤਾਂ ਹੀ ਇੱਜ਼ਤਾਂ।
ਇਸ ਨੇਕ ਕੰਮ ਦਾ ਇੱਕ ਟਕਾ ਵੀ ਨਹੀਂ ਮਿਲਿਆ। ਸ਼ਾਇਦ ਉਹ ਸਹੀ ਕਹਿੰਦੇ ਸਨ ਕਿ ਨੇਕੀ ਕਰ ਦਰਿਆ ਮੇਂ ਡਾਲ।
ਮੁਹੱਲਿਆਂ ਵਿੱਚ ਹਮੇਸ਼ਾ ਇੱਕ ਸਿਆਣਾ ਬੰਦਾ ਹੁੰਦਾ ਹੈ, ਜਿਹਦਾ ਆਪਣਾ ਕੰਮ ਧੰਦਾ ਤੇ ਕੋਈ ਨਹੀਂ ਚੱਲਦਾ, ਪਰ ਉਹ ਮੁਹੱਲੇ ਦੇ ਸਾਰੇ ਕੰਮ ਫਿਰਦਾ ਰਹਿੰਦਾ ਹੈ।
ਉਹਦੇ ਬਾਰੇ ‘ਚ ਲੋਕੀ ਆਮ ਤੌਰ ‘ਤੇ ਕਹਿੰਦੇ ਨੇ ਕਿ ਇਹਨੂੰ ਮਿੰਟ ਦਾ ਟਾਈਮ ਨਹੀਂ ਤੇ ਟਕੇ ਦੀ ਆਮਦਨੀ ਨਹੀਂ।
ਹੁਣ ਪਾਕਿਸਤਾਨ ਦੇ ਲੀਡਰ ਦੁਨੀਆਂ ਵਿੱਚ ਅਮਨ ਕਰਾ ਕੇ ਵਿਹਲੇ ਹੋ ਗਏ ਨੇ ਤੇ ਆਪਣੇ ਆਵਾਮ ਦੇ ਆਟੇ ਦਾਲ ਦੀ ਵੀ ਸੋਚਣ।
ਟਰੰਪ ਨਾਲ ਖਿਚਵਾਈਆਂ ਫੋਟੋਆਂ ਨਾਲ ਕਿਸੇ ਦਾ ਢਿੱਡ ਨਹੀਂ ਜੇ ਭਰਨ ਲੱਗਾ।
ਰੱਬ ਰਾਖਾ!
(ਇਹ ਲੇਖਕ ਦੇ ਨਿਜੀ ਵਿਚਾਰ ਹਨ)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



