Home ਰਾਸ਼ਟਰੀ ਖ਼ਬਰਾਂ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕੀਤੇ ਜਾਣ ਬਾਰੇ ਚਸ਼ਮਦੀਦ ਰੰਧਾਵਾ ਨੇ ਬੀਬੀਸੀ...

ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕੀਤੇ ਜਾਣ ਬਾਰੇ ਚਸ਼ਮਦੀਦ ਰੰਧਾਵਾ ਨੇ ਬੀਬੀਸੀ ਨੂੰ ਕੀ ਦੱਸਿਆ?

3
0

Source :- BBC PUNJABI

ਰਾਜੀਵ ਸਿੰਘ ਰੰਧਾਵਾ ਦੀ ਇੰਟਰਵਿਊ ਦਾ ਸਕਰੀਨ ਸ਼ੌਟ

ਫ਼ਿਲਮ ‘ਸਤਲੁਜ’ ਨੂੰ ਓਟੀਟੀ ਪਲੇਟਫ਼ਾਰਮ ਜ਼ੀ5 ਤੋਂ ਹਟਾਏ ਜਾਣ ਦੇ ਬਾਅਦ ਤੋਂ ਲਗਾਤਾਰ ਜਸਵੰਤ ਸਿੰਘ ਖਾਲੜਾ ਬਾਰੇ ਚਰਚਾ ਹੋ ਰਹੀ ਹੈ, ਜਿਨ੍ਹਾਂ ‘ਤੇ ਅਧਾਰਿਤ ਇਹ ਫ਼ਿਲਮ ਬਣੀ ਹੈ।

ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰ ਕਾਰਕੁੰਨ ਸਨ ਅਤੇ ਉਨ੍ਹਾਂ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨਤਾਰਨ ਦੇ ਤਿੰਨ ਸ਼ਮਸ਼ਾਨਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਆਈਆਂ ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ ਅਤੇ ਦਾਅਵਾ ਕੀਤਾ ਸੀ ਕਿ ਇਹ ਲਾਵਾਰਿਸ ਲਾਸ਼ਾਂ ਪੁਲਿਸ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਹਨ।

ਜਸਵੰਤ ਸਿੰਘ ਖਾਲੜਾ ਦੇ ਉਨ੍ਹਾਂ ਦੇ ਘਰੋਂ ‘ਚੁੱਕੇ’ ਜਾਣ ਅਤੇ ਲਾਪਤਾ ਹੋ ਜਾਣ ਬਾਅਦ ਲੰਬੀ ਜਾਂਚ ਚੱਲੀ ਅਤੇ ਸੀਬੀਆਈ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਖਾਲੜਾ ਦੀਆਂ ਕਾਰਵਾਈਆਂ ਤੋਂ ਔਖੀ ਸਥਾਨਕ ਪੁਲਿਸ ਨੇ ਖਾਲੜਾ ਨੂੰ ਉਨ੍ਹਾਂ ਦੇ ਘਰੋਂ 6 ਸਤੰਬਰ 1995 ਨੂੰ ਅਗਵਾ ਕਰ ਲਿਆ ਸੀ ਅਤੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਬਾਅਦ ਕਤਲ ਕਰਕੇ ਲਾਸ਼ ਹਰੀਕੇ ਇਲਾਕੇ ਵਿੱਚ ਨਹਿਰ ਅੰਦਰ ਸੁੱਟ ਦਿੱਤੀ ਸੀ।

ਅੰਮ੍ਰਿਤਸਰ ਦੇ ਕਬੀਰ ਪਾਰਕ ਇਲਾਕੇ ਵਿਚਲੀ ਰਿਹਾਇਸ਼ ਤੋਂ ਖਾਲੜਾ ਨੂੰ ਕੁਝ ਪੁਲਿਸ ਅਧਿਕਾਰੀਆਂ ਵੱਲੋਂ ਅਗਵਾ ਕੀਤੇ ਜਾਣ ਦੀ ਘਟਨਾ ਦੇ ਚਸ਼ਮਦੀਦ ਤੇ ਕੇਸ ਵਿੱਚ ਮੁੱਖ ਗਵਾਹ ਰਾਜੀਵ ਸਿੰਘ ਰੰਧਾਵਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਉਸ ਘਟਨਾ ਬਾਰੇ ਦੱਸਿਆ।

ਰਾਜੀਵ ਸਿੰਘ ਰੰਧਾਵਾ ਨੇ ਕੀ ਦੱਸਿਆ?

ਬੀਬੀਸੀ ਪੰਜਾਬੀ ਨੇ ਇਸ ਫਿਲਮ ਅਤੇ ਜਸਵੰਤ ਸਿੰਘ ਖਾਲੜਾ ਨੂੰ ਲੈ ਕੇ ਰਾਜੀਵ ਸਿੰਘ ਰੰਧਾਵਾ ਨਾਲ ਗੱਲ ਬਾਤ ਕੀਤੀ। ਰੰਧਾਵਾ ਨੇ ਅਗਵਾ ਹੋਣ ਵਾਲੇ ਦਿਨ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਸਾਹਮਣੇ ਪੈਂਦੀ ਕਬੀਰ ਪਾਰਕ ਕਲੋਨੀ ਵਿੱਚ ਜਸਵੰਤ ਸਿੰਘ ਖਾਲੜਾ ਦੇ ਘਰ ਦੇ ਡਰਾਇੰਗ ਰੂਮ ਵਿੱਚ ਉਹ ਬੈਠੇ ਸਨ।

ਉਨ੍ਹਾਂ ਦੱਸਿਆ, “ਬਾਹਰ ਖਾਲੜਾ ਸਾਹਿਬ ਆਪਣੀ ਕਾਰ ਧੋ ਰਹੇ ਸੀ। ਪੰਜਾਬ ਪੁਲਿਸ ਦੇ ਬੰਦੇ ਆਪਣੇ ਅਫਸਰਾਂ ਦੇ ਨਾਲ ਆਏ। ਅਸਮਾਨੀ ਨੀਲੇ ਰੰਗ ਦੀ ਵੈਨ ਸੀ ਅਤੇ ਉਸ ਦੇ ਪਿੱਛੇ ਇਕ ਜਿਪਸੀ ਸੀ। ਸਾਰਿਆਂ ਨੇ ਉਤਰ ਕੇ ਖਾਲੜਾ ਸਾਹਿਬ ਨੂੰ ਅਗਵਾ ਕਰਕੇ ਵੈਨ ਵਿੱਚ ਪਾ ਲਿਆ। ਮੈਂ ਦਖਲ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਐੱਸਐੱਸਪੀ ਸਾਹਿਬ ਦੇ ਦਫ਼ਤਰ ਜਿੱਥੇ ਕਹੋ, ਖੁਦ ਆ ਜਾਂਦੇ ਹਾਂ ਆਪਣੀ ਕਾਰ ਜਾਂ ਸਕੂਟਰ ‘ਤੇ। ਪਰ ਉਨ੍ਹਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਅਤੇ ਉਨ੍ਹਾਂ ਨੂੰ ਉਠਾ ਕੇ ਲੈ ਗਏ।”

ਰੰਧਾਵਾ ਦੱਸਦੇ ਹਨ ਕਿ ਬਾਅਦ ਵਿੱਚ ਉਹ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨਾਲ ਇਸਲਾਮਾਬਾਦ ਥਾਣੇ ਰਿਪੋਰਟ ਦਰਜ ਕਰਵਾਉਣ ਗਏ। ਰੰਧਾਵਾ ਮੁਤਾਬਕ, ਪਹਿਲਾਂ ਤਾਂ ਉਨ੍ਹਾਂ ਦੀ ਗੱਲ ਸੁਣੀ ਨਹੀਂ ਗਈ ਫਿਰ ਤੀਜੇ ਦਿਨ ਜਾ ਕੇ ਰਿਪੋਰਟ ਲਿਖੀ ਗਈ।

ਰੰਧਾਵਾ ਮੁਤਾਬਕ, ਉਸ ਰਿਪੋਰਟ ਵਿੱਚ ਵੀ ਲਿਖ ਦਿੱਤਾ ਗਿਆ ਕਿ ‘ਪੁਲਿਸ ਦੀ ਵਰਦੀ ਵਿੱਚ ਹੋ ਸਕਦਾ ਹੈ ਖਾੜਕੂਆਂ ਨੇ ਚੁੱਕਿਆ ਹੋਵੇ।’

ਰਾਜੀਵ ਸਿੰਘ ਰੰਧਾਵਾ ਨੇ ਦੱਸਿਆ ਕਿ ਉਸ ਤੋਂ ਬਾਅਦ ਨੌ ਤਾਰੀਖ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਲ ਜਾ ਕੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਅਤੇ ਬਾਅਦ ਵਿੱਚ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਇਹ ਕੇਸ ਭੇਜਿਆ।

ਗਵਾਹੀ ਦੇਣੋਂ ਰੋਕਣ ਦੀਆਂ ਕੋਸ਼ਿਸ਼ਾਂ ਹੋਈਆਂ- ਰੰਧਾਵਾ

ਰਾਜੀਵ ਸਿੰਘ ਰੰਧਾਵਾ

ਰਾਜੀਵ ਸਿੰਘ ਰੰਧਾਵਾ, ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਕੇਸ ਵਿੱਚ ਅਹਿਮ ਗਵਾਹ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਗਵਾਹੀ ਦੇਣੋਂ ਰੋਕਣ ਦੀਆਂ ਵੀ ਕੋਸ਼ਿਸ਼ਾਂ ਹੋਈਆਂ।

ਇਨ੍ਹਾਂ ਕੋਸ਼ਿਸ਼ਾਂ ਤਹਿਤ ਉਨ੍ਹਾਂ ‘ਤੇ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਅਤੇ ਉਸ ਦੇ ਗੰਨਮੈਨਾਂ ਦੇ ਕਤਲ, ਤਰਨ ਤਾਰਨ ਵਿੱਚ ਰੇਲਵੇ ਟ੍ਰੈਕ ਤੋੜਣ ਸਮੇਤ ਹੋਰ ਕਈ ਕੇਸ ਵੀ ਪਾਏ ਗਏ ਤਾਂ ਜੋ ਉਨ੍ਹਾਂ ਨੂੰ ਖਾਲੜਾ ਕੇਸ ਵਿੱਚ ਗਵਾਹੀ ਦੇਣ ਤੋਂ ਰੋਕਿਆ ਜਾਵੇ। ਪਰ ਉਨ੍ਹਾਂ ਨੇ ਗਵਾਹੀ ਦੇਣ ਦੀ ਦ੍ਰਿੜਤਾ ਬਰਕਰਾਰ ਰੱਖੀ।

ਰੰਧਾਵਾ ਨੇ ਦੱਸਿਆ ਕਿ ਉਹ ਖਾਲੜਾ ਨੂੰ ਉਨ੍ਹਾਂ ਦੇ ਘਰੋਂ ਅਗਵਾ ਕਰਨ ਦੇ ਚਸ਼ਮਦੀਦ ਸਨ ਜਦਕਿ ਪੰਜਾਬ ਪੁਲਿਸ ਦੀ ਟੀਮ ਵਿੱਚੋਂ ਕੁਲਦੀਪ ਸਿੰਘ ਬਚੜੇ, ਖਾਲੜਾ ਨੂੰ ਕਤਲ ਕਰਨ ਦੇ ਚਸ਼ਮਦੀਦ ਸਨ। ਉਹ ਵੀ ਕੇਸ ਵਿੱਚ ਅਹਿਮ ਗਵਾਹ ਰਹੇ ਜਿਸ ਕਾਰਨ ਕੇਸ ਨੇਪਰੇ ਚੜ੍ਹਿਆ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਹੋਈਆਂ।

ਸੀਬੀਆਈ ਜਾਂਚ ਤੋਂ ਬਾਅਦ ਕੇਸ ਵਿੱਚ ਕੀ ਹੋਇਆ ?

ਜਸਵੰਤ ਸਿੰਘ ਖਾਲੜਾ ਅਤੇ ਪਰਮਜੀਤ ਕੌਰ ਖਾਲੜਾ ਦੀਆਂ ਵੱਖ ਵੱਖ ਤਸਵੀਰਾਂ ਦਾ ਕੋਲਾਜ

ਸੀਬੀਆਈ ਨੇ ਸਾਲ 2006 ਤੱਕ ਇਹ ਕੇਸ ਲੜਿਆ ਅਤੇ ਫ਼ੈਸਲੇ ਵਜੋਂ ਪੰਜਾਬ ਪੁਲਿਸ ਦੇ ਦੋਸ਼ੀ ਅਫਸਰਾਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ।

ਪਟਿਆਲਾ ਦੀ ਅਦਾਲਤ ਨੇ ਡੀਐਸਪੀ ਜਸਪਾਲ ਸਿੰਘ ਅਤੇ ਅਮਰਜੀਤ ਨੂੰ ਆਈਪੀਸੀ ਦੀ ਧਾਰਾ 302/34 ਅਤੇ 201/34 ਤਹਿਤ ਕਤਲ ਦੇ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਦਿੱਤੀ। ਕੁਝ ਹੋਰ ਦੋਸ਼ੀਆਂ ਨੂੰ ਆਈਪੀਸੀ ਦੀ ਧਾਰਾ 364/34 ਤਹਿਤ ਅਗਵਾ ਕਰਨ ਲਈ ਦੋਸ਼ੀ ਮੰਨਦਿਆਂ ਸੱਤ ਸਾਲ ਦੀ ਸਜ਼ਾ ਸੁਣਾਈ।

ਫਿਰ ਮਾਮਲਾ ਹਾਈ ਕੋਰਟ ਪਹੁੰਚਿਆ ਜਿਸ ਵਿਚ ਅਮਰਜੀਤ ਸਿੰਘ ਨੂੰ 2007 ‘ਚ ਬਰੀ ਕਰ ਦਿੱਤਾ ਗਿਆ। ਪਰ ਬਾਕੀ ਸਤਨਾਮ ਸਿੰਘ, ਸੁਰਿੰਦਰ ਪਾਲ ਸਿੰਘ, ਜਸਬੀਰ ਸਿੰਘ ਅਤੇ ਪ੍ਰਿਥੀਪਾਲ ਸਿੰਘ ਦੀ ਵੀ ਸਜ਼ਾ ਸੱਤ ਸਾਲ ਤੋਂ ਵਧਾ ਕੇ ਉਮਰ ਕੈਦ ਕਰ ਦਿੱਤੀ ਗਈ।

ਫ਼ਿਲਮ ਬੈਨ ਹੋਣ ਦਾ ਪ੍ਰਭਾਵ

ਫ਼ਿਲਮ ਦਾ ਪੋਸਟਰ

ਤਸਵੀਰ ਸਰੋਤ, ZEE5/INSTA

ਰਾਜੀਵ ਸਿੰਘ ਰੰਧਾਵਾ ਕਹਿੰਦੇ ਹਨ ਕਿ ਫ਼ਿਲਮ ਸਤਲੁਜ ਜ਼ਰੀਏ, ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਦੀ ਕਹਾਣੀ ਵੱਡੀ ਗਿਣਤੀ ਲੋਕਾਂ ਤੱਕ ਪਹੁੰਚੇਗੀ।

ਉਹ ਕਹਿੰਦੇ ਹਨ, “ਇਸ ਫ਼ਿਲਮ ਨਾਲ ਖਾਲੜਾ ਬਾਰੇ ਗੱਲ 30-35 ਲੱਖ ਲੋਕਾਂ ਤੱਕ ਚਲੀ ਗਈ ਹੈ। ਰਹਿੰਦੀ ਕਸਰ, ਫ਼ਿਲਮ ਨੂੰ ਬੈਨ ਕਰਨ ਨੇ ਪੂਰੀ ਕਰ ਦਿੱਤੀ ਜਿਸ ਨਾਲ ਇਹ ਗੱਲ 30-35 ਲੱਖ ਲੋਕਾਂ ਤੋਂ ਉੱਤੇ ਉੱਠ ਕੇ ਤਿੰਨ-ਸਾਢੇ ਤਿੰਨ ਕਰੋੜ ਲੋਕਾਂ ਤੱਕ ਲੈ ਜਾਣੀ ਹੈ। ਅਤੇ ਖਾਲੜਾ ਸਾਹਿਬ ਦਾ ਸੁਨੇਹਾ ਪੂਰੀ ਦੁਨੀਆਂ ਨੂੰ ਰੁਸ਼ਨਾ ਰਿਹਾ ਹੈ।”

ਰੰਧਾਵਾ ਨੇ ਇਸ ਇੰਟਰਵਿਊ ਜ਼ਰੀਏ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਇਸ ਫ਼ਿਲਮ ਨੂੰ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਹਰ ਬੱਚੇ ਤੱਕ ਪਹੁੰਚਾਈ ਜਾਵੇ ਤਾਂ ਜੋ ਲੋਕਤੰਤਰ ਨੂੰ ਹੋਰ ਅਮੀਰ ਕੀਤਾ ਜਾ ਸਕੇ।

ਸਟ੍ਰੀਮਿੰਗ ਪਲੇਟਫ਼ਾਰਮ ਜ਼ੀ5 ‘ਤੇ ਰਿਲੀਜ਼ ਹੋਣ ਬਾਅਦ ਜਦੋਂ ਫ਼ਿਲਮ ਹਟਾਈ ਗਈ ਤਾਂ ਪੰਜ ਜੁਲਾਈ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ੀ5 ਨੇ ਬਿਆਨ ਜਾਰੀ ਕੀਤਾ ਸੀ।

ਇਸ ਬਿਆਨ ਵਿੱਚ ਕਿਹਾ ਗਿਆ, “ਸਤਲੁਜ ਨੂੰ ਰਿਲੀਜ਼ ਹੋਣ ਤੋਂ ਬਾਅਦ ਮਿਲੇ ਬੇਹੱਦ ਪਿਆਰ ਅਤੇ ਸਮਰਥਨ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅਸੀਂ ਹਰ ਉਸ ਦਰਸ਼ਕ ਦੇ ਦਿਲੋਂ ਧੰਨਵਾਦੀ ਹਾਂ, ਜਿਸ ਨੇ ਜ਼ੀ5 ਨੂੰ ਸਬਸਕ੍ਰਾਈਬ ਕੀਤਾ, ਫ਼ਿਲਮ ਨੂੰ ਦੇਖਿਆ ਅਤੇ ਇਸ ਦਾ ਸਮਰਥਨ ਕੀਤਾ। ਤੁਹਾਡੇ ਪਿਆਰ ਅਤੇ ਹੌਸਲਾ-ਅਫ਼ਜ਼ਾਈ ਨੇ ਸਾਡੇ ਲਈ ਅਤੇ ਇਸ ਕਹਾਣੀ ਨੂੰ ਪਰਦੇ ‘ਤੇ ਲਿਆਉਣ ਵਾਲੇ ਹਰ ਵਿਅਕਤੀ ਲਈ ਬਹੁਤ ਮਹੱਤਵ ਰੱਖਿਆ ਹੈ।”

”ਜ਼ੀ5 ਵਿੱਚ ਅਸੀਂ ਸਤਲੁਜ ਅਤੇ ਇਸ ਦੇ ਪਿੱਛੇ ਦੀ ਰਚਨਾਤਮਕ ਸੋਚ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ। ਸਾਡਾ ਵਿਸ਼ਵਾਸ ਹੈ ਕਿ ਪ੍ਰਭਾਵਸ਼ਾਲੀ ਕਹਾਣੀ-ਕਥਨ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ, ਲੰਬੇ ਸਮੇਂ ਤੱਕ ਪ੍ਰਭਾਵ ਛੱਡਣ ਅਤੇ ਸਮਾਜ ‘ਤੇ ਅਸਰ ਪਾਉਣ ਦੀ ਤਾਕਤ ਹੁੰਦੀ ਹੈ। ਅਸੀਂ ਅਜਿਹੀਆਂ ਪ੍ਰਮਾਣਿਕ ਅਤੇ ਅਰਥਪੂਰਨ ਕਹਾਣੀਆਂ ਨੂੰ ਅੱਗੇ ਲਿਆਉਣ ਲਈ ਵਚਨਬੱਧ ਹਾਂ।”

”ਮੌਜੂਦਾ ਘਟਨਾਕ੍ਰਮ ਨੂੰ ਧਿਆਨ ਵਿੱਚ ਰੱਖਦਿਆਂ, ਸਤਲੁਜ ਅਗਲੀ ਸੂਚਨਾ ਤੱਕ ਭਾਰਤ ਵਿੱਚ ਉਪਲਬਧ ਨਹੀਂ ਹੋਵੇਗੀ। ਅਸੀਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਹਰ ਉਚਿਤ ਰਾਹ ਦੀ ਪੜਤਾਲ ਕਰ ਰਹੇ ਹਾਂ ਤਾਂ ਜੋ ਇਸ ਫ਼ਿਲਮ ਨੂੰ ਜਲਦੀ ਤੋਂ ਜਲਦੀ ਮੁੜ ਆਪਣੇ ਦਰਸ਼ਕਾਂ ਤੱਕ ਪਹੁੰਚਾਇਆ ਜਾ ਸਕੇ।”

”ਸਾਡੀ ਵਚਨਬੱਧਤਾ ਉਨ੍ਹਾਂ ਰਚਨਾਕਾਰਾਂ ਅਤੇ ਉਨ੍ਹਾਂ ਕਹਾਣੀਆਂ ਪ੍ਰਤੀ ਅਟੱਲ ਹੈ, ਜੋ ਦ੍ਰਿੜ੍ਹ ਵਿਸ਼ਵਾਸ, ਕਲਾਤਮਕ ਇਮਾਨਦਾਰੀ ਅਤੇ ਇੱਕ ਉਦੇਸ਼ ਨਾਲ ਸੁਣਾਈਆਂ ਜਾਂਦੀਆਂ ਹਨ।”

ਫ਼ਿਲਮ ਬਾਰੇ ਹੁਣ ਕੀ ਤਾਜ਼ਾ ਅਪਡੇਟ ਹੈ ?

ਫ਼ਿਲਮ ਦੇ ਪਲੇਟਫ਼ਾਰਮ ਤੋਂ ਹਟਾਏ ਜਾਣ ਦੇ ਬਾਅਦ ਤੋਂ ਲਗਾਤਾਰ ਇਸ ਬਾਰੇ ਸਿਆਸਤ ਵੀ ਹੋ ਰਹੀ ਹੈ।

ਬੀਜੇਪੀ ਅਧਿਕਾਰਤ ਕੌਮ ਬੁਲਾਰੇ ਆਰ.ਪੀ ਸਿੰਘ ਨੇ ਕਿਹਾ ਕਿ ਸਰਕਾਰ ਇਸ ਫ਼ਿਲਮ ਬਾਰੇ ਇੱਕ ਰੀਵੀਊ ਕਮੇਟੀ ਬਣਾਏਗੀ ਜਿਸ ਤੋਂ ਬਾਅਦ ਕੋਈ ਫ਼ੈਸਲਾ ਲਿਆ ਜਾਏਗਾ।

ਉਨ੍ਹਾਂ ਕਿਹਾ, “ਫ਼ਿਲਮ ਨੂੰ ਸੈਂਸਰ ਬੋਰਡ ਵੱਲੋਂ ਕਲੀਅਰ ਨਹੀਂ ਕੀਤਾ ਗਿਆ, ਫਿਰ ਵੀ ਉਹ ਓਟੀਟੀ ‘ਤੇ ਚੱਲ ਰਹੀ ਸੀ। ਇਸ ਲਈ ਸਰਕਾਰ ਨੇ ਉਸ ਨੂੰ ਬੈਨ ਕੀਤਾ। ਸਾਡੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਭਾਰਤ ਸਰਕਾਰ ਕੋਲ ਇਸ ਬਾਰੇ ਅਪੀਲ ਕੀਤੀ ਹੈ। ਇਸ ਬਾਰੇ ਰੀਵੀਊ ਕਮੇਟੀ ਬਣਾਈ ਜਾਏਗੀ ਅਤੇ ਉਸ ਤੋਂ ਬਾਅਦ ਕੋਈ ਫ਼ੈਸਲਾ ਲਿਆ ਜਾਏਗਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI