Home ਰਾਸ਼ਟਰੀ ਖ਼ਬਰਾਂ ਪੀਸੀਓਐੱਸ ਤੋਂ ਲੈ ਕੇ ਐਂਡੋਮੀਟ੍ਰਿਓਸਿਸ ਤੱਕ: ਔਰਤਾਂ ਦੀਆਂ ਬਿਮਾਰੀਆਂ ਦੀ ਦੇਰ ਨਾਲ...

ਪੀਸੀਓਐੱਸ ਤੋਂ ਲੈ ਕੇ ਐਂਡੋਮੀਟ੍ਰਿਓਸਿਸ ਤੱਕ: ਔਰਤਾਂ ਦੀਆਂ ਬਿਮਾਰੀਆਂ ਦੀ ਦੇਰ ਨਾਲ ਪਛਾਣ ਦੀ ਕਹਾਣੀ

4
0

Source :- BBC PUNJABI

ਔਰਤਾਂ ਦੀ ਸਿਹਤ

ਤਸਵੀਰ ਸਰੋਤ, Getty Images

ਮਈ ਮਹੀਨੇ ਵਿੱਚ ਪੀਸੀਓਐੱਸ ਭਾਵ ਪੋਲੀਸਿਸਟਿਕ ਓਵਰੀ ਸਿੰਡਰੋਮ ਦਾ ਨਾਮ ਬਦਲ ਕੇ ਪੀਐੱਮਓਐੱਸ ਭਾਵ ਪੋਲੀਐਂਡੋਕ੍ਰਾਈਨ ਮੈਟਾਬੋਲਿਕ ਓਵੇਰੀਅਨ ਸਿੰਡਰੋਮ ਕਰ ਦਿੱਤਾ ਗਿਆ। ਇਸ ਨਾਮ ਨੂੰ ਬਦਲਣ ਵਿੱਚ ਇੱਕ ਦਹਾਕੇ ਦਾ ਸਮਾਂ ਲੱਗਾ।

ਪੀਐੱਮਓਐੱਸ ਦਰਅਸਲ ਇੱਕ ਕ੍ਰੋਨਿਕ ਫੁੱਲ ਬਾਡੀ ਹਾਰਮੋਨਲ ਅਤੇ ਮੈਟਾਬੋਲਿਕ ਡਿਸਆਰਡਰ ਹੈ, ਜਿਸ ਨਾਲ ਦੁਨੀਆ ਭਰ ਵਿੱਚ ਕਰੀਬ 17 ਕਰੋੜ ਤੋਂ ਵੱਧ ਔਰਤਾਂ ਪ੍ਰਭਾਵਿਤ ਹਨ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦਾ ਅਨੁਮਾਨ ਦੱਸਦਾ ਹੈ ਕਿ ਇਸ ਦੀ ਚਪੇਟ ਵਿੱਚ ਆਉਣ ਵਾਲੀਆਂ ਕਰੀਬ 70 ਫੀਸਦੀ ਔਰਤਾਂ ਇਸ ਗੱਲ ਤੋਂ ਅਣਜਾਣ ਹਨ, ਜੋ ਇਨ੍ਹਾਂ ਦਿੱਕਤਾਂ ਨੂੰ ਹੋਰ ਗੰਭੀਰ ਬਣਾਉਂਦਾ ਹੈ।

ਪੀਸੀਓਐੱਸ ਦਾ ਨਾਮ ਬਦਲ ਕੇ ਉਸ ਨੂੰ ਪੀਐੱਮਓਐੱਸ ਕਰਨਾ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਇਹ ਸਿਰਫ਼ ਪ੍ਰਜਨਨ ਜਾਂ ਓਵਰੀ (ਅੰਡਾਸ਼ਯ) ਤੱਕ ਸੀਮਤ ਨਹੀਂ ਹੈ, ਬਲਕਿ ਇਹ ਸਰੀਰ ਦੇ ਕਈ ਸਿਸਟਮਾਂ ‘ਤੇ ਅਸਰ ਪਾਂਦਾ ਹੈ।

ਸਰੀਰ ‘ਤੇ ਇਸ ਦਾ ਅਸਰ:

  • ਮੈਟਾਬੋਲਿਕ ਸਿਹਤ: ਇਸ ਵਿੱਚ ਇਨਸੁਲਿਨ ਰੇਸਿਸਟੈਂਸ ਦਾ ਕਾਫ਼ੀ ਖ਼ਤਰਾ ਰਹਿੰਦਾ ਹੈ। ਇਸ ਦੇ ਨਾਲ ਮੋਟਾਪਾ ਅਤੇ ਟਾਈਪ-2 ਡਾਇਬਟੀਜ਼ ਦਾ ਜੋਖ਼ਮ ਵੀ ਬਣਿਆ ਰਹਿੰਦਾ ਹੈ।
  • ਹਾਰਮੋਨਲ ਬਦਲਾਅ: ਇਸ ਵਿੱਚ ਮਾਸਿਕ ਧਰਮ ਦਾ ਅਨਿਯਮਿਤ ਹੋਣਾ ਅਤੇ ਐਂਡ੍ਰੋਜਨ ਲੈਵਲ ਵਧਣਾ ਸ਼ਾਮਲ ਹੈ, ਜਿਸ ਨਾਲ ਐਕਨੇ, ਚਿਹਰੇ ਅਤੇ ਸਰੀਰ ‘ਤੇ ਵਾਲ ਵੱਧ ਆਉਂਦੇ ਹਨ।
  • ਮਾਨਸਿਕ ਸਿਹਤ: ਐਂਗਜ਼ਾਇਟੀ ਅਤੇ ਡਿਪ੍ਰੈਸ਼ਨ ਦਾ ਖ਼ਤਰਾ ਵਧਦਾ ਹੈ।
  • ਲੰਬੇ ਸਮੇਂ ਲਈ ਹੋਣ ਵਾਲੀਆਂ ਦਿੱਕਤਾਂ: ਜਿਨ੍ਹਾਂ ਮਾਮਲਿਆਂ ਨੂੰ ਸੰਭਾਲਿਆ ਨਹੀਂ ਜਾਂਦਾ, ਉਨ੍ਹਾਂ ਵਿੱਚ ਸਲੀਪ ਐਪਨੀਆ ਜਾਂ ਇਨਸੋਮਨੀਆ, ਪ੍ਰੈਗਨੈਂਸੀ ਦੇ ਸਮੇਂ ਹੋਣ ਵਾਲੀ ਜੈਸਟੇਸ਼ਨਲ ਡਾਇਬਟੀਜ਼ ਅਤੇ ਐਂਡੋਮੀਟ੍ਰੀਅਲ ਕੈਂਸਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਐਂਡੋਮੀਟ੍ਰੀਅਲ, ਯੂਟਰਸ ਜਾਂ ਗਰਭਾਸ਼ਯ ਦੀ ਸਭ ਤੋਂ ਅੰਦਰਲੀ ਪਰਤ ਜਾਂ ਲੇਅਰ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਕੈਂਸਰ ਹੋ ਸਕਦਾ ਹੈ।
  • ਪੀਐੱਮਓਐੱਸ ਦੇ ਲੱਛਣਾਂ ਦੇ ਅਨੁਸਾਰ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਇੱਕ ਐਸਾ ਸਿੰਡਰੋਮ ਹੈ, ਜੋ ਹਰ ਮਹਿਲਾ ਨੂੰ ਵੱਖ-ਵੱਖ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ।

ਡਬਲਯੂਐੱਚਓ ਦੇ ਮੁਤਾਬਕ, ਸਾਲ 1993 ਤੱਕ ਔਰਤਾਂ ਨੂੰ ਜ਼ਿਆਦਾਤਰ ਕਲੀਨਿਕਲ ਟ੍ਰਾਇਲ ਤੋਂ ਬਾਹਰ ਰੱਖਿਆ ਜਾਂਦਾ ਸੀ। ਉਦੋਂ ਤੋਂ ਹੁਣ ਤੱਕ ਮੈਡੀਕਲ ਸਾਇੰਸ ਅਤੇ ਔਰਤਾਂ ਨੇ ਲੰਮਾ ਸਫ਼ਰ ਤੈਅ ਕੀਤਾ ਹੈ, ਪਰ ਔਰਤਾਂ ਦੀਆਂ ਬਿਮਾਰੀਆਂ ਦੇ ਪਿੱਛੇ ਦੀ ਸਹੀ ਵਜ੍ਹਾ ਪਤਾ ਲਗਾਉਣ ਵਿੱਚ ਦਹਾਕਿਆਂ ਦਾ ਸਮਾਂ ਲੱਗਣ ਕਰਕੇ ਚੁਣੌਤੀਆਂ ਬਣੀਆਂ ਰਹੀਆਂ ਹਨ।

ਗਾਇਨੋਕੋਲੋਜਿਸਟ ਡਾ. ਸੁਚਿਤਰਾ ਦਲਵੀ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਕਿਹਾ, “ਮਾਡਰਨ ਮੈਡੀਸਿਨ ਅਤੇ ਮੈਡੀਕਲ ਸਿੱਖਿਆ ਖੇਤਰ ਵਿੱਚ ਲੰਮੇ ਸਮੇਂ ਤੱਕ ਮਰਦਾਂ ਦੇ ਸਰੀਰ, ਉਨ੍ਹਾਂ ਦੇ ਲੱਛਣਾਂ ਅਤੇ ਉਨ੍ਹਾਂ ਦੇ ਤਜਰਬਿਆਂ ਨੂੰ ਮਿਆਰ ਮੰਨਿਆ ਗਿਆ ਸੀ, ਜਦਕਿ ਔਰਤਾਂ ਦੇ ਦਰਦ, ਥਕਾਵਟ, ਹਾਰਮੋਨਲ ਬਦਲਾਅ ਅਤੇ ਹੋਰ ਮੁਸ਼ਕਲਾਂ ਨੂੰ ਲੰਮੇ ਸਮੇਂ ਤੱਕ ਨਜ਼ਰਅੰਦਾਜ਼ ਕੀਤਾ ਗਿਆ।”

ਡਾ. ਸੁਚਿਤਰਾ ਦਲਵੀ ‘ਏਸ਼ੀਆ ਸੇਫ਼ ਐਬੋਰਸ਼ਨ ਪਾਰਟਨਰਸ਼ਿਪ’ ਨਾਮ ਦੇ ਇੱਕ ਐੱਨਜੀਓ ਨਾਲ ਵੀ ਕਰਦੇ ਹਨ।

ਕੀ ਨਾਮ ਬਦਲਣ ਨਾਲ ਆਏਗਾ ਬਦਲਾਅ?

ਪੀਸੀਓਐੱਸ

ਤਸਵੀਰ ਸਰੋਤ, Getty Images

ਕਈ ਵਾਰ ਤਾਂ ਕੁੜੀਆਂ ਅਤੇ ਔਰਤਾਂ ਨੂੰ ਉਨ੍ਹਾਂ ਨੂੰ ਹੋਣ ਵਾਲੀ ਅਸਲ ਦਿੱਕਤ ਦਾ ਪਤਾ ਲਗਣ ਵਿੱਚ ਲੰਮਾ ਸਮਾਂ ਲੱਗ ਜਾਂਦਾ ਹੈ, ਜਿਸ ਦਾ ਖਮਿਆਜ਼ਾ ਉਨ੍ਹਾਂ ਦੇ ਸਰੀਰ ਨੂੰ ਭੁਗਤਣਾ ਪੈਂਦਾ ਹੈ।

ਮੁੰਬਈ ਵਿੱਚ ਰਹਿਣ ਵਾਲੀ 43 ਸਾਲ ਦੀ ਆਸਥਾ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ।

ਉਨ੍ਹਾਂ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ, “ਜਦੋਂ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਮੈਨੂੰ ਪੀਸੀਓਐੱਸ ਹੈ, ਉਦੋਂ ਮੈਂ ਟੀਨਏਜ ਵਿੱਚ ਸੀ। ਮੈਨੂੰ ਡਾਕਟਰ ਨੇ ਦੱਸਿਆ ਵੀ ਨਹੀਂ ਕਿ ਮੈਨੂੰ ਪੀਸੀਓਐੱਸ ਹੈ ਅਤੇ ਸਿੱਧੇ ਮੈਨੂੰ ਕਾਨਟ੍ਰਾਸੈਪਟਿਵ ਪਿਲ (ਗਰਭਨਿਰੋਧਕ ਦਵਾਈ) ਦੇ ਦਿੱਤੀ। ਬਿਨਾਂ ਇਹ ਦੱਸੇ ਕਿ ਪੀਸੀਓਐੱਸ ਕੀ ਹੈ, ਕਿਉਂ ਹੁੰਦਾ ਹੈ ਅਤੇ ਇਸ ਦਾ ਸਰੀਰ ‘ਤੇ ਕੀ ਅਸਰ ਹੁੰਦਾ ਹੈ।”

ਆਸਥਾ ਇਸ ਸਿੰਡਰੋਮ ਦਾ ਨਾਮ ਬਦਲਣ ‘ਤੇ ਖੁਸ਼ੀ ਜਤਾਉਂਦੀ ਹਨ ਤੇ ਕਹਿੰਦੇ ਹਨ, “ਅੱਜ ਤਾਂ ਇਸ ਬਾਰੇ ਕਾਫ਼ੀ ਵੱਧ ਜਾਣਕਾਰੀ ਉਪਲਬਧ ਹੈ। ਜੇ ਨਾਮ ਬਦਲਣ ਦੀ ਗੱਲ ਹੈ ਤਾਂ ਇਹ ਕਦਮ ਜ਼ਰੂਰੀ ਸੀ, ਕਿਉਂਕਿ ਜਿਵੇਂ ਕਿ ਅਸੀਂ ਜਾਣਦੇ ਹਾਂ, ਇਹ ਸਿਰਫ਼ ਅੰਡਾਸ਼ਯ (ਓਵਰੀ) ਨਾਲ ਜੁੜੀ ਸਮੱਸਿਆ ਨਹੀਂ ਹੈ, ਬਲਕਿ ਇਹ ਇੱਕ ਪੂਰਾ ਮੈਟਾਬੋਲਿਕ ਸਿੰਡਰੋਮ ਹੈ।”

ਆਸਥਾ ਦਾ ਮੰਨਣਾ ਹੈ ਕਿ ਔਰਤਾਂ ਨੂੰ ਹੁਣ ਇਸ ਡਿਸਆਰਡਰ ਨੂੰ ਸਮਝਣ ਵਿੱਚ ਪਹਿਲਾਂ ਨਾਲੋਂ ਵੱਧ ਆਸਾਨੀ ਹੋਵੇਗੀ।

ਉਹ ਕਹਿੰਦੀ ਹਨ, “ਜਿਵੇਂ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਪੀਐੱਮਓਐੱਸ ਇੱਕ ਮੈਟਾਬੋਲਿਕ ਡਿਸਆਰਡਰ ਹੈ, ਤਾਂ ਔਰਤਾਂ ਲਈ ਇਸ ਨੂੰ ਸਮਝਣਾ ਆਸਾਨ ਹੈ ਅਤੇ ਉਹ ਇਸ ਨੂੰ ਵੱਖਰੇ ਨਜ਼ਰੀਏ ਨਾਲ ਲੈਂਦੀਆਂ ਹਨ ਅਤੇ ਉਸੇ ਤਰ੍ਹਾਂ ਇਸ ਦਾ ਇਲਾਜ ਵੀ ਕਰਵਾਉਂਦੀਆਂ ਹਨ। ਜੇ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਬਿਮਾਰੀ ਦਾ ਪਤਾ ਲੱਗ ਜਾਂਦਾ, ਤਾਂ ਚੀਜ਼ਾਂ ਵੱਖਰੀਆਂ ਹੋ ਸਕਦੀਆਂ ਸਨ। ਮੈਨੂੰ ਕਦੇ ਗਰਭਨਿਰੋਧਕ ਦਵਾਈਆਂ ਖਾਣੀਆਂ ਨਹੀਂ ਪੈਂਦੀਆਂ।”

ਔਰਤਾਂ ਦੀ ਸਿਹਤ

ਪੀਐੱਮਓਐੱਸ ‘ਤੇ ਬੀਬੀਸੀ ਨਿਊਜ਼ ਹਿੰਦੀ ਨੇ ਗਾਇਨੋਕੋਲੋਜਿਸਟ ਡਾ. ਦੁਰੂ ਸ਼ਾਹ ਨਾਲ ਵੀ ਗੱਲ ਕੀਤੀ, ਜੋ ਪਿਛਲੇ 11 ਸਾਲ ਤੋਂ ਇਸ ਬਾਰੇ ਜਾਗਰੂਕਤਾ ਅਭਿਆਨ ਚਲਾ ਰਹੀ ਹਨ।

ਡਾ. ਸ਼ਾਹ ਨੇ ਕਿਹਾ, “ਅਸੀਂ ਕਰੀਬ 11 ਸਾਲ ਪਹਿਲਾਂ ਪੀਸੀਓਐੱਸ ਸੁਸਾਇਟੀ ਆਫ਼ ਇੰਡੀਆ ਬਣਾਈ ਸੀ। ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਇਹ ਸੀ ਕਿ ਅਸੀਂ ਸਾਰੇ ਜਾਣਦੇ ਸੀ ਕਿ ਬਹੁਤ ਸਾਰੀਆਂ ਔਰਤਾਂ ਇਸ ਨਾਲ ਪ੍ਰਭਾਵਿਤ ਹੋ ਰਹੀਆਂ ਹਨ।”

“ਇਸ ਲਈ ਸਾਨੂੰ ਲੱਗਿਆ ਕਿ ਇਸ ‘ਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸੇ ਸੋਚ ਨਾਲ ਅਸੀਂ ਇਸ ਸੁਸਾਇਟੀ ਨੂੰ ਬਣਾਇਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨੂੰ ਜੋੜਿਆ ਗਿਆ, ਤਾਂ ਜੋ ਇਸ ਸਮੱਸਿਆ ਨੂੰ ਹਰ ਪੱਖ ਤੋਂ ਸਮਝਿਆ ਜਾ ਸਕੇ ਅਤੇ ਔਰਤਾਂ ਨੂੰ ਬਿਹਤਰ ਮਦਦ ਮਿਲ ਸਕੇ। ਕਿਉਂਕਿ ਜਦੋਂ ਵੀ ਔਰਤਾਂ ਦੀ ਸਿਹਤ ਦੀ ਗੱਲ ਆਉਂਦੀ ਹੈ, ਅਕਸਰ ਉਸ ਨੂੰ ਹਲਕੇ ਵਿੱਚ ਲਿਆ ਜਾਂਦਾ ਹੈ।”

ਉਨ੍ਹਾਂ ਦਾ ਕਹਿਣਾ ਹੈ ਕਿ ਨਾਮ ਬਦਲਣ ਨਾਲ ਇਹ ਸਮਝਾਉਣ ਵਿੱਚ ਆਸਾਨੀ ਹੋਵੇਗੀ ਕਿ ਪੀਐੱਮਓਐੱਸ ਸਿਰਫ਼ ਅੰਡਾਸ਼ਯ (ਓਵਰੀ) ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਸ ਦਾ ਦਾਇਰਾ ਇਸ ਤੋਂ ਕਿਤੇ ਵੱਡਾ ਹੈ। ਇਹ ਔਰਤਾਂ ਦੇ ਪੂਰੇ ਸਰੀਰਕ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ।

ਮੈਡੀਕਲ ਖੇਤਰ ਵਿੱਚ ਪਿਤ੍ਰਸੱਤਾ ਦੀ ਭੂਮਿਕਾ

ਅਕਸਰ ਔਰਤਾਂ ਦੇ ਦਰਦ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਇੱਥੋਂ ਤੱਕ ਕਿ ਔਰਤਾਂ ਖੁਦ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਆਪਣੇ ਸਿਹਤ ਤੋਂ ਵੱਧ ਮਹੱਤਵ ਦਿੰਦੀਆਂ ਹਨ।

ਮੈਡੀਕਲ ਖੇਤਰ ਵਿੱਚ ਵੀ ਔਰਤਾਂ ਦੇ ਲੱਛਣਾਂ ਨੂੰ ਗਲਤ ਸਮਝ ਲਿਆ ਜਾਂਦਾ ਹੈ ਅਤੇ ਕਈ ਵਾਰ ਉਨ੍ਹਾਂ ਦੀ ਬਿਮਾਰੀ ਦਾ ਦੇਰ ਨਾਲ ਪਤਾ ਲੱਗਦਾ ਹੈ। ਇਸ ਦੀ ਵਜ੍ਹਾ ਇੱਕ ਅਜਿਹੀ ਮੈਡੀਕਲ ਪ੍ਰਣਾਲੀ ਹੈ ਜੋ ਔਰਤਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਬਣਾਈ ਗਈ ਸੀ।

ਡਬਲਯੂਐੱਚਓ ਦੇ ਮੁਤਾਬਕ ਮਰਦਾਂ ਦੀ ਤੁਲਨਾ ਵਿੱਚ ਔਰਤਾਂ ਵੱਧ ਜੀਵਨ ਜਿਉਂਦੀਆਂ ਹਨ। ਇੱਕ ਔਰਤ ਦੀ ਔਸਤ ਉਮਰ 73.8 ਸਾਲ ਅਤੇ ਮਰਦ ਦੀ 68.4 ਸਾਲ ਹੁੰਦੀ ਹੈ। ਪਰ ਇਸ ਦੇ ਬਾਵਜੂਦ ਔਰਤਾਂ ਆਪਣੀ ਜ਼ਿੰਦਗੀ ਦਾ 25 ਫੀਸਦੀ ਤੋਂ ਵੱਧ ਸਮਾਂ ਖ਼ਰਾਬ ਸਿਹਤ ਨਾਲ ਬਿਤਾਉਂਦੀਆਂ ਹਨ।

ਅੰਗਰੇਜ਼ੀ ਵਿੱਚ ਇੱਕ ਸ਼ਬਦ ਹੈ ‘ਮੈਡੀਕਲ ਪੈਟਰੀਆਰਕੀ’। ਇਸ ਦਾ ਅਰਥ ਹੈ ਡੂੰਘੀ ਜੜਾਂ ਵਾਲੀ ਅਜਿਹੀ ਪ੍ਰਣਾਲੀ, ਜਿੱਥੇ ਮਰਦਾਂ ਦਾ ਦਬਦਬਾ ਅਤੇ ਦ੍ਰਿਸ਼ਟੀਕੋਣ ਨਾ ਸਿਰਫ਼ ਮਰੀਜ਼ਾਂ ਦੇ ਇਲਾਜ ਨੂੰ, ਬਲਕਿ ਮੈਡੀਕਲ ਖੋਜ ਦੀਆਂ ਨੀਤੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਇਸ ਬਾਰੇ ਡਾ. ਸੁਚਿਤਰਾ ਦਲਵੀ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਕਿਹਾ, “ਔਰਤਾਂ ਦੇ ਪੀਐੱਮਐੱਸ, ਪੀਸੀਓਐੱਸ ਅਤੇ ਹੋਰ ਪ੍ਰਜਨਨ ਸਿਹਤ ਸਮੱਸਿਆਵਾਂ ਦੇ ਡਾਇਗਨੋਸਿਸ ਵਿੱਚ ਦੇਰੀ ਦੇ ਪਿੱਛੇ ਵੱਡੇ ਸਮਾਜਿਕ ਢਾਂਚੇ ਹਨ। ਸਭ ਤੋਂ ਪਹਿਲਾਂ ਪਿਤ੍ਰਸੱਤਾ। ਇਸ ਪ੍ਰਣਾਲੀ ਵਿੱਚ ਔਰਤਾਂ ਦੀਆਂ ਜ਼ਰੂਰਤਾਂ ਨੂੰ ਹਮੇਸ਼ਾ ਮਰਦ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਦੇਖਿਆ ਗਿਆ।”

ਇਹ ਸਮੱਸਿਆਵਾਂ ਬਹੁਤ ਪੁਰਾਣੀਆਂ ਹਨ। ਸ਼ੁਰੂ ਵਿੱਚ ਮੈਡੀਕਲ ਕਾਲਜਾਂ ਵਿੱਚ ਔਰਤਾਂ ਨੂੰ ਵਿਦਿਆਰਥਣ ਦੇ ਤੌਰ ‘ਤੇ ਦਾਖ਼ਲਾ ਨਹੀਂ ਮਿਲਦਾ ਸੀ।

ਉਦਾਹਰਨ ਲਈ, ਹਾਰਵਰਡ ਮੈਡੀਕਲ ਸਕੂਲ ਨੇ 1945 ਤੱਕ ਔਰਤਾਂ ਨੂੰ ਦਾਖ਼ਲਾ ਨਹੀਂ ਦਿੱਤਾ ਸੀ ਅਤੇ ਜਦੋਂ ਬਾਅਦ ਵਿੱਚ ਔਰਤਾਂ ਇਸ ਖੇਤਰ ਵਿੱਚ ਆਈਆਂ ਤਾਂ ਉਨ੍ਹਾਂ ਨੂੰ ਡਾਕਟਰ ਤੋਂ ਵੱਧ ਨਰਸ ਅਤੇ ਕੇਅਰਟੇਕਰ ਦੀ ਭੂਮਿਕਾ ਲਈ ਢੁੱਕਵਾਂ ਮੰਨਿਆ ਗਿਆ। ਇਸ ਪੂਰੀ ਪ੍ਰਣਾਲੀ ਦਾ ਨਤੀਜਾ ਇਹ ਹੋਇਆ ਕਿ ਔਰਤਾਂ ਦੀ ਸਿਹਤ ਨੂੰ ਪਹਿਲ ਮਿਲਣ ਵਿੱਚ ਕਾਫੀ ਸਮਾਂ ਲੱਗ ਗਿਆ।

2023 ਦੀ ਦਸਰਾ ਰਿਪੋਰਟ ਮੁਤਾਬਕ ਸਿਹਤ ਖੇਤਰ ਵਿੱਚ ਔਰਤਾਂ ਵੱਡੀ ਗਿਣਤੀ ਵਿੱਚ ਕੰਮ ਕਰਦੀਆਂ ਹਨ, ਪਰ ਸੀਨੀਅਰ ਅਹੁਦਿਆਂ ਤੱਕ ਬਹੁਤ ਘੱਟ ਪਹੁੰਚਦੀਆਂ ਹਨ। ਦੁਨੀਆ ਭਰ ਵਿੱਚ ਸਿਹਤ ਅਤੇ ਦੇਖਭਾਲ ਨਾਲ ਜੁੜੇ ਕੰਮ ਦਾ 67 ਫੀਸਦੀ ਹਿੱਸਾ ਔਰਤਾਂ ਕਰਦੀਆਂ ਹਨ, ਪਰ ਸਿਰਫ਼ 25 ਫੀਸਦੀ ਔਰਤਾਂ ਸੀਨੀਅਰ ਅਹੁਦਿਆਂ ‘ਤੇ ਹਨ ਅਤੇ ਲੀਡਰਸ਼ਿਪ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਸਿਰਫ਼ 5 ਫੀਸਦੀ ਹੈ।

ਪੈਲਵਿਕ ਦੀ ਜਾਂਚ ਕਰਨ ਵਾਲਾ ਉਪਕਰਨ

ਪਰ ਲੀਡਰਸ਼ਿਪ ਵਾਲੇ ਅਹੁਦਿਆਂ ‘ਤੇ, ਖ਼ਾਸ ਕਰਕੇ ਐਗਜ਼ਿਕਿਊਟਿਵ ਅਤੇ ਬੋਰਡ ਲੈਵਲ ‘ਤੇ, ਮਰਦਾਂ ਦੇ ਮੁਕਾਬਲੇ ਔਰਤਾਂ ਦੀ ਭਾਗੀਦਾਰੀ ਬਹੁਤ ਘੱਟ ਹੈ। ਇਨ੍ਹਾਂ ਅਹੁਦਿਆਂ ‘ਤੇ ਔਰਤਾਂ ਦੀ ਹਿੱਸੇਦਾਰੀ ਸਿਰਫ਼ 18 ਫੀਸਦੀ ਹੈ। ਨਾਲ ਹੀ ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ 34 ਫੀਸਦੀ ਘੱਟ ਤਨਖ਼ਾਹ ਮਿਲਦੀ ਹੈ।

ਡਾ. ਸੁਚਿਤਰਾ ਕਹਿੰਦੇ ਹਨ, “ਆਧੁਨਿਕ ਕੰਮਕਾਜੀ ਪ੍ਰਣਾਲੀ ਮਰਦਾਂ ਦੇ ਸਰੀਰ ਅਤੇ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਨੂੰ ਮਿਆਰ ਮੰਨ ਕੇ ਬਣਾਈ ਗਈ। ਜਦਕਿ ਔਰਤਾਂ ਦਾ ਸਰੀਰ ਹਰ ਮਹੀਨੇ ਹਾਰਮੋਨਲ ਬਦਲਾਅ ਅਤੇ ਪੀਰੀਅਡਜ਼ ਤੋਂ ਗੁਜ਼ਰਦਾ ਹੈ ਅਤੇ ਬਸਤੀਵਾਦ ਵੀ ਇਸ ਲਈ ਜ਼ਿੰਮੇਵਾਰ ਹੈ। ਬਸਤੀਵਾਦ ਨੇ ਅਜਿਹੀਆਂ ਸੰਸਥਾਵਾਂ ਅਤੇ ਨਿਯਮ ਬਣਾਏ ਜਿਨ੍ਹਾਂ ਵਿੱਚ ਔਰਤਾਂ ਦੇ ਤਜਰਬੇ, ਉਨ੍ਹਾਂ ਦੇ ਸਰੀਰ ਅਤੇ ਜ਼ਰੂਰਤਾਂ ਕੇਂਦਰ ਵਿੱਚ ਨਹੀਂ ਸਨ।”

ਦਸਰਾ ਰਿਪੋਰਟ ਮੁਤਾਬਕ, “ਅੱਜ ਵੀ ਔਰਤਾਂ ਦੀ ਸਮਰੱਥਾ ‘ਤੇ ਸ਼ੱਕ ਕੀਤਾ ਜਾਂਦਾ ਹੈ ਅਤੇ ਔਰਤਾਂ ਦੇ ਕੰਮ ਨੂੰ ਘੱਟ ਗੰਭੀਰ ਮੰਨਣ ਵਾਲੇ ਪੁਰਾਤਨ ਧਾਰਨਾਵਾਂ ਇਸ ਪ੍ਰਣਾਲੀ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਲਈ ਕਈ ਥਾਵਾਂ ‘ਤੇ ਔਰਤਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਨੀਤੀਆਂ ਨਹੀਂ ਬਣਾਈਆਂ ਜਾਂਦੀਆਂ।”

ਜੇ ਅਸੀਂ ਮੈਡੀਕਲ ਖੇਤਰ ਦੇ ਇਤਿਹਾਸ ਵੱਲ ਵੇਖੀਏ ਤਾਂ ‘ਹਿਸਟੀਰੀਆ’ ਇਹ ਦਰਸਾਉਂਦਾ ਹੈ ਕਿ ਕਿਵੇਂ ਮੈਡੀਕਲ ਖੇਤਰ ਔਰਤ-ਵਿਰੋਧੀ ਰਿਹਾ ਹੈ, ਜਿਸ ਵਿੱਚ ਔਰਤਾਂ ਦੀਆਂ ਸਰੀਰਕ ਅਤੇ ਭਾਵਨਾਤਮਕ ਤਕਲੀਫ਼ਾਂ ਨੂੰ ਅਕਸਰ ਗ਼ੈਰ-ਤਾਰਕਿਕ ਜਾਂ ਮਾਨਸਿਕ ਬਿਮਾਰੀ ਦੇ ਤੌਰ ‘ਤੇ ਪੇਸ਼ ਕੀਤਾ ਜਾਂਦਾ ਸੀ।

ਔਰਤ

ਤਸਵੀਰ ਸਰੋਤ, Getty Images

ਕੀ ਮੈਡੀਕਲ ਖੇਤਰ ਵਿੱਚ ਔਰਤਾਂ ਨੂੰ ਥਾਂ ਮਿਲੀ ਹੈ?

ਔਰਤ

ਤਸਵੀਰ ਸਰੋਤ, Getty Images

ਡਾ. ਸੁਚਿਤਰਾ ਕਹਿੰਦੇ ਹਨ ਕਿ ਮਾਡਰਨ ਮੈਡੀਸਿਨ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਲੰਮੇ ਸਮੇਂ ਤੱਕ ਮਰਦਾਂ ਦੇ ਸਰੀਰ, ਉਨ੍ਹਾਂ ਦੇ ਲੱਛਣਾਂ ਅਤੇ ਉਨ੍ਹਾਂ ਦੇ ਤਜਰਬਿਆਂ ਨੂੰ ਮਿਆਰ ਮੰਨਿਆ ਗਿਆ ਸੀ, ਜਦਕਿ ਔਰਤਾਂ ਦੇ ਦਰਦ, ਥਕਾਵਟ, ਹਾਰਮੋਨਲ ਬਦਲਾਅ ਅਤੇ ਹੋਰ ਸਮੱਸਿਆਵਾਂ ਨੂੰ ਲੰਮੇ ਸਮੇਂ ਤੱਕ ਨਜ਼ਰਅੰਦਾਜ਼ ਕੀਤਾ ਗਿਆ।

ਨਵੀਂ ਦਿੱਲੀ ਦੇ ਸੈਂਟਰ ਫਾਰ ਯੂਰੋਗਾਇਨਕੋਲੋਜੀ ਐਂਡ ਪੈਲਵਿਕ ਹੈਲਥ ਵਿੱਚ ਪ੍ਰੈਕਟਿਸਿੰਗ ਨਿਊਰੋਗਾਇਨਕੋਲੋਜਿਸਟ ਡਾ. ਕਰਿਸ਼ਮਾ ਥਾਰਿਆਨੀ ਵੀ ਇਸ ਗੱਲ ਨਾਲ ਸਹਿਮਤ ਹਨ। ਉਹ ਦੱਸਦੇ ਹਨ ਕਿ ਦਵਾਈਆਂ ਬਾਰੇ ਰਿਸਰਚ ਸਿਰਫ਼ ਮਰਦਾਂ ‘ਤੇ ਕੀਤੀ ਜਾਂਦੀ ਸੀ। ਇਸ ਦੀ ਵਜ੍ਹਾ ਇਹ ਸੀ ਕਿ ਰਿਸਰਚ ਲਈ ਮਰਦ ਆਸਾਨੀ ਨਾਲ ਮਿਲ ਜਾਂਦੇ ਸਨ।

ਡਾ. ਕਰਿਸ਼ਮਾ ਕਹਿੰਦੇ ਹਨ, “ਉਸ ਸਮੇਂ ਆਬਾਦੀ ਵਿੱਚ ਔਰਤਾਂ ਦੀ ਗਿਣਤੀ ਉਨੀ ਜ਼ਿਆਦਾ ਨਹੀਂ ਸੀ। ਪਿਛਲੇ 20–30 ਸਾਲਾਂ ਵਿੱਚ ਬਹੁਤ ਸਾਰੀ ਰਿਸਰਚ ਹੋਈ ਹੈ, ਜਿਸ ਵਿੱਚ ਜ਼ਿਆਦਾਤਰ ਮਰਦ ਅਤੇ ਔਰਤਾਂ ਨੂੰ ਬਰਾਬਰ ਗਿਣਤੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕਿਤੇ ਨਾ ਕਿਤੇ ਇਹ ਔਰਤਾਂ ਦੀ ਸਿਹਤ ਨੂੰ ਲੈ ਕੇ ਗੰਭੀਰਤਾ ਦਿਖਾਉਣ ਵੱਲ ਇੱਕ ਕਦਮ ਹੈ।”

ਡਬਲਯੂਐੱਚਓ ਦੇ ਮੁਤਾਬਕ ਅੱਜ ਵੀ ਪੈਲਵਿਕ ਜਾਂਚ ਵਿੱਚ ਵਰਤਿਆ ਜਾਣ ਵਾਲਾ ਉਪਕਰਨ ‘ਸਪੈਕੁਲਮ’ ਲਗਭਗ ਉਹੋ ਜਿਹਾ ਹੀ ਦਿਖਦਾ ਹੈ ਜਿਵੇਂ 19ਵੀਂ ਸਦੀ ਵਿੱਚ ਪਹਿਲੀ ਵਾਰ ਬਣਾਇਆ ਗਿਆ ਸੀ। ਭਾਵ ਅੱਜ ਵੀ ਉਸ ਸਮੇਂ ਦੇ ਉਪਕਰਨ ਵਰਤੇ ਜਾ ਰਹੇ ਹਨ, ਜਦੋਂ ਜ਼ਿਆਦਾਤਰ ਦੇਸ਼ਾਂ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਵੀ ਨਹੀਂ ਮਿਲਿਆ ਸੀ।

ਡਬਲਯੂਐੱਚਓ ਦੇ ਅੰਕੜਿਆਂ ਮੁਤਾਬਕ ਦੁਨੀਆ ਭਰ ਵਿੱਚ ਹਰ 10 ਵਿੱਚੋਂ 1 ਔਰਤ ਐਂਡੋਮੀਟ੍ਰਿਓਸਿਸ ਨਾਲ ਪ੍ਰਭਾਵਿਤ ਹੈ, ਭਾਵ ਕਰੀਬ 19 ਕਰੋੜ ਔਰਤਾਂ।

ਇਹ ਇੱਕ ਕ੍ਰੋਨਿਕ ਸਥਿਤੀ ਹੈ, ਜਿਸ ਵਿੱਚ ਯੂਟਰਸ ਦੀ ਲਾਈਨਿੰਗ ਵਰਗਾ ਇੱਕ ਟਿਸ਼ੂ ਯੂਟਰਸ ਦੇ ਬਾਹਰ ਬਣ ਜਾਂਦਾ ਹੈ। ਇਹ ਗਲਤ ਥਾਂ ਵਾਲਾ ਟਿਸ਼ੂ ਆਮ ਯੂਟੇਰਿਨ ਲਾਈਨਿੰਗ ਵਾਂਗ ਹੀ ਵਿਹਾਰ ਕਰਦਾ ਹੈ।

ਹਰ ਮਾਸਿਕ ਚੱਕਰ ਨਾਲ ਇਹ ਮੋਟਾ ਹੁੰਦਾ ਹੈ ਅਤੇ ਖੂਨ ਵੀ ਵਗਦਾ ਹੈ, ਪਰ ਇਹ ਖੂਨ ਸਰੀਰ ਤੋਂ ਬਾਹਰ ਨਹੀਂ ਨਿਕਲ ਸਕਦਾ, ਜਿਸ ਕਾਰਨ ਔਰਤਾਂ ਦੇ ਸਰੀਰ ਵਿੱਚ ਇਨਫਲੇਮੇਸ਼ਨ ਅਤੇ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਅੱਜ ਵੀ ਇਸ ਦੀ ਪਛਾਣ ਅਤੇ ਇਲਾਜ ਲਈ ਔਸਤ 4 ਤੋਂ 12 ਸਾਲ ਲੱਗ ਜਾਂਦੇ ਹਨ।

ਪਰ ਹੌਲੀ-ਹੌਲੀ ਹਾਲਾਤ ਬਦਲ ਵੀ ਰਹੇ ਹਨ।

ਡਾ. ਸੁਚਿਤਰਾ ਦਲਵੀ ਦਾ ਕਹਿਣਾ ਹੈ ਕਿ ਹੁਣ ਔਰਤਾਂ ਆਤਮਨਿਰਭਰ ਹਨ, ਕਮਾਈ ਕਰ ਰਹੀਆਂ ਹਨ ਅਤੇ ਆਪਣੀ ਸਿਹਤ ਵੱਲ ਧਿਆਨ ਵੀ ਦੇ ਰਹੀਆਂ ਹਨ। ਇਸ ਨਾਲ ਆਉਣ ਵਾਲੇ ਸਾਲਾਂ ਵਿੱਚ ਮੈਡੀਕਲ ਖੇਤਰ ਵਿੱਚ ਔਰਤਾਂ ਦੀ ਸਿਹਤ ਬਾਰੇ ਹੋਣ ਵਾਲੀ ਰਿਸਰਚ ਵਿੱਚ ਸੁਧਾਰ ਆਉਣ ਦੀ ਉਮੀਦ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI