Home ਰਾਸ਼ਟਰੀ ਖ਼ਬਰਾਂ ਪੰਜਾਬ ਕਾਂਗਰਸ ‘ਚ ਪੋਸਟਰ ਵਾਰ ਤੇ ਇਮੋਸ਼ਨਲ ਡਰਾਮਾ, ਕੀ ਚੰਨੀ ਧੜਾ ਵਾਪਸ...

ਪੰਜਾਬ ਕਾਂਗਰਸ ‘ਚ ਪੋਸਟਰ ਵਾਰ ਤੇ ਇਮੋਸ਼ਨਲ ਡਰਾਮਾ, ਕੀ ਚੰਨੀ ਧੜਾ ਵਾਪਸ ਮੁੜਨ ਵਾਲੀ ਥਾਂ ਤੋਂ ਅੱਗੇ ਚਲਾ ਗਿਆ

4
0

Source :- BBC PUNJABI

  ਚਰਨਜੀਤ ਸਿੰਘ ਚੰਨੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ

ਤਸਵੀਰ ਸਰੋਤ, ANI

ਪੰਜਾਬ ਕਾਂਗਰਸ ਦਾ ‘ਸਿਆਸੀ ਡਰਾਮਾ’ ਪਿੰਡਾਂ ਦੀਆਂ ਗਲੀਆਂ ਤੋਂ ‘ਦਿੱਲੀ ਦਰਬਾਰ’ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਪੋਸਟਰ ਵਾਰ, ਤਿੱਖੀ ਬਿਆਨਬਾਜ਼ੀ ਅਤੇ ਇਮੋਸ਼ਨਲ ਕਾਰਡ ਦੋਵੇਂ ਧੜਿਆਂ ਯਾਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਵਰਤੇ ਜਾ ਰਹੇ ਹਨ।

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਵਿੱਚ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪਾਰਟੀ ਵਿੱਚ ਸਿਆਸੀ ਜੰਗ ਸਿਖ਼ਰਾਂ ‘ਤੇ ਪਹੁੰਚ ਚੁੱਕੀ ਹੈ। ਪਾਰਟੀਆਂ ਦੀਆਂ ਰੈਲੀਆਂ ‘ਬਾਗੀਆਂ’ ਦੀ ਨਾਅਰੇਬਾਜ਼ੀ ਦਾ ਗਵਾਹ ਬਣ ਰਹੀਆਂ ਹਨ।

ਕਾਂਗਰਸ ਦੇ ਸੀਨੀਆਰ ਆਗੂਆਂ ਦਾ ਇੱਕ ਧੜਾ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਕੇਂਦਰੀ ਲੀਡਰਸ਼ਿਪ ‘ਤੇ ਦਬਾਅ ਪਾ ਰਿਹਾ।

ਪਰ ਆਪਣੇ ਖਿਲਾਫ਼ ‘ਖੁਲ੍ਹੀ ਬਗਾਵਤ’ ਵਿਚਾਲੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਫ ਕਰ ਦਿੱਤਾ ਹੈ ਕਿ ਉਹ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦੇਣਗੇ। ਰਾਜਾ ਆਪ ਸਟੇਜਾਂ ਤੋਂ ਕਦੇ ਸਖ਼ਤੀ ਵਾਲੇ ਬਿਆਨ ਦੇ ਰਹੇ ਹਨ ਅਤੇ ਕਦੇ ਭਾਵੁਕ ਅਪੀਲਾਂ ਕਰ ਰਹੇ ਹਨ, ਪਰ ਉਹ ਅਹੁਦਾ ਛੱਡਣ ਲਈ ਤਿਆਰ ਨਹੀਂ ਸਗੋਂ ਸੂਬੇ ਵਿੱਚ ‘ਬਾਗੀਆਂ ਦੇ ਇਲਾਕਿਆਂ ‘ਚ’ ਨੌਜਵਾਨਾਂ ਦੀ ਨਵੀਂ ਟੀਮ ਨੂੰ ਅੱਗੇ ਲਗਾ ਕੇ ਚੱਲ ਰਹੇ ਹਨ।

ਪਰ ਕੀ ਚੰਨੀ ਧੜਾ ਉਸ ਥਾਂ ਪਹੁੰਚ ਗਿਆ ਹੈ ਜਿੱਥੋਂ ਵਾਪਸ ਪਾਰਟੀ ਦੇ ਝੰਡੇ ਹੇਠਾਂ ਆਉਣਾ ਦੂਰ ਦੀ ਕੌਡੀ ਜਾਪ ਰਿਹਾ ਹੈ? ਇਸ ਸਿਆਸੀ ਲੜਾਈ ਵਿੱਚ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ 7 ਲੋਕ ਸਭਾ ਮੈਂਬਰਾਂ ਤੇ 18 ਵਿਧਾਇਕਾਂ ਵਾਲੀ ਕਾਂਗਰਸ ਕਿੰਨੇ ਨਾਜ਼ੁਕ ਦੌਰ ਵਿੱਚੋਂ ਲੰਘ ਰਹੀ ਹੈ? ਇਸ ਰਿਪੋਰਟ ਵਿੱਚ ਸਮਝਦੇ ਹਾਂ।

ਵੜਿੰਗ ਦਾ ਸਟੈਂਡ ਤੇ ਇਮੋਸ਼ਨਲ ਕਾਰਡ

ਕਾਂਗਰਸੀ ਆਗੂ ਸੰਸਦ ਦੇ ਬਾਹਰ

ਤਸਵੀਰ ਸਰੋਤ, ANI

ਪੰਜਾਬ ਕਾਂਗਰਸ ਵਿੱਚ ਧੜੇਬੰਦੀ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਈ ਜਦੋਂ ਜੁਲਾਈ ਮਹੀਨੇ ਕਾਂਗਰਸ ਹਾਈਕਮਾਨ ਵੱਲੋਂ ਕਈ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ।

ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਿਆ, ਪਰ ਚਰਨਜੀਤ ਚੰਨੀ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਲਾਇਆ ਗਿਆ। ਇਸ ਦੌਰਾਨ ਪੰਜਾਬ ਕਾਂਗਰਸ ਵਿੱਚ ਖੁੱਲ੍ਹੀ ਬਗਾਵਤ ਨਜ਼ਰ ਆਈ। ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਸਥਿਤ ਘਰ ਵਿੱਚ ਇਕੱਠੇ ਹੋਏ ਕਈ ਆਗੂਆਂ ਨੇ ਰਾਜਾ ਵੜਿੰਗ ਦੀ ਪ੍ਰਧਾਨਗੀ ਦਾ ਵਿਰੋਧ ਕਰਦਿਆਂ ਚੰਨੀ ਨੂੰ ਪਾਰਟੀ ਦਾ ਚਿਹਰਾ ਐਲਾਨਣ ਦੀ ਮੰਗ ਕੀਤੀ।

ਇਸੇ ਦੌਰਾਨ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਹੁਣ ਦੂਜੀ ਵਾਰ ਪੰਜਾਬ ਦੌਰੇ ‘ਤੇ ਹਨ ਪਰ ਪਾਰਟੀ ਅੰਦਰ ਬਗਾਵਤ ਜਾਰੀ ਹੈ ਜਿਸ ਦੇ ਚੱਲਦਿਆਂ ਬਠਿੰਡਾ, ਬਰਨਾਲਾ, ਸੰਗਰੂਰ, ਫਾਜ਼ਿਲਕਾ ਅਤੇ ਹੋਰ ਥਾਵਾਂ ‘ਤੇ ਬਘੇਲ ਅਤੇ ਵੜਿੰਗ ਦੀ ਮੌਜੂਦਗੀ ਵਿੱਚ ਵਰਕਰਾਂ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਪੱਖ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਸੇ ਤਰ੍ਹਾਂ ਮਰਹੂਮ ਪੰਜਾਬੀ ਗਾਇਕ ਅਤੇ ਕਾਂਗਰਸ ਦੀ ਟਿਕਟ ਤੋਂ ਚੋਣ ਲੜਨ ਵਾਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਸਵਾਲ ਚੁੱਕੇ ਸਨ।

ਬ੍ਰਿਟਿਸ਼ ਵਰਦੀ ਵਿੱਚ ‘ਭੂਪੇਸ਼ ਬਘੇਲ ਗੋ ਬੈਕ’ ਦੇ ਮੁਕਤਸਰ ਵਿੱਚ ਪੋਸਟਰ ਵੀ ਲੱਗੇ।

ਬਠਿੰਡਾ ਅਤੇ ਸੰਗਰੂਰ ਵਿੱਚ ਕਾਂਗਰਸ ਦੇ ਪ੍ਰੋਗਰਾਮਾਂ ਵਿੱਚ ਚਰਨਜੀਤ ਸਿੰਘ ਚੰਨੀ ਦੇ ਪੱਖ ਵਿੱਚ ਨਾਅਰੇ ਲੱਗੇ

ਤਸਵੀਰ ਸਰੋਤ, Kulveer Namol

ਹਾਲਾਂਕਿ ਪਾਰਟੀ ਦੀ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਦੌਰਾਨ ਰਾਜਾ ਵੜਿੰਗ ਅਤੇ ਬਘੇਲ ਸਾਫ ਕਹਿ ਰਹੇ ਹਨ ਕਿ ਪੰਜਾਬ ਪ੍ਰਧਾਨ ਨਹੀਂ ਬਦਲਿਆ ਜਾਵੇਗਾ।

ਇਸੇ ਤਰ੍ਹਾਂ ਬਠਿੰਡਾ ਦੇ ਮੌੜ ਵਿੱਚ ਜਦੋਂ ਇੱਕ ਨੌਜਵਾਨ ਚਰਨਜੀਤ ਸਿੰਘ ਚੰਨੀ ਦੇ ਪੱਖ ਵਿੱਚ ਨਾਅਰੇ ਲਗਾ ਰਿਹਾ ਸੀ ਤਾਂ ਵੜਿੰਗ ਨੇ ਉਸ ਨੂੰ ਸਟੇਜ ਤੋਂ ਚੰਨੀ ਨੂੰ ਫੋਨ ਲਗਾਉਣ ਲਈ ਕਿਹਾ ਅਤੇ ਫੋਨ ਲਗਾਇਆ ਵੀ ਗਿਆ ਪਰ ਚੰਨੀ ਨੇ ਚੁੱਕਿਆ ਨਹੀਂ। ਵੜਿੰਗ ਨੇ ਉਸ ਨੌਜਵਾਨ ਨੂੰ ਕਿਹਾ ਕਿ ਚੰਨੀ ਜੀ ਕਿੱਥੇ ਰੁੱਝੇ ਹੋਣਗੇ, ਉਹ ਉਹਨਾਂ ਦਾ ਨੰਬਰ ਲਵੇ ਅਤੇ ਉਹ ਉਸ ਦਾ ਫੋਨ ਚੁੱਕਣਗੇ।

ਪੀਟੀਆਈ ਮੁਤਾਬਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਅਹੁਦੇ ਤੋਂ ਨਹੀਂ ਹਟਣਗੇ।

ਆਪਣੇ ਜੱਦੀ ਜ਼ਿਲ੍ਹੇ ਮੁਕਤਸਰ ਵਿੱਚ ਭਾਵੁਕ ਤਕਰੀਰ ਵਿੱਚ ਵੜਿੰਗ ਨੇ ਕਿਹਾ, “ਅੱਜ ਮੈਨੂੰ ਇੱਥੇ ਆ ਕੇ ਸ਼ਾਂਤੀ ਮਿਲੀ ਹੈ ਕਿਉਂਕਿ ਮੈਂ ਆਪਣੇ ਘਰ ਆ ਗਿਆ। ਸਾਰੇ ਜਣੇ ਤੁਹਾਡੇ ਇਸ ਪੁੱਤ ਨੂੰ ਫੜ ਕੇ ਮਾਰਨਾ ਚਾਹੁੰਦੇ ਹਨ, ਅਕਾਲੀ ਦਲ, ਬੀਜੇਪੀ ਅਤੇ ਝਾੜੂ (ਆਪ) ਤਾਂ ਹੈ ਹੀ, ਕੁਝ ਆਪਣੇ ਵੀ ਐਸੇ ਬੇਗਾਨੇ ਹੋ ਗਏ, ਪਰ ਕੋਈ ਗੁਨਾਹ ਨਹੀਂ ਕੀਤਾ, ਦੋ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਹਰਾ ਦਿੱਤੀ, ਅੱਸੀ ਸੀਟਾਂ ਤੋਂ ਅਸੀ 18 ਉੱਤੇ ਆ ਗਏ। ਮੇਰਾ ਕੀ ਕਸੂਰ ਹੈ?”

ਵੜਿੰਗ ਨੇ ਅੱਗੇ ਕਿਹਾ, ” ਜਦੋਂ ਲੋਕ ਛੱਡ-ਛੱਡ ਕੇ ਵਿਦੇਸ਼ਾਂ ਵਿੱਚ ਚਲੇ ਗਏ, ਨੌ-ਨੌ ਮਹੀਨੇ ਲਈ, ਉਸ ਸਮੇਂ ਅਸੀਂ 7 ਸੀਟਾਂ ਲੈ ਕੇ ਆਏ। ਇਹ ਪ੍ਰਾਪਤੀ ਹੈ। ਮੈਂ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦਾ ਹਾਂ, ਇਹ ਲੀਡਰ ਬਣਨ, ਐੱਮਐੱਲਏ ਬਣਨ।”

ਚੰਨੀ ਦੇ ਪੋਸਟਰ ਅਤੇ ਸਾਬਕਾ ਮੁੱਖ ਮੰਤਰੀ ਦਾ ਸਟੈਂਡ

ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਵਿੱਚੋਂ ਮੁਅੱਤਲ ਕੀਤੇ ਮਦਨ ਲਾਲ ਜਲਾਲਪੁਰ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ।

ਤਸਵੀਰ ਸਰੋਤ, Gurminder Grewal/BBC

ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੀ ਖਾਕੀ ਨੀਕਰ ਵਿੱਚ ਫ਼ਿਰੋਜ਼ਪੁਰ ਵਿੱਚ ਅਣਜਾਣ ਪੋਸਟਰ ਲਗਾਏ ਗਏ ਅਤੇ ਲਿਖਿਆ ਗਿਆ ਕਿ ‘ਚੰਨੀ ਭਜਾਓ, ਕਾਂਗਰਸ ਬਚਾਓ’।

ਪਰ ਚੰਨੀ ਆਪਣੇ ਸਮਰਥਕਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਕਾਂਗਰਸ ਨੂੰ ਮਜਬੂਤ ਕਰਨ ਲਈ ਕੰਮ ਕਰਨ ਦਾ ਦਾਅਵਾ ਕਰ ਰਹੇ ਹਨ, ਪਰ ਉਹ ਭੂਪੇਸ਼ ਬਘੇਲ ਅਤੇ ਰਾਜਾ ਵੜਿੰਗ ਦੀਆਂ ਰੈਲੀਆਂ ਵਿੱਚ ਨਹੀਂ ਜਾ ਰਹੇ।

ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਵਿੱਚੋਂ ਮੁਅੱਤਲ ਕੀਤੇ ਮਦਨ ਲਾਲ ਜਲਾਲਪੁਰ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ, “ਮੇਰਾ ਭਰਾ ਹੈ ਮਦਨ ਲਾਲ ਜਲਾਲਪੁਰ, ਅਸੀਂ ਜਿੰਦ-ਜਾਨ ਹਾਂ। ਜਦੋਂ ਕਿਸੇ ‘ਤੇ ਬਿਪਤਾ ਪੈ ਜਾਂਦੀ ਹੈ ਅਤੇ ਆਪਣੇ ਬੰਦੇ ਨਾ ਨਾਲ ਖੜਨ, ਤਾਂ ਠੀਕ ਨਹੀਂ ਹੁੰਦਾ। ਇਹ ਪੰਜਾਬੀਆਂ ਦਾ ਗੁਣ ਹੈ ਕਿ ਜਿਸ ਨਾਲ ਧੱਕਾ ਹੁੰਦਾ ਹੈ, ਉਸ ਨਾਲ, ਉਸ ਦੇ ਘਰ ਜਾ ਕੇ ਖੜਦੇ ਹਨ। ਜੇ ਅਸੀਂ ਇੱਕ ਦੂਜੇ ਨਾਲ ਨਹੀਂ ਖੜ੍ਹਾਂਗੇ ਤਾਂ ਕਾਂਗਰਸ ਕਿੱਥੇ ਰਹਿਣੀ ਹੈ? ਅਸੀਂ ਕਾਂਗਰਸ ਨੂੰ ਤਕੜਾ ਕਰਨਾ ਹੈ। ਪਾਰਟੀ ਨੂੰ ਤਕੜਾ ਕਰਨਾ, ਆਪਣੇ ਬੰਦਿਆਂ ਨੂੰ ਨਾਲ ਲੈ ਕੇ ਚੱਲਣਾ।”

ਕੀ ਚੰਨੀ ਵਾਪਸ ਮੁੜਨ ਵਾਲੀ ਥਾਂ ਤੋਂ ਅੱਗੇ ਚਲੇ ਗਏ?

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, ANI

ਸਿਆਸੀ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਚੰਨੀ ਹਾਈਕਮਾਨ ਉੱਤੇ ਕੈਪਟਨ ਅਰਿੰਦਰ ਸਿੰਘ ਦੀ ਤਰਜ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ।

ਹਿੰਦੋਸਤਾਨ ਟਾਈਮਜ਼ ਦੇ ਸਾਬਕਾ ਸਿਆਸੀ ਸੰਪਾਦਕ ਵਿਨੋਦ ਸ਼ਰਮਾ ਕਹਿੰਦੇ ਹਨ, “ਕਾਂਗਰਸ ਵਿੱਚ ਹਾਈਕਮਾਨ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਕਰਦੀ ਹੈ। ਮੈਨੂੰ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੂੰ ਜਿਆਦਾ ਉਤਸੁਕਤਾ ਨਹੀਂ ਦਿਖਾਉਣੀ ਚਾਹੀਦੀ। ਹਾਲਾਂਕਿ, ਚੰਨੀ ਨੇ ਖੁੱਦ ਵੀ ਆਪਣੇ ਸਮਰਥਕਾਂ ਨੂੰ ਕਿਹਾ ਹੈ ਕਿ ਉਹ ਅਜਿਹਾ ਨਾ ਕਰਨ।”

ਸ਼ਰਮਾ ਕਹਿੰਦੇ ਹਨ, “ਜੇਕਰ ਉਹ ਲੜਦੇ ਰਹਿਣਗੇ ਤਾਂ ਉਹ ਚੀਜ਼ ਹਾਰ ਜਾਣਗੇ ਜਿਸ ਲਈ ਲੜ ਰਹੇ ਹਨ, ਯਾਨੀ ਚੋਣ ਹਾਰ ਜਾਣਗੇ। ਚੰਨੀ ਕਾਂਗਰਸ ਦੀ ਰਾਜਨੀਤੀ ਲਈ ਢੁੱਕਵੇ ਹਨ ਅਤੇ ਉਨ੍ਹਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਕਾਂਗਰਸ ਉਹਨਾਂ ਨੂੰ ਇੱਕ ਵਾਰ ਮੁੱਖ ਮੰਤਰੀ ਬਣਾ ਚੁੱਕੀ ਹੈ। ਉਹਨਾਂ ਦੀ ਅਗਵਾਈ ਵਿੱਚ ਪਾਰਟੀ ਚੋਣਾਂ ਹਾਰ ਵੀ ਚੁੱਕੀ ਹੈ। ਰਾਜਨੀਤੀ ਵਿੱਚ ਬੰਦੇ ਨੂੰ ਯਥਾਰਥਵਾਦੀ ਹੋਣਾ ਚਾਹੀਦਾ ਹੈ। ਚੰਨੀ ਲੋਕ ਸਭਾ ਮੈਂਬਰ ਹਨ ਅਤੇ ਕੈਂਪੇਨ ਕਮੇਟੀ ਦੀ ਚੇਅਰਮੈਨ ਹਨ, ਉਹ ਹੋਰ ਕੀ ਚਾਹੁੰਦੇ ਹਨ? ਜਦੋਂ ਉਹ ਹਾਲੇ ਚੋਣ ਹੀ ਨਹੀਂ ਜਿੱਤੇ ਤਾਂ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਹੋਣ ਬਾਰੇ ਕਿਵੇਂ ਲਿਖ ਕੇ ਦੇ ਸਕਦੀ ਹੈ?”

ਵਿਨੋਦ ਸ਼ਰਮਾ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ, “ਆਮ ਆਦਮੀ ਪਾਰਟੀ ਨੂੰ ਕਾਂਗਰਸ ਹੀ ਚੁਣੌਤੀ ਦੇ ਸਕਦੀ ਹੈ। ਜੇ ਪਾਰਟੀ ਅੰਦਰ ਹੀ ਕਲੇਸ਼ ਹੈ, ਤਾਂ ਜਿੱਤ ਦੀਆਂ ਸੰਭਾਵਨਾਵਾਂ ਹੋਰ ਘੱਟ ਜਾਂਦੀਆਂ ਹਨ। ਪਾਰਟੀ ਨੂੰ ਜਦੋਂ ਪਹਿਲਾਂ ਤੋਂ ਇਸ ਖਿੱਚੋਤਾਣ ਦਾ ਪਤਾ ਸੀ ਤਾਂ ਇਸ ਨੂੰ ਸਮੇਂ ਸਿਰ ਹੱਲ ਕਰਨਾ ਚਾਹੀਦਾ ਸੀ।”

ਉਹ ਕਹਿੰਦੇ ਹਨ, “ਕਾਂਗਰਸ ਨੇ ਇਹ ਗਲਤੀ ਪਿਛਲੀਆਂ ਚੋਣਾਂ ਸਮੇਂ ਵੀ ਕੀਤੀ ਅਤੇ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦਾ ਰੇੜਕਾ ਚੱਲਦਾ ਰਿਹਾ। ਪਰ, ਆਖਿਰ ਵਿੱਚ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤੀ ਗਿਆ। ਪਿਛਲੀ ਵਾਰ ਵੀ ਇਹੋ ਗਲਤੀ ਕੀਤੀ ਅਤੇ ਇਸ ਵਾਰ ਵੀ ਇਹੋ ਦੁਰਹਾਈ ਜਾ ਰਹੀ ਹੈ।”

ਰਾਜਨੀਤੀ ਸ਼ਾਸ਼ਤਰ ਦੇ ਸਾਬਕਾ ਪ੍ਰੋਫੈਸਰ ਪੀਐੱਸ ਭੋਗਲ ਕਹਿੰਦੇ ਹਨ, “ਚਰਨਜੀਤ ਸਿੰਘ ਚੰਨੀ ਅਤੇ ਰਾਜਾ ਵੜਿੰਗ ਦਾ ਕਲੇਸ਼ ਮੁਕਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਚੰਨੀ ਦਾ ਧੜਾ ਮੁੜਨ ਵਾਲੀ ਥਾਂ ਤੋਂ ਅੱਗੇ ਚਲਾ ਗਿਆ ਹੈ। ਇਸ ਧੜੇ ਨੂੰ ਕਿਹਾ ਗਿਆ ਸੀ ਕਿ ਹਾਈਕਮਾਨ ਦੇ ਫੈਸਲੇ ਨਾਲ ਚੱਲੋਂ ਪਰ ਉਹਨਾਂ ਨੇ ਵੜਿੰਗ ਦੇ ਖਿਲਾਫ਼ ਮੋਰਚਾ ਖੋਲ ਦਿੱਤਾ ਅਤੇ ਹੁਣ ਸਮਝੌਤੇ ਦੀਆਂ ਸੰਭਾਵਨਾਵਾਂ ਬਹੁਤ ਮੱਧਮ ਹਨ।”

ਭੋਗਲ ਕਹਿੰਦੇ ਹਨ, “ਇਹ ਧੜਾ ਕੇਂਦਰ ਤੋਂ ਕਿਸੇ ਆਗੂ ਖਿਲਾਫ਼ ਕਾਰਵਾਈ ਦਾ ਵੀ ਇੰਤਜ਼ਾਰ ਕਰ ਰਿਹਾ ਤਾਂ ਕਿ ਉਹ ਇਸ ਨੂੰ ਅੱਗੇ ਵੱਧਣ ਲਈ ਵਰਤ ਸਕਣ। ਪਰ ਫਿਲਹਾਲ ਕਾਂਗਰਸ ਅਜਿਹਾ ਕਰਦੀ ਦਿਖਾਈ ਨਹੀਂ ਦੇ ਰਹੀ।”

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਕਿ ”ਕੁਝ ਤਾਂ ਕਾਂਗਰਸ ਅੰਦਰ ਡੈਮੋਕ੍ਰੇਸੀ ਹੈ। ਬੀਜੇਪੀ ਅੰਦਰ ਵੀ ਅੰਦਰੂਨੀ ਵਿਵਾਦ ਹਨ ਪਰ ਉਹ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ। ਗੁੱਟ ਤੋਂ ਬਿਨਾਂ ਤਾਂ ਕੋਈ ਪਾਰਟੀ ਨਹੀਂ ਚੱਲੀ। ਭਾਵੇਂ ਕੋਈ ਖੱਬੇ ਪੱਖੀ ਹੋਵੇ ਭਾਵੇਂ ਕੋਈ ਸੱਜੇ ਪੱਖੀ।”

ਪੰਜਾਬ ਕਾਂਗਰਸ ਵਿੱਚ ਧੜੇਬਾਜ਼ੀ ਪਹਿਲੀ ਵਾਰ ਨਹੀਂ ਹੋਈ

ਪੰਜਾਬ ਕਾਂਗਰਸ ਵਿੱਚ ਧੜੇਬਾਜ਼ੀ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਇੱਕ ਦਹਾਕੇ ਵਿੱਚ ਲਗਭਗ ਹਰ ਵੱਡੀ ਚੋਣ ਤੋਂ ਪਹਿਲਾਂ ਪਾਰਟੀ ਕਿਸੇ ਨਾ ਕਿਸੇ ਅੰਦਰੂਨੀ ਵਿਵਾਦ ਵਿੱਚ ਫਸੀ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਬਨਾਮ ਪ੍ਰਤਾਪ ਸਿੰਘ ਬਾਜਵਾ

ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਹਟਾ ਕੇ ਪ੍ਰਤਾਪ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਸੀ।

ਕੈਪਟਨ ਸਮਰਥਕਾਂ ਨੇ “ਕੈਪਟਨ ਲਿਆਓ, ਪੰਜਾਬ ਬਚਾਓ” ਮੁਹਿੰਮ ਚਲਾਈ। ਅਖ਼ੀਰਕਾਰ ਬਾਜਵਾ ਨੂੰ ਅਸਤੀਫ਼ਾ ਦੇਣਾ ਪਿਆ ਅਤੇ ਕੈਪਟਨ ਮੁੜ ਪ੍ਰਧਾਨ ਬਣੇ।

ਹਾਲਾਂਕਿ 2017 ਦੀਆਂ ਚੋਣਾਂ ਕੈਪਟਨ ਦੀ ਅਗਵਾਈ ਵਿੱਚ ਲੜੀਆਂ ਗਈਆਂ ਅਤੇ ਕਾਂਗਰਸ ਨੇ ਵੱਡੀ ਜਿੱਤ ਹਾਸਿਲ ਕੀਤੀ।

ਕੈਪਟਨ ਅਮਰਿੰਦਰ ਸਿੰਘ ਬਨਾਮ ਨਵਜੋਤ ਸਿੰਘ ਸਿੱਧੂ

ਸਰਕਾਰ ਬਣਨ ਤੋਂ ਕੁਝ ਹੀ ਸਮੇਂ ਬਾਅਦ ਕੈਪਟਨ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਟਕਰਾਅ ਸ਼ੁਰੂ ਹੋ ਗਿਆ। ਵਿਭਾਗਾਂ ਦੀ ਵੰਡ, ਪ੍ਰਸ਼ਾਸਨਿਕ ਫ਼ੈਸਲੇ ਅਤੇ ਬੇਅਦਬੀ ਦੇ ਮਾਮਲੇ ‘ਤੇ ਦੋਵਾਂ ਵਿਚਾਲੇ ਖੁੱਲ੍ਹਾ ਟਕਰਾਅ ਰਿਹਾ।

ਸਾਲ 2019 ਵਿੱਚ ਸਿੱਧੂ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਇਹ ਵਿਵਾਦ 2021 ਤੱਕ ਚੱਲਦਾ ਰਿਹਾ। ਇਸ ਸਮੇਂ ਦੌਰਾਨ ਕਈ ਹੋਰ ਆਗੂ ਵੀ ਕੈਪਟਨ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਸਨ। ਉਨ੍ਹਾਂ ਵਿੱਚ ਪਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਤੇ ਹੋਰ ਵੀ ਕਈ ਆਗੂ ਰਹੇ।

ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫ਼ਾ

ਸਾਲ 2021 ਵਿੱਚ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ। ਫਿਰ ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਇੱਕ ਵੱਡਾ ਧੜਾ ਬਣ ਗਿਆ।

ਨਵਜੋਤ ਸਿੱਧੂ, ਪਰਗਟ ਸਿੰਘ, ਤ੍ਰਿਪਤ ਰਜਿੰਦਰ ਬਾਜਵਾ, ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਲੱਗੇ।

ਕੁਝ ਮਹੀਨਿਆਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਨੇ ਬਾਅਦ ਵਿੱਚ ਕਾਂਗਰਸ ਵੀ ਛੱਡ ਦਿੱਤੀ।

ਇਹ ਸਾਰਾ ਘਟਨਾਕ੍ਰਮ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੋਇਆ।

ਚਰਨਜੀਤ ਸਿੰਘ ਚੰਨੀ ਬਨਾਮ ਨਵਜੋਤ ਸਿੰਘ ਸਿੱਧੂ

ਕੈਪਟਨ ਅਮਰਿੰਦਰ ਸਿੰਘ ਦੇ ਹਟਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ। ਇਸ ਵਿਚਾਲੇ ਸਿੱਧੂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਹਾਲਾਂਕਿ ਬਾਅਦ ਵਿੱਚ ਉਹ ਇਸ ਅਹੁਦੇ ‘ਤੇ ਬਣੇ ਰਹੇ ਸਨ।

ਇਸ ਤੋਂ ਬਾਅਦ ਚੰਨੀ ਅਤੇ ਸਿੱਧੂ ਦੋਵੇਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਉੱਭਰਨਾ ਚਾਹੁੰਦੇ ਸਨ। ਆਖ਼ਿਰਕਾਰ ਕਾਂਗਰਸ ਹਾਈਕਮਾਨ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ।

ਇਸ ਵਿਚਾਲੇ, ਨਵਜੋਤ ਸਿੱਧੂ ਨਰਾਜ਼ ਨਜ਼ਰ ਆਉਣ ਲੱਗੇ। ਉਹ ਪ੍ਰਚਾਰ ਦੌਰਾਨ ਆਪਣੇ ਅੰਦਾਜ਼ ਵਿੱਚ ਚੰਨੀ ‘ਤੇ ਤੰਜ ਵੀ ਕੱਸਦੇ ਨਜ਼ਰ ਆਉਂਦੇ ਸਨ।

ਇਸ ਧੜੇਬੰਦੀ ਦਾ ਸਾਲ 2022 ਦੀਆਂ ਚੋਣਾਂ ਵਿੱਚ ਵੱਡਾ ਅਸਰ ਦੇਖਣ ਨੂੰ ਮਿਲਿਆ, ਕਾਂਗਰਸ 77 ਤੋਂ ਘਟ ਕੇ 18 ਸੀਟਾਂ ‘ਤੇ ਆ ਗਈ।

ਰਾਜਾ ਵੜਿੰਗ ਬਨਾਮ ਭਾਰਤ ਭੂਸ਼ਣ ਆਸ਼ੂ

ਲੋਕ ਸਭਾ ਚੋਣਾਂ ਅਤੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੌਰਾਨ ਦੋਵੇਂ ਧੜਿਆਂ ਵਿੱਚ ਤਣਾਅ ਰਿਹਾ। ਪ੍ਰਚਾਰ ਦੌਰਾਨ ਇੱਕਜੁਟਤਾ ਦੀ ਕਮੀ ਸਾਹਮਣੇ ਆਈ।

ਜ਼ਿਮਨੀ ਚੋਣ ਵਿੱਚ ਹਾਰ ਤੋਂ ਬਾਅਦ ਆਸ਼ੂ ਨੇ ਵਰਕਿੰਗ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਹੋਰ ਸੂਬਿਆਂ ’ਚ ਵੀ ਧੜੇਬਾਜ਼ੀ ਵੇਖੀ ਗਈ

ਹਰਿਆਣਾ ਵਿਧਾਨ ਸਭਾ ਚੋਣਾਂ

ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਦੀ ਧੜੇਬੰਦੀ ਸਾਫ਼ ਤੌਰ ‘ਤੇ ਨਜ਼ਰ ਆਈ। ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 10 ‘ਚੋਂ 5 ਸੀਟਾਂ ਤੇ ਜਿੱਤ ਹਾਸਿਲ ਕੀਤੀ ਸੀ। ਇਸ ਮਗਰੋਂ ਹਵਾ ਬਣੀ ਸੀ ਕਿ ਕਾਂਗਰਸ ਵਿਧਾਨ ਸਭਾ ਚੋਣਾਂ ਵਿੱਚ ਵੀ ਜਿੱਤ ਹਾਸਿਲ ਕਰ ਸਕਦੀ ਹੈ।

ਪਰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਕੁਮਾਰੀ ਸ਼ੈਲਜਾ ਵਿਚਾਲੇ ਧੜੇਬੰਦੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਕਾਰਨ ਮੰਨਿਆ ਜਾ ਰਿਹਾ ਸੀ। ਕਾਂਗਰਸ ਨੂੰ 90 ਵਿਧਾਨ ਸਭਾ ਸੀਟਾਂ ਵਿੱਚੋਂ 37 ਸੀਟਾਂ ਮਿਲੀਆਂ ਸਨ।

ਰਾਜਸਥਾਨ

ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਲੰਬੇ ਸਮੇਂ ਤੱਕ ਚੱਲਿਆ ਟਕਰਾਅ ਕਾਂਗਰਸ ਲਈ ਵੱਡੀ ਚੁਣੌਤੀ ਬਣਿਆ। ਸਾਲ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਨੂੰ ਇਸ ਧੜੇਬੰਦੀ ਨਾਲ ਜੋੜਿਆ ਜਾ ਸਕਦਾ ਹੈ।

ਮੱਧ ਪ੍ਰਦੇਸ਼

ਸਾਲ 2023 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਮਲਨਾਥ ਅਤੇ ਦਿਗਵਿਜੈ ਸਿੰਘ ਦੇ ਸਮਰਥਕਾਂ ਵਿਚਾਲੇ ਧੜੇਬੰਦੀ, ਟਿਕਟ ਵੰਡ ਨੂੰ ਲੈ ਕੇ ਨਾਰਾਜ਼ਗੀ ਰਹੀ, ਅਤੇ ਚੋਣਾਂ ਵਿੱਚ ਕਾਂਗਰਸ ਨੂੰ ਉਮੀਦਾਂ ਦੇ ਉਲਟ ਹਾਰ ਦਾ ਸਾਹਮਣਾ ਕਰਨਾ ਪਿਆ।

ਪਾਰਟੀ ‘ਚ ਧੜੇਬਾਜ਼ੀ ਕਾਂਗਰਸ ਦੇ ਕੌਮੀ ਆਗੂ ਕੀ ਕਹਿੰਦੇ

ਕਾਂਗਰਸੀ ਬੁਲਾਰਾ ਡਾਕਟਰ ਅਜੇ ਉਪਾਧਿਆਏ

ਕਾਂਗਰਸ ਵਿਚਾਲੇ ਵੱਖ-ਵੱਖ ਸੂਬਿਆਂ ਅੰਦਰ ਹੁੰਦੀ ਆ ਰਹੀ ਧੜੇਬਾਜ਼ੀ ਬਾਰੇ ਕਾਂਗਰਸ ਦੇ ਕੌਮੀ ਬੁਲਾਰੇ ਡਾਕਟਰ ਅਜੇ ਉਪਾਧਿਆਏ ਕਹਿੰਦੇ ਹਨ ਕਿ ”ਕਿਸੇ ਵੀ ਵੱਡੀ ਕੌਮੀ ਪਾਰਟੀ ਵਿੱਚ ਲੋਕਤੰਤਰ ਕਾਇਮ ਹੈ ਤਾਂ ਉਹ ਕਾਂਗਰਸ ਵਿੱਚ ਹੈ। ਇੱਥੇ ਵਿਚਾਰਾਂ ਦਾ ਟਕਰਾਅ ਰਹਿੰਦਾ ਹੈ। ਸਾਡੀ ਪਾਰਟੀ ਵਿੱਚ ਹਮੇਸ਼ਾ ਲੋਕਤੰਤਰੀ ਤਰੀਕੇ ਨਾਲ ਫੈਸਲੇ ਲਏ ਜਾਂਦੇ ਹਨ।’

ਪੰਜਾਬ ਦੇ ਸੰਦਰਭ ਵਿੱਚ ਅਜੇ ਕਹਿੰਦੇ ਹਨ ਕਿ ਭੁਪੇਸ਼ ਬਘੇਲ ਨੇ ਚੰਗੇ ਤਰੀਕੇ ਨਾਲ ਸਾਰੇ ਆਗੂਆਂ ਵਿਚਾਲੇ ਦੂਰੀਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਵਿਚਾਰਾਂ ਦਾ ਟਕਰਾਅ ਰਿਹਾ ਵੀ ਹੈ ਤਾਂ ਚੰਗਾ ਹੈ ਤੇ ਬਾਕੀ ਪਾਰਟੀਆਂ ਵਿੱਚ ਅਜਿਹਾ ਸਭ ਨਹੀਂ ਹੁੰਦਾ।

ਚੋਣਾਂ ਨੇੜੇ ਕਾਂਗਰਸ ਅੰਦਰ ਅੰਦਰੂਨੀ ਵਿਵਾਦ ਦੇ ਸਵਾਲ ਦੇ ਜਵਾਬ ਵਿੱਚ ਅਜੇ ਉਪਾਧਿਆਏ ਕਹਿੰਦੇ ਹਨ ਕਿ ”ਮੈਨੂੰ ਨਹੀਂ ਲੱਗਦਾ ਸਾਡੀ ਪਾਰਟੀ ਨੂੰ ਕੋਈ ਨੁਕਸਾਨ ਹੁੰਦਾ ਹੈ, ਇਹ ਬਸ ਵਿਰੋਧੀ ਪਾਰਟੀਆਂ ਹੀ ਨੈਰੇਟਿਵ ਸੈੱਟ ਕਰਦੀਆਂ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI