Home ਰਾਸ਼ਟਰੀ ਖ਼ਬਰਾਂ ਫ਼ਿਲਮ ‘ਸਤਲੁਜ’ ਨੇ 6 ਜੀਅ ਗੁਆਉਣ ਵਾਲੇ ਪਰਿਵਾਰ ਦੇ ਜ਼ਖਮ ਤਾਜ਼ਾ ਕੀਤੇ:...

ਫ਼ਿਲਮ ‘ਸਤਲੁਜ’ ਨੇ 6 ਜੀਅ ਗੁਆਉਣ ਵਾਲੇ ਪਰਿਵਾਰ ਦੇ ਜ਼ਖਮ ਤਾਜ਼ਾ ਕੀਤੇ: ‘ਉਹ ਸਮਾਂ ਸੀ ਜਦੋਂ ਘਰ ’ਚ ਔਰਤਾਂ ਹੀ ਬਚੀਆਂ ਸੀ’

3
0

Source :- BBC PUNJABI

ਛੇ ਜੀਅ ਗੁਆਉਣ ਵਾਲਾ ਪਰਿਵਾਰ

ਫ਼ਿਲਮ ‘ਸਤਲੁਜ’ ਨੂੰ ਓਟੀਟੀ ਪਲੇਟਫ਼ਾਰਮ ਜ਼ੀ5 ਉੱਤੇ ਪਹਿਲਾਂ ਰਿਲੀਜ਼ ਕੀਤਾ ਗਿਆ ਤੇ ਫਿਰ ਫ਼ਿਲਮ ਨੂੰ ਪਲੇਟਫਾਰਮ ਤੋਂ ਹਟਾ ਲਿਆ ਗਿਆ।

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਿਤ ਇਸ ਫ਼ਿਲਮ ਵਿੱਚ ਪੁਲਿਸ ਦੀਆਂ ਕਥਿਤ ਹਿੰਸਾ ਨਾਲ ਜੁੜੀਆਂ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ।

ਭਾਜਪਾ ਦਾ ਕਹਿਣਾ ਹੈ ਕਿ ਇਸ ਫ਼ਿਲਮ ਵਾਸਤੇ ਭਾਰਤ ਸਰਕਾਰ ਵੱਲੋਂ ਰਿਵਿਊ ਕਮੇਟੀ ਬਣਾ ਦਿੱਤੀ ਗਈ ਹੈ।

ਇਸ ਪੂਰੇ ਘਟਨਾਕ੍ਰਮ ਵਿਚਾਲੇ 1980 ਤੋਂ 1995 ਦੇ ਦੌਰ ਦੌਰਾਨ ਹੋਏ ਕਥਿਤ ਝੂਠੇ ਪੁਲਿਸ ਮੁਕਾਬਲੇ, ਪੁਲਿਸ ਤਸ਼ੱਦਦ ਅਤੇ ਨੌਜਵਾਨਾਂ ਨੂੰ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਲਾਪਤਾ ਕਰਨ ਦੀਆਂ ਘਟਨਾਵਾਂ ਬਾਰੇ ਇੱਕ ਵਾਰ ਫੇਰ ਚਰਚਾ ਹੋ ਰਹੀ ਹੈ।

ਅਜਿਹੀਆਂ ਹੀ ਘਟਨਾਵਾਂ ਨਾਲ ਜੁੜੀ ਇੱਕ ਕਹਾਣੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਰੋਮਾਣਾ ਦੇ ਪਰਿਵਾਰ ਦੀ ਹੈ। ਇਸ ਪਰਿਵਾਰ ਦੇ ਛੇ ਮੈਂਬਰਾਂ ਨੂੰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਹਿਰਾਸਤ ਵਿੱਚ ਲਿਆ ਸੀ।

ਦਰਅਸਲ ਕਾਰ ਸੇਵਾ ਨਾਲ ਜੁੜੇ ਬਾਬਾ ਚਰਨ ਸਿੰਘ, ਉਨ੍ਹਾਂ ਦੇ ਤਿੰਨ ਭਰਾ, ਇੱਕ ਸਾਲਾ ਅਤੇ ਸਾਲੇ ਦੇ ਇੱਕ ਮੁੰਡੇ ਨੂੰ ਸਾਲ 1992-93 ਦਰਮਿਆਨ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਇਸ ਮਗਰੋਂ ਪਰਿਵਾਰ ਨੂੰ ਨਾ ਆਪਣੇ ਮੈਂਬਰ ਮਿਲੇ ਅਤੇ ਨਾ ਹੀ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ।

ਮੁਹਾਲੀ ਦੀ ਸੀਬੀਆਈ ਅਦਾਲਤ ਨੇ ਇਸ ਕੇਸ ਵਿੱਚ ਛੇ ਸਾਬਕਾ ਪੁਲਿਸ ਮੁਲਜ਼ਮਾਂ ਨੂੰ ਸਾਲ 2020 ਵਿੱਚ ਸਜ਼ਾ ਸੁਣਾਈ ਸੀ।

ਹਾਲਾਂਕਿ ਪੀੜਤ ਧਿਰ ਅਤੇ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਪੁਲਿਸ ਅਧਿਕਾਰੀਆਂ ਨੇ ਹਾਈ ਕੋਰਟ ਵਿੱਚ ਅਪੀਲ ਪਾਈ ਹੋਈ ਹੈ। ਸਾਬਕਾ ਪੁਲਿਸ ਅਧਿਕਾਰੀਆਂ ਨੇ ਸਜ਼ਾ ਦੇ ਖ਼ਿਲਾਫ਼ ਅਪੀਲ ਦਾਖ਼ਲ ਕੀਤੀ ਹੈ ਜਦਕਿ ਪੀੜਤ ਧਿਰ ਨੇ ਸਜ਼ਾ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਅਪੀਲ ਦਾਖ਼ਲ ਕੀਤੀ ਹੋਈ ਹੈ।

ਫਿਲਮ ‘ਸਤਲੁਜ’ ਬਾਰੇ ਪਰਿਵਾਰ ਨੇ ਕੀ ਕਿਹਾ

ਚਰਨ ਸਿੰਘ

ਬਾਬਾ ਚਰਨ ਸਿੰਘ ਦੇ ਪਰਿਵਾਰ ਮੁਤਾਬਕ ਫਿਲਮ ਆਉਣ ਮਗਰੋਂ ਉਨ੍ਹਾਂ ਦੇ ਪਰਿਵਾਰ ਨਾਲ ਵਾਪਰੀਆਂ ਘਟਨਾਵਾਂ ਇੱਕ ਵਾਰ ਫਿਰ ਤੋਂ ਉਨ੍ਹਾਂ ਦੀਆਂ ਅੱਖਾਂ ਅੱਗੇ ਘੁੰਮਣ ਲੱਗੀਆਂ ਹਨ।

ਉਹ ਫ਼ਿਲਮ ਦੀ ਹਮਾਇਤ ਕਰਦੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਵਰਗੇ ਅਨੇਕਾਂ ਪਰਿਵਾਰਾਂ ਨਾਲ ਵਾਪਰੀਆਂ ਕਥਿਤ ਘਟਨਾਵਾਂ ਨੂੰ ਫ਼ਿਲਮ ਦੇ ਮਾਧਿਅਮ ਰਾਹੀਂ ਲੋਕਾਂ ਸਾਹਮਣੇ ਰੱਖਿਆ ਗਿਆ ਹੈ।

ਫ਼ਿਲਮ ਬਾਰੇ ਬਾਬਾ ਚਰਨ ਸਿੰਘ ਦੇ ਪੁੱਤ ਬਾਬਾ ਹੀਰਾ ਸਿੰਘ ਨੇ ਕਿਹਾ, “ਜੋ ਫ਼ਿਲਮ ਵਿੱਚ ਦਿਖਾਇਆ ਗਿਆ ਹੈ। ਉਹ ਅਸੀਂ ਪਿੰਡੇ ਉੱਤੇ ਹੰਢਾਇਆ ਹੈ। ਅਸੀਂ ਆਪਣੇ ਤੌਰ ਉੱਤੇ ‘ਸਤਲੁਜ’ ਫਿਲਮ ਲੋਕਾਂ ਨੂੰ ਦਿਖਾਵਾਂਗੇ।”

ਜਗਜੀਤ ਸਿੰਘ ਬਾਬਾ ਚਰਨ ਸਿੰਘ ਦੇ ਭਰਾ ਗੁਰਦੇਵ ਸਿੰਘ ਦਾ ਪੁੱਤ ਹੈ। ਜਗਜੀਤ ਸਿੰਘ ਕਹਿੰਦਾ ਹੈ, “ਅਜਿਹੀਆਂ ਫ਼ਿਲਮਾਂ ਜ਼ਰੀਏ ਹੀ ਨਵੀਂ ਪੀੜ੍ਹੀ ਨੂੰ ਪੁਰਾਣੀ ਪੀੜ੍ਹੀ ਨਾਲ ਵਾਪਰੀਆਂ ਘਟਨਾਵਾਂ ਬਾਰੇ ਪਤਾ ਲੱਗੇਗਾ।”

‘ਘਰ ਵਿੱਚ ਇਕੱਲੀਆਂ ਔਰਤਾਂ ਬਚੀਆਂ’

ਹੀਰਾ ਸਿੰਘ

ਬਾਬਾ ਹੀਰਾ ਸਿੰਘ ਕਹਿੰਦੇ ਹਨ, “ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਪੁਲਿਸ ਨੇ ਸਾਲ 1992 ਤੋਂ 1993 ਦਰਮਿਆਨ ਵੱਖ-ਵੱਖ ਥਾਵਾਂ ਤੋਂ ਗ਼ੈਰ-ਕਾਨੂੰਨੀ ਤੌਰ ਉੱਤੇ ਹਿਰਾਸਤ ਵਿੱਚ ਰੱਖਿਆ ਅਤੇ ਮਾਰ ਦਿੱਤਾ।”

ਹੀਰਾ ਸਿੰਘ ਇਲਜ਼ਾਮ ਲਗਾਉਂਦੇ ਹਨ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਵੀ ਕਥਿਤ ਤੌਰ ਉੱਤੇ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਕੁਝ ਦਿਨਾਂ ਮਗਰੋਂ ਛੱਡ ਦਿੱਤਾ ਗਿਆ।। ਫਿਰ ਉਹ ਪੁਲਿਸ ਦੇ ਡਰੋਂ ਲੰਬਾ ਸਮਾਂ ਘਰ ਤੋਂ ਬਾਹਰ ਰਹੇ।

“ਪੁਲਿਸ ਦੇ ਡਰ ਕਾਰਨ ਮੈਂ ਲੁੱਕ ਕੇ ਰਹਿੰਦਾ ਸੀ ਅਤੇ ਮੇਰੇ ਚਾਚੇ ਦੇ ਮੁੰਡੇ ਵੀ ਪੁਲਿਸ ਤੋਂ ਡਰਦੇ ਪਾਸੇ ਰਹਿੰਦੇ ਸਨ। ਉਹ ਸਮਾਂ ਇਸ ਤਰ੍ਹਾਂ ਦਾ ਸੀ ਕਿ ਸਾਡੇ ਘਰ ਕੋਈ ਬੰਦਾ ਨਹੀਂ ਬਚਿਆ। ਸਾਰੀਆਂ ਔਰਤਾਂ ਹੀ ਰਹਿ ਗਈਆਂ ਸਨ। ਮੇਰੀ ਮਾਂ ਇੱਕਲੀ ਚੰਡੀਗੜ੍ਹ ਤੱਕ ਕੇਸਾਂ ਦੀ ਪੈਰਵੀ ਕਰਦੀ ਸੀ।”

ਬਾਬਾ ਚਰਨ ਸਿੰਘ ਕੇਸ ਕੀ ਸੀ

ਛੇ ਜੀਅ ਗੁਆਉਣ ਵਾਲਾ ਪਰਿਵਾਰ

ਸਾਲ 1992-93 ਦਰਮਿਆਨ ਗੁਰਦੁਆਰਿਆਂ ਦੀ ਕਾਰ ਸੇਵਾ ਨਾਲ ਜੁੜੇ ਹੋਏ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਪੰਜ ਹੋਰ ਮੈਂਬਰ ਰਹੱਸਮਈ ਢੰਗ ਨਾਲ ਲਾਪਤਾ ਹੋ ਗਏ ਸਨ।

ਸਾਲ 1994 ਵਿੱਚ ਬਾਬਾ ਚਰਨ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਮਗਰੋਂ ਇਹ ਮਾਮਲਾ 1997 ਵਿੱਚ ਸੀਬੀਆਈ ਨੂੰ ਸੌਂਪਿਆ ਗਿਆ ਸੀ।

ਸੁਰਜੀਤ ਕੌਰ ਨੇ ਆਪਣੀ ਪਟੀਸ਼ਨ ਵਿੱਚ ਇਲਜ਼ਾਮ ਲਗਾਇਆ ਸੀ ਕਿ ਅਪ੍ਰੈਲ 1993 ਵਿੱਚ ਉਨ੍ਹਾਂ ਦੇ ਪਤੀ ਬਾਬਾ ਚਰਨ ਸਿੰਘ ਅਤੇ ਪਰਿਵਾਰ ਦੇ ਪੰਜ ਹੋਰ ਮੈਂਬਰਾਂ ਨੂੰ ਵੱਖ-ਵੱਖ ਥਾਵਾਂ ਤੋਂ ਪੰਜਾਬ ਪੁਲਿਸ ਨੇ ਅਗਵਾ ਕਰ ਲਿਆ ਸੀ।

ਇਨ੍ਹਾਂ ਛੇ ਵਿੱਚ ਮੈਂਬਰਾਂ ਬਾਬਾ ਚਰਨ ਸਿੰਘ, ਉਨ੍ਹਾਂ ਦੇ ਤਿੰਨ ਭਰਾ ਮੇਜਾ ਸਿੰਘ, ਕੇਸਰ ਸਿੰਘ ਅਤੇ ਗੁਰਦੇਵ ਸਿੰਘ, ਉਨ੍ਹਾਂ ਦੇ ਸਾਲੇ ਗੁਰਮੇਜ ਸਿੰਘ ਅਤੇ ਗੁਰਮੇਜ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਸ਼ਾਮਲ ਹਨ। ਬਲਵਿੰਦਰ ਸਿੰਘ ਉਸ ਸਮੇਂ ਪੁਲਿਸ ਵਿੱਚ ਕਾਂਸਟੇਬਲ ਸੀ।

ਸੀਬੀਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ਤੋਂ ਅਗਵਾ ਕਰਕੇ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਮਗਰੋਂ ਉਹ ਲਾਪਤਾ ਹੋ ਗਏ।

ਕਿਹੜੇ ਪੁਲਿਸ ਅਫਸਰਾਂ ਨੂੰ ਸਜ਼ਾ ਹੋਈ

ਸਾਲ 2020 ਵਿੱਚ ਸੀਬੀਆਈ ਦੀ ਮੁਹਾਲੀ ਸਥਿਤ ਵਿਸ਼ੇਸ਼ ਅਦਾਲਤ ਨੇ ਇਸ ਕੇਸ ਵਿੱਚ ਇਨ੍ਹਾਂ ਪੁਲਿਸ ਅਧਿਕਾਰੀਆਂ, ਇੰਸਪੈਕਟਰ ਸੂਬਾ ਸਿੰਘ, ਸਬ-ਇੰਸਪੈਕਟਰ (ਐੱਸਆਈ) ਸੁਖਦੇਵ ਸਿੰਘ, ਸਬ-ਇੰਸਪੈਕਟਰ ਬਿਕਰਮਜੀਤ ਸਿੰਘ, ਸਬ-ਇੰਸਪੈਕਟਰ ਸੁਖਦੇਵ ਰਾਜ ਜੋਸ਼ੀ, ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਸੂਬਾ ਸਿੰਘ ਅਤੇ ਹੈੱਡ ਕਾਂਸਟੇਬਲ ਲੱਖਾ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਸੀਬੀਆਈ ਦੀ ਅਦਾਲਤ ਵਿੱਚ ਪੀੜਤ ਵੱਲੋਂ ਪੇਸ਼ ਹੋਣ ਵਾਲੇ ਵਕੀਲਾਂ ਵਿੱਚ ਸ਼ਾਮਲ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਸਾਬਕਾ ਇੰਸਪੈਕਟਰ ਸੂਬਾ ਸਿੰਘ, ਸਾਬਕਾ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਅਤੇ ਸਬ ਇੰਸਪੈਕਟਰ ਸੁਖਦੇਵ ਸਿੰਘ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਜਦੋਂ ਕਿ ਇੱਕ ਹੋਰ ਸਾਬਕਾ ਸਬ-ਇੰਸਪੈਕਟਰ, ਸੁਖਦੇਵ ਰਾਜ ਜੋਸ਼ੀ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸੇ ਤਰ੍ਹਾਂ ਸਾਬਕਾ ਏਐੱਸਆਈ ਲੱਖਾ ਸਿੰਘ ਅਤੇ ਸਾਬਕਾ ਏਐੱਸਆਈ ਸੂਬਾ ਸਿੰਘ ਨੂੰ ਦੋ-ਦੋ ਸਾਲ ਦੀ ਸਜ਼ਾ ਸੁਣਾਈ ਸੀ।

ਅਦਾਲਤ ਨੇ ਡਿਪਟੀ ਸੁਪਰੀਟੇਂਡੈਂਟ ਆਫ਼ ਪੁਲਿਸ (ਡੀਐੱਸਪੀ) ਗੁਰਮੀਤ ਸਿੰਘ ਰੰਧਾਵਾ, ਇੰਸਪੈਕਟਰ ਕਸ਼ਮੀਰ ਸਿੰਘ ਅਤੇ ਸਬ-ਇੰਸਪੈਕਟਰ ਨਿਰਮਲ ਸਿੰਘ ਨੂੰ ਬਰੀ ਕਰ ਦਿੱਤਾ ਸੀ।

ਇਸ ਮਾਮਲੇ ਦੀ ਸੁਣਵਾਈ ਦੌਰਾਨ ਸਾਬਕਾ ਸੀਨੀਅਰ ਸੁਪਰੀਟੇਂਡੈਂਟ ਆਫ਼ ਪੁਲਿਸ ਅਜੀਤ ਸਿੰਘ ਸੰਧੂ ਸਮੇਤ ਸੱਤ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ।

ਬਾਬਾ ਚਰਨ ਸਿੰਘ ਕੌਣ ਸਨ

 ਚਰਨ ਸਿੰਘ

ਸੀਬੀਆਈ ਦੀ ਅਦਾਲਤ ਵਿੱਚ ਪੀੜਤ ਵੱਲੋਂ ਪੇਸ਼ ਹੋਣ ਵਾਲੇ ਵਕੀਲਾਂ ਵਿੱਚ ਸ਼ਾਮਲ ਵਕੀਲ ਸਰਬਜੀਤ ਸਿੰਘ ਵੇਰਕਾ ਮੁਤਾਬਕ ਬਾਬਾ ਚਰਨ ਸਿੰਘ ਪੰਜਾਬ ਦੇ 35 ਗੁਰਦੁਆਰਿਆਂ ਵਿੱਚ ਚੱਲ ਰਹੀ ਕਾਰ ਸੇਵਾ ਸੰਭਾਲ ਰਹੇ ਸਨ।

ਉਨ੍ਹਾਂ ਦੀ ਜ਼ਿੰਮੇਵਾਰੀ ਇਨ੍ਹਾਂ ਗੁਰਦੁਆਰਿਆਂ ਦੀ ਦੇਖਭਾਲ, ਸੰਭਾਲ ਅਤੇ ਉਸਾਰੀ ਨਾਲ ਸਬੰਧਿਤ ਕੰਮਾਂ ਦੀ ਨਿਗਰਾਨੀ ਕਰਨੀ ਸੀ।

ਉਹ ਕਹਿੰਦੇ ਹਨ ਤਰਨ ਤਾਰਨ ਜ਼ਿਲ੍ਹੇ ਅਤੇ ਧਾਰਮਿਕ ਖੇਤਰ ਵਿੱਚ ਉਨ੍ਹਾਂ ਦਾ ਚੰਗਾ ਨਾਮ ਸੀ।

ਇਨਸਾਫ਼ ਅਤੇ ਲਾਸ਼ ਦੀ ਉਡੀਕ ਵਿੱਚ ਜਿੰਦ ਮੁੱਕੀ

ਜਗਜੀਤ ਸਿੰਘ

ਜਗਜੀਤ ਸਿੰਘ ਕਹਿੰਦੇ ਹਨ, “ਮੇਰੀ ਮਾਂ ਮੇਰੇ ਪਿਉ ਦੀ ਲਾਸ਼ ਅਤੇ ਇਨਸਾਫ਼ ਉਡੀਕਦੀ ਮਰ ਗਈ।”

ਉਹ ਦੱਸਦੇ ਹਨ ਕਿ ਕੇਸ ਵਿੱਚ ਫ਼ੈਸਲਾ ਆਉਣ ਵਿੱਚ ਬਹੁਤ ਲੰਬਾ ਸਮਾਂ ਲੱਗ ਗਿਆ। ਇਹ ਦਰਮਿਆਨ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ।

ਜਗਜੀਤ ਸਿੰਘ ਦੱਸਦੇ ਹਨ, “ਆਪਣੇ ਪਿਤਾ ਤੋਂ ਬਾਅਦ ਅਸੀਂ ਬਹੁਤ ਔਖ਼ਾ ਸਮਾਂ ਗੁਜ਼ਾਰਿਆ ਹੈ। ਅਸੀਂ ਰੋਟੀ ਤੋਂ ਮੁਥਾਜ ਹੋ ਗਏ ਸੀ। ਪਿਤਾ ਮਗਰੋਂ ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਸੀ।”

“ਮੇਰੀ ਮਾਂ ਦਾ ਸਮਾਂ ਬਹੁਤ ਔਖਾ ਨਿਕਲਿਆ। ਮੇਰੀਆਂ 6 ਭੈਣਾਂ ਸਨ। ਮਾਂ ਨੇ ਦਿਨ ਰਾਤ ਲੋਕਾਂ ਦੇ ਕੱਪੜੇ ਸਿਉਂਕੇ ਸਾਨੂੰ ਪੜਾਇਆ।”

ਜ਼ਹਿਨ ਵਿੱਚ ਪੁਲਿਸ ਦਾ ਖੌਫ਼

ਸੁਰਿੰਦਰ ਕੌਰ

ਬਾਬਾ ਚਰਨ ਸਿੰਘ ਦੇ ਭਰਾ ਮੇਜਾ ਸਿੰਘ ਦੀ ਪਤਨੀ ਸੁਰਿੰਦਰ ਕੌਰ ਹੁਣ ਬਜ਼ੁਰਗ ਹਨ। ਉਮਰ ਦੇ ਨਾਲ ਉਨ੍ਹਾਂ ਦੀ ਯਾਦਦਾਸ਼ਤ ਭਾਵੇਂ ਕਮਜ਼ੋਰ ਹੋ ਗਈ ਹੈ। ਪਰ ਪੁਲਿਸ ਤਸ਼ੱਦਦ ਦਾ ਡਰ ਅੱਜ ਵੀ ਉਨ੍ਹਾਂ ਦੇ ਜ਼ਹਿਨ ਵਿੱਚ ਹੈ।

ਉਹ ਭੁੱਲ ਜਾਂਦੀ ਹੈ ਕਿ ਉਸਦੇ ਪਤੀ ਨੂੰ ਕਦੋਂ ਹਿਰਾਸਤ ਵਿੱਚ ਲਿਆ ਗਿਆ ਸੀ। ਪਰ ਪੁਲਿਸ ਦੇ ਨਾਮ ਤੋਂ ਉਹ ਅੱਜ ਵੀ ਡਰ ਜਾਂਦੀ ਹੈ।

ਉਹ ਧੁੰਦਲੀਆਂ ਯਾਦਾਂ ਨੂੰ ਫਰੋਲਦਿਆਂ ਦੱਸਦੀ ਹੈ, “ਜੇਠ ਜਾਂ ਚੇਤ ਦਾ ਮਹੀਨਾ ਸੀ। ਅਸੀਂ ਬਾਬੇ ਬੁੱਢੇ ਗਏ ਸੀ। ਮੈਂ ਵੀ ਨਾਲ ਹੀ ਸੀ। ਉੱਥੋਂ ਪੁਲਿਸ ਫੜ੍ਹ ਕੇ ਲੈ ਗਈ। ਮੇਰੇ ਪਤੀ ਦਾ ਕੋਈ ਕਸੂਰ ਨਹੀਂ ਸੀ। ਕਸੂਰ ਤਾਂ ਕਿਸੇ ਦਾ ਵੀ ਨਹੀਂ ਸੀ। ਨਾ ਮੇਰੇ ਦਿਉਰਾਂ ਦਾ ਅਤੇ ਨਾ ਮੇਰੇ ਜੇਠਾਂ ਦਾ। ਐਵੇਂ ਚੁੱਕ ਕੇ ਲੈ ਗਏ।”

“ਪੁਲਿਸ ਸਾਡੇ ਸਾਰੇ ਬੰਦੇ ਲੈ ਗਈ ਸੀ। ਮੈਂ ਇਕੱਲੀ ਘਰ ਰਹਿੰਦੀ ਸੀ ਅਤੇ ਕੋਠੇ ਉੱਤੇ ਸੌਂਦੀ ਸੀ। ਇੱਕ ਵਾਰੀ ਪੁਲਿਸ ਘਰ ਆ ਗਈ ਅਤੇ ਮੈਨੂੰ ਵੀ ਲੈ ਚੱਲੀ ਸੀ। ਪਰ ਗੁਆਂਢੀ ਨੇ ਆ ਕੇ ਰੋਕ ਦਿੱਤਾ ਅਤੇ ਗੁਆਂਢੀਆਂ ਦੇ ਮੁੰਡੇ ਨੂੰ ਵੀ ਚਪੇੜਾਂ ਮਾਰੀਆਂ।”

“ਸਮਾਂ ਬਹੁਤ ਮਾੜਾ ਸੀ। ਬਹੁਤ ਮੁਸ਼ਕਲ ਨਾਲੇ ਬੱਚੇ ਪਾਲੇ। ਡਰ ਲੱਗਿਆ ਰਹਿੰਦਾ ਸੀ ਕਿ ਹੁਣ ਵੀ ਪੁਲਿਸ ਆ ਜਾਊ। ਪੁਲਿਸ ਦੇ ਡਰ ਕਰਕੇ ਮੇਰੇ ਮੁੰਡੇ ਵੀ ਘਰ ਨਹੀਂ ਸੀ ਰਹਿੰਦੇ। ਮੈਂ ਇੱਕਲੀ ਰਹਿੰਦੀ ਸੀ। ਮੁੰਡੇ ਚੰਡੀਗੜ੍ਹ ਰਹਿੰਦੇ ਸੀ। ਮੇਰੇ ਪੇਕੇ ਗੇੜਾ ਮਾਰ ਲੈਂਦੇ ਸੀ। ਏਦਾਂ ਹੀ ਸਮਾਂ ਲੰਘ ਗਿਆ।”

“ਸਾਨੂੰ ਕਈ ਲੋਕੀ ਦੱਸਦੇ ਸੀ ਕਿ ਸਾਡੇ ਬੰਦਿਆਂ ਨੂੰ ਮਾਰ ਕੇ ਹਰੀਕੇ ਨਹਿਰ ਵਿੱਚ ਸੁੱਟ ਦਿੱਤਾ ਹੈ। ਪਰ ਸਾਨੂੰ ਨਹੀਂ ਸੀ ਪਤਾ ਕਿ ਲੋਕ ਸੱਚ ਬੋਲਦੇ ਹਨ ਕਿ ਝੂਠ।”

“ਇੱਕ ਵਾਰੀ ਮੈਂ ਅਤੇ ਮੇਰੀ ਦਰਾਣੀ ਅਸੀਂ ਸੀਆਈਏ ਸਟਾਫ ਗਏ ਸੀ। ਆਪਣੇ ਘਰ ਵਾਲਿਆਂ ਨੂੰ ਮਿਲਣ। ਪਹਿਲਾਂ ਸਾਨੂੰ ਮਿਲਾ ਦੇਣ ਲੱਗੇ ਸੀ। ਫਿਰ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ।”

ਅਦਾਲਤ ਵਿੱਚ ਕਿਹੜੀ ਅਪੀਲ ਪਾਈ

ਸਰਬਜੀਤ ਸਿੰਘ ਵੇਰਕਾ

ਵਕੀਲ ਸਰਬਜੀਤ ਸਿੰਘ ਵੇਰਕਾ ਨੇ ਇਹ ਵੀ ਦੱਸਿਆ ਕਿ ਬਾਬਾ ਚਰਨ ਸਿੰਘ ਕੇਸ ਵਿੱਚ ਸੀਬੀਆਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਸੇਵਾਮੁਕਤ ਪੁਲਿਸ ਅਧਿਕਾਰੀਆਂ ਨੇ ਹਾਈ ਕੋਰਟ ਵਿੱਚ ਅਪੀਲ ਦਾਖ਼ਲ ਕੀਤੀ ਹੈ। ਉਨ੍ਹਾਂ ਨੇ ਸੀਬੀਆਈ ਦੀ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੋਈ ਹੈ। ਜਦਕਿ ਪੀੜਤ ਧਿਰ ਨੇ ਵੀ ਸਜ਼ਾ ਵਿੱਚ ਵਾਧੇ ਵਾਸਤੇ ਅਪੀਲ ਦਾਖ਼ਲ ਕੀਤੀ ਹੈ।

ਕਿੰਨੇ ਕੇਸਾਂ ਵਿੱਚ ਫ਼ੈਸਲਾ ਆਇਆ

ਖਾੜਕੂਵਾਦ ਦੇ ਦੌਰ ਦੌਰਾਨ ਹੋਏ ਕਥਿਤ ਝੂਠੇ ਪੁਲਿਸ ਮੁਕਾਬਲੇ, ਪੁਲਿਸ ਤਸ਼ੱਦਦ ਅਤੇ ਨੌਜਵਾਨਾਂ ਨੂੰ ਲਾਪਤਾ ਕਰਨ ਦੀਆਂ ਘਟਨਾਵਾਂ ਦੇ ਪੀੜਤਾਂ ਦੇ ਕੇਸ ਲੜਨ ਵਾਲੇ ਵਕੀਲਾਂ ਵਿੱਚ ਸ਼ਾਮਲ ਵਕੀਲ ਸਰਬਜੀਤ ਸਿੰਘ ਵੇਰਕਾ ਮੁਤਾਬਕ ਸੀਬੀਆਈ ਨੇ ਕੁੱਲ 70 ਕੇਸ ਦਰਜ ਕੀਤੇ ਸਨ।

ਇੰਨ੍ਹਾਂ ਵਿੱਚੋਂ ਲਗਭਗ 64 ਕੇਸਾਂ ਵਿੱਚ ਫੈਸਲਾ ਆ ਚੁੱਕਾ ਹੈ ਅਤੇ ਸਿਰਫ਼ ਇੱਕ ਕੇਸ ਵਿੱਚੋਂ ਸਾਰੇ ਮੁਲਜ਼ਮ ਬਰੀ ਹੋਏ ਸਨ।

ਉਹ ਕਹਿੰਦੇ ਹਨ, “ਹੁਣ ਤੱਕ 129 ਤੋਂ ਵੱਧ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਨੂੰ ਸੀਬੀਆਈ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਬਾਕੀ ਰਹਿੰਦੇ ਛੇ ਕੇਸਾਂ ਵਿੱਚ 50 ਤੋਂ ਵੱਧ ਸੇਵਾਮੁਕਤ ਪੁਲਿਸ ਅਧਿਕਾਰੀਆਂ ਅੰਡਰ ਟਰਾਇਲ ਹਨ।”

ਵੇਰਕਾ ਇਹ ਵੀ ਕਹਿੰਦੇ ਹਨ, “2097 ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਗਭਗ 1800 ਪੀੜਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਵੀ ਦਿੱਤਾ ਹੈ। ਸੁਪਰੀਮ ਕੋਰਟ ਨੇ ਸਾਲ 1996 ਵਿੱਚ ਇਨ੍ਹਾਂ ਅਣਪਛਾਤੀਆਂ ਲਾਸ਼ਾਂ ਦਾ ਹਵਾਲਾ ਦਿੰਦਿਆਂ ਮੁਆਵਜ਼ਾ ਦੇਣ ਵਾਸਤੇ ਕਿਹਾ ਸੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI