Home ਰਾਸ਼ਟਰੀ ਖ਼ਬਰਾਂ ਫੋਰਡ ਗੱਡੀਆਂ ਦੀ ਗੁਣਵੱਤਾ ਜਾਂਚ ‘ਚ ਏਆਈ ਦੀ ਥਾਂ ਮੁੜ ਤਜ਼ਰਬੇਕਾਰ ਇੰਜੀਨੀਅਰ...

ਫੋਰਡ ਗੱਡੀਆਂ ਦੀ ਗੁਣਵੱਤਾ ਜਾਂਚ ‘ਚ ਏਆਈ ਦੀ ਥਾਂ ਮੁੜ ਤਜ਼ਰਬੇਕਾਰ ਇੰਜੀਨੀਅਰ ਕਿਉਂ ਭਰਤੀ ਕੀਤੇ

4
0

Source :- BBC PUNJABI

ਫੋਰਡ

ਤਸਵੀਰ ਸਰੋਤ, Getty Images

ਕਾਰ ਕੰਪਨੀ ਫੋਰਡ ਦਾ ਕਹਿਣਾ ਹੈ ਕਿ ਉਸ ਨੂੰ ਮੁੜ ਮਾਹਰ ਅਤੇ ਤਜ਼ਰਬੇਕਾਰ ਇੰਜੀਨੀਅਰਾਂ ਨੂੰ ਭਰਤੀ ਕਰਨਾ ਪਿਆ ਹੈ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਉਨ੍ਹਾਂ ਦੇ ਕੰਮ ਦੀ ਬਰਾਬਰੀ ਕਰਨ ‘ਚ ਨਾਕਾਮ ਰਹੀ ਹੈ।

ਜਿਵੇਂ ਕਿ ਏਆਈ ਦੇ ਨਿਰਮਾਤਾ ਦਾਅਵਾ ਕਰਦੇ ਹਨ ਕਿ ਤਕਨਾਲੋਜੀ ਦੇ ਖੇਤਰ ਵਿੱਚ ਇਸ ਦੇ ਇਸਤੇਮਾਲ ਨਾਲ ਲਾਗਤ ਘੱਟੇਗੀ ਅਤੇ ਉਤਪਾਦਨ ‘ਚ ਤੇਜ਼ੀ ਆਵੇਗੀ, ਇਸ ਦਾ ਫਾਇਦਾ ਚੁੱਕਣ ਲਈ ਅਮਰੀਕੀ ਕਾਰ ਨਿਰਮਾਤਾ ਕੰਪਨੀ ਫੋਰਡ ਨੇ ਕੁਆਲਿਟੀ ਚੈੱਕ ਵਰਗੇ ਕੁਝ ਖੇਤਰਾਂ ਵਿੱਚ ਏਆਈ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਸੀ।

ਪਰ ਬਲੂਮਬਰਗ ਮੁਤਾਬਕ, ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਲ ਹੀ ਦੇ ਸਾਲਾਂ ‘ਚ 300 ਤੋਂ ਵੱਧ ਤਜ਼ਰਬੇਕਾਰ ਕੁਆਲਿਟੀ ਇੰਸਪੈਕਟਰਾਂ ਨੂੰ ਮੁੜ ਨੌਕਰੀ ‘ਤੇ ਰੱਖਿਆ ਹੈ ਤਾਂ ਜੋ ਆਟੋਮੇਟੈੱਡ ਸਿਸਟਮ ਦੀਆਂ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ।

ਵਾਹਨ ਹਾਰਡਵੇਅਰ ਇੰਜੀਨੀਅਰਿੰਗ ਦੇ ਉਪ-ਪ੍ਰਧਾਨ ਚਾਰਲਜ਼ ਪੂਨ ਨੇ ਪੱਤਰਕਾਰਾਂ ਨੂੰ ਕਿਹਾ, “ਏਆਈ ਇੱਕ ਸ਼ਾਨਦਾਰ ਸਾਧਨ ਹੈ ਪਰ ਇਹ ਸਿਰਫ਼ ਉਨੀ ਹੀ ਵਧੀਆ ਹੁੰਦੀ ਹੈ ਜਿੰਨੀ ਵਧੀਆ ਜਾਣਕਾਰੀ ਨਾਲ ਤੁਸੀਂ ਇਸ ਨੂੰ ਸਿਖਾਉਂਦੇ ਹੋ।”

ਉਨ੍ਹਾਂ ਕਿਹਾ, “ਪਿਛਲੇ ਕੁਝ ਸਾਲਾਂ ਦੌਰਾਨ ਅਸੀਂ ਆਪਣੇ ਸਭ ਤੋਂ ਤਜ਼ਰਬੇਕਾਰ ਇੰਜੀਨੀਅਰਾਂ ਦੇ ਤਜ਼ਰਬੇ ਨੂੰ ਉਨੀ ਅਹਿਮੀਅਤ ਨਹੀਂ ਦਿੱਤੀ, ਜਿੰਨੀ ਦੇਣੀ ਚਾਹੀਦੀ ਸੀ। ਇਹ ਉਹ ਇੰਜੀਨੀਅਰ ਹਨ ਜੋ ਕਈ ਉਤਪਾਦ ਚੱਕਰਾਂ (ਪ੍ਰੋਡਕਟ ਸਾਈਕਲਾਂ) ਤੋਂ ਸਾਡੇ ਨਾਲ ਜੁੜੇ ਹੋਏ ਹਨ।”

ਏਆਈ ਸਿਸਟਮ ਵਿੱਚ ਕਈ ਖਾਮੀਆਂ

ਫੋਰਡ

ਤਸਵੀਰ ਸਰੋਤ, Bloomberg via Getty Images

ਅਮਰੀਕੀ ਕਾਰ ਨਿਰਮਾਤਾ ਕੰਪਨੀ ਵੀ ਉਨ੍ਹਾਂ ਕਈ ਕੰਪਨੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਏਆਈ ਨੂੰ ਤੇਜ਼ੀ ਨਾਲ ਅਪਣਾਇਆ ਹੈ, ਖ਼ਾਸ ਕਰਕੇ ਇਸ ਉਮੀਦ ਨਾਲ ਕਿ ਇਹ ਤਕਨਾਲੋਜੀ ਮੁਨਾਫ਼ੇ ਵਿੱਚ ਵਾਧਾ ਕਰ ਸਕਦੀ ਹੈ।

ਪਿਛਲੇ ਸਾਲ ਜੂਨ ਵਿੱਚ ਲੇਖਕ ਵਾਲਟਰ ਈਸਾਕਸਨ ਨਾਲ ਇੱਕ ਇੰਟਰਵਿਊ ਦੌਰਾਨ ਫੋਰਡ ਦੇ ਮਾਲਕ ਜਿਮ ਫਾਰਲੀ ਨੇ ਕਿਹਾ ਸੀ, “ਏਆਈ ਬਹੁਤ ਸਾਰੇ ਵ੍ਹਾਈਟ-ਕਾਲਰ ਕਰਮਚਾਰੀਆਂ ਨੂੰ ਪਿੱਛੇ ਛੱਡ ਦੇਵੇਗਾ।”

ਅਕਤੂਬਰ ਵਿੱਚ ਕੰਪਨੀ ਦੀ ਮੁਨਾਫਾ ਸੰਬੰਧੀ ਕਾਨਫਰੰਸ ਕਾਲ ਦੌਰਾਨ ਮੁੱਖ ਸੰਚਾਲਨ ਅਧਿਕਾਰੀ ਕੁਮਾਰ ਗਲਹੋਤਰਾ ਨੇ ਕਿਹਾ ਕਿ ਕੰਪਨੀ “ਆਪਣੇ ਪੂਰੇ ਉਦਯੋਗਿਕ ਸਿਸਟਮ ਵਿੱਚ ਏਆਈ ਨੂੰ ਲਾਗੂ ਕਰ ਰਹੀ ਹੈ।”

ਕੁਮਾਰ ਗਲਹੋਤਰਾ ਨੇ ਨਿਵੇਸ਼ਕਾਂ ਨੂੰ ਦੱਸਿਆ ਕਿ ਇਸ ਦੇ ਤਹਿਤ ਕੰਪਨੀ ਨੇ ਆਪਣੇ ਪਲਾਂਟਸ ਵਿੱਚ ਏਆਈ ਨਾਲ ਚੱਲਣ ਵਾਲੇ 900 ਕੈਮਰੇ ਲਗਾਏ ਤਾਂ ਜੋ ਉਤਪਾਦਨ ਦੇ ਸ਼ੁਰੂਆਤੀ ਪੜਾਅ ‘ਤੇ ਹੀ ਗੁਣਵੱਤਾ ਨਾਲ ਜੁੜੀਆਂ ਖਾਮੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਸਪਲਾਈ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਘਟਾਇਆ ਜਾ ਸਕੇ।

ਤਜਰਬੇਕਾਰ ਇੰਜੀਨੀਅਰ ਮੁੜ ਕੀਤੇ ਭਰਤੀ

ਫੋਰਡ

ਤਸਵੀਰ ਸਰੋਤ, Getty Images

ਪਰ ਬੁੱਧਵਾਰ ਨੂੰ ਚਾਰਲਜ਼ ਪੂਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੰਪਨੀ ਦੀ ਏਆਈ ਆਧਾਰਿਤ ਗੁਣਵੱਤਾ ਜਾਂਚ ਉਮੀਦਾਂ ‘ਤੇ ਖਰੀ ਨਹੀਂ ਉਤਰੀ।

ਉਨ੍ਹਾਂ ਕਿਹਾ, “ਅਸੀਂ ਗਲਤੀ ਨਾਲ ਇਹ ਸੋਚ ਲਿਆ ਸੀ ਕਿ ਸਿਰਫ਼ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਕੇ ਅਤੇ ਉਸ ਵਿੱਚ ਸਾਡੇ ਕੋਲ ਮੌਜੂਦ ਡਿਜ਼ਾਈਨ ਨਾਲ ਸੰਬੰਧਿਤ ਲੋੜਾਂ ਨੂੰ ਸ਼ਾਮਿਲ ਕਰ ਦੇਣ ਨਾਲ ਹੀ ਉੱਚ ਗੁਣਵੱਤਾ ਵਾਲਾ ਉਤਪਾਦ ਤਿਆਰ ਹੋ ਜਾਵੇਗਾ।”

ਰਿਪੋਰਟਾਂ ਮੁਤਾਬਕ, ਚਾਰਲਜ਼ ਪੂਨ ਨੇ ਕਿਹਾ ਕਿ ਆਟੋਮੇਟਿਡ ਟੂਲਾਂ ਵਿੱਚ ਉਹ ਤਜ਼ਰਬਾ ਅਤੇ ਮੁਹਾਰਤ ਨਹੀਂ, ਜੋ ਸਾਲਾਂ ਦੇ ਅਨੁਭਵ ਵਾਲੇ ਤਕਨੀਕੀ ਮਾਹਿਰਾਂ ਕੋਲ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਤਜ਼ਰਬੇਕਾਰ ਕਰਮਚਾਰੀ ਕੰਪਨੀ ਛੱਡ ਚੁੱਕੇ ਸਨ, ਇਸ ਤੋਂ ਪਹਿਲਾਂ ਕਿ ਉਨ੍ਹਾਂ ਦੇ ਗਿਆਨ ਦੀ ਵਰਤੋਂ ਕਰਕੇ ਏਆਈ ਤਕਨਾਲੋਜੀ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਤਜ਼ਰਬੇਕਾਰ ਕਰਮਚਾਰੀਆਂ ਨੂੰ ਮੁੜ ਨੌਕਰੀ ‘ਤੇ ਰੱਖਿਆ ਗਿਆ ਹੈ ਤਾਂ ਜੋ ਉਹ ਕੰਪਨੀ ਦੇ ਏਆਈ ਸਿਸਟਮਸ ਨੂੰ ਹੋਰ ਵਧੀਆ ਢੰਗ ਨਾਲ ਸਿਖਾ ਸਕਣ ਅਤੇ ਨਾਲ ਹੀ ਨੌਜਵਾਨ ਕਰਮਚਾਰੀਆਂ ਦਾ ਮਾਰਗ ਦਰਸ਼ਨ ਵੀ ਕਰ ਸਕਣ।

ਬਲੂਮਬਰਗ ਮੁਤਾਬਕ ਪੂਨ ਨੇ ਕਿਹਾ, “ਸਾਨੂੰ ਅਹਿਸਾਸ ਹੋਇਆ ਕਿ ਜੇ ਅਸੀਂ ਆਪਣੇ ਆਟੋਮੇਸ਼ਨ, ਮਸ਼ੀਨ ਲਰਨਿੰਗ ਅਤੇ ਏਆਈ ਵਾਲੇ ਟੂਲਸ ਨੂੰ ਹੋਰ ਬਿਹਤਰ ਬਣਾਉਣਾ ਹੈ ਤਾਂ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਨ੍ਹਾਂ ਨੂੰ ਸਭ ਤੋਂ ਤਜ਼ਰਬੇਕਾਰ ਮਾਹਿਰਾਂ ਵੱਲੋਂ ਹੀ ਸਿਖਲਾਈ ਦਿੱਤੀ ਜਾਵੇ।”

ਫੋਰਡ

ਤਸਵੀਰ ਸਰੋਤ, Getty Images

ਫੋਰਡ ਨੇ ਏਆਈ ਦੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਨ ਦੇ ਨਾਲ ਹੀ ਇਹ ਵੀ ਕਿਹਾ ਕਿ ਉਹ ਵਾਹਨਾਂ ਦੀ ਗੁਣਵੱਤਾ ਮਾਪਣ ਲਈ ਇੰਡਸਟਰੀ ਵਿੱਚ ਮਾਪਦੰਡ ਮੰਨੇ ਜਾਂਦੇ ਸੂਚਕਾਂਕ (ਇੰਡੈਕਸ) ਵਿੱਚ ਮੁੜ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ।

ਕੰਪਨੀ ਨੇ ਕਿਹਾ ਕਿ ਉਹ ਅਮਰੀਕਾ ਦੇ ਜੇਡੀ ਪਾਵਰ ਇਨੀਸ਼ੀਅਲ ਕੁਆਲਿਟੀ ਸਟੱਡੀ ਵਿੱਚ ਮੁੱਖ ਧਾਰਾ (ਮੇਨਸਟ੍ਰੀਮ) ਕਾਰ ਨਿਰਮਾਤਾਵਾਂ ਵਿੱਚ ਪਹਿਲੇ ਸਥਾਨ ‘ਤੇ ਰਹੀ ਹੈ। ਇਹ ਰੈਂਕਿੰਗ ਉਸ ਨੂੰ 2010 ਤੋਂ ਬਾਅਦ ਪਹਿਲੀ ਵਾਰ ਮਿਲੀ ਹੈ।

ਇਸ ਮੌਕੇ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਕੰਪਨੀ ਨੇ ਕਿਹਾ ਕਿ “ਉੱਚ ਪੱਧਰੀ ਗੁਣਵੱਤਾ ਹਾਸਲ ਕਰਨ ਲਈ ਸਾਨੂੰ ਆਪਣੇ ਟੈਲੰਟ ਵਿੱਚ ਵੱਡੇ ਪੱਧਰ ‘ਤੇ ਬਦਲਾਅ ਕਰਨੇ ਪਏ।”

ਕੰਪਨੀ ਮੁਤਾਬਕ, ਇਸ ਦੇ ਤਹਿਤ ਇੰਜੀਨੀਅਰਿੰਗ, ਸਪਲਾਈ ਚੇਨ ਅਤੇ ਮੈਨੂਫੈਕਚਰਿੰਗ ਵਿਭਾਗਾਂ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਬਦਲਿਆ ਗਿਆ। ਇਸ ਤੋਂ ਇਲਾਵਾ, ਲਗਭਗ 300 ਤਜ਼ਰਬੇਕਾਰ ਇੰਜੀਨੀਅਰਾਂ ਨੂੰ ਮੁੜ ਨੌਕਰੀ ‘ਤੇ ਰੱਖਿਆ ਗਿਆ, ਜਿਨ੍ਹਾਂ ਕੋਲ ਡਿਜ਼ਾਈਨ ਦੇ ਖੇਤਰ ਵਿੱਚ ਦਹਾਕਿਆਂ ਦੇ ਤਜ਼ਰਬੇ ਕਾਰਨ ਸੂਝ-ਬੂਝ ਅਤੇ ਮਹਾਰਤ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI