Source :- BBC PUNJABI

ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਭੜੀ ਮਾਨਸਾ ਦੇ 65 ਸਾਲਾ ਕਿਸਾਨ ਬਲਵਿੰਦਰ ਸਿੰਘ ਵੱਖ-ਵੱਖ ਸਬਜੀਆਂ ਦੇ ਬੀਜ ਤਿਆਰ ਕਰ ਇਸ ਨੂੰ ਮੁਨਾਫੇ ਦਾ ਜ਼ਰੀਆ ਬਣਾ ਰਹੇ ਹਨ।
ਪਿਛਲੇ ਚਾਰ ਦਹਾਕਿਆਂ ਤੋਂ ਖੇਤੀ ਕਰ ਰਹੇ ਬਲਵਿੰਦਰ ਸਿੰਘ ਰਵਾਇਤੀ ਖੇਤੀ ਤੋਂ ਅੱਡ ਬੀਜਾਂ ਦੀ ਖੇਤੀ ਕਰਦੇ ਹਨ ਭਾਵ ਵੱਖ-ਵੱਖ ਸਬਜ਼ੀਆਂ ਦੇ ਬੀਜ ਤਿਆਰ ਕਰ ਅੱਗੇ ਵੇਚਦੇ ਹਨ।
ਮੌਜੂਦਾ ਸਮੇਂ ਵਿੱਚ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵੱਲੋਂ ਵਿਕਸਿਤ ਕੀਤੀ ਗਈ ਖਰਬੂਜੇ ਦੀ ਕਿਸਮ ‘ਪੰਜਾਬ ਅੰਮ੍ਰਿਤ’ ਦਾ ਬੀਜ ਤਿਆਰ ਕਰ ਰਹੇ ਹਨ।
ਬਲਵਿੰਦਰ ਸਿੰਘ ਦੀ 11 ਏਕੜ ਜੱਦੀ ਜ਼ਮੀਨ ਹੈ, ਜਿਸ ਵਿੱਚੋਂ ਕਰੀਬ ਡੇਢ ਏਕੜ ਜ਼ਮੀਨ ‘ਤੇ ਉਨ੍ਹਾਂ ਵੱਲੋਂ ਖਰਬੂਜੇ ਦੀ ਖੇਤੀ ਕੀਤੀ ਗਈ ਹੈ, ਜਿਸ ਦੇ ਬੀਜ ਤਿਆਰ ਕਰਨ ਲਈ ਉਨ੍ਹਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਐਮਓਯੂ ਸਾਈਨ ਕੀਤਾ ਗਿਆ ਹੈ। ਬਾਕੀ ਜ਼ਮੀਨ ‘ਤੇ ਉਨ੍ਹਾਂ ਵੱਲੋਂ ਸਬਜ਼ੀਆਂ, ਫਲਾਂ, ਗੰਨਾ ਅਤੇ ਹੋਰ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ।
ਬਲਵਿੰਦਰ ਸਿੰਘ ਦੱਸਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਬੀਜਾਂ ਦੀ ਖੇਤੀ ਕਰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਮਿਰਚਾਂ ਦੇ ਬੀਜ ਵੀ ਤਿਆਰ ਕਰਦੇ ਰਹੇ ਹਨ।
‘ਸਬਜ਼ੀਆਂ ਨਾਲੋਂ ਬੀਜਾਂ ਦੀ ਖੇਤੀ ਵਿੱਚ ਵੱਧ ਮੁਨਾਫ਼ਾ’

ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਆਮ ਸਬਜ਼ੀਆਂ ਦੀ ਖੇਤੀ ਨਾਲੋਂ ਉਨ੍ਹਾਂ ਨੂੰ ਸਬਜ਼ੀਆਂ ਦੇ ਬੀਜ ਤਿਆਰ ਕਰਨ ਵਿੱਚ ਵਧੀਆ ਆਮਦਨ ਹੋਈ ਹੈ। ਉਨ੍ਹਾਂ ਨੇ ਪਹਿਲਾਂ ਪੀਏਯੂ ਤੋਂ ‘ਪੰਜਾਬ ਅੰਮ੍ਰਿਤ’ ਦਾ ਬੀਜ ਲੈ ਕੇ ਪ੍ਰਯੋਗ ਵਜੋਂ ਬਿਜਾਈ ਕੀਤੀ। ਚੰਗੇ ਨਤੀਜੇ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਵਪਾਰਕ ਪੱਧਰ ‘ਤੇ ਬੀਜ ਵਜੋਂ ਤਿਆਰ ਕਰਨਾ ਸ਼ੁਰੂ ਕਰ ਦਿੱਤਾ।
ਬਲਵਿੰਦਰ ਸਿੰਘ ਦੱਸਦੇ ਹਨ ਕਿ ਜੇਕਰ ਉਹ ਸਿਰਫ਼ ਖਰਬੂਜਾ ਮੰਡੀ ਵਿੱਚ ਲਿਜਾ ਕੇ ਵੇਚਣ ਤਾਂ 10 ਤੋਂ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦਾ ਹੈ ਅਤੇ ਜਦੋਂ ਖਰਬੂਜੇ ਦਾ ਬੀਜ ਤਿਆਰ ਕਰਕੇ ਵੇਚਦਾ ਹਾਂ ਵੱਧ ਮੁਨਾਫਾ ਹੁੰਦਾ ਹੈ।
ਬਲਵਿੰਦਰ ਸਿੰਘ ਦੱਸਦੇ ਹਨ ਕਿ ਇਸ ਵੇਲੇ ਪੀਏਯੂ ਦੇ ਰੇਟ ਅਨੁਸਾਰ ‘ਪੰਜਾਬ ਅੰਮ੍ਰਿਤ’ ਖਰਬੂਜੇ ਦੇ ਬੀਜ ਦੀ ਕੀਮਤ ਕਰੀਬ 10,000 ਰੁਪਏ ਪ੍ਰਤੀ ਕਿਲੋ ਹੈ।
ਉਨ੍ਹਾਂ ਦਾ ਦਾਅਵਾ ਹੈ ਕਿ ਨਿੱਜੀ ਕੰਪਨੀਆਂ ਇਸੇ ਤਰ੍ਹਾਂ ਦੇ ਹਾਈਬ੍ਰਿਡ ਬੀਜ ਇੱਕ ਲੱਖ ਤੋਂ ਸਵਾ ਲੱਖ ਰੁਪਏ ਪ੍ਰਤੀ ਕਿਲੋ ਤੱਕ ਵੇਚਦੀਆਂ ਹਨ।
“ਜਿਹੜੇ ਕਿਸਾਨ ਇੰਨੇ ਮਹਿੰਗੇ ਬੀਜ ਨਹੀਂ ਖਰੀਦ ਸਕਦੇ ਉਹ ਸਾਡੇ ਤੋਂ ਬੀਜ ਲੈ ਜਾਂਦੇ ਹਨ ਕਿਉਂਕਿ ਨਿੱਜੀ ਕੰਪਨੀਆਂ ਦੇ ਮੁਕਾਬਲੇ ਅਸੀਂ ਬਹੁਤ ਘੱਟ ਰੇਟ ‘ਤੇ ਚੰਗੀ ਕਿਸਮ ਦੇ ਬੀਜ ਮੁਹੱਈਆ ਕਰਵਾਉਂਦੇ ਹਾਂ।”
ਕੀ ਹੈ ਬੀਜ ਤਿਆਰ ਕਰਨ ਦੀ ਪ੍ਰਕਿਰਿਆ ?

ਬਲਵਿੰਦਰ ਸਿੰਘ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਖਰਬੂਜੇ ਦੀ ਫ਼ਸਲ ਬੀਜੀ ਜਾਂਦੀ ਹੈ। ਪੌਦੇ ਤਿਆਰ ਹੋਣ ‘ਤੇ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕਮਜ਼ੋਰ ਜਾਂ ਬਿਮਾਰ ਪੌਦਿਆਂ ਨੂੰ ਹਟਾ ਦਿੱਤਾ ਜਾਂਦਾ ਹੈ।
ਉਹ ਦੱਸਦੇ ਹਨ ਕਿ ਸ਼ੁੱਧ ਬੀਜ ਤਿਆਰ ਕਰਨ ਲਈ ਇਹ ਵੀ ਲਾਜ਼ਮੀ ਹੈ ਕਿ ਖੇਤ ਦੇ ਆਲੇ-ਦੁਆਲੇ ਖਰਬੂਜੇ ਦੀ ਕੋਈ ਹੋਰ ਕਿਸਮ ਨਾ ਹੋਵੇ ਤਾਂ ਜੋ ਪਰਾਗਣ ਕਾਰਨ ਕਿਸਮ ਦੀ ਸ਼ੁੱਧਤਾ ਪ੍ਰਭਾਵਿਤ ਨਾ ਹੋਵੇ।
ਜਦੋਂ ਫਲ ਤਿਆਰ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਆਕਾਰ ਅਤੇ ਗੁਣਵੱਤਾ ਦੀ ਜਾਂਚ ਕੀਤੀ ਜਾਂਦੀ ਹੈ। ਮਿਆਰ ਤੋਂ ਵੱਖਰੇ ਫਲਾਂ ਨੂੰ ਕੱਢ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਖਰਬੂਜੇ ਨੂੰ ਕੱਟ ਕੇ ਬੀਜ ਕੱਢੇ ਜਾਂਦੇ ਹਨ। ਤਿੰਨ ਦਿਨਾਂ ਦੇ ਅੰਦਰ ਉਨ੍ਹਾਂ ਦੀ ਸਫ਼ਾਈ ਕੀਤੀ ਜਾਂਦੀ ਹੈ ਅਤੇ ਫਿਰ ਗਰੇਡਿੰਗ, ਅੰਡਰ-ਗਰੇਡਿੰਗ ਅਤੇ ਜਰਮੀਨੇਸ਼ਨ ਟੈਸਟ ਤੋਂ ਬਾਅਦ ਪੈਕ ਕਰਕੇ ਵਿਕਰੀ ਲਈ ਤਿਆਰ ਕੀਤਾ ਜਾਂਦਾ ਹੈ।
ਕਿਹੜੀਆਂ ਮੁਸ਼ਕਿਲਾਂ ਦਾ ਕਰਨਾ ਪੈਂਦਾ ਸਾਹਮਣਾ ?

ਬਲਵਿੰਦਰ ਸਿੰਘ ਮੁਤਾਬਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਐਮਓਯੂ ਹੋਣ ਕਾਰਨ ਉਨ੍ਹਾਂ ਨੂੰ ਬੀਜਾਂ ਦਾ ਰੇਟ ਮਿਲ ਜਾਂਦਾ ਹੈ।
ਕਈ ਕਿਸਾਨਾਂ ਨੇ ਬੀਜਾਂ ਦੇ ਉਤਪਾਦਨ ਨੂੰ ਲੈਕੇ ਦਿਲਚਸਪੀ ਦਿਖਾਈ ਪਰ ਕਈ ਵਾਰ ਕਿਸਾਨਾਂ ਕੋਲ ਜ਼ਰੂਰੀ ਸਾਧਨ ਨਹੀਂ ਹੁੰਦੇ, ਬੀਜ ਵੇਚਣ ਦਾ ਜ਼ਰੀਆ ਨਹੀਂ ਹੁੰਦਾ ਤਾਂ ਉਸ ਪੱਧਰ ਦਾ ਮੁਨਾਫਾ ਦੇਖਣ ਨੂੰ ਨਹੀਂ ਮਿਲਦਾ ਹੈ।
ਇੱਕ ਉਦਾਹਰਨ ਦਿੰਦਿਆਂ ਉਹ ਸਮਝਾਉਂਦੇ ਹਨ ਕਿ ਜਿਵੇਂ ਮਿਰਚਾਂ ਦੀ ਕਿਸਮ ਸੀਐਚ 1 ਅਤੇ ਸੀਐਚ 27 ਦਾ ਬੀਜ 20 ਹਜ਼ਾਰ ਰੁਪਏ ਪ੍ਰਤੀ ਕਿਲੋ ਵਿਕਦਾ ਹੈ। ਪਰ ਜੇਕਰ ਇਹ ਬੀਜ ਨਹੀਂ ਵਿਕਿਆ ਤਾਂ ਮੁਨਾਫਾ ਬਿਲਕੁੱਲ ਜ਼ੀਰੋ ਹੈ ਕਿਉਂਕਿ ਤੁਹਾਡੇ ਕੋਲ ਫਸਲ ਵੀ ਨਹੀਂ ਬਚਦੀ।

ਹਾਲਾਂਕਿ ਬਲਵਿੰਦਰ ਇਹ ਸਲਾਹ ਜ਼ਰੂਰ ਦਿੰਦੇ ਹਨ ਕਿ ਜੇਕਰ ਚਾਰ-ਪੰਜ ਕਿਸਾਨਾਂ ਦਾ ਸਮੂਹ ਮਿਲਕੇ ਉਤਪਾਦਨ ਕਰੇ, ਜਿਵੇਂ ਕੋਈ ਫਸਲ ਬੀਜੇ, ਕੋਈ ਟਰਾਂਸਪੋਰਟ ਸੰਭਾਲੇ, ਕੋਈ ਬੀਜਾਂ ਦੀ ਵਿਕਰੀ ਸੰਭਾਲੇ ਤਾਂ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ।
ਆਪਣੇ ਹੁਣ ਤੱਕ ਦੇ ਬੀਜ ਤਿਆਰ ਕਰਨ ਦੇ ਸਫ਼ਰ ਨੂੰ ਯਾਦ ਕਰਦਿਆਂ ਬਲਵਿੰਦਰ ਸਿੰਘ ਦੱਸਦੇ ਹਨ ਕਿ ਉਹ 1985 ਤੋਂ ਪੀਏਯੂ ਨਾਲ ਜੁੜੇ ਹੋਏ ਹਨ ਅਤੇ ਵੱਖ-ਵੱਖ ਸਬਜ਼ੀਆਂ ਦੇ ਬੀਜ ਤਿਆਰ ਕਰਦੇ ਆ ਰਹੇ ਹਨ। ਸਾਲ 2000 ਤੱਕ ਉਨ੍ਹਾਂ ਵੱਲੋਂ ਆਪਣੀ ਕੰਪਨੀ ਵੀ ਖੜ੍ਹੀ ਕਰ ਲਈ ਗਈ ਸੀ। ਹਾਲਾਂਕਿ ਉਹ ਦੱਸਦੇ ਹਨ ਕਿ ਕੁਝ ਪਰਿਵਾਰਕ ਸਮੱਸਿਆਵਾਂ ਕਰਕੇ ਕੰਪਨੀ ਚੱਲੀ ਨਹੀਂ।
ਜਿਸ ਤੋਂ ਬਾਅਦ 2018 ਵਿੱਚ ਉਨ੍ਹਾਂ ਨੇ ਮੁੜ ਕੰਪਨੀ ਖੜ੍ਹੀ ਕੀਤੀ ਅਤੇ ਆਪਣੀ ਕੰਪਨੀ ਦੇ ਪਾਰਟਨਰ ਨਾਲ ਮਿਲਕੇ ਯੂਨੀਵਰਸਿਟੀ ਨਾਲ ਐਮਓਯੂ ਸਾਈਨ ਕਰਕੇ ਬੀਜ ਤਿਆਰ ਕਰ ਰਹੇ ਹਨ।
ਹੋਰਾਂ ਨੂੰ ਦੇ ਰਹੇ ਰੁਜ਼ਗਾਰ
ਬਲਵਿੰਦਰ ਸਿੰਘ ਵੱਲੋਂ ਅਪਣਾਇਆ ਗਿਆ ਕਮਾਈ ਦਾ ਇਹ ਸਾਧਨ ਹੋਰਾਂ ਨੂੰ ਵੀ ਰੁਜ਼ਗਾਰ ਦੇ ਮੌਕੇ ਦੇ ਰਿਹਾ ਹੈ। ਉਨ੍ਹਾਂ ਦੇ ਖੇਤਾਂ ਵਿੱਚ ਹਰ ਸਮੇਂ ਚਾਰ ਤੋਂ ਪੰਜ ਮਹਿਲਾ ਮਜ਼ਦੂਰ ਕੰਮ ਕਰਦੀਆਂ ਹਨ।
ਭੁਪਿੰਦਰ ਕੌਰ, ਜੋ ਪਿਛਲੇ 30 ਸਾਲਾਂ ਤੋਂ ਬਲਵਿੰਦਰ ਸਿੰਘ ਦੇ ਖੇਤਾਂ ‘ਚ ਕੰਮ ਕਰਦੇ ਆ ਰਹੇ ਹਨ, ਦੱਸਦੇ ਹਨ ਕਿ ਇਸ ਨੌਕਰੀ ਨਾਲ ਮਿਲੀ ਆਮਦਨ ਰਾਹੀਂ ਉਹ ਆਪਣੀ ਧੀ ਨੂੰ ਐਮਏ ਤੱਕ ਪੜ੍ਹਾ ਸਕੇ ਹਨ।

ਇਸੇ ਤਰ੍ਹਾਂ ਬਿਮਲ ਕੌਰ, ਜੋ ਪਿਛਲੇ ਤਿੰਨ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ, ਦੱਸਦੇ ਹਨ ਕਿ ਇਸ ਕੰਮ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਹੈ ਅਤੇ ਇੱਥੇ ਸਾਲ ਭਰ ਰੁਜ਼ਗਾਰ ਮਿਲਦਾ ਹੈ।
ਬਲਵਿੰਦਰ ਸਿੰਘ ਦੱਸਦੇ ਹਨ ਕਿ ਇਸ ਸਮੇਂ ਕਰੀਬ 500 ਕਿਸਾਨ ਸਿੱਧੇ ਜਾਂ ਅਸਿੱਧੇ ਤੌਰ ‘ਤੇ ਉਨ੍ਹਾਂ ਨਾਲ ਜੁੜੇ ਹੋਏ ਹਨ, ਜੋ ਉਨ੍ਹਾਂ ਤੋਂ ਬੀਜ ਅਤੇ ਨਰਸਰੀ ਖਰੀਦਦੇ ਹਨ।
65 ਸਾਲ ਦੀ ਉਮਰ ਵਿੱਚ ਵੀ ਪੂਰੀ ਤਰ੍ਹਾਂ ਸਰਗਰਮ

ਬਲਵਿੰਦਰ ਸਿੰਘ ਦੱਸਦੇ ਹਨ ਕਿ ਉਹ 1980 ਤੋਂ ਖੇਤੀ ਕਰ ਰਹੇ ਹਨ ਅਤੇ ਅੱਜ ਵੀ ਖੇਤਾਂ ਵਿੱਚ ਕੰਮ ਕਰਨ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਉਹ ਕਹਿੰਦੇ ਹਨ ਕਿ ਜੇ ਖੇਤੀ ਛੱਡ ਦੇਣ ਤਾਂ ਸ਼ਾਇਦ ਬਿਮਾਰ ਪੈ ਜਾਣ।
ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਦੇ ਅਸਿਸਟੈਂਟ ਡਾਇਰੈਕਟਰ ਡਾ. ਮਨਦੀਪ ਸਿੰਘ ਦੱਸਦੇ ਹਨ ਕਿ ਬਲਵਿੰਦਰ ਸਿੰਘ 1985 ਤੋਂ ਪੀਏਯੂ ਨਾਲ ਜੁੜੇ ਹੋਏ ਹਨ ਅਤੇ ਲੰਬੇ ਸਮੇਂ ਤੋਂ ਸਬਜ਼ੀਆਂ ਅਤੇ ਬੀਜ ਉਤਪਾਦਨ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ।

ਉਨ੍ਹਾਂ ਮੁਤਾਬਕ 1992 ਵਿੱਚ ਪੀਏਯੂ ਵੱਲੋਂ ਵਿਕਸਿਤ ਕੀਤੀ ਗਈ ਮਿਰਚ ਦੀ ਕਿਸਮ ਸੀਐਚ-1 ਦੇ ਬੀਜ ਉਤਪਾਦਨ ਵਿੱਚ ਵੀ ਬਲਵਿੰਦਰ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬੈਂਗਣ, ਟਮਾਟਰ ਅਤੇ ਮੱਕੀ ਦੇ ਬੀਜਾਂ ਦੇ ਉਤਪਾਦਨ ਵਿੱਚ ਵੀ ਸਫਲ ਕੰਮ ਕੀਤਾ।
ਇਸ ਵੇਲੇ ਉਹ ਪੀਏਯੂ ਨਾਲ ਐਮਓਯੂ ਤਹਿਤ ‘ਪੰਜਾਬ ਅੰਮ੍ਰਿਤ’ ਖਰਬੂਜੇ ਦੀ ਕਿਸਮ ਦਾ ਬੀਜ ਤਿਆਰ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




