Home ਰਾਸ਼ਟਰੀ ਖ਼ਬਰਾਂ ਮੁਮਤਾਜ਼ ਮਹਿਲ ਜਿਸ ਦੇ ਮਹਿਲ ‘ਚ ਗੁਲਾਬ ਜਲ ਦੇ ਫੁਹਾਰੇ ਸਨ, ਵੱਡਾ...

ਮੁਮਤਾਜ਼ ਮਹਿਲ ਜਿਸ ਦੇ ਮਹਿਲ ‘ਚ ਗੁਲਾਬ ਜਲ ਦੇ ਫੁਹਾਰੇ ਸਨ, ਵੱਡਾ ਸਿਆਸੀ ਰੁਤਬਾ ਸੀ, ਉਸ ਦੀ ਮੌਤ ਦਰਦਨਾਕ ਕਿਉਂ ਹੋਈ

3
0

Source :- BBC PUNJABI

ਸ਼ਾਹਜਹਾਂ

ਤਸਵੀਰ ਸਰੋਤ, Getty Images

17 ਜੂਨ 1631 ਨੂੰ ਦੱਖਣੀ ਭਾਰਤ ਵਿੱਚ ਮੁਗ਼ਲਾਂ ਦੇ ਕੇਂਦਰ ਬੁਰਹਾਨਪੁਰ ਦੀ ਵਰ੍ਹਦੀ ਗਰਮੀ ਵਿੱਚ ਪੰਜਵੇਂ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੀ ਪਿਆਰੀ ਮਲਿਕਾ ਮੁਮਤਾਜ਼ ਮਹਿਲ 14ਵੀਂ ਵਾਰ ਜਣੇਪੇ ਦੀ ਪੀੜ ਵਿਚੋਂ ਲੰਘ ਰਹੀ ਸੀ।

ਇਸ ਸ਼ਾਹੀ ਜੋੜੇ ਦੇ 19 ਸਾਲਾਂ ਦੇ ਵਿਆਹੁਤਾ ਜੀਵਨ ਦੌਰਾਨ ਉਦੋਂ ਤੱਕ 13 ਬੱਚੇ ਜਨਮ ਲੈ ਚੁੱਕੇ ਸਨ, ਜਿਨ੍ਹਾਂ ਵਿੱਚੋਂ 7 ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ।

ਜ਼ਿੰਦਾ ਰਹਿਣ ਵਾਲੇ 6 ਬੱਚਿਆਂ ਵਿੱਚ ਸਭ ਤੋਂ ਵੱਡੀ ਜਹਾਂ-ਆਰਾ ਸੀ। ਉਸ ਵੇਲੇ ਉਸ ਦੀ ਉਮਰ 17 ਸਾਲ ਸੀ ਅਤੇ ਉਹ ਡਿਲਿਵਰੀ ਦੌਰਾਨ ਆਪਣੀ ਮਾਂ ਦੇ ਕੋਲ ਮੌਜੂਦ ਸੀ।

ਸ਼ਾਹੀ ਹਕੀਮ ਅਤੇ ਜਣੇਪੇ ਵਿੱਚ ਮਦਦ ਕਰਨ ਵਾਲੀਆਂ ਦਾਈਆਂ ਵੀ ਉੱਥੇ ਮੌਜੂਦ ਸਨ। 17 ਸਾਲਾ ਜਹਾਂ-ਆਰਾ ਇਸ ਤੋਂ ਪਹਿਲਾਂ ਵੀ ਆਪਣੀ ਮਾਂ ਦੇ ਕਈ ਜਣੇਪਿਆਂ ਦੌਰਾਨ ਮਦਦ ਕਰ ਚੁੱਕੀ ਸੀ।

ਪਰ ਇਸ ਵਾਰ ਯਾਨਿ 14ਵੇਂ ਬੱਚੇ ਦੇ ਜਨਮ ਸਮੇਂ ਕੁਝ ਗੜਬੜ ਸੀ।

ਸੁਪ੍ਰਿਆ ਗਾਂਧੀ ਆਪਣੀ ਕਿਤਾਬ ‘ਦ ਐਮਪਰਰ ਹੂ ਨੇਵਰ ਵਾਜ਼: ਦਾਰਾ ਸ਼ਿਕੋਹ ਇਨ ਮੁਗ਼ਲ ਇੰਡੀਆ’ ਵਿੱਚ ਲਿਖਦੇ ਹਨ ਕਿ ਮਸ਼ਹੂਰ ਯੂਨਾਨੀ ਚਿਕਿਤਸਕ ਜਾਲੀਨੂਸ (ਗੈਲੇਨ) ਦੇ ਵਿਚਾਰਾਂ ਤੋਂ ਪ੍ਰਭਾਵਿਤ ਮੁਗ਼ਲ ਹਕੀਮ ਮਨੁੱਖੀ ਸਰੀਰ ਨੂੰ ਚਾਰ ਤਰਲ ਪਦਾਰਥਾਂ ਜਾਂ ਤੱਤਾਂ ਦਾ ਮਿਸ਼ਰਣ ਮੰਨਦੇ ਸਨ ਅਤੇ ਉਨ੍ਹਾਂ ਮੁਤਾਬਕ ਸਿਹਤ ਇਨ੍ਹਾਂ ਤੱਤਾਂ ਦੇ ਆਪਸੀ ਸੰਤੁਲਨ ‘ਤੇ ਨਿਰਭਰ ਕਰਦੀ ਸੀ।

ਇਸ ਹਿਸਾਬ ਨਾਲ ਮੁਮਤਾਜ਼ ਮਹਿਲ ਦੇ ਸਰੀਰ ਵਿੱਚ ਇਹ ਸੰਤੁਲਨ ਤੇਜ਼ੀ ਨਾਲ ਵਿਗੜ ਰਿਹਾ ਸੀ।

30 ਘੰਟੇ ਲੰਬੀ ਜਣੇਪੇ ਦੀ ਪੀੜ ਤੋਂ ਬਾਅਦ ਮੁਮਤਾਜ਼ ਮਹਿਲ ਨੇ ਇੱਕ ਧੀ ਨੂੰ ਜਨਮ ਦਿੱਤਾ, ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਤੇਜ਼ ਖੂਨ ਵਗਣਾ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਦੀ ਹਾਲਤ ਤੇਜ਼ੀ ਨਾਲ ਵਿਗੜਨ ਲੱਗੀ।

ਸੰਭਵ ਹੈ ਕਿ ਉਹ ਉਸ ਪੇਚੀਦਗੀ ਦਾ ਸ਼ਿਕਾਰ ਹੋਈ, ਜਿਸ ਨੂੰ ਆਧੁਨਿਕ ਮੈਡੀਕਲ ਵਿਗਿਆਨ ਵਿੱਚ ‘ਪੋਸਟਪਾਰਟਮ ਹੈਮਰੇਜ’ ਯਾਨਿ ਜਣੇਪੇ ਤੋਂ ਬਾਅਦ ਬਹੁਤ ਜ਼ਿਆਦਾ ਖੂਨ ਵਗਣਾ ਕਿਹਾ ਜਾਂਦਾ ਹੈ।

ਦਰਦ ਨਾਲ ਤੜਫ਼ ਰਹੀ ਮੁਮਤਾਜ਼ ਮਹਿਲ ਨੇ ਜਹਾਂ-ਆਰਾ ਨੂੰ ਕਿਹਾ ਕਿ ਉਹ ਆਪਣੇ ਪਿਤਾ ਯਾਨਿ ਸ਼ਾਹਜਹਾਂ ਨੂੰ ਬੁਲਾਏ।

ਗ਼ਮ ਵਿੱਚ ਡੁੱਬੇ ਬਾਦਸ਼ਾਹ ਤੁਰੰਤ ਉੱਥੇ ਪਹੁੰਚੇ ਅਤੇ ਮੁਮਤਾਜ਼ ਮਹਿਲ ਦੇ ਸਿਰਹਾਣੇ ਬੈਠ ਗਏ। ਉਨ੍ਹਾਂ ਦੇ ਬਾਕੀ ਬੱਚਿਆਂ ਨੂੰ ਉਨ੍ਹਾਂ ਕੋਲ ਪਹੁੰਚਣ ਦਾ ਮੌਕਾ ਨਹੀਂ ਮਿਲ ਸਕਿਆ, ਪਰ ਮੁਮਤਾਜ਼ ਮਹਿਲ ਨੇ ਬਾਦਸ਼ਾਹ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਅਤੇ ਆਪਣੀ ਮਾਂ ਨੂੰ ਉਨ੍ਹਾਂ ਦੀ ਦੇਖ-ਰੇਖ ਵਿੱਚ ਸੌਂਪਦੀ ਹੈ।

ਇਸ ਤੋਂ ਬਾਅਦ 38 ਸਾਲ ਦੀ ਉਮਰ ਵਿੱਚ ਮੁਮਤਾਜ਼ ਮਹਿਲ ਦਾ ਇਸ ਪਰੇਸ਼ਾਨੀ ਕਾਰਨ ਦੇਹਾਂਤ ਹੋ ਗਿਆ।

ਆਗਰਾ ਵਿਚਲੇ ਤਾਜ ਮਹਿਲ ਦੀ ਤਸਵੀਰ

ਤਸਵੀਰ ਸਰੋਤ, Getty Images

ਮੁਹੱਬਤ ਭਰੀ ਜ਼ਿੰਦਗੀ

ਸ਼ਾਹਜਹਾਂ ਅਤੇ ਮੁਮਤਾਜ਼ ਮਹਿਲ ਦਾ ਵਿਆਹ ਸਾਲ 1612 ਵਿੱਚ ਹੋਇਆ ਸੀ। ਉਸ ਵੇਲੇ ਸ਼ਾਹਜਹਾਂ ਨੂੰ ਸ਼ਹਿਜ਼ਾਦਾ ਖੁਰਰਮ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਮੁਮਤਾਜ਼ ਮਹਿਲ ਦਾ ਨਾਂ ‘ਅਰਜੁਮੰਦ ਬਾਨੋ ਬੇਗਮ’ ਸੀ।

ਵਿਆਹ ਤੋਂ ਕੁਝ ਹੀ ਸਮੇਂ ਬਾਅਦ ਸ਼ਹਿਜ਼ਾਦਾ ਖੁਰਰਮ ਨੇ ਅਰਜੁਮੰਦ ਬਾਨੋ ਬੇਗਮ ਨੂੰ ‘ਮੁਮਤਾਜ਼ ਮਹਿਲ’ ਦਾ ਖ਼ਿਤਾਬ ਦਿੱਤਾ, ਜਿਸ ਦਾ ਅਰਥ ਹੈ ‘ਮਹਿਲ ਦੀ ਸਭ ਤੋਂ ਚੋਣਵੀ ਔਰਤ’।

ਇਤਿਹਾਸਕਾਰਾਂ ਮੁਤਾਬਕ, ਮੁਮਤਾਜ਼ ਮਹਿਲ ਅਤੇ ਸ਼ਾਹਜਹਾਂ ਦਾ ਵਿਆਹੁਤਾ ਜੀਵਨ ਪਿਆਰ ਅਤੇ ਡੂੰਘੇ ਆਪਸੀ ਲਗਾਅ ਨਾਲ ਭਰਪੂਰ ਸੀ।

1628 ਵਿੱਚ ਤਖ਼ਤ ‘ਤੇ ਬੈਠਣ ਤੋਂ ਬਾਅਦ ਸ਼ਾਹਜਹਾਂ ਨੇ ਮੁਮਤਾਜ਼ ਮਹਿਲ ਨੂੰ ‘ਪਾਦਸ਼ਾਹ ਬੇਗਮ’, ‘ਮਲਿਕਾ-ਏ-ਜਹਾਂ’, ‘ਮਲਿਕਾ-ਏ-ਜ਼ਮਾਨੀ’ ਅਤੇ ‘ਮਲਿਕਾ-ਏ-ਹਿੰਦੁਸਤਾਨ’ ਦੀਆਂ ਉਪਾਧੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸੁਖ-ਸਹੂਲਤਾਂ ਮੁਹੱਈਆ ਕਰਵਾਈਆਂ।

ਐਲਿਸਨ ਬੈਂਕਸ ਫਾਈਂਡਲੀ ਦੀ ਕਿਤਾਬ ‘ਨੂਰਜਹਾਂ: ਐਮਪ੍ਰੈੱਸ ਆਫ਼ ਮੁਗ਼ਲ ਇੰਡੀਆ’ ਤੋਂ ਪਤਾ ਲੱਗਦਾ ਹੈ ਕਿ ਸ਼ਾਹਜਹਾਂ ਨੇ ਹੋਰ ਦੋ ਵਿਆਹ ਵੀ ਕੀਤੇ ਸਨ। ਇੱਕ ਅਰਜੁਮੰਦ ਬਾਨੋ ਨਾਲ ਵਿਆਹ ਤੋਂ ਪਹਿਲਾਂ ਅਤੇ ਇੱਕ ਉਸ ਤੋਂ ਬਾਅਦ। ਦਰਬਾਰੀ ਇਤਿਹਾਸਕਾਰਾਂ ਮੁਤਾਬਕ ਪਹਿਲੇ ਅਤੇ ਤੀਜੇ ਵਿਆਹ ਦਾ ਮਕਸਦ ਸਿਆਸੀ ਗੱਠਜੋੜ ਸੀ ਅਤੇ ਇਨ੍ਹਾਂ ਦੋਵਾਂ ਵਿਆਹਾਂ ਤੋਂ ਇੱਕ-ਇੱਕ ਬੱਚਾ ਵੀ ਹੋਇਆ ਸੀ।

“ਪਰ ਕਿਸੇ ਵੀ ਹੋਰ ਮਲਿਕਾ ਦਾ ਮਹਿਲ ‘ਖ਼ਾਸ ਮਹਿਲ’ ਜਿੰਨਾ ਸ਼ਾਨਦਾਰ ਨਹੀਂ ਸੀ। ਇੱਥੇ ਮੁਮਤਾਜ਼ ਮਹਿਲ ਸ਼ਾਹਜਹਾਂ ਨਾਲ ਰਹਿੰਦੀ ਸੀ। ਖ਼ਾਲਿਸ ਸੋਨੇ ਅਤੇ ਕੀਮਤੀ ਪੱਥਰਾਂ ਨਾਲ ਸਜੇ ਇਸ ਮਹਿਲ ਵਿੱਚ ਗੁਲਾਬ ਜਲ ਦੇ ਫੁਹਾਰੇ ਵੀ ਸਨ।”

“ਮੁਗ਼ਲ ਬਾਦਸ਼ਾਹ ਦੀ ਹਰ ਬੇਗਮ ਨੂੰ ਹਰ ਮਹੀਨੇ ਵਜ਼ੀਫ਼ਾ (ਭੱਤਾ) ਦਿੱਤਾ ਜਾਂਦਾ ਸੀ। ਸਭ ਤੋਂ ਵੱਡੀ ਰਕਮ ਸਾਲਾਨਾ 10 ਲੱਖ ਰੁਪਏ ਸੀ, ਜੋ ਸ਼ਾਹਜਹਾਂ ਨੇ ਮੁਮਤਾਜ਼ ਮਹਿਲ ਨੂੰ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਬਹੁਤ ਹੀ ਫਾਇਦੇਮੰਦ ਜ਼ਮੀਨਾਂ ਅਤੇ ਜਾਇਦਾਦਾਂ ਵੀ ਦਿੱਤੀਆਂ ਗਈਆਂ ਸਨ।”

ਮੁਮਤਾਜ਼ ਮਹਿਲ

ਸਰਕਾਰ ਚਲਾਉਣ ਅਤੇ ਨਿੱਜੀ ਮਾਮਲਿਆਂ, ਦੋਵਾਂ ਵਿੱਚ ਮੁਮਤਾਜ਼ ਮਹਿਲ ਸ਼ਾਹਜਹਾਂ ਦੀ ਕਰੀਬੀ ਰਾਜ਼ਦਾਰ ਅਤੇ ਭਰੋਸੇਯੋਗ ਸਲਾਹਕਾਰ ਸੀ।

ਵਾਲਡੀਮਾਰ ਹੈਨਸਨ ਆਪਣੀ ਕਿਤਾਬ ‘ਦ ਪੀਕਾਕ ਥ੍ਰੋਨ’ ਵਿੱਚ ਲਿਖਦੇ ਹਨ ਕਿ ਆਪਣੀ ਭੂਆ ਅਤੇ ਸਾਬਕਾ ਮਲਿਕਾ ਨੂਰਜਹਾਂ ਵਾਂਗ ਮੁਮਤਾਜ਼ ਮਹਿਲ ਵੀ ਨਿੱਜੀ ਅਤੇ ਆਮ ਦਰਬਾਰ ਦੌਰਾਨ ਬਾਦਸ਼ਾਹ ਦੇ ਨਾਲ ਮੌਜੂਦ ਰਹਿੰਦੀ ਸੀ।

“ਉਹ ਇੱਕ ਪਰਦੇ ਦੇ ਪਿੱਛੇ ਹੁੰਦੇ ਸਨ। ਜੇਕਰ ਕਿਸੇ ਮਾਮਲੇ ਵਿੱਚ ਉਸ ਦੀ ਰਾਇ ਵੱਖਰੀ ਹੁੰਦੀ ਤਾਂ ਉਹ ਕਿਸੇ ਦੀ ਨਜ਼ਰ ਵਿੱਚ ਆਏ ਬਿਨਾਂ ਬਾਦਸ਼ਾਹ ਦੀ ਪਿੱਠ ‘ਤੇ ਆਪਣਾ ਹੱਥ ਰੱਖ ਦਿੰਦੀ ਸੀ। ਉਸ ਦੀ ਸਿਫ਼ਾਰਸ਼ ‘ਤੇ ਸ਼ਾਹਜਹਾਂ ਦੁਸ਼ਮਣਾਂ ਨੂੰ ਮੁਆਫ਼ ਕਰ ਦਿੰਦੇ ਸਨ ਜਾਂ ਮੌਤ ਦੀ ਸਜ਼ਾ ਘਟਾ ਦਿੰਦੇ ਸਨ।”

ਇਤਿਹਾਸਕਾਰਾਂ ਮੁਤਾਬਕ, ਸ਼ਾਹਜਹਾਂ ਨੇ ਉਨ੍ਹਾਂ ਨੂੰ ਸ਼ਾਹੀ ਮੁਹਰ ਸੌਂਪ ਰੱਖੀ ਸੀ, ਜਿਸ ਦੀ ਵਰਤੋਂ ਸ਼ਾਹੀ ਹੁਕਮਾਂ ਦੀ ਪੁਸ਼ਟੀ ਲਈ ਕੀਤੀ ਜਾਂਦੀ ਸੀ। ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਫ਼ੈਸਲਾ ਨਹੀਂ ਹੋ ਸਕਦਾ ਸੀ।

ਮੁਮਤਾਜ਼ ਮਹਿਲ ਨੂੰ ਸਿਆਸੀ ਹਕੂਮਤ ਦੀ ਇੱਛਾ ਤਾਂ ਨਹੀਂ ਸੀ, ਪਰ ਉਹ ਆਪਣੇ ਅਸਾਧਾਰਣ ਅਸਰ ਦੀ ਵਰਤੋਂ ਅਕਸਰ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਕਰਦੇ ਸਨ।

ਮੁਮਤਾਜ਼ ਮਹਿਲ

ਇਤਿਹਾਸਕਾਰ ਸੁਪ੍ਰਿਆ ਗਾਂਧੀ ਮੁਤਾਬਕ ਅੱਜ ਵੀ ਇੱਕ ਹੁਕਮਨਾਮਾ (ਫ਼ੁਰਮਾਨ) ਮੌਜੂਦ ਹੈ, ਜਿਸ ‘ਤੇ ਮੁਮਤਾਜ਼ ਮਹਿਲ ਦੀ ਮੁਹਰ ਲੱਗੀ ਹੋਈ ਹੈ। ਇਸ ਵਿੱਚ ਉਹ ਏਰੰਡੋਲ (ਖ਼ਾਨਦੇਸ਼ ਦਾ ਇੱਕ ਮਰਾਠੀ ਭਾਸ਼ੀ ਜ਼ਿਲ੍ਹਾ) ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਰਹੀ ਹੈ।

“ਉਹ ਨਵੇਂ ਦੇਸ਼ਮੁਖ (ਸਦਾਰ) ਕਾਨੋ ਜੀ ਦੇ ਅਹੁਦੇ ਦੀ ਪੁਸ਼ਟੀ ਕਰਦੇ ਹਨ ਅਤੇ ਉਨ੍ਹਾਂ ਨੂੰ ਹਦਾਇਤ ਦਿੰਦੀ ਹੈ ਕਿ ਰਈਅਤ (ਪਰਜਾ) ਦੀ ਭਲਾਈ ਦਾ ਧਿਆਨ ਰੱਖਣ ਤਾਂ ਜੋ ਉਹ ਬਾਦਸ਼ਾਹ ਦੇ ਸ਼ੁਕਰਗੁਜ਼ਾਰ ਰਹਿਣ। ਇਹ ਹੁਕਮ ਸ਼ਾਇਦ ਉਨ੍ਹਾਂ ਅਣਗਿਣਤ ਸਰਕਾਰੀ ਫ਼ੁਰਮਾਨਾਂ ਵਿੱਚੋਂ ਇੱਕ ਸੀ, ਜੋ ਮਲਿਕਾ ਜਾਰੀ ਕਰਦੇ ਸਨ। ਉਸ ਦੀ ਭਰੋਸੇਯੋਗ ਸਹਾਇਕਾ ਸਤੀ-ਉਲ-ਨਿਸਾ ਨੂੰ ਉਸ ਦੀ ਮੁਹਰਬਰਦਾਰ ਬਣਾਇਆ ਗਿਆ ਸੀ।”

“ਸਤੀ-ਉਲ-ਨਿਸਾ ਔਰਤਾਂ ਦੀਆਂ ਅਰਜ਼ੀਆਂ ਦੇਖਦੇ ਅਤੇ ਉਨ੍ਹਾਂ ਵਿੱਚੋਂ ਹੱਕਦਾਰਾਂ ਦੀ ਚੋਣ ਕਰਦੇ ਸਨ। ਇਸ ਤੋਂ ਬਾਅਦ ਮੁਮਤਾਜ਼ ਮਹਿਲ ਉਹ ਮਾਮਲੇ ਬਾਦਸ਼ਾਹ ਦੇ ਧਿਆਨ ਵਿੱਚ ਲਿਆਉਂਦੇ ਸਨ। ਮਲਿਕਾ ਮੌਤ ਦੀ ਸਜ਼ਾ ਵਾਲੇ ਮਾਮਲਿਆਂ ਵਿੱਚ ਵੀ ਸਿਫ਼ਾਰਸ਼ ਕਰਦੇ ਸਨ ਅਤੇ ਅਕਸਰ ਸ਼ਾਹਜਹਾਂ ਤੋਂ ਮੁਆਫ਼ੀ ਦਿਵਾਉਂਦੇ ਸਨ।”

ਸ਼ਾਹੀ ਇਤਿਹਾਸਕਾਰਾਂ ਨੇ ਮੁਮਤਾਜ਼ ਮਹਿਲ ਅਤੇ ਸ਼ਾਹਜਹਾਂ ਦੇ ਰਿਸ਼ਤੇ ਨੂੰ ਇੰਨਾ ਅਸਾਧਾਰਣ ਮੰਨਿਆ ਕਿ ਉਨ੍ਹਾਂ ਨੇ ਸ਼ਾਹੀ ਜੋੜਿਆਂ ਬਾਰੇ ਆਮ ਤੌਰ ‘ਤੇ ਵਰਤੀ ਜਾਂਦੀ ਸਾਵਧਾਨੀ ਤੋਂ ਹਟ ਕੇ ਦੋਵਾਂ ਦੇ ਡੂੰਘੇ ਭਾਵਨਾਤਮਕ ਅਤੇ ਵਿਆਹੀ ਰਿਸ਼ਤਿਆਂ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ ਹੈ।

ਮੁਮਤਾਜ਼ ਮਹਿਲ ਸ਼ਾਹਜਹਾਂ ਦੀਆਂ ਸ਼ੁਰੂਆਤੀ ਫ਼ੌਜੀ ਮੁਹਿੰਮਾਂ ਅਤੇ ਬਾਅਦ ਵਿੱਚ ਉਨ੍ਹਾਂ ਦੇ ਪਿਤਾ ਜਹਾਂਗੀਰ ਖ਼ਿਲਾਫ਼ ਬਗਾਵਤ ਦੌਰਾਨ ਵੀ ਉਨ੍ਹਾਂ ਦੇ ਨਾਲ ਰਹੇ।

ਬੁਰਹਾਨਪੁਰ ਵਿੱਚ ਵੀ ਮਲਿਕਾ ਦਾ ਸ਼ਾਨਦਾਰ ਅਤੇ ਸਜਿਆ-ਧਜਿਆ ਖੇਮਾ ਉਸ ਥਾਂ ਤੋਂ ਬਹੁਤ ਦੂਰ ਨਹੀਂ ਲਗਾਇਆ ਗਿਆ ਸੀ, ਜਿੱਥੇ ਬਾਦਸ਼ਾਹ ਇੱਕ ਬਗਾਵਤ ਨੂੰ ਮਿੱਧਣ ਲਈ ਮੌਜੂਦ ਸਨ।

ਮੌਤ ਦਾ ਸਦਮਾ

ਤਾਜ ਮਹਿਲ

ਤਸਵੀਰ ਸਰੋਤ, Getty Images

ਮੁਮਤਾਜ਼ ਮਹਿਲ 14ਵੇਂ ਜਣੇਪੇ ਦੌਰਾਨ ਆਪ ਤਾਂ ਦੁਨੀਆਂ ਤੋਂ ਰੁਖ਼ਸਤ ਹੋ ਗਈ ਪਰ ਇਸ ਦੌਰਾਨ ਜੰਮੀ ਉਨ੍ਹਾਂ ਦੀ ਧੀ ਜ਼ਿੰਦਾ ਰਹੀ। ਇਸ ਬੱਚੀ ਦਾ ਨਾਂ ਗੌਹਰ ਆਰਾ ਰੱਖਿਆ ਗਿਆ, ਜਿਸ ਦਾ ਅਰਥ ਹੈ “ਗਹਿਣਿਆਂ ਨਾਲ ਸਜੀ ਹੋਈ।”

ਸ਼ਾਹਜਹਾਂ ਦੇ ਇਤਿਹਾਸਕਾਰਾਂ ਨੇ ਵਧੇਰੇ ਜਾਣਕਾਰੀ ਬਾਦਸ਼ਾਹ ਦੇ ਦੁੱਖ ਬਾਰੇ ਹੀ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਦੇ ਬੱਚਿਆਂ ਨੇ ਵੀ ਡੂੰਘਾ ਸਦਮਾ ਸਹਿਆ ਹੋਵੇਗਾ।

ਸ਼ਾਹਜਹਾਂ ਦੇ ਦਰਬਾਰੀ ਇਤਿਹਾਸਕਾਰ ਅਬਦੁਲ ਹਮੀਦ ਲਾਹੌਰੀ ਨੇ ‘ਪਾਦਸ਼ਾਹਨਾਮਾ’ ਵਿੱਚ ਲਿਖਿਆ ਹੈ, “ਅੰਤਾਂ ਦੀ ਗਰਮੀ ਅਤੇ ਅੱਥਰੂਆਂ ਦੀ ਨਮੀ ਨਾਲ ਸੂਰਜ ਜਿਹੇ ਬਾਦਸ਼ਾਹ ਦੇ ਦਿਲ ਦਾ ਸ਼ੀਸ਼ਾ, ਜਿਸ ਨੇ ਕਦੇ ਹਨੇਰੇ ਦਾ ਚਿਹਰਾ ਨਹੀਂ ਦੇਖਿਆ ਸੀ, ਉਸ ਨੂੰ ਜੰਗਾਲ ਲੱਗ ਗਿਆ ਅਤੇ ਧੁੰਦਲਾ ਹੋ ਗਿਆ।”

ਮੁਮਤਾਜ਼ ਮਹਿਲ ਦੀ ਮੌਤ ਤੋਂ ਬਾਅਦ ਬਾਦਸ਼ਾਹ ਨੇ ਚਿੱਟੇ ਕੱਪੜੇ ਪਾ ਲਏ। ਸਾਰੇ ਸ਼ਹਿਜ਼ਾਦੇ, ਦਰਬਾਰੀ ਅਤੇ ਸੇਵਕ ਵੀ ਸੋਗ ਵਾਲੇ ਕੱਪੜਿਆਂ ਵਿੱਚ ਆ ਗਏ।

ਇੱਕ ਹਫ਼ਤੇ ਤੱਕ ਸ਼ਾਹਜਹਾਂ ਝਰੋਖੇ ਵਿੱਚ ਨਜ਼ਰ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਨੇ ਰਾਜਕਾਜ ਸੰਭਾਲਿਆ। ਪਤਨੀ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੇ ਸਿਰ ‘ਤੇ ਮੁਸ਼ਕਲ ਨਾਲ 20 ਚਿੱਟੇ ਵਾਲ ਸਨ, ਪਰ ਜਲਦੀ ਹੀ ਉਨ੍ਹਾਂ ਦੀ ਗਿਣਤੀ ਕਾਫ਼ੀ ਵੱਧ ਗਈ। ਲੰਬੇ ਸਮੇਂ ਤੱਕ ਉਹ ਆਪਣੇ ਅੱਥਰੂਆਂ ‘ਤੇ ਕਾਬੂ ਨਹੀਂ ਪਾ ਸਕੇ।

16 ਸਾਲਾ ਦਾਰਾ ਸ਼ਿਕੋਹ ਨੇ ਆਪਣੀ ਮਾਂ ਮੁਮਤਾਜ਼ ਮਹਿਲ ਨੂੰ ਜ਼ੈਨਾਬਾਦ ਦੇ ਬਾਗਾਂ ਵਿੱਚ ਤਾਪਤੀ ਦਰਿਆ ਦੇ ਕੰਢੇ ਦਫ਼ਨਾਏ ਜਾਂਦਾ ਦੇਖਿਆ। ਸ਼ਾਹਜਹਾਂ ਹਰ ਜੁੰਮੇ ਨੂੰ ਇਸ ਕਬਰ ਦੀ ਜ਼ਿਆਰਤ ਕਰਦੇ ਅਤੇ ਸ਼ਾਇਦ ਦਾਰਾ ਸ਼ਿਕੋਹ ਅਤੇ ਉਨ੍ਹਾਂ ਦੇ ਕੁਝ ਭਰਾ ਵੀ ਉਨ੍ਹਾਂ ਦੇ ਨਾਲ ਹੁੰਦੇ ਸੀ।

ਸ਼ਾਇਰ ਕਲੀਮ ਨੇ ਬਾਦਸ਼ਾਹ ਦੇ ਗ਼ਮ ਨੂੰ ਇਸ ਤਰ੍ਹਾਂ ਬਿਆਨ ਕੀਤਾ, “ਜਿਵੇਂ ਹੀ ਉਨ੍ਹਾਂ ਦਾ ਪਰਛਾਵਾਂ ਉਸ ਕਬਰ ‘ਤੇ ਪੈਂਦਾ, ਉਨ੍ਹਾਂ ਦੇ ਰੋਣ ਦੀ ਨਮੀ ਕਫ਼ਨ ਤੱਕ ਪਹੁੰਚ ਜਾਂਦੀ।”

ਪਰ ਇਤਿਹਾਸਕਾਰ ਸੁਪ੍ਰਿਆ ਗਾਂਧੀ ਮੁਤਾਬਕ, ਸ਼ਾਹਜਹਾਂ ਦਾ ਇਰਾਦਾ ਬਿਲਕੁਲ ਵੀ ਇਹ ਨਹੀਂ ਸੀ ਕਿ ਬੁਰਹਾਨਪੁਰ ਹੀ ਮੁਮਤਾਜ਼ ਮਹਿਲ ਦੀ ਆਖ਼ਰੀ ਆਰਾਮਗਾਹ ਬਣੇ। ਉਨ੍ਹਾਂ ਦੀ ਨਜ਼ਰ ਆਗਰਾ ਵਿੱਚ ਯਮੁਨਾ ਦਰਿਆ ਦੇ ਕੰਢੇ ਇੱਕ ਖ਼ੂਬਸੂਰਤ ਥਾਂ ‘ਤੇ ਸੀ।

“ਸ਼ਾਹਜਹਾਂ ਨੇ ਸ਼ਾਹੀ ਅਧਿਕਾਰ ਦੀ ਵਰਤੋਂ ਕਰਦੇ ਹੋਏ ਇਹ ਜ਼ਮੀਨ ਰਾਜਾ ਜੈ ਸਿੰਘ ਤੋਂ ਲੈ ਲਈ ਸੀ ਅਤੇ ਬਦਲੇ ਵਿੱਚ ਸ਼ਾਹੀ ਜਾਇਦਾਦ ਵਿੱਚੋਂ ਚਾਰ ਆਲੀਸ਼ਾਨ ਇਮਾਰਤਾਂ ਦਿੱਤੀਆਂ ਸਨ।”

ਦਸੰਬਰ 1631 ਵਿੱਚ ਮੁਮਤਾਜ਼ ਮਹਿਲ ਦੀ ਮਈਅਤ(ਦੇਹ) ਨੂੰ ਕਬਰ ਵਿੱਚੋਂ ਕੱਢਿਆ ਗਿਆ ਅਤੇ ਉਨ੍ਹਾਂ ਦੇ ਪੁੱਤਰ ਸ਼ੁਜਾ ਤਾਬੂਤ ਨਾਲ ਆਗਰਾ ਲਈ ਰਵਾਨਾ ਹੋਏ। ਸਤੀ-ਉਲ-ਨਿਸਾ ਵੀ ਉਨ੍ਹਾਂ ਦੇ ਨਾਲ ਸੀ।

ਸੁਪ੍ਰਿਆ ਗਾਂਧੀ ਲਿਖਦੇ ਨ ਕਿ ਰਸਤੇ ਵਿੱਚ ਜਨਾਜ਼ੇ ਦੇ ਜਲੂਸ ਦੌਰਾਨ ਲੋਕਾਂ ਵਿੱਚ ਸਿੱਕੇ ਅਤੇ ਖਾਣਾ ਵੰਡਿਆ ਗਿਆ। ਆਗਰਾ ਪਹੁੰਚਣ ਤੋਂ ਬਾਅਦ ਕਬਰ ਉੱਤੇ ਇੱਕ ਛੋਟਾ ਗੁੰਬਦ ਬਣਾਇਆ ਗਿਆ ਤਾਂ ਜੋ ਇਸ ਨੂੰ ਅਜਨਬੀਆਂ ਦੀਆਂ ਨਜ਼ਰਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।

ਗ਼ਮਜ਼ਦਾ ਸ਼ਾਹਜਹਾਂ ਇਸ ਤੋਂ ਬਾਅਦ ਇੱਕ ਵੱਡਾ ਮਕਬਰਾ ਬਣਾਉਣ ਦੀ ਯੋਜਨਾ ਵਿੱਚ ਜੁੱਟ ਗਏ, ਜਿਸ ਦਾ ਨਾਂ ‘ਤਾਜ ਮਹਿਲ’ ਰੱਖਿਆ ਗਿਆ। ਸ਼ਾਹਜਹਾਂ ਨੂੰ ਜਵਾਨੀ ਤੋਂ ਹੀ ਵਾਸਤੂਕਲਾ ਵਿੱਚ ਦਿਲਚਸਪੀ ਸੀ।

ਫਰਾਂਸੀਸੀ ਹੀਰਿਆਂ ਦੇ ਵਪਾਰੀ ਜਾਂ-ਬੈਪਟਿਸਟ ਟੈਵਰਨੀਅਰ ਦੇ ਸਫ਼ਰਨਾਮੇ ਮੁਤਾਬਕ, ਇਸ ਪ੍ਰਾਜੈਕਟ ਵਿੱਚ 20 ਹਜ਼ਾਰ ਤੋਂ ਵੱਧ ਮਜ਼ਦੂਰ ਅਤੇ ਇੱਕ ਹਜ਼ਾਰ ਹਾਥੀ ਲਗਾਏ ਗਏ ਸਨ।

ਤਾਜ ਮਹਿਲ ਦੀ ਉਸਾਰੀ 22 ਸਾਲ ਤੱਕ ਚੱਲੀ ਅਤੇ ਉਸ ਸਮੇਂ ਇਸ ਦੀ ਲਾਗਤ 50 ਲੱਖ ਰੁਪਏ ਤੱਕ ਪਹੁੰਚ ਗਈ, ਜਿਸ ਕਾਰਨ ਮੁਗ਼ਲ ਖ਼ਜ਼ਾਨਾ ਕਾਫ਼ੀ ਹੱਦ ਤੱਕ ਖ਼ਾਲੀ ਹੋ ਗਿਆ।

ਈਵਾ ਫਰਨਾਂਡੀਜ਼ ਡੇਲ ਕਾਮਪੋ ਨੇ ਲਿਖਿਆ ਹੈ ਕਿ ਸ਼ਾਹਜਹਾਂ ਤਾਜ ਮਹਿਲ ਦੀ ਉਸਾਰੀ ਵਿੱਚ ਇਸ ਕਦਰ ਰੁੱਝ ਗਏ ਸਨ ਕਿ ਸਲਤਨਤ ਦੇ ਹੋਰ ਮਾਮਲਿਆਂ ਵੱਲ ਧਿਆਨ ਘੱਟ ਹੋਣ ਲੱਗਾ।

1658 ਵਿੱਚ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਤੋਂ ਸੱਤਾ ਖੋਹ ਲਈ ਅਤੇ ਆਪਣੇ ਹੀ ਤਿੰਨ ਭਰਾਵਾਂ ਨੂੰ ਮਰਵਾ ਦਿੱਤਾ। ਸ਼ਾਹਜਹਾਂ ਨੂੰ ਆਗਰਾ ਦੇ ਕਿਲ਼ੇ ਵਿੱਚ ਕੈਦ ਕਰ ਦਿੱਤਾ ਗਿਆ, ਜਿੱਥੇ ਉਹ 1666 ਵਿੱਚ ਆਪਣੀ ਮੌਤ ਤੱਕ ਕੈਦ ਰਹੇ।

ਕਾਲਾ ਤਾਜ ਮਹਿਲ: ਸ਼ਾਇਦ ਨਹੀਂ!

ਤਾਜ ਮਹਿਲ

ਤਸਵੀਰ ਸਰੋਤ, Getty Images

ਕਿਹਾ ਜਾਂਦਾ ਹੈ ਕਿ ਸ਼ਾਹਜਹਾਂ ਨੇ ਆਪਣੇ ਲਈ ਵੀ ਇੱਕ ਅਜਿਹਾ ਮਕਬਰਾ ਬਣਾਉਣ ਦੀ ਯੋਜਨਾ ਬਣਾਈ ਸੀ, ਜੋ ਉਨ੍ਹਾਂ ਦੇ ਸੋਗ ਨੂੰ ਦਰਸਾਉਂਦਿਆਂ ਕਾਲੇ ਪੱਥਰ ਦਾ ਬਣਿਆ ਹੁੰਦਾ ਅਤੇ ਦਰਿਆ ਉੱਤੇ ਬਣੇ ਪੁਲ ਰਾਹੀਂ ਤਾਜ ਮਹਿਲ ਨਾਲ ਜੁੜਿਆ ਹੁੰਦਾ।

ਇਸ ਵਿਚਾਰ ਦਾ ਪਹਿਲੀ ਵਾਰ ਜ਼ਿਕਰ ਫਰਾਂਸੀਸੀ ਯਾਤਰੀ ਜਾਂ-ਬੈਪਟਿਸਟ ਟੈਵਰਨੀਅਰ ਨੇ 1665 ਵਿੱਚ ਆਪਣੇ ਲੇਖਾਂ ਵਿੱਚ ਕੀਤਾ ਸੀ। ਉਨ੍ਹਾਂ ਮੁਤਾਬਕ, ਸ਼ਾਹਜਹਾਂ ਨੇ ਆਪਣੇ ਮਕਬਰੇ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ, ਪਰ ਉਨ੍ਹਾਂ ਦੇ ਪੁੱਤਰ ਔਰੰਗਜ਼ੇਬ ਵੱਲੋਂ ਸੱਤਾ ਤੋਂ ਹਟਾਏ ਜਾਣ ਕਾਰਨ ਇਹ ਕੰਮ ਪੂਰਾ ਨਹੀਂ ਹੋ ਸਕਿਆ।

ਹਾਲਾਂਕਿ, ਆਧੁਨਿਕ ਪੁਰਾਤਤਵ ਵਿਗਿਆਨੀਆਂ ਅਤੇ ਇਤਿਹਾਸਕਾਰਾਂ ਦੀ ਵੱਡੀ ਗਿਣਤੀ ਇਸ ਨੂੰ ਸਿਰਫ਼ ਸੁਣੀ-ਸੁਣਾਈ ਗੱਲ ਮੰਨਦੀ ਹੈ।

ਤਾਜ ਮਹਿਲ ਵਿੱਚ ਸ਼ਾਹਜਹਾਂ ਦੀ ਕਬਰ ਮੁਮਤਾਜ਼ ਮਹਿਲ ਦੀ ਕਬਰ ਵਾਂਗ ਬਿਲਕੁਲ ਕੇਂਦਰ ਨਹੀਂ ਹੈ, ਸਗੋਂ ਉਸ ਦੇ ਨਾਲ ਬਣੀ ਹੋਈ ਹੈ।

ਇਸ ਤੋਂ ਕੁਝ ਲੋਕਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਸ਼ਾਇਦ ਸ਼ਾਹਜਹਾਂ ਦਾ ਮਕਬਰਾ ਕਿਸੇ ਹੋਰ ਥਾਂ ਬਣਨਾ ਸੀ।

ਪਰ ਤਾਜ ਮਹਿਲ ਸਿਰਫ਼ ਮੁਮਤਾਜ਼ ਮਹਿਲ ਲਈ ਬਣਾਇਆ ਗਿਆ ਸੀ, ਜਦਕਿ ਸ਼ਾਹਜਹਾਂ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਮੁਮਤਾਜ਼ ਮਹਿਲ ਦੇ ਕੋਲ ਦਫ਼ਨਾਇਆ ਗਿਆ। ਇਸੇ ਲਈ ਉਨ੍ਹਾਂ ਦੀ ਕਬਰ ਕੇਂਦਰ ਤੋਂ ਹਟ ਕੇ ਹੈ।

ਆਰ. ਨਾਥ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ ਕਿ ਤਾਜ ਮਹਿਲ 1648 ਵਿੱਚ ਹੀ ਪੂਰਾ ਹੋ ਚੁੱਕਾ ਸੀ। “ਜੇਕਰ ਕੋਈ ਹੋਰ ਯੋਜਨਾ ਹੁੰਦੀ ਤਾਂ ਉਸ ਦੇ ਪੱਕੇ ਸਬੂਤ ਮਿਲਦੇ ਅਤੇ ਸਮਕਾਲੀ ਫ਼ਾਰਸੀ ਇਤਿਹਾਸਕਾਰ ਇਸ ਦਾ ਜ਼ਿਕਰ ਜ਼ਰੂਰ ਕਰਦੇ, ਪਰ ਉਹ ਇਸ ਬਾਰੇ ਚੁੱਪ ਹਨ।”

ਤਾਜ ਮਹਿਲ ਅਤੇ ਜਣੇਪਾ

ਸ਼ਾਹਜਹਾਂ

ਤਸਵੀਰ ਸਰੋਤ, Getty Images

‘ਮਦਰਾਸ ਕੂਰੀਅਰ’ ਮੁਤਾਬਕ ਤਾਜ ਮਹਿਲ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਪਰ ਅਸਲ ਵਿੱਚ ਇਸ ਨੂੰ ਮੈਟਰਨਿਟੀ ਹੈਲਥ(ਜੱਚਾ-ਬੱਚਾ ਸਿਹਤ) ਦੀ ਅਹਿਮੀਅਤ ਦੀ ਯਾਦ ਦਿਵਾਉਣ ਵਾਲੀ ਯਾਦਗਾਰ ਵੀ ਮੰਨਿਆ ਜਾਣਾ ਚਾਹੀਦਾ ਹੈ।

“ਮੁਮਤਾਜ਼ ਮਹਿਲ ਸ਼ਾਹਜਹਾਂ ਨੂੰ ਆਪਣੀਆਂ ਸਾਰੀਆਂ ਬੇਗਮਾਂ ਵਿੱਚੋਂ ਸਭ ਤੋਂ ਵੱਧ ਪਿਆਰੀ ਸੀ। ਅਮਲੀ ਤੌਰ ‘ਤੇ ਇਸ ਦਾ ਮਤਲਬ ਇਹ ਸੀ ਕਿ ਉਨ੍ਹਾਂ ਨੇ ਸ਼ਾਹਜਹਾਂ ਲਈ 14 ਵਾਰ ਗਰਭ ਧਾਰਨ ਕੀਤਾ ਅਤੇ ਹਰ ਵਾਰ ਜਣੇਪੇ ਦੀ ਪੀੜ ਸਹੀ। ਮੁਮਤਾਜ਼ ਮਹਿਲ ਆਪਣੇ ਵਿਆਹ ਦੇ ਲਗਭਗ ਹਰ ਸਾਲ ਗਰਭਵਤੀ ਰਹੀ। 14 ਗਰਭਾਂ ਵਿੱਚੋਂ ਸਿਰਫ਼ ਸੱਤ ਬੱਚੇ (ਤਿੰਨ ਧੀਆਂ ਅਤੇ ਚਾਰ ਪੁੱਤਰ) ਹੀ ਜ਼ਿੰਦਾ ਰਹਿ ਸਕੇ ਅਤੇ 14ਵੇਂ ਬੱਚੇ ਦਾ ਜਨਮ ਹੀ ਮੁਮਤਾਜ਼ ਮਹਿਲ ਦੀ ਮੌਤ ਦਾ ਕਾਰਨ ਬਣਿਆ।”

“ਮੁਮਤਾਜ਼ ਮਹਿਲ ਦੀ ਮੌਤ ਉਨ੍ਹਾਂ ਬਿਮਾਰੀਆਂ ਕਾਰਨ ਹੋਈ, ਜੋ ਜਣੇਪੇ ਨਾਲ ਜੁੜੀਆਂ ਹੋਈਆਂ ਸਨ।”

ਅਨੰਤ ਕੁਮਾਰ ਆਪਣੇ ਲੇਖ ‘ਮੋਨਿਊਮੈਂਟ ਆਫ਼ ਲਵ ਐਂਡ ਸਿੰਬਲ ਆਫ਼ ਮੈਟਰਨਲ ਡੈੱਥ’ ਵਿੱਚ ਲਿਖਦੇ ਹਨ ਕਿ ਮੁਮਤਾਜ਼ ਮਹਿਲ ਦੇ ਲਗਾਤਾਰ ਅਤੇ ਵਾਰ-ਵਾਰ ਗਰਭ ਧਾਰਨ ਕਰਨ ਨਾਲ ਉਨ੍ਹਾਂ ਦੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਿਆ ਅਤੇ ਆਖ਼ਰਕਾਰ ਇਸੇ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਗੁਆਉਣੀ ਪਈ।

“ਦੂਜੇ ਪਾਸੇ, 17ਵੀਂ ਸਦੀ ਦੇ ਸਵੀਡਨ ਵਿੱਚ ਰਾਣੀ ਉਲਰਿਕਾ ਐਲੀਨੋਰਾ ਨੇ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਸਮੱਸਿਆ ਦੇ ਹੱਲ ਲਈ ਕਈ ਅਹਿਮ ਕਦਮ ਚੁੱਕੇ। ਉਨ੍ਹਾਂ ਨੇ ਦਾਈਆਂ ਦੀ ਸਿਖਲਾਈ (ਮਿਡਵਾਈਫ਼ਰੀ) ਦਾ ਪਹਿਲਾ ਸਕੂਲ ਸਥਾਪਤ ਕੀਤਾ ਅਤੇ ਇਹ ਨੀਤੀ ਲਾਗੂ ਕੀਤੀ ਕਿ ਹਰ ਪਿੰਡ ਵਿੱਚੋਂ ਇੱਕ ਜਾਂ ਦੋ ਔਰਤਾਂ ਨੂੰ ਦਾਈ ਦਾ ਕੰਮ ਕਰਨ ਦੀ ਸਿਖਲਾਈ ਦਿੱਤੀ ਜਾਵੇ।”

“ਸਵੀਡਨ ਵਿੱਚ ਇਸ ਭਾਈਚਾਰਕ ਦਾਈ-ਸਿਖਲਾਈ ਪ੍ਰਣਾਲੀ ਕਾਰਨ 1900 ਤੱਕ ਮਾਤਾ ਮੌਤ ਦਰ, ਯਾਨੀ ਹਰ ਇੱਕ ਲੱਖ ਜਿਉਂਦੇ ਜਨਮਾਂ ‘ਤੇ ਜਣੇਪੇ ਨਾਲ ਸੰਬੰਧਤ ਮੌਤਾਂ ਦੀ ਗਿਣਤੀ, ਘਟ ਕੇ 230 ਰਹਿ ਗਈ। ਧਿਆਨ ਰਹੇ ਕਿ ਉਸ ਸਮੇਂ ਆਮ ਸਰਜੀਕਲ ਡਿਲੀਵਰੀ, ਖੂਨ ਚੜ੍ਹਾਉਣਾ ਅਤੇ ਐਂਟੀਬਾਇਓਟਿਕ ਦਵਾਈਆਂ ਅਜੇ ਆਮ ਵਰਤੋਂ ਵਿੱਚ ਨਹੀਂ ਸਨ।”

17ਵੀਂ ਸਦੀ ਦੇ ਮੁਗ਼ਲ ਸਾਮਰਾਜ ਵਿੱਚ ਜਣੇਪੇ ਤੋਂ ਬਾਅਦ ਬਹੁਤ ਜ਼ਿਆਦਾ ਖੂਨ ਵਗਣ ਦੇ ਮਾਮਲਿਆਂ ਦਾ ਕੋਈ ਸਟੀਕ ਅੰਕੜਾ ਨਹੀਂ ਮਿਲਦਾ। ਹਾਲਾਂਕਿ, ਮੈਡੀਕਲ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਉਸ ਦੌਰ ਵਿੱਚ ਜਣੇਪੇ ਦੌਰਾਨ ਜਾਂ ਉਸ ਤੋਂ ਬਾਅਦ ਔਰਤਾਂ ਦੀ ਮੌਤ ਦਰ ਅਸਧਾਰਣ ਤੌਰ ‘ਤੇ ਬਹੁਤ ਜ਼ਿਆਦਾ ਸੀ ਅਤੇ ਬੇਹੱਦ ਖੂਨ ਵਗਣਾ ਇਸ ਦਾ ਇੱਕ ਵੱਡਾ ਕਾਰਨ ਸੀ।

ਮੁਗ਼ਲ ਦੌਰ ਵਿੱਚ ਆਮ ਇਲਾਜ ਅਤੇ ਸਰਜਰੀ ਕਾਫ਼ੀ ਵਧੀਆ ਮੰਨੀ ਜਾਂਦੀ ਸੀ। ਯੂਰਪੀ ਯਾਤਰੀਆਂ ਅਤੇ ਇਤਿਹਾਸਕਾਰਾਂ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ।

‘ਮਦਰਾਸ ਕੂਰੀਅਰ’ ਮੁਤਾਬਕ, “ਭਾਵੇਂ ਭਾਰਤ ਦਾ ਸਭ ਤੋਂ ਮਸ਼ਹੂਰ ਸਮਾਰਕ ਮੁਮਤਾਜ਼ ਮਹਿਲ ਲਈ ਸ਼ਾਹਜਹਾਂ ਦੇ ਪਿਆਰ ਦੀ ਨਿਸ਼ਾਨੀ ਵਜੋਂ ਬਣਾਇਆ ਗਿਆ ਸੀ, ਪਰ ਇਸ ਤੋਂ ਵੀ ਵੱਡੀ ਵਿਰਾਸਤ ਬਿਹਤਰ ਮੈਟਰਨਿਟੀ ਕੇਅਰ (ਜੱਚਾ-ਬੱਚਾ ਦੇਖਭਾਲ) ਨੂੰ ਉਤਸ਼ਾਹਿਤ ਕਰਨ ਦੇ ਰੂਪ ਵਿੱਚ ਹੋ ਸਕਦੀ ਸੀ।”

ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਤਾਜ ਮਹਿਲ ‘ਤੇ ਖਰਚ ਕੀਤੀ ਗਈ ਬੇਹਿਸਾਬ ਦੌਲਤ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਜੱਚਾ-ਬੱਚਾ ਸੰਭਾਲ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਲਈ ਇੱਕ ਹਸਪਤਾਲ ਬਣਾਉਣ ‘ਤੇ ਖਰਚ ਕੀਤਾ ਜਾਂਦਾ, ਤਾਂ ਉਹ ਨਾ ਸਿਰਫ਼ ਪਿਆਰ ਦਾ ਪ੍ਰਤੀਕ ਬਣਦਾ, ਸਗੋਂ ਪਿਆਰ ਨਿਭਾਉਣ ਵਾਲੀਆਂ ਅਣਗਿਣਤ ਆਮ ਮੁਮਤਾਜ਼ ਮਹਿਲਾਂ ਦੀਆਂ ਜਾਨਾਂ ਵੀ ਬਚਾ ਸਕਦਾ ਸੀ। ਉਨ੍ਹਾਂ ਔਰਤਾਂ ਦੀਆਂ ਜਾਨਾਂ, ਜੋ ਸਦੀਆਂ ਤੋਂ ਜਣੇਪੇ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਛੋਟੀ ਉਮਰ ਵਿੱਚ ਹੀ ਮੌਤ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ।

ਯਾਨੀ ਤਾਜ ਮਹਿਲ ਪਿਆਰ ਦਾ ਅਮਰ ਪ੍ਰਤੀਕ ਤਾਂ ਰਹਿੰਦਾ ਹੀ, ਨਾਲ ਹੀ ਔਰਤਾਂ ਦੇ ਜੀਵਨ ਦਾ ਵੀ ਇੱਕ ਪ੍ਰਤੀਕ ਬਣ ਜਾਂਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI