Home ਰਾਸ਼ਟਰੀ ਖ਼ਬਰਾਂ ਪੰਜਾਬ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੀ ਹੰਗਾਮੇਦਾਰ ਸ਼ੁਰੂਆਤ, ਫਾਰਮੇਸੀ ਪੇਪਰ ’ਚ ਨਕਲ...

ਪੰਜਾਬ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੀ ਹੰਗਾਮੇਦਾਰ ਸ਼ੁਰੂਆਤ, ਫਾਰਮੇਸੀ ਪੇਪਰ ’ਚ ਨਕਲ ਸਣੇ ਨੀਟ ਪੇਪਰ ਲੀਕ ਦਾ ਮੁੱਦਾ ਵੀ ਗੂੰਜਿਆ, ਜਾਣੋ ਕੌਣ ਕੀ-ਕੀ ਬੋਲਿਆ

3
0

Source :- BBC PUNJABI

ਸਪੀਕਰ ਕੁਲਤਾਰ ਸਿੰਘ ਸੰਧਵਾਂ

ਤਸਵੀਰ ਸਰੋਤ, Government of Punjab/YT

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 6 ਮਿੰਟ

ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਆਗਾਜ਼ ਹੋ ਗਿਆ। ਪਹਿਲੇ ਹੀ ਦਿਨ ਸੈਸ਼ਨ ਦੀ ਹੰਗਾਮੇਦਾਰ ਸ਼ੁਰੂਆਤ ਹੋਈ।

ਵਿਰੋਧੀ ਧਿਰ ਨੇ ਫਾਰਮੇਸੀ ਪੇਪਰ ਵਿੱਚ ਨਕਲ ਸਣੇ ਕਈ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਮੁੱਦੇ ‘ਤੇ ਸਦਨ ਅੰਦਰ ਜ਼ੋਰਦਾਰ ਹੰਗਾਮਾ ਵੀ ਦੇਖਣ ਨੂੰ ਮਿਲਿਆ ਜਿਸ ਕਾਰਨ ਕੁਝ ਸਮੇਂ ਲਈ ਸਦਨ ਦੀ ਕਾਰਵਾਈ ਮੁਲਤਵੀ ਵੀ ਕਰਨੀ ਪਈ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਪੇਪਰ ਲੀਕ ਅਤੇ ਵਿਦਿਆਰਥੀਆਂ ‘ਤੇ ਹੋਏ ਪੁਲਿਸ ਐਕਸ਼ਨ ਖਿਲਾਫ ਨਿੰਦਾ ਮਤਾ ਲਿਆਂਦਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਮਤਾ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਸੀ।

ਪੇਪਰ ਲੀਕ ਅਤੇ ਪੁਲਿਸ ਐਕਸ਼ਨ ਖਿਲਾਫ ਨਿੰਦਾ ਮਤਾ

ਕੈਬਨਿਟ ਮੰਤਰੀ ਹਰਪਾਲ ਚੀਮਾ

ਤਸਵੀਰ ਸਰੋਤ, Government of Punjab/YT

ਕੈਬਨਿਟ ਮੰਤਰੀ ਹਰਪਾਲ ਚੀਮਾ ਵੱਲੋਂ ਸਦਨ ਵਿੱਚ ਨੀਟ ਸਣੇ ਹੋਰ ਪੇਪਰ ਲੀਕ, ਸਰਕਾਰੀ ਭਰਤੀ ਪ੍ਰਕਿਰਿਆ ਵਿੱਚ ਬੇਨਿਯਮੀਆਂ, ਜੰਤਰ-ਮੰਤਰ ‘ਤੇ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ‘ਤੇ ਹੋਈ ਪੁਲਿਸ ਕਾਰਵਾਈ ਅਤੇ ਪ੍ਰਦਰਸ਼ਨਕਾਰੀਆਂ ਖਿਲਾਫ ਦਰਜ ਹੋਏ ਕੇਸਾਂ ਖਿਲਾਫ ਨਿੰਦਾ ਮਤਾ ਲਿਆਂਦਾ ਗਿਆ।

ਨਿੰਦਾ ਮਤਾ ਪੇਸ਼ ਕਰਦਿਆਂ ਮੰਗ ਕੀਤੀ ਗਈ ਕਿ

  • ਪੇਪਰ ਲੀਕ ਖਿਲਾਫ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਖਿਲਾਫ ਦਰਜ ਹੋਏ ਤਮਾਮ ਕੇਸ ਰੱਦ ਕੀਤੇ ਜਾਣ।
  • ਕੇਂਦਰ ਅੱਗੇ ਮੰਗ ਰੱਖੀ ਗਈ ਕਿ ਸਰਕਾਰੀ ਪ੍ਰੀਖਿਆ ਪ੍ਰਣਾਲੀ ਦਾ ਵਿਆਪਕ ਪੁਨਰਗਠਨ ਕੀਤਾ ਜਾਵੇ।
  • ਨੈਸ਼ਨਲ ਟੈਸਟਿੰਗ ਏਜੰਸੀ ਵਰਗੀਆਂ ਸੰਸਥਾਵਾਂ ਦਾ ਵਿਕੇਂਦਰੀਕਰਨ ਅਤੇ ਸੁਧਾਰ ਕੀਤਾ ਜਾਵੇ।
  • ਪ੍ਰਸ਼ਨ ਪੱਤਰ ਲੀਕ ਕਰਨ ਵਾਲੇ ਗਿਰੋਹਾਂ ਖਿਲਾਫ ਸਖਤ ਅਤੇ ਮਿਸਾਲੀ ਕਾਰਵਾਈ ਕੀਤੀ ਜਾਵੇ।
  • ਪ੍ਰਦਰਸ਼ਨ ਦੌਰਾਨ ਜ਼ਖਮੀ ਹੋਏ ਵਿਦਿਆਰਥੀਆਂ ਨੂੰ ਉਚਿਤ ਇਲਾਜ, ਪੁਨਰਨਿਵਾਸ ਅਤੇ ਮੁਆਵਜ਼ਾ ਦਿੱਤਾ ਜਾਵੇ।

ਪੰਜਾਬ ਵਿਧਾਨਸਭਾ ਵੱਲੋਂ ਸਰਬਸੰਮਤੀ ਨਾਲ ਇਹ ਮਤਾ ਪਾਸ ਕਰ ਦਿੱਤਾ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ

ਵਿਰੋਧੀਆਂ ਨੇ ਪੰਜਾਬ ਵਿੱਚ ਪੇਪਰ ਲੀਕ ਦਾ ਮੁੱਦਾ ਚੁੱਕਿਆ

ਪ੍ਰਤਾਪ ਬਾਜਵਾ

ਤਸਵੀਰ ਸਰੋਤ, Government of Punjab/YT

ਪ੍ਰਸ਼ਨ ਕਾਲ ਦੌਰਾਨ ਹੀ ਵਿਰੋਧੀ ਧਿਰ ਦੇ ਆਗੂ, ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿੱਚ ਪੇਪਰ ਲੀਕ ਦਾ ਮੁੱਦਾ ਚੁੱਕਿਆ ਗਿਆ। ਪ੍ਰਤਾਪ ਬਾਜਵਾ ਨੇ ਨੀਟ ਪੇਪਰ ਲੀਕ ਮਾਮਲੇ ਵਿੱਚ ਜੰਤਰ-ਮੰਤਰ ‘ਤੇ ਹੋਏ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ, “ਸਾਢੇ ਚਾਰ ਸਾਲਾਂ ਵਿੱਚ ਛੇ ਵਾਰ ਪੇਪਰ ਲੀਕ ਹੋਏ। ਪੰਜ ਵਾਰ ਸਿੱਖਿਆ ਵਿਭਾਗ ਵਿੱਚ ਅਤੇ ਇੱਕ ਵਾਰ ਸਿਹਤ ਵਿਭਾਗ ਵਿੱਚ। ਕੀ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਇਸ ਦੀ ਜ਼ਿੰਮੇਵਾਰੀ ਲੈਣਗੇ?”

ਇਸ ‘ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਹ ਜਵਾਬ ਦੇਣ ਲਈ ਪੂਰੀ ਤਿਆਰੀ ਨਾਲ ਆਏ ਹਨ। ਇਸ ਦੌਰਾਨ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਆਗੂਆਂ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਕਾਂਗਰਸੀ ਵਿਧਾਇਕਾਂ ਵੱਲੋਂ ਨਾਅਰੇਬਾਜ਼ੀ ਕਰਦਿਆਂ ਸਦਨ ਦਾ ਬਾਇਕਾਟ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਪੀਕਰ ਵੱਲੋਂ ਸਦਨ ਦੀ ਕਾਰਵਾਈ ਸਾਢੇ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀ ਜਵਾਬ ਦਿੱਤਾ ?

 ਸਿੱਖਿਆ ਮੰਤਰੀ ਹਰਜੋਤ ਬੈਂਸ

ਤਸਵੀਰ ਸਰੋਤ, Government of Punjab/YT

ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ‘ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਇਸ ਮੁੱਦੇ ‘ਤੇ ਜਵਾਬ ਦਿੱਤਾ ਗਿਆ। ਹਾਲਾਂਕਿ ਕਾਂਗਰਸ ਦੇ ਵਿਧਾਇਕ ਇਸ ਦੌਰਾਨ ਗੈਰ-ਹਾਜ਼ਰ ਰਹੇ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਰੋਧੀਆਂ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਫਾਰਮੇਸੀ ਦਾ ਪੇਪਰ ਲੀਕ ਨਹੀਂ ਹੋਇਆ ਸੀ ਬਲਕਿ ਇਸ ਵਿੱਚ ਨਕਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਨੂੰ ਵੀ ਰੰਗੇ ਹੱਥੀਂ ਫੜ੍ਹ ਲਿਆ ਗਿਆ।

ਹਰਜੋਤ ਬੈਂਸ ਨੇ ਕਿਹਾ ਕਿ ਇਹ ਗੈਂਗ ਹਰਿਆਣਾ ਦਾ ਸੀ। ਇਸ ਦੌਰਾਨ ਉਨ੍ਹਾਂ ਹਰਿਆਣਾ ਦੇ ਸੀਐੱਮ ਨਾਇਬ ਸੈਣੀ ਨੂੰ ਵੀ ਨਿਸ਼ਾਨੇ ‘ਤੇ ਲਿਆ।

ਵਿਰੋਧੀਆਂ ਵੱਲੋਂ ਪੰਜਾਬ ਵਿੱਚ ਪੇਪਰ ਲੀਕ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਹਰਜੋਤ ਬੈਂਸ ਨੇ ਕਿਹਾ, “ਪੰਜਾਬ ‘ਤੇ ਟਾਰਗੇਟ ਅਟੈਕ ਹੋ ਰਿਹਾ ਹੈ। ਜਦੋਂ ਪੰਜਾਬ ਸਿੱਖਿਆ ਖੇਤਰ ਵਿੱਚ ਚੰਗਾ ਕੰਮ ਕਰਦਾ ਉਦੋਂ ਵਿਰੋਧੀ ਇੱਕ ਟਵੀਟ ਨਹੀਂ ਕਰਦੇ ਅਤੇ ਹੁਣ ਪੰਜਾਬ ‘ਤੇ ਹੋ ਰਹੇ ਟਾਰਗੇਟ ਅਟੈਕ ਦਾ ਹਿੱਸਾ ਬਣ ਰਹੇ ਹਨ। ਸਾਨੂੰ ਬਾਹਰਲਿਆਂ ਤੋਂ ਨਹੀਂ ਸਗੋਂ ਆਪਣਿਆਂ ਤੋਂ ਹੀ ਖਤਰਾ ਹੈ।”

ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ‘ਤੇ 2500 ਕਰੋੜ ਰੁਪਇਆ ਖਰਚ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਜਿੱਥੇ ਪਹਿਲੀ ਜਮਾਤ ਤੋਂ ਏਆਈ ਦਾ ਵਿਸ਼ਾ ਪੜ੍ਹਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।

2026 ਵਿੱਚ ਪੰਜਾਬ ਦੇ 882 ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ।

ਹਰਜੋਤ ਬੈਂਸ ਨੇ ਕਿਹਾ, “ਨੀਟ ਪੇਪਰ ਲੀਕ ਖਿਲਾਫ ਜੰਤਰ-ਮੰਤਰ ‘ਤੇ ਹੋਣ ਵਾਲੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਵਾਲਾ ਮੈਂ ਪੂਰੇ ਦੇਸ਼ ਦਾ ਇਕਲੌਤਾ ਸਿੱਖਿਆ ਮੰਤਰੀ ਸੀ।”

ਉਨ੍ਹਾਂ ਅੱਗੇ ਕਿਹਾ, “ਅੱਜ ਮਸਲਾ ਸਿਰਫ਼ ਪੇਪਰ ਲੀਕ ਜਾਂ ਨਕਲ ਦਾ ਨਹੀਂ ਸਗੋਂ ਅੱਜ ਲੋੜ ਹੈ ਸਿੱਖਿਆ ਕਮਿਸ਼ਨ ਬਣਾਉਣ ਦੀ। ਸਿਰਫ ਇੱਕ ਫਰੇਮਵਰਕ ਬਣਾਉਣ ਨਾਲ ਕੁਝ ਨਹੀਂ ਹੋਵੇਗਾ। ਇਸ ਸਿੱਖਿਆ ਕਮਿਸ਼ਨ ਵੱਲੋਂ ਦੇਸ਼ ਦੇ ਸਾਰੇ ਸਿੱਖਿਆ ਮੰਤਰੀਆਂ ਅਤੇ ਹਰ ਧਿਰ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕਰ ਇਕਜੁੱਟ ਹੋ ਕੇ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ।”

ਜਸਵੰਤ ਖਾਲੜਾ ਅਤੇ ਸਤਲੁਜ ਫਿਲਮ ਦਾ ਮੁੱਦਾ ਉੱਠਿਆ

ਮਨਪ੍ਰੀਤ ਅਯਾਲੀ

ਤਸਵੀਰ ਸਰੋਤ, Government of Punjab/YT

ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਮਨਪ੍ਰੀਤ ਸਿੰਘ ਅਯਾਲੀ ਨੇ ਜ਼ੀਰੋ ਆਵਰ ਦੌਰਾਨ ਸਤਲੁਜ ਫਿਲਮ ਅਤੇ ਮਨੁੱਖ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਕਲਤ ਮਾਮਲੇ ਵਿੱਤ ਜੇਲ੍ਹ ਵਿੱਚ ਬੰਦ ਪੁਲਿਸ ਅਧਿਕਾਰੀਆਂ ਦਾ ਮੁੱਦਾ ਚੁੱਕਿਆ।

ਅਯਾਲੀ ਨੇ 1980 ਅਤੇ 90ਵਿਆਂ ਦੇ ਦੌਰ ਦਾ ਜ਼ਿਕਰ ਕਰਦਿਆਂ ਕਿਹਾ, ”ਸਮੇਂ ਦੇ ਲੰਘਣ ਨਾਲ ਲੋਕ ਗੱਲਾਂ ਭੁੱਲ ਜਾਂਦੇ ਹਨ ਪਰ ਇਸ ਫਿਲਮ ਨੇ ਉਹ ਸਭ ਫਿਰ ਯਾਦ ਦਿਵਾ ਦਿੱਤਾ ਕਿ ਇਸ ਆਜ਼ਾਦ ਭਾਰਤ ਵਿੱਚ ਕਿਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਸਾਡੇ ਨਾਲ, ਸਾਡੇ ਨੌਜਵਾਨਾਂ ਨਾਲ ਹੋਈਆਂ।”

ਉਨ੍ਹਾਂ ਕਿਹਾ, “ਇਸ ਮਾਮਲੇ ਵਿੱਚ ਸੀਬੀਆਈ ਕੋਰਟ ਨੇ ਦੋਸ਼ੀਆਂ ਨੂੰ ਸਜ਼ਾ ਦਿੱਤੀ, ਜਿਸ ਵਿੱਚ ਡੀਐਸਪੀ ਜਸਪਾਲ ਸਿੰਘ, ਸਬ ਇੰਸਪੈਕਟਰ ਸਤਨਾਮ ਸਿੰਘ ਅਤੇ ਜਸਬੀਰ ਸਿੰਘ ਦੋਸ਼ੀ ਹਨ। ਖਾਲੜਾ ਸਾਬ੍ਹ ਦੇ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਇਨ੍ਹਾਂ ਬਾਰੇ ਸਵਾਲ ਕੀਤਾ ਹੈ ਕਿ ਅੱਜ ਇਹ ਤਿੰਨੇ ਦੋਸ਼ੀ ਕਿੱਥੇ ਹਨ। ਉਨ੍ਹਾਂ ਨੂੰ ਬੇਲ ਦਿੱਤੀ ਗਈ, ਉਹ ਪੈਰੋਲ ‘ਤੇ ਰਿਹਾਅ ਹੋਏ ਤੇ ਉਸ ਦੇ ਬਾਵਜੂਦ ਅੱਜ ਕਿਥੇ ਨੇ ? ਉਨ੍ਹਾਂ ਬਾਰੇ ਅੱਜ ਕੋਈ ਵੀ ਜਾਣਕਾਰੀ ਨਹੀਂ।”

ਉਨ੍ਹਾਂ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਇਹ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦੋਸ਼ੀਆਂ ਬਾਰੇ ਜਾਣਕਾਰੀ ਦੇਵੇ ਕਿ ਉਹ ਕਿੱਥੇ ਹਨ।

ਅਯਾਲੀ ਦੇ ਸਵਾਲਾਂ ਦਾ ਚੀਮਾ ਨੇ ਦਿੱਤਾ ਜਵਾਬ

ਮਨਪ੍ਰੀਤ ਅਯਾਲੀ ਦੇ ਸਵਾਲਾਂ ਦਾ ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਵਾਬ ਦਿੱਤਾ।

ਹਰਪਾਲ ਸਿੰਘ ਨੇ ਕਿਹਾ, ”ਅੱਜ ਅਯਾਲੀ ਸਾਬ੍ਹ ਪਾਸਾ ਬਦਲ ਕੇ ਦੂਜੇ ਪਾਸੇ ਖੜ੍ਹੇ ਹਨ ਪਰ ਇਹ ਖੁਦ ਵੀ ਦੋਸ਼ੀ ਹਨ, ਇਹ ਖੁਦ ਉਸ ਸਮੇਂ ਵਿਧਾਇਕ ਸਨ ਜਦੋਂ ਪੰਜਾਬ ‘ਚ ਅਕਾਲੀ ਦਲ-ਭਾਜਪਾ ਦੀ ਸਰਕਾਰ ਸੀ।”

ਉਨ੍ਹਾਂ ਕਿਹਾ, ”ਅਕਾਲੀ ਦਲ-ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ‘ਚ ਲਿਖਿਆ ਸੀ, ‘ਕਿ ਕਾਂਗਰਸ ਪਾਰਟੀ ਦੇ ਕਾਲ਼ੇ ਦੌਰ ਦਾ ਇਨਸਾਫ ਅਸੀਂ ਦੇਵਾਵਾਂਗੇ’ ਪਰ ਉਸ ਸਮੇਂ ਇਨ੍ਹਾਂ ਦੀ ਚੁੱਪੀ ਵੀ ਬਹੁਤ ਵੱਡੇ ਸਵਾਲ ਖੜ੍ਹੇ ਕਰਦੀ ਹਨ।”

ਹਰਪਾਲ ਚੀਮਾ ਨੇ ਕਿਹਾ, ”ਹੁਣ ਇਨ੍ਹਾਂ ਨੂੰ ਲੱਗਦਾ ਹੈ ਕਿ ਇਸ ਮੁੱਦੇ ‘ਤੇ ਰੋਟੀਆਂ ਸੇਕ ਕੇ ਅੱਗੇ ਵਧਿਆ ਜਾ ਸਕਦਾ ਹੈ ਪਰ ਖੁਦ ਇਹ (ਮਨਪ੍ਰੀਤ ਸਿੰਘ ਅਯਾਲੀ), ਇਨ੍ਹਾਂ ਦੀ ਪਾਰਟੀ (ਅਕਾਲੀ ਦਲ-ਭਾਜਪਾ) ਇਸ ਮਾਮਲੇ ‘ਚ ਮੇਰੇ ਮੁਤਾਬਕ, ਕਾਂਗਰਸ ਪਾਰਟੀ ਨਾਲੋਂ ਵੱਧ ਦੋਸ਼ੀ ਹਨ। ਕਿਉਂਕਿ ਇਨ੍ਹਾਂ ਲੋਕਾਂ ਨੇ ਰਲ਼ ਕੇ ਕਾਂਗਰਸ ਪਾਰਟੀ ਦਾ ਇਹ ਮੁੱਦਾ ਦਬਾਅ ਕੇ ਰੱਖਿਆ, ਅੱਜ ਜੋ ਮਰਜ਼ੀ ਕਹੀ ਜਾਣ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI